Wed, 04 December 2024
Your Visitor Number :-   7275357
SuhisaverSuhisaver Suhisaver

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਦੀ ਕਨ੍ਹਈਆ ਕੁਮਾਰ ਨੂੰ ਚਿੱਠੀ

Posted on:- 15-03-2016

ਪਿਆਰੇ ਵੀਰ ਕਨ੍ਹਈਆ ਕੁਮਾਰ, ਤੁਹਾਡੀ ਰਾਜੀ-ਖੁਸ਼ੀ ਦੀ ਕਾਮਨਾ ਕਰਦਿਆਂ ਹੋਇਆ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮ.ਏ. ਦੀ ਵਿਦਿਆਰਥਣ ਹਾਂ ਤੇ ਮੇਰਾ ਨਾਮ ਨਵਜੋਤ ਹੈ ਮੈਂ ਆਪਣੀ ਖਬਰ-ਸਾਰ ਇਹ ਦੱਸਦੀ ਹਾਂ ਕਿ ਮੈਂ ਵੀ ਰਾਜ਼ੀ –ਖੁਸ਼ੀ ਹਾਂ ।

ਵੀਰੇ ਮੈਂ ਇਸ ਚਿੱਠੀ ਵਿੱਚ ਸਿਰਫ ਆਪਣਾ ਨਾਮ ਲਿਖ ਰਹੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਨਾਮ ਤੋਂ ਅੱਗੇ ਵੱਧ ਕੇ ਕੋਈ ਇਸ ਚਿੱਠੀ ਨੂੰ ਧਰਮ ਜਾਂ ਜਾਤ-ਪਾਤ ਦੇ ਆਧਾਰ ਉੱਤੇ ਪਰਖਣ ਦੀ ਕੋਸ਼ਿਸ਼ ਕਰੇ ਕਿਉਂਕਿ ਇੰਨਾ ਸਮਝ ਆ ਗਿਆ ਹੈ ਕਿ ਗੱਲ ਜਮਾਤਾਂ ਦੀ ਏ ਤੇ ਗਰੀਬ ਭਾਵੇਂ ਕਿਸੇ ਵੀ ਧਰਮ ਦੇ ਹੋਣ ਕਿਸੇ ਵੀ ਜਾਤ ਦੇ ਹੋਣ ਉਹ ਇੱਕੋ ਜਮਾਤ ਦੇ ਹੁੰਦੇ ਹਨ। ਉਂਝ ਮੈਂ ਪਹਿਚਾਣ ਨਸ਼ਰ ਹੋਣ ਤੋਂ ਡਰਦੀ ਨਹੀਂ, ਕਿਉਂਕਿ ਮੈਂ ਤੇਰੀ ਭੈਣ ਹਾਂ । ਪਰ ਇੱਥੇ ਗੱਲਾਂ ਭੈਣ ਅਤੇ ਭਰਾ ਵਿਚਾਲੇ ਹੋ ਰਹੀਆਂ ਹਨ ਤੇ ਤੂੰ ਤਾਂ ਮੈਨੂੰ ਪਹਿਚਾਣ ਹੀ ਲਿਆ ਹੈ । ਕਿਉਂਕਿ ਆਪਾਂ ਇੱਕੋ ਜਮਾਤ ਦੇ ਆਂ ।

ਵੀਰ ਇਹ ਗੱਲ ਉਦੋਂ ਦੀ ਹੈ ਜਦੋਂ ਤੈਨੂੰ ਗਿਰਫਤਾਰ ਕਰ ਲਿਆ ਗਿਆ ਸੀ ਤੇ ਸਾਡੀ ਯੂਨੀਵਰਸਿਟੀ ਦੇ ਵਿਦਿਆਰਥੀ ਦੇਸ਼ ਦੇ ਹਾਲਾਤਾਂ ਨੂੰ ਸਮਝਣ ਦਾ ਸੱਦਾ ਦੇਣ ਸਾਡੀ ਕਲਾਸ ਵਿੱਚ ਆਏ ਸਨ, ਸੱਚ ਜਾਣੀਂ ਵੀਰ ਉਸ ਦਿਨ ਤੋਂ ਪਹਿਲਾਂ ਮੈਂ ਤੇਰਾ ਨਾਮ ਵੀ ਕਦੀ ਨਹੀਂ ਸੀਓ ਸੁਣਿਆ ।

ਉਹਨਾਂ ਵਿੱਚੋਂ ਇੱਕ ਵਿਦਿਆਰਥੀ ਬੋਲਦਿਆਂ ਕਹਿ ਰਿਹਾ ਸੀ

“ਪਹਿਚਾਣ ਤੁਸੀਂ ਕਰਨੀ ਏ ਦੋਸਤੋ, ਕੌਣ ਤੁਹਾਨੂੰ ਇਸ ਹੱਦ ਤੱਕ ਲੈ ਆਇਆ ਹੈ ਕਿ ਤੁਹਾਨੂੰ ਇਹ ਵੀਂ ਪਤਾ ਨਹੀਂ ਲੱਗਦਾ ਕਿ ਦੇਸ਼ ਦੀ ਰਾਜਧਾਨੀ ਵਿੱਚ ਕੀ ਹੋਈ ਜਾਂਦੈ ?“

ਵੀਰ ਮੇਰਾ ਸਿਰ ਝੁੱਕ ਰਿਹਾ ਸੀ । ਇਸ ਲਈ ਨਹੀਂ ਕਿ ਮੈਂ ਉਹਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋ ਗਈ ਸਾਂ ਤੇ ਇਹ ਕੋਈ ਪਛਤਾਵਾ ਸੀ ਬਲਕਿ ਇਸ ਲਈ ਕਿ ਸੱਚਮੁੱਚ ਹਾਲਾਤ ਇਹੀ ਨੇ ਮੈਂ ਅਤੇ ਮੇਰੇ ਵਰਗੇ ਕਈ ਹੋਰ ਵਿਦਿਆਰਥੀ ਇਹੀ ਸਮਝੀਂ ਬੈਠੇ ਨੇ ਕਿ ਇਹੋ ਜਿਹੇ ਮਸਲਿਆਂ ਨਾਲ ਸਾਡਾ ਕੀ ਲੈਣਾ ਦੇਣਾ ?  ਤੇ  ਸਾਡਾ ਉਸਵੇਲੇਵੀ ਅਜੇ ਇਹੀ ਸੋਚਣਾ ਸੀ ਕਿ ਇਹ ਪੰਜ-ਸੱਤ ਮਿੰਟ ਬੋਲ ਕੇ ਚਲੇ ਜਾਣਗੇ ਤੇ ਫਿਰ ਉਹੀ ਕੁਝ ਬਸ ....

ਉਹਨੇ ਅੱਗੇ ਕਿਹਾ,

“ਜ਼ਰਾ ਝਾਤੀ ਮਾਰਿਓ ਆਪਣੇ ਇਤਿਹਾਸ ਉੱਤੇ, ਸਾਨੂੰ ਕੀ ਸਿੱਖਿਆ ਮਿਲਦੀ ਏ ਸਾਨੂੰ ਬਾਬੇ ਨਾਨਕ ਤੋਂ, ਗੁਰੂ ਗੋਬਿੰਦ ਸਿੰਘ ਤੋਂ ਬੰਦਾ ਸਿੰਘ ਬਹਾਦਰ ਤੋਂ ? ਭਗਤ ਸਿੰਘ ਸਾਨੂੰ ਕੀ ਸਿਖਾਉਂਦੈ ? ਕਰਤਾਰ ਸਿੰਘ ਸਰਾਭਾ ਸਾਨੂੰ ਕੀ ਆਖ ਰਿਹੈ ? ਗਦਰੀ ਬਾਬੇ ਕਿਓ ਜੂਝੇ ਸਨ ? ਤੇ ਊਧਮ ਸਿੰਘ ਕਿਹੜੇ ਪਾਸੇ ਖੜਿਆ ਸੀ ? ਯਾਦ ਏ ਨਾ ਤੁਹਾਨੂੰ ? “

ਮੇਰਾ ਝੁੱਕਦਾ ਜਾਂਦਾ ਸਿਰ ਸ਼ਾਨ ਨਾਲ ਉੱਚਾ ਹੋ ਗਿਆ ਆਪਣੀ ਸੋਚ ਉੱਤੇ ਪਛਤਾਵਾ ਹੋਇਆ ਇਹਨਾਂ ਨਾਵਾਂ ਨੂੰ ਤਾਂ ਵੀਰ ਮੈਂ ਜਾਣਦੀ ਸਾਂ ਮੈਂ ਅਕਸਰ ਪੜ੍ਹਦੀ ਹਾਂ ਇਹਨਾਂ ਬਾਰੇ। ਭਗਤ ਸਿੰਘ ਤਾਂ ਮੈਨੂੰ ਇੰਝ ਲੱਗਦੈ ਜਿਵੇਂ ਮੇਰੀ ਹੀ ਰੱਖੜੀ ਦੀ ਲਾਜ ਰੱਖ ਰਿਹਾ ਹੋਵੇ ਤੇ ਬਾਬਾ ਨਾਨਕ ਤਾਂ ਗਿਆਨ ਦਾ ਉਹ ਸੂਰਜ ਹੈ ਜਿਹੜਾ ਹਰ ਇੱਕ ਨੂੰ ਬਿਨਾਂ ਊਚ-ਨੀਚ ਅਤੇ ਧਰਮ ਦੇ ਵਖਰੇਵੇਂ ਤੋਂ ਗਿਆਨ ਵੰਡਦੈ ਤੇ ਗੁਰੂ ਗੋਬਿੰਦ, ਜਿਹਨਾਂ ਨੂੰ ਅਸੀਂ ਪਿਤਾ ਆਖਦੇ ਹਾਂ, ਦੀ ਤਲਵਾਰ ਸਦਾ ਮਜਲੂਮਾਂ ਲਈ ਮਲ੍ਹਮ ਅਤੇ ਜਾਲਮਾਂ ਲਈ ਮੌਤ ਬਣ ਕੇ ਉੱਠੀ ਤੇ ਬੰਦਾ ਸਿੰਘ ਬਹਾਦਰ ਜਿਹਨੇ ਸਾਡੀਆਂ ਕੁਹਾੜੀਆਂ,ਗੇਣਤੀਆਂ,ਹੱਥੌੜਿਆਂ, ਦਾਤੀਆਂ,ਕਹੀਆਂ,ਗੰਡਾਸੀਆਂ ਨੂੰ ਹਥੀਆਰ ਬਣਾ ਦਿੱਤਾ, ਭਾਵੇਂ ਅਸੀਂ ਉਹਦਾ ਮੁੱਲ ਨਹੀਂ ਪਾਇਆ ਪਰ ਉਹੀ ਤੇ ਹੈ ਜਿਹਨੇ  ਹਿੰਦ ਦੀ ਧਰਤਉੱਤੇ ਸਭ ਤੋਂ ਪਹਿਲਾਂ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਸੁੱਟੀਆਂ । ਉਸੇ ਸੋਚ ਨੂੰ ਤਾਂ ਪਰਨਾਇਆ ਸੀ ਵੀਰ ਸਰਾਭਾ, ਮੇਰੀਆਂ ਅੱਖਾਂ ‘ਚ ਚਮਕ ਆ ਜਾਂਦੀ ਏ ਉਸਨੂੰ ਯਾਦ ਕਰਕੇ ਮਰਦ-ਅਗੰਬੜਾਂ ਹੈ ਉਹ ਕਿਵੇਂ ਆਇਆ ਉਹ ਦੇਸ਼ ‘ਚ ਗਦਰ ਦਾ ਬੂਟਾ ਲੈ ਕੇ ਆਇਆ ਅਤੇ  ਲਾ ਗਿਆ ਇਸ ਧਰਤ ਵਿੱਚ ਜਿਹਨੂੰ ਉਹਦੇ ਵਰਗੇ ਸਰਾਭੇ ਪੈਦਾ ਕਰਨ ਦਾ ਵਰ ਏ ਕਦੀ ਉਹ ਭਗਤ ਸਿੰਘ ਦੇ ਰੂਪ ‘ਚ ਪੈਦਾ ਹੁੰਦੇ ਨੇ ਕਦੀ ਊਧਮ ਸਿੰਘ ਦੇ ਰੂਪ ‘ਚ ਐਵੇਂ ਤੇ ਨਹੀਂ ਕੋਈ ਹਜਾਰਾਂ ਮਜਲੂਮਾਂ ਦੇ ਖੂਨ ਦਾ ਬਦਲਾ ਲੈਣ ਲਈ ਹਜਾਰਾਂ ਮੀਲਾਂ ਅਤੇ ਬਾਈ ਸਾਲ ਦਾ ਲੰਮਾਂ ਫਾਸਲਾ ਤੈਅ ਕਰਦਾ ।

ਉਹ ਮੁੰਡਾ ਅੱਗੇ ਬੋਲ ਰਿਹਾ ਸੀ,

“ਸਾਨੂੰ ਕੀ ਹੱਕ ਐ ਗੁਰੂ ਦੇ ਸਿੰਘ ਕਹਾਉਣ ਦਾ ਜੇ ਅਸੀਂ ਇਹ ਨਾ ਸਮਝੇ ਕਿ ਉਹਨਾਂ ਦੀ ਸਿੱਖਿਆ ਊਚਾਂ ਨਾਲ ਨਹੀਂ ਨੀਚਾਂ ਨਾਲ ਖੜਨ ਦਾ ਸੁਨੇਹਾ ਦਿੰਦੀ ਹੈ”

ਹਾਂ ! ਮੇਰੇ ਮਨ ਵਿੱਚ ਆਪ ਮੁਹਾਰੇ ਆਇਆਬਾਬੇ ਨਾਨਕ ਨੇ ਵੀ ਤਾਂ ਸਪੱਸ਼ਟ ਕੀਤਾ ਸੀ ਨਾ ਕਿ ਉਹ ਕਿੱਧਰ ਖੜਾ ਹੈ।  “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।“

“ਦੋਸਤੋ, ਜ਼ਰੂਰ ਸੋਚਿਓ ਇਸ ਬਾਰੇ, ਕਿ ਤੁਸੀ ਕਿਧਰ ਖੜੇ ਓ ?”

ਪਿਆਰੇ ਵੀਰ, ਫਿਰ ਇੱਕ ਉਹ ਵੇਲਾ ਆਇਆ ਜਦੋਂ ਮੈਂ ਇੰਟਰਨੈੱਟ ਉੱਤੇ ਸੁਣਿਆ ਇੱਕ ਨੌਜੂਆਨ ਕਹਿ ਰਿਹਾ ਸੀ ਕਿ

“ਅਸੀਂ ਇਸ ਦੇਸ਼ ਉਹਨਾਂ 80 ਪ੍ਰਤਿਸ਼ਤ ਲੋਕਾਂ ਨਾਲ ਖੜੇ ਆਂ ਜਿਹੜੇ ਰੋਜ਼ਾਨਾ ਵੀਹ ਰੁੱਪਏ ਤੋਂ ਘੱਟ 'ਤੇ ਗੁਜ਼ਾਰਾ ਕਰ ਰਹੇ ਨੇ ...ਫਿਰ ਤੂੰ ਕਿਹਾ ਕਿ "ਉਹ ਬੁਨਿਆਦੀ ਸਵਾਲ ਉੱਤੇ ਚਰਚਾ ਕਰਨ ਤੋਂ ਡਰਦੇ ਨੇ"

ਮੈਂ ਸੋਚਿਆ 'ਉਹ' ਕੌਣ ਨੇ?  ਬੁਨਿਆਦੀ ਸਵਾਲ ਕਿਹੜੇ ਨੇ?

ਮੇਰੇ ਲਈ ਇਹ ਗੱਲਾਂ ਨਵੀਆਂ ਸਨ । ਮੈਨੂੰ ਸਮਝ ਨਹੀਂ ਆ ਰਹੀ ਸੀ ਸਾਡੇ ਇਥੇ ਤਾਂ ਸਾਨੂੰ ਕਿਸੇ ਦੱਸਿਆ ਹੀ ਨਹੀਂ ਕਿ 'ਉਹ' ਕੌਣ ਨੇ ਤੂੰ ਤਾਂ ਜੇ.ਐੱਨ.ਯੂ ਦਾ ਵਿਦਿਆਰਥੀ ਏਂ ਖੁਸ਼ਕਿਸਮਤ ਏਂ ਕਿ ਤੈਨੂੰ ਪਤੈ ਕਿ 'ਉਹ' ਕੌਣ ਨੇ । ਵੀਰ ਇੱਕ ਗੱਲ ਦੱਸੀਂ ਕਿ ਕੀ ਸੱਚੀ ਜੇ.ਐਨ.ਯੂ ਵਿੱਚ ਉਹ ਲੋਕ ਪੜ੍ਹ ਸਕਦੇ ਨੇ ਜਿਹਨਾਂ ਦੇ ਘਰ ਰੋਟੀ ਪੱਕਣੀਂ ਵੀ ਮੁਸ਼ਕਿਲ ਹੈ ? ਜੇ ਇਹ ਸੱਚ ਹੈ ਤਾਂ ਮੈਂ ਹੈਰਾਨ ਹਾਂ ਕਿਉਂਕਿ ਸਾਡੇ ਇਥੇ ਤਿੰਨ ਹਜ਼ਾਰ ਪ੍ਰਤੀ ਮਹੀਨਾ ਕੀ ਵੀਹ-ਪੰਝੀ ਹਜ਼ਾਰ ਪਰੱਤੀ ਮਹੀਨਾਂ ਕਮਾਉਣ ਵਾਲੇ ਮਾਂ-ਪਿਓ ਦਾ ਬੱਚਾ ਵੀ ਸਿੱਖਿਆ ਤੋਂ ਬਾਹਰ ਹੋ ਗਿਆ ਹੈ । ਹਾਂ ਵੀਰ ਹੁਣ ਸਮਝ ਆਇਆ ਕਿ ਤਾਂ ਹੀ ਤੇਰੀ ਯੂਨੀਵਰਸਿਟੀ ਦਾ ਕੋਈ ਵਿਦਿਆਰਥੀ 'ਆਦਿ-ਵਾਸੀਆਂ ਦੀ ਮੁਸ਼ਕਿਲਾਂ'ਉੱਤੇ ਪੀ.ਐੱਚ.ਡੀ ਕਰ ਰਿਹਾ ਹੈ ਤੇ ਕੋਈ ਇਸ ਉੱਤੇ ਕਿ 'ਕਿਵੇਂ ਛੋਟੀਆਂ-ਛੋਟੀਆਂ ਬਿਮਾਰੀਆਂ ਨਾਲ ਗਰੀਬ ਆਦਮੀ ਦੀ ਜਾਨ ਚਲੀ ਜਾਂਦੀ ਹੈ',ਕਿਉਂਕਿ ਤੁਸੀਂ ਉਹਨਾਂ ਦੀ ਪੀੜ ਸਮਝਦੇ ਓਂ, ਪਰ ਵੀਰ ਘੱਟੋ-ਘੱਟ ਸਾਡੇ ਇਥੇ ਤਾਂ ਇਹੋ ਜਿਹਾ ਕੰਮ ਸ਼ਾਇਦ ਨਹੀਂ ਹੋ ਸਕਦਾ , ਕਿਉਂਕਿ ਸਾਨੂੰ ਹੱਡੀਂ ਹੰਢਾਏ ਜਾ ਰਹੇ ਦੁਖਾਂ ਦਾ ਅਹਿਸਾਸ ਹੋਣੋਂ ਸ਼ਾਇਦ ਹਟ ਗਿਆ ਹੈ ।

ਹਾਂ ਮੈਂ ਕਹਿ ਰਹੀ ਸੀ ਕਿ ਮੈਨੂੰ ਸਮਝ ਨਾ ਆਇਆ ਕਿ ਉਹ ਕੌਣ ਨੇ … ਫਿਰ ਉਸੇ ਮੁੰਡੇ ਦੀ ਗੱਲ ਚੇਤੇ ਆਈ ਕਹਿੰਦਾ "ਦੋਸਤੋ, ਬਾਬੇ ਨਾਨਕ ਨੇ ਕੀਤਾ ਸੀ ਨਿਖੇੜਾ ਭਾਈ ਲਾਲੋ ਅਤੇ ਮਲਿਕ ਭਾਗੋ 'ਚ ਬੱਸ ਉਹਦੀ ਨਜਰ ਨਾਲ ਵੇਖੋ ਤੇ ਪਛਾਣੋ ਕਿ ਅੱਜ ਭਾਈ ਲਾਲੋ ਦੇ ਵਾਰਸ ਕੌਣ ਨੇ ਤੇ ਮਲਿਕ ਭਾਗੋ ਦੇ ਵਾਰਸ ਕੌਣ ਨੇ ?"

ਫਿਰ ਤੂੰ ਬੋਲ ਰਿਹਾ ਸੈਂ ਕਿ ਇਹਨਾ ਨੇ ਸਾਡੀ ਫੈਲੋਸ਼ਿਪ ਬੰਦ ਕਰ ਦਿੱਤੀ ਸਿੱਖਿਆ ਦੇ ਬਜਟ 'ਚ 17 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਿਹਦੇ ਨਾਲ ਸਾਡਾ ਹੌਸਟਲ ਅਜੇ ਤੱਕ ਨਹੀਂ ਬਣਿਆ...

ਹੋਸਟਲ?  ਮੈਨੂੰ ਯਾਦ ਆਇਆ ਇਥੇ ਹੋਸਟਲ ਲੈਣ ਲੱਗਿਆਂ ਕਿਵੇਂ ਪਰੇਸ਼ਾਨ ਹੋਣਾ ਪਿਆ ਸੀ ਮੈਨੂੰ .. ਡੀਨ ਦੀਆਂ ਮਿੰਨਤਾਂ ਕੀਤੀਆਂ .. ਜੇ ਤੇਰੇ ਵਰਗੇ ਕੁਝ ਵਿਦਿਆਰਥੀ ਵੀਰ ਮਦਦ ਨਾ ਕਰਦੇ ਤਾਂ ਸ਼ਾਇਦ ਮੈਂ ਪੜ੍ਹਾਈ ਛੱਡ ਚੁੱਕੀ ਹੁੰਦੀ ਕਿਉਂਕਿ ਬਾਹਰ ਰਹਿਣ ਜੋਗੇ ਪੈਸੇ ਮੇਰੇ ਪਾਪਾ ਮੈਨੂੰ ਨਹੀਂ ਸਨ ਦੇ ਸਕਦੇ … ਮੇਰੇ ਵਰਗੇ ਹੋਰ ਬਹੁਤ ਨੇ ਜਿਹਨਾਂ ਨੂੰ ਪੜ੍ਹਾਈ ਛੱਡਣੀ ਪੈ ਜਾਂਦੀ ਹੈ । ਕੁਝ ਨੂੰ ਬਚਪਨ 'ਚ ਹੀ ਕੋਈ ਅੱਠਵੀਂ ਦੱਸਵੀਂ ਬਾਹਰਵੀਂ ਕਰਕੇ, ਤੈਨੂੰ ਵੀ ਪਤੈ ਕਿ ਕੋਈ ਵਿਰਲਾ ਹੀ ਬੀ.ਏ, ਐੱਮ.ਏ ਜਾਂ ਇਸ ਤੋਂ ਅੱਗੇ ਪਹੁੰਚਦੈ, ਹੱਦੋਂ ਮਹਿੰਗੀ ਪੜ੍ਹਾਈ ਦਾ ਖਰਚਾ ਬੰਦੇ ਦਾ ਲੱਕ ਤੋੜ ਸੁੱਟਦਾ ਹੈ ਜੇ ਕਿਸੇ ਨੂੰ ਕੋਈ ਆਰਥਿਕ ਸਹਾਇਤਾ ਜਾਂ ਸਕਾਲਰਸ਼ਿਪ ਨਾ ਲੱਗੀ ਹੋਵੇ ਤਾਂ ਐਮ.ਫਿਲ , ਪੀ.ਐੱਚ.ਡੀ ਕਰਨਾ ਸੰਭਵ ਨਹੀਂ ।


ਹਾਂ ਵੀਰ ਮੈਨੂੰ ਯਾਦ ਆਇਆ ਕਿ ਓਦਨ  ਉਹ ਹੀਵੀਰ ਕਹਿ ਰਿਹਾ ਸੀ ਕਿ "ਸਰਕਾਰ ਨੇ ਪੀ.ਐੱਚ.ਡੀ ਤੇ ਐੱਮ.ਫਿਲ ਲਈ ਮਿਲਣ ਵਾਲੀ ਫੈਲੋਸ਼ਿਪ ਬੰਦ ਕਰ ਦਿੱਤੀ ਹੈ, ਕੀ ਇਹ ਦੇਸ਼ ਧਰੋਹ ਨਹੀਂ? ਜਦੋਂ ਸਰਕਾਰ ਖੁਦ ਦੇਸ਼ ਦੇ ਵਿਦਿਆਰਥੀਆਂ ਨੂੰ ਵਿੱਦਿਆ ਦੇ ਹੱਕ ਤੋਂ ਵਾਂਝਾ ਕਰ ਰਹੀ ਹੈ ਕੀ ਹਰ ਇੱਕ ਦੇਸ ਵਾਸੀ ਨੂੰ ਮੁਫਤ ਵਿਦਿਆ ਦੇਣਾ ਸਰਕਾਰ ਦੀ ਜਿੰਮੇਵਾਰੀ ਨਹੀਂ ? ਦੇਸ਼ ਵਿੱਚ ਸਰਕਾਰੀ ਤੰਤਰ ਨੁੰ ਖੂੰਝੇ ਲਾ ਕੇ ਪ੍ਰਾਈਵੇਟ ਸੈਕਟਰ ਨੂੰ ਵਧਾਵਾ ਦੇਣਾ ਦੇਸ ਧਰੋਹ ਨਹੀਂ?  ਹਾਂ ਇਹ ਦੇਸ਼ ਧਰੋਹ ਹੈ ਤੇ ਜਿਹੜੇ ਕਨ੍ਹਈਏ ਵਰਗਿਆਂ ਨੂੰ ਦੇਸ਼ ਧਰੋਹ ਦਾ ਠੱਪਾ ਲਾ ਕੇ ਸੀਖਾਂ ਪਿੱਛੇ ਡੱਕਿਆ ਗਿਐ ਉਹੀ ਕਨ੍ਹਈਆ ਕੁਮਾਰ #OccupyUGC ਨਾਂ ਹੇਠ ਉਸੇ ਫੈਲੋਸ਼ਿਪ ਨੂੰ ਮੁੜ ਬਹਾਲ ਕਰਾਉਣ ਦੀ ਮੁਹਿੰਮ ਵਿੱਡਦਾ ਹੈ"

ਹਾਂ ਵੀਰ ਮੈਂਨੂੰ ਯਕੀਨ ਹੋ ਗਿਐ ਕਿ ਤੂੰ ਦੇਸ਼ ਧਰੋਹੀ ਨਹੀਂਤੂੰ ਇਸ ਦੇਸ਼ ਦੀ ਹਰ ਮਾਂ ਦਾ ਪੁੱਤਰ ਅਤੇ ਹਰ ਭੈਣ ਦਾ ਵੀਰ ਏ ਹਾਂ ਮੈਂ ਸੁਣਿਆਂ ਕਿ 'ਉਹਨਾਂ'ਨੇ ਤੇਰੀ ਮਾਂ ਅਤੇ ਭੈਣ ਨੂੰ ਗੰਦੀਆਂ ਗਾਲਾਂ ਕੱਢੀਆਂ ਨੇ । ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਦੇਸ ਦੇ ਹਰ ਮਾਂ ਤੇਰੀ ਮਾਂ ਏ ਤੇ ਹਰ ਭੈਣ ਤੇਰੀ ਭੈਣ, ਜੇ ਮੈਂ ਤੇਰੇ ਹੀ ਸ਼ਬਦਾਂ ਵਾਂਗ ਹੀ ਆਖਾਂ ਤਾਂ ‘ਉਹਨਾਂ’ ਸਾਜ਼ਿਸ਼ ਕਰਨ ਵਾਲਿਆਂ ਦੀ “ਭਾਰਤ ਮਾਤਾ ‘ਚ ਜੇ ਮੇਰੀ ਮਾਂ ਨਹੀਂ ਆਉਂਦੀ” ਤਾਂ ਉਹਨਾਂ ਦੇ ਭਾਰਤ ਮਾਤਾ ਦੇ ਸੰਕਲਪ ਦੀ ਜਾਂਚ ਕਰ ਲੈਣੀ ਚਾਹੀਦੀ ਹੈ ।  ਜੇ ‘ਉਹ’ ਕਿਸੇ ਦੀ ਮਾਂ ਨੂੰ ਗਾਲ੍ਹਾਂ ਕੱਢਦੇ ਨੇ ਤਾਂ ਆਪਣੀ ਮਾਂ ਦਾ ‘ਉਹ’ ਕੀ ਸਤਿਕਾਰ ਕਰਦੇ ਹੋਣਗੇ ? ਜੇ ‘ਉਹ’ ਜੇ.ਐੱਨ.ਯੂ ਦੀਆਂ ਕੁੜੀਆਂ ਨੂੰ ਤਵਾਇਫਾਂ ਆਖਦੇ ਨੇ ਤਾਂ ਉਹ ਆਪਣੀਆਂ ਭੈਣਾਂ ਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਦੇ ਹੋਣਗੇ ?

ਵੇਖ ਵੀਰ ਮੈਨੂੰ ਸਮਝ ਆ ਗਈ ਕਿ ‘ਉਹ’ ਕੌਣ ਨੇ ..  ਜਿਹੜੇ ਬੁਨਿਆਦੀ ਸਵਾਲਾਂ ਉੱਤੇ ਚਰਚਾ ਕਰਨ ਤੋਂ ਡਰਦੇ ਨੇ .. ਤੇ ਉਹ ਬੁਨਿਆਦੀ ਸਵਾਲ ਕਿਹੜੇ ਨੇ ... ਤੂੰ ਜਦੋਂ ਰਿਹਾਅ ਹੋ ਕੇ ਆਇਆ ਤਾਂ ਤੇਰੇ ਚਿਹਰੇ ਦਾ ਵੱਲ ਦੇਖ ਕੇ ਇਸ ਦੇਸ਼ ਦੇ ਲੱਖਾਂ ਨੌਜੁਆਨਾਂ ਨੂੰ ਇੱਕ ਨਵਾਂ ਸਿਤਾਰਾ ਦਿੱਸਿਆ ਪਰ ਇਹਨਾਂ ਨੌਜੂਆਨਾਂ ਨੇ ਤੈਨੂੰ ਦੇਵਤਾ ਨਹੀਂ ਮੰਨ ਲਿਆ ਜਿਹੜੀ ਗਲਤੀ ਉਹ ਅਕਸਰ ਕਰ ਬੈਠਦੇ ਨੇ, ਉਹਨਾਂ ਤੈਨੂੰ ਆਦਰਸ਼ ਮੰਨਿਆ ਤੇ ਤੇਰੇ ਵਰਗਾ ਬਣ ਦਾ ਅਹਿਦ ਕੀਤਾ ਹੈ ਉਹਨਾਂ ਨੌਜੁਆਨਾਂ ਵਿੱਚੋਂ ਮੈਂ ਵੀ ਇੱਕ ਹਾਂ ।  ਤੇ ਮੈਂ ਅੱਜ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਹਾਂ ਮੈਂ ਵੀ ਕਰਨਾ ਚਾਹੁੰਨੀ ਆਂ ‘ਬੁਨਿਆਦੀ ਸਵਾਲ’ ਉੱਤੇ ਚਰਚਾ ....    

ਤੂੰ ਤੇ ਤੇਰੀ ਜੇ.ਐੱਨ.ਯੂ ਹੱਥ ਖੜਾ ਕਰਕੇ ਕਹਿੰਨੇ ਓ ਨਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ‘ਦੇਸ਼ ਤੋਂ ਨਹੀਂ, ਦੇਸ਼ ਵਿੱਚ ਆਜ਼ਾਦੀ’ ... ਆਜ਼ਾਦੀ ਬੇਰੁਜ਼ਗਾਰੀ ਤੋਂ ... ਆਜ਼ਾਦੀ ਪੂੰਜੀਵਾਦ ਤੋਂ ... ਆਜ਼ਾਦੀ ਭੁੱਖਮਰੀ ਤੋਂ ... ਆਜ਼ਾਦੀ ਜਾਤੀਵਾਦ ਤੋਂ ... ਆਜ਼ਾਦੀ ਸਮਾਜਿਕ ਨਾਬਰਾਬਰੀ ਤੋਂ’, ਅਸੀਂ ਵੀ ਨਾਹਰਾ ਲਾਉਂਨੇ ਆਂ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ‘ਦੇਸ਼ ਤੋਂ ਨਹੀਂ ਦੇਸ਼ ਵਿੱਚ ਆਜ਼ਾਦੀ ’ਅਸੀਂ ਸਮਝ ਗਏ ਹਾਂ ਕਿ ਜਦੋਂ ਤੂੰ ਲਾਲ ਤੇ ਨੀਲੇ ਕਟੋਰੇ ਨੂੰ ‘ਕੱਠਿਆਂ ਰੱਖ ਕੇ ਗੱਲ ਕਰਦਾ ਹੈ ਤਾਂ ਤੂੰ ਇਸ ਸਮਾਜ ਦੇ ਹਰ ਉਸ ਇਨਸਾਨ ਇੱਕਜੁਟ ਜੋ ਜਾਣ ਦੀ ਗੱਲ ਕਰਦਾ ਹੈ ਜਿਹਨਾਂ ਦਾ ਖੂਨ ‘ਉਹਨਾਂ’ ਨੇ ਕਤਰਾ-ਕਤਰਾ ਕਰਕੇ ਚੂਸ ਲਿਆ ਹੈ । ਤੂੰ ਜੈ ਜਵਾਨ ਤੇ ਜੈ ਕਿਸਾਨ ਦਾ ਨਾਹਰਾ ਪੁਨਰ ਸੁਰਜੀਤ ਕੀਤਾ ਹੈ ਉਹ ਜਵਾਨ ਜਿਹੜਾ ਕਿਰਤੀ ਦੀ ਔਲਾਦ ਹੈ ਹੱਥੀ ਕੰਮ ਕਰਨ ਵਾਲੇ ਦਾ ਪੁੱਤਰ ਹੈ ਤੇ ਖੁਦ ਹੱਥੀਂ ਕੰਮ ਕਰਨ ਵਾਲਾ ਹੈ ਉਹ ਤੇਰਾ ਤੇ ਮੇਰਾ ਭਰਾ ਹੈ ਜਿਹੜਾ ਦੇਸ਼ ਦੀਆਂ ਹੱਦਾਂ ਉੱਤੇ ਖੜਾ ਹੈ ਉਹਨਾਂ ਲਈ ਜਿਹੜੇ ਉਹਦੇ ਪਿਓ ਨੂੰ ਆਪਣੇ ਹੱਥੀ ਗੱਲ ਵਿੱਚ ਰੱਸਾ ਪਾ ਕੇ ਮਰਨ ਲਈ ਮਜਬੂਰ ਕਰਦੇ ਹਨ, ਆਪਣੀਆਂ ਵੇਚੀਆਂ ‘ਦਵਾਈਆਂ’ ਪੀ ਕੇ ਮਰਨ ਲਈ ਮਜਬੂਰ ਕਰਦੇ ਹਨ ਸਾਡੇ ਪਿੰਡਾਂ ਵਿੱਚ ਘਰਾਂ ਦੇ ਘਰ ਤਬਾਅਹੋ ਗਏ ਕਈ ਮੁਹੱਲੀਆਂ ਵਿੱਚ ਅਜਿਹਾ ਕੋਈ ਘਰ ਨਹੀਂ ਜਿੱਥੇ ਹਾਲਾਤਾਂ ਤੋਂ ਤੰਗ ਆਕੇ ਕਿਸੇ ਜੀਅ ਨੇ ਆਪਣੀ ਹਯਾਤੀ ਖਤਮ ਨਾ ਕੀਤੀ ਹੋਵੇ ।

ਹੁਣ ਪਿਓਆਂ ਦੀ ਵਿਰਾਸਤ ਪੁੱਤਰਾਂ ਨੇ ਸਾਂਭ ਲਈ ਹੈ ਗਰੀਬੀ ਤੇ ਸ਼ੋਸ਼ਣ ਤੋਂ ਤੰਗ ਆਕੇ ਉਹਨਾਂ ਪਿਓ ਵਾਲਾ ਰਸਤਾ ਫੜ ਲਿਆ ਹੈ ।  ਤੂੰ ਉਹਨਾਂ ਸਾਰਿਆਂ ਨੂੰ ਇੱਕ ਹੋਣ ਲਈ ਕਹਿੰਨੈ ਜਿਹੜੇ ਤਿਲ-ਤਿਲ ਮਰ ਰਹੇ ਹਨ ‘ਜਵਾਨ,ਕਿਸਾਨ,ਮਜਦੂਰ’ ਇਹ ਸਭ ਕਿਰਤੀ ਹਨ ਹੱਥੀਂ ਕੰਮ ਕਰਨ ਵਾਲੇ ਭਾਵੇਂ ਉਹ ਦਲਿਤ ਹੋਣ ਭਾਵੇਂ ਕਿਸੇ ਹੋਰ ਜਾਤ ਨਾਲ ਸੰਬੰਧ ਰੱਖਦੇ ਹੋਣ ਉਹ ਸਾਰੇ ਹੀ ਉਹ ਲੋਕ ਹਨ ਜੋ ਜਿਹੜੇ ਤੰਗ ਹਨ, ਬੇਰੁਜ਼ਗਾਰ ਹਨ, ਗਰੀਬ ਹਨ, ਨਾਬਰਾਬਰੀ ਦਾ ਸ਼ਿਕਾਰ ਹਨ ਉਹੀ ਬਾਰਡਰ ‘ਤੇ ਮਰ ਰਹੇ ਹਨ ਤੇ ਉਹੀ ਖੇਤਾਂ ‘ਚ ਤੇ ਉਹੀ ਹੋਸਟਲ ਦਿਆਂ ਕਮਰਿਆਂ ‘ਚ ਰਹੇ ਹਨ। ਇਹ ਸਭ ਇੱਕੋ ਹੀ ਹਨ ਲਾਲ ਤੇ ਨੀਲੇ ਰੰਗ ‘ਚ ਕੋਈ ਫਰਕ ਨਹੀਂ, ਹਾਂ ਇਹ ਅਸੀਂ ਸਮਝ ਗਏ ਹਾਂ । ਸਮਝ ਗਏ ਹਾਂ ਕਿ ‘ਉਹ’ ਕੌਣ ਨੇ ਤੇ ਇਹ ਵੀ ਸਮਝ ਗਏ ਹਾਂ ਕਿ ਤੇਰੇ ਖਿਲਾਫ ਰਾਜਧ੍ਰੋਹ ਦਾ ਮੁਕੱਦਮਾਂ ਕਰਨ ਵਾਲੇ ਵੀ ਕਿਸੇ ਹੋਰ ਦਿਆਂ ਹੱਥਾਂ ਦੀ ਕੱਠਪੁਤਲੀ ਹਨ । ਉਹ ਜਿਹੜੇ ਸਾਡੇ ਹੱਕ ਦੀ ਕਮਾਈ ਉੱਤੇ ਕਬਜਾ ਕਰੀ ਬੈਠੇ ਹਨ ਉਹ ਜੋਕਾਂ ਜਿਹੜੀਆਂ ਲੋਕਾਂ ਦਾ ਲਹੂ ਚੂਸ ਰਹੀਆਂ ਹਨ ਸਾਨੂੰ ਉਹਨਾਂ ਤੋਂ ਆਜ਼ਾਦੀ ਚਾਹੀਦੀ ਹੈ ਇਹ ਵੀ ਅਸੀਂ ਸਮਝ ਗਏ ਹਾਂ । ਹਾਂ ਅਸੀਂ ਇੱਕਠੇ ਹੋਵਾਂਗੇ ਕਿਉਂਕਿ ਸਾਨੂੰ ਇਕੱਠੇ ਹੋਣਾ ਪਵੇਗਾ, ਕਿਉਂਕਿ ਇਸ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ।  ਉਹਨਾਂ ਪੂਰਾ ਟਿੱਲ ਲਾਇਆ ਕਿਰਤੀਆਂ 'ਚ ਫੁੱਟ ਪਾਉਣ ਦਾ ਕਿਰਤੀ ਨੂੰ ਇੱਕ ਦੂਜੇ ਦੇ ਸਾਹਮਣੇ ਖੜ੍ਹਾ ਕੇ ਆਪਸ 'ਚ ਲੜਾਉਣ ਦਾ ਪਰ ਉਹ ਨਾਕਾਮਯਾਬ ਹਨ ਕਿਉਂਕਿ ਇਹ ਕਿਰਤੀ ਇੱਕ ਹੋ ਰਹੇ ਹਨ। ਇਸ ਦੇਸ਼ ਦੇ ਹੀ ਨਹੀਂ ਸਾਰ ਮੁਲਕਾਂ ਦੇ ਕਿਰਤੀ ਇੱਕ ਹੋ ਰਹੇ ਹਨ ।

ਹਾਂ ਅਸੀਂ ਵੀ ਮੰਗਾਂਗੇ ਤੇਰੇ ਵਾਂਗੂੰ ....ਅਸੀਂ ਵੀ ਮੰਗਾਂ ਕੇ ਕਿਰਤੀਆਂ ਲਈ ਆਜ਼ਾਦੀ ....

ਰੁਜ਼ਗਾਰ ਦੀ ਆਜ਼ਾਦੀ ... ਬਰਾਬਰੀ ਦੀ ਆਜ਼ਾਦੀ ... ਜ਼ਿੰਦਗੀ ਦੀ  ਆਜ਼ਾਦੀ ... ਮਨੁੱਖ ਨੂੰ ਮਨੁੱਖ ਦੀ ਪਹਿਚਾਣ ਦਵਾਉਣ ਦੀ ਆਜ਼ਾਦੀ ...
ਜੈ ਹਿੰਦ ...

    ਤੇਰੀ ਭੈਣ,
ਨਵਜੋਤ


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ