Wed, 04 December 2024
Your Visitor Number :-   7275384
SuhisaverSuhisaver Suhisaver

ਜੁਝਾਰਵਾਦੀ ਕਵਿਤਾ ਦੇ ਵਿਭਿੰਨ ਪਾਸਾਰ - ਡਾ. ਭੀਮ ਇੰਦਰ ਸਿੰਘ

Posted on:- 04-03-2016

suhisaver

ਬਰਨਾਲਾ ਸ਼ਹਿਰ ਤੇ ਇਸ ਦੇ ਨੇੜਲਾ ਇਲਾਕਾ ਸਾਹਿਤਕ ਹਲਕਿਆਂ ਵਿਚ ਲੋਕ ਕਵੀ ਸੰਤ ਰਾਮ ਉਦਾਸੀ ਕਰਕੇ ਜਾਣਿਆ ਜਾਂਦਾ ਹੈ। ਬਰਨਾਲੇ ਦੀ ਸਰਜ਼ਮੀਨ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਚੱਲੀਆਂ ਵੱਖ-ਵੱਖ ਸਾਹਿਤਕ ਲਹਿਰਾਂ ਸਿਰਜਨ ਲਈ ਆਧਾਰ-ਭੂਮੀ ਰਹੀ ਹੈ। ਬਰਨਾਲੇ ਇਲਾਕੇ ਦੇ ਪਿਛਲੇ ਛੇ ਦਹਾਕਿਆਂ ਦੀਆਂ ਸਾਹਿਤਕ ਗਤੀਵਿਧੀਆਂ ਨੇ ਕੇਵਲ ਪੰਜਾਬੀ ਸਾਹਿਤਕ ਧਾਰਾਵਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਸਗੋਂ ਹਿੰਦੁਸਤਾਨ ਦੀਆਂ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿਚ ਚੱਲੀਆਂ ਸਾਹਿਤਕ ਧਾਰਾਵਾਂ ਤੇ ਅੰਦੋਲਨਾਂ `ਤੇ ਵੀ ਆਪਣਾ ਗਹਿਰਾ ਅਸਰ ਛੱਡਿਆ ਹੈ। ਇਥੋਂ ਦੇ ਸਾਹਿਤਕਾਰ ਆਪਣੇ ਯੁੱਗ ਦੇ ਯਥਾਰਥ ਨਾਲ ਸੁਚੇਤ ਸਾਂਝ ਪਾਉਂਦੇ ਰਹੇ ਹਨ। ਜਿਥੋਂ ਤਕ ਜੁਝਾਰ ਕਵਿਤਾ ਦਾ ਸੰਬੰਧ ਹੈ, ਬਰਨਾਲੇ ਦੇ ਕਵੀ ਜੁਝਾਰ ਕਾਵਿ ਦੇ ਨੈਣ-ਨਕਸ਼ ਘੜਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਰਹੇ ਹਨ।

ਇਹ ਕਵੀ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪ੍ਰਸਥਿਤੀਆਂ ਨਾਲ ਦਸਤਪੰਜਾ ਲੈਂਦੇ ਹੋਏ ਆਪਣੀ ਬੌਧਿਕ ਤੇ ਕਾਵਿ ਸਮੱਰਥਾ ਦਾ ਪ੍ਰਗਟਾਵਾ ਕਰਦੇ ਰਹੇ ਹਨ। ਬਰਨਾਲੇ ਦੇ ਇਲਾਕੇ ਨਾਲ ਸੰਬੰਧਤ ਇਨ੍ਹਾਂ ਕਵੀਆਂ ਵਿਚ ਸੰਤ ਰਾਮ ਉਦਾਸੀ ਤੋਂ ਇਲਾਵਾ ਜੋਗਾ ਸਿੰਘ, ਪ੍ਰੀਤਮ ਸਿੰਘ ਰਾਹੀ, ਰਵਿੰਦਰ ਭੱਠਲ, ਕਰਤਾਰ ਕੈਂਥ, ਜੈ ਕਿਸ਼ਨ ਕੌਸ਼ਲ, ਸੀ. ਮਾਰਕੰਡਾ, ਪ੍ਰੀਤਮ ਬਰਾੜ, ਕੇਵਲ ਸੂਦ, ਕੌਰ ਚੰਦ ਰਾਹੀ, ਆਦਿ ਜੁਝਾਰਵਾਦੀ-ਕਾਵਿ ਤੋਂ ਸਿੱਧੇ ਜਾਂ ਅਸਿੱਧੇ ਤੌਰ `ਤੇ ਪ੍ਰਭਾਵਿਤ ਰਹੇ ਹਨ।

ਇਨ੍ਹਾਂ ਕਵੀਆਂ ਨੇ ਆਪਣੇ ਵਿਤ ਤੇ ਹਿਤ ਮੁਤਾਬਕ ਜੁਝਾਰ ਕਵਿਤਾ ਨੂੰ ਪ੍ਰਭਾਵਿਤ ਵੀ ਕੀਤਾ ਹੈ। ਸੰਤ ਰਾਮ ਉਦਾਸੀ ਦੀ ਸੋਚ ਨੂੰ ਬਚਾਉਣ ਵਾਲੇ ਅਤੇ ਉਸ ਦੀ ਸੋਚ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੇ ਇਨ੍ਹਾਂ ਕਵੀਆਂ ਉਪਰ ਪੰਜਾਬੀ ਸਾਹਿਤ ਜਗਤ ਹਮੇਸ਼ਾ ਮਾਨ ਕਰਦਾ ਰਹੇਗਾ। ਜੁਝਾਰ ਕਵਿਤਾ ਦੇ ਵਿਭਿੰਨ ਪਾਸਾਰਾਂ ਨੂੰ ਸਮਝਣ ਲਈ ਇਨ੍ਹਾਂ ਕਵੀਆਂ ਦੇ ਯੋਗਦਾਨ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ।

ਪੰਜਾਬ ਵਿੱਚ ਸੱਤਰਵਿਆਂ ਦੇ ਦਹਾਕੇ ਵਿੱਚ ਚੱਲੀ ਨਕਸਲਵਾਦੀ ਲਹਿਰ ਨੇ ਜਿਥੇ ਸਮਾਜਿਕ, ਸਿਆਸੀ, ਸਭਿਆਚਾਰਕ ਆਦਿ ਖੇਤਰਾਂ ਵਿੱਚ ਆਪਣਾ ਡੂੰਘਾ ਪ੍ਰਭਾਵ ਪਾਇਆ ਉਥੇ ਇਸ ਨੇ ਪੰਜਾਬੀ ਸਾਹਿਤ, ਖ਼ਾਸ ਤੌਰ `ਤੇ ਪੰਜਾਬੀ ਕਵਿਤਾ ਉਤੇ ਗਹਿਰੀ ਛਾਪ ਛੱਡੀ। ਇਸ ਛਾਪ ਕਾਰਨ ਹੀ ਜੁਝਾਰਵਾਦੀ ਕਵਿਤਾ ਆਪਣੇ ਤੋਂ ਪੂਰਵਲੇ ਵਿਚਾਰਧਾਰਕ ਮਹੌਲ ਨਾਲ ਰਚਨਾਤਮਕ ਸੰਵਾਦ ਰਚਾ ਕੇ ਆਪਣੇ ਤੋਂ ਬਾਅਦ ਵਾਲੀ ਪੰਜਾਬੀ ਕਵਿਤਾ ਦੀ ਸ਼ੈਲੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਕਾਮਯਾਬ ਹੋਈ। ਇਹ ਕਵਿਤਾ ਸਿਆਸੀ ਲਹਿਰ ਦੀ ਉਪਜ ਹੋਣ ਕਰਕੇ ਸਮਾਜਿਕ ਕ੍ਰਾਂਤੀ ਤੇ ਸਿਆਸੀ ਮਨੋਰਥ ਨੂੰ ਸਮਰਪਿਤ ਸੀ। ਇਹ ਕਵਿਤਾ ਕਵੀ ਨੂੰ ਸਿਆਸੀ ਸੰਘਰਸ਼ ਵਿੱਚ ਸਿੱਧੀ ਭਾਗੀਦਾਰੀ ਲਈ ਪ੍ਰੇਰਦੀ ਹੋਈ ਉਸ ਨੂੰ ਇੱਕ ਜੁਝਾਰੂ ਦੇ ਤੌਰ `ਤੇ ਵੇਖਣ ਦੀ ਇੱਛਾ ਰੱਖਦੀ ਸੀ। ਸ਼ਾਸਤਰ ਤੇ ਸ਼ਸਤਰ ਨੂੰ ਬਰਾਬਰ ਮਹੱਤਵ ਦਿੰਦੀ ਹੋਈ ਇਹ ਕਵਿਤਾ ਤਤਕਾਲੀਨ ਜਗੀਰੂ ਤੇ ਪੂੰਜੀਵਾਦੀ ਸੁਹਜ ਨਾਲ ਦਸਤਪੰਜਾ ਲੈਂਦੀ ਹੈ। ਇਹ ਕਵਿਤਾ ਤਤਕਾਲੀਨ ਪਿਛਾਂਹ-ਖਿੱਚੂ ਕਦਰਾਂ-ਕੀਮਤਾਂ ਨਾਲ ਉਲਝਦੀ ਹੋਈ ਵਿਕਾਸ ਦੇ ਰਾਹ ਤੁਰਦੀ ਹੈ ਅਤੇ ਇਕ ਨਵਾਂ ਮੁਹਾਵਰਾ ਤੇ ਮੁਹਾਂਦਰਾ ਸਿਰਜਣ ਦਾ ਯਤਨ ਕਰਦੀ ਹੈ। ਇਹ ਕਵਿਤਾ ਜਿਥੇ ਸਾਡੇ ਸਭਿਆਚਾਰਕ ਵਿਰਸੇ ਦੇ ਉਸਾਰੂ ਪੱਖਾਂ ਨੂੰ ਸਿਰਜਦੀ ਹੋਈ ਤਤਕਾਲੀਨ ਪ੍ਰਸਥਿਤੀਆ ਨੂੰ ਇਨਕਲਾਬੀ ਦਿਸ਼ਾ ਦੇਣ ਦਾ ਯਤਨ ਕਰਦੀ ਹੈ ਉਥੇ ਇਹ ਸਾਮੰਤੀ ਸੂਰਬੀਰਤਾ ਦੀ ਮਿੱਥ ਨੂੰ ਤੋੜਦੀ ਵੀ ਹੈ। ਉਦਾਹਰਣ ਦੇ ਤੌਰ `ਤੇ ਪਾਸ਼ ਦੀ ਕਵਿਤਾ ‘ਕਲਾਮ ਮਿਰਜ਼ਾ’ ਵਿੱਚ ‘ਮਿਰਜ਼ੇ’ ਦੀ ਮਿੱਥ ਨੂੰ ਨਵੇਂ ਅਰਥਾਂ ਵਿੱਚ ਸਿਰਜਿਆ ਗਿਆ ਹੈ। ਕਵਿਤਾ ਵਿਚਲਾ ਕਾਵਿ-ਪਾਤਰ ‘ਮਿਰਜ਼ਾ` ਬੁਰਜੂਆ ਸਰਕਾਰਾਂ ਦੀ ਦਹਿਸ਼ਤ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ:

        ਪਰ ਸ਼ਾਇਦ ਹੁਣ
ਸਾਰਾ ਕੁਝ ਪਹਿਲਾਂ ਜਿਹਾ ਨਾ ਹੋਵੇ
ਹੋ ਸਕਦੈ ਕਿ ਤੈਨੂੰ ਕੱਢਣ ਤੋਂ ਪਹਿਲਾਂ
ਮੈਨੂੰ ਰੋਟੀ ਉਧਾਲ ਲਏ
ਤੇ ਜਾਂ ਮੈਂ ਜੰਡ ਦੀ ਬਜਾਏ
ਕਿਸੇ ਕੁਰਸੀ ਦੇ ਥੱਲੇ
ਜਾਗਦਾ ਹੀ ਵੱਢ ਦਿੱਤਾ ਜਾਵਾਂ।


ਇਸੇ ਤਰ੍ਹਾਂ ਸੰਤ ਰਾਮ ਉਦਾਸੀ ਆਪਣੀ ਕਵਿਤਾ ਵਿੱਚ ਮੌਜੂਦਾ ਮਨੁੱਖ ਦੋਖੀ ਪ੍ਰਸਥਿਤੀਆਂ ਵਿੱਚ ਜਿਉਂ ਰਹੇ ਮਨੁੱਖ ਦੇ ਹਾਲਾਤ ਨੰਰ ਪ੍ਰਗਟ ਕਰਦਾ ਹੋਇਆ ਸਮੇਂ ਦੀਆਂ ਸਰਕਾਰਾਂ ਨੂੰ ਸਾਡਾ ਦੇਸ਼ ਗਹਿਣੇ ਧਰਨ ਦਾ ਨਿਹੋਰਾ ਦਿੰਦਾ ਹੈ:

ਅੱਜ ਘਾਤ ਲਾਈ ਬੈਠੇ ਸਾਮਰਾਜੀਏ ਵਪਾਰੀ।
ਸਿਰੇ ਚੜ੍ਹਦੀ ਨੀ ਹੁੰਦੀ, ਜਿਹੜੀ ਪੈਸਿਆਂ ਦੀ ਯਾਰੀ,
ਸਾਡੀ ਧੁੱਪ ਨਾਲ ਮੱਸਿਆ ਕਲੇਸ਼ ਨਾ ਕਰੇ,
ਆਖਣਾ ਸਮੇਂ ਦੀ ਸਰਕਾਰ ਨੂੰ,
ਉਹ ਗਹਿਣੇ ਸਾਡਾ ਦੇਸ਼ ਨਾ ਧਰੇ।


ਜੂਝਾਰੂਵਾਦੀ ਕਵਿਤਾ ਦੀ ਚੇਤਨਾ ਬੁਰਜੂਆ ਸਰਕਾਰਾਂ ਪ੍ਰਤੀ ਨਫ਼ਰਤ, ਰੋਹ ਤੇ ਬੇਪ੍ਰਤੀਤੀ ਦੇ ਰੂਪ ਵਿੱਚ ਪ੍ਰਗਟ ਹੋਈ ਹੈ। ਤਤਕਾਲੀਨ ਸਥਾਪਤ ਢਾਂਚੇ ਨੂੰ ਤਹਿਸ-ਨਹਿਸ ਕਰਕੇ ਇਹ ਕਵਿਤਾ ਨਵੇਂ ਬਿੰਬਾਂ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਕਵਿਤਾ ਬੁਰਜੂਆ ਲੋਕਤੰਤਰ ਤੇ ਬੁਰਜੂਆ ਪ੍ਰਬੰਧ ਦੀਆਂ ਜੀਵਨ ਕੀਮਤਾਂ, ਵਿਸ਼ਵਾਸ਼ਾਂ ਤੇ ਚਿੰਨ੍ਹਾਂ ਨੂੰ ਸੁਚੇਤ ਤੌਰ `ਤੇ ਨਕਾਰਦੀ ਵੀ ਹੈ। ਜੁਝਾਰੂ ਕਵੀ ਇਸ ਗੱਲੋਂ ਵੀ ਚੇਤੰਨ ਹੈ ਕਿ ਬੁਰਜੂਆਜ਼ੀ ਆਪਣੇ ਜਮਾਤੀ ਹਿਤਾਂ ਅਨੁਕੂਲ ਸਿਰਜੇ ਗਏ ਸਭਿਆਚਾਰਕ ਮੁੱਲਾਂ ਨੂੰ ਲੋਕਾਂ ਦੀ ਵਿਚਾਰਧਾਰਾ ਵਜੋਂ ਪੇਸ਼ ਕਰਦੀ ਹੈ। ਇਹੋ ਕਾਰਨ ਹੈ ਕਿ ਇਹ ਕਵਿਤਾ ਲੋਕ ਚੇਤਨਾਂ ਉੱਪਰ ਸਥਾਪਤ ਵਿਚਾਰਧਾਰਕ ਸਰਦਾਰੀ ਦੀ ਧੂੜ ਨੂੰ ਉਤਾਰਨ ਦਾ ਯਤਨ ਕਰਦੀ ਹੈ। ਗੁਰਦੀਪ ਗਰੇਵਾਲ ਦੀ ਕਵਿਤਾ ਬੁਰਜੂਆ ਜਮਹੂਰੀਅਤ ਦੇ ਮਖੌਟੇ ਨੂੰ ਉਤਾਰਦੀ ਹੋਈ ਖੱਬੇ ਪੱਖੀ ਪਾਰਲੀਮਾਨੀ ਸਿਆਸਤ ਦੀਆਂ ਗਲਤੀਆਂ ਤੋਂ ਪਰਦਾ ਚੁੱਕਦੀ ਹੈ:

    ਜਮਹੂਰੀਅਤ ਇਥੇ ਬੇਲਾਗ ਕੰਜਰੀ ਹੈ
    ਜੋ ਸੇਜ ਚੜ੍ਹਨ ਤੋਂ ਪਹਿਲਾਂ
    ਬੇਝਿਜਕ ਦਾਮਨ ਪਸਾਰਦੀ ਹੈ...
    ਰਾਜਸੱਤਾ ਲਾਸ਼ਾਂ ਢੋਣ ਵਾਲੀ ਰੇਹੜੀ ਹੈ
    ਵਿਰੋਧੀ ਸਿਆਸੀ ਪਾਰਟੀਆਂ
ਪੇਸ਼ੇਵਰ ਮਰਾਸਣਾਂ ਹਨ
    ਜੋ ਹਕੂਮਤ ਤੇ ਲੋਕਾਂ ਦੋਹਾਂ ਦੇ ਸੋਗ ਵੇਲੇ
    ਛਾਤੀ ਪਿੱਟਦੀਆਂ ਹਨ
    ਇਥੇ ਸੁਰੱਖਿਆ ਆਦਮੀ ਦੀ ਨਹੀਂ
    ਸਿਰਫ ਸਰਹੱਦਾਂ ਦੀ ਹੁੰਦੀ ਹੈ। (ਸਫ਼ਰ ਦੇ ਬੋਲ)


ਜੁਝਾਰੂਵਾਦੀ ਕਵੀ ਕੇਵਲ ਬੁਰਜੂਆ, ਸਿਆਸਤ, ਸਭਿਆਚਾਰਕ ਮੁੱਲਾਂ ਅਤੇ ਵਿਸ਼ਵਾਸ਼ਾਂ ਨੂੰ ਹੀ ਚੁਣੌਤੀ ਨਹੀਂ ਦਿੰਦੇ ਸਗੋਂ ਉਹ ਬੁਰਜੂਆ ਸੁਹਜ ਸੁਆਦ ਨੂੰ ਵੀ ਗੰਭੀਰ ਚੁਣੌਤੀ ਪ੍ਰਦਾਨ ਕਰਦੇ ਹਨ। ਜਿਥੇ ਉਹ ਆਪਣੇ ਸਿਆਸੀ ਮਨੋਰਥ ਪ੍ਰਤੀ ਬੇਹੱਦ ਚੇਤੰਨ ਹਨ ਉਥੇ ਉਹ ਆਪਣੇ ਵਿਚਾਰਧਾਰਕ ਵਿਰੋਧੀਆਂ ਨਾਲ ਵੀ ਗੰਭੀਰ ਸੰਵਾਦ ਸਿਰਜਣ ਦਾ ਯਤਨ ਕਰਦੇ ਹਨ। ਉਹ ਆਪਣੇ ਤੋਂ ਪੂਰਵਲੀਆਂ ਕਾਵਿ-ਪ੍ਰਵਿਰਤੀਆਂ ਤੇ ਧਾਰਾਵਾਂ ਨਾਲ ਸੰਵਾਦ ਰਚਾਉਂਦੇ ਹੋਏ ਅਰਥ-ਵਿਹੂਣੀ ਸ਼ਬਦ ਘਾੜਤ, ਸਿਧਾਂਤਹੀਣ ਰੈਡੀਕਲਤਾ ਤੇ ਕਲਾਕਾਰ ਦੀ ਅਖੌਤੀ ਸੁਤੰਤਰਤਾ ਨੂੰ ਨਕਾਰਦੇ ਹਨ। ਇਸ ਤਰ੍ਹਾਂ ਉਹ ਆਪਣੀ ਸਾਹਿਤਕ ਪਰੰਪਰਾ ਵਿਚਲੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਰੱਦਣ ਦਾ ਸੰਦੇਸ਼ ਦਿੰਦੇ ਹਨ। ਉਦਾਹਰਣ ਦੇ ਤੌਰ `ਤੇ ਦਰਸ਼ਨ ਖਟਕੜ ਦੀ ਹੇਠ ਲਿਖੀ ਕਵਿਤਾ ਅੰਨੀ, ਬੋਲੀ, ਗੂੰਗੀ, ਪਰੰਪਰਾ ਤੋਂ ਬਗ਼ਾਵਤ ਕਰਦੀ ਹੋਈ ਦ੍ਰਿਸ਼ਟੀਗੋਚਰ ਹੁੰਦੀ ਹੈ:

    ਅੰਨੀ, ਬੋਲੀ, ਗੂੰਗੀ ਪਰੰਪਰਾ
    ਨਾ ਸਾਨੂੰ ਰੋਕ ਸਕਦੀ ਹੈ
    ਅਸਾਂ ਅੱਜ ਕੀਤੀ ਬਗ਼ਾਵਤ ਹੈ
    ਕਿਉਂਕਿ ਹੈ ਉਰੇ੍ਹ ਹੀ ਸੀਮਾ
    ਤੇ ਘੇਰਾ ਬਹੁਤ ਹੀ ਛੋਟਾ
    ਪਰੇ, ਸੱਚ ਹੈ ਇਸ ਸੀਮਾ ਤੋਂ
    ਕੱਲ ਕੋਈ ਵਾਹੇਗਾ ਜੇ ਦਾਇਰੇ
    ਉਰ੍ਹਾਂ ਹੀ ਕੱਲ ਦੇ ਸੱਚ ਤੋਂ
    ਬਗ਼ਾਵਤ ਫੇਰ ਵੀ ਕਰਨੀ
    ਬਗ਼ਾਵਤ ਫੇਰ ਨਾ ਟਲਣੀ
    ਬਗ਼ਾਵਤ ਜੀਂਦੀਆਂ ਜਾਨਾਂ ਦਾ ਲੱਛਣ ਹੈ।


ਜੁਝਾਰਵਾਦੀ ਕਵੀ ਗਰੀਬ ਕਿਸਾਨੀ ਤੇ ਦਲਿਤ ਵਰਗ ਦੇ ਤ੍ਰਾਸਦਿਕ ਜੀਵਨ ਯਥਾਰਥ ਨੂੰ ਕੇਵਲ ਚਿਤਰਦਾ ਹੀ ਨਹੀਂ ਸਗੋਂ ਇਨ੍ਹਾਂ ਦੇ ਸ਼ੋਸ਼ਣ ਤੇ ਦਮਨ ਲਈ ਜ਼ਿੰਮੇਵਾਰ ਸਿਆਸੀ ਸ਼ਕਤੀਆਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਸ ਕਰਕੇ ਜੁਝਾਰਵਾਦੀ ਕਵਿਤਾ ਦੇ ਕਾਵਿ-ਵਸਤੂ ਤੇ ਕਾਵਿ ਸ਼ਾਸਤਰੀ ਚਿੰਤਨ ਨੂੰ ਸਿਆਸੀ ਤਜਬਰੇ ਅਤੇ ਦਲਿਤ ਵਰਗ ਨਾਲ ਸੁਚੇਤ ਤੇ ਸੁਹਿਰਦ ਪ੍ਰਤੀਬੱਧਤਾ ਕਾਫ਼ੀ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਇਹ ਕਵਿਤਾ ਪੰਜਾਬੀ ਕਵਿਤਾ ਨੂੰ ਪੂਰੀ ਤਰ੍ਹਾਂ ਸਿਆਸਤ ਨਾਲ ਜੋੜਦੀ ਹੋਏ ਪਾਠਕ ਦਾ ਧਿਆਨ ਖਿੱਚਦੀ ਹੈ। ਆਪਣੇ ਇਸ ਨਵੇਂ ਮੁਹਾਵਰੇ ਕਾਰਨ ਬਾਕੀ ਕਾਵਿ ਧਾਰਾਵਾਂ ਨਾਲ ਇਸ ਦਾ ਰਿਸ਼ਤਾ ਮਕਾਨਕੀ ਨਿਖੇਧ ਦਾ ਨਹੀਂ ਸਗੋਂ ਰਚਨਾਤਮਕ ਸੰਵਾਦ ਦਾ ਹੈ। ਇਹ ਕਵਿਤਾ ਤਤਕਾਲੀਨ ਪੰਜਾਬੀ ਸਾਹਿਤ ਨੂੰ ਲੋਕ ਮੁਖੀ ਤੇ ਕ੍ਰਾਂਤੀਕਾਰੀ ਦਿਸ਼ਾ ਦੇਣ ਦਾ ਯਤਨ ਕਰਦੀ ਹੈ। ਗ਼ਰੀਬ ਵਰਗ ਦੀਆਂ ਭਾਵਨਾਵਾਂ ਨੂੰ ਬੜੀ ਬੇਬਾਕੀ ਨਾਲ ਸਿਰਜਣ ਵਾਲੀ ਇਹ ਕਵਿਤਾ ਆਪਣੀ ਲਲਕਾਰਮਈ ਸ਼ੈਲੀ ਵਿੱਚ ਨਵੀਆਂ ਪੈੜਾਂ ਸਿਰਜਦੀ ਹੈ। ਬੁਰਜੂਆ ਪਾਰਲੀਮੈਂਟਰੀ ਨੀਤੀਆਂ ਦੀ ਥਾਂ ਹਥਿਆਰਬੰਦ ਗੁਰੀਲਾ ਸੰਘਰਸ਼ ਨੂੰ ਤਤਕਾਲੀਨ ਪ੍ਰਸਥਿਤੀਆ ਦੀ ਇਤਿਹਾਸਕ ਲੋੜ ਮੰਨਦੀ ਹੋਈ ਇਹ ਕਵਿਤਾ ਜੁਝਾਰੂ ਨਾਇਕਤਿਵ ਦੀ ਜ਼ਰੂਰਤ `ਤੇ ਬਲ ਦਿੰਦੀ ਹੈ। ਇਸ ਤੋਂ ਇਲਾਵਾ ਇਹ ਕਵਿਤਾ ਦਲਾਲ ਬੁਰਜੂਆਜ਼ੀ ਅਤੇ ਪਾਰਲੀਮਾਨੀ ਸਿਆਸਤ ਨਾਲ ਸਬੰਧਤ ਖੱਬੀਆਂ ਪਾਰਟੀਆਂ ਦੇ ਗੱਠਜੋੜ ਦੀ ਸੋਧਵਾਦੀ ਸਿਆਸਤ ਨੂੰ ਵੀ ਨਕਾਰਦੀ ਹੈ। ਉਦਾਹਰਣ ਦੇ ਤੌਰ `ਤੇ ਕਰਤਾਰ ਕੈਂਥ ਤੇ ਗੁਰਦੀਪ ਗਰੇਵਾਲ ਦੀਆਂ ਹੇਠ ਲਿਖੀਆਂ ਨਜ਼ਮਾਂ ਵੇਖੀਆਂ ਜਾ ਸਕਦੀਆਂ ਹਨ:

    ........ਤੇ ਆਪਣੇ ਇਸ ਗਊ ਵੱਛੇ ਨੂੰ
    ਸਾਡੀਆਂ ਫਸਲਾਂ `ਚੋਂ ਕੱਢ ਲੈ
    ਤੂੰ ਫਸਲਾਂ ਸਾਡੀਆਂ ਚਾਰੇਂ
    ਤੇ ਦੁੱਧ ਕਿਤੇ ਹੋਰ ਚੋ ਆਵੇਂ।

            (ਕਰਤਾਰ ਕੈਂਥ, ਜਦੋਂ ਪਿੰਡ ਬੋਲਦਾ ਹੈ)
    ਕਾਗਜ਼ਾਂ `ਚ ਜਾਗੇ ਵਿਦਰੋਹ ਤਾਂ
    ਤੁਸੀਂ ਕਈ ਵਾਰ ਤੱਕੇ ਨੇ
    ਤੁਸੀਂ ਵੇਖੇ ਹੋਣੇ ਨੇ ਉਹ ਵੀ ਲੋਕ
    ਜੋ ਰਾਵਣ ਦਾ ਸਿਰ ਲਾਹੁਣ ਦੀ ਮਸ਼ਕ ਕਰਿਆ ਕਰਦੇ ਸੀ
    ਇਕ ਦਿਨ ਆਇਆ ਜਦੋਂ ਕਿ ਉਹ
    ਉਸਦਾ ਗਿਆਰਵਾਂ ਸਿਰ ਬਣਕੇ ਉਗ ਆਏ
(ਗੁਰਦੀਪ ਗਰੇਵਾਲ)


ਇਸ ਤੋਂ ਪਹਿਲਾਂ ਪ੍ਰਗਤੀਵਾਦੀ ਕਵਿਤਾ ਬੁਰਜੂਆ ਲੋਕਤੰਤਰ ਅਤੇ ਅਹਿੰਸਾ ਆਦਿ ਦੇ ਵਿਚਾਰਧਾਰਕ ਭੰਬਲਭੂਸੇ ਵਿੱਚ ਫਸ ਕੇ ਸੁਧਾਰਵਾਦ ਦੀ ਸਿਆਸਤ ਨੂੰ ਸਮਾਜਿਕ ਆਰਥਿਕ ਕ੍ਰਾਂਤੀ ਦਾ ਪ੍ਰਮੁੱਖ ਸਾਧਨ ਸਮਝਦੀ ਸੀ। ਇਸ ਦੇ ਮੁਕਾਬਲੇ ਜੁਝਾਰਵਾਦੀ ਕਵਿਤਾ ਕਿਸਾਨ-ਮਜ਼ਦੂਰ ਦੀ ਸ਼ਕਤੀ ਤੇ ਸਮਝ ਉਤੇ ਪੂਰਨ ਵਿਸ਼ਵਾਸ਼ ਰੱਖਦੀ ਹੋਈ ਇਨ੍ਹਾਂ ਨੂੰ ਕ੍ਰਾਂਤੀ ਲਈ ਪ੍ਰਮੁੱਖ ਧਿਰ ਮੰਨਦੀ ਹੈ। ਇਸ ਕਵਿਤਾ ਨੂੰ ਲਿਖਣ ਵਾਲੇ ਲਗਭਗ ਸਾਰੇ ਕਵੀ ਅਹਿੰਸਾਵਾਦੀ ਨੀਤੀਆਂ ਦੇ ਮੁਕਾਬਲੇ ਲੋਕ-ਯੁੱਧ ਦਾ ਸਮੱਰਥਨ ਕਰਦੇ ਦ੍ਰਿਸ਼ਟੀਗੋਚਰ ਹੁੰਦੇ ਹਨ। ਪਾਸ਼ ਕਾਂਗਰਸ ਜਾਂ ਹੋਰ ਬੁਰਜੂਆ ਪਾਰਟੀਆਂ ਦੀ ਗਾਂਧੀਵਾਦੀ ਸਿਆਸਤ ਦਾ ਪਰਦਾ ਫਾਸ਼ ਕਰਦਾ ਹੋਇਆ ਆਪਣੀਆਂ ਮਸ਼ਹੂਰ ਸਤਰਾਂ ਵਿਚ ਲਿਖਦਾ ਹੈ:

    ਸ਼ਾਂਤੀ ਚਗਲੇ ਹੋਏ ਵਿਦਵਾਨਾਂ ਦੇ ਮੂੰਹ `ਚੋਂ
    ਡਿਗਦੀ ਰਾਲ ਹੈ।
    ਸ਼ਾਂਤੀ ਪੁਰਸਕਾਰ ਲੈਂਦੇ ਕਵੀਆਂ ਦੀਆਂ
    ਵਧੀਆਂ ਹੋਈਆਂ ਬਾਹਾਂ ਦਾ ਟੁੰਡ ਹੈ।
    ਸ਼ਾਂਤੀ ਵਜ਼ੀਰਾਂ ਦੇ ਪਹਿਨੇ ਹੋਏ ਖੱਦਰ ਦੀ ਚਮਕ ਹੈ
    ਸ਼ਾਂਤੀ ਹੋਰ ਕੁਝ ਨਹੀਂ ਹੈ
    ਜਾਂ ਸ਼ਾਂਤੀ ਗਾਂਧੀ ਦਾ ਜਾਂਘੀਆ ਹੈ
    ਜਿਸ ਦੀਆਂ ਤਣੀਆਂ ਨੂੰ
    ਚਾਲੀ ਕਰੋੜ ਬੰਦੇ ਫਾਹੇ ਲਾਉਣ ਖਾਤਰ
    ਵਰਤਿਆ ਜਾ ਸਕਦਾ ਹੈ।


ਇਸ ਤਰ੍ਹਾਂ ਜੁਝਾਰਵਾਦੀ ਕਵਿਤਾ ਵਿੱਚ ਸਿਧਾਂਤ ਤੇ ਅਮਲ ਦਾ ਸੁਮੇਲ ਦਿਖਾਈ ਦਿੰਦਾ ਹੈ। ਇਹ ਕਵਿਤਾ ਅਸਲ ਵਿੱਚ ਲੋਕ-ਕਵਿਤਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਹ ਕਵਿਤਾ ਸੰਤ ਰਾਮ ਉਦਾਸੀ, ਪਾਸ਼, ਦਿਲ, ਆਦਿ ਲੋਕ ਕਵੀਆਂ ਦੁਆਰਾ ਲੋਕਾਂ ਬਾਰੇ ਤੇ ਲੋਕਾਂ ਲਈ ਲਿਖੀ ਗਈ ਹੈ। ਇਹ ਕਵੀ ਕੇਵਲ ਕਵੀ ਹੀ ਨਹੀਂ ਸਨ ਸਗੋਂ ਨਕਸਲਬਾੜੀ ਲਹਿਰ ਵਿੱਚ ਸਿੱਧੇ ਤੌਰ `ਤੇ ਭਾਗ ਲੈਣ ਵਾਲੇ ਯੋਧੇ ਸਨ। ਇਹੋ ਕਾਰਨ ਹੈ ਕਿ ਇਹ ਉਨ੍ਹਾਂ ਸਰਕਾਰੀ ਸਾਹਿਤਕਾਰਾਂ `ਤੇ ਕਟਾਖ਼ਸ਼ ਕਰਦੇ ਹਨ ਜੋ ਸਰਕਾਰੀ ਬੋਲੀ ਬੋਲਦੇ ਹਨ। ਇਸ ਸੰਦਰਭ ਵਿੱਚ ਸੰਤ ਰਾਮ ਉਦਾਸੀ ਦੀ ਵਿਅੰਗਾਤਮਕ ਕਵਿਤਾ ‘ਸਰਕਾਰੀ ਸਾਹਿਤਕਾਰਾਂ ਦੇ ਨਾਂ` ਵੇਖੀ ਜਾ ਸਕਦੀ ਹੈ ਜੋ ਸਰਕਾਰੀ ਤੇ ਲੋਕਪੱਖੀ ਸਾਹਿਤਕਾਰਾਂ ਵਿਚਕਾਰ ਅੰਤਰ ਨਿਖੇੜ ਕਰਦੀ ਹੈ:

    ਲੋਕ ਪਿਆਰ ਦੀ ਗੁੱਥੀ ਜੇ ਖੋਲਦਾ ਨਾ,
    ਕਵਿਤਾ ਕਰਦੀ ਨਾ ਕਦੇ ਖੁਆਰ ਮੈਨੂੰ।
    ਨਾਲੇ ਪਿੰਡ ਦੇ ਚੌਧਰੀ ਖੁਸ਼ ਰਹਿੰਦੇ,
    ਕੀ ਕਹਿਣਾ ਸੀ ਨਾਲੇ ਸਰਕਾਰ ਮੈਨੂੰ।
    ‘ਤਿੰਨ ਬਾਂਦਰਾਂ` `ਤੇ ਮਹਾਂਕਾਵਿ ਲਿਖ ਕੇ,
    ਹੁਣ ਨੂੰ ਕੋਈ ਕਿਤਾਬ ਛਪਵਾਈ ਹੰੁਦੀ।
    ਜਿਹੜੀ ਆਪ ਵਿਕਦੀ ਆਪੇ ਵੇਚ ਲੈਂਦੇ,
    ਰਹਿੰਦੀ ਵਿਚ ਸਕੂਲਾਂ ਲਗਵਾਈ ਹੁੰਦੀ।
    ਪੱਠੇ ਬਲਦਾਂ ਨੂੰ ਜਦ ਕੋਈ ਕੁੜੀ ਪਾਉਂਦੀ,
    ਤਵਾ ਸਾਡਾ ਸਪੀਕਰ `ਤੇ ਲੱਗ ਜਾਂਦਾ।
    ਟੈਲੀਵੀਯਨ `ਤੇ ਕਿਸੇ ਮੁਟਿਆਰ ਦੇ ਨਾਲ,
    ਸਾਡਾ ਗਾਉਣ ਦਾ ਸਮਾਂ ਵੀ ਬੱਝ ਜਾਂਦਾ,
    ਜਿਹੜਾ ਸਾਡੇ ਤੋਂ ਵਧ ਕੇ ਗੀਤ ਲਿਖਦਾ,
    ਅਤਿਵਾਦੀ ਕਹਿ ਉਸਨੂੰ ਧੁਮਾਈ ਜਾਂਦੇ,
    ਵਾਹ! ਵਾਹ! ਥਾਣੇ ਦੇ ਨਾਲ ਵੀ ਬਣੀ ਰਹਿੰਦੀ,
    ਕਾਮਰੇਡ ਵੀ ਵਿਚੋਂ ਅਖਵਾਈ ਜਾਂਦੇ।
    ਲੋਕ ਪਿਆਰ ਦਾ ਕਿਹਾ ਤੈਂ ਵਰ ਦਿੱਤਾ,
    ਕਿ ਸਾਡੇ ਲੱਗੀ ਸ਼ਰਾਪਾਂ ਦੀ ਝੜੀ ਰਹਿੰਦੀ।
    ਲੈ ਕੇ ਕੱਫ਼ਨ ਸਰਹਾਣੇ ਹਾਂ ਨਿੱਤ ਸੌਂਦੇ,
    ਚੱਤੋ ਪਹਿਰ ਦਿਮਾਗ ਵਿਚ ਮੜ੍ਹੀ ਰਹਿੰਦੀ।


ਜੁਝਾਰਵਾਦੀ ਕਵੀ ਨਾ ਤਾਂ ਕੋਈ ਪੀਰ-ਪੈਗ਼ੰਬਰ ਹੈ ਤੇ ਨਾ ਹੀ ਆਨੰਦ ਦਾ ਸਿਰਜਣਹਾਰ ਸ਼ਬਦ ਘਾੜਾ ਹੈ। ਨਾ ਹੀ ਇਸ ਨੂੰ ਧੁਰਕੀ ਬਾਣੀ ਵਾਂਗ ਕਵਿਤਾ ਅਹੁੜਦੀ ਹੈ। ਇਸ ਦੇ ਵਿਪਰੀਤ ਇਹ ਕਵੀ ਲੋਕ ਲਹਿਰਾਂ ਨਾਲ ਜੁੜ ਕੇ ਸਿਆਸੀ ਵਿਚਾਰਕ ਬਣਦਾ ਹੈ ਜਿਸ ਦਾ ਕਾਵਿ-ਪ੍ਰਯੋਜਨ ਸਿਆਸੀ ਸਰਗਰਮੀ ਤੇ ਸਿਆਸੀ ਚੇਤਨਾ ਨੂੰ ਤੇਜ਼ ਤੇ ਪ੍ਰਚੰਡ ਕਰਨਾ ਹੈ। ਇਸ ਕਰਕੇ ਜੁਝਾਰ-ਕਾਵਿ ਦੀ ਬੁਨਿਆਦ ਲੋਕ ਯੁੱਧ `ਤੇ ਟਿਕੀ ਹੋਈ ਹੈ। ਇਹ ਲੋਕ ਯੁੱਧ ਬੁਰਜੂਆ ਹਕੂਮਤ ਬਨਾਮ ਦਲਿਤ ਤੇ ਕਿਸਾਨ ਵਰਗਾਂ ਵਿਚਕਾਰ ਸਾਹਮਣੇ ਆਉਂਦਾ ਹੈ। ਇਸ ਸੰਘਰਸ਼ ਦੇ ਪੈਦਾ ਹੋਣ ਦੇ ਕਾਰਨ ਭਾਰਤੀ ਖੇਤੀ ਵਿੱਚ ਪੂੰਜੀਵਾਦ ਰਿਸ਼ਤਿਆਂ ਦੇ ਪ੍ਰਵੇਸ਼ ਕਾਰਨ ਆਰਥਿਕ ਅਧਾਰ ਵਿੱਚ ਆਈ ਤਬਦੀਲੀ ਵਿੱਚੋਂ ਲੱਭੇ ਜਾ ਸਕਦੇ ਹਨ। ਇਸ ਬਦਲੇ ਹੋਏ ਆਧਾਰ ਕਾਰਨ ਪੈਦਾ ਹੋਏ ਨਵੇਂ ਸਭਿਆਚਾਰਕ, ਸਿਆਸੀ ਤੇ ਸਮਾਜਿਕ ਅਨੁਭਵਾਂ ਨੂੰ ਜੁਝਾਰ ਕਵਿਤਾ ਨੇ ਅਭਿਵਿਅਕਤੀ ਦਿੱਤੀ। ਇਸ ਅਭਿਵਿਅਕਤੀ ਨੇ ਜਿਥੇ ਬੁਰਜੂਆ ਸੁਹਜ-ਸ਼ਾਸਤਰ ਸਾਹਮਣੇ ਇੱਕ ਪ੍ਰਤੀਰੋਧਕ ਚੁਣੌਤੀ ਪੇਸ਼ ਕੀਤੀ ਉਥੇ ਇਸ ਨੇ ਨਵੇਂ ਮਾਪਦੰਡ ਵੀ ਸਿਰਜੇ। ਇਸ ਨੇ ਦਲਿਤ ਤੇ ਗ਼ਰੀਬ ਕਿਸਾਨੀ ਦੇ ਹਿਤਾਂ ਦੇ ਅਨੁਕੂਲ ਨਵੇਂ ਕਾਵਿ-ਮਾਪਦੰਡਾਂ ਨੂੰ ਸਿਰਜਣ ਦੇ ਭਰਪੂਰ ਯਤਨ ਕੀਤੇ। ਜੁਝਾਰਵਾਦੀ ਕਵਿਤਾ ਨੂੰ ਸਿਰਜਣ ਵਾਲਾ ਕਵੀ ਆਪਣੀ ਵਿਚਾਰਧਾਰਾ, ਭਾਸ਼ਾਈ ਸਮਰੱਥਾ, ਉਚੇਰੀ ਸੰਬੋਧਨੀ ਸੁਰ ਰਾਹੀਂ ਜੰਗ ਲੜਦਾ ਪ੍ਰਤੀਤ ਹੁੰਦਾ ਹੈ। ਉਸ ਲਈ ਕਵਿਤਾ ਸਿਰਫ਼ ਜਜ਼ਬਾਤੀ ਅੰਤਰ-ਪ੍ਰੇਰਨਾ ਨਹੀਂ ਸਗੋਂ ਇੱਕ ਬੌਧਿਕ ਤੇ ਵਿਚਾਰਧਾਰਕ ਅਮਲ ਹੈ। ਜੁਝਾਰ ਕਵੀ ਖ਼ੁਦ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਂਦਾ ਹੈ। ਇਹੋ ਕਾਰਨ ਹੈ ਕਿ ਜੁਝਾਰ ਕਵਿਤਾ ਦਾ ਨਾਇਕ ਵੀ ਆਪਣੇ ਲੋਕਾਂ ਲਈ ਜੂਝ ਰਿਹਾ ਨਾਇਕ ਹੈ। ਖ਼ਰਵੀ ਤੇ ਵਿਸਫੋਟਕ ਭਾਸ਼ਾ ਦਾ ਪ੍ਰਯੋਗ ਇਸ ਕਵਿਤਾ ਦੀ ਭਾਸ਼ਾਈ ਵਿਸ਼ੇਸ਼ਤਾ ਹੈ। ਮਾਰਕਸਵਾਦੀ ਵਿਗਿਆਨਕ ਦ੍ਰਿਸ਼ਟੀ ਤੋਂ ਸੇਧ ਲੈਂਦੀ ਹੋਈ ਇਸ ਕਵਿਤਾ ਦਾ ਆਪਣੇ ਤੇ ਪੂਰਵਲੀਆਂ ਕਾਵਿ ਲਹਿਰਾਂ ਨਾਲ ਰਿਸ਼ਤਾ ਸੰਵਾਦ ਦਾ ਬਣਦਾ ਹੈ। ਇਸ ਸੰਵਾਦ ਦਾ ਕਾਰਨ ਵੱਖ-ਵੱਖ ਜਮਾਤੀ ਹਿਤ ਤੇ ਮਨੋਰਥ ਹਨ। ਜਿਥੇ ਜੁਝਾਰ ਕਵਿਤਾ ਪ੍ਰਯੋਗਵਾਦੀ ਕਾਵਿ ਦੀ ਅਰਥਹੀਣਤਾ ਦਾ ਖੰਡਨ ਕਰਦੀ ਹੈ ਉਥੇ ਇਹ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਇੱਕ ਅਹਿਮ ਰੋਲ ਵੀ ਅਦਾ ਕਰਦੀ ਹੈ। ਇਸ ਕਵਿਤਾ ਨੇ ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਤੇ ਛੋਟੀ ਕਿਸਾਨੀ ਦੇ ਜਮਾਤੀ ਹਿੱਤਾਂ ਨਾਲ ਪ੍ਰਤੀਬੱਧ ਹੋਣ ਕਰਕੇ ਮਾਰਕਸਵਾਦੀ ਜੀਵਨ ਦ੍ਰਿਸ਼ਟੀ ਨੂੰ ਬਾਕੀ ਕਾਵਿ ਲਹਿਰਾਂ ਦੇ ਮੁਕਾਬਲੇ ਵੱਧ ਸਹੀ ਰੂਪ ਵਿੱਚ ਗ੍ਰਹਿਣ ਕੀਤਾ। ਜੁਝਾਰਵਾਦੀ ਕਵੀ ਦੀ ਦ੍ਰਿਸ਼ਟੀ ਵਿੱਚ ਸਮਾਜਵਾਦੀ ਸਮਾਜ ਨੂੰ ਸਿਰਜਣ ਵਿੱਚ ਕਾਫ਼ੀ ਜੱਦੋ ਜਹਿਦ ਤੇ ਚਤੇਨਾ ਦੀ ਲੋੜ ਹੈ। ਉਸ ਅਨੁਸਾਰ ਅਜੇ ਕਿਰਤੀਆਂ ਦੀ ਚੇਤਨਾ ਦਾ ਪੱਧਰ ਬਹੁਤ ਨੀਵਾਂ ਹੈ ਜਿਸ ਕਰਕੇ ਉਹ ਆਪਣੀਆਂ ਤਕਦੀਰਾਂ ਦੇ ਖੁਦ ਮਾਲਕ ਨਹੀਂ ਬਣ ਸਕਦੇ। ਅਜੋਕੇ ਸਮੇਂ ਦੀਆਂ ਪਿਛਾਂਹਖਿਚੂ ਤਾਕਤਾਂ ਨੇ ਉਨ੍ਹਾਂ ਦੀ ਚੇਤਨਾ ਉਤੇ ਕਬਜ਼ਾ ਕੀਤਾ ਹੋਇਆ ਹੈ। ਸੰਤ ਰਾਮ ਉਦਾਸੀ ਦੀ ਹੇਠ ਲਿਖੀ ਕਵਿਤਾ ਸੁੱਤੀ ਜਨਤਾ ਦੀ ਨੀਵੇਂ ਪੱਧਰ ਦੀ ਚੇਤਨਾ `ਤੇ ਗਹਿਰਾ ਦੁੱਖ ਜ਼ਾਹਰ ਕਰਦੀ ਪ੍ਰਤੀਤ ਹੁੰਦੀ ਹੈ:

ਅਜੇ ਕਿਰਤ ਦੀ ਚੁੰਝ ਹੈ ਖਾਲੀ, ਵਿਹਲੜ ਰੱਜ ਕੇ ਖਾਂਦੇ ਨੇ।
ਮੁੱਲਾਂ, ਪੰਡਤ, ਭਾਈ, ਧਰਮ ਦੇ ਠੇਕੇਦਾਰ ਕਹਾਂਦੇ ਨੇ।
ਅਜੇ ਮਨੁੱਖ ਦੀ ਕਾਇਆ ਉਤੇ ਸਾਇਆ ਹੈ ਜਾਗੀਰਾਂ ਦਾ।
ਅਜੇ ਮਨੁੱਖ ਨਾ ਮਾਲਕ ਬਣਿਆ, ਆਪਣੀਆਂ ਤਕਦੀਰਾਂ ਦਾ।
ਅਜੇ ਕਿਸੇ ਬੇਵਸ ਜਿਸਮ ਦਾ ਮਿਲਦਾ ਇਥੇ ਭਾੜਾ ਏ।
ਅਜੇ ਨਾ ਸੁੱਤੀ ਜਨਤਾ ਜਾਗੀ ਅਜੇ ਹਨੇਰਾ ਗਾੜਾ ਏ।


ਅੱਜ ਜਿਉਂ-ਜਿਉਂ ਵਿਸ਼ਵੀਕਰਨ ਦਾ ਪ੍ਰਭਾਵ ਪੰਜਾਬ ਦੀਆਂ ਸਿਆਸੀ, ਸਭਿਆਚਾਰਕ ਤੇ ਸਮਾਜਿਕ ਪ੍ਰਸਥਿਤੀਆਂ `ਤੇ ਪੈ ਰਿਹਾ ਹੈ ਤਿਉਂ-ਤਿਉਂ ਜੁਝਾਰ-ਕਾਵਿ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਵਿਸ਼ਵੀਕਰਨ ਨੇ ਵੱਖ-ਵੱਖ ਸੂਚਨਾ ਮਾਧਿਅਮਾਂ ਰਾਹੀਂ ਨਵ-ਸਾਮਰਾਜੀ ਨੀਤੀਆਂ ਨੂੰ ਲੋਕਾਂ ਵਿੱਚ ਫੈਲਾਉਣ ਤੇ ਇਨ੍ਹਾਂ ਦੇ ਦਰੁਸਤ ਹੋਣ ਦੀਆਂ ਅਫ਼ਵਾਹਾਂ ਨੂੰ ਸੱਚ ਦੇ ਤੌਰ `ਤੇ ਪੇਸ਼ ਕੀਤਾ ਹੈ। ਪੰਜਾਬੀ ਕਵੀਆਂ ਸਾਹਮਣੇ ਅੱਜ ਇਸ ਝੂਠ ਤੋਂ ਪਰਦਾ ਚੁੱਕਣ ਦਾ ਵਡਮੁੱਲਾ ਕਾਰਜ ਬਣਦਾ ਹੈ। ਅਜੋਕੇ ਕਵੀ ਦਾ ਫ਼ਰਜ਼ ਬਣਦਾ ਹੈ ਕਿ ਮੌਜੂਦਾ ਮਨੁੱਖ ਤੇ ਕੁਦਰਤ ਵਿਰੋਧੀ ਪੂੰਜੀਵਾਦੀ ਨੀਤੀਆਂ ਨੂੰ ਸਮਝ ਕੇ ਜੁਝਾਰਵਾਦੀ ਵਿਰਾਸਤ ਤੋਂ ਸੇਧ ਲੈ ਕੇ ਆਪਣੀ ਕਵਿਤਾ ਨੂੰ ਲੋਕ-ਪੱਖੀ ਸਰੋਕਾਰਾਂ ਵੱਲ ਮੋੜੇ। ਜੇਕਰ ਅਜੋਕਾ ਕਵੀ ਅਜਿਹਾ ਨਹੀਂ ਕਰਦਾ ਤਾਂ ਸਾਡੇ ਸਾਹਿਤ ਦੀ ਪ੍ਰਗਤੀਸ਼ੀਲ ਵਿਰਾਸਤ ਨੂੰ ਗ੍ਰਹਿਣ ਲੱਗ ਜਾਵੇਗਾ ਤੇ ਪੰਜਾਬੀ ਕਵਿਤਾ ਦਾ ਜੁਝਾਰੂ ਵਿਰਸਾ ਮੌਜੂਦਾ ਬੁਰਜੂਆ ਖ਼ਪਤ ਸਭਿਆਚਾਰ ਦੀ ਭੇਟ ਚੜ ਜਾਵੇਗਾ। ਸੋ, ਅੱਜ ਦੇ ਕਵੀ ਦਾ ਇਹ ਮੁਕੱਦਸ ਫਰਜ਼ ਹੈ ਕਿ ਉਹ ਉਦਾਸੀ, ਪਾਸ਼, ਦਿਲ ਆਦਿ ਕਵੀਆਂ ਦਾ ਵਾਰਸ ਬਣ ਕੇ ਲੋਕਾਂ ਦੇ ਦੁਖ-ਦਰਦਾਂ ਨਾਲ ਸਾਂਝ ਪਾਵੇ ਅਤੇ ਆਪਣੇ ਇਤਿਹਾਸਕ ਫਰਜ਼ ਪ੍ਰਤੀ ਸੁਚੇਤ ਹੋਵੇ। ਅਜਿਹਾ ਕਰਕੇ ਹੀ ਅਸੀਂ ਅੱਜ ਦੀ ਤਾਰੀਖ਼ ਵਿੱਚ ਉਦਾਸੀ ਨੂੰ ਯਾਦ ਕਰ ਸਕਦੇ ਹਾਂ ਤੇ ਕੰਮੀਆਂ ਦੇ ਵਿਹੜੇ ਵਿੱਚ ਸੂਰਜ ਬਣ ਕੇ ਮਘ ਸਕਦੇ ਹਾਂ। ਅੰਤ ਵਿੱਚ ਆਪਣੀ ਗੱਲ ਜੁਝਾਰਵਾਦੀ ਗ਼ਜ਼ਲਗੋ ਮਹਿੰਦਰ ਸਾਥੀ ਦੀ ਪ੍ਰਸਿੱਧ ਗ਼ਜ਼ਲ ਦੇ ਉਸ ਸ਼ੇਅਰ ਨਾਲ ਸਮਾਪਤ ਕਰਨੀ ਚਾਹਾਂਗਾ ਜਿਸ ਵਿੱਚ ਉਹ ਚੇਤਨਾ ਦੀਆਂ ਮਸ਼ਾਲਾਂ ਬਾਲਣ ਦਾ ਹੋਕਾ ਦਿੰਦਾ ਹੋਇਆ ਲਿਖਦਾ ਹੈ:

    ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤਕ ਰਾਤ ਬਾਕੀ ਹੈ।
    ਸੰਭਲ ਦੇ ਹਰ ਕਦਮ ਰੱਖਣਾ, ਜਦੋਂ ਤਕ ਰਾਤ ਬਾਕੀ ਹੈ।


ਆਮੀਨ!

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ