Tue, 10 September 2024
Your Visitor Number :-   7220269
SuhisaverSuhisaver Suhisaver

ਰੁਪਏ ਦੀ ਇਤਿਹਾਸਿਕ ਗਿਰਾਵਟ - ਮੋਹਨ ਸਿੰਘ

Posted on:- 10-08-2013

ਭਾਰਤੀ ਆਰਥਿਕਤਾ ਸੰਸਾਰ ਆਰਥਿਕਤਾ ਦਾ ਅੰਗ ਹੈ, ਜਿੱਥੇ ਸੰਸਾਰ ਆਰਥਿਕਤਾ ਸੰਕਟ ਵਿੱਚ ਫਸੀ ਹੋਈ, ਉੱਥੇ ਭਾਰਤੀ ਆਰਥਿਕਤਾ ਦਾ ਸੰਕਟ ਵੀ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਇਸ ਸੰਕਟ ਕਾਰਨ ਭਾਰਤ ਦੇ ਰੁਪਏ ਦੀ ਕੀਮਤ ਇਤਿਹਾਸਕ ਤੌਰ ’ਤੇ ਡਿੱਗ ਕੇ 60 ਰੁਪਏ ਪ੍ਰਤੀ ਡਾਲਰ ਦੇ ਆਸ-ਪਾਸ ਪਹੁੰਚ ਗਈ ਹੈ। ਇਸਦੀ ਕੁੱਲ ਘਰੇਲੂ ਪੈਦਾਵਾਰ ਪਿਛਲੇ ਦਸ ਸਾਲਾਂ ’ਚ ਸਭ ਤੋਂ ਵੱਧ ਨੀਵਾਣਾਂ ਛੂਹ ਕੇ ਜਨਵਰੀ-ਮਾਰਚ 2013 ’ਚ 4.8% ’ਤੇ ਆ ਗਈ ਹੈ। ਇਸ ਦਾ ਮੈਨੁਫੈਕਚਰਿੰਗ ਖ਼ੇਤਰ ਜੋ ਸਨਅਤੀ ਪੈਦਾਵਾਰ ਦਾ ਮੁੱਖ ਸੂਚਕ ਹੁੰਦਾ ਹੈ, ਦੇ ਵਾਧੇ ਦੀ ਦਰ ਪਿਛਲੇ ਪੂਰੇ ਸਾਲ ਵਿੱਚ ਘਟ ਕੇ 1% ’ਤੇ ਆ ਗਈ ਹੈ, ਜੋ ਕਿ 2011-12 ’ਚ 2.1% ਸੀ।



ਭਾਰਤ ਦੀ ਆਰਥਿਕਤਾ ਵਿੱਚ ਖੇਤੀਬਾੜੀ ਦਾ ਵਿਸ਼ੇਸ਼ ਯੋਗਦਾਨ ਹੈ, ਪਰ ਇਸ ਦੀ ਪੈਦਾਵਾਰ ਦੇ ਵਾਧੇ ਦੀ ਦਰ ਵਿੱਚ ਵੀ ਤੇਜ਼ੀ ਨਾਲ਼ ਗਿਰਾਵਟ ਆਈ ਹੈ। ਇਹ 2011-12 ਵਿੱਚ 3.6% ਤੋਂ ਘਟ ਕੇ 2012-13 ਵਿੱਚ ਸਿਰਫ 1% ਰਹਿ ਗਈ ਹੈ। ਇਸ ਦਾ ਚਾਲੂ ਖ਼ਾਤੇ ਦਾ ਘਾਟਾ 5% ਤੱਕ ਪਹੁੰਚ ਗਿਆ ਹੈ। ਖਾਣਾਂ ਅਤੇ ਖੁਦਾਈ ਦਾ ਉਤਪਾਦਨ ਮਨਫ਼ੀ ਵਿੱਚ ਹੋ ਗਿਆ ਹੈ। ਕਾਰਾਂ ਦੀ ਸੇਲ ਜਿਸ ਨੂੰ ਅੱਜਕੱਲ੍ਹ ਮੰਡੀ ਵਿੱਚ ਅੱਛੇ ਜਾਂ ਬੁਰੇ ਸੂਚਕ ਦੇ ਤੌਰ ’ਤੇ ਲਿਆ ਜਾਂਦਾ ਹੈ, ਦੀ ਵਿਕਰੀ ਪਿਛਲੇ ਛੇ ਮਹੀਨਿਆਂ ’ਚ 12.15% ਘੱਟ ਰਹੀ ਹੈ। ਭਾਰਤ ਨੂੰ ਪੈਟਰੋਲ, ਤੇਲ ਅਤੇ ਸੋਨਾ ਬਾਹਰੋਂ ਮੰਗਵਾਉਣਾ ਪੈਂਦਾ ਹੈ। ਇਸ ਰਕੇ ਭਾਰਤ ਦੇਰੁਪਏ ਦੀ ਕੀਮਤ ਘਟਣ ਨੇ ਇਸ ਦੇ ਵਿਦੇਸ਼ੀ ਵਪਾਰ ਦੇ ਘਾਟੇ ਨੂੰ ਵੀ ਵਧਾ ਦਿੱਤਾ ਹੈ। ਵਿਦੇਸ਼ੀ ਵਪਾਰ ਦਾ ਘਾਟਾ ਪਿਛਲੇ 7 ਮਹੀਨਿਆਂ ’ਚ ਸਭ ਤੋਂ ਵੱਧ ਮਈ 2013 ਦੇ ਮਹੀਨੇ ’ਚ ਹੋਇਆ ਹੈ ਅਤੇ ਇਹ ਵਧ ਕੇ 20.1 ਡਾਲਰ ਤੱਕ ਪਹੁੰਚ ਗਿਆ ਹੈ।

ਭਾਰਤ ਤੇਲ ਦੀ ਦਰਾਮਦ ਨਹੀਂ ਘਟਾ ਸਕਦਾ ਪਰ ਸੋਨੇ ਦੀ ਬਾਹਰੋਂ ਦਰਾਮਦ ਘੱਟ ਕਰਨ ਲਈ ਸਰਕਾਰ ਅਤੇ ਰਿਜ਼ਰਵ ਬੈਂਕ ਨੇ ਈ ਕਦਮ ਚੁੱਕੇ ਸਨ ਪਰ ਇਸਦੇ ਬਾਵਜੂਦ ਵਿਦੇਸ਼ੀ ਵਪਾਰ ’ਚ ਘਾਟਾ ਜਾਰੀ ਰਿਹਾ। ਭਾਰਤ ਦੇ ਰੁਪਏ ਦੀ ਕੀਮਤ ਘਟਣ ਨਾਲ਼ ਤੇਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਮਹਿੰਗਾਈ ਨੇ ਲੋਕਾਂ ’ਚ ਪਹਿਲਾਂ ਹੀ ਹਾਹਾਕਾਰ ਮਚਾਈ ਹੋਈ ਹੈ ਅਤੇ ਇਹ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਹੈ ਪਰ ਤੇਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨਾਲ਼ ਆਵਾਜਾਈ ਅਤੇ ਢੋਆ-ਢੁਆਈ ਦੇ ਖਰਚੇ ਵਧਣਗੇ, ਜਿਸ ਦਾ ਸਮੁੱਚੀ ਆਰਥਿਕਤਾ ’ਤੇ ਬੁਰਾ ਅਸਰ ਪਵੇਗਾ ਜਿਸ ਨਾਲ਼ ਮਹਿੰਗਾਈ ਹੋਰ ਵਧੇਗੀ।

ਅਰਥਸ਼ਾਸਤਰੀਆਂ ਮੁਤਾਬਕ ਕਰੰਸੀ ਦੀ ਕੀਮਤ ਘਟਣ ਨੂੰ ਆਮ ਤੌਰ ’ਤੇ ਵਿਦੇਸ਼ੀ ਵਪਾਰ ਲਈ ਸਾਜ਼ਗਾਰ ਸਮਝਿਆ ਜਾਂਦਾ ਹੈ ਕਿਉਂਕਿ ਇਸ ਨਾਲ਼ ਨਿਰਯਾਤ ਕਰਨ ਵਾਲ਼ੀਆਂ ਜਿਣਸਾਂ ਸਸਤੀਆਂ ਹੋ ਜਾਂਦੀਆਂ ਹਨ, ਜਿਸ ਨਾਲ਼ ਦੇਸ਼ ਵਿੱਚੋਂ ਨਿਰਯਾਤ ਕਰਨ ਵਾਲ਼ੀਆਂ ਵਸਤਾਂ ਦੀ ਮੰਗ ਵੱਧ ਜਾਂਦੀ ਹੈ। ਪਰ ਭਾਰਤ ਦੇ ਰੁਪਏ ਦੀ ਰਿਕਾਰਡ ਕੀਮਤ ਘਟਣ ਦੇ ਬਾਵਜੂਦ ਭਾਰਤ ਦਾ ਨਿਰਯਾਤ ਨਹੀਂ ਵੱਧ ਰਿਹਾ ਸਗੋਂ ਰੁਪਏ ਦੀ ਕਮਜ਼ੋਰ ਅਤੇ ਡਾਵਾਂਡੋਲ ਹਾਲਤ ਹੋਣ ਕਾਰਨ ਵਿਦੇਸ਼ੀ ਖ੍ਰੀਦਦਾਰ ਭਾਰਤੀ ਜਿਣਸਾਂ ਦੇ ਬਰਾਮਦੀ ਬਿਲਾਂ ’ਤੇ 10-15% ਦੀ ਕਟੌਤੀ ਲਾ ਰਹੇ ਹਨ।

ਰੁਪਏ ਦੀ ਕੀਮਤ ’ਚ ਸਥਿਰਤਾ ਦੀ ਝਾਕ ’ਚ ਵਿਦੇਸ਼ੀ ਵਪਾਰੀ ਸੌਦਿਆਂ ਨੂੰ ਅੱਗੇ ਪਾ ਰਹੇ ਹਨ ਅਤੇ ਇਹ ਭਾਰਤੀ ਬਰਾਮਦਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਨੇ ਕਿਹਾ ਹੈ ਕਿ ਰੁਪਏ ਦੇ ਲਗਾਤਾਰ ਕਮਜ਼ੋਰ ਹੋਣ ਨਾਲ਼ ਨਾ ਸਿਰਫ ਦਰਾਮਦਾਂ ਮਹਿੰਗੀਆਂ ਹੋ ਰਹੀਆਂ ਹਨ ਸਗੋਂ ਇਸ ਨਾਲ਼ ਸਮੁੱਚੇ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਹੈ। ਭਾਰਤ ਦੇ ਵਧ ਰਹੇ ਆਰਥਿਕ ਸੰਕਟ ਅਤੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਵਿਦੇਸ਼ੀ ਨਿਵੇਸ਼ਕਾਰ ਭਾਰਤ ਵਿੱਚੋਂ ਪੈਸਾ ਲਗਾਤਾਰ ਬਾਹਰ ਕੱਢ ਰਹੇ ਹਨ। ਜੇ ਸਿਰਫ ਪਿਛਲੇ ਮਹੀਨੇ ਨੂੰ ਲਈਏ ਤਾਂ ਇਸ ਮਹੀਨੇ ਵਿਦੇਸ਼ੀ ਨਿਵੇਸ਼ਾਰਾਂ ਨੇ ਭਾਰਤ ਦੀਕਰਜ਼ਾ ਮੰਡੀ ਅਤੇ ਸ਼ੇਅਰ ਬਾਜ਼ਾਰ ਵਿੱਚੋਂ ਕ੍ਰਮਵਾਰ 18,345 ਕਰੋੜ ਅਤੇ 1374 ਕਰੋੜ ਰੁਪਏ ਕੱਢ ਲਏ ਹਨ। ਜਿਸ ਦੇ ਸਿੱਟੇ ਵੱਜੋਂ ਇੱਕ ਪਾਸੇ ਭਾਰਤ ਦੇ ਰੁਪਏ ਦੀ ਕੀਮਤ ਹੋਰ ਡਿੱਗ ਰਹੀ ਹੈ ਅਤੇ ਦੂਜੇ ਪਾਸੇ ਸ਼ੇਅਰ ਬਾਜ਼ਾਰ ਡਾਵਾਂਡੋਲ ਹੋ ਰਹੇ ਹਨ।

ਇਸ ਹਾਲਤ ਵਿੱਚ ਭਾਰਤੀ ਨਿਵੇਸ਼ਾਰ ਵੀ ਭੈਭੀਤ ਹਨ ਅਤੇ ਸਰਕਾਰੀ ਅਰਥਸ਼ਾਸਤਰੀਆਂ ਨੂੰ ਭਾਰਤੀ ਆਰਥਿਕਤਾ ਦੇ ਸੰਭਾਲ਼ੇ ਯਕੀਨਦਹਾਨੀਆਂ ਦੇਣੀਆਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਭਾਰਤੀ ਆਰਥਿਕਤਾ ਲਈ ਇੱ ਹੋਰ ਮਾੜੀ ਖ਼ਬਰ ਇਹ ਹੈ ਕਿ ਅਮਰੀਕਾ ਦੀ ਕੇਂਦਰੀ ਬੈਂਕ (ਫੈਡ) ਦੇ ਮੁਖੀ ਬੇਨ ਬਰਨਾਨਕੇ ਨੇ ਪਿਛਲੇ ਦਿਨੀਂ ਅਮਰੀਕੀ ਆਰਥਿਕਤਾ ਨੂੰ ਸੰਕਟ ਵਿੱਚੋਂ ਉਭਾਰਨ ਲਈ ਦਿੱਤੇ ਗਏ ਪੈਕੇਜ ਅਤੇ ਵਿਆਜ ਦਰਾਂ ’ਚ ਕੀਤੀ ਕਟੌਤੀ ਵਾਪਸ ਲੈਣ ਦੇ ਐਲਾਨ ਕੀਤੇ ਹਨ। ਜਿਸ ਦਾ ਅਰਥ ਇਹ ਸਮਝਿਆ ਜਾ ਰਿਹਾ ਹੈ ਕਿ ਅਜਿਹੇ ਕਦਮ ਨਾਲ਼ ਵਿਸ਼ਵ ਆਰਥਿਕਤਾ ਵਿੱਚ ਮੁਦਰਾ ਦੀ ਕਮੀ ਆਵੇਗੀ। ਇਸ ਐਲਾਨ ਨੇ ਦੁਨੀਆਂ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਤਰਥੱਲੀ ਮਚਾ ਦਿੱਤੀ ਹੈ ਅਤੇ ਦੁਨੀਆਂ ਭਰ ਦੇ ਸ਼ੇਅਰ ਗੋਤੇ ਖਾ ਗਏ ਹਨ। ਉਧਰ ਚੀਨ ’ਚ ਮੈਨੁਫੈਕਚਰਿੰਗ ਦੇ ਵਾਧੇ ਦੀ ਦਰ ਵਿੱਚ ਕਮੀ ਦੀ ਖ਼ਬਰ ਨੇ ਵਿਸ਼ਵ ਆਰਥਿਤਾ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਜਦੋਂ ਸੰਸਾਰ ਆਰਥਿਕਤਾ 2007-08 ’ਚ ਸੰਕਟ ਵਿੱਚ ਸੀ ਤਾਂ ਉਸ ਸਮੇਂ ਵਿਦੇਸ਼ੀ ਨਿਵੇਸ਼ਕਾਰਾਂ ਨੇ ਭਾਰਤ ਵਿੱਚੋਂ ਰਿਆਇਤਾਂ ਅਤੇ ਉੱਚੇ ਵਿਆਜ਼ ਦਰਾਂ ਦਾ ਲਾਹਾ ਲੈਣ ਲਈ ਭਾਰਤ ਵਿੱਚ ਪੂੰਜੀ ਲਾਈ ਸੀ ਪਰ ਹੁਣ ਅਮਰੀਕਾ ਵੱਲੋਂ ਪੈਕੇਜ ਵਾਪਸ ਲੈਣ ਨਾਲ਼ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਰ ਭਾਰਤ ਵਿੱਚੋਂ ਪੂੰਜੀ ਬਾਹਰ ਕੱਢ ਰਹੇ ਹਨ ਜਿਸ ਨਾਲ਼ ਇੱਕ ਪਾਸੇ ਭਾਰਤ ਦੇ ਰੁਪਏ ਦੀ ਕੀਮਤ ਹੋਰ ਡਿੱਗ ਰਹੀ ਹੈ ਅਤੇ ਦੂਜੇ ਪਾਸੇ ਸ਼ੇਅਰ ਬਾਜ਼ਾਰ ਵੀ ਗੋਤੇ ਖਾ ਰਿਹਾ ਹੈ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਰ ਭਾਰਤ ਵਿੱਚੋਂ ਪੂੰਜੀ ਇਸ ਕਰਕੇ ਕੱਢ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖ਼ਤਰਾ ਹੈ ਕਿ ਉਨ੍ਹਾਂ ਦੀ ਪੂੰਜੀ ਇੱਥੇ ਡੁੱਬ ਨਾ ਜਾਵੇ। ਉਨ੍ਹਾਂ ਦਾ ਇਹ ਖ਼ਦਸ਼ਾ ਇਸ ਕਰਕੇ ਹੈ ਕਿ ਭਾਰਤੀ ਆਰਥਿਕਤਾ ਦੇ ਸਾਰੇ ਬੁਨਿਆਦੀ ਸੂਚਕ ਭਾਰਤੀ ਰੁਪਏ ਦੀ ਕੀਮਤ ਦਾ ਗਿਰਨਾ, ਚਲੰਤ ਖ਼ਾਤੇ ’ਚ ਘਾਟੇ ਦਾ ਵਧਣਾ, ਵਿਦੇਸ਼ੀ ਵਪਾਰ ’ਚ ਘਾਟਾ ਹੋਣਾ, ਵਿਦੇਸ਼ੀ ਮੁਦਰਾ ਦੇ ਭੰਡਾਰਾਂ ਦਾ ਘਟਣਾ ਆਦਿ ਬੁਰੀ ਤਰ੍ਹਾਂ ਕਮਜ਼ੋਰ ਹੋ ਚੁੱਕੇ ਹਨ ਜਿਸ ਕਰਕੇ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਭਾਰਤੀ ਆਰਥਿਕਤਾ ਵਿੱਚ ਸੁਧਾਰ ਦੀ ਗੁੰਜਾਇਸ਼ ਨਹੀਂ ਦਿਸ ਰਹੀ। ਇਸ ਕਰਕੇ ਵਿਦੇਸ਼ੀ ਨਿਵੇਸ਼ਕਾਰਾਂ ਨੇ ਇੱਥੇ ਹੋਰ ਪੂੰਜੀ ਤਾਂ ਕੀ ਲਾਉਣੀ ਹੈ ਸਗੋਂ ਉਹ ਪਹਿਲਾਂ ਲਾਈ ਪੂੰਜੀ ਵੀ ਭਾਰਤ ’ਚੋਂ ਕੱਢ ਰਹੇ ਹਨ। ਇਸ ਸੰਕਟ ਵਾਲ਼ੀ ਹਾਲਤ ਵਿੱਚ ਫਸੀ ਭਾਰਤੀ ਆਰਥਿਕਤਾ ਬਾਰੇ ਕਰੈਡਿਟ ਰੇਟਿੰਗ ਏਜੰਸੀ (ਮੂਡੀ) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਭਾਰਤੀ ਕਰੰਸੀ ਅਤੇ ਭਾਰਤੀ ਆਰਥਿਕਤਾ ਦੀ ਗਿਰਾਵਟ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਸ ਦੀ ਕਰਜਾ ਚੁੱਕਣ ਦੀ ਸਮਰੱਥਾ ਦੀ ਦਰਜੇਬੰਦੀ ਘੱਟ ਕੀਤੀ ਜਾ ਸਕਦੀ ਹੈ।

ਆਰਥਿਕ ਸੰਕਟ ਵਿੱਚੋਂ ਕੱਢਣ ਲਈ ਭਾਰਤੀ ਹਾਕਮਾਂ ਕੋਲ਼ ਇੱਕੋ ਇੱਕ ਸਿੱਕੇਬੰਦ ਨੁਸਖ਼ਾ ਇਹ ਹੁੰਦਾ ਹੈ ਕਿ ਭਾਰਤੀ ਮੰਡੀ ਨੂੰ ਆਰਥਿਕ ਸੁਧਾਰਾਂ ਦੇ ਨਾਂ ਹੇਠ ਸਾਮਰਾਜੀ ਦੇਸ਼ਾਂ ਅੱਗੇ ਹੋਰ ਖੋਲ੍ਹ ਦਿਓ। ਪਰ ਭਾਰਤੀ ਹਕਮਾਂ ਦਾ ਇਹ ਨੁਸਖ਼ਾ ਵੀ ਹੁਣ ਕਿਸੇ ਕੰਮ ਨਹੀਂ ਆ ਰਿਹਾ ਕਿਉਂਕਿ ਪਿਛਲੇ ਸਮੇਂ ਇਨ੍ਹਾਂ ਨੇ ਥੋਕ ਅਤੇ ਪ੍ਰਚੂਨ, ਬੀਮਾ, ਹਵਾਈ ਖੇਤਰ, ਬੈਂਕਾਂ ਆਦਿ ਵਿੱਚ ਥੋਕ ਰੂਪ ’ਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਸੱਦੇ ਦਿੱਤੇ ਹਨ ਪਰ ਇਸ ਦੇ ਬਾਵਜੂਦ ਵਿਦੇਸ਼ੀ ਨਿਵੇਸ਼ਕਾਰਾਂ ਨੇ ਭਾਰਤ ਅੰਦਰ ਪੂੰਜੀ ਲਾਉਣ ਲਈ ਹੁੰਗਾਰਾ ਨਹੀਂ ਭਰਿਆ। ਇਸ ਦਾ ਇੱਕ ਕਾਰਨ ਭਾਰਤ ਅੰਦਰ ‘ਕਾਰੋਬਾਰ ਕਰਨ ਦੇ ਮਾਹੌਲ’ ਦਾ ਸਾਜ਼ਗਾਰ ਨਾ ਹੋਣਾ ਹੈ ਜਿਸ਼ ’ਚ ਸਿਆਸੀ ਸਥਿਰਤੀ ਅਤੇ ਮੂਲ ਢਾਂਚੇ ਆਦਿ ਦੀਆਂ ਚੰਗੀਆਂ ਹਾਲਤਾਂ ਦਾ ਨਾ ਹੋਣਾ ਹੁੰਦਾ ਹੈ। ਇਸ ਸਾਜ਼ਗਾਰ ਕਾਰੋਬਾਰੀ ਮਾਹੌਲ ਦੇ ਸੂਚਕ ਅੰਕ ’ਚ ਭਾਰਤ ਦਾ ਰਜਾ 185 ਦੇਸ਼ਾਂ ਵਿੱਚੋਂ 132ਵਾਂ ਹੈ। ਹੁਣ ਵਿਦੇਸ਼ੀ ਨਿਵੇਸ਼ ਤੋਂ ਨਿਰਾਸ਼ ਹੋਇਆ ਵਿੱਤ ਮੰਤਰੀ ਪੀ, ਚਿਦੰਬਰਮ ਕਹਿ ਰਿਹਾ ਹੈ ਕਿ ਅਸੀਂ ਸਿੱਧੇ ਵਿਦੇਸ਼ੀ ਨਿਵੇਸ਼ ਦੀ ਉਪਰਲੀ ਹੱਦ ਨੂੰ ਹੋਰ ਵਧਾ ਕੇ ਦੇਖਾਂਗੇ। ਜੇਕਰ ਇਸ ਨਾਲ਼ ਵਿਦੇਸ਼ੀ ਨਿਵੇਸ਼ ਨੂੰ ਹੁੰਗਾਰਾ ਮਿਲਿਆ ਤਾਂ ਅਸੀਂ ਇਸ ਹੱਦ ਨੂੰ ਜਾਰੀ ਰੱਖਾਂਗੇ, ਨਹੀਂ ਤਾਂ ਇਸ ਨੂੰ ਵਾਪਿਸ ਲੈ ਲਵਾਂਗੇ।

ਭਾਰਤੀ ਰਿਜ਼ਰਵ ਬੈਂਕ ਰੁਪਏ ਨੂੰ ਲੱਗ ਰਹੇ ਖੋਰੇ ਨੂੰ ਬਚਾਉਣ ਲਈ ਆਪਣੇ ਕੋਲ਼ ਜਮ੍ਹਾਂ ਪਏ ਡਾਲਰਾਂ ਨੂੰ ਮੰਡੀ ਵਿੱਚ ਜਾਰੀ ਕਰਕੇ ਰੁਪਏ ਨੂੰ ਠੁੰਮਣਾ ਦੇ ਸਕਦੀ ਹੁੰਦੀ ਹੈ ਪਰ ਭਾਰਤ ਕੋਲ਼ ਐਨੇ ਵਿਆਪਕ ਵਿਦੇਸ਼ੀ ਮੁਦਰਾ ਦੇ ਭੰਡਾਰ ਨਹੀਂ ਹਨ ਕਿ ਉਹ ਰੁਪਏ ਨੂੰ ਲੰਬੇ ਸਮੇਂ ਤੱਕ ਸਹਾਰਾ ਦੇ ਸਕੇ। ਕਿਉਂਕਿ ਭਾਰਤ ਦਾ ਵਿਦੇਸ਼ੀ ਵਪਾਰ ’ਚ ਘਾਟਾ ਲਗਾਤਾਰ ਵਧ ਰਿਹਾ ਹੈ ਜਿਸ ਕਰਕੇ ਭਾਰਤ ਦੇ ਵਿਦੇਸ਼ੀ ਮੁਦਰਾ ਦੇ ਭੰਡਾਰ ਤੇਜ਼ੀ ਨਾਲ੍ਯ ਖੁਰਨ ਲੱਗੇ ਹਨ ਅਤੇ ਇਹ 31 ਮਈ 2013 ਨੂੰ ਖ਼ਤਮ ਹੋਣ ਵਾਲ਼ੇ ਹਫ਼ਤੇ ’ਚ 292.07 ਅਰਬ ਡਾਲਰ ਤੋਂ ਘੱਟ ਕੇ 287.90 ਅਰਬ ਡਾਲਰ ਰਹਿ ਗਏ ਹਨ। ਭਾਰਤੀ ਆਰਥਿਕਤਾ ਦੀ ਨੀਵੇਂ ਪੱਧਰ ਦੀ ‘ਕਿਰਤ ਦੀ ਸਮਾਜਕ ਜੱਥੇਬੰਦੀ’ ਅਤੇ ‘ਪੂੰਜੀ ਦੀ ਸੰਰਚਨਾ’ ਹੋਣ ਕਰਕੇ ਇਹ ਵਿਦੇਸ਼ੀ ਮੰਡੀ ਵਿੱਚ ਮੁਕਾਬਲੇਬਾਜ਼ੀ ਕਰਨ ਦੇ ਯੋਗ ਨਹੀਂ ਹੈ ਅਤੇ ਇਸ ਕੋਲ਼ ਸਨਅਤ ਦਾ ਕੋਈ ਵੀ ਅਜਿਹਾ ਆਧੁਨਿਕ ਖੇਤਰ ਨਹੀਂ ਹੈ ਜਿਸ ਵਿੱਚ ਇਹ ਵਿਸ਼ਵ ਆਰਥਿਕਤਾ ’ਚ ਮੁਕਾਬਲੇਬਾਜ਼ੀ ’ਚ ਪੈਣ ਯੋਗ ਹੋਵੇ। ਇਸ ਕਰਕੇ ਇਸ ਦਾ ਵਿਦੇਸ਼ੀ ਵਪਾਰ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਇਸ ਨੂੰ ਵਿਦੇਸ਼ੀ ਮੁਦਰਾ ਦੀ ਹਮੇਸ਼ਾਂ ਤੋਂ ਤੋਟ ਰਹਿੰਦੀ ਹੈ।

2007-08 ਦੇ ਵਿਸ਼ਵ ਆਰਥਿਕ ਸੰਕਟ ਸਮੇਂ ਭਾਰਤੀ ਆਰਥਿਕਤਾ ਦੀ ਕੁੱਲ ਘਰੇਲੂ ਪੈਦਾਵਾਰ 9.3% ਰਹੀ ਸੀ। ਇਸ ਦਾ ਮੁੱਖ ਕਾਰਨ ਉਸ ਸਮੇਂ ਸਾਮਰਾਜੀ ਦੇਸ਼ ਵਿੱਚ ਸੰਕਟ ਦਾ ਫੁੱਟਣਾ ਸੀ ਜਿਸ ਕਰਕੇ ਸਾਮਰਾਜੀ ਪੂੰਜੀ ਭਾਰਤ ਅੰਦਰ ਵਿਦੇਸ਼ੀ ਪੂੰਜੀ ਲੱਗ ਰਹੀ ਸੀ ਅਤੇ ਇਸ ਦੇ ਰੁਪਏ ਨੇ ਡਾਲਰ ਦੇ ਮੁਕਾਬਲੇ ਮਜ਼ਬੂਤੀ ਪਕੜੀ ਸੀ। ਪਰ ਭਾਰਤੀ ਹਾਕਮ ਇਸ ਨੂੰ ਇਓਂ ਬਣਾ ਕੇ ਪੇਸ਼ ਕਰ ਰਹੇ ਸਨ ਕਿ ਜਿਵੇਂ ਸਾਮਰਾਜੀ ਸੰਕਟ ਦਾ ਭਾਰਤ ’ਤੇ ਕੋਈ ਅਸਰ ਹੀ ਨਾ ਹੋਵੇ। ਨਵ-ਉਦਾਰਵਾਦੀ ਨੀਤੀਆਂ ਦੀ ਪੈਰੋਕਾਰ ਮਨਮੋਹਨ ਸਿੰਘ, ਪੀ. ਚਿਦੰਬਰਮ ਅਤੇ ਮੌਂਟੇਕ ਸਿੰਘ ਆਹਲੂਵਾਲ਼ੀਆ ਦੀ ਤਿੱਕੜੀ ਕਹਿ ਰਹੀ ਸੀ ਕਿ ਭਾਰਤੀ ਆਰਥਿਕਤਾ ਨੇ ਆਪਣੀ ਸਵੈ-ਗਤੀਸ਼ੀਲਾ ਫੜ ਲਈ ਹੈ, ਇਹ ਇੱਕ ਉਭਰ ਰਹੀ ਆਰਥਿਕ ਮਹਾਂਸ਼ਕਤੀ ਬਣ ਰਿਹਾ ਹੈ ਅਤੇ ਹੁਣ ਇਹ ਸਾਮਰਾਜੀ ਦੇਸ਼ਾਂ ਤੋਂ ਮਦਦ ਲੈਣ ਦੀ ਬਜਾਏ ਉਨ੍ਹਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸਹਾਈ ਹੋ ਰਿਹਾ ਹੈ। ਉਨ੍ਹਾਂ ਨੇ ਪੱਬ ਇਸ ਹੱਦ ਤੱਕ ਚੁੱਕ ਲਏ ਹੋਏ ਸਨ ਕਿ ਉਹ ਦਾਅਵਾ ਕਰ ਰਹੇ ਸਨ ਕਿ ਭਾਰਤ ਦੇ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਜਲਦੀ ਹੀ 30,000 ਨੂੰ ਟੱਪ ਜਾਵੇਗਾ। ਇਓਂ ਕਰਕੇ ਇਹ ਆਪਣੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਠੀਕ ਸਾਬਤ ਕਰਨ ਦੇ ਸਬੂਤ ਦੇ ਤੌਰ ’ਤੇ ਪੇਸ਼ ਕਰ ਰਹੇ ਸਨ। ਪਰ ਪਿਛਲੇ ਮੇਂ ’ਚ ਭਾਰਤੀ ਆਰਥਿਕਤਾ ਅਜਿਹੇ ਸੰਕਟ ਦੀ ਘੁੰਮਣਘੇਰੀ ਵਿੱਚ ਫਸੀ ਹੈ ਕਿ ਇਸ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਵਿਸ਼ਵ ਬੈਂਕ ਦਾ ਮਾਹਿਰ ਮਨਮੋਹਨ ਸਿੰਘ ਵੀ ਫੇਲ੍ਹ ਹੋ ਗਿਆ ਹੈ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਸੰਸਾਰ ਆਰਥਿਕਤਾ ਨੂੰ ਸੰਕਟ ਵਿੱਚੋਂ ਕੱਢਣ ਲਈ ਅਮਰੀਕਾ ਦਾ ਰਾਸ਼ਟਰਪਤੀ ਵੀ ਉਸ ਤੋਂ ਸਲਾਹ ਲੈਂਦਾ ਹੈ। ਪਰ ਹੁਣ ਭਾਰਤੀ ਆਰਥਿਕਤਾ ਉਸ ਸਮੇਂ ਸੰਕਟ ਵਿੱਚ ਫਸੀ ਹੈ, ਜਦੋਂ ਇਸ ਦੇ ਪਥ-ਪ੍ਰਦਰਸ਼ਕ ਅਮਰੀਕਾ, ਯੂਰਪੀ ਯੂਨੀਅਨ, ਜਾਪਾਨ, ਆਦਿ ਸਭ ਸਾਮਰਾਜੀ ਦੇਸ਼ ਖ਼ੁਦ ਇਸ ਸੰਕਟ ਵਿੱਚੋਂ ਨਹੀਂ ਉੱਭਰ ਪਾ ਰਹੇ। ਭਾਰਤੀ ਆਥਿਕਤਾ ਦਾ ਸੰਕਟ ਦਿਨੋ ਦਿਨ ਵਧ ਰਿਹਾ ਹੈ ਅਤੇ ਭਾਰਤੀ ਹਾਕਮਾਂ ਨੂੰ ਇਸ ਵਿੱਚੋਂ ਨਿਕਲਣ ਲਈ ਕੋਈ ਰਸਤਾ ਨਹੀਂ ਦਿਸ ਰਿਹਾ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ