ਤੇਜ਼ਾਬੀ ਹਮਲੇ : ਸਮਾਜਿਕ ਕਾਰੂਰਤਾ ਦੀ ਇੰਤਹਾ - ਮਨਦੀਪ
Posted on:- 14-01-2014
ਸਮਾਜ ਵਿਚ ਰਹਿਣ ਵਾਲੇ ਲੋਕਾਂ ਦੀ ਇਕ ਸਮਾਜਿਕ ਨੈਤਿਕਤਾ ਹੁੰਦੀ ਹੈ। ਉਸ ਨੈਤਿਕਤਾ ਦਾ ਅਧਾਰ ਸਮਾਜ ਦਾ ਆਰਥਿਕ ਸਿਆਸੀ ਢਾਂਚਾ ਹੁੰਦਾ ਹੈ। ਜੇਕਰ ਸਮਾਜ ਦਾ ਅਰਥਿਕ ਸਿਆਸੀ ਪ੍ਰਬੰਧ ਅਜ਼ਾਦੀ, ਬਰਾਬਰੀ ਤੇ ਸਾਂਝੇ ਭਾਈਚਾਰੇ ਵਾਲਾ ਹੈ ਤਾਂ ਉਸ ਸਮਾਜ ਦੀ ਨੈਤਿਕਤਾ/ਸੋਚ ਵੀ ਉਸਾਰੂ ਹੁੰਦੀ ਹੈ ਪਰੰਤੂ ਜੇਕਰ ਇਸਦੇ ਉਲਟ ਸਮਾਜ ਦਾ ਆਰਥਿਕ ਸਿਆਸੀ ਪ੍ਰਬੰਧ ਗੈਰ-ਜਮਹੂਰੀ, ਅਣਸਾਵਾਂ ਅਤੇ ਲੁੱਟ-ਜਬਰ ਤੇ ਦਾਬੇ ਵਾਲਾ ਹੈ ਤਾਂ ਇਸਦੀ ਨੈਤਿਕਤਾ ਵੀ ਲੁੱਟ ਤੇ ਦਾਬੇ ਵਾਲੀ ਹੀ ਹੋਵੇਗੀ। ਇਸੇ ਤਰ੍ਹਾਂ ਅੱਜ ਜਦੋਂ ਅਸੀਂ ਆਪਣੀਆਂ ਸਮਾਜਿਕ ਹਾਲਤਾਂ ਵੱਲ ਝਾਤੀ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਮੌਜੂਦਾ ਦੌਰ ਮੁਨਾਫੇ ਲਈ ਲੁੱਟ-ਜਬਰ ਤੇ ਦਾਬੇ ਤੇ ਅਧਾਰਿਤ ਗੈਰ-ਜਮਹੂਰੀ ਤੇ ਪੈਦਾਵਾਰੀ ਸਾਧਨਾਂ ਦੀ ਅਣਸਾਵੀਂ ਵੰਡ ਤੇ ਟਿਕਿਆ ਹੋਇਆ ਸਾਮਰਾਜੀ-ਸਰਮਾਏਦਾਰਾ ਦੌਰ ਹੈ। ਤਾਂ ਇਸਦੀ ਨੈਤਿਕਤਾ ਦਾ ਅੰਦਾਜ਼ਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਇਹ ਕਿਹੋ ਜਿਹੀ ਹੈ। ਇਹ ਮੌਜੂਦਾ ਪ੍ਰਬੰਧ ਕਾਰੂਰ ਤੋਂ ਕਾਰੂਰ ਕਿਸਮ ਦੀਆਂ ਬੁਰਾਈਆਂ ਦਾ ਧੁਰਾ ਹੈ। ਪੂੰਜੀ ਅਤੇ ਮੁਨਾਫੇ ਦੇ ਵਧਾਰੇ ਲਈ ਇਹ ਹਰ ਅਣਮਨੁੱਖੀ ਕੁਕਰਮ ਨੂੰ ਅੰਜਾਮ ਦਿੰਦਾ ਹੈ। ਔਰਤਾਂ ਉਪਰ ਵੱਧ ਰਹੇ ਤੇਜ਼ਾਬੀ ਹਮਲੇ ਇਸਦੇ ਅਣਮਨੁੱਖੀ ਚਿਹਰੇ ਦੀ ਇਕ ਝਲਕ ਹੈ।
ਪਿਛਲੇ ਸਮੇਂ ਤੋਂ ਜਿੱਥੇ ਔਰਤਾਂ ਉਪਰ ਬਲਾਤਕਾਰ, ਅਗਵਾ, ਕਤਲ, ਛੇੜਛਾੜ ਆਦਿ ਦੀਆਂ ਘਟਨਾਵਾਂ ‘ਚ ਇਕ ਤੋਂ ਬਾਅਦ ਇਕ ਵਾਧਾ ਹੋਇਆ ਹੈ ਉੱਥੇ ਸਾਡੇ ਦੇਸ਼ ਵਿਚ ਔਰਤਾਂ ਉਪਰ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਵਾਪਰਨ ਦੇ ਹੌਲਨਾਕ ਕੇਸ ਵੀ ਸਾਹਮਣੇ ਆਏ ਹਨ। ਪੰਜਾਬ ਵਿਚ ਪਿਛਲੇ ਸਾਲ ਰਾਏਕੋਟ ਵਿਖੇ ਟਿਊਸ਼ਨ ਪੜ੍ਹਕੇ ਆ ਰਹੀ ਵਿਦਿਆਰਥਣ ਉਪਰ ਤੇਜ਼ਾਬ ਸੁੱਟਿਆ ਗਿਆ ਅਤੇ ਹੁਣੇ-ਹੁਣੇ ਬਰਨਾਲਾ ਦੀ ਰਹਿਣ ਵਾਲੀ ਇਕ ਲੜਕੀ ਉਪਰ ਲੁਧਿਆਣਾ ਵਿਖੇ ਤੇਜ਼ਾਬ ਸੁੱਟਿਆ ਗਿਆ ਜੋ ਬੁਰੀ ਤਰ੍ਹਾਂ ਸੜ ਜਾਣ ਕਾਰਨ ਦਮ ਤੋੜ ਗਈ। ਇਸ ਦਰਦਨਾਕ ਘਟਨਾ ਨਾਲ ਹਰ ਸੰਵੇਦਨਸ਼ੀਲ ਇਨਸਾਨ ਝੰਜੋੜਿਆ ਗਿਆ। ਅਜਿਹੀਆਂ ਹੌਲਨਾਕ ਘਟਨਾਵਾਂ ਨੂੰ ਅੰਜ਼ਾਮ ਦੇ ਵਾਲੇ ਅਨਸਰ ਹੈਵਾਨੀਅਤ ਦੀ ਹੱਦ ਤੱਕ ਜਾ ਕੇ ਅਜਿਹਾ ਅਪਰਾਧ ਕਰਦੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਇਹ ਸਭ ਅਣਮਨੁੱਖੀ ਘਟਨਾਵਾਂ ਕਿਉਂ ਵਾਪਰਦੀਆਂ ਹਨ ? ਉਹ ਕਿਹੜੇ ਕਾਰਨ ਹਨ ਜੋ ਇਨਸਾਨ ਨੂੰ ਸ਼ੈਤਾਨ ਬਣਾ ਦਿੰਦੇ ਹਨ ?
ਜਦੋਂ ਸਮਾਜ ਵਿਚ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਵੱਲ ਵੇਖਦੇ ਹਾਂ ਤਾਂ ਸਮਾਜ ਵਿਚ ਇਨ੍ਹਾਂ ਹਮਲਿਆਂ ਦੇ ਵਾਪਰਨ ਦੇ ਸਤਹੀ ਕਾਰਨਾਂ ਦੀ ਚਰਚਾ ਤਾਂ ਆਮ ਮਿਲ ਜਾਂਦੀ ਹੈ ਪਰੰਤੂ ਇਹ ਹਮਲੇ ਕਰਨ ਲਈ ਮਨੁੱਖੀ ਸੋਚ ਕਿਵੇਂ ਤੇ ਕਿਉਂ ਤਿਆਰ ਹੁੰਦੀ ਹੈ ਇਸਦੀ ਤਹਿ ਹੇਠ ਕਿਹੜੇ ਕਾਰਨ ਗਤੀਮਾਨ ਹੁੰਦੇ ਹਨ ਇਨ੍ਹਾਂ ਦੀ ਚਰਚਾ ਗੈਰ-ਹਾਜ਼ਰ ਰਹਿੰਦੀ ਹੈ। ਦੇਸ਼ ਭਰ ਵਿਚ ਵਾਪਰੀਆਂ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਜ਼ਾਹਰ ਕਰਦੀਆਂ ਹਨ ਕਿ ਤੇਜ਼ਾਬੀ ਹਮਲਿਆਂ ਦੀਆਂ ਸ਼ਿਕਾਰ ਜਿਆਦਾਤਰ ਔਰਤਾਂ ਹੀ ਹੋਈਆਂ ਹਨ। ਇਹ ਹਮਲੇ ਪਤੀ, ਪਿਤਾ ਜਾਂ ਪ੍ਰੇਮੀ ਵੱਲੋਂ ਹੀ ਜਿਆਦਾਤਰ ਕੀਤੇ ਗਏ ਮਿਲਦੇ ਹਨ। ਲਿੰਗਕ ਹਿੰਸਾ, ਅਣਖ, ਦਾਜ ਤੇ ਬਦਲੇ ਦੀ ਭਾਵਨਾਂ ਇਸਦੇ ਜ਼ਾਹਰਾ ਕਾਰਨ ਬਣਦੇ ਹਨ। ਅਗਾਂਹ ਇਨ੍ਹਾਂ ਦੀ ਲੜੀ ਜਮਾਤੀ ਰੁਤਬੇ, ਜਾਤੀ-ਪਾਤੀ ਵਖਰੇਵੇਂ, ਧਾਰਮਿਕ ਕੱਟੜਤਾ, ਪਿਤਾਪੁਰਖੀ ਦਾਬਾ, ਪੂੰਜੀਵਾਦੀ ਲੁੱਟ-ਖਸੁੱਟ ਆਦਿ ਨਾਲ ਜਾ ਜੁੜਦੀ ਹੈ। ਇਸਦੇ ਨਾਲ ਹੀ ਪਾਕਿਸਤਾਨ, ਬੰਗਲਾਦੇਸ਼, ਕੰਬੋਡਿਆ, ਚੀਨ, ਨਾਈਜ਼ੀਰੀਆ, ਮਲੇਸ਼ੀਆ, ਯੁਗਾਡਾਂ, ਅਫਗਾਨਿਸਤਾਨ, ਅਰਜਨਟੀਨਾ ਤੇ ਭਾਰਤੀ ਉਪ-ਮਹਾਂਦੀਪ ਅੰਦਰ ਤੇਜ਼ਾਬ ਨੂੰ ਔਰਤਾਂ ਨੂੰ ਸਜਾ ਦੇਣ ਦੇ ਰੂਪ ਵਿਚ ਵਰਤਣ ਦੀਆਂ ਘਟਨਾਵਾਂ ਨੂੰ ਵਾਚਣ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਵਰਤਾਰਾ ਵਿਸ਼ਵਵਿਆਪੀ ਹੈ ਤੇ ਇਸਦੇ ਬੁਨਿਆਦੀ ਕਾਰਨ ਲਗਭਗ ਇਕੋ ਜਿਹੇ ਹਨ।
ਭਾਰਤ ਦੇ ਪੰਜਾਬ, ਉੱਤਰ ਪ੍ਰਦੇਸ਼, ਕਰਨਾਟਕਾ, ਬਿਹਾਰ, ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਰਾਜਸਥਾਨ ਆਦਿ ਪ੍ਰਾਂਤਾਂ ਵਿਚ ਤੇਜ਼ਾਬੀ ਹਮਲਿਆਂ ਦੀਆਂ ਅਨੇਕਾਂ ਘਟਨਾਵਾਂ ਦੇ ਕੇਸ ਦਰਜ ਹਨ। ਅਖਬਾਰੀ ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ਔਰਤਾਂ ਉਪਰ ਤੇਜ਼ਾਬੀ ਹਮਲੇ ਕਰਨ ਵਾਲਾ ਦੇਸ਼ ਦਾ ਦੂਜੇ ਨੰਬਰ ਤੇ ਉੱਤਰੀ ਭਾਰਤ ਦਾ ਪਹਿਲੇ ਨੰਬਰ ਦਾ ਸੂਬਾ ਬਣ ਚੁਕਿਆ ਹੈ। ਪੰਜਾਬ ‘ਚ 2003 ਵਿਚ ਤੇਜ਼ਾਬੀ ਹਮਲਿਆਂ ਦੀਆਂ 25 ਘਟਨਾਵਾਂ ਵਾਪਰੀਆਂ ਸਨ ਤੇ 2010 ਤੋਂ 2013 ਤੱਕ ਦੇ ਸਾਲਾਂ ਵਿਚ ਇਨ੍ਹਾਂ ਘਟਨਾਵਾਂ ਨੂੰ ਕੋਈ ਠੱਲ੍ਹ ਨਹੀਂ ਪਈ ਬਲਕਿ ਇਨ੍ਹਾਂ ਸਾਲਾਂ ਦੌਰਾਨ ਵੀ ਤੇਜ਼ਾਬੀ ਹਮਲਿਆਂ ਦੀਆ ਦੋ ਦਰਜਨ ਤੋਂ ਉਪਰ ਘਟਨਾਵਾਂ ਨੋਟ ਕੀਤੀਆਂ ਗਈਆਂ। ਦਿੱਲੀ ਅੰਦਰ 31, ਚੰਡੀਗੜ 3, ਉੱਤਰ ਪ੍ਰਦੇਸ਼ 39, ਕਰਨਾਟਕਾ 35, ਰਾਜਸਥਾਨ 9, ਜੰਮੂ-ਕਸ਼ਮੀਰ 5, ਆਂਧਰਾ ਪ੍ਰਦੇਸ਼ 20 ਤੇ ਬਿਹਾਰ ਵਿਚ 23 ਔਰਤਾਂ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਈਆਂ। ਇਨ੍ਹਾਂ ਹਮਲਿਆਂ ਵਿਚੋਂ 80 ਫੀਸਦ ਹਮਲੇ ਜਨਤਕ ਥਾਵਾਂ ਉਪਰ ਹੋਏ ਹਨ।
ਅਪਰਾਧੀ ਤੇਜ਼ਾਬ ਨੂੰ ਕੰਪਿਊਟਰ ਤੇ ਕਾਰ ਪਾਰਟਸ ਬਣਾਉਣ ਵਾਲੀਆਂ ਦੁਕਾਨਾਂ, ਸੁਨਿਆਰੇ ਤੇ ਮਸ਼ੀਨਾਂ ਬਨਾਉਣ ਵਾਲੀਆਂ ਥਾਵਾਂ ਤੋਂ ਅਸਾਨੀ ਨਾਲ ਖ੍ਰੀਦਕੇ ਆਪਣੇ ਮਨਸ਼ਿਆਂ ਨੂੰ ਅੰਜਾਮ ਦਿੰਦੇ ਹਨ। ਉਹ ਤੇਜ਼ਾਬੀ ਹਮਲੇ ਨੂੰ ਔਰਤਾਂ ਨੂੰ ਆਪਣੇ ਕੰਟਰੋਲ ‘ਚ ਰੱਖਣ ਲਈ ਧਮਕੀ ਦੇ ਹਥਿਆਰ ਵਜੋਂ ਵੀ ਵਰਤਦੇ ਹਨ। ਸਮਾਜਿਕ ਗਿਰਾਵਟ ਦਾ ਇਕ ਪਹਿਲੂ ਇਹ ਵੀ ਨੋਟ ਕਰਨ ਵਾਲਾ ਹੈ ਕਿ ਜਨਤਕ ਥਾਵਾਂ ਵੀ ਅੱਜ ਕੱਲ੍ਹ ਅਜਿਹੇ ਘਿਨਾਉਣੇ ਕਾਂਡਾਂ ਨੂੰ ਠੱਲ੍ਹਣ ਜਾਂ ਸੁਰੱਖਿਆ ਦੀ ਜਾਮਨੀ ਨਹੀਂ ਕਰਦੀਆਂ। ਆਪੋਧਾਪੀ ਤੇ ਖੁਦਗਰਜ ਜੀਵਨ ਜਿਊਣ ਦੀ ਦੌੜ ‘ਚ ਮਸ਼ਰੂਫ ਭੀੜ ਇਨ੍ਹਾਂ ਨੂੰ ਰੋਕਣ ਵਿਚ ਆਪਣੀ ਭੂਮਿਕਾ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ।
ਤੇਜ਼ਾਬੀ ਹਮਲਿਆਂ ਵਰਗੀਆਂ ਅਣਮਨੁੱਖੀ ਘਟਨਾਵਾਂ ਦੇ ਪੈਦਾ ਹੋਣ ਦਾ ਅਧਾਰ ਮੌਜੂਦਾ ਆਰਥਿਕ ਸਿਆਸੀ ਨਿਜ਼ਾਮ ਬਣਦਾ ਹੈ। ਇਸ ਸਾਮਰਾਜੀ-ਸਰਮਾਏਦਾਰਾ ਨਿਜ਼ਾਮ ਨੇ ਸੁਪਰ ਮੁਨਾਫੇ ਹਾਸਲ ਕਰਨ ਦੀ ਹੋੜ ‘ਚ ਮਨੁੱਖੀ ਸਬੰਧਾਂ ਦਾ ਜਿਣਸੀਕਰਨ ਕਰ ਦਿੱਤਾ ਹੈ। ਇਸਨੇ ਔਰਤ ਨੂੰ ਬਜ਼ਾਰ ਦੀ ਵਸਤੂ ਬਣਾ ਦਿੱਤਾ ਹੈ। ਉਸਦੀ ਸਸਤੀ ਲੁੱਟ ਕਰਨ ਲਈ ਅਤੇ ਆਪਣੇ ਵੱਲੋਂ ਤਿਆਰ ਉਤਪਾਦਾਂ ਨੂੰ ਮੰਡੀ ਵਿਚ ਵੇਚਣ ਦੇ ਮਕਸਦ ਨਾਲ ਔਰਤ ਦੇ ਜਿਸਮ ਦੀ ਸ਼ਰੇਆਮ ਨੁਮਾਇਸ਼ ਲਗਾਉਣ ਵਾਲੇ ਇਸ਼ਤਿਹਾਰ, ਗੀਤ, ਫਿਲਮਾਂ ਤੇ ਪੋਸਟਰਾਂ ਦੀ ਮੰਡੀ ਵਿਚ ਭਰਮਾਰ ਕਰ ਦਿੱਤੀ ਹੈ। ਔਰਤਾਂ ਦੇ ਹਾਰ-ਸ਼ਿੰਗਾਰ ਦਾ ਸਮਾਨ ਵੇਚਣ ਲਈ ਫੈਸ਼ਨ ਸ਼ੋਅ ਤੋਂ ਲੈ ਕੇ ਬਿਊਟੀ ਪਾਰਲਰਾਂ ਦੀ ਪੂਰੀ ਮਾਰਕਿਟ ਤਿਆਰ ਕੀਤੀ ਗਈ ਹੈ। ਸੁੰਦਰਤਾ ਦੇ ਜਾਅਲੀ ਮਿਆਰ ਸਥਾਪਤ ਕੀਤੇ ਜਾ ਰਹੇ ਹਨ। ਪਿਆਰ ਵਰਗੇ ਪਵਿੱਤਰ ਮਨੁੱਖੀ ਜਜ਼ਬੇ ਦਾ ਬਜ਼ਾਰੀਕਰਨ ਕੀਤਾ ਜਾ ਰਿਹਾ ਹੈ। ਸਮਾਜ ਵਿਚ ਅਸ਼ਲੀਲਤਾ, ਬੌਧਿਕ ਭ੍ਰਿਸ਼ਟਤਾ ਤੇ ਅਸੱਭਿਆਚਾਰ ਦਾ ਲਗਾਤਾਰ ਸੰਚਾਰ ਕੀਤਾ ਜਾ ਰਿਹਾ ਹੈ। ਇਹ ਸਭ ਪੂੰਜੀ ਦੀ ਸਲਤਨਤ ਦੇ ਵਧਾਰੇ ਹਿੱਤ ਕੀਤਾ ਜਾ ਰਿਹਾ ਹੈ। ਮਨੁੱਖੀ ਕਦਰਾਂ-ਕੀਮਤਾਂ ਦੇ ਹਨਨ ਨਾਲ ਧੰਨਕੁਬੇਰਾਂ ਨੂੰ ਕੋਈ ਸਰੋਕਾਰ ਨਹੀਂ ਹੈ। ਜਿੱਥੇ ਸਾਮਰਾਜੀ-ਸਰਮਾਏਦਾਰਾ ਨੀਤੀਆਂ ਤਹਿਤ ਇਹ ਸਭ ਵਾਪਰ ਰਿਹਾ ਹੈ ਉੱਥੇ ਮੱਧਯੁੱਗੀ ਜਾਗੀਰੂ ਕਿਸਮ ਦੀਆਂ ਪਿਤਾਪੁਰਖੀ ਕਦਰਾਂ-ਕੀਮਤਾਂ ਦਾ ਵੀ ਬੋਲਬਾਲਾ ਵੇਖਣ ਨੂੰ ਮਿਲ ਜਾਂਦਾ ਹੈ। ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਨੂੰ ਡੂੰਘਾਈ ਨਾਲ ਵਾਚਣ ਤੇ ਸਾਹਮਣੇ ਆਇਆ ਹੈ ਕਿ ਇਨ੍ਹਾਂ ਘਟਨਾਵਾਂ ਦੇ ਵਾਪਰਨ ਪਿੱਛੇ ਵੱਡੀ ਪੱਧਰ ਤੇ ਪਿਤਾਪੁਰਖੀ ਸੋਚ ਜਾਂ ਕਦਰਾਂ-ਕੀਮਤਾਂ ਦਾ ਹੱਥ ਹੈ। ਤੇਜ਼ਾਬੀ ਹਮਲਿਆਂ ਦੀਆਂ ਸ਼ਿਕਾਰ ਔਰਤਾਂ ਵਿਚੋਂ ਜ਼ਿਆਦਾਤਰ ਔਰਤਾਂ ਮਜ਼ਦੂਰ, ਦਲਿਤ ਤੇ ਪਛੜੀਆਂ ਜਾਤੀਆਂ ਨਾਲ ਸਬੰਧਿਤ ਹਨ। ਇਨ੍ਹਾਂ ਘਟਨਾਵਾਂ ਵਿਚ ਲਿੰਗਕ ਹਿੰਸਾ ਦੇ ਕੇਸ ਜਿਆਦਾ ਸਾਹਮਣੇ ਆਏ ਹਨ।
ਪਿਤਾਪੁਰਖੀ ਕਦਰਾਂ-ਕੀਮਤਾਂ ਤਹਿਤ ਮਰਦ ਜੋ ਆਪਣੇ ਆਪ ਨੂੰ ਘਰ ਦਾ ਮੁੱਖੀ, ਜਾਇਦਾਦ ਦੇ ਸਾਧਨਾਂ ਦਾ ਮਾਲਕ, ਘਰ ਦੇ ਮੈਂਬਰਾਂ ਤੇ ਕੰਟਰੋਲ ਕਰਨ ਤੇ ਉਨ੍ਹਾਂ ਲਈ ਫੈਸਲੇ ਘੜਣ ਦਾ ਅਧਿਕਾਰੀ ਮੰਨਦਾ ਹੈ। ਜੋ ਔਰਤ ਨੂੰ ਵੀ ਆਪਣੀ ਜਾਇਦਾਦ ਮੰਨਦਾ ਹੋਇਆ ਉਸਦੇ ਸਰੀਰ ਉਪਰ ਆਪਣਾ ਪੂਰਨ ਕੰਟਰੋਲ ਮੰਨਦਾ ਹੈ, ਉਹ ਔਰਤ ਦੁਅਰਾ ਪਿਤਾਪੁਰਖੀ ਮਰਿਆਦਾ ਨੂੰ ਪਾਰ ਕਰਨ ਤੇ ਆਪਣਾ ਤਾਨਾਸ਼ਾਹ ਰਵੱਈਆਂ ਧਾਰਨ ਕਰਦਾ ਹੈ ਤੇ ਉਸ ਲਈ ਸਜਾ ਸੁਨਿਸ਼ਚਿਤ ਕਰਦਾ ਹੈ। ਮਨਮਰਜੀ ਦਾ ਜੀਵਨ ਸਾਥੀ ਚੁਣਨ, ਪਿਆਰ ਸਬੰਧਾਂ ‘ਚ ਮਰਦ ਤੋਂ ਆਕੀ ਹੋਣ, ਦਾਜ ਨਾ ਦੇਣ ਆਦਿ ਮਾਮਲਿਆਂ ਨੂੰ ਮਰਦ ਪ੍ਰਧਾਨ ਸਮਾਜ ਔਰਤ ਉਪਰ ਹਕੂਮਤ ਲਈ ਵੰਗਾਰ ਸਮਝਦਾ ਹੈ ਤੇ ਉਸਨੂੰ ਹਰ ਕਰੂਰ ਢੰਗ ਨਾਲ ਸਜਾ ਦਿੰਦਾ ਹੈ। ਪੂੰਜੀਵਾਦੀ ਪ੍ਰਬੰਧ ਤੇ ਇਸਦੇ ਤਹਿਤ ਸਾਹ ਲੈਦੀਆਂ ਪਿਤਾਪੁਰਖੀ ਕਦਰਾਂ-ਕੀਮਤਾਂ ਨੇ ਸਮਾਜ ਵਿਚ ਔਰਤ ਦੀ ਹੋਂਦ ਤੇ ਪਹਿਚਾਣ ਨੂੰ ਬੇਹੱਦ ਘਟੀਆ ਦਰਜੇ ਦਾ ਬਣਾ ਦਿੱਤਾ ਹੈ। ਇਸਨੇ ਔਰਤ ਨੂੰ ਪੂਰੀ ਤਰ੍ਹਾਂ ਆਪਣੇ ਨਿਯੰਤਰਨ ਹੇਠ ਕੀਤਾ ਹੋਇਆ ਹੈ, ਜਿਸਦੇ ਕਾਰਨ ਉਹ ਔਰਤਾਂ ਨਾਲ ਬਲਾਤਕਾਰ, ਛੇੜਛਾੜ, ਯੌਨ ਹਿੰਸਾ, ਘਰੇਲੂ ਹਿੰਸਾ ਤੇ ਤੇਜ਼ਾਬੀ ਹਮਲੇ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਮੰਨਦਾ ਹੈ। ਇਸ ਤਰ੍ਹਾਂ ਸਮਾਜ ਵਿਚ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ, ਜਾਤੀ-ਪਾਤੀ ਵਖਰੇਵਾਂ, ਪਿਤਾਪੁਰਖੀ ਕਦਰਾਂ-ਕੀਮਤਾਂ, ਧਾਰਮਿਕ ਅੰਧਵਿਸ਼ਵਾਸ਼ੀ ਤੇ ਮਰਦ ਪ੍ਰਧਾਨਤਾ ਔਰਤਾਂ ਦੀ ਸਮਾਜਿਕ ਅਸੁਰੱਖਿਆ, ਲਿੰਗਕ ਭੇਦਭਾਵ, ਗੈਰ-ਬਰਾਬਰਤਾ ਅਤੇ ਲੁੱਟ-ਜਬਰ ਤੇ ਦਾਬੇ ਦੇ ਬੁਨਿਆਦੀ ਕਾਰਨ ਬਣੇ ਹੋਏ ਹਨ।
ਤੇਜ਼ਾਬੀ ਹਮਲਿਆਂ ਸਬੰਧੀ ਸਰਕਾਰੀ ਕਾਨੂੰਨ ਮਹਿਜ਼ ਕਾਗਜਾਂ ਦਾ ਸ਼ਿੰਗਾਰ ਬਣੇ ਹੋਏ ਹਨ। ਇਨ੍ਹਾਂ ਹਮਲਿਆਂ ਤੋਂ ਪੀੜਤ ਔਰਤਾਂ ਨੂੰ ਮੁੱਢਲੀ ਤੇ ਜੀਵਨ ਭਰ ਦੀ ਮੈਡੀਕਲ ਸਹੂਲਤ, ਕਾਨੂੰਨੀ ਨਿਆਂ ਅਤੇ ਸਮਾਜਿਕ ਅਲਹਿਦਗੀ ਦਾ ਸੰਤਾਪ ਹੰਢਾਉਂਦੀਆਂ ਇਨ੍ਹਾਂ ਔਰਤਾਂ ਦੇ ਰਹਿਣ ਲਈ ਸਨਮਾਣਯੋਗ ਵਾਤਾਵਰਨ ਤੇ ਜਗ੍ਹਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਸੰਵਿਧਾਨ ਮੁਤਾਬਕ ਆਈ ਪੀ ਸੀ ਦੀ ਧਾਰਾ ਤਹਿਤ ਲਾਗੂ ਕੀਤੀਆਂ ਗਈਆਂ 326 ਏ, 326 ਬੀ, 100, 357 ਏ ਤੇ 357 ਸੀ ਨੂੰ ਅਮਲੀ ਰੂਪ ‘ਚ ਲਾਗੂ ਕਰਵਾਉਣ ਦੇ ਨਾਲ-ਨਾਲ ਹਮਲਾਵਰਾਂ ਉਪਰ ਧਾਰਾ 320, ਤੇ 307 ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਤੇਜ਼ਾਬ ਦੀ ਖੁਲ੍ਹੇਆਮ ਵਿਕਰੀ ਨੂੰ ਨੱਥ ਪਾਈ ਜਾਵੇ ਤੇ ਉਸਦੀ ਖ੍ਰੀਦ ਦੀ ਪ੍ਰਣਾਲੀ ਨੂੰ ਪੁਖਤਾ ਬਣਾਇਆ ਜਾਵੇ।
ਸਮਾਜ ਵਿਚ ਔਰਤਾਂ ਉਪਰ ਹੋ ਰਹੇ ਜਬਰ-ਜੁਲਮ ਤੇ ਦਾਬੇ ਖਿਲਾਫ ਸਮਾਜ ਦੀਆਂ ਚੇਤਨ ਔਰਤਾਂ ਨੂੰ ਅੱਗੇ ਆਉਣ ਦੀ ਪਹਿਲਕਦਮੀ ਤੇ ਜੁਅਰਤ ਜਰੂਰ ਕਰਨੀ ਚਾਹੀਦੀ ਹੈ ਅਤੇ ਮੁਜ਼ਰਮਾਨਾ ਖਾਮੋਸ਼ੀ ਨੂੰ ਤੋੜਣਾ ਚਾਹੀਦਾ ਹੈ। ਸਵਾਲ ਮਹਿਜ ਪੀੜਤ ਔਰਤਾਂ ਨੂੰ ਇਨਸਾਫ ਦਿਵਾਉਣ ਤੱਕ ਹੀ ਸੀਮਿਤ ਨਹੀਂ ਬਲਕਿ ਔਰਤ ਵਰਗ ਪ੍ਰਤੀ ਸਮਾਜ ਵਿਚ ਸਨਮਾਣ, ਸੁਰੱਖਿਆ, ਅਜ਼ਾਦੀ, ਬਰਾਬਰਤਾ ਤੇ ਔਰਤਾਂ ਪ੍ਰਤੀ ਸਮਾਜਿਕ ਧਾਰਨਾਵਾਂ ਦੀ ਚੰਗੀ ਉਸਾਰੀ ਕਰਨ ਦੀ ਹੈ।
ਸੰਪਰਕ: +91 98764 42052
Jasvir Manguwal
Good job every body should think about it