Wed, 18 September 2024
Your Visitor Number :-   7222583
SuhisaverSuhisaver Suhisaver

ਭਾਰਤੀ ਵਿੱਦਿਅਕ ਪ੍ਰਣਾਲੀ ਤੇ ਵਿਦਿਆਰਥੀ ਵਰਗ ਦੀ ਤ੍ਰਾਸਦਿਕ ਹਾਲਤ - ਮਨਦੀਪ

Posted on:- 27-02-2014

suhisaver

ਸਾਮਰਾਜੀ/ਸਰਮਾਏਦਾਰੀ ਹਿੱਤਾਂ ਦੀ ਰਾਖੀ ਕਰਨ ਵਾਲਾ ਸਾਡਾ ਮੌਜੂਦਾ ਵਿਦਿਅਕ ਪ੍ਰਬੰਧ ਆਪਣੇ ਜਨਮ ਤੋਂ ਹੀ ਲੂਲ੍ਹਾ-ਲੰਗੜਾ ਹੈ। ਸਾਡੀ ਮੌਜੂਦਾ ਵਿਦਿਅਕ ਪ੍ਰਣਾਲੀ ਅੰਗਰੇਜ਼ੀ ਰਾਜ ਸਮੇਂ ਬਸਤੀਵਾਦੀ ਹਿੱਤਾਂ ਦੀ ਪੂਰਤੀ ਲਈ ਹਿੰਦੋਸਤਾਨ ਅੰਦਰ ਸਥਾਪਿਤ ਕੀਤੇ ਗਏ ਬਸਤੀਵਾਦੀ ਵਿਦਿਅਕ ਪ੍ਰਬੰਧ ਨਾਲੋਂ ਨਾਤਾ ਤੋੜਕੇ ਅਜ਼ਾਦਾਨਾ ਤੌਰ ਤੇ ਪ੍ਰਗਤੀਸ਼ੀਲ-ਜਮਹੂਰੀ ਢੰਗ ਦੀ ਵਿਦਿਅਕ ਪ੍ਰਣਾਲੀ ਸਥਾਪਤ ਕਰਨ ਦੇ ਅਮਲ ‘ਚੋਂ ਪੈਦਾ ਨਹੀਂ ਹੋਈ ਬਲਕਿ ਇਹ ਬਸਤੀਵਾਦੀ ਹਾਕਮਾਂ ਤੋਂ ਇਕ ਸ਼ਰਮਨਾਕ ਸਮਝੌਤੇ ਤਹਿਤ ਵਿਰਸੇ ‘ਚੋਂ ਮਿਲੇ ਲੁਟੇਰੇ ਰਾਜ-ਭਾਗ ਵਾਂਗ ਗੁਲਾਮ ਮਾਨਸਿਕਤਾ ਵਾਲੇ ਕਰਿੰਦੇ ਪੈਦਾ ਕਰਨ ਵਾਲੀ ਲੋਟੂ ਪ੍ਰਣਾਲੀ ਹੀ ਹੈ।

ਲਾਰਡ ਮੈਕਾਲੇ ਦੁਆਰਾ ਘੜੀ ਗਈ ਬਸਤੀਵਾਦੀ ਵਿਦਿਅਕ ਪ੍ਰਣਾਲੀ ਦਾ ਉਦੇਸ਼ ਅੰਗਰੇਜੀ ਰਾਜ ਦੀ ਸੇਵਾ ਲਈ ਯੋਗ ਕਰਿੰਦੇ ਪੈਦਾ ਕਰਨਾ ਸੀ ਜੋ ਰੰਗ-ਰੂਪ ਪੱਖੋਂ ਹਿੰਦੋਸਤਾਨੀ, ਪਰ ਮਾਨਸਿਕ ਤੌਰ ਤੇ ਅੰਗਰੇਜ਼ੀਅਤ ਦੇ ਗੁਲਾਮ ਹੋਣਗੇ। ਡਰ, ਭੈਅ ਤੇ ਵਫਾਦਾਰੀ ਵਾਲੀ ਮਾਨਸਿਕਤਾ ਪੈਦਾ ਕਰਨ ਵਾਲੀ ਅੰਗਰੇਜੀ ਰਾਜ ਦੀ ਵਿਦਿਅਕ ਪ੍ਰਣਾਲੀ ਵਿਚ ਰਾਏਬਹਾਦੁਰੀ ਦਾ ਤਮਗਾ ਹਾਸਲ ਕਰਨਾ ਸਰਵਉੱਚਤਤਾ ਦਾ ਪ੍ਰਤੀਕ ਬਣਾਕੇ ਪੇਸ਼ ਕੀਤਾ ਜਾਂਦਾ ਸੀ। ਇਸ ਨੀਤੀ ਤਹਿਤ ਜਿੱਥੇ ਭਾਰਤ ਅੰਦਰ ਅੰਗਰੇਜ਼ਪ੍ਰਸਤ ਦਲਾਲਾਂ ਦੀ ਇਕ ਸ਼੍ਰੇਣੀ ਪੈਦਾ ਹੋਈ ਉਥੇ ਸਫੈਦਪੋਸ਼ ਉੱਚ ਕੁਲੀਨ ਵਰਗ ਖਿਲਾਫ ਪ੍ਰਤੀਰੋਧ ਦੀ ਲਹਿਰ ਵੀ ਕਰਵਟਾਂ ਲੈਣ ਲੱਗ ਪਈ ਸੀ।

ਸੱਤਾ ਬਦਲੀ ਬਾਅਦ ਨਵੇਂ ਬਣੇ ਹਾਕਮਾਂ ਨੇ ਬਸਤੀਵਾਦੀ ਦੌਰ ਦੀ ਵਿਦਿਅਕ ਪ੍ਰਣਾਲੀ ਵਿਚ ਆਪਣੇ ਹਿੱਤਾਂ ਤੇ ਲੋੜਾਂ ਮੁਤਾਬਕ ਮਾਮੂਲੀ ਜਿਹੇ ਬਦਲਾਅ ਕਰਦਿਆਂ ਇਸਨੂੰ “ਅਜ਼ਾਦ ਰਾਸ਼ਟਰ” ਦੀ ਸਿੱਖਿਆ ਨੀਤੀ ਵਜੋਂ ਗੋਦ ਲੈ ਲਿਆ। ਅਤੇ ਅਖੌਤੀ ਅਜ਼ਾਦੀ ਤੋਂ ਬਾਅਦ ਅੱਜ ਤੱਕ ਸਿੱਖਿਆ ਖੇਤਰ ‘ਚ ਜੋ ਬੁਰਾਈਆਂ ਸਾਹਮਣੇ ਆ ਰਹੀਆਂ ਹਨ ਉਹ ਸਭ ਬੁਰਾਈਆਂ ਭਾਰਤੀ ਵਿਦਿਅਕ ਪ੍ਰਣਾਲੀ ਦੇ ਜਮਾਂਦਰੂ (ਕੁ)ਲੱਛਣ ਹਨ। ਭਾਰਤੀ ਹਾਕਮਾਂ ਨੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦਾ ਦਰਜਾ ਦੇਣ ਦੀ ਬਜਾਏ ਇਸ ਨੂੰ ਕੇਵਲ ਨਿਰਦੇਸ਼ਤ ਸਿਧਾਂਤ (4 , ਅਨੁਛੇਦ 45, ਭਾਗ 4) ਵਿਚ ਹੀ ਸ਼ਾਮਲ ਕੀਤਾ ਭਾਵ ਰਾਜਾਂ ਨੂੰ ਆਪਣੇ ਨਾਗਰਿਕਾਂ ਨੂੰ ਸਿੱਖਿਆ ਦੇਣ ਦਾ ਕੇਵਲ ਨਿਰਦੇਸ਼ ਹੈ ਕੋਈ ਲਾਜ਼ਮੀ ਨਹੀਂ ਕਿ ਉਹ ਉਹਨਾਂ ਨੂੰ ਸਿੱਖਿਆ ਦੇਣ ਦੀ ਗਰੰਟੀ ਕਰਨ। ਅੰਗਰੇਜੀ ਰਾਜ ਸਮੇਂ ਸਿੱਖਿਆ ਦੋਹਰੇ ਮਿਆਰ ਵਾਲੀ ਸੀ।

ਇਕ ਪਾਸੇ ਉੱਚ ਕੁਲੀਨ ਵਰਗ ਤੇ ਉਸਦੇ ਸੇਵਾਦਾਰਾਂ ਲਈ ਸਟੈਂਡਰਡ ਦੇ ਉੱਚ ਸਹੂਲਤਾਂ ਵਾਲੇ ਸਕੂਲ-ਕਾਲਜ-ਯੂਨੀਵਰਸਿਟੀਆਂ ਦੂਸਰੇ ਪਾਸੇ ਜਨ ਸਧਾਰਨ ਲਈ ਘਟੀਆ ਦਰਜੇ ਵਾਲੀਆਂ ਵਿਦਿਅਕ ਸੰਸਥਾਵਾਂ। ਅਤੇ ਅੱਜ ਵੀ ਸਾਮਰਾਜੀ/ਸਰਮਾਏਦਾਰਾਂ ਦੇ ਵਫਾਦਾਰ ਉੱਚ ਅਫਸਰਾਂ, ਉੱਚ ਅਧਿਕਾਰੀਆਂ, ਡਾਕਟਰਾਂ, ਇੰਜੀਨੀਅਰਾਂ, ਮੈਨੇਜਰਾਂ ਆਦਿ ਲਈ ਸਨੋਵਰ ਸਕੂਲ ਵਰਗੇ ਮਹਿੰਗੇ ਤੇ ਉੱਚ ਸਹੂਲਤਾਂ ਵਾਲੇ ਕਾਨਵੈਂਟ ਸਕੂਲ, ਟੌਪ ਦੇ ਕਾਲਜ-ਯੂਨੀਵਰਸਿਟੀਆਂ ਹਨ ਪਰ ਦੂਜੇ ਪਾਸੇ ਮਿਨਤਕਸ਼ ਜਨਤਾ ਦੀ ਵਿਸ਼ਾਲ ਅਬਾਦੀ ਦੇ ਵਿਦਿਆਰਥੀਆਂ ਨੂੰ “ਸਭ ਲਈ ਸਿੱਖਿਆ” ਦੇ ਅਖੌਤੀ ਨਾਅਰੇ ਹੇਠ ਖਾਲੀ ਅਸਾਮੀਆਂ ਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਤੱਪੜਮਾਰਕਾ ਸਕੂਲਾਂ ਦੇ ਰਹਿਮੋ-ਕਰਮ ਤੇ ਛੱਡਿਆ ਹੋਇਆ ਹੈ। ਦੋਹਰੇ ਮਾਪਦੰਡ ਵਾਲੀ ਇਹ ਮੌਜੂਦਾ ਵਿਦਿਅਕ ਪ੍ਰਣਾਲੀ ਆਪਣੇ ਮੂਲ ਚਰਿੱਤਰ ਤੋਂ ਹੀ ਗੈਰ-ਬਰਾਬਰੀ ਤੇ ਅਧਾਰਿਤ ਹੈ।

ਅਜ਼ਾਦੀ ਦੇ 67 ਸਾਲ ਬੀਤ ਜਾਣ ਬਾਅਦ ਅਨੇਕਾਂ ਵਿਦਿਅਕ ਯੋਜਨਾਵਾਂ, ਕਮਿਸ਼ਨਾਂ ਤੇ ਕਾਨੂੰਨਾਂ ਦੇ ਬਣਨ ਤੇ ਵੀ ‘ਸਭ ਲਈ ਸਿੱਖਿਆ’ ਦਾ ਵਾਅਦਾ ਕਰਨ ਵਾਲੇ ਹਾਕਮ ਅੱਜ ਤੱਕ ਚੰਗੇਰੀ ਤੇ ਉਚੇਰੀ, ਪ੍ਰਗਤੀਸ਼ੀਲ, ਜਮਹੂਰੀ, ਵਿਗਿਆਨਕ ਤੇ ਬਰਾਬਰ ਸਿੱਖਿਆ ਦੇਣ ਤੋਂ ਨਾਕਾਮਯਾਬ ਰਹੇ ਹਨ ।ਅੱਜ ਵੀ ਮੁਲਕ ਅੰਦਰ ਕਰੋੜਾਂ ਬੱਚੇ ਸਕੂਲ ਦਾ ਮੂੰਹ ਤੱਕ ਨਹੀਂ ਦੇਖ ਪਾਉਂਦੇ।

ਕਰੋੜਾਂ-ਕਰੋੜ ਬੱਚੇ ਸਕੂਲ ਜਾਣ ਦੀ ਉਮਰੇ ਹੋਟਲਾਂ-ਢਾਬਿਆਂ, ਬੱਸ ਅੱਡਿਆਂ, ਰੇਲਵੇ ਸ਼ਟੇਸ਼ਨਾਂ ਆਦਿ ਥਾਵਾਂ ਉਪਰ ਬਾਲ ਮਜ਼ਦੂਰੀ ਕਰਨ ਲਈ ਸਰਾਪੇ ਹੋਏ ਹਨ। ਦੇਸ਼ ਦਾ ਅਣਭੋਲ ਬਚਪਨ ਵੇਸ਼ਵਾਗਮਨੀ ਦੇ ਅੱਡਿਆਂ ਤੇ ਵੇਚੇ ਜਾਣ, ਸਰੀਰ ਦੇ ਅੰਗ ਕੱਢਕੇ ਵੇਚਣ ਵਾਲੇ ਤਸ਼ਕਰਾਂ, ਅਗਵਾਕਾਰਾਂ, ਬਲਾਤਕਾਰੀਆਂ ਆਦਿ ਦੇ ਚੁੰਗਲ ਵਿਚ ਸਹਿਕ ਰਿਹਾ ਹੈ। ਝੁਗੀਆਂ-ਝੌਂਪੜੀਆਂ, ਫੁੱਟਪਾਥਾਂ, ਬਾਲ ਮਜ਼ਦੂਰਾਂ, ਪੇਂਡੂ ਤੇ ਸ਼ਹਿਰੀ ਗਰੀਬਾਂ ਦੇ ਘਰਾਂ ਅੰਦਰ ਪਲਦੇ ਨੰਨੇ੍ਹ ਬਚਪਨ ਲਈ ਚੰਗੇਰੀ ਤੇ ਉਚੇਰੀ ਤਾਂ ਕੀ ਵਿਦਿਆਂ ਸ਼ਬਦ ਵੀ ਸੁਪਨਲੋਕ ਦੀ ਗੱਲ ਹੈ। ਦੂਸਰਾ, ਇਸ ਘੋਰ ਗੁਰਬਤ ਤੋਂ ਥੋੜਾ-ਬਹੁਤਾ ਉਪਰ ਉਠਿਆ ਮਜ਼ਦੂਰ ਵਰਗ ਤੇ ਹੋਰ ਗਰੀਬ ਤਬਕੇ ਜੇਕਰ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਜੋਗੇ ਸਾਧਨ ਜੁਟਾ ਵੀ ਲੈਂਦਾ ਹੈ ਤਾਂ ਉਨ੍ਹਾਂ ਦੀਆਂ ਸੱਧਰਾਂ ਦੀ ਦੌੜ ਵੀ ਪੰਜਵੀਂ-ਅੱਠਵੀਂ ਜਾਂ ਫਿਰ ਦਸਵੀਂ ਤੱਕ ਜਾ ਮੁਕਦੀ ਹੈ। ਇਸ ਮਜ਼ਦੂਰ ਵਰਗ ਤੇ ਹੋਰ ਗਰੀਬ ਤਬਕਿਆਂ ਦਾ ਪੀੜ੍ਹੀ-ਦਰ-ਪੀੜ੍ਹੀ ਇਹ ਦਸਤੂਰ ਚੱਲਿਆ ਆ ਰਿਹਾ ਹੈ ਕਿ ਇਹ ਵਰਗ ਸਿੱਖਿਆ, ਸਿਹਤ ਤੇ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਰਹਿ ਕੇ ਜ਼ਿੰਦਗੀ ਭਰ ਸਖਤ ਮਿਹਨਤ-ਮਜ਼ਦੂਰੀ ਕਰਕੇ ਬੇਹੱਦ ਘੱਟ ਉਜਰਤਾਂ ਤੇ ਗੁਜਾਰਾ ਕਰ ਰਿਹਾ ਹੈ।

ਤੀਸਰਾ, ਨਿਮਨ ਮੱਧ ਵਰਗੀ ਵਿਦਿਆਰਥੀ ਬਾਰਵੀਂ ਜਾਂ ਬੀ. ਏ. ਵਗੈਰਾ ਤੋਂ ਬਾਅਦ ਕੋਈ ਛੋਟਾ-ਮੋਟਾ ਕੋਰਸ ਕਰਕੇ ਪਬਲਿਕ ਜਾਂ ਪ੍ਰਾਈਵੇਟ ਸੈਕਟਰ ‘ਚ ਨੌਕਰੀ ਲੈਣ ਦਾ ਸੁਪਨਾ ਲੈ ਕੇ ਪੜ੍ਹਾਈ ਸ਼ੁਰੂ ਕਰਦਾ ਹੈ। ਪਰੰਤੂ ਇਸ ਹਿੱਸੇ ਦੁਆਰਾ ਹਾਸਲ ਕੀਤੀ ਸਿੱਖਿਆ ਕੇਵਲ ਉਪਰਲੇ ਕੁਲੀਨ ਵਰਗ ਦੀ ਸੱਭਿਅਕ ਤਰੀਕੇ ਨਾਲ ਖਿਦਮਤ ਕਰਨ ਦੀ ਯੋਗਤਾ ਜਾਂ ਉਨ੍ਹਾਂ ਦੇ ਐਸ਼ੋ-ਅਰਾਮ ਲਈ ਅਰਾਮਦਾਇਕ ਵਸਤਾਂ ਤਿਆਰ ਕਰਨ ਦੀ ਮੁਹਾਰਤ ਹਾਸਲ ਕਰਨ ਦੇ ਹੀ ਕੰਮ ਆਉਂਦੀ ਹੈ। ਇਸ ਹਿੱਸੇ ਨੂੰ ਉਪਰਲੇ ਕੁਲੀਨ ਵਰਗ ਦੀ ਵਫਾਦਾਰੀ ਕਰਨ ਦੀ ਪੈਰ-ਪੈਰ ਤੇ ਪ੍ਰੀਖਿਆ ਦੇਣੀ ਪੈਂਦੀ ਹੈ। ਹੀਣ ਭਾਵਨਾ ‘ਚ ਜਿਊਂਦਾ ਇਹ ਹਿੱਸਾ ਆਪਣੀ ਪੂਰੀ ਜ਼ਿੰਦਗੀ ‘ਚ ਹੱਡ-ਭੰਨਵੀਂ ਮਿਹਨਤ ਕਰਕੇ ਵੀ ਅਗਲੀ ਪੀੜ੍ਹੀ ਲਈ ਚੰਗੀ ਜ਼ਿੰਦਗੀ ਦੇ ਵਸੀਲੇ ਨਹੀਂ ਜੁਟਾ ਪਾਉਂਦਾ। ਚੌਥਾ, ਮੱਧ ਤੇ ਉੱਚ ਮੱਧ ਵਰਗੀ ਵਿਦਿਆਰਥੀਆਂ ਦੀ ਮਾਨਸਿਕਤਾ ਉਪਰ ਪੂੰਜੀਵਾਦੀ ਵਿਕਾਸ ਮਾਡਲ ਦੀਆਂ ਬਰਕਤਾਂ ਦਾ ਕਾਫੀ ਪ੍ਰਭਾਵ ਹੁੰਦਾ ਹੈ। ਤੇ ਵਿਦਿਆਰਥੀਆਂ ਦਾ ਇਹ ਵਰਗ ਆਪਣੀ ਪੂਰੀ ਸਮਰੱਥਾ ਨਾਲ ਇਸ ਦੌੜ ਵਿਚ ਸ਼ਾਮਲ ਹੁੰਦਾ ਹੈ।

ਪੂੰਜੀਵਾਦੀ ਪ੍ਰਬੰਧ ਇਸ ਵਰਗ ਦੀ ਸਭ ਕੁਝ ਪਾਉਣ ਦੀ ਚੇਸ਼ਟਾ ਨੂੰ ਹੋਰ ਵੱਧ ਤੂਲ ਦਿੰਦਾ ਹੈ। ਪੂੰਜੀ ਦੀ ਲੁੱਟ ਕਿਉਂਕਿ ਅੰਨ੍ਹੀ ਤੇ ਬੇਤਰਸ ਹੁੰਦੀ ਹੈ ਇਸ ਲਈ ਪੂੰਜੀ ਦੀ ਇਹ ਹਲਕ ਛੇਤੀ-ਛੇਤੀ ਅਮੀਰ ਹੋਣ ਦੀ ਉਤਸੁਕਤਾ ਰੱਖਣ ਵਾਲੇ ਇਸ ਵਰਗ ਨੂੰ ਵੀ ਨਹੀਂ ਬਖਸ਼ਦੀ। ਅਤੇ ਇਸ ਵਰਗ ਵਿਚਲਾ ਸੰਵੇਦਨਸ਼ੀਲ ਹਿੱਸਾ ਜਲਦ ਹੀ ਪੂੰਜੀਵਾਦੀ ਲੋਟੂ ਨੀਤੀਆਂ ਤੋਂ ਉਪਰਾਮ ਹੋ ਜਾਂਦਾ ਹੈ।

ਸਾਮਰਾਜੀ-ਪੂੰਜੀਵਾਦੀ ਵਿਵਸਥਾ ਤਹਿਤ ਸਥਾਪਤ ਇਸ ਸਿੱਖਿਆ ਪ੍ਰਣਾਲੀ ਵਿੱਚ ਸਸਤੇ ਪੜ੍ਹੇ-ਲਿਖੇ ਚਿੱਟ-ਕੱਪੜੀਏ ਮਜ਼ਦੂਰ ਤਿਆਰ ਕਰਨ ਹਿੱਤ ਨਵੀਆਂ ਸਿੱਖਿਆ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਹਾਕਮਾਂ ਵੱਲੋਂ ਸਮੇਂ-ਸਮੇਂ ਤੇ ਆਪਣੀਆਂ ਲੋੜਾਂ ਮੁਤਾਬਕ ਕਦੇ ਕਿੱਤਾਮੁਖੀ ਸਿੱਖਿਆ ਨੀਤੀ ਲਿਆਂਦੀ ਜਾਂਦੀ ਹੈ ਤੇ ਕਦੇ ਬਦਲਦੇ ਦੌਰ ‘ਚ ਤਕਨੀਕੀ ਸਿੱਖਿਆ ਤੇ ਜੋਰ ਦਿੱਤਾ ਜਾਣ ਲੱਗਦਾ ਹੈ। ਇਸੇ ਤਰ੍ਹਾਂ 91ਵੇਂ ਦੀਆਂ ਨਵੀਆਂ ਆਰਥਿਕ ਨੀਤੀਆਂ ਤਹਿਤ ਹਾਕਮਾਂ ਨੇ ਸਿੱਖਿਆ ਖੇਤਰ ਅੰਦਰ ਨਿੱਜੀਕਰਨ ਤੇ ਉਦਾਰੀਕਰਨ ਰਾਹੀਂ ਸਿੱਖਿਆ ਦਾ ਵਪਾਰੀਕਰਨ ਕਰਨ ਲਈ ਸਿੱਖਿਆ ਖੇਤਰ ‘ਚ ਵਿਆਪਕ ਤਬਦੀਲੀਆਂ ਕੀਤੀਆਂ। ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਨਿਵੇਸ਼ ਤੇ ਹੋਰ ਸਭ ਤਰ੍ਹਾਂ ਦੇ ਸਰਕਾਰੀ ਦਖਲ ਨੂੰ ਲਗਾਤਾਰ ਘਟਾਇਆ ਜਾਂਦਾ ਆ ਰਿਹਾ ਹੈ। ਜਿਸਦੇ ਸਿੱਟੇ ਵਜੋਂ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚੋਂ ਸੀਟਾਂ ਦੀ ਗਿਣਤੀ ਦਾ ਲਗਾਤਾਰ ਘੱਟਣਾ, ਅਸਾਮੀਆਂ ਦਾ ਖਾਲੀ ਹੋਣਾ, ਸਰਕਾਰੀ ਗਰਾਂਟਾਂ ਤੇ ਫੰਡਾਂ ਤੇ ਕੱਟ ਲੱਗਣਾ, ਫੀਸਾਂ ‘ਚ ਵਾਧਾ ਹੋਣਾ ਲਗਾਤਾਰ ਜਾਰੀ ਰਹਿ ਰਿਹਾ ਹੈ। ਦੂਜੇ ਪਾਸੇ ਪ੍ਰਾਇਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਧੜਾਧੜ ਖੁਲ੍ਹਣ ਦਾ ਵਰਤਾਰਾ ਚੱਲ ਰਿਹਾ ਹੈ। ਇਨ੍ਹਾਂ ਨਵੀਆਂ ਨੀਤੀਆਂ ਨੇ ਪਹਿਲਾਂ ਤੋਂ ਹੀ ਚਲਦੇ ਆ ਰਹੇ ਬੇਕਾਰ ਵਿਦਿਅਕ ਪ੍ਰਬੰਧ ਨੂੰ ਹੋਰ ਵੱਧ ਨਕਾਰਾ ਬਣਾ ਦਿੱਤਾ ਹੈ। ਇਸ ਨਾਲ ਚੰਗੇਰੀ ਤੇ ਉਚੇਰੀ ਸਿੱਖਿਆ ਕੇਵਲ ਪੈਸੇ ਵਾਲੇ ਲੋਕਾਂ ਦੇ ਹੱਥਾਂ ਤੱਕ ਸਿਮਟ ਕੇ ਰਹਿ ਗਈ ਹੈ। ਜਿਸ ਕੋਲ ਜਿੰਨ੍ਹਾਂ ਪੈਸਾ ਹੈ ਉਹ ਉਨੀ ਹੀ ਸਿੱਖਿਆ ਹਾਸਲ ਕਰ ਸਕਦਾ ਹੈ।

ਸਿੱਖਿਆ ਦਾ ਬਜ਼ਾਰੀਕਰਨ ਇਸ ਹੱਦ ਤੱਕ ਵੱਧ ਗਿਆ ਹੈ ਕਿ ਕੋਈ ਵੀ ਪੈਸੇ ਵਾਲਾ ਵਿਦਿਆਰਥੀ ਬਿਨਾਂ ਪੜ੍ਹਾਈ ਕੀਤੇ ਵੱਡੀਆਂ-ਵੱਡੀਆਂ ਡਿਗਰੀਆਂ ਤੱਕ ਘਰ ਬੈਠੇ ਖਰੀਦ ਸਕਦਾ ਹੈ। ਇਸ ਆਪੋਧਾਪੀ ਦੇ ਮਹੌਲ ਅੰਦਰ ਅਨੇਕਾਂ ਭਾਂਤ ਦੀਆਂ ਓਪਨ ਯੂਨੀਵਰਸਿਟੀਆਂ, ਭਾਂਤ-ਭਾਂਤ ਦੇ ਕੋਰਸ ਕਰਵਾਉਣ ਵਾਲੇ ਸਟੱਡੀ ਸੈਂਟਰ, ਕੋਚਿੰਗ ਸੈਂਟਰ ਤੇ ਜਾਅਲੀ ਡਿਗਰੀਆਂ ਦੇਣ ਵਾਲੇ ਅਨੇਕਾਂ ਸੈਂਟਰ ਖੁੱਲ੍ਹ ਰਹੇ ਹਨ। ਬੀ ਐੱਡ, ਐੱਮ ਐੱਡ, ਅਕਾਊਟੈਂਟ, ਟਰੇਡ ਕੋਰਸ, ਕੰਪਿਊਟਰ ਕੋਰਸ, ਪੱਤਰਕਾਰੀ, ਯੋਗਾ, ਟੂਰਿਜ਼ਮ, ਵਾਤਾਵਰਣ, ਆਈਲਿਟਸ, ਨੈਨੀ, ਮੈਨਜਮੈਂਟ ਕੋਰਸ ਤੇ “, 5“, 9, “5“, 5“, 3 ਟੈਸਟ ਆਦਿ ਜਦੋਂ ਨਵੇਂ-ਨਵੇਂ ਸਾਹਮਣੇ ਆਉਂਦੇ ਹਨ ਤਾਂ ਇਸਨੂੰ ਵਿਦਿਆਰਥੀ ਵਰਗ ਲਈ ਸਰਕਾਰੀ ਨੌਕਰੀਆਂ ਹਾਸਲ ਕਰਨ ਦੇ ਸੁਨਹਿਰੀ ਮੌਕਿਆਂ ਵਜੋਂ ਪੇਸ਼ ਕੀਤਾ ਜਾਂਦਾ ਹੈ ਪਰ ਜਲਦ ਹੀ ਇਨ੍ਹਾਂ ਕੋਰਸਾਂ ਦੀ ਅਸਲੀਅਤ ਉਘੜ ਕੇ ਸਾਹਮਣੇ ਆ ਜਾਂਦੀ ਹੈ।

ਸਰਕਾਰ, ਪ੍ਰਾਈਵੇਟ ਅਦਾਰੇ, ਕੋਚਿੰਗ ਸੈਂਟਰ ਇਨ੍ਹਾਂ ਕੋਰਸਾਂ ਰਾਹੀਂ ਪੈਸਾ ਕਮਾਕੇ ਮਾਲਾਮਾਲ ਹੋ ਜਾਂਦੇ ਹਨ। ਪਹਿਲਾਂ-ਪਹਿਲ ਇਨ੍ਹਾਂ ਕੋਰਸਾਂ ਦਾ ਵਿਦਿਆਰਥੀਆਂ ਲਈ ਵਰਦਾਨ ਹੋਣਾ ਸਾਬਤ ਕਰਨ ਲਈ ਭਾਵ ਵਿਦਿਆਰਥੀਆਂ ਦਾ ਇਨ੍ਹਾਂ ਕੋਰਸਾਂ ਪ੍ਰਤੀ ਭਰੋਸਾ ਹਾਸਲ ਕਰਨ ਲਈ, ਉਹਨਾਂ ਨੂੰ ਮੰਡੀ ਵੱਲ ਖਿੱਚਣ ਲਈ ਕੁਝ ਨਿਗੂਣੀ ਗਿਣਤੀ ਦੇ ਸ਼ਿਫਾਰਸ਼ੀ (ਜਾਂ ਇਕਾ-ਦੁਕਾ ਮਿਹਨਤੀ) ਵਿਦਿਆਰਥੀਆਂ ਨੂੰ ਸਰਕਾਰੀ ਕੁਰਸੀ (ਜਾਂ ਪ੍ਰਾਈਵੇਟ ਅਦਾਰੇ ਦੇ ਉੱਚ ਅਹੁਦੇ) ਦੇ ਦਰਸ਼ਨ ਕਰਵਾ ਦਿੱਤੇ ਜਾਂਦੇ ਹਨ ਪਰ ਬਾਕੀ ਦੇ ਬਹੁਗਿਣਤੀ ਵਿਦਿਆਰਥੀਆਂ ਦੀ ਛਿੱਲ ਲਾਹ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਜਾਂਦਾ ਹੈ ਅਤੇ ਫਿਰ ਨਵੇਂ ਸਿਰੇ ਤੋਂ ਨਵੇਂ-ਨਵੇਂ ਕੋਰਸ ਸਾਹਮਣੇ ਲਿਆ ਕੇ ਬੇਰੁਜਗਾਰੀ ਤੇ ਮੰਦੀ ਦੇ ਆਲਮ ‘ਚ ਉਪਰਾਮ ਵਿਦਿਆਰਥੀਆਂ ਤੇ ਨੌਜਵਾਨਾਂ ਅੱਗੇ ਇਕ ਹੋਰ ਬੇਰਹਿਮ ਮੁਕਾਬਲਾ ਲਿਆ ਕੇ ਪੇਸ਼ ਕੀਤਾ ਜਾਂਦਾ ਹੈ। 91ਵਿਆਂ ਦੀਆਂ ਨੀਤੀਆਂ ਤੋਂ ਬਾਅਦ ਸਿੱਖਿਆ ਖੇਤਰ ਵਿਚ ਦੇਸੀ-ਵਿਦੇਸ਼ੀ ਪੂੰਜੀ ਨਿਵੇਸ਼ ਦੇ ਜੋਰ ਫੜਨ ਨਾਲ ਉਚੇਰੀ ਸਿੱਖਿਆ ਦੇ ਨਾਲ-ਨਾਲ ਮੁੱਢਲੀ ਤੇ ਮਾਧਮਿਕ ਸਿੱਖਿਆ ਉੱਤੇ ਵੀ ਰਾਸ਼ਟਰੀ-ਬਹੁਰਾਸ਼ਟਰੀ ਕੰਪਨੀਆਂ ਦੀ ਇਜਾਰੇਦਾਰੀ ਸਥਾਪਿਤ ਹੋ ਗਈ।

ਮੌਜੂਦਾ ਵਿਦਿਅਕ ਪ੍ਰਬੰਧ ਵਿਚ ਦਿੱਤੀ ਜਾਂਦੀ ਸਿੱਖਿਆ (ਪਾਠਕ੍ਰਮ), ਸਿੱਖਿਆ ਦੇਣ ਦੇ ਢੰਗ ਤੇ ਸੰਸਥਾਵਾਂ ਆਦਿ ਸਭ ਵਿਦਿਆਰਥੀਆਂ ਅੰਦਰ ਮਿਹਨਤ ਪ੍ਰਤੀ ਕਦਰ ਨਹੀਂ ਬਲਕਿ ਨਫਰਤ ਦੇ ਭਾਵਨਾ ਪੈਦਾ ਕਰਦਿਆਂ ਕਿਰਤੀ ਲੋਕਾਂ ਪ੍ਰਤੀ ਤਿ੍ਰਸਕਾਰ ਅਤੇ ਵਿਹਲੜਾਂ ਪ੍ਰਤੀ ਚਾਪਲੂਸੀ ਦੀ ਭਾਵਨਾ ਪੈਦਾ ਕਰਦੀ ਹੈ। ਇਹ ਵਿਦਿਅਕ ਪ੍ਰਬੰਧ ਵਿਦਿਆਰਥੀਆਂ ਅੰਦਰਲੇ ਇਖਲਾਕੀ ਗੁਣਾਂ, ਨੈਤਿਕ ਸ਼ੁੱਧਤਾ, ਸਮਰੱਥਾਵਾਂ ਤੇ ਮੌਲਿਕ ਸਿਰਜਨਾਤਮਿਕ ਸ਼ਕਤੀਆਂ ਨੂੰ ਕੁਚਲਦੀ ਹੋਈ ਸਾਰਟਕੱਟ ਰਸਤੇ ਰਾਹੀਂ ਸਿਰਫ ਤੇ ਸਿਰਫ ਪੈਸਾ ਕਮਾਉਣ ਦੇ ਗੁਰ ਤੇ ਸੁਪਨੇ ਲੈਣਾ ਸਿਖਾਉਂਦੀ ਹੈ। ਵਿਦਿਆਰਥੀਆਂ ਲਈ ਜ਼ਿੰਦਗੀ ਦੀ ਸਫਲਤਾ ਦੇ ਮਾਅਨੇ ਸਿਰਫ ਪੈਸਾ ਕਮਾਉਣਾ ਬਣਾ ਦਿੱਤੇ ਜਾਂਦੇ ਹਨ। ਇਹ ਵਿਦਿਆਰਥੀਆਂ ਦੀ ਅਸਲੀ ਉਸਾਰੂ ਗਿਆਨ ਦੀ ਭੱੁਖ ਨੂੰ ਤਿ੍ਰਪਤ ਨਹੀਂ ਕਰਦਾ। ਸੋ ਮੌਜੂਦਾ ਵਿਦਿਅਕ ਪ੍ਰਬੰਧ ਵਿਦਿਆਰਥੀਆਂ ਨੂੰ ਪੂੰਜੀਵਾਦੀ ਕਦਰਾਂ-ਕੀਮਤਾਂ ਅਨੁਸਾਰ ਢਾਲਣ ਦਾ ਇਕ ਸੰਦ ਹੈ।

ਸਾਡਾ ਸਿੱਖਿਆ ਪ੍ਰਬੰਧ ਰੱਟਾ ਲਾਉ, ਬੋਝਲ ਤੇ ਗੈਰ-ਵਿਗਿਆਨਕ ਹੈ। ਇਸਦੇ ਅੰਦਰ ਪੂੰਜੀਵਾਦੀ ਨੈਤਿਕਤਾ ਦੇ ਨਾਲ-ਨਾਲ ਜਾਗੀਰੂ ਕਿਸਮ ਦੀਆਂ ਪਿਛਾਖੜੀ ਕਦਰਾਂ-ਕੀਮਤਾਂ, ਜਾਤੀ-ਪਾਤੀ ਵਿਤਕਰਾ ਤੇ ਧਾਰਮਿਕ ਅੰਧਵਿਸ਼ਵਾਸ਼ੀ ਵਾਲੇ ਅਧਿਆਤਮਵਾਦੀ ਵਿਚਾਰਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਸਦੇ ਪਾਠਕ੍ਰਮਾਂ ਵਿਚ ਅਗਾਂਹਵਧੂ ਆਧੁਨਿਕ ਵਿਗਿਆਨਕ ਤੇ ਤਰਕਮਈ ਵਿਚਾਰਾਂ ਨੂੰ ਕੋਈ ਸਪੇਸ ਨਹੀਂ ਦਿੱਤੀ ਜਾਂਦੀ। ਇਸੇ ਕਾਰਨ ਉੱਚ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਬਾਹਰਮੁਖੀ ਸਮਾਜੀ ਹਾਲਤਾਂ ਦੀ ਕੋਈ ਸੋਝੀ ਨਹੀਂ ਹੁੰਦੀ ਤੇ ਉਹ ਸਾਇੰਸ ਦੀ ਪੜ੍ਹਾਈ ਕਰਨ ਤੇ ਵੀ ਗੈਬੀ ਸ਼ਕਤੀਆਂ ਦੇ ਚਰਨਾਂ ‘ਚ ਸਿਰ ਝੁਕਾਈ ਰੱਖਦੇ ਹਨ। ਪ੍ਰੀਖਿਆਵਾਂ ਪਾਸ ਕਰਨ ਲਈ ਨਕਲ ਕਰਨ ਦੇ ਨਾਲ-ਨਾਲ ਤਰ੍ਹਾਂ-ਤਰ੍ਹਾਂ ਦੀਆਂ ਮੰਨਤਾਂ ਤੇ ਪੂਜਾ-ਪਾਠ ਕੀਤੇ ਜਾਣਾ ਵਿਦਿਆ ਦੁਆਰਾ ਵਿਦਿਆਰਥੀਆਂ ਦੇ ਬੌਧਿਕ ਮਿਆਰ ਨੂੰ ਉੱਚਾ ਚੁੱਕਣ ਦੀ ਭੂਮਿਕਾ ਦੇ ਦਰਸ਼ਨ ਕਰਵਾਉਂਦਾ ਹੈ।

ਕਿਸੇ ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਇਹ ਹਰ ਵਿਅਕਤੀ ਦਾ ਇਕ ਨਿੱਜੀ ਮਾਮਲਾ ਹੈ ਪਰੰਤੂ ਭਾਰਤ ਦੇ ਕਈ ਸੂਬਿਆਂ ਵਿਚ ਧਰਮ ਨੂੰ ਇਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਂਦਾ ਹੈ। ਭਾਰਤੀ ਸਮਾਜ ਦੀ ਵਿਲੱਖਣ ਵਿਸ਼ੇਸ਼ਤਾ ਜਾਤੀਵਾਦ ਦੇ ਲੱਛਣ ਵੀ ਇਥੋਂ ਦੇ ਵਿਦਿਅਕ ਪ੍ਰਬੰਧ ਉੱਪਰ ਬੁਰੀ ਤਰ੍ਹਾਂ ਅਸਰਅੰਦਾਜ ਹਨ। ਇਥੇ ਧਾਰਮਿਕ, ਫਿਰਕਾਪ੍ਰਸਤ ਤੇ ਜਾਤੀ ਅਧਾਰਿਤ ਵਿਦਿਆਰਥੀ ਸੰਗਠਨ ਵਿਦਿਆਰਥੀਆਂ ਅੰਦਰ ਆਪਣੀ ਸੌੜੀ ਤੇ ਤਬਾਹਕੁੰਨ ਰਾਜਨੀਤੀ ਥੋਪਦੇ ਰਹਿੰਦੇ ਹਨ ਅਤੇ ਵੋਟ ਪਾਰਟੀਆਂ ਆਪਣੇ ਨਿੱਜੀ ਮੁਫਾਦਾਂ ਲਈ ਅਜਿਹੀ ਧਾਰਮਿਕ, ਫਿਰਕੂ ਤੇ ਜਾਤੀ ਰਾਜਨੀਤੀ ਨੂੰ ਬੜਾਵਾ ਦਿੰਦੀਆਂ ਹਨ।

ਪੂਰੀ ਦੁਨੀਆਂ ਵਿਚ ਕੇਵਲ ਭਾਰਤ ਹੀ ਇਕ ਐਸਾ ਦੇਸ਼ ਹੈ ਜਿੱਥੇ ਜਾਤੀ-ਪਾਤੀ, ਕੌਮੀ ਤੇ ਕਬਾਇਲੀ ਲੋਕਾਂ ਦੀਆਂ ਸਮੱਸਿਆਂਵਾਂ ਦੇ ਨਾਲ-ਨਾਲ ਨਾਰੀ ਸਮੱਸਿਆ ਵੀ ਵਧੇਰੇ ਗੁੰਝਲਦਾਰ ਹੈ। ਭਾਰਤ ਵਿਚ ਔਰਤਾਂ ਉਪਰ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਵਿਚ ਵਿਦਿਆਰਥਣਾਂ ਉਪਰ ਇਸਦਾ ਅਸਰ ਜਿਆਦਾ ਤਿੱਖੇ ਤੇ ਕਾਰੂਰ ਰੂਪ ਵਿਚ ਸਾਹਮਣੇ ਆ ਰਿਹਾ ਹੈ। ਸਮਾਜ ਦੀ ਹਰ ਸ਼ੈਅ ਨੂੰ ਮੰਡੀ ਦੀ ਵਸਤੂ ਬਣਾਉਣ ਵਿਚ ਲੱਗੇ ਪੂੰਜੀਵਾਦੀ ਪ੍ਰਬੰਧ ਨੇ ਔਰਤ ਨੂੰ ਵੀ ਮੰਡੀ ‘ਚ ਵੇਚੀ-ਖ੍ਰੀਦੀ ਜਾਣ ਵਾਲੀ ਜਿਣਸ ਬਣਾ ਦਿੱਤਾ ਹੈ। ਵਿਦਿਆਰਥਣਾਂ ਨਾਲ ਅਗਵਾ, ਛੇੜਛਾੜ, ਬਲਾਤਕਾਰ, ਤੇਜਾਬੀ ਹਮਲੇ, ਲਿੰਗਕ ਵਖਰੇਵਾਂ, ਯੋਨ ਹਿੰਸਾ ਵਰਗੀਆਂ ਮਾਨਸਿਕ ਤੇ ਸਰੀਰਕ ਸ਼ੋਸ਼ਣ ਵਾਲੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ ਅਤੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਬਜਾਏ ਇਹ ਪ੍ਰਬੰਧ ਉਨ੍ਹਾਂ ਨੂੰ ਕਾਲ ਗਰਲਜ਼, ਚੀਅਰ ਗਰਲਜ਼, ਵੇਸ਼ਵਾਗਮਨੀ, ਬੈਂਕਾਂ, ਹੋਟਲਾਂ, ਖੇਤਾਂ ਤੇ ਫੈਕਟਰੀਆਂ ਅੰਦਰ ਸਸਤੀ ਕਿਰਤ ਲੁੱਟ ਕਰਵਾਉਣ ਲਈ ਮਜ਼ਬੂਰ ਕਰ ਰਿਹਾ ਹੈ। ਇਹ ਵਰਤਾਰਾ ਜਾਗੀਰੂ+ਪਿਤਾਪੁਰਖੀ+ਜਾਤੀਪਾਤੀ ਭੇਦਭਾਵ+ਪੂੰਜੀਵਾਦੀ ਪ੍ਰਬੰਧ ਦੇ ਗੱਠਜੋੜ ਦੀ ਦੇਣ ਹੈ।

ਇਸ ਵਿਦਿਅਕ ਪ੍ਰਣਾਲੀ ਰਾਹੀਂ ਦੇਸ਼ ਦੇ ਵਿਦਿਆਰਥੀਆਂ ਦੇ ਮਨਾਂ ਅੰਦਰ “ਆਖੰਡ ਰਾਸ਼ਟਰੀਅਤਾ” ਦਾ ਸੰਕਲਪ ਕੁੱਟ-ਕੁੱਟ ਭਰਿਆ ਜਾ ਰਿਹਾ ਹੈ। ਇਸ ਤਰ੍ਹਾਂ ਭਾਰਤ ਦੀ ਅਖੰਡਤਾ ਦੇ ਜਾਅਲੀ ਸੰਕਲਪ ਰਾਹੀਂ ਵੱਖ-ਵੱਖ ਕੌਮੀਅਤਾਂ ਦੇ ਜਾਇਜ ਮੰਗਾਂ-ਮਸਲਿਆਂ ਨੂੰ ਦਬਾਉਂਦਿਆਂ-ਲਤਾੜਦਿਆਂ ਇਹਨਾਂ ਘੱਟਗਿਣਤੀਆਂ ਦੇ ਵਿਦਿਆਰਥੀਆਂ ਨੂੰ ਆਪਣੇ ਹੀ ਲੋਕਾਂ ਦੇ ਵਿਰੋਧ ਵਿਚ ਲਿਆ ਖੜਾ ਕਰ ਦਿੱਤਾ ਜਾਂਦਾ ਹੈ। ਵਿਦਿਆਰਥੀ ਮਨਾਂ ਅੰਦਰ ਰਾਸ਼ਟਰ ਦੀ ਆਖੰਡਤਾ ਦੀ ਫੈਲਾਈ ਜਾ ਰਹੀ ਇਹ ਅੰਧ-ਸ਼ਰਧਾ ਪਹਿਲ ਪਿ੍ਰਥਮੇ ਵਿਦਿਅਕ ਪਾਠਕ੍ਰਮਾਂ ਰਾਹੀਂ ਹੀ ਫੈਲਾਈ ਜਾਂਦੀ ਹੈ। ਉਸਦੇ ਮਨ ਵਿਚ ਆਖੰਡ ਰਾਸ਼ਟਰ ਦੇ ਹਿੱਤ (ਜੋ ਅਸਲ ਵਿਚ ਹਾਕਮ ਜਮਾਤਾਂ ਦੇ ਹਿੱਤ ਹੁੰਦੇ ਹਨ) ਅਤੇ ਲੋਕਾਂ ਦੇ ਹਿੱਤਾਂ ਵਿਚਕਾਰ ਅੰਤਰ ਕਰ ਸਕਣ ਦੀ ਸਹੀ ਸੋਝੀ ਹੀ ਵਿਕਸਿਤ ਨਹੀਂ ਹੋਣ ਦਿੱਤੀ ਜਾਂਦੀ। ਇਸ ਤਰ੍ਹਾਂ ਲੋਕ ਹਿੱਤ (ਜਾਂ ਕੌਮੀ ਹਿੱਤ) ਆਖੰਡ ਰਾਸ਼ਟਰ ਦੇ ਆਧੀਨ ਕਰ ਦਿੱਤੇ ਜਾਂਦੇ ਹਨ। ਸਿੱਟੇ ਵਜੋਂ ਹਾਕਮਾਂ ਦੀ ਇਸ ਕੋਝੀ ਨੀਅਤ ਅਤੇ ਇਸ ਨੀਅਤ ਨੂੰ ਸਮਝਣੋਂ ਅਸਮਰੱਥ ਸਮਾਜ ਵਿਰੋਧੀ ਅਨਸਰ ਵਿਦਿਆਰਥੀਆਂ ਨੂੰ ਕੁਰਾਹੇ ਪਾ ਕੇ ਨਿਰਦੋਸ਼ ਲੋਕਾਂ ਦਾ ਨਰਸਿੰਘਾਰ ਕਰਵਾਉਣ ਵਿਚ ਕਾਮਯਾਬ ਹੋ ਜਾਂਦੇ ਹਨ।

ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸਿੱਖਿਆ ਨਾਲ ਅਟੱੁਟ ਰਿਸ਼ਤਾ ਹੁੰਦਾ ਹੈ। ਸਮਾਜ ਅੰਦਰ ਨਵੀਂ-ਨਰੋਈ ਨੈਤਿਕਤਾ, ਸਾਹਿਤ, ਕਲਾ, ਸੱਭਿਆਚਾਰ ਅਤੇ ਸੋਚ ਪੈਦਾ ਕਰਨ ਅਤੇ ਉਸਨੂੰ ਹੋਰ ਵੱਧ ਵਿਕਸਿਤ ਕਰਨ ਵਿਚ ਸਿੱਖਿਆ ਦਾ ਅਹਿਮ ਰੋਲ ਹੁੰਦਾ ਹੈ। ਪਰ ਸਾਡੇ ਮੁਲਕ ਅੰਦਰ ਵਿਦਿਅਕ ਪ੍ਰਬੰਧ ਦੇ ਜਮਹੂਰੀ ਕਦਰਾਂ-ਕੀਮਤਾਂ ਤੋਂ ਸੱਖਣੇ ਹੋਣ, ਸਾਮਰਾਜ ਪ੍ਰਤੀ ਜ਼ਹਿਨੀ ਗੁਲਾਮੀ ਤੇ ਬਸਤੀਵਾਦੀ ਕਾਲ ਦੀ ਵਿਰਾਸਤ ਵਾਲੇ ਹੋਣ ਕਾਰਨ ਇਥੋਂ ਦਾ ਸਾਹਿਤ, ਕਲਾ ਅਤੇ ਸੱਭਿਆਚਾਰ ਵੀ ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਨ ਦੀ ਸੇਧ ਦੇਣ ਵਾਲਾ ਹੈ। ਮੌਜੂਦਾ ਬਜ਼ਾਰੂ ਸਾਹਿਤ, ਕਲਾ ਅਤੇ ਸੱਭਿਆਚਾਰ ਅੰਦਰ ਦਕਿਆਨੂਸੀ, ਰੂੜੀਵਾਦੀ, ਅਧਿਆਤਮਵਾਦੀ, ਮਿਥਿਹਾਸਕ, ਅਸ਼ਲੀਲਤਾ, ਅਨੈਤਿਕਤਾ ਆਦਿ ਬੁਰਾਈਆਂ ਦੀ ਭਰਮਾਰ ਹੈ।

ਵਿੱਦਿਆ ਦੇ ਲਗਾਤਾਰ ਹੋ ਰਹੇ ਬਜ਼ਾਰੀਕਰਨ ਨੇ ਅਧਿਆਪਕ ਦੀ ਸਮਾਜ ਵਿਚ ਬਣਦੀ ਸਨਮਾਣਯੋਗ ਭੂਮਿਕਾ ਨੂੰ ਘਟਾਕੇ ਉਸਨੂੰ ਇਕ ਉਜ਼ਰਤੀ ਮਜ਼ਦੂਰ ਤੇ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਲਈ ਪੈਸਾ ਇਕੱਤਰ ਕਰਨ ਵਾਲਾ ਮਾਰਕੀਟਿੰਗ ਏਜੰਟ ਬਣਾ ਦਿੱਤਾ ਹੈ।

ਸਿੱਖਿਆ ਖੇਤਰ ਵਿਚ ਅੰਗਰੇਜੀ ਭਾਸ਼ਾ ਦੀ ਇਜਾਰੇਦਾਰੀ ਬਸਤੀਵਾਦੀ ਗੁਲਾਮ ਜ਼ਹਿਨੀਅਤ ਦਾ ਚਿੰਨ੍ਹ ਹੈ। ਦੇਸ਼ ਦੇ ਵਿਦਿਆਰਥੀਆਂ ਉਪਰ ਜਬਰੀ ਥੋਪੀ ਜਾ ਰਹੀ ਅੰਗਰੇਜੀ ਭਾਸ਼ਾ ਵਿਦਿਆਰਥੀ ਸਖਸ਼ੀਅਤ ਜਾਂ ਸੋਚ ਨੂੰ ਅੰਗਰੇਜੀ ਸੱਭਿਆਚਾਰ ਹੇਠ ਸੰਕਲਪ ਨਿਰਮਾਣ ਕਰਨ ਦਾ ਪਾਠ ਪੜ੍ਹਾਉਂਦੀ ਹੈ। ਇਸ ਦੀ ਵਰਤੋਂ ਨੂੰ ਵਿਦਿਆਰਥੀ ਦੀ ਸਰਵਉੱਚ ਸ਼ਖਸ਼ੀਅਤ ਦਾ ਪੈਮਾਨਾ ਬਣਾ ਦਿੱਤਾ ਗਿਆ ਹੈ। ਇਹ ਨੀਤੀ ਵਿਦਿਆਰਥੀਆਂ ਵਿਚ ਆਪਣੀ ਮਾਤ ਭਾਸ਼ਾ ਪ੍ਰਤੀ ਤਿ੍ਰਸਕਾਰ ਦੀ ਭਾਵਨਾ ਪੈਦਾ ਕਰਨ ਦੀ ਵਾਹਕ ਬਣਦੀ ਹੈ।

ਮੌਜੂਦਾ ਸਿੱਖਿਆ ਦਾ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿਚ ਕੋਈ ਯੋਗਦਾਨ ਨਹੀਂ ਬਲਕਿ ਇਹ ਉਨ੍ਹਾਂ ਅੰਦਰ ਥੋਕ ਰੂਪ ‘ਚ ਇਖਲਾਕੀ ਭਿ੍ਰਸ਼ਟਤਾ ਪੈਦਾ ਕਰਨ ਦੀ ਵਾਹਕ ਬਣਦੀ ਹੈ। ਉਸਾਰੂ ਸਮਾਜਿਕ ਚੇਤਨਾ ਪੈਦਾ ਕਰਨ ਨਾਲ ਇਸਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ। ਸਿੱਖਿਆ ਖੇਤਰ ਦੀਆਂ ਉਚੇਰੀਆਂ ਸੰਸਥਾਵਾਂ ਤੱਕ ਵਿਦਿਆਰਥੀਆਂ ਅੰਦਰ ਸਮਾਜ ਪ੍ਰਤੀ ਗੈਰ-ਸੰਜੀਦਾ ਵਿਵਹਾਰ ਦੀਆਂ ਬਿਰਤੀਆਂ ਪੈਦਾ ਕਰਨ ਵਿਚ ਲੱਗੀਆਂ ਹੋਈਆਂ ਹਨ। ਵਿਦਿਆਰਥੀਆਂ ਨੂੰ ਉੱਚ ਤਕਨੀਤਕ ਤੇ ਸੂਚਨਾਤਮਿਕ ਸਿੱਖਿਆ ਸਿਰਫ ਮੰਡੀ ਦੇ ਮੁਨਾਫਿਆ ਵਿਚ ਵਾਧਾ ਕਰਨ ਦੇ ਗੁਣ ਸਿਖਾਉਂਦੀ ਹੈ। ਅਜਿਹੇ ਵਿਚ ਸਮਾਜ ਦੇ ਵਿਸ਼ਾਲ ਵਿਦਿਆਰਥੀ ਹਿੱਸੇ ਦੀ ਨੈਤਿਕਤਾ ਦਾ ਬਜ਼ਾਰੀਕਰਨ ਹੋਣਾ ਸੁਭਾਵਿਕ ਹੀ ਹੁੰਦਾ ਹੈ। ਇਸ ਲਈ ਉੱਚ ਸਿੱਖਿਆ ਹਾਸਲ ਕਰਕੇ ਵੀ ਵਿਦਿਆਰਥੀਆਂ ਦੇ ਮਨਾਂ ਉਪਰ ਬੁਰਜੂਆ ਸਮਾਜ ਦੀਆਂ ਬੁਰਾਈਆਂ ਦਾ ਪ੍ਰਭਾਵ ਆਮ ਵੇਖਿਆ ਜਾ ਸਕਦਾ ਹੈ।

ਇਸ ਤਰ੍ਹਾਂ ਸਮਾਜ ਵਿਚ ਸਿੱਖਿਆ ਦੀ ਮੌਜੂਦਾ ਦੁਰਦਸ਼ਾ ਨੂੰ ਵੇਖਦਿਆਂ ਇਹ ਹੋਰ ਵੀ ਵੱਧ ਜਰੂਰੀ ਤੇ ਮਹੱਤਵਪੂਰਨ ਕਾਰਜ ਸਾਡੇ ਸਾਹਮਣੇ ਖੜਾ ਹੈ ਕਿ ਵਿਸ਼ਾਲ ਵਿਦਿਆਰਥੀ ਵਰਗ ਦੀਆਂ ਯੋਗਤਾਵਾਂ ਤੇ ਸਮਰੱਥਾਵਾਂ ਨੂੰ ਸਹੀ ਤਰੀਕੇ ਨਾਲ ਵਰਤੋਂ ‘ਚ ਲਿਆਉਂਦਿਆਂ ਇਨ੍ਹਾਂ ਬੁਰਾਈਆਂ ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਨੂੰ ਸਿਰਫ ਤੇ ਸਿਰਫ ਸਿੱਖਿਆ ਸੁਧਾਰਾਂ, ਰੁਜਗਾਰਮੁਖੀ ਜਾਂ ਕੰਮਮੁਖੀ ਸਿੱਖਿਆ ਵਰਗੀਆਂ ਬੁਰਜੂਆ ਮੰਗਾਂ-ਮਸਲਿਆਂ ਵਿਚ ਹੀ ਨਹੀਂ ਉਲਝਾਈ ਰੱਖਣਾ ਚਾਹੀਦਾ।

ਅੰਤਿਮ ਟੀਚੇ ਦੇ ਤੌਰ ਤੇ ਸਾਮਰਾਜੀ-ਪੂੰਜੀਵਾਦੀ ਪ੍ਰਬੰਧ ਨੂੰ ਮੂਲੋਂ ਤਬਦੀਲ ਕੀਤੇ ਬਿਨਾਂ ਪ੍ਰਗਤੀਸ਼ੀਲ, ਜਮਹੂਰੀ, ਬਰਾਬਰ, ਇਕਸਾਰ, ਮੁਫਤ ਤੇ ਸਿੱਖਿਆ ਦੇ ਸਮਾਜੀਕਰਨ ਵਾਲਾ ਵਿਦਿਅਕ ਪ੍ਰਬੰਧ ਸਥਾਪਿਤ ਨਹੀਂ ਕੀਤਾ ਜਾ ਸਕਦਾ। ਅਤੇ ਇਸ ਸਾਮਰਾਜੀ-ਪੂੰਜੀਵਾਦੀ ਵਿਵਸਥਾ ਨੂੰ ਤਬਦੀਲ ਕਰਨ ਵਾਲੀ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਫੈਸਲਾਕੁੰਨ ਤਾਕਤ ਬਣਦੀ ਮਜ਼ਦੂਰ ਜਮਾਤ ਤੇ ਉਸਦੀ ਕਮਿਊਨਿਯਮ ਦੀ ਵਿਗਿਆਨਕ ਵਿਚਾਰਧਾਰਾ ਦੀ ਅਗਵਾਈ ਹੇਠ ਵਰਤਮਾਨ ਜਮਾਤੀ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਲਿਜਾਕੇ ਹੋਰ ਵੱਧ ਤੇਜ ਕਰਨਾ ਅਤੇ ਇਸ ਦੁਆਲੇ ਵਿਦਿਆਰਥੀ ਤਾਕਤ ਨੂੰ ਲਾਮਬੰਦ ਕਰਨਾ ਅਤੀ ਜਰੂਰੀ ਹੈ। ਬੁਨਿਆਦੀ ਇਨਕਲਾਬੀ ਤਬਦੀਲੀ ਦੇ ਇਸ ਕਾਜ਼ ਵਿਚ ਦੇਸ਼ ਦੀ ਵਿਦਿਆਰਥੀ ਤਾਕਤ ਨੂੰ ਤੀਖਣ ਬੁੱਧੀ ਤੇ ਸੱਚੀ ਭਾਵਨਾ ਵਾਲੀ ਦਿ੍ਰੜ ਇੱਛਾ-ਸ਼ਕਤੀ ਨਾਲ ਆਪਣੇ ਆਪ ਨੂੰ ਸਮਰਪਿਤ ਕਰਦਿਆਂ ਜੁੱਟ ਜਾਣਾ ਚਾਹੀਦਾ ਹੈ। ਸਮਾਜ ਦੀ ਬੁਨਿਆਦੀ ਤਬਦੀਲੀ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਮੌਜੂਦਾ ਸਮੇਂ ਵਿਚ ਵਿਦਿਆਰਥੀਆਂ ਨੂੰ ਅੰਸ਼ਿਕ ਮੰਗਾਂ-ਮਸਲਿਆਂ ਉਪਰ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਮਾਜ ਦੀ ਬੁਨਿਆਦੀ ਤਬਦੀਲੀ ਲਈ ਚੱਲ ਰਹੀ ਲਹਿਰ ਦੇ ਜਰੂਰੀ ਵਿਚਾਰਧਾਰਕ ਸਿਆਸੀ ਸਿਧਾਂਤਕ ਸਵਾਲਾਂ ਦੇ ਵੀ ਲਾਜ਼ਮੀਂ ਸਨਮੁੱਖ ਹੋਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਨੇ ਭਵਿੱਖ ਦੇ ਇਨਕਲਾਬਾਂ ਨੂੰ ਚਲਾਉਣ ਵਾਲੀ ਲਹਿਰ ਦੀ ਤਬਦੀਲੀਪਸੰਦ ਨਵੀਨ ਸ਼ਕਤੀ ਬਣਨਾ ਹੈ।

ਸੰਪਰਕ: +91 98764 42052

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ