ਲਿੱਪੀਅੰਤਰ: ਨਿਰਮਲਜੀਤ
(ਪ੍ਰਸਿੱਧ ਪਾਕਿਸਤਾਨੀ ਕਵੀ ਅਹਿਮਦ ਸਲੀਮ ਹੋਰਾਂ ਦਾ ਪੰਜਾਬੀ ਕਵੀ ਪਾਸ਼ ਬਾਰੇ ਲਿਖਿਆ ਇਹ ਮਜ਼ਮੂਨ ਉਹਨਾਂ ਦੀ ਪੁਸਤਕ ‘ਮੇਰਾ ਦਿਲ ਪਾਸ਼ ਪਾਸ਼’ ਵਿਚੋਂ ਲਿਆ ਗਿਆ ਹੈ। ਇਸ ਲੇਖ ਵਿਚ ਅਹਿਮਦ ਸਲੀਮ ਨੇ ਪਾਸ਼ ਦੇ ਹਵਾਲੇ ਨਾਲ ਕੁਝ ਗੱਲਾਂ ਕੀਤੀਆਂ ਹਨ ਜੋ ਪਾਸ਼ ਦੇ ਸਮਕਾਲ ਦੇ ਪਾਕਿਸਤਾਨ ਦੀ ਸਥਿਤੀ ਨੂੰ ਸਾਡੇ ਸਾਹਮਣੇ ਲਿਆਉਂਦੀਆਂ ਹਨ। ਇਹ ਲੇਖ ਪਾਕਿਸਤਾਨ ਦੇ ਸਿਆਸੀ ਹਾਲਾਤ ਨੂੰ ਸਮਝਣ ਲਈ ਬਹੁਤ ਅਹਿਮ ਤੇ ਮਹੱਤਵਪਰੂਨ ਦਸਤਾਵੇਜ਼ ਹੋ ਸਕਦਾ ਹੈ: ਨਿਰਮਲਜੀਤ)
ਪਾਸ਼! ਨਿਰਾ ਇਕ ਨਾਂ ਵੀਹਵੀਂ ਸਦੀ ਦੇ ਇਨਕਲਾਬੀ ਯੋਧੇ ਦਾ? ਇਕ ਨਿਸ਼ਾਨ ਸਮਾਜੀ ਤਬਦੀਲੀ ਦੇ ਵੱਡੇ ਯੋਧੇ ਦਾ? ਇਕ ਮੀਲ ਪੱਥਰ ਇਨਕਲਾਬ ਦੀਆਂ ਲੰਬੀਆਂ ਰਾਹਵਾਂ ਦਾ, ਆਪਣੇ ਹੀ ਸ਼ਹੀਦ ਲਹੂ ਵਿਚ ਰੰਗਿਆ? ਵੀਹਵੀਂ ਸਦੀ ਇਨਕਲਾਬੀਆਂ ਦੀ ਸਦੀ, ਸ਼ਹਾਦਤਾਂ ਦੀ ਸਦੀ, ਬਾਗ਼ੀ ਸ਼ਾਇਰਾਂ ਅਤੇ ਆਸ਼ਿਕਾਂ ਦੀ ਸਦੀ, ਲੋਰਕਾ, ਨਰੂਦਾ, ਨਾਜ਼ਮ ਹਿਕਮਤ, ਫੈਜ਼ ਦੀ ਸਦੀ। ਜਿਹਦੇ ’ਤੇ ਪਾਸ਼ ਨੇ ਆਪਣੇ ਲਹੂ ਨਾਲ ਸਦੀਵੀ ਹਯਾਤੀ ਦੀ ਮੋਹਰ ਲਗਾ ਦਿੱਤੀ। ਸ਼ਹੀਦ ਭਗਤ ਸਿੰਘ ਦੀ ਸਦੀ ਜਿਹਨੂੰ ਪਾਸ਼ ਨੇ ਆਪਣੀ ਸ਼ਹਾਦਤ ਸਦਕੇ ਸਿਰੇ ਚਾੜ੍ਹ ਦਿੱਤਾ। ਗ਼ਾਲਿਬ ਨੇ ਇਕ ਸਦੀ ਪਹਿਲਾਂ ਲਿਖਿਆ ਸੀ:
ਚਿਪਕ ਰਹਾਂ ਹੈ ਬਦਨ ਪਰ ਲਹੂ ਸੇ ਪੈਰਾਹਨ (ਲਹੂ ਨਾਲ ਭਿੱਜਾ ਲਿਬਾਸ ਪਿੰਡੇ ਨਾਲ ਚਿਪਕਦਾ ਪਿਆ)
ਕੀ ਗ਼ਾਲਿਬ ਜਾਣਦਾ ਸੀ ਕਿ ਅਗਲੀ ਹੀ ਸਦੀ ਵਿਚ ਨਰੂਦਾ ਖੂੰਟੀ ਤੇ ਟੰਗੇ ਆਪਣੇ ਲਿਬਾਸ ਦੀ ਸਿਫ਼ਤ ਵਿਚ ਇਕ ਮਹਾਨ ਕਵਿਤਾ ਲਿਖੇਗਾ ਜਿਹੜੀ ਨਰੂਦਾ ਦੀ ਆਪਣੀ ਹਯਾਤੀ ਦੀ ਤਕਦੀਰ ਬਣ ਜਾਵੇਗੀ ਤੇ ਪਾਸ਼ ਦੀ ਹਯਾਤੀ ਦੀ ਵੀ। ਇੱਕੀਵੀਂ ਸਦੀ ਦਾ ਮਨੁੱਖ ਮੰਡੀ ਦੇ ਮਾਲ ਵਾਂਗਰ ਬੇ-ਸਾਹ ਸੱਤ ਪਿਆ ਅੱਜ ਔਖੇ ਸਾਹ ਲੈਂਦਾ ਪਿਆ।