Wed, 04 December 2024
Your Visitor Number :-   7275383
SuhisaverSuhisaver Suhisaver

ਇਸਲਾਮਿਕ ਸਟੇਟ, ਸਾਮਰਾਜ ਦੀ ਇਕ ਨਵੀਂ ਦੇਣ -ਪੁਸ਼ਪਿੰਦਰ ਸਿੰਘ

Posted on:- 26-11-2014

ਆਈ ਐਸ (ਇਸਲਾਮਿਕ ਸਟੇਟ) ਦੀਆਂ ਹੌਲਨਾਕ ਕਾਰਵਾਈਆਂ ਦੀਆਂ ਨਿੱਤ ਨਵੀਆਂ ਖਬਰਾਂ ਆ ਰਹੀਆਂ ਹਨ । ਕੁਝ ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਗਿਆ। ਇਕ ਅਮਰੀਕੀ ਬੰਦੀ, ਅਬਨੁਲ ਰਹਿਮਾਨ ਕਾਸਿਗ ਅਤੇ 18 ਸੀਰੀਆਈ ਫ਼ੌਜੀ ਕੈਦੀਆਂ ਦਾ ਕਤਲ ਦਿਖਾਇਆ ਗਿਆ ਹੈ। ਇਨਸਾਨ, ਇਨਸਾਨਾਂ, ਨਹੀਂ ਹੈਵਾਨਾਂ, ਵੱਲੋਂ ਕੀਤੇ ਕੁਕਰਮ ਸੁਣ ਕੇ ਦੇਖ ਕੇਸੁੰਨ ਰਹਿ ਜਾਂਦਾ ਹੈ।

ਪਰ ਆਖਿਰ, ਅੱਜ ਤਕ ਦੀ ਸਭ ਤੋਂ ਖ਼ਤਰਨਾਕ ਅੱਤਵਾਦੀ ਜਥੇਬੰਦੀ ਦੀ ਪੈਦਾਇਸ਼ ਲਈ ਜ਼ਿੰਮੇਵਾਰ ਕੌਣ ਹੈ? ਵਿਲੀਅਮ ਬਲੱਮ, (ਲੇਖਕ ਜਿਸ ਨੇ ਅਮਰੀਕਨ ਸਾਮਰਾਜ ਬਾਰੇ ਤਿੰਨ ਕਿਤਾਬਾਂ ਲਿਖੀਆਂ ਹਨ) ਕਾੁੳਂਟਰਪੰਚ ਵਿੱਚ ਛਪੇ ਆਪਣੇ ਲੇਖ ਵਿੱਚ ਲਿਖਦਾ ਹੈ, ‘‘ਮੱਧ ਪੂਰਬ ਵਿੱਚ ਮੌਜੂਦਾ ਬੇਹੱਦ ਹੌਲਨਾਕ ਹਾਲਾਤ ਪੈਦਾ ਕਰਨ ਦੇ ਲਈ ਅਮਰੀਕਾ ਵੱਲੋਂ ਪਿਛਲੇ 35 ਸਾਲ (1979-2014) ਤੋਂ ਜ਼ਮੀਨ ਤਿਆਰ ਕੀਤੀ ਗਈ ਹੈ। ਅਫ਼ਗਾਨਿਸਤਾਨ ਇਰਾਕ ਲਿਬੀਆ, ਸੀਰੀਆ ਆਦਿ ਦੇਸ਼ਾਂ ਵਿਚਲੀਆਂ ਧਰਮ ਨਿਰਪੱਖ ਸਰਕਾਰਾਂ ਨੂੰ ਜਬਰਦਸਤੀ ਪਲਟਾ ਕੇ : ਅਤੇ ਨਾਲ ਇਹ ਵੀ ਨਹੀਂ ਭੁਲਣਾ ਚਾਹੀਦਾ ਇਸੇ ਸਮੇਂ ਦੌਰਾਨ ਪਾਕਿਸਤਾਨ, ਸੋਮਾਲੀਆ ਤੇ ਯਮਨ ਵਿੱਚ ਬੰਬਾਰੀ ਬੰਦ ਨਹੀਂ ਕੀਤੀ ਗਈ। ਤੁਸੀਂ, ਆਧੁਨਿਕ ਵਿਕਸਤ ਦੇਸ਼ਾਂ ਨੂੰ ਬਰਬਾਦ ਕਰਕੇ, ਸਮਾਜਿਕ, ਆਰਥਿਕ ਢਾਂਚੇਂ ਨੂੰ ਤਹਿਸ ਨਹਿਸ ਕਰਕੇ, ਲੱਖਾਂ ਜਿੰਦਾਂ ਦਾ ਕਤਲ ਕਰਕੇ, ਇਹ ਆਸ ਨਹੀਂ ਕਰ ਸਕਦੇ ਕਿ ਸਭਿਅਤਾ ਕਾਇਮ ਰਹੇਗੀ, ਮਨੁੱਖੀ ਸ਼ੁਸ਼ੀਲਤਾ ਬਚੀ ਰਹੇਗੀ।”

ਨਿਰਸੰਦੇਹ, ਇਸਲਾਮਿਕ ਸਟੇਟ ਇਸ ਵਕਤ ਦੀ ਬਹੁਤ ਖ਼ਤਰਨਾਕ ਕੱਟੜ ਧਾਰਮਿਕ ਫ਼ੋਰਸ ਹੈ ਜੋ ਵਿਰੋਧੀਆਂ ਦਾ ਬੇਰਿਹਮੀ ਨਾਲ ਕਤਲ ਕਰ ਰਹੀ ਹੈ, ਅਮਾਨਵੀ ਸਲੂਕ ਕਰ ਰਹੀ ਹੈ : ਸੀਰੀਆ ਅਤੇ ਇਰਾਕ ਦੇ ਬਹੁਤ ਸਾਰੇ ਇਲਾਕੇ ਤੇ ਕਬਜ਼ਾ ਕਰਕੇ ਆਪਣੀ ਰਿਆਸਤ (ਖਿਲਾਫ਼ਤ) ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਾਪਦਾ ਹੈ ਕਿ ਇਹ ਬਹੁਤ ਤਾਕਤਵਰ ਫ਼ੋਰਸ ਹੈ ਤੇ ਇਸ ਨੂੰ ਰੋਕਣ ਵਾਲਾ ਕੋਈ ਨਹੀਂ। ਪਰ ਅਜਿਹਾ ਨਹੀਂ ਹੈ। ਇਸ ਨੂੰ ਜਨਮ ਦੇਣ ਵਾਲੇ ਦੇਸ਼ਾਂ ਦੇ ਗੁੱਟ, ਅਮਰੀਕਾ, ਤੁਰਕੀ, ਸਾਉਦੀ ਅਰਬ ਤੇ ਹੋਰ ਸਾਥੀਆਂ ਨੂੰ ਲੜਣ ਦੀ ਜ਼ਰੂਰਤ ਨਹੀਂ ਹੈ : ਇਸ ਦੀਆਂ ਅੱਗ ਦੀਆਂ ਲਪਟਾਂ ਨੂੰ ਸ਼ਾਂਤ ਕਰਨ ਦੇ ਲਈ ਜ਼ਰੂਰੀ ਹੈ ਕਿ ਇਸ ਨੂੰ ਧਨ, ਲੜਾਕਿਆਂ, ਹਥਿਆਰਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇ। ਸੱਚ ਨੂੰ ਸਬੂਤ ਦੀ ਲੋੜ ਨਹੀਂ ਹੈ। ਆਈ ਐਸ ਵੱਲੋਂ ਵਰਤੇ ਜਾਂਦੇ ਟਰੱਕ, ਬੰਬ, ਹਥਿਆਰ ਜ਼ਿਆਦਾਤਰ ‘ਮੇਡ ਇਨ ਯੂ ਐਸ’ ਹਨ। ਸਯੁੰਕਤ ਰਾਸ਼ਟਰ ਦੀ ਆਈ ਐਸ ਬਾਰੇ ਤਾਜ਼ਾ ਰਿਪੋਰਟ ਪ੍ਰਕਾਸ਼ਤ ਹੋਈ ਹੈ ਜਿਸ ਵਿੱਚ ਅੰਦਾਜ਼ਾ ਹੈ ਕਿ ਇਸ ਅੱਤਵਾਦੀ ਸੰਗਠਨ ਕੋਲ ਐਨਾ ਅਸਲਾ, ਹਥਿਆਰ ਤੇ ਫ਼ੌਜ਼ੀ ਗੱਡੀਆਂ ਹਨ ਕਿ ਇਹ ਦੋ ਸਾਲ ਤਕ ਜੰਗ ਜ਼ਾਰੀ ਰੱਖ ਸਕਦੀ ਹੈ।

ਆਈ ਐਸ ਦੇ ਤਾਰ ਕਿਸ ਦੇ ਕੰਟਰੋਲ ਵਿਚ ਹਨ? ਜ਼ਿਆਦਾ ਖੋਜ਼ ਦੀ ਜ਼ਰੁਰਤ ਨਹੀਂ ਹੈ। ਇਸ ਦਾ ਐਲਾਨ ਹੈ ਕਿ ਸੀਰੀਆ ਅਤੇ ਇਰਾਕ ਦੀਆਂ ਭਿ੍ਰਸ਼ਟ, ਗੈਰ ਕਾਨੂੰਨੀ, ਇਸਲਾਮ ਵਿਰੋਧੀ, ਤਾਨਾਸ਼ਾਹੀ ਸਰਕਾਰਾਂ ਦਾ ਤਖਤਾ ਪਲਟ ਕੇ ੳੇੱਥੇ ਖਾਲਸ ਇਸਲਾਮੀ ਸਟੇਟ ਸਥਾਪਤ ਕੀਤੀ ਜਾਵੇਗੀ। ਇਸ ਪਵਿੱਤਰ ਉਦੇਸ਼ ਨੂੰ ਲੈ ਕੇ ਚਲੇ ਆਈ ਐਸ ਨੂੰ ਖੇਤਰ ਦੀਆਂ ਸਭ ਤੋਂ ਵੱਡੇ ਤਾਨਾਸ਼ਾਹ ਤੇ ਭਿ੍ਰਸ਼ਟ ਸਾਉਦੀ ਅਰਬ, ਕਤਰ, ਕੁਵੇਤ, ਜਾਰਡਨ ਦੇ ਸ਼ੇਖ ਕਿਉਂ ਨਹੀਂ ਨਜ਼ਰ ਆ ਰਹੇ? ਕਿਉਂਕਿ ਆਈ ਐਸ ਦਾ ਸਾਰਾ ਕਾਰੋਬਾਰ ਹੀ ਉਨ੍ਹਾਂ ਦੇ ਆਸਰੇ ਚਲ ਰਿਹਾ ਹੈ। ਇਸ ਗਠਜੋੜ ਦੀ ਮਿਸਾਲ ਹੋਰ ਵੀ ਹੈ। ਅਗਸਤ ਦੇ ਸ਼ੁਰੂ ਵਿਚ ਆਈ ਐਸ ਨੇ ਇਰਾਕ ਦੇ ਸ਼ਹਿਰ ਇਰਬਿਲ ’ਤੇ ਹਮਲਾ ਕੀਤਾ ਸੀ। ਇਥੇ ਜ਼ਿਆਦਾ ਵਸੋਂ ਕੁਰਦਾਂ ਦੀ ਹੈ ਅਤੇ ਇਰਾਕ ਦੇ ਇਸ ਇਲਾਕੇ ਵਿੱਚ ਕੁਰਦਾਂ ਦੀ ਖੁਦਮੁਖਤਾਰੀ ਹੈ। ਕੁਰਦਾਂ ਦੀ ਸੁਰਖਿਆ ਦੇ ਮਨਸ਼ੇ ਨਾਲ ਅਮਰੀਕਾ ਦੇ ਹਵਾਈ ਜ਼ਹਾਜ਼ਾਂ ਨੇ ਆਈ ਐਸ ਦੇ ਖਿਲਾਫ਼ ਭਾਰੀ ਬੰਬਾਰੀ ਕੀਤੀ ਸੀ। ਇਸ ਦੇ ਉਲਟ ਜਦ ਸੀਰੀਆ-ਤੁਰਕੀ ਦੀ ਸਰਹੱਦ ਤੇ ਸਥਿਤ ਕੁਰਦਾਂ ਦੇ ਸ਼ਹਿਰ ਕਾਰਬਾਨੀ ਨੂੰ ਆਈ ਐਸ ਦੀ ਜ਼ਿਆਦਾ ਮਜ਼ਬੂਤ, ਵਧੀਆ ਹਥਿਆਰਾਂ ਨਾਲ ਲੈਸ ਫ਼ੌਜ਼ ਨੇ ਘੇਰ ਲਿਆ, ਹਜ਼ਾਰਾਂ ਲੋਕਾਂ, ਖਾਸ ਕਰ ਕੁਰਦਾਂ, ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ ਤਾਂ ਅਮਰੀਕਾ ਦੀ ਅਗਵਾਈ ਵਾਲੀ ਇਸਲਾਮਿਕ ਸਟੇਟ ਵਿਰੋਧੀ ਕੁਲੀਸ਼ਨ ਚੁੱਪਚਾਪ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਕੁਰਦ ਜਾਂਬਾਂਜ਼ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ ਪਰ ਕੁਲੀਸ਼ਨ ਦੇ ਜਹਾਜ਼ ਦਿਖਾਵੇ ਦੇ ਲਈ ਕਿਤੇ-ਕਿਤੇ ਬੰਬ ਸੁੱਟ ਜਾਂਦੇ ਹਨ। ਅਮਰੀਕਾ ਅਤੇ ਉਸ ਦੇ ਸਾਥੀ ਇਰਾਕ ਤੇ ਸੀਰੀਆ ਦੇ ਕੁਰਦਾਂ ਵਿਚਕਾਰ ਫ਼ਰਕ ਕਿਉਂ ਕਰ ਰਹੇ ਹਨ? ਆਜਾਮ ਬਾਰਾਕ ਲਿਖਦਾ ਹੈ : ਕੋਰਬਾਨੀ ਦੇ ਕੁਰਦ ਮਰ ਜਾਂਦੇ ਹਨ ਤਾਂ ਕੋਈ ਨਹੀਂ ਕਿਉਂਕਿ ਉਹ ਗਲਤ ਕਿਸਮ ਦੇ ਕੁਰਦ ਹਨ। ਇਰਾਕ ਵਿਚਲੇ ਕੁਰਦ ਡੈਮੋਕਰੇਟਿਕ ਪਾਰਟੀ ਦੇ ਬੁਰਜੁਆ ਕੁਰਦ ਚੰਗੇ ਹਨ। ਕਿਉਂ? ਇਰਾਕ ਦੀ ਕੁੱਲ ਤੇਲ ਸਨਅਤ ਦੇ 45 ਪ੍ਰਤੀਸ਼ਤ ’ਤੇ ਕਾਬਜ਼ ਹਨ। ਇਰਾਕ ਉਪਰ ਅਮਰੀਕੀ ਹਮਲੇ ਤੋਂ ਬਾਅਦ ਉਹ ਆਜ਼ਾਦ ਹੋਏ ਅਤੇ ਉਹ ਅਮਰੀਕਾ ਤੇ ਇਜ਼ਰਾਈਲ ਦੀਆਂ ਤੇਲ ਕੰਪਨੀਆਂ ਨਾਲ ਖੂਬ ਕਾਰੋਬਾਰ ਕਰ ਰਹੇ ਹਨ। ਇਸ ਲਈ ਉਹ ਅਮਰੀਕਾ ਦਾ ਕੀਮਤੀ ਸਰਮਾਇਆ ਹਨ। ਤੁਰਕੀ ਵਿੱਚ ਵੀ ਅਜਿਹਾ ਹੀ ਹੈ। ਦੇਸ਼ ਅੰਦਰ ਤੁਰਕੀ ਸਰਕਾਰ ਕੁਰਦਾਂ ਉੱਪਰ ਅੰਨਾ ਅੱਤਿਆਚਾਰ ਕਰ ਰਹੀ ਹੈ ਪਰ ਇਰਾਕ ਦੀ ਕੁਰਦ ਡੈਮੋਕਰੇਟਿਕ ਪਾਰਟੀ ਨਾਲ ਗਹਿਰੇ ਵਪਾਰਕ ਸਬੰਧ ਹਨ।

ਅਮਰੀਕਾ ਦੀ ਆਈ ਐਸ ਪ੍ਰਤੀ ਨੀਤੀ ਨੂੰ ਉਸ ਦੇ ਅਸਲੀ ਉਦੇਸ਼ ਨੂੰ ਸਮਝ ਕੇ ਹੀ ਜਾਣਿਆ ਜਾ ਸਕਦਾ ਹੈ। ਅਮਰੀਕਾ ਅਤੇ ਉਸ ਦੇ ਸਾਥੀਆਂ ਦਾ ਮੁਖ ਉਦੇਸ਼ ਹੈ ਇਸ ਖੇਤਰ ਵਿਚ ਇਰਾਨ-ਸੀਰੀਆ- ਹਿਜ਼ਬੁਲਾ-ਹਮਸ ਦੇ ‘ਐਕਸਿਸ ਆਫ਼ ਰਿਜਿਸਟੈਂਸ’ (ਵਿਰੋਧ ਦੇ ਧੁਰੇ) ਨੂੰ ਕਮਜ਼ੋਰ ਕਰਨਾ ਹੈ। ਇਸ ਧੁਰੇ ਵਿੱਚ ਇਰਾਕ, ਯਮਨ, ਬਹਿਰੀਨ ਤੇ ਸਾਉਦੀ ਅਰਬ ਵਿਚਲੀਆਂ ਸ਼ੀਆ ਤਾਕਤਾਂ ਵੀ ਸ਼ਾਮਲ ਹਨ। ਇਸ ਉਦੇਸ਼ ਦੀ ਪੂਰਤੀ ਨਾਲ ਕੌਮਾਂਤਰੀ ਸਿਆਸੀ ਮੰਤਵ ਵੀ ਪੂਰਾ ਹੁੰਦਾ ਹੈ : ਇਸ ਖੇਤਰ ਵਿੱਚ ਰੂਸ ਦਾ ਪ੍ਰਭਾਵ ਘੱਟ ਜਾਵੇਗਾ ਅਤੇ ਇਸ ਨਾਲ ਕੌਮਾਂਤਰੀ ਅਦਾਰਿਆਂ, ਸੰਘਾਈ ਸਹਿਯੋਗ ਕੋਂਸਲ (ਰੂਸ, ਚੀਨ, ਕਜ਼ਾਕਇਸਤਾਨ, ਕਿਰਜ਼ਸਤਾਨ, ਉਜ਼ਬੇਕਿਸਤਾਨ ਅਤੇ ਤਾਜ਼ਿਕ-ਸਾਤਨ) : ਬਰਿਕਸ (ਬਰਾਜ਼ੀਲ, ਭਾਰਤ, ਚੀਨ, ਰੂਸ ਤੇ ਦੱਖਣੀ ਅਫ਼ਰੀਕਾ), ਵਿਚ ਵੀ ਰੂਸ ਦੇ ਵੱਕਾਰ ’ਤੇ ਮਾੜਾ ਅਸਰ ਪਵੇਗਾ।

ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਅਮਰੀਕਾ ਤੇ ਉਸ ਦੇ ਸਾਥੀਆਂ ਨੂੰ ਨਵੇਂ ਬਹਾਨਿਆਂ, ਨਵੀਂ ਰਣ-ਨੀਤੀ ਦੀ ਚੋਣ ਕਰਨੀ ਪੈਂਦੀ ਹੈ। ਕਈ ਵਾਰ ਦੁਸ਼ਮਣ ਵੀ ਖੜੇ ਕਰਨੇ ਪੈਂਦੇ ਹਨ। ਇਸ ਸੰਦਰਭ ਵਿੱਚ ਦੇਖਦਿਆਂ ਆਈ ਐਸ ਆਪਣੀ ਉਦੇਸ਼ ਦੀ ਪੂਰਤੀ ਲਈ ਪੈਦਾ ਕੀਤਾ ਹੋਇਆ ਹਊਆ ਹੈ। ਇਰਾਕ ਵਿੱਚ ਮੁੜ ਪ੍ਰਵੇਸ਼ ਕਰਨ ਦੇ ਲਈ ਅਤੇ ਸੀਰੀਆ ਵਿੱਚ ਫ਼ੌਜ਼ੀ ਮੁਦਾਖਲਤ ਦੇ ਲਈ ਬਹਾਨਾ ਦੀ ਜ਼ਰੂਰਤ ਸੀ। ਤਕਰੀਬਨ ਇਕ ਸਾਲ ਪਹਿਲਾਂ ਸੀਰੀਆ ਵਿਰੁਧ ਫ਼ੌਜ਼ੀ ਕਾਰਵਾਈ ਕਰਨ ਦੀ ਓਬਾਮਾ ਦੀ ਖਾਹਿਸ਼ ਨੂੰ ਜਨਤਕ ਰੋਸ ਦੇ ਕਾਰਨ ਅਮਰੀਕੀ ਸਾਂਸਦ ਨੇ ਨਾ-ਮਨਜ਼ੂਰ ਕਰ ਦਿੱਤਾ ਸੀ। ਪਰ ਕਈ ਵਾਰ ਆਸਤੀਨ ਵਿੱਚ ਪਾਲਿਆ ਹੋਇਆ ਸੱਪ ਪਾਲਣਹਾਰ ਨੂੰ ਡੰਗ ਮਾਰਨ ਲੱਗ ਪੈਂਦਾ ਹੈ। ਇਤਿਹਾਸ ਗਵਾਹ ਹੈ, ਅੱਜ ਤਕ ਦਾ ਅਮਰੀਕਾ ਉੱਪਰ ਹੋਏ ਸਭ ਤੋਂ ਵੱਡੇ ਹਮਲੇ, (11 ਸਤੰਬਰ 2000) ਨੂੰ ਅੰਜ਼ਾਮ ਦੇਣ ਵਾਲੇ ਅਫ਼ਗਾਨਿਸਤਾਨ ਵਿਚ ਅਮਰੀਕਾ ਵੱਲੋਂ ਪੈਦਾ ਕੀਤੇ ਮੁਜ਼ਾਹਦੀਨ ਹੀ ਸਨ। ਇਤਿਹਾਸ ਫ਼ਿਰ ਦੁਰਾਇਆ ਜਾ ਰਿਹਾ ਹੈ। ਇਰਾਕ ਦੇ ਸ਼ਹਿਰ ਮੁਸਲ ਉੱਪਰ 8 ਨਵੰਬਰ ਦੀ ਅਮਰੀਕੀ ਹਵਾਈ ਬੰਬਾਰੀ ਤੋਂ ਬਾਅਦ ਦਾਅਵਾ ਕੀਤਾ ਗਿਆ ਸੀ ਕਿ ਆਈ ਐਸ ਦਾ ਕਮਾਂਡਰ ਅਬੂ ਬਕਰ ਅਲ-ਬਗਦਾਦੀ ਮਾਰਿਆ ਗਿਆ ਹੈ। ਪਰ ਇਕ ਹਫ਼ਤਾ ਵੀ ਪੂਰਾ ਨਹੀਂ ਹੋਇਆ ਕਿ ਆਡੀਓ ਕੈਸਟ ਰਾਹੀਂ ਉਸ ਦਾ ਪੈਗਾਮ ਆ ਗਿਆ ਹੈ : ਜਗਹ-ਜਗਹ ਜਹਾਦ ਦੇ ਜਵਾਲਾਮੁਖੀ ਫੁਟਾ ਦਿਉ। ਉਸ ਨੇ ਕਿਹਾ ਕਿ ਅਸੀਂ ਮਿਸਰ ਦੇ ਅਨਸਰ ਬਾਇਤ ਅਲ-ਮਕਦਿਸ ਅਤੇ ਲਿਬੀਆ ਦੇ ਸ਼ਹਿਰ ਡਰਾਕ ਦੀ ਅਲ-ਕਾਇਦਾ ਦੇ ਸਾਥ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਹੈ। ਇਸ ਦਾ ਮਾਅਨਾ ਹੈ ਕਿ ਕਿ ਆਈ ਐਸ ਦਾ ਹਜ਼ੂਮ ਇਰਾਕ-ਸੀਰੀਆ ਦੇ ਇਲਾਕੇ ਵਿੱਚੋਂ ਬਾਹਰ ਨਿਕਲ ਕੇ ਅਰਬ ਤੇ ਉਤਰੀ ਅਫ਼ਰੀਕਾ ਵਿਚ ਵੀ ਪ੍ਰਵੇਸ਼ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ, ਅਮਰੀਕਾ ਦਾ ਵਿਦੇਸ਼ ਸਕੱਤਰ, ਚੁੱਕ ਹੇਗਲ, ਜਦ ਅਮਰੀਕੀ ਸੰਸਦ ਸਾਹਮਣੇ ਸਥਿਤੀ ਸਪਸ਼ਟ ਕਰਨ ਜਾਂਦਾ ਹੈ ਤਾਂ ਸਵੀਕਾਰ ਕਰਦਾ ਹੈ, ‘‘ਹਵਾਈ ਹਮਲਿਆਂ ਦੇ ਬਾਵਜੂਦ ਆਈ ਐਸ ਅਮਰੀਕਾ ਦੇ ਲਈ ਗੰਭੀਰ ਖਤਰਾ ਹੈ। ” ਆਈ ਐਸ ਨੂੰ ਇਸ ਤਰ੍ਹਾਂ ਮੁਸਲਿਮ ਦੇਸ਼ਾਂ ਵਿੱਚੋਂ ਜਨਤਾ ਵੱਲੋਂ ਮਿਲ ਰਹੇ ਸਮਰਥਨ ਦੀ ਵਜਹ ਕੀ ਹੋ ਸਕਦੀ ਹੈ? ਸਯੁੰਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ 15,000 ਯੁਵਕ ਆਈ ਐਸ ਵਿੱਚ ਸ਼ਾਮਲ ਹੋਣ ਤੇ ਲ਼ੜਣ ਲਈ ਸੀਰੀਆ ਇਰਾਕ ਪਹੁੰਚ ਗਏ ਹਨ। ਖਾੜੀ ਦੇ ਮੁਸਲਿਮ ਦੇਸ਼ਾਂ ਵਿੱਚ ਕਈ ਤਾਨਾਸ਼ਾਹ, ਭਿ੍ਰਸ਼ਟ, ਜ਼ਾਲਮ ਹਾਕਮ ਤੇ ਹਕੂਮਤਾਂ ਹਨ ਜਿਥੇ ਜਨਤਾ ਦੀ ਕੋਈ ਸੁਣਵਾਈ ਨਹੀਂ ਹੈ ਅਤੇ ਇਹ ਹਾਕਮ ਜ਼ਮਹੂਰੀਅਤ ਦਾ ਹੋਕਾ ਦੇਣ ਵਾਲੇ ਅਮਰੀਕਾ ਦੀ ਛਤਰ ਛਾਇਆ ਹੇਠ ਪਲ ਰਹੇ ਹਨ। ਮੁਸਲਿਮ ਜਹਾਦੀ ਜਥੇਬੰਦੀਆਂ, ਇਨ੍ਹਾਂ ਦੇਸ਼ਾਂ ਦੇ ਉਹਨਾਂ ਲੋਕਾਂ ਨੂੰ ਆਕਰਸ਼ਤ ਕਰਨ ਵਿਚ ਸਫ਼ਲ ਹੋਈਆਂ ਹਨ ਜੋ ਆਪਣੇ ਹੱਕਾਂ ਦੇ ਲਈ ਲੜੀ ਸ਼ਾਂਤਮਈ ਜੰਗ ਤਾਨਾਸ਼ਾਹਾਂ ਹੱਥੋਂ ਹਾਰ ਗਏ ਹਨ। ਮਿਸਰ ਦੇ ਲੋਕ ਅਰਬ ਉਭਾਰ ਦੀ ਅਸਫ਼ਲਤਾ ਨੂੰ ਭੁੱਲ ਜਾਣਾ ਚਾਹੁੰਦੇ ਹਨ। ਪੱਛਮੀ ਦੇਸ਼ਾਂ ਤੇ ਅਰਬ ਰਿਆਸਤਾਂ ਦੀ ਮਦਦ ਨਾਲ ਪੁਰਾਣੀ ਆਮੀਰ ਲੋਟੂ ਜਮਾਤ ਸੱਤਾ ’ਤੇ ਮੁੜ ਕਾਬਜ਼ ਹੋ ਗਈ ਅਤੇ ਰਾਜ ਦੀ ਮਸ਼ੀਨਰੀ ਨੂੰ ਹੱਕ ਮੰਗਦੀ ਜਨਤਾ ਦੇ ਖਿਲਾਫ਼ ਵਰਤ ਰਹੀ ਹੈ । ਅਪ੍ਰੈਲ 2013 ਨੂੰ ਇਰਾਕ ਦੀਆਂ ਸੁਰੱਖਿਆ ਬਲਾਂ ਨੇ ਅਲ-ਹਵੀਜਾ ਵਿਖੇ ਬੇਗਿਣਤ ਸ਼ਾਤਮਈ ਧਰਨਾਕਾਰੀਆਂ ਨੂੰ ਕਤਲ ਕਰ ਦਿੱਤਾ। ਕੁਝ ਮਹੀਨੇ ਬਾਅਦ ਹੀ ਮਿਸਰ ਦੀ ਰਾਜਧਾਨੀ ਕਾਹਿਰਾ ਦੇ ਰਬਾ ਅਲ ਅਦੀਵਾ ਵਿਖੇ ਅਮਨਪੂਰਵਕ ਮੁਜ਼ਾਹਰਾਕਾਰੀਆਂ ਤੇ ਗੋਲੀਆਂ ਚਲਾਈਆਂ, ਹਜ਼ਾਰ ਤੋਂ ਉਪਰ ਲੋਕ ਮਾਰੇ ਗਏ। ਸ਼ਾਂਤਮਈ ਵਿਦਰੋਹ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਮਨੁਖੀ ਹੱਕਾਂ ਦਾ ਆਲੰਬਰਦਾਰ ਅਮਰੀਕਾ ਚੁੱਪਚਾਪ ਜਨਤਾ ਉਪਰ ਹੋ ਰਹੇ ਜ਼ੁਲਮ ਦੇਖਦਾ ਰਿਹਾ, ਸ਼ਾਇਦ ਗੁਪਤ ਜ਼ਸ਼ਨ ਵੀ ਮਨਾਉਂਦਾ ਰਿਹਾ, ਕਿਉਂਕਿ ਉਸ ਦੇ ਪਿਠੂਆਂ ਦੀ ਤਾਜ਼-ਪੋਸ਼ੀ ਹੋ ਰਹੀ ਸੀ।

ਸੋ ਇਹ ਸਵੀਕਾਰ ਕਰਨਾ ਪਵੇਗਾ ਕਿ ਆਈ ਐਸ ਵਰਗੀਆਂ ਜਹਾਦੀ ਜਥੇਬੰਦੀਆਂ ਨਿਰਾਸ਼ ਨੌਜਵਾਨ ਲੋਕਾਂ ਨੂੰ ਪ੍ਰਭਾਵਤ ਕਰਨ ਵਿਚ ਕਾਮਯਾਬ ਹੋ ਰਹੀਆਂ ਹਨ। ਪ੍ਰਸਿੱਧ ਲੇਖਕ ਤੇ ਕਾਲਮਨਵੀਸ ਵਿਜੇ ਪਰਸਾਦ ਨੇ ਲਿਖਿਆ ਹੈ, ‘‘ਇਨ੍ਹਾਂ ਇਨਕਲਾਬੀ ਤਬਦੀਲੀਆਂ ਦੇ ਬੀਜ਼, ਜੋ ਇਸਲਾਮਿਕ ਸਟੇਟ ਦਾ ਮਹਾਂਦੀਪ ਪੈਦਾ ਕਰ ਰਿਹਾ ਹੈ, ਲੋਕਾਂ ਦੀਆਂ ਸਾਧਾਰਨ ਸ਼ਿਕਾਇਤਾਂ ਨੂੰ ਜਬਰ ਨਾਲ ਦਬਾਉਣ ਦੇ ਅਮਲ ਵਿਚੋਂ ਲਭਣੇ ਪੈਣਗੇ-ਭਿ੍ਰਸ਼ਟਾਚਾਰ ਤੇ ਹਿੰਸਾ ਖਿਲਾਫ਼ ਕੈਂਪ ਲਾਉਣ ਵਾਲੇ ਅਲ-ਹਵੀਜ਼ਾ ਦੇ ਲੋਕਾਂ ਵਿੱਚੋਂ ਜਾਂ ਲਿਬੀਆ ਦੇ ਤੇਲ ਸਨਅਤ ਦੇ ਕਾਮਿਆਂ ਵਿੱਚੋ ਜੋ ਆਪਣੀ ਮਿਹਨਤ ਦਾ ਵਾਜਿਬ ਮੁੱਲ਼ ਮੰਗਦੇ ਹਨ।”

ਸੰਪਰਕ: +91  98721 40145

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ