Mon, 09 September 2024
Your Visitor Number :-   7220063
SuhisaverSuhisaver Suhisaver

ਸਦੀਆਂ ਤੋਂ ਜਾਤੀ ਵਿਵਸਥਾ ਵਿਰੁੱਧ ਚੱਲ ਰਹੇ ਦਲਿਤ ਅੰਦੋਲਨ ਦਾ ਕੱਚ-ਸੱਚ - ਹਰਜਿੰਦਰ ਸਿੰਘ ਗੁਲਪੁਰ

Posted on:- 03-12-2014

ਜੇਕਰ ਭਾਰਤ ਦੀ ਇਤਿਹਾਸਕ ਪਿਠ ਭੂਮੀ ਵਿਚ ਖੜੇ ਹੋ ਕੇ ਦੇਖਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ  ਇਥੇ ਜਾਤੀ ਵਿਵਸਥਾ ਦੀ ਸਥਾਪਨਾ ਹਿੰਦੂ ਧਰਮ ਅਧਿਕਾਰੀਆਂ ਦੀ ਦੇਣ ਹੈ, ਜਿਸ ਦੀ ਪੁਸ਼ਤ ਪਨਾਹੀ ਸਥਾਪਤੀ ਨੇ ਕੀਤੀ।ਇਹ ਵਿਵਸਥਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਤਾਧਾਰੀ ਜਮਾਤਾਂ ਦੀ ਉਮਰ ਲੰਬੀ ਕਰਨ ਵਿਚ ਸਹਾਈ ਹੁੰਦੀ ਆਈ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਜਾਤੀ ਅਧਾਰਿਤ ਗੋਲਬੰਦੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਉਦੋਂ ਹਿੰਦੂ ਧਰਮ ਅਤੇ ਹਿੰਦੂ ਰਾਜਨੀਤਕ ਪਾਰਟੀਆਂ ਮਜਬੂਤ ਹੁੰਦੀਆਂ ਹਨ। ਥੋੜੇ ਬਹੁਤੇ ਫੇਰ ਬਦਲ ਨਾਲ ਦੇਸ਼ ਦੀ ਹੋਣੀ ਇਹੀ ਰਹੀ ਹੈ।ਇਹੀ ਹੁਣ ਤੱਕ ਦਾ ਇਤਿਹਾਸਕ ਸਚ ਹੈ।

ਵਰਤਮਾਨ ਹਾਲਤਾਂ ਵਿਚ ਵਿਚ ਵੀ ਕੱਟੜ ਹਿੰਦੂ ਜਥੇਬੰਦੀ ਆਰ ਐਸ ਐਸ ਦੇ ਸਿਆਸੀ ਵਿੰਗ ਭਾਜਪਾ ਦੀ ਸਰਕਾਰ ਵੀ ਆਪਣੇ ਚਿਰ ਕਾਲੀ ਹਿੰਦੂਤਵਵਾਦੀ ਏਜੰਡੇ ਨੂੰ ਲਾਗੂ ਕਰਨ ਲਈ ਲੋੜੀਂਦਾ ਆਧਾਰ ਢਾਂਚਾ ਤਿਆਰ ਕਰਨ ਵਲ ਰੁਚਿਤ ਦਿਖਾਈ ਦੇ ਰਹੀ ਹੈ।ਇਹ ਵਖਰੀ ਗੱਲ ਹੈ ਕੀ ਕਈ ਵਾਰ ਪ੍ਰ੍ਸਥਿਤੀਆਂ ਦੇ ਮੱਦੇ ਨਜਰ ਇਹ ਪਾਰਟੀ ਰਾਜਸੀ ਗਿਣਤੀਆਂ ਮਿਣਤੀਆਂ ਦੇ ਮੁਤਾਬਿਕ ਵਕਤੀ ਤੌਰ ਤੇ ਦੋ ਕਦਮ ਪਿਛੇ ਹਟਾ ਲੈਂਦੀ ਹੈ।ਇਸ ਸਰਕਾਰ ਦੀ ਥੋੜ ਚਿਰੀ ਕਾਰਜ ਸ਼ੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਫਿਰਕੂ ਪਾਰਟੀ ਹਿੰਦੂ ਰਾਸ਼ਟਰ ਦੇ ਆਪਣੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਕਿਸ ਹੱਦ ਤੱਕ ਉਤਾਵਲੀ ਹੈ।

ਘੱਟ ਗਿਣਤੀਆਂ , ਧਰਮ ਨਿਰਪਖ ਅਤੇ ਇਨਸਾਫ਼ ਪਸੰਦ ਧਿਰਾਂ ਲਈ ਇਹ ਸੋਚਣ ਦੀ ਘੜੀ ਹੈ।ਵੋਟ ਬੈੰਕ ਦੇ ਚੱਕਰ ਵਿਚ ਜਿਹਨਾ ਦਲਿਤਾਂ ਦੀ ਮੰਦੀ ਹਾਲਤ ਉੱਤੇ ਮਗਰ ਮਛ ਦੇ ਹੰਝੂ ਇਸ ਪਾਰਟੀ ਦੀ ਸਰਕਾਰ ਵਹਾਉਣ ਦੇ ਯਤਨ ਕਰ ਰਹੀ ਹੈ, ਉਹ ਇਸ ਪਾਰਟੀ ਦੀ ਧਰੋਹਰ ਮੰਨੀ ਜਾਂਦੀ ਵਰਣਵਿਵਸਥਾ ਕਾਰਨ ਸਦੀਆਂ ਤੋਂ ਸੰਤਾਪੇ ਹੋਏ ਹਨ। ਹਜਾਰਾਂ ਸਾਲਾਂ ਤੋਂ ਦਲਿਤ ਸਿਖਿਆ ,ਜਾਇਦਾਦ ,ਸਮਾਜਿਕ ਨਿਆਂ ਅਤੇ ਮਾਨਵ ਅਧਿਕਾਰਾਂ ਦੇ ਮਾਮਲੇ ਵਿਚ ਹਾਸ਼ੀਏ ਤੇ ਧੱਕੇ ਹੋਏ ਹਨ।ਜਾਤੀ ਵਿਵਸਥਾ ਦੇ ਚਲਦਿਆਂ ਇਸ ਵਰਗ ਨਾਲ ਹੁੰਦੀ ਬੇ ਇਨਸਾਫੀ ਨੂੰ ਪ੍ਰਮਾਤਮਾ ਦੀ ਲੀਲਾ ਅਤੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਆਖ ਕੇ ਸਦਾ ਜਾਇਜ ਠਹਿਰਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ।

ਅੱਜ ਵੀ ਦੇਸ਼ ਭਰ ਅੰਦਰ ਗਰੀਬਾਂ ਅਤੇ ਦਲਿਤਾਂ ਤੇ ਹੁੰਦੇ ਬੇ ਕਿਰਕ ਜੁਲਮੋ ਸਿਤਮ ਨੂੰ ਧਰਮ ਰਖਿਆ ਦਾ ਰੂਪ ਦੇਕੇ ਦੇਸ਼ ਦੀਆਂ ਲੋਕਤੰਤਰਿਕ ਅਤੇ ਸੰਵਿਧਾਨਿਕ ਮਾਨਤਾਵਾਂ ਨੂੰ ਹਵਾ ਵਿਚ ਉਡਾ ਦਿੱਤਾ ਜਾਂਦਾ ਹੈ। ਇਸ ਦੇ ਬਾਵਯੂਦ ਸਮੇ ਸਮੇ ਜਾਤੀ ਵਿਵਸਥਾ ਦੇ ਸਾਜਿਸ਼ੀ ਫਲਸਫੇ ਨੂੰ ਚਨੌਤੀ ਦਿੱਤੀ ਜਾਂਦੀ ਰਹੀ ਹੈ।ਇਸ ਵਿਵਸਥਾ ਨੂੰ ਸਭ ਤੋਂ ਵੱਡੀ ਚਨੌਤੀ ਗੌਤਮ ਬੁਧ ਵਲੋਂ ਮਿਲੀ ।ਗੌਤਮ ਬੁਧ ਨੇ ਜਾਤੀ ਵਿਵਸਥਾ ਦੇ ਵਿਰੋਧ ਨੂੰ ਆਪਣੇ ਸਮਾਜਿਕ ਦਰਸ਼ਨ ਦਾ ਅਧਾਰ ਬਣਾ ਕੇ ਇਸ ਵਿਵਸਥਾ ਨਾਲ ਜੁੜੇ ਕਰਮਕਾਂਡਾਂ ਦਾ ਡਟ ਕੇ ਵਿਰੋਧ ਕੀਤਾ ਜਿਸ ਦੇ ਨਤੀਜੇ ਵਜੋਂ ਇਸ ਵਿਵਸਥਾ ਦੀਆਂ ਚੂਲਾਂ ਹਿਲ ਗਈਆਂ ਸਨ।ਹੈਰਾਨੀ ਜਨਕ ਤਥ ਇਹ ਹੈ ਕਿ ਇਸ ਦਾ ਸ਼ੁਰੂਆਤੀ ਵਿਰੋਧ ਗੈਰ ਦਲਿਤ ਦਾਰਸ਼ਨਿਕਾਂ ਵਲੋਂ ਕੀਤਾ ਗਿਆ।ਵਕਤ ਦੇ ਬੀਤਣ ਨਾਲ ਵੇਦ ਅਨੁਆਈਆਂ ਦਾ ਹਥ ਉਪਰ ਹੋਗਿਆ ।ਉਹਨਾਂ ਨੇ ਬੇਹੱਦ ਹਿੰਸਕ ਰੂਪ ਧਾਰ ਕੇ ਬੁਧ ਦੁਆਰਾ ਸਥਾਪਿਤ ਜਾਤ ਰਹਿਤ ਅਤੇ ਧਰਮ ਨਿਰਪਖ ਢਾਂਚਾ ਚਕਨਾ ਚੂਰ ਕਰ ਦਿੱਤਾ। ਵਿਸ਼ੇਸ਼ ਤੌਰ ਤੇ ਨੌਵੀੰ ਸਦੀ ਦੌਰਾਨ ਆਦਿ ਸ਼ੰਕਰਾਚਾਰਿਆ ਦੇ ਉਥਾਨ ਤੋਂ ਬਾਅਦ ਜਾਤੀ ਵਿਵਸਥਾ ਦਾ ਪੁਨਰ ਸੁਰਜੀਤੀਕਰਣ ਹੋ ਗਿਆ। ਦਲਿਤ ਸਮਾਜ ਨੂੰ ਜਿਹੜੀ ਥੋੜੀ ਬਹੁਤ ਰਾਹਤ ਮਿਲੀ ਸੀ ਉਸ ਦਾ ਪੂਰਨ ਤੌਰ ਤੇ ਭੋਗ ਪੈ ਗਿਆ ।

ਬਾਹਰਵੀਂ ਸਦੀ ਤੋਂ ਬਾਅਦ ਜਦੋਂ ਮਧ ਯੁਗੀ ਅਤਿਆਚਾਰ ਆਪਣੀ ਸਿਖਰ ਤੇ ਸਨ ਤਾਂ ਕੁਝ ਦਲਿਤ ਸੰਤ ਦੇਸ਼ ਦੇ ਸਮਾਜਿਕ ਚਿਤਰਪਟ ਤੇ  ਰੂਪਮਾਨ ਹੋਏ ਜਿਹਨਾਂ ਵਿਚ ਚੋਖਾ ਮੇਲਾ,ਰਵਿਦਾਸ ,ਕਬੀਰ ,ਨੰਦ ਨਾਰ ਅਤੇ ਤੁੱਕਾ ਰਾਮ ਆਦਿ ਪ੍ਰਮੁਖ ਸਨ।ਇਹਨਾਂ ਸੰਤਾਂ ਨੇ ਭਾਵੇਂ ਸਮਾਜ ਨੂੰ ਜਾਗਰਿਤ ਕਰਨ ਵਿਚ ਆਪਣੀ ਸੀਮਤ ਭੂਮਿਕਾ ਨਿਭਾਈ ਪ੍ਰੰਤੂ ਸਥਾਪਤ ਵਿਵਸਥਾ ਦੇ ਵਿਰੁਧ ਜਾ ਕੇ ਈਸ਼ਵਰ ਦੇ ਸੰਕਲਪ ਦਾ ਦੋ ਟੁੱਕ ਵਿਰੋਧ ਕਰਨ ਤੋਂ ਗੁਰੇਜ ਕੀਤਾ। ਉਲਟਾ ਜਾਤੀ ਵਿਵਸਥਾ ਦੀ ਮਨਸ਼ਾ ਅਨੁਸਾਰ ਪਰਮ ਪਰਮੇਸ਼ਵਰ ਅੱਗੇ ਰੋਣੇ ਰੋ ਰੋ ਕੇ ਅਰਜੋਈਆਂ ਕਰਦੇ ਰਹੇ। ਭਾਵੇਂ ਇਹ ਸੰਤ ਗੌਤਮ ਬੁਧ ਦੇ ਸਿਧਾਂਤਾਂ ਦਾ ਪਾਲਣ ਕਰਦੇ ਰਹੇ ਪਰ ਬੁਧ ਦਾ ਨਾਮ ਇਹਨਾਂ ਨੇ ਆਪਣੀਆਂ ਲਿਖਤਾਂ ਵਿਚ ਕਿਤੇ ਨਹੀਂ ਲਿਆ। ਇਸ ਦਾ ਕਾਰਨ ਸ਼ਾਇਦ ਉਹ ਬੁਧ ਧਰਮ ਨੂੰ ਨੇਸਤੋ ਨਬੂਦ ਕਰਨ ਲਈ  ਚੱਲੀ ਮੁਹਿੰਮ ਸਮੇਂ ਬੁਧ ਧਰਮ ਦੇ ਪੈਰੋਕਾਰਾਂ ਖਿਲਾਫ਼ ਹੋਈ ਭਿਆਨਕ ਹਿੰਸਾ ਤੋਂ ਭੈਅ ਭੀਤ ਸਨ।

ਗੌਤਮ ਬੁਧ ਨੇ ਜਾਤੀ ਵਿਵਸਥਾ ਦੀ ਈਸ਼ਵਰ ਰੂਪੀ ਜਿਸ ਜੜ ਨੂੰ ਹਥ ਪਾਇਆ ਸੀ ਸੰਤ ਜਨ ਉਸ ਜੜ ਦੇ ਗੁਣ ਗਾਣ ਕਰਦੇ ਹੋਏ ਦੁਨੀਆਂ ਤੋਂ ਵਿਦਾ ਹੋ ਗਏ । ਪਰ ਜਾਤੀ ਵਿਵਸਥਾ ਨੂੰ ਉਹਨਾ ਵਲੋਂ ਕੀਤਾ ਗਿਆ ਪ੍ਰਚਾਰ ਹਜਮ ਨਹੀਂ ਹੋਇਆ।ਇਸ ਲਈ ਵਰਣ ਵਿਵਸਥਾਵਾਦੀਆਂ ਵਲੋਂ ਦਲਿਤ ਸੰਤਾਂ ਵਿਰੁਧ ਦੁਰ ਪ੍ਰਚਾਰ ਸ਼ੁਰੂ ਕਰ ਦਿੱਤਾ।  ਵਿਸੇਸ਼ ਰੂਪ ਵਿਚ ਉਹਨਾਂ ਦੀ ਪੈਦਾਇਸ਼ ਨੂੰ ਲੈ ਕੇ ਇਹ ਕਿਹਾ ਗਿਆ ਕਿ ਦਲਿਤ ਸੰਤ ਕਿਸੀ ਨਾ ਕਿਸੀ ਵਿਧਵਾ ਬ੍ਰਾਹਮਣੀ ਦੀ ਨਜਾਇਜ ਸੰਤਾਂਨ ਹੈ, ਕਿਓਂ ਕਿ ਦਲਿਤ ਬੁਧੀ ਅਤੇ ਵਿਵੇਕ ਦੇ ਯੋਗ ਨਹੀਂ ਹੋ ਸਕਦਾ। ਦਿਲਚਸਪ ਗੱਲ ਇਹ ਹੈ ਕਿ ਆਪਣੀ ਸਰਬ ਸਰੇਸ਼ਠਾ ਬਰਕਰਾਰ ਰਖਣ ਦੀ ਹੋੜ ਵਿਚ ਉਹ ਆਪਣੀਆਂ ਹੀ ਔਰਤਾਂ ਨੂੰ ਨਜਾਇਜ ਬਚਿਆਂ ਦੀਆਂ ਮਾਵਾਂ ਦਾ ਲਕਬ ਦੇਣ ਤੱਕ ਜਾਣ ਤੋਂ ਵੀ ਨਹੀ ਹਿਚਕਚਾਏ।19ਵੀਂ ਸਦੀ ਦੇ ਉਪਨਿਵੇਸ਼ਕ ਕਾਲ ਦੌਰਾਨ ਰਾਸ਼ਟਰਵਾਦੀ ਮਾਰਗਾਂ ਦੀ ਇੱਕ ਸ਼ਾਖਾ ਪੂਰੀ ਤਰਾਂ ਵਖਰਾ ਰਾਹ ਅਪਣਾਉਂਦੀ ਹੋਈ ਵਰਣ ਵਿਵਸਥਾ ਦੇ ਕੇਂਦਰ ਬਿੰਦੂ ਹਿੰਦੂ ਧਰਮ ਅਤੇ ਈਸ਼ਵਰ ਨੂੰ ਇੱਕ ਵਾਰ ਫੇਰ ਆਪਣੇ ਨਿਸ਼ਾਨੇ ਤੇ ਲੈਂਦੀ ਹੈ।ਇਸ ਸ਼ਾਖਾ ਦੀ ਅਗਵਾਈ ਮਹਾਤਮਾ ਫੂਲੇ ,ਅੰਬੇਦਕਰ ਅਤੇ ਪੇਰਿਆਰ ਕਰਦੇ ਹਨ।

ਦਲਿਤਾਂ ਦੀ ਹਾਲਤ ਤੇ ਵਿਚਾਰ ਚਰਚਾ ਕਰਨ ਦਾ ਇਹ ਤੀਸਰਾ ਯੁੱਗ ਸੀ।ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਇਥੇ ਧਰਮ ਗ੍ਰੰਥ ਅਤੇ ਈਸ਼ਵਰ ਦੀ ਥਾਂ ਮਾਨਵੀ ਕਨੂੰਨ ਦੇ ਅਧਾਰ ਤੇ ਸਾਸ਼ਨ ਚਲਣ  ਲੱਗਾ। ਇਸ ਤਰਾਂ ਦਲਿਤ ਮੁਕਤੀ ਦਾ ਰਾਹ ਸਾਫ਼ ਹੁੰਦਾ ਦਿਖਾਈ ਦਿੱਤਾ। ਰਿਜਰਵੇਸ਼ਨ ਸਬੰਧੀ ਬਣੇ ਕਨੂੰਨ ਨੇ ਇਸ ਵਿਚ ਮੁਖ ਭੂਮਿਕਾ ਅਦਾ ਕੀਤੀ।ਹੌਲੀ ਹੌਲੀ ਇਹ ਸਿਧਾਂਤ ਮੁਕਤੀ ਗਾਮੀ ਦੀ ਥਾਂ ਮਤ ਗਾਮੀ ਵਿਚ ਤਬਦੀਲ ਹੋਣਾ ਸ਼ੁਰੂ ਹੋ ਗਿਆ।ਹਿੰਦੂ ਜਾਤੀ ਵਿਵਸਥਾ ਦੌਰਾਨ ਸਿਖਿਆ ਪ੍ਰਾਪਤ ਕਰਨ ਵਾਲੀ ਗੁਰੂ ਕੁਲ ਪ੍ਰਥਾ ਨੇ ਸਦੀਆਂ ਤੋਂ ਦਲਿਤ ਸਮਾਜ ਨੂੰ ਸਿਖਿਆ ਦੇ ਕੁਦਰਤੀ ਹੱਕ ਤੋਂ ਮਹਿਰੂਮ ਰਖਿਆ ਹੋਇਆ ਸੀ।ਦਲਿਤ ਮੁਕਤੀ ਦੀ ਅਸਲ ਚਾਬੀ ਸਿਖਿਆ ਨੂੰ ਮੰਨ ਕੇ ਅੰਬੇਦਕਰ ਨੇ ਸਮਾਜਿਕ ਚੇਤਨਾ ਨੂੰ ਜਗਾਉਂਦੇ ਹੋਏ ਵਰਣ ਵਿਵਸਥਾ ਦੇ ਤਮਾਮ ਸਰੋਤਾਂ ਤੇ ਹਮਲਾ ਬੋਲ ਦਿੱਤਾ,ਮਸਲਨ ਮੰਨੂੰ ਸਿਮਰਤੀ ਨੂੰ ਜਲਾਉਣਾ ਆਦਿ।ਉਹਨਾਂ ਬੁਧ ਧਰਮ ਨੂੰ ਦਲਿਤ ਮੁਕਤੀ ਦਾ ਰਾਹ ਦਿਸੇਰਾ ਦੱਸਿਆ ਕਿਓਂ ਕਿ ਇਹ ਧਰਮ ਜਾਤੀ ਰਹਿਤ ਸਮਾਜ ਦੀ ਵਕਾਲਤ ਕਰਦਾ ਸੀ।

1970ਤੋਂ ਬਾਅਦ ਕਾਂਸ਼ੀ ਰਾਮ ਨੇ ਸਮਾਜਿਕ ਜਾਗਰਿਤੀ ਰਾਹੀਂ ਉਤਰੀ ਭਾਰਤ ਵਿਚ ਇੱਕ ਬਹੁਤ ਵੱਡਾ ਅੰਦੋਲਨ ਸ਼ੁਰੂ ਕੀਤਾ ।ਇਸ ਨੇ ਦਲਿਤ ਚੇਤਨਾ ਨੂੰ ਝੰਜੋੜ ਕੇ ਰਖ ਦਿੱਤਾ ਪ੍ਰੰਤੂ ਜਦੋਂ ਇਸ ਅੰਦੋਲਨ ਨੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਤਾਂ ਪਰਸਥਿਤੀਆਂ ਤੇਜੀ ਨਾਲ ਬਦਲਣ ਲੱਗੀਆਂ। 1984ਵਿਚ ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕੀਤੀ ਗਈ। 1992ਦੇ ਅਖੀਰ ਵਿਚ ਸੰਘ ਪਰਿਵਾਰ ਨੇ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਅਤੇ ਦੇਸ਼ ਦੇ ਕਈ ਹਿੱਸਿਆਂ ਨੂੰ ਸੰਪਰਦਾਇਕ ਹਿੰਸਾ ਦੀ ਅੱਗ ਵਿਚ ਝੋਕ ਦਿੱਤਾ ।ਅਗਲੇ ਵਰੇ ਹੋਣ ਜਾ ਰਹੀਆਂ ਚੋਣਾਂ ਵਿਚ ਬਸਪਾ ਨੇ ਪਿਛੜੀਆਂ ਜਾਤੀਆਂ ਤੇ ਅਧਾਰਿਤ ਸਪਾ ਨਾਲ ਚੋਣ ਸਮਝੌਤਾ ਕਰ ਕੇ ਚੋਣਾਂ ਲੜੀਆਂ ਅਤੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਦੀ ਸਤਾ ਆਪਣੇ ਹਥ ਵਿਚ ਲੈ ਲਈ । ਬ੍ਰਾਹਮਣਵਾਦ ਵਿਰੁਧ ਬਣੇ ਇਸ ਗਠਜੋੜ ਨੂੰ ਜੇਕਰ ਦੇਸ਼ ਪਧਰ ਤੇ ਫੈਲਾਇਆ ਜਾਂਦਾ ਤਾਂ ਦੇਸ਼ ਦੀ ਰਾਜਨੀਤਕ ਅਤੇ ਸਮਾਜਿਕ ਸਥਿਤੀ ਹੋਰ ਹੋਣੀ ਸੀ। ਪ੍ਰੰਤੂ ਦੋਹਾਂ ਪਾਰਟੀਆਂ ਦੇ ਆਗੂਆਂ ਦੀਆਂ ਵਿਅਕਤੀਗਤ ਖੁਦਗਰਜੀਆਂ ਨੇ ਸ਼ਾਨਦਾਰ ਸੰਭਾਵਨਾਵਾਂ ਨੂੰ ਚਕਨਾ ਚੂਰ ਕਰ ਦਿੱਤਾ।1995ਵਿਚ ਆਪਣੇ ਗਠਬੰਧਨ ਦੀ ਸਰਕਾਰ ਗਿਰਾ ਕੇ ਮਾਇਆਵਤੀ ਨੇ ਭਾਜਪਾ ਵਰਗੀ ਬ੍ਰਾਹਮਣਵਾਦੀ ਜਮਾਤ ਨਾਲ ਸਮਝੌਤਾ ਕਰ ਮਾਰਿਆ ਜਿਸ ਦੇ ਫਲਸਰੂਪ ਮਾਇਆਵਤੀ ਕ੍ਰਮਵਾਰ ਚਾਰ ,ਛੇ ਅਤੇ ਚੌਦਾਂ ਮਹੀਨੇ ਉਤਰ ਪ੍ਰਦੇਸ਼ ਦੀ ਸਤਾ ਤੇ ਰਹੀ ਜਦੋਂ ਕਿ ਬਾਕੀ ਸੱਤ ਸਾਲ ਭਾਜਪਾ ਦਾ ਸਾਸ਼ਨ ਰਿਹਾ।ਇਸ ਤਰਾਂ ਪਹਿਲੀ ਵਾਰ ਦਲਿਤ ਅੰਦੋਲਨ ਯੋਗ ਅਗਵਾਈ ਦੀ ਘਾਟ ਸਦਕਾ ਆਪਣੇ ਸਭ ਤੋਂ ਵੱਡੇ ਦੁਸ਼ਮਣ ਸੰਘ ਪਰਿਵਾਰ ਦਾ ਸ਼ਿਕਾਰ ਹੋ ਗਿਆ।ਹੱਦ ਤਾਂ ਉਦੋਂ ਹੋਈ ਜਦੋਂ 2007ਦੌਰਾਨ ਸਦੀਆਂ ਤੋਂ ਚੱਲ ਰਹੇ ਦਲਿਤ ਅੰਦੋਲਨ ਦੇ ਬ੍ਰਾਹਮਣ  ਵਿਰੋਧੀ ਅਭਿਆਨ ਨੂੰ ਮਾਇਆ ਵਤੀ ਨੇ ਸਤਾ ਦੀ ਲਾਲਸਾ ਵੱਸ ਬ੍ਰਾਹਮਣ ਸਹਿਯੋਗ ਵਿਚ ਬਦਲ ਦਿੱਤਾ।

ਮਾਇਆ ਵਤੀ ਨੇ ਜਾਤੀ ਵਿਵਸਥਾ ਦੀ ਇਤਿਹਾਸਕ ਅਤੇ ਸਮਾਜਿਕ ਪਿਠ ਭੂਮੀ ਨੂੰ ਦਰਕਿਨਾਰ ਕਰਦਿਆਂ ਅੰਬੇਦਕਰ ਦੀ ਇੱਕ ਪੰਕਤੀ," ਸਤਾ ਹਰ ਤਾਲੇ ਦੀ ਮਾਸਟਰ ਚਾਬੀ ਹੁੰਦੀ ਹੈ" ਨੂੰਗਲਤ ਸੰਧਰਭਾੰ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਬ੍ਰਾਹਮਣਾਂ ਸਮੇਤ ਹੋਰ ਸਵਰਨ ਜਾਤੀਆਂ ਨੂੰ ਪ੍ਰਭਾਵਿਤ ਕਰਨ ਲਈ ਜਾਤੀ ਗਤ ਇਕਠ ਕਰਨੇ ਆਰੰਭ ਦਿੱਤੇ ਅਤੇ ਉਹਨਾਂ ਨੂੰ ਨੌਕਰੀਆਂ ਵਿਚ ਰਿਜਰਵੇਸ਼ਨ ਦੇਣ ਦੇ ਵਾਅਦੇ ਤੇ ਦਾਅਵੇ ਕਰਨੇ ਸ਼ਰੂ ਕਰ ਦਿੱਤੇ।ਇਸ ਦਾ ਨਤੀਜਾ ਇਹ ਹੋਇਆ ਕਿ ਦੇਸ਼ ਭਰ ਵਿਚ ਵੱਡੇ ਪਧਰ ਤੇ ਜਾਤੀ ਚੇਤਨਾ ਵਿਕਸਤ ਹੋਣ ਲੱਗੀ। ਦਲਿਤ ਰਿਜਰਵੇਸ਼ਨ ਦੀ ਧਾਰਨਾ ਦਾ ਅਧਾਰ ਜਾਤੀ ਵਿਵਸਥਾ ਦਾ ਸੋਸ਼ਣ ਸੀ ਜਿਸ ਨੂੰ ਮਾਇਆ ਵਤੀ ਨੇ ਤਹਿਸ ਨਹਿਸ ਕਰ ਕੇ ਰਖ ਦਿੱਤਾ। ਉਸ ਨੇ ਗੌਤਮ ਬੁਧ ਦੇ ਪ੍ਰਸਿਧ ਨਾਅਰੇ "ਸਰਵ ਜਨ ਹਿਤਾਏ"ਦਾ ਨਾਅਰਾ ਦੇ ਕੇ ਦਲਿਤ ਮੁਕਤੀ ਦੀ ਦਿਸ਼ਾ ਨੂੰ ਉਲਟੇ ਰੁਖ ਖੜਾ ਕਰ ਦਿੱਤਾ।ਨਤੀਜੇ ਵਜੋਂ ਗੌਤਮ ਬੁਧ ਤੋਂ ਲੈ ਕੇ ਅੰਬੇਦਕਰ ਤੱਕ ਚੱਲਿਆ ਜਾਤੀ ਵਿਰੋਧੀ ਅੰਦੋਲਨ ਜਾਤੀਵਾਦੀ ਸਰੂਪ ਹਾਸਲ ਕਰ ਗਿਆ । ਇਸ ਸਮੇਂ ਜਾਤੀ ਅਧਾਰਿਤ ਸਤਾ ਹਾਸਲ ਕਰਨ ਦੀ ਇੱਕ ਤਰਾਂ ਨਾਲ ਹੋੜ ਲੱਗੀ ਹੋਈ ਹੈ।ਇਸ ਦਾ ਖਤਰਨਾਕ ਪਹਿਲੂ ਇਹ ਹੈ ਕਿ ਜਾਤੀ ਵਿਵਸਥਾ ਹਿੰਦੂ ਧਰਮ ਦੀ ਦੇਣ ਹੈ।

ਇਹ ਇੱਕ ਇਤਿਹਾਸਕ ਸਚਾਈ ਹੈ ਕਿ ਜਦੋਂ ਜਾਤੀ ਵਿਵਸਥਾ ਮਜਬੂਤ ਹੁੰਦੀ ਹੈ ਤਾ ਹਿੰਦੂਤਵਵਾਦੀ ਸ਼ਕਤੀਆਂ ਮਜਬੂਤ ਹੀ ਨਹੀਂ ਹੁੰਦੀਆਂ ਸਗੋਂ ਉਹਨਾਂ ਦਾ ਵਤੀਰਾ ਦਲਿਤ ਸਮਾਜ ਅਤੇ ਘੱਟ ਗਿਣਤੀਆਂ ਪ੍ਰਤੀ ਬੇਹੱਦ ਹਿੰਸਕ ਹੋ ਜਾਂਦਾ ਹੈ।ਸਪਸ਼ਟ ਹੈ ਜਦੋਂ ਦਲਿਤ ਖੁਦ ਜਾਤੀ ਚੇਤਨਾ ਭੜਕਾਉਣ ਲਗਣ ਤਾਂ ਹਿੰਦੂਤਵਵਾਦੀਆਂ ਨੂੰ ਜਾਤੀ ਚੇਤਨਾ ਭੜਕਾਉਣ ਤੋਂ ਕਿਸ ਤਰਾਂ ਰੋਕਿਆ ਜਾ ਸਕਦਾ ਹੈ। ਵਰਤਮਾਨ ਹਾਲਤਾਂ ਦੇ ਸੰਧਰਵ ਵਿਚ ਸਮਾਜਿਕ ਅਤੇ ਆਰਥਿਕ ਪਖੋਂ ਪਛੜੇ ਤਬਕਿਆਂ ਨੂੰ ਇੱਕ ਪਲੇਟਫਾਰਮ ਤੇ ਇਕਠੇ ਹੋਣ ਦੀ ਲੋੜ ਹੈ ਤਾਂ ਕਿ ਸ਼ਾਵਨਵਾਦੀ ਤਾਕਤਾਂ ਦੇ ਮੂੰਹ ਜ਼ੋਰ ਰਾਜਸੀ ਰਥ ਦਾ ਰਾਹ ਰੋਕਿਆ ਜਾ ਸਕੇ।              

ਸੰਪਰਕ: +91 81465 63065

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ