Fri, 06 December 2024
Your Visitor Number :-   7277506
SuhisaverSuhisaver Suhisaver

ਖ਼ੁਸ਼ਬੂ ਲਹਿੰਦੇ ਪੰਜਾਬ ਦੀ: ਇੱਕ ਸੀ ਫ਼ਰਖ਼ੰਦਾ ਲੋਧੀ -ਦਰਸ਼ਨ ਸਿੰਘ ਆਸ਼ਟ` (ਡਾ.)

Posted on:- 23-03-2012

suhisaver

ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਡਾਇਰੈਕਟਰ ਸ. ਹਰਭਜਨ ਸਿੰਘ ਬਰਾੜ, ‘ਪੰਜਾਬੀ ਆਲਮ` ਦੇ ਸੰਪਾਦਕ ਅਭੈ ਸਿੰਘ, ਡਾ.ਜਤਿੰਦਰਪਾਲ ਸਿੰਘ ਜੌਲੀ, ਡਾ.ਜੋਗਿੰਦਰ ਕੈਰੋਂ ਤੇ ਕਈ ਹੋਰ ਅਦਬੀ ਦੋਸਤਾਂ ਨਾਲ ਜਦੋਂ 2006 ਵਿਚ ਲਾਹੌਰ (ਪਾਕਿਸਤਾਨ) ਗਏ ਸਾਂ ਤਾਂ ਚਿੱਤ ਚੇਤਾ ਵੀ ਨਹੀਂ ਸੀ ਸਾਡੇ ਨਾਲ ਉਥੇ ਅਦਬੀ ਮਹਿਫਲਾਂ ਵਿਚ ਵਿਚਰਨ ਅਤੇ ਔਰਤ ਦੇ ਦਰਦ ਨੂੰ ਬੇਬਾਕੀ ਨਾਲ ਕਹਾਣੀਆਂ ਵਿਚ ਰੂਪਮਾਨ ਕਰਨ ਵਾਲੀ ਪੰਜਾਬੀ ਦੀ ਮਕਬੂਲ ਕਹਾਣੀਕਾਰ ਫ਼ਰਖੰਦਾ ਲੋਧੀ ਨਾਲ ਭਵਿੱਖ ਵਿੱਚ ਫਿਰ ਕਦੇ ਮੁਲਾਕਾਤ ਹੋ ਹੀ ਨਹੀਂ ਸਕੇਗੀ। ਇਸ ਤੋਂ ਪਹਿਲਾਂ ਉਹ ਕੁਝ ਸਾਲ ਪਹਿਲਾਂ ਹੀ ਪਟਿਆਲੇ ਯੂਨੀਵਰਸਿਟੀ ਅਤੇ ਚੰਡੀਗੜ੍ਹ ਵੀ ਆਪਣੇ ਖ਼ਾਵੰਦ ਪ੍ਰੋਫੈ਼ਸਰ ਸਾਬਰ ਲੋਧੀ ਨਾਲ ਆਈ ਸੀ। ਨਾਲ ਬੀਬੀ ਅਫ਼ਜ਼ਲ ਤੌਸੀਫ਼ ਵੀ ਸੀ। ਉਦੋਂ ਫ਼ਰਖੰਦਾ ਲੋਧੀ ਨੂੰ ਨੇੜਿਉਂ ਹੋ ਕੇ ਸਮਝਣ ਦਾ ਮੌਕਾ ਮਿਲਿਆ। ਉਹ ਇੱਕ ਧੜੱਲੇਦਾਰ ਤੇ ਨਿੱਡਰ ਕਹਾਣੀਕਾਰ ਸੀ। ਮੁਆਸ਼ਰੇ (ਸਮਾਜ) ਵਿਚ ਔਰਤ ਨੂੰ ਮਰਦ ਸਮਾਜ ਦੀਆਂ ਵਧੀਕੀਆਂ ਕਿਸ ਹੱਦ ਤੱਕ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ, ਇਹਨਾਂ ਪੱਖਾਂ ਨੂੰ ਉਸ ਨੇ ਬੇਬਾਕੀ ਨਾਲ ਆਪਣੇ ਅਫ਼ਸਾਨਿਆਂ ਵਿੱਚ ਦ੍ਰਿਸ਼ਟੀਗੋਚਰ ਕੀਤਾ। ਹਾਲਾਂਕਿ ਕਈ ਕਹਾਣੀਆਂ ਕਾਰਨ ਉਸ ਨੂੰ ਨਰਾਜ਼ਗੀ ਵੀ ਸਹੇੜਨੀ ਪਈ ਸੀ। ਪਰ ਉਹ ਆਪਣੀ ਚਾਲੇ ਤੁਰਦੀ ਰਹੀ।



ਫ਼ਰਖੰਦਾ ਲੋਧੀ ਦਾ ਜਨਮ 21 ਮਾਰਚ, 1937 ਨੂੰ ਚੜ੍ਹਦੇ ਪੰਜਾਬ ਵਿਚ ਹੁਸਿ਼ਆਰਪੁਰ ਵਿਖੇ ਹੋਇਆ ਸੀ। ਦੇਸ਼ ਵੰਡ ਸਮੇਂ ਫ਼ਰਖੰਦਾ ਮਾਪਿਆਂ ਨਾਲ ਪਾਕਿਸਤਾਨ ਹਿਜ਼ਰਤ ਕਰ ਗਈ।ਉਦੋਂ ਮਸਾਂ ਗਿਆਰਾਂ ਵਰ੍ਹਿਆਂ ਦੀ ਬਾਲੜੀ ਸੀ ਉਹ। ਉਸ ਦੇ ਵਾਲਿਦ ਹੱਕ ਨਿਵਾਜ਼ ਖਾਂ ਅਤੇ ਵਾਲਿਦਾ (ਮਾਂ) ਵਸੀਰ ਬੇਗਮ ਠੇਠ ਪੰਜਾਬੀ ਬੋਲਣ ਵਾਲਿਆਂ ਵਿਚੋਂ ਸਨ।  ਫ਼ਰਖ਼ੰਦਾ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਵਿਚਰਦੀ ਰਹੀ। ਪਹਿਲਾਂ ਵਿਦਿਆਰਥਣ ਦੇ ਰੂਪ ਵਿਚ ਅਤੇ ਫਿਰ ਨੌਕਰੀਪੇਸ਼ਾ ਔਰਤ ਦੇ ਰੂਪ ਵਿਚ। ਉਹ ਲੰਮਾ ਸਮਾਂ ਸਰਕਾਰੀ ਕਾਲਜ ਲਾਹੌਰ ਵਿਖੇ ਮੁੱਖ ਲਾਇਬ੍ਰੇਰੀਅਨ ਰਹੀ। ਉਥੋਂ ਦੀਆਂ ਵਰ੍ਹਿਆਂ ਪੁਰਾਣੀਆਂ ਕਿਤਾਬਾਂ, ਅਖ਼ਬਾਰਾਂ ਅਤੇ ਰਸਾਲਿਆਂ ਨੂੰ ਵਿਗਿਆਨਕ ਢੰਗ ਨਾਲ ਮੁੜ ਤੋਂ ਸਿਲਸਿਲੇਵਾਰ ਕਰਦਿਆਂ ਉਸ ਨੇ ਆਪਣੀ ਸਿਹਤ ਦੀ ਪਰਵਾਹ ਨਾ ਕੀਤੀ।1997 ਵਿਚ ਰਿਟਾਇਰ ਹੋਈ ਤਾਂ ਉਦੋਂ ਤੱਕ ਉਹ ਲਾਇਬ੍ਰੇਰੀ ਦੇ ਅਤਿ ਪੁਰਾਣੇ ਰਿਕਾਰਡ ਨਾਲ ਵਰ੍ਹਿਆਂ ਬੱਧੀ ਦੋ ਚਾਰ ਹੁੰਦਿਆਂ ਰਹਿਣ ਕਾਰਨ ਅਜਿਹੀ ਬਿਮਾਰੀ ਦੀ ਲਪੇਟ ਵਿਚ ਆ ਚੁੱਕੀ ਸੀ ਲੱਗੀ ਕਿ ਉਹਦੀ ਆਵਾਜ਼ ਚਲੀ ਗਈ।ਬਿਮਾਰੀ ਦੇ ਲੱਛਣ ਪਹਿਲਾਂ ਛੁਪੇ ਰਹੇ ਪਰ ਫਿਰ ਹੌਲੀ ਹੌਲੀ ਉਜਾਗਰ ਹੁੰਦੇ ਗਏ। ਲਾਹੌਰੋਂ ਛਪਦੇ ‘ਲਹਿਰਾਂ`, ‘ਪਖੇਰੂ`, ‘ਲਿਖਾਰੀ`, ‘ਸਰਘੀ` ਤੇ ਹੋਰ ਪੰਜਾਬੀ ਰਸਾਲਿਆਂ ਸਮੇਤ ਲਿਖਾਰੀਆਂ ਨੇ ਉਹਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਪਰ ਐ ਕੁਦਰਤ ! ਤੇਰੀ ਲੀਲ੍ਹਾ !

ਫ਼ਰਖ਼ੰਦਾ ਲੋਧੀ ਨੇ ਪੰਜਾਬੀ ਕਹਾਣੀ ਦੇ ਪਿੜ ਵਿਚ ਕਾਮਯਾਬੀ ਹਾਸਲ ਕੀਤੀ। ਜਦੋਂ ਪਾਕਿਸਤਾਨ ਪੰਜਾਬੀ ਅਦਬੀ ਬੋਰਡ, ਲਾਹੌਰ ਵੱਲੋਂ ਉਸ ਦਾ ਪਹਿਲਾ ਪੰਜਾਬੀ ਕਹਾਣੀ ਸੰਗ੍ਰ਼ਹਿ ‘ਚੰਨੇ ਦੇ ਓਹਲੇ` (1984) ਅਤੇ ਫਿਰ ਕਹਾਣੀ ਸੰਗ੍ਰਿਹਿ ‘ਹਿਰਦੇ ਵਿਚ ਤ੍ਰੇੜਾਂ` (1995) ਪ੍ਰਕਾਸਿ਼ਤ ਹੋਏ ਤਾਂ ਵਿਚ ਛਪਿਆ ਸੀ ਤਾਂ ਪਾਕਿਸਤਾਨ ਦੀਆਂ ਦਲੇਰ ਪੰਜਾਬੀ ਲੇਖਕਾਵਾਂ ਵਿਚ ਉਸ ਦਾ ਖ਼ਾਸ ਨੋਟਿਸ ਲਿਆ ਜਾਣ ਲੱਗ ਪਿਆ। ਡਾ.ਨਿਰਮਲ ਸਿੰਘ, ਸਕੱਤਰ, ਪੰਜਾਬੀ ਸੱਥ ਲਾਂਬੜਾ ਹੁਰਾਂ ਨੇ ਉਸ ਦੀ ਇੱਕ ਚਰਚਿੱਤ ਕਹਾਣੀ ‘ਬੋਟੀਆਂ` ਨੂੰ ‘ਅੰਬਰ ਕਾਲਾ ਇਤਿ ਵਿੱਧ ਹੋਇਆ` (1999) ਵਿਚ ਲਿਪੀਅੰਤਰ ਕਰਕੇ ਛਾਪਿਆ ਅਤੇ ਉਸ ਨੂੰ ਮਾਣ ਦਿੱਤਾ।ਉਸ ਦੀ ਪਹਿਲੀ ਕਹਾਣੀ ‘ਪਾਰਵਤੀ` ਹਿੰਦ ਪਾਕਿ ਵੰਡ ਦੇ ਦੁਖਾਂਤ ਦਾ ਹੀ ਦ੍ਰਿਸ਼ ਹੈ ਜਿਸ ਵਿਚ ਮੁਹੱਬਤ ਲਈ ਭਟਕਦੀ ਔਰਤ ਦਾ ਹਿਰਦੇਵੇਧਕ ਰੂਪ ਪੇਸ਼ ਹੋਇਆ ਹੈ।ਉਸ ਦੀਆਂ ਕਹਾਣੀਆਂ ‘ਤਿਲਕਣ ਬਾਜ਼ੀ`,‘ਕੁੰਦਨ`, ‘ਸਹੁੰ ਰੱਬ ਦੀ`, ‘ਬੋਟੀਆਂ` ਅਤੇ ‘ਉਤਰ ਕਾਟੋ ਮਂੈ ਚੜ੍ਹਾਂ` ਭਾਵੇਂ ਇਲਾਮਤੀ (ਪ੍ਰਤੀਕਾਤਮਕ) ਸ਼ੈਲੀ ਵਿਚ ਲਿਖੀਆਂ ਹੋਈਆਂ ਹਨ ਪਰੰਤੂ ਇਸ ਦੇ ਬਾਵਜੂਦ ਵੀ ਇਹਨਾਂ ਕਹਾਣੀਆਂ ਵਿਚ ਕਹਾਣੀ ਰਸ ਦੀ ਘਾਟ ਮਹਿਸੂਸ ਨਹੀਂ ਹੁੰਦੀ। ‘ਇਕ ਚੁੱਪ`, ‘ਧਰਤੀ ਬਾਬਲ`, ‘ਚੰਨੇ ਦੇ ਉਹਲੇ` ਅਤੇ ‘ਸਭ ਕੂੜ ਏ` ਕਹਾਣੀਆਂ ਮਿੱਟੀ ਦੇ ਮੋਹ ਅਤੇ ਵਿਰਾਸਤ ਪ੍ਰਤੀ ਲਗਉ ਦੇ ਨਾਲ ਨਾਲ ਮੁਹੱਬਤ ਦੀਆਂ ਖ਼ੂਬਸੂਰਤ ਮਿਸਾਲਾਂ ਹਨ। ਦੇਸ਼ ਵੰਡ ਦੇ ਦਰਦ ਦੀ ਕਹਾਣੀ ਨੂੰ ਇਕ ਬਲੂੰਗੜੇ ਦੇ ਪ੍ਰਤੀਕ ਰਾਹੀਂ ਬਿਆਨ ਕਰਦੀ ਉਸ ਦੀ ਇਕ ਕਹਾਣੀ ‘ਵਿੱਥ ਭਰ ਖੁੱਲ੍ਹ` ਦੀ ਨਾਇਕਾ ਤਸਲੀਮ ਆਪਣੀ ਸਹੇਲੀ ਨਾਲ ਗੱਲਾਂ ਦੌਰਾਨ ਵਿਘਨਕਾਰੀ ਸਮਝਦੀ ਹੋਈ ਪਾਲਤੂ ਬਲੂੰਗੜੇ ਨੂੰ ਉਸ ਨੂੰ ਬਾਂਡੇ ਵਿਚ ਲਿਜਾ ਕੇ ਜਾਲੀ ਵਿਚ ਬੰਦ ਕਰ ਆਉਂਦੀ ਹੈ। ਬਲੂੰਗੜਾ ਜਾਲੀ ਵਾਲੇ ਬੂਹੇ ਨੂੰ ਨਹੁੰਦਰਾਂ ਮਾਰ ਮਾਰ ਕੇ ਪੰਜੇ ਜ਼ਖ਼ਮੀ ਕਰ ਲੈਂਦਾ ਹੈ। ਫਿਰ ਜਾਲੀ ਦੇ ਬੂਹੇ ਵਿਚੋਂ ਜ਼ਖ਼ਮੀ ਪੰਜਾ ਹੇਠਾਂ ਨੂੰ ਲਮਕਾ ਲੈਂਦਾ ਹੈ।ਜੋ ਇਸ ਗੱਲ ਦਾ ਸੰਕੇਤ ਹੈ ਕਿ ਜਾਲੀ ਭਾਵ ਬੰਦੀਖਾਨੇ ਤੋਂ ਬਾਹਰ ਜੋ ਆਜ਼ਾਦੀ ਹੈ, ਸੁੱਖ ਹੈ, ਖੁੱਲ੍ਹ ਤੇ ਮਰਜ਼ੀ ਹੈ, ਹਵਾ ਤੇ ਧੁੱਪ ਹੈ,ਉਹ ਬੰਦੀਖਾਨੇ ਵਿਚ ਨਹੀਂ।ਲੋਧੀ ਦੀ ਇਸ ਕਹਾਣੀ ਦੀ ਤਾਰੀਫ਼ ਕਰਦਿਆਂ ਪ੍ਰਸਿੱਧ ਪੰਜਾਬੀ ਡਰਾਮਾ ਨਿਗਾਰ ਸੱਜਾਦ ਹੈਦਰ ਨੇ ਕਿਹਾ ਹੈ ਕਿ ‘ਕੰਨ ਖੁੱਲ੍ਹੇ ਰੱਖਣ ਵਾਲੇ` ਦਰਦਮੰਦ ਕਦੀ ਕਦੀ ਬੇਜ਼ਬਾਨ ਜਾਨਵਰਾਂ ਦੇ ਮੂੰਹੋਂ ਵੀ ਬੋਲਦੇ ਹਨ।`` ਉਸ ਦੇ ਸਿਰਜੇ ‘ਫੂਲਾਂ ਤੇਲਣ`, ‘ਕੇਸਰਾਂ`,‘ਗਫ਼ੂਰਾਂ`,‘ਸੀਨਾ`,‘ਸ਼ਰਫ਼`,‘ਰਹਿਮਤ ਬੀਬੀ` ਅਤੇ ‘ਵਸੀਮ` ਵਰਗੇ ਸਾਧਾਰਨ, ਬੁੱਧੀਮਾਨ, ਗਾਲੜ੍ਹੀ, ਠੰਢੇ-ਮਿੱਠੇ, ਸਾਊ, ਅਣਭੋਲ, ਗੁੱਸੈਲ ਜਾਂ ਨੇਕ ਪਾਤਰ ਪਾਠਕਾਂ ਦੇ ਦਿਲਾਂ ਵਿਚ ਘਰ ਕਰ ਜਾਂਦੇ ਹਨ।

ਫ਼ਰਖੰਦਾ ਲੋਧੀ ਨੂੰ ਪੰਜਾਬੀ ਜ਼ਬਾਨ ਅਤੇ ਅਦਬ ਉਪਰ ਅਬੂਰ ਹਾਸਲ ਸੀ।ਉਹ ਆਪਣੀਆਂ ਲਿਖਤਾਂ ਵਿਚ ਉਹਨਾਂ ਲੋਕਾਂ ਦੀ  ਘਟੀਆ ਮਾਨਸਿਕਤਾ ਅਤੇ ਭੇਖ ਦਾ ਖੂ਼ਬ ਜਨਾਜ਼ਾ ਕੱਢਣਾ ਜਾਣਦੀ ਸੀ ਜਿਨ੍ਹਾਂ ਦੀ ਮਾਤਭਾਸ਼ਾ ਤਾਂ ਪੰਜਾਬੀ ਹੈ ਪਰ ਗੁਣਗਾਣ ਕਿਸੇ ਹੋਰ ਵਿਦੇਸ਼ੀ ਭਾਸ਼ਾ ਦਾ ਕਰਦੇ ਹਨ। ਇੱਕ ਗੱਲ ਆਮ ਕਹਿੰਦੀ ਸੀ ਕਿ ਖ਼ੌਰੇ ਸਾਨੂੰ ਲੋਕਾਂ ਨੂੰ ਇਹ ਵਹਿਮ ਕਿਉਂ ਹੈ ਕਿ ਪੰਜਾਬੀ ਜ਼ਬਾਨ ਇਸ ਦੇ ਕਾਬਲ ਨਹੀਂ ਕਿ ਆਪਣੀ ਸੋਚ ਨੂੰ ਦੂਜੇ ਤਾਈਂ ਅਪੜਾ ਸਕੇ। ਸਾਡੇ ਦਿਲਾਂ ਵਿਚ ਖ਼ੌਰੇ ਇਹ ਭੈਅ ਕਿਉਂ ਏ ਪਈ ਆਪਣੀ ਬੋਲੀ ਵਿਚ ਲਿਖਣ ਨਾਲ ਬੰਦਾ ਨਿੱਕਾ ਹੋ ਜਾਂਦਾ ਏ। ਉਹਦਾ ਇੱਜ਼ਤਮਾਣ ਘੱਟ ਜਾਂਦਾ ਏ ਤੇ ਪਛਾਣ ਮੱਠੀ ਪੈ ਜਾਂਦੀ ਏ। ਪਤਾ ਨਹੀਂ ਅਸੀਂ ਪੰਜਾਬੀ ਇੰਜ ਕਿਉਂ ਸੋਚਦੇ ਆਂ ? ਇਸ ਸੋਚ ਪਿੱਛੇ ਕਿਸ ਦੇ ਫਾਇਦੇ ਨੇ ? ਪੰਜਾਬੀਆਂ ਦੇ ? ਪਾਕਿਸਤਾਨ ਦੇ ? ਜਾਂ ਕਿਸੇ ਹੋਰ ਦੇ ? ਸਾਹਮਣੇ ਨਹੀਂ ਆਉਂਦਾ। ਉਹ ਪਾਕਿਸਤਾਨ ਦੇ ਤਾਨਾਸ਼ਾਹ ਜਿ਼ਆ-ਉਲ-ਹੱਕ ਦੇ ਜ਼ਮਾਨੇ ਵਿਚ ਵੀ ਆਪਣੀ ਮਾਂ ਬੋਲੀ ਵਿਚ ਹੱਕ ਸੱਚ ਦੀ ਗੱਲ ਬੇਖੌਫ਼ ਹੋ ਕੇ ਲਿਖਦੀ ਰਹੀ।

ਜਿੱਥੇ ਫ਼ਰਖੰਦਾ ਲੋਧੀ ਨੇ ਉਰਦੂ ਵਿਚ ਵੀ ‘ਹਸਰਤ ਅਰਜ਼ ਤਮੰਨਾ`(ਨਾਵਲ), ‘ਸ਼ਹਿਰ ਕੇ ਲੋਗ,` ‘ਆਰਸੀ`, ‘ਖ਼ਵਾਬੋਂ ਕੇ ਖੇਤ` ਅਤੇ ‘ਰੋਮਾਂ ਕੀ ਮੌਤ` ਵਰਗੇ ਕਥਾ ਸੰਗ੍ਰਹਿ ਲਿਖੇ ਉਥੇ ਬੱਚਿਆਂ ਲਈ ਵੀ ਲਗਭਗ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕਰਕੇ ਬਾਲ ਸਾਹਿਤ ਖੇਤਰ ਨੂੰ ਵਿਕਸਿਤ ਕੀਤਾ।ਆਪਣੀ ਆਖ਼ਰੀ ਉਮਰੇ ਉਹ ਮਾਸਿਕ ‘ਪਖੇਰੂ` (ਲਾਹੌਰ) ਵਿਚ ਬਾਲ ਅਦਬ ਲਗਾਤਾਰ ਲਿਖ ਰਹੀ ਸੀ। ਉਸ ਨੇ ਅਸੂਲ ਨਾਲੋਂ ਕਦੇ ਪੱਲਾ ਨਾ ਛੱਡਿਆ।ਅਨੇਕ ਵੱਡੇ ਵੱਡੇ ਸਨਮਾਨ ਉਹਦੀ ਝੋਲੀ ਵਿਚ ਪਏ।

5 ਮਈ, 2010 ਨੂੰ ਰਾਤੀਂ ਲਗਭਗ 11 ਵਜੇ ਉਹ ਲਾਹੌਰ ਦੇ ਵਾਪਡਾ ਟਾਊਨ ਵਿਚਲੇ ਘਰ ਵਿਚ ਹੀ ਆਪਣੇ ਖ਼ਾਵੰਦ ਪ੍ਰੋ. ਸਾਬਰ ਲੋਧੀ ਅਤੇ ਬੇਟੀ ਸਰਿਤਾ ਸਮੇਤ ਚੜ੍ਹਦੇ ਲਹਿੰਦੇ ਪੰਜਾਬ ਦੇ ਵੱਡੀ ਗਿਣਤੀ ਦੇ ਪੰਜਾਬੀ ਪਾਠਕਾਂ ਨੂੰ ਸਦੀਵੀ ਅਲਵਿਦਾ ਆਖ ਗਈ। ਮਕਬੂਲ ਪੰਜਾਬੀ ਗਾਇਕ ਸ਼ੌਕਤ ਅਲੀ, ਪੰਜਾਬੀ ਲਿਖਾਰੀਆਂ ਇਕਬਾਲ ਕੈਸਰ, ਅਸ਼ਰਫ਼ ਸੁਹੇਲ ਸਮੇਤ ਵੱਡੀ ਗਿਣਤੀ ਵਿਚ ਪੰਜਾਬੀ ਸਨੇਹੀ ਉਸ ਦੇ ਜਨਾਜ਼ੇ ਵਿਚ ਸ਼ਾਮਿਲ ਹੋਏ।

ਫ਼ਰਖੰਦਾ ਲੋਧੀ ਦਾ ਨਾਂ ਪੰਜਾਬੀ ਅਦਬ ਦੇ ਸਫਿ਼ਆਂ ਉਪਰ ਅਮਿੱਟ ਰਹੇਗਾ।


        ਸੰਪਰਕ: 98144 23703

Comments

manjit indira

Farakhda Lodhi bare bharpur jankari den lai main nijji tour te Ashat di dhanvadi han

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ