Wed, 04 December 2024
Your Visitor Number :-
7275303
ਮੁੱਖ ਪੰਨਾ
ਸਾਡੀ ਗੱਲ
ਸਾਡੇ ਬਾਰੇ
ਸਾਡਾ ਪਤਾ
ਖੋਜ
ਸਾਡੇ ਮਦਦਗਾਰ
سوُہی سویر شاہمُکھی وِّچ
ਜੀ ਆਇਆਂ ਨੂੰ
ਆਧੁਨਿਕ
ਯੁੱਗ ਨੂੰ ਗਿਆਨ-ਵਿਗਿਆਨ ਤੇ ਸੂਚਨਾ-ਤਕਨਾਲੋਜੀ ਦਾ ਯੁੱਗ ਮੰਨਿਆ ਜਾਂਦਾ ਹੈ।ਵਿਗਿਆਨ ਦੀਆਂ ਹੈਰਾਨੀਜਨਕ ਕਾਢਾਂ ਨੇ ਸੂਚਨਾ/ਸੰਚਾਰ ਦੇ ਅਨੇਕਾਂ ਸਾਧਨ ਪੈਦਾ ਕੀਤੇ ਹਨ। ਦੁਨੀਆਂ ਦੇ ਕਿਸੇ ਵੀ ਕੋਨੇ ’ਚ ਵਾਪਰੀ ਘਟਨਾ ਸਾਨੂੰ ਫਟਾਫਟ ਪਤਾ ਲੱਗ ਜਾਂਦੀ ਹੈ। ਸੂਚਨਾ-ਤਕਨਾਲੋਜੀ ਦੇ ਕ੍ਰਾਂਤੀਕਾਰੀ ਵਿਕਾਸ ਸਦਕਾ ਮੀਡੀਆ ਦੇ ਅਨੇਕਾਂ ਅੰਗਾਂ ਦਾ ਵਿਕਾਸ ਹੋਇਆ (ਵੱਖ-ਵੱਖ ਅਖ਼ਬਾਰਾਂ-ਰਸਾਲੇ, ਭਾਂਤ-ਭਾਂਤ ਦੇ ਖ਼ਬਰੀ ਚੈਨਲ, ਰੇਡੀਓ, ਇੰਟਰਨੈੱਟ)। ਜਿਸਦੇ ਸਿੱਟੇ ਵਜੋਂ ਮੀਡੀਏ ਨੇ ਮੰਡੀ ਦਾ ਰੂਪ ਧਾਰਨ ਕਰ ਲਿਆ। ਮੀਡੀਏ ਦੇ ਵੱਖ-ਵੱਖ ਅੰਗਾਂ ’ਚ ਸੂਚਨਾ (ਖ਼ਬਰ) ‘ਫਟਾਫਟ’ ਪਹੁੰਚਾਉਣ ਦੀ ਦੌੜ ਲੱਗ ਗਈ। ਖ਼ਬਰ ਨੂੰ ਮਸਾਲੇ ਲਾ ਕੇ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਹੈ, ਖ਼ਬਰ ਕਿਵੇਂ ਪੈਦਾ ਕਰਨੀ ਹੈ, ਕਿਵੇਂ ਵੇਚਣੀ ਹੈ। ਇਹ ਸਭ ਕੁਰੁਚੀਆਂ ਨੇ ਇੱਥੋਂ ਜਨਮ ਲਿਆ। ਮੀਡੀਆ ਦੀ ਅਜਿਹੀ ਬਾਜ਼ਾਰੂ ਮਾਨਸਿਕਤਾ ਨੇ ਸੂਚਨਾ (ਖ਼ਬਰ) ਦੀ ਭਰੋਸੇਯੋਗਤਾ ’ਤੇ ਤਾਂ ਸਵਾਲੀਆ ਨਿਸ਼ਾਨ ਲਗਾਇਆ ਹੀ ਹੈ ਸਗੋਂ ਕਈ ਵਾਰ ਅਜਿਹੀਆਂ ਸੂਚਨਾਵਾਂ ਨੇ ਵੱਖ-ਵੱਖ ਫਿਰਕਿਆਂ ਵਿਚਕਾਰ ਟਕਰਾਓ ਵੀ ਪੈਦਾ ਕੀਤਾ ਹੈ। ਪੈਸੇ ਦੀ ਅੰਨ੍ਹੀ ਹਵਸ ਕਰਕੇ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਅੰਧ-ਵਿਸ਼ਵਾਸੀ ਪ੍ਰੋਗਰਾਮਾਂ ਤੇ ਰੂੜ੍ਹੀਵਾਦੀ ਨਾਟਕਾਂ ਰਾਹੀਂ ਲੋਕਾਂ ਦੀ ਮਾਨਸਿਕਤਾ ਨੂੰ ਖੁੰਢਾ ਕੀਤਾ ਹੈ। ਮੀਡੀਏ ਦੇ ਇੱਕ ਵੱਡੇ ਹਿੱਸੇ ਦਾ ਕਲਾ, ਸਾਹਿਤ ਤੇ ਚਿੰਤਨ ਨਾਲ ਕੋਈ ਵਾਹ-ਵਾਸਤਾ ਨਹੀਂ ਹੈ (ਖ਼ਾਸ ਕਰਕੇ ਸਾਡੇ ਇਲੈਕਟ੍ਰਾਨਿਕ ਮੀਡੀਏ ਦਾ)। ਲਗਦਾ ਹੈ ਕਿ ਅਸੀਂ ਗਿਆਨ ਵਿਗਿਆਨ ਤੇ ਹੋਰਨਾਂ ਖੇਤਰਾਂ ’ਚ ਖੋਜਾਂ ਤਾਂ ਬਥੇਰੀਆਂ ਕਰ ਲਈਆਂ ਹਨ ਪਰ ਸਾਡੀ ਮਾਨਸਿਕਤਾ ਹਾਲੇ ਮੱਧਯੁਗੀ ਹੀ ਹੈ।
ਅਦਾਰਾ ‘ਸੂਹੀ ਸਵੇਰ’ ਮੀਡੀਆ ਦੇ ਖੇਤਰ ’ਚ ਚੱਲ ਰਹੀ ਇਸ ਪ੍ਰੰਪਰਾ ਦਾ ਹਰ ਹੀਲੇ ਅਪਵਾਦ ਬਣਨ ਦੀ ਕੋਸ਼ਿਸ਼ ਕਰੇਗਾ। ਅਦਾਰਾ ਮਹਿਸੂਸਦਾ ਹੈ ਕਿ ਕਿਸੇ ਵੀ ਸਮਾਜ ਦੇ ਸਹੀ ਵਿਕਾਸ (ਸਰਵਪੱਖੀ ਵਿਕਾਸ) ਲਈ ਚਿੰਤਨ ਤੇ ਸੰਵਾਦ ਦੀ ਅਹਿਮ ਲੋੜ ਹੈ। ਅੱਜ ਦੇ ਵਿਗਿਆਨਕ ਯੁੱਗ ’ਚ ਵੀ ਚਿੰਤਨ ਤੇ ਸੰਵਾਦ ਗ਼ਾਇਬ ਹੈ। ਇੱਕ ਵਿਸ਼ੇਸ਼ ਵਰਗ ਆਧੁਨਿਕ ਸਾਧਨਾਂ ਨੂੰ ਵੀ ਇਸ ਕੰਮ ਲਈ ਵਰਤ ਰਿਹਾ ਹੈ (ਚਿੰਤਨ ਤੇ ਸੰਵਾਦ ਨੂੰ ਖ਼ਤਮ ਕਰਨ ਲਈ)।
‘ਸੂਹੀ ਸਵੇਰ’ ਹਰ ਸਮਾਜਿਕ, ਰਾਜਨਿਤਕ, ਆਰਥਿਕ, ਸੱਭਿਆਚਾਰਕ, ਸਾਹਿਤਕ, ਧਾਰਮਿਕ ਤੇ ਦਾਰਸ਼ਨਿਕ ਮਸਲਿਆਂ’ ’ਤੇ ਨਿਰੰਤਰ ਸੰਵਾਦ ਦਾ ਮੁਦੱਈ ਹੈ।
ਸਾਡੀ ਦਿਲੀਂ ਇੱਛਾ ਹੈ ਕਿ ਪੰਜਾਬੀ ਵੈੱਬਸਾਈਟਾਂ ਅਤੇ ਬਲੌਗ ਆਪਣੀ ਵਿਸ਼ਵ-ਪੱਧਰੀ ਪਛਾਣ ਬਣਾਉਣ। ਇਸ ਖੇਤਰ ’ਚ ਅਜੇ ਗੰਭੀਰ ਕੰਮ ਦੀ ਬਹੁਤ ਲੋੜ ਹੈ।ਇਸੇ ਹੀ ਨਿਸ਼ਚੇ ਨਾਲ ਅਸੀਂ ਤੁਹਾਡੇ ਸਨਮੁੱਖ ਹੋਏ ਹਾਂ…
-ਅਦਾਰਾ ‘ਸੂਹੀ ਸਵੇਰ’