Fri, 06 December 2024
Your Visitor Number :-   7277544
SuhisaverSuhisaver Suhisaver

ਨਵੀਂ ਪੀੜ੍ਹੀ ਦੇ ਨਜ਼ਰੀਏ ਨੂੰ ਉਭਾਰਨ ਦੀ ਪਹਿਲਕਦਮੀ : ਇੱਕ ਸ਼ੁਭ-ਸ਼ਗਨ -ਡਾ. ਬਲਦੇਵ ਸਿੰਘ ਧਾਲੀਵਾਲ

Posted on:- 01-01-2013

suhisaver

ਸਾਲ 2012 ਦੀ ਪੰਜਾਬੀ ਕਹਾਣੀ

    
ਅਗਲੇ ਚਾਰ-ਪੰਜ ਦਹਾਕਿਆਂ ਵਿਚ ਪੰਜਾਬੀ ਭਾਸ਼ਾ ਦੇ ਅਲੋਪ ਹੋ ਜਾਣ ਦੀਆਂ ਨਿਰਾਸ਼ਾਜਨਕ ਖ਼ਬਰਾਂ ਦੇ ਬਾਵਜੂਦ ਪੰਜਾਬੀ ਕਹਾਣੀਕਾਰ ਨੇ ਅਜੇ ਦਿਲ ਨਹੀਂ ਛੱਡਿਆ। ਉਸ ਨੇ ਪੂਰੇ ਜੋਸ਼ ਨਾਲ ਸਿਰਜਣਾ ਦਾ ਕਾਰਜ ਜਾਰੀ ਰੱਖਿਆ ਹੋਇਆ ਹੈ। ਇਸ ਕਰਕੇ ਇਸ ਵਰ੍ਹੇ ਵੀ ਸੌ ਕੁ ਦੇ ਕਰੀਬ ਗੌਲਣਯੋਗ ਮੌਲਿਕ ਪੰਜਾਬੀ ਕਹਾਣੀਆਂ ਵੱਖ-ਵੱਖ ਮਾਧਿਅਮਾਂ ਰਾਹੀਂ ਛਪ ਕੇ ਸਾਹਮਣੇ ਆਈਆਂ ਹਨ। ਨਿਰਸੰਦੇਹ ਇਸ ਵਿਚ ਤਕਰੀਬਨ ਸੱਤਰ ਫੀਸਦੀ ਹਿੱਸਾ ਭਾਰਤੀ ਪੰਜਾਬ ਦੇ ਕਹਾਣੀਕਾਰਾਂ ਨੇ ਪਾਇਆ ਹੈ। ਪਰਵਾਸੀ ਪੰਜਾਬੀ ਕਹਾਣੀਕਾਰ ਵੀ ਆਪਣੀ ਗਿਣਤੀ ਦੇ ਅਨੁਪਾਤ ਮੁਤਾਬਕ ਢੁੱਕਵਾਂ ਯੋਗਦਾਨ ਪਾ ਰਹੇ ਹਨ ਪਰ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਖੜੋਤ ਦਾ ਸ਼ਿਕਾਰ ਨਜ਼ਰ ਆਉਂਦਾ ਹੈ।
    
ਇਹ ਤੱਥ ਹੈਰਾਨ-ਪਰੇਸ਼ਾਨ ਕਰਨ ਵਾਲਾ ਹੈ ਕਿ ਅੱਠ ਨੌ ਕਰੋੜ ਦੀ ਪੰਜਾਬੀ ਆਬਾਦੀ ਵਾਲੇ ਪਾਕਿਸਤਾਨ, ਜਿਸ ਕੋਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਵਡਮੁੱਲੀ ਵਿਰਾਸਤ ਵੀ ਹੈ ਅਤੇ ਸ਼ਾਹਮੁਖੀ ਲਿੱਪੀ ਵੀ, ਉਹ ਕਹਾਣੀ ਸਿਰਜਣਾ ਦੇ ਮਾਮਲੇ ਵਿਚ ਇੰਨੇ ਪਛੜੇਵੇਂ ਦਾ ਸ਼ਿਕਾਰ ਕਿਉਂ ਹੈ ? ਪਾਕਿਸਤਾਨੀ ਪੰਜਾਬੀਆਂ ਦੀ ਵੱਡੀ ਗਿਣਤੀ ਅਰਬ ਅਤੇ ਪੱਛਮੀ ਮੁਲਕਾਂ ਵਿਚ ਵਸਦੀ ਹੈ ਪਰ ਪਾਕਿਸਤਾਨੀ ਪੰਜਾਬੀ ਡਾਇਸਪੋਰਾ ਦੇ ਹਾਲ-ਹਵਾਲ ਦੱਸਣ ਵਾਲਾ ਇਕ ਵੀ ਗੌਲਣਯੋਗ ਕਹਾਣੀਕਾਰ ਨਹੀਂ। ਕਹਾਣੀਕਾਰ ਅਮੀਨ ਮਲਿਕ ਇੰਗਲੈਂਡ ਦਾ ਵਾਸੀ ਹੈ ਪਰ ਉਹ ਵੀ ਲਿਖਦਾ ਹਮੇਸ਼ਾਂ ਪਾਕਿਸਤਾਨ ਦੇ ਜਗੀਰੂ ਸਮਾਜ ਬਾਰੇ ਹੈ। ਇਹੀ ਹਾਲ ਸਵੀਡਨ ਵਸਦੇ ਆਸ਼ਫ ਸ਼ਾਹਕਾਰ ਦਾ ਹੈ।

ਮੈਨੂੰ ਖਦਸ਼ਾ ਸੀ ਕਿ ਸ਼ਾਇਦ ਤਾਜ਼ਾ-ਤਰੀਨ ਪਾਕਿਸਤਾਨੀ ਪੰਜਾਬੀ ਕਹਾਣੀ ਬਾਰੇ ਮੇਰੀ ਵਾਕਫ਼ੀ ਵਿਚ ਘਾਟ ਹੋਵੇਗੀ। ਇਸ ਲਈ ਮੈਂ ਕਹਾਣੀਕਾਰ, ਸੰਪਾਦਕ, ਪ੍ਰਕਾਸ਼ਕ ਅਤੇ ਸਰਗਰਮ ਚਿੰਤਕ ਮਕਸੂਦ ਸਾਕਿਬ ਨਾਲ ਰਾਬਤਾ ਬਣਾ ਕੇ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਸਾਲ ਸਈਅਦ ਗਜ਼ਨਫ਼ਰ ਹੁਸੈਨ ਬੁਖਾਰੀ ਦਾ ਇਕੋ-ਇਕ ਕਹਾਣੀ-ਸੰਗ੍ਰਹਿ ‘ਸੂਰਜ ਉੱਗਣ ਤੋਂ ਪਹਿਲਾਂ' ਸੁਚੇਤ ਕਿਤਾਬ ਘਰ, ਲਾਹੌਰ ਵੱਲੋਂ ਪ੍ਰਕਾਸ਼ਿਤ ਹੋਇਆ ਹੈ।

ਉਸ ਨੇ ਜਿਨ੍ਹਾਂ ਛੇ ਕੁ ਹੋਰ ਜਿਕਰਯੋਗ ਕਹਾਣੀਆਂ ਦੀ ਦੱਸ ਪਾਈ, ਉਹ ਇਸ ਪ੍ਰਕਾਰ ਹਨ : ਗਊ ਮਾਤਾ, ਆਂਦਰਾਂ ਦੇ ਜੰਦਰੇ (ਇਸਮਤ ਖਾਲਿਦ), ਬਿੱਲੀ, ਤਰਸੀ ਰੂਹ (ਜ਼ਿੱਲੇ ਹੁਨਾ ਬੁਖ਼ਾਰੀ), ਖੋਟੀਆਂ ਰਾਹਵਾਂ (ਅਜ਼ਰਾ ਵੱਕਾਰ), ਧੁੱਪ-ਛਾਂ (ਸਾਬਰ ਅਲੀ ਸਾਬਰ) ਆਦਿ। ਪਹਿਲੀਆਂ ਪੰਜ ਰਿਸਾਲੇ ‘ਪੰਚਮ' ਵਿਚ ਅਤੇ ਛੇਵੀਂ ਧੁੱਪ-ਛਾਂ ਪੰਜਾਬੀ ਅਦਬ ਵਿਚ ਪ੍ਰਕਾਸ਼ਿਤ ਹੋਈ ਹੈ। ਇਨ੍ਹਾਂ ਤੋਂ ਇਲਾਵਾ ਕੁਝ ਕਹਾਣੀਆਂ ਲਿੱਪੀਅੰਤਰ ਰੂਪ ਵਿਚ ਗੁਰਮੁਖੀ ਲਿੱਪੀ ਰਾਹੀਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਜੱਜ (ਮੁਹੰਮਦ ਆਸਿਫ਼ ਰਜ਼ਾ, ਹੁਣ, ਮਈ-ਅਗਸਤ), ਪਾਣੀ ਦੇ ਪਹਾੜ (ਸਲੀਮ ਖਾਂ ਗਿੰਮੀ, ਹੁਣ, ਸਤੰਬਰ-ਦਸੰਬਰ), ਗੁਲਾਬੀ ਕੋਟ (ਕਹਿਕਸਾਂ ਕੰਵਲ, ਏਕਮ, ਜੁਲਾਈ-ਸਤੰਬਰ) ਤਾਵਾਨ (ਅਮੀਨ ਮਲਿਕ, ਏਕਮ, ਅਕਤੂਬਰ-ਦਸੰਬਰ), ਕਰਾਮਾਤ (ਅਮੀਨ ਮਲਿਕ, ਸਿਰਜਣਾ, ਜੁਲਾਈ-ਸਤੰਬਰ) ਆਦਿ ਸ਼ਾਮਿਲ ਹਨ।
    
ਪਾਲ ਸਿੰਘ ਵੱਲਾ ਦੁਆਰਾ ਲਿੱਪੀਅੰਤਰ ਕੀਤੀ ਗਈ ਕਹਾਣੀ ‘ਗੁਲਾਬੀ ਕੋਟ' ਔਰਤ ਪਾਤਰ ਆਮਨਾ ਦੇ ਕੋਮਲ ਅਹਿਸਾਸਾਂ ਦਾ ਸੂਖ਼ਮ ਪ੍ਰਗਟਾਵਾ ਕਰਨ ਵਾਲੀ ਹੈ। ਆਮਨਾ ਦਾ ਪਤੀ ਇਸ ਕਰਕੇ ਉਸ ਨੂੰ ਗੁਲਾਬੀ ਕੋਟ ਖਰੀਦਣ ਨਹੀਂ ਦਿੰਦਾ ਕਿਉਂਕਿ ਉਸ ਅਨੁਸਾਰ ਇਹ ਰੰਗ ਪੈਂਤੀ-ਚਾਲੀ ਸਾਲ ਦੀ ਉਮਰ ਵਾਸਤੇ ਢੁੱਕਵਾਂ ਨਹੀਂ। ਇਸ ਤਰ੍ਹਾਂ ਬਹੁਤ ਮਾਮੂਲੀ ਖਾਹਸ਼ ਵੀ ਮਨਮਰਜ਼ੀ ਨਾਲ ਪੂਰੀ ਨਾ ਕਰ ਸਕਣ ਕਰਕੇ ਆਮਨਾ ਬਹੁਤ ਮਾਯੂਸ ਹੋ ਜਾਂਦੀ ਹੈ। ਉਸ ਨੂੰ ਆਪਣੀ ਹੋਂਦ ਪੱਥਰ ਜਾਂ ਪਲਾਸਟਿਕ ਦੀ ਮੂਰਤੀ ਵਰਗੀ ਜਾਪਦੀ ਹੈ।
    
ਕਹਾਣੀ ‘ਕਰਾਮਾਤ' ਬੱਤੋ ਉਰਫ਼ ਬਰਕਤੇ ਲੰਬੜਦਾਰਨੀ ਦਾ ਬਿਰਤਾਂਤ ਪੇਸ਼ ਕਰਦੀ ਹੈ। ਜਵਾਨ ਉਮਰੇ ਵਿਧਵਾ ਹੋਈ ਬੱਤੋ ਪ੍ਰਸਥਿਤੀਆਂ ਵੱਸ ਪੀਰ ਬੇੜਾ ਪਾਰ ਦੇ ਦਰਬਾਰ ਦੀ ਹਾਜ਼ਰੀ ਭਰਨ ਲੱਗ ਪੈਂਦੀ ਹੈ। ਸਿੱਟਾ ਪੀਰ ਦੁਆਰਾ ਬੱਤੋ ਦੇ ਗਰਭਵਤੀ ਹੋਣ ਵਾਲਾ ਨਿਕਲਦਾ ਹੈ। ਆਪਣਾ ਪਰਦਾ ਰੱਖਣ ਲਈ ਬੱਤੋ ਆਪਣੇ ਸਿਧਰੇ ਜੇਠ ਨਾਲ ਨਿਕਾਹ ਕਰਨ ਲਈ ਮਜ਼ਬੂਰ ਹੋ ਜਾਂਦੀ ਹੈ। ਬੱਤੋ ਦੀ ਨਣਾਨ ਇਸ ਘਟਨਾ ਨੂੰ ਪੀਰ ਦੀ ਕਰਾਮਾਤ ਆਖਦੀ ਹੈ ਕਿਉਂਕਿ ਜਿਸ ਗੱਲ ਲਈ ਬੱਤੋ ਮੰਨਦੀ ਨਹੀਂ ਸੀ, ਫਿਰ ਉਸ ਲਈ ਆਪ ਹੀ ਤਰਲਾ ਕਰਦੀ ਹੈ।
    
ਕਹਾਣੀ ‘ਤਾਵਾਨ' ਜੈਸੀ ਕਰਨੀ ਵੈਸੀ ਭਰਨੀ ਦੇ ਕਥਨ ਨੂੰ ਸੱਚ ਕਰਦੀ ਹੈ। ਇਕ ਪੇਂਡੂ ਮਾਸਟਰ ਅਤੇ ਡਾਕਟਰ ਵਲ-ਫਰੇਬ ਕਰਕੇ ਔਰਤ ਅਤੇ ਜਾਇਦਾਦ ਦੀ ਪ੍ਰਾਪਤੀ ਲਈ ਯਤਨ ਕਰਦੇ ਹਨ। ਅੰਤ ਆਪਣੀਆਂ ਬੀਵੀਆਂ ਹੱਥੋਂ ਬਾਜ਼ੀ ਹਾਰ ਕੇ ਦੁਰਗਤੀ ਕਰਾਉਂਦੇ ਹਨ।
    
ਅਮੀਨ ਮਲਿਕ ਆਧੁਨਿਕ ਪੱਛਮੀ ਸਮਾਜ ਦਾ ਬਸ਼ਿੰਦਾ ਹੋਣ ਦੇ ਬਾਵਜੂਦ ਆਧੁਨਿਕ ਸੰਵੇਦਨਾ ਤੋਂ ਕੋਰੀ ਕਹਾਣੀ ਲਿਖਦਾ ਹੈ। ਪਰ ਉਸ ਕੋਲ ਜਗੀਰੂ ਰਹਿਤਲ ਵਾਲੀ ਲੱਛੇਦਾਰ ਪੰਜਾਬੀ ਬੋਲੀ ਦਾ ਅਮੁੱਕ ਭੰਡਾਰ ਹੈ ਜਿਸ ਦੇ ਜ਼ਰੀਏ ਉਹ ਬਿਰਤਾਂਤ ਨੂੰ ਰੌਚਿਕ ਅਤੇ ਅਰਥਪੂਰਨ ਬਣਾਉਣ ਦਾ ਹੁਨਰ ਵਰਤਦਾ ਹੈ।
    
ਪਾਕਿਸਤਾਨੀ ਪੰਜਾਬੀ ਸਮਾਜ ਜਿਸ ਰਫ਼ਤਾਰ ਨਾਲ ਜਗੀਰੂ ਰਹਿਤਲ ਤੋਂ ਪੂੰਜੀਵਾਦੀ ਪ੍ਰਬੰਧ ਵਿਚ ਬਦਲ ਰਿਹਾ ਹੈ, ਉਸ ਤੇਜ਼ੀ ਨਾਲ ਪਾਕਿਸਤਾਨੀ ਪੰਜਾਬੀ ਕਹਾਣੀਕਾਰ ਦੀ ਜੀਵਣ-ਦ੍ਰਿਸ਼ਟੀ ਨਹੀਂ ਬਦਲ ਸਕੀ। ਫਲਸਰੂਪ ਪਾਕਿਸਤਾਨੀ ਬੰਦੇ ਦੇ ਰੂਪਾਂਤਰਣ ਦੀ ਪ੍ਰਕਿਰਿਆ ਅਜੇ ਕਹਾਣੀਕਾਰ ਦੀ ਪਕੜ ਵਿਚ ਪੂਰੀ ਤਰ੍ਹਾਂ ਨਹੀਂ ਆ ਰਹੀ। ‘ਗੁਲਾਬੀ ਕੋਟ' ਦੀ ਆਮਨਾ ਦੇ ਆਧੁਨਿਕਮੁਖੀ ਅਰਮਾਨ ਉਸ ਬਦਲੇ ਸਮਾਜ ਦੀ ਜੁਸਤਜੂ ਵੱਲ ਸੰਕੇਤ ਕਰਦੇ ਹਨ ਪਰ ਉਸ ਦਾ ਚਰਿਤਰ-ਚਿਤਰਣ ਪੂਰੀ ਡੂੰਘਾਈ ਨਾਲ ਨਹੀਂ ਹੋ ਸਕਿਆ।
    
ਪਾਕਿਸਤਾਨੀ ਪੰਜਾਬੀ ਕਹਾਣੀ ਦੀ ਤੁਲਨਾ ਵਿਚ ਪਰਵਾਸੀ ਪੰਜਾਬੀ ਕਹਾਣੀ ਦੀ ਗਤੀ ਅਤੇ ਸਮਰੱਥਾ ਵਧੇਰੇ ਨਜ਼ਰ ਆਉਂਦੀ ਹੈ। ਨਵੇਂ ਜੀਵਣ-ਯਥਾਰਥ ਦੀ ਥਾਹ ਪਾਉਣ ਲਈ ਪਰਵਾਸੀ ਪੰਜਾਬੀ ਕਹਾਣੀਕਾਰ ਬਹੁਤ ਉਤਾਵਲਾ ਪ੍ਰਤੀਤ ਹੁੰਦਾ ਹੈ ਭਾਵੇਂ ਇਸ ਉਤਾਵਲੇਪਣ ਕਾਰਣ ਜਟਿਲ ਯਥਾਰਥ ਦੀਆਂ ਵਿਭਿੰਨ ਪਰਤਾਂ ਨੂੰ ਅੱਖੋਂ-ਪਰੋਖੇ ਵੀ ਕਰ ਜਾਂਦਾ ਹੈ। ਇਸ ਦੀ ਮਿਸਾਲ ਵਜੋਂ ‘ਫ਼ਿਲਹਾਲ' ਦੇ ਤਾਜ਼ਾ-ਤਰੀਨ ਅੰਕ ਵਿਚ ਛਪੀ ਹਰਪ੍ਰੀਤ ਸੇਖਾ ਦੀ ਕਹਾਣੀ ‘ਫੇਸ ਬੁੱਕ' ਨੂੰ ਵੇਖਿਆ ਜਾ ਸਕਦਾ ਹੈ। ਇਸ ਵਰ੍ਹੇ ਜਿਹੜੇ ਉਲੇਖਯੋਗ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ ਉਨ੍ਹਾਂ ਵਿਚੋਂ ਕੁਝ ਦਾ ਵੇਰਵਾ ਇਸ ਪ੍ਰਕਾਰ ਹੈ : ਸਟੇਟਸ ਸਿੰਬਲ (ਸੁਰਿੰਦਰ ਸਿੰਘ ਰਾਏ), ਪ੍ਰੀਤੀ (ਜਰਨੈਲ ਸਿੰਘ ਗਰਚਾ), ਟਾਹਣੀਉਂ ਟੁੱਟੇ (ਰਛਪਾਲ ਕੌਰ ਗਿੱਲ), ਗੋਰੀ ਸਰਕਾਰ (ਦਵਿੰਦਰ ਸਿੰਘ ਮਲਹਾਂਸ)।
    
ਸੁਰਿੰਦਰ ਸਿੰਘ ਰਾਏ ਭਾਵੇਂ ਅਜੇ ਸਥਾਪਿਤ ਨਾਂ ਨਹੀਂ ਪਰ ਉਸ ਨੇ ਆਸਟ੍ਰੇਲੀਆ ਦੇ ਪੰਜਾਬੀਆਂ ਦੇ ਜੀਵਣ-ਸਮਾਚਾਰਾਂ ਨਾਲ ਮੁੱਢਲੀ ਸਾਂਝ ਪੁਆਈ ਹੈ। ਜਰਨੈਲ ਸਿੰਘ ਗਰਚਾ ਪ੍ਰੋਢ ਸੋਚ ਵਾਲਾ ਬਿਰਤਾਂਤਕਾਰ ਹੋਣ ਕਰਕੇ ਧਿਆਨ ਖਿੱਚਦਾ ਹੈ। ਰਛਪਾਲ ਕੌਰ ਗਿੱਲ ਨੇ ਆਪਣੀ ਸਕੂਲ-ਅਧਿਆਪਕ ਦੀ ਨੌਕਰੀ ਦੌਰਾਨ ਪ੍ਰਾਪਤ ਵਿਲੱਖਣ ਅਨੁਭਵਾਂ ਨੂੰ ਕਥਾ-ਵਸਤੂ ਬਣਾ ਕੇ ਕਨੇਡੀਅਨ ਜੀਵਣ ਦੇ ਮੂਲੋਂ ਵੱਖਰੇ ਬਹੁ-ਸਭਿਆਚਾਰਵਾਦ ਵਾਲੇ ਪਾਸਾਰ ਤੋਂ ਜਾਣੂੰ ਕਰਵਾਇਆ ਹੈ। ਵਿਭਿੰਨ ਸਭਿਆਚਾਰਾਂ ਦੇ ਪ੍ਰਸੰਗ ਵਿਚ ਬਾਲ-ਮਨੋਵਿਗਿਆਨ ਦੀ ਪੇਸ਼ਕਾਰੀ ਨੇ ਉਸ ਨੂੰ ਵਿਲੱਖਣ ਕਹਾਣੀਕਾਰ ਬਣਾਇਆ ਹੈ ਭਾਵੇਂ ਕਹਾਣੀ ਵਿਧਾ ਨਾਲ ਵਰ ਮੇਚਣ ਲਈ ਉਸ ਨੂੰ ਅਜੇ ਵਾਹਵਾ ਅਭਿਆਸ ਦੀ ਲੋੜ ਹੈ। ਨਵੀਂ ਪੀੜ੍ਹੀ ਦੇ ਦਵਿੰਦਰ ਮਲਹਾਂਸ ਕੋਲ ਅਨੁਭਵ ਦਾ ਸੱਜਰਾਪਣ ਤਾਂ ਹੈ ਹੀ, ਨਾਲ ਨਾਲ ਸੂਖ਼ਮ-ਬਿਆਨੀ ਦਾ ਹੁਨਰ ਇਹ ਸਿੱਧ ਕਰਨ ਲਈ ਕਾਫੀ ਹੈ ਕਿ ਜੇ ਇਕਾਗਰ ਚਿੱਤ ਹੋ ਕੇ ਲੱਗਿਆ ਰਿਹਾ ਤਾਂ ਉਹ ਪਰਵਾਸੀ ਪੰਜਾਬੀ ਕਹਾਣੀ ਦੀ ਨਵੀਂ ਆਸ ਹੈ।
    
ਕਹਾਣੀ ਨੂੰ ਉਚੇਚਾ ਮਹੱਤਵ ਦੇਣ ਵਾਲੇ ਪੰਜਾਬੀ ਦੇ ਚੰਗੇ ਸਾਹਿਤਕ ਰਿਸਾਲਿਆਂ ਵਿਚ ਛਪੀ ਮਿਆਰੀ ਪਰਵਾਸੀ ਪੰਜਾਬੀ ਕਹਾਣੀ ਦਾ ਵੇਰਵਾ ਇਸ ਪ੍ਰਕਾਰ ਹੈ : ਬਰਫ਼ਾਂ ਖਾਣੀ ਹਵਾ (ਹਰਪ੍ਰੀਤ ਸੇਖਾ, ਸਿਰਜਣਾ, ਜਨਵਰੀ-ਮਾਰਚ), ਵਿਡੰਬਨਾ (ਹਰਪ੍ਰੀਤ ਸੇਖਾ, ਹੁਣ, ਜਨਵਰੀ-ਅਪ੍ਰੈਲ), ਸੁੱਤਾ ਮਨੁੱਖ (ਦਰਸ਼ਨ ਸਿੰਘ ਧੀਰ, ਪ੍ਰਵਚਨ, ਜੁਲਾਈ-ਸਤੰਬਰ), ਕਸਟਮਰ ਸਰਵਿਸ (ਬਲਵਿੰਦਰ ਕੌਰ ਬਰਾੜ, ਸਿਰਜਣਾ, ਜੁਲਾਈ-ਸਤੰਬਰ), ਗਰਮ ਹਵਾ ਦਾ ਬੁੱਲਾ (ਮੇਜਰ ਮਾਂਗਟ, ਸਿਰਜਣਾ, ਅਕਤੂਬਰ-ਦਸੰਬਰ), ਚੱਕਰਵਾਤ (ਮੇਜਰ ਮਾਂਗਟ, ਹੁਣ, ਮਈ-ਅਗਸਤ), ਪੌੜੀ (ਇਕਬਾਲ ਸਿੰਘ ਰਾਮੂਵਾਲੀਆ, ਹੁਣ, ਸਤੰਬਰ-ਦਸੰਬਰ), ਖੰਡਰ (ਬਲਬੀਰ ਕੌਰ ਸੰਘੇੜਾ, ਕਹਾਣੀਧਾਰਾ, ਜਨਵਰੀ-ਮਾਰਚ), ਮੈਨੂੰ ਭੁੱਲ ਕੇ ਵਿਖਾ (ਹਰਜੀਤ ਅਟਵਾਲ, ਕਹਾਣੀਧਾਰਾ, ਅਪ੍ਰੈਲ-ਜੂਨ), ਕੁੜੀ (ਦਵਿੰਦਰ ਸਿੰਘ ਮਲਹਾਂਸ, ਕਹਾਣੀਧਾਰਾ, ਅਪ੍ਰੈਲ-ਜੂਨ), ਨਦੀਨ (ਜਰਨੈਲ ਸਿੰਘ, ਹੁਣ, ਸਤੰਬਰ-ਦਸੰਬਰ)। ਇਨ੍ਹਾਂ ਤੋਂ ਇਲਾਵਾ ਪਰਵਾਸੀ ਪੰਜਾਬੀ ਕਹਾਣੀਕਾਰਾਂ ਸਾਧੂ ਸਿੰਘ (ਗੰਗਾ ਕਿਨਾਰੇ, ਸਿਰਜਣਾ, ਅਪ੍ਰੈਲ-ਜੂਨ) ਅਤੇ ਰਿਸ਼ਮਦੀਪ (ਫੁੱਲਾਂ ਵਾਲਾ ਝੋਲਾ, ਹੁਣ, ਜਨਵਰੀ-ਅਪ੍ਰੈਲ) ਦੀਆਂ ਕਹਾਣੀਆਂ ਭਾਵੇਂ ਪਰਵਾਸੀ ਅਨੁਭਵ ਬਾਰੇ ਨਹੀਂ ਪਰ ਆਪਣੀ ਬਿਰਤਾਂਤਕਾਰੀ ਦੇ ਹੁਨਰ ਕਰਕੇ ਉਚੇਚਾ ਧਿਆਨ ਖਿਚਦੀਆਂ ਹਨ।
    
ਇਸ ਸਾਲ ਦੀ ਪਰਵਾਸੀ ਪੰਜਾਬੀ ਕਹਾਣੀ ਵਿਚ ਹਰਪ੍ਰੀਤ ਸੇਖਾ ਦੀਆਂ ਕਹਾਣੀਆਂ ਇਕ ਪਾਸੇ ਪਰਵਾਸੀ ਅਨੁਭਵ ਦੀ ਵਸਤੂ-ਚੋਣ ਦੇ ਪੱਖੋਂ ਕਹਾਣੀਕਾਰ ਦੀ ਲਗਾਤਾਰ ਪ੍ਰੋਢ ਹੋ ਰਹੀ ਜੀਵਨ-ਦ੍ਰਿਸ਼ਟੀ ਦਾ ਸੂਚਕ ਬਣਦੀਆਂ ਹਨ ਤਾਂ ਦੂਜੇ ਪਾਸੇ ਬਿਰਤਾਂਤਕਾਰੀ ਦੇ ਵਿਕਸਤ ਹੋ ਰਹੇ ਹੁਨਰ ਦਾ ਭਰਵਾਂ ਪ੍ਰਗਟਾਵਾ ਕਰਦੀਆਂ ਹਨ। ਪਰਵਾਸੀ ਪੰਜਾਬੀ ਬੰਦੇ ਦੇ ਸੰਕਟਾਂ ਨੂੰ ਨਵੀਂ ਪੀੜ੍ਹੀ ਦੇ ਨਜ਼ਰੀਏ ਤੋਂ ਵੇਖਣ-ਪਰਖਣ ਵੱਲ ਵੀ ਸੇਖਾ ਦੀ ਵਿਸ਼ੇਸ਼ ਰੁਚੀ ਰਹਿੰਦੀ ਹੈ।
    
ਕਹਾਣੀ ‘ਬਰਫ਼ਾਂ ਖਾਣੀ ਹਵਾ' ਵਿਚ ਉਹ ਨਾਰੀ-ਪਾਤਰ ਕਮਲ ਦੇ ਜੀਵਣ-ਬਿਰਤਾਂਤ ਰਾਹੀਂ ਪਰਵਾਸੀ ਪੰਜਾਬੀ ਔਰਤ ਦੀ ਨਵੀਂ ਪਛਾਣ ਦੇ ਮਸਲੇ ਨੂੰ ਨਜਿੱਠਣ ਦਾ ਯਤਨ ਕਰਦਾ ਹੈ। ਵਿਆਹ ਤੋਂ ਬਾਅਦ ਔਰਤ ਦੇ ਨਾਂ ਪਿੱਛੇ ਜੁੜਨ ਵਾਲਾ ਪਤੀ ਦਾ ਉਪਨਾਮ ਕਮਲ ਨੂੰ ਉਸ ਸਮੇਂ ਸਮਾਜਿਕ ਦਰਜੇਬੰਦੀ ਅਤੇ ਮਰਦ-ਪ੍ਰਧਾਨ ਸੋਚ ਦਾ ਪ੍ਰਤੀਕ ਜਾਪਣ ਲੱਗ ਪੈਂਦਾ ਹੈ ਜਦੋਂ ਉਹ ਆਪਣੀ ਨਵੀਂ ਦ੍ਰਿਸ਼ਟੀ ਨਾਲ ਇਸ ਦੇ ਪ੍ਰੇਰਕਾਂ ਨੂੰ ਸਮਝਣ ਦਾ ਯਤਨ ਕਰਦੀ ਹੈ। ਨਿਰਸੰਦੇਹ ਇਹ ਨਵੀਂ ਜੀਵਣ-ਦ੍ਰਿਸ਼ਟੀ ਉਸ ਨੂੰ ਕਨੇਡਾ ਵਿਚ ਆਪਣੀ ਸਵੈ-ਨਿਰਭਰ ਹੋਂਦ ਨੇ ਹੀ ਬਖਸ਼ੀ ਹੈ। ਪਤੀ-ਪਤਨੀ ਦੇ ਨਿਰੰਤਰ ਬਦਲਦੇ ਸੰਬੰਧਾਂ ਨੂੰ ਗਲਪੀ-ਬਿੰਬ ਰਾਹੀਂ ਸਾਕਾਰ ਕਰਨ ਵਾਸਤੇ ਸੇਖਾ ਨੇ ਬਰਫ਼ਬਾਰੀ ਅਤੇ ਬਰਫ਼ਾਂ ਖਾਣੀ ਹਵਾ (ਸ਼ਨੁੱਕ) ਦੇ ਚਿਹਨਾਂ ਨੂੰ ਪੂਰੇ ਪ੍ਰਕਾਰਜੀ ਢੰਗ ਨਾਲ ਇਸਤੇਮਾਲ ਕੀਤਾ ਹੈ। ਪੱਛਮ ਦਾ ਬਰਫ਼ੀਲਾ ਮੌਸਮ ਪ੍ਰਤੀਕ ਰੂਪ ਵਿਚ ਰਿਸ਼ਤਿਆਂ ਵਿਚ ਘਟ ਰਹੇ ਨਿੱਘ ਦਾ ਪ੍ਰਗਟਾਵਾ ਬਣ ਜਾਂਦਾ ਹੈ।
    
ਸੇਖਾ ਦੀ ਕਹਾਣੀ ‘ਵਿਡੰਬਨਾ' ਉਤਮ-ਪੁਰਖੀ ਬਿਰਤਾਂਤਕਾਰ ਦੀ ਮਨੋ-ਅਵਸਥਾ ਦੇ ਚਿਤਰਣ ਰਾਹੀਂ ਪਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਦੀ ਵਿਆਕਰਣ ਨੂੰ ਪੇਸ਼ ਕਰਨ ਦਾ ਯਤਨ ਕਰਦੀ ਹੈ। ਬਿਰਤਾਂਤਕਾਰ ਦੇ ਕਨੇਡਾ ਵਾਸੀ ਪੁੱਤ ਸਰਵਣ ਦੀ ਅਚਾਨਕ ਮੌਤ ਹੋ ਜਾਂਦੀ ਹੈ ਪਰ ਇਸ ਕਹਿਰ ਦੀ ਮੌਤ ਦੇ ਬਾਵਜੂਦ ਸਰਵਣ ਦੇ ਅਤੀ ਕਰੀਬੀ ਰਿਸ਼ਤੇਦਾਰ ਘਰ ਵਿਚ ਹੋਣ ਵਾਲੇ ਵਿਆਹ ਦੀ ਤਰੀਕ ਬਦਲਣ ਲਈ ਵੀ ਤਿਆਰ ਨਹੀਂ। ਉਨ੍ਹਾਂ ਦਾ ਆਪਣੇ ਬੱਚੇ ਦੇ ਵਿਆਹ ਰਾਹੀਂ ਮਿਲਣ ਵਾਲੀ ਕਨੇਡਾ ਦੀ ਇਮੀਗਰੇਸ਼ਨ ਦਾ ਚਾਅ ਸਰਵਣ ਦੀ ਮੌਤ ਦੇ ਸਦਮੇ ਉਤੇ ਭਾਰੀ ਪੈ ਜਾਂਦਾ ਹੈ। ਸੇਖਾ ਨੇ ਚਾਅ ਅਤੇ ਸਦਮੇ ਦੇ ਤਣਾਅ ਵਾਲੇ ਮਾਹੌਲ ਨੂੰ ਬਹੁਤ ਭਾਵਪੂਰਤ ਗਲਪੀ-ਭਾਸ਼ਾ ਰਾਹੀਂ ਮੂਰਤੀਮਾਨ ਕੀਤਾ ਹੈ।
    
ਜਰਨੈਲ ਸਿੰਘ ਦੀ ਕਹਾਣੀ ‘ਨਦੀਨ' ਅਤੇ ਇਕਬਾਲ ਸਿੰਘ ਰਾਮੂਵਾਲੀਆ ਦੀ ਕਹਾਣੀ ‘ਪੌੜੀ' ਕਨੇਡਾ ਵਿਚ ਪਹੁੰਚਣ ਅਤੇ ਹਰ ਹੀਲੇ ਪੱਕੇ ਹੋਣ ਦੀ ਧੁਨ ਵਿਚ ਰਿਸ਼ਤਿਆਂ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਬਲੀ ਚੜ੍ਹਾ ਰਹੇ ਪੰਜਾਬੀਆਂ ਦੀ ਦੁਖਾਂਤਕ ਸਥਿਤੀ ਦਾ ਬਿਰਤਾਂਤ ਸਿਰਜਦੀਆਂ ਹਨ। ਨਾਵਲੀ ਵਿਸਥਾਰ ਦੀ ਜੁਗਤ ਵਾਲੀ ਕਹਾਣੀ ‘ਨਦੀਨ' ਦੀ ਖਾਸੀਅਤ ਉਸ ਸਾਰੀ ਜਟਿਲਤਾ ਨੂੰ ਪਕੜ ਸਕਣ ਵਿਚ ਹੈ ਜਿਹੜੀ ਵੱਖ-ਵੱਖ ਧਿਰਾਂ ਦੀ ਸੌਦੇਬਾਜੀ ਨਾਲ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਨਦੀਨ ਦੇ ਰੂਪਕ ਨੂੰ ਕਹਾਣੀ ਬੁਣਤਰ ਦਾ ਹਿੱਸਾ ਬਣਾ ਕੇ ਇਸਤੇਮਾਲ ਕੀਤਾ ਗਿਆ ਹੈ। ਕਹਾਣੀ ਪੌੜੀ ਵਿਸ਼ੇਸ਼ ਤੌਰ 'ਤੇ ਉਸ ਔਰਤ ਪਾਤਰ ਅੰਦਰ ਮੱਚੀ ਖਲਬਲੀ ਦਾ ਮਨੋਵਿਗਿਆਨਕ ਛੋਹਾਂ ਵਾਲਾ ਚਿਤਰ ਉਲੀਕਦੀ ਹੈ ਜਿਸ ਨਾਲ ਸੌਦੇਬਾਜੀ ਦੌਰਾਨ ਵੱਡਾ ਧੋਖਾ ਹੁੰਦਾ ਹੈ। ਇਨ੍ਹਾਂ ਦੋਹਾਂ ਕਹਾਣੀਆਂ ਵਿਚ ਪਰਵਾਸੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਦੇ ਸੌਦਾਮੁਖੀ ਨਜ਼ਰੀਏ ਵਾਲਾ ਪਾਸਾਰ ਵੀ ਉਭਾਰ ਕੇ ਪੇਸ਼ ਹੁੰਦਾ ਹੈ।
    
ਮੇਜਰ ਮਾਂਗਟ ਸੁਚੇਤ ਅਤੇ ਨਿਰੰਤਰ ਲਿਖਣ ਵਾਲਾ ਕਹਾਣੀਕਾਰ ਹੈ ਭਾਵੇਂ ਉਸ ਦਾ ਫੋਕਸ ਕਲਾਤਮਕਤਾ ਦੀ ਥਾਂ ਸਮਾਜਿਕ ਸਰੋਕਾਰਾਂ ਅਤੇ ਮਾਨਵ-ਵਿਰੋਧੀ ਸਥਿਤੀਆਂ ਉਤੇ ਵਿਅੰਗ ਕਰਨ ਉਤੇ ਵਧੇਰੇ ਰਹਿੰਦਾ ਹੈ। ਕਹਾਣੀ ‘ਚੱਕਰਵਾਤ' ਵਿਚ ਉਹ ਪਰਵਾਸੀ ਬਜੁਰਗਾਂ ਦੇ ਇਕਲਾਪੇ ਅਤੇ ‘ਗਰਮ ਹਵਾ ਦਾ ਬੁੱਲਾ' ਵਿਚ ਔਰਤ ਨਾਲ ਵਿਤਕਰੇ ਦੇ ਸਰੋਕਾਰਾਂ ਨੂੰ ਕਥਾ-ਵਸਤੂ ਬਣਾਉਂਦਾ ਹੈ। ਕਹਾਣੀ ‘ਗਰਮ ਹਵਾ ਦਾ ਬੁੱਲਾ' ਵਿਚ ਔਰਤ ਦੀ ਗੌਰਵ-ਬਹਾਲੀ ਦੇ ਮੁੱਦੇ ਨੂੰ ਬਿਰਤਾਂਤਕਾਰ ਆਪਣੀ ਨਾਰੀਵਾਦੀ ਸੋਚ ਵਾਲੀ ਧੀ ਤਨੂ ਦੇ ਨਜ਼ਰੀਏ ਰਾਹੀਂ ਵੇਖਦਾ ਹੈ। ਇਸ ਤਰ੍ਹਾਂ ਤਨੂ ਉਸ ਨੂੰ ਸ਼ਨੁੱਕ ਜਾਂ ਗਰਮ ਹਵਾ ਦੇ ਬੁੱਲੇ ਵਰਗੀ ਜਾਪਦੀ ਹੈ ਜੋ ਮਰਦ ਪ੍ਰਧਾਨ ਸੋਚ ਵਾਲੇ ਬਰਫ਼ੀਲੇ ਮਾਹੌਲ ਨੂੰ ਪਿਘਲਾ ਦੇਵੇਗੀ।
    
ਬਲਬੀਰ ਕੌਰ ਸੰਘੇੜਾ ਦੀ ਕਹਾਣੀ ‘ਖੰਡਰ' ਇਕ ਬਜੁਰਗ ਪੰਜਾਬੀ ਪਰਵਾਸੀ ਜੋੜੇ ਦੇ ਜੀਵਣ ਵਿਚ ਆ ਚੁੱਕੀ ਵੀਰਾਨਗੀ ਅਤੇ ਉਨ੍ਹਾਂ ਦੀ ਨਿੱਘ ਭਰਿਆ ਜੀਵਣ ਮਾਣਨ ਦੀ ਤਾਂਘ ਦਾ ਵਰਨਣ ਕਰਦੀ ਹੈ। ਬਜੁਰਗ ਜੋੜੇ ਨੂੰ ਇਹ ਤਾਂ ਪਛਤਾਵਾ ਹੈ ਕਿ ਪਰਵਾਸ ਦੌਰਾਨ ਘਰ-ਪਰਿਵਾਰ ਲਈ ਉਨ੍ਹਾਂ ਨੇ ਆਪਣੇ ਸੁਨਹਿਰੀ ਦਿਨ ਕੁਰਬਾਨ ਕਰ ਦਿੱਤੇ ਪਰ ਆਪਣੀ ਸੰਤੁਲਤ ਸੋਚ ਕਾਰਣ ਜੀਵਣ ਨੂੰ ਮਾਣ ਰਹੀ ਨਵੀਂ ਪੀੜ੍ਹੀ ਨਾਲ ਕੋਈ ਈਰਖਾ ਨਹੀਂ। ਪਰਵਾਸੀ ਪੰਜਾਬੀਆਂ ਦੀ ਬਜੁਰਗ ਪੀੜ੍ਹੀ ਦੇ ਤਰਕਮਈ ਢੰਗ ਨਾਲ ਆਪਣੇ ਪਰੰਪਰਕ ਨਜ਼ਰੀਏ ਤੋਂ ਮੁਕਤ ਹੋਣ ਅਤੇ ਸਮੇਂ ਦੇ ਹਾਣੀ ਬਣਨ ਦੀ ਕੋਸ਼ਿਸ਼ ਨੂੰ ਕਹਾਣੀ ਉਭਾਰ ਕੇ ਪੇਸ਼ ਕਰਦੀ ਹੈ।
    
ਹਰਜੀਤ ਅਟਵਾਲ ਦੀ ਕਹਾਣੀ ‘ਮੈਨੂੰ ਭੁੱਲ ਕੇ ਵਿਖਾ' ਮੁਹੱਬਤੀ ਅਤੇ ਗਰਜ਼ਾਂਮਾਰੇ ਔਰਤ-ਮਰਦ ਸਬੰਧਾਂ ਨੂੰ ਪੰਜਾਬੀ ਮਰਦ ਅਤੇ ਚੀਨੀ ਔਰਤ ਦੇ ਹਵਾਲੇ ਨਾਲ ਪੇਸ਼ ਕਰਦੀ ਹੈ। ਸ਼ਾਇਦ ਨਾਵਲ ਰਚਨਾ ਵੱਲ ਵਧੇਰੇ ਧਿਆਨ ਹੋਣ ਕਰਕੇ ਹਰਜੀਤ ਅਟਵਾਲ ਦਾ ਕਹਾਣੀ ਵਿਧਾ ਉਤੇ ਜਿਆਦਾ ਭਰੋਸਾ ਨਹੀਂ ਰਿਹਾ। ਇਸ ਲਈ ਕੁਝ ਨਵਾਂ ਦੱਸਣ ਲਈ ਕਾਹਲੀ ਇਹ ਕਹਾਣੀ ਪਾਤਰਾਂ ਦੇ ਮਨ-ਮਸਤਕ ਦੀਆਂ ਡੂੰਘੀਆਂ ਪਰਤਾਂ ਨਹੀਂ ਫਰੋਲਦੀ। ਫਿਰ ਵੀ ਹਰਜੀਤ ਅਟਵਾਲ ਨੂੰ ਰੌਚਿਕ ਬਿਰਤਾਂਤ ਸਿਰਜਣਾ ਆਉਂਦਾ ਹੈ ਜਿਸ ਕਰਕੇ ਕਹਾਣੀ ਪਾਠਕ ਨੂੰ ਪਕੜ ਕੇ ਵੀ ਰਖਦੀ ਹੈ ਅਤੇ ਚੀਨੀ ਔਰਤ ਦੇ ਮਾਨਵੀ ਗੌਰਵ ਪ੍ਰਤੀ ਪਾਠਕ ਦਾ ਧਿਆਨ ਵੀ ਖਿਚਦੀ ਹੈ।
    
ਇਸ ਸਾਲ ਦੀ ਪਰਵਾਸੀ ਪੰਜਾਬੀ ਕਹਾਣੀ ਨੂੰ ਪੜ੍ਹਦਿਆਂ ਤਿੰਨ ਚਾਰ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ ਇਹ ਕਿ ਪਰਵਾਸੀ ਪੰਜਾਬੀ ਕਹਾਣੀ ਦਾ ਕੇਂਦਰ ਹੁਣ ਕਨੇਡਾ ਬਣ ਚੁੱਕਿਆ ਹੈ, ਦੂਜਾ ਪਹਿਲੀ-ਦੂਜੀ ਪੀੜ੍ਹੀ ਦੇ ਦ੍ਰਿਸ਼ਟੀਕੋਣ ਤੋਂ ਪਾਰ ਜਾਂਦਿਆਂ ਵਸਤੂ-ਯਥਾਰਥ ਨੂੰ ਨਵੀਂ ਪੀੜ੍ਹੀ ਦੇ ਨਜ਼ਰੀਏ ਤੋਂ ਵੀ ਵੇਖਿਆ-ਸਮਝਿਆ ਜਾਣ ਲੱਗਾ ਹੈ, ਤੀਜਾ ਦਵਿੰਦਰ, ਰਿਸ਼ਮਦੀਪ, ਗੁਰਮੀਤ ਪਨਾਗ (ਕਹਾਣੀ ਵੀਜ਼ਾ ਨਾਨੀ ਦਾ, ਕਲਾਕਾਰ, ਅਕਤੂਬਰ-ਦਸੰਬਰ) ਅਤੇ ਮਲਹਾਂਸ ਵਰਗੇ ਸਮਰੱਥ ਨਾਂ ਪਰਵਾਸੀ ਕਹਾਣੀਕਾਰਾਂ ਵਿਚ ਆ ਜੁੜੇ ਹਨ ਅਤੇ ਚੌਥਾ ਸਥਾਨਕ ਮਾਹੌਲ ਦੀ ਪ੍ਰਤੀਨਿਧਤਾ ਕਰਦੇ ‘ਸ਼ਨੁੱਕ' ਵਰਗੇ ਅਨੇਕਾਂ ਨਵੇਂ ਮੈਟਾਫਰ ਪਰਵਾਸੀ ਪੰਜਾਬੀ ਕਹਾਣੀ ਦਾ ਸਹਿਜ ਅੰਗ ਬਣਨ ਲੱਗੇ ਹਨ।
    
ਭਾਰਤੀ ਪੰਜਾਬੀ ਸਮਾਜ ਵੱਲੋਂ ਰਚਿਤ ਪੰਜਾਬੀ ਕਹਾਣੀ ਉਤੇ ਝਾਤ ਪਾਈਏ ਤਾਂ ਪਹਿਲੀ ਨਜ਼ਰੇ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਦਾ ਧੁਰਾ ਪੰਜਾਬ ਵਿਚ ਹੀ ਹੈ। ਸੁਖਬੀਰ ਹੋਰਾਂ ਦੇ ਚਲੇ ਜਾਣ ਨਾਲ ਮੁੰਬਈ ਵਾਲਾ ਚੈਪਟਰ ਵੀ ਬੰਦ ਹੋ ਗਿਆ ਹੈ ਅਤੇ ਦਿੱਲੀ ਕੋਲੋਂ ਠੇਠ ਪੰਜਾਬੀ ਮੁਹਾਵਰੇ ਦਾ ਲੜ ਛੁੱਟ ਰਿਹਾ ਹੈ। ਜੰਮੂ ਦੇ ਪੰਜਾਬੀ ਕਹਾਣੀਕਾਰਾਂ ਵਿਚ ਨਵੀਂ ਜੁੰਬਸ਼ ਵੇਖਣ ਨੂੰ ਮਿਲੀ ਹੈ। ਪਰ ਅਜੋਕੇ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਵਧੇਰੇ ਕਲਾਤਮਕ ਕਹਾਣੀ ਪੰਜਾਬ ਦੇ ਚੌਥੇ ਪੜਾਅ ਦੇ ਕਹਾਣੀਕਾਰ ਹੀ ਲਿਖ ਰਹੇ ਹਨ।
    
ਦਰਜਨ ਦੇ ਕਰੀਬ ਛਪੀਆਂ ਕਹਾਣੀ ਦੀਆਂ ਪੁਸਤਕਾਂ ਵਿਚੋਂ ਬੁਲਬੁਲਿਆਂ ਦੀ ਕਾਸ਼ਤ (ਕੇਸਰਾ ਰਾਮ), ਅੰਤਰ ਲੀਲ੍ਹਾ (ਕੁਲਵੰਤ ਗਿੱਲ), ਉਧੜੀ ਹੋਈ ਗੁੱਡੀ (ਰਸ਼ਪਿੰਦਰ ਰਸ਼ਿਮ) ਅਤੇ ਆਸ ਅਜੇ ਬਾਕੀ ਹੈ (ਸਿਮਰਨ ਧਾਲੀਵਾਲ) ਨੂੰ ਇਸ ਵਰ੍ਹੇ ਦੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਨਿੱਕੇ ਵੱਡੇ ਮੈਟਰੋ (ਬੀ.ਐੱਸ ਬੀਰ), ਇਕ ਮੁੱਠੀ ਚੁੱਕ ਲੈ (ਮੁਖਤਿਆਰ ਸਿੰਘ), ਆਪਣੀ ਜੂਹ (ਮੁਖ਼ਤਾਰ ਗਿੱਲ), ਉਦਾਸ ਸੰਧਿਆ (ਕ੍ਰਿਸ਼ਨ ਕੁਮਾਰ ਰੱਤੂ) ਆਦਿ ਵੀ ਸਥਾਪਿਤ ਕਹਾਣੀਕਾਰਾਂ ਦੇ ਉਲੇਖਯੋਗ ਕਹਾਣੀ-ਸੰਗ੍ਰਹਿ ਹਨ। ਇਸ ਸਾਲ ਦੋ ਸੰਪਾਦਿਤ ਸੰਗ੍ਰਹਿ ਵੀ ਜ਼ਿਕਰ ਦੀ ਮੰਗ ਕਰਦੇ ਹਨ। ਬਲਬੀਰ ਪਰਵਾਨਾ ਦੀਆਂ ਕਮਿਉਨਿਸਟ ਲਹਿਰ ਬਾਰੇ ਕਹਾਣੀਆਂ ਨੂੰ ਤਸਕੀਨ ਨੇ ‘ਸਰਗਮ ਵਿਹੂਣੇ ਸਾਜ਼' ਨਾਂ ਨਾਲ ਸੰਪਾਦਿਤ ਕੀਤਾ ਹੈ ਅਤੇ ਪੰਜਾਬੀ ਦੀਆਂ ਬਾਲ-ਪਾਤਰਾਂ ਬਾਰੇ ਲਿਖੀਆਂ ਕਹਾਣੀਆਂ ਨੂੰ ਡਾ. ਚਰਨਜੀਤ ਸਿੰਘ ਨੇ ਦੋ ਵੱਡ-ਆਕਾਰੀ ਜਿਲਦਾਂ ਵਿਚ ਸੰਪਾਦਿਤ ਕਰਕੇ ਸਾਡੀ ਸੋਚ ਨੂੰ ਝੰਜੋੜਿਆ ਹੈ।
    
‘ਬੁਲਬੁਲਿਆਂ ਦੀ ਕਾਸ਼ਤ' ਕਹਾਣੀ-ਸੰਗ੍ਰਹਿ ਨਾਲ ਸਮਾਜਿਕ-ਰਾਜਨੀਤਿਕ ਸਰੋਕਾਰਾਂ ਵਾਲੀ ਬਹੁ-ਪਰਤੀ ਅਤੇ ਕਲਾਤਮਕ ਕਹਾਣੀ ਇਕ ਹੋਰ ਸਿਖਰ ਛੋਂਹਦੀ ਹੈ। ਕੇਸਰਾ ਰਾਮ ਨੇ ਲੰਮੀ ਕਹਾਣੀ ਦੀ ਵਿਧਾ ਨੂੰ ਹੋਰ ਸਮਰੱਥ ਬਣਾਇਆ ਹੈ। ਇਸੇ ਤਰ੍ਹਾਂ ਕੁਲਵੰਤ ਗਿੱਲ ਨੇ ਸ਼ਹਿਰੀ ਮੱਧਵਰਗੀ ਬੰਦੇ ਦੇ ਅਵਚੇਤਨ ਵਿਚ ਵਿਸ਼ਵੀਕਰਨ ਦੇ ਬਹੁ-ਪੱਖੀ ਪ੍ਰੋਖ-ਅਪ੍ਰੋਖ ਪ੍ਰਭਾਵਾਂ ਕਾਰਣ ਹੋ ਰਹੇ ‘ਤਾਂਡਵ ਨ੍ਰਿਤ' ਨੂੰ ਪੂਰੀ ਡੂੰਘਾਈ ਅਤੇ ਸ਼ਿੱਦਤ ਨਾਲ ਪੇਸ਼ ਕੀਤਾ ਹੈ। ਉਤਮ-ਪੁਰਖੀ ਬਿਰਤਾਂਤਕਾਰੀ ਦੀ ਗਲਪੀ-ਵਿਧੀ ਨੂੰ ਵਰਤਣ ਦੇ ਨਵੇਂ ਪ੍ਰਯੋਗ ਕੀਤੇ ਹਨ। ਮੰਡੀ ਅਤੇ ਮੀਡੀਏ ਦੇ ਯੁਗ ਦੇ ਚਿਹਨਾਂ-ਪ੍ਰਤੀਕਾਂ ਦੀ ਪ੍ਰਕਾਰਜੀ ਵਰਤੋਂ ਉਸ ਦੀ ਇਕ ਹੋਰ ਪ੍ਰਾਪਤੀ ਹੈ।
    
ਅਜੋਕੇ ਹਿੰਸਾਵਾਦੀ ਦੌਰ ਵਿਚ ਨਾਰੀਵਾਦੀ ਸਰੋਕਾਰਾਂ ਨੂੰ ਅਤੀ ਸੰਵੇਦਨਾਤਮਕ ਢੰਗ ਨਾਲ ਪੰਜਾਬੀ ਕਹਾਣੀ ਦਾ ਅੰਗ ਬਣਾਉਣ ਲਈ ਰਸ਼ਪਿੰਦਰ ਰਸ਼ਿਮ ਦੇ ਕਹਾਣੀ-ਸੰਗ੍ਰਹਿ ‘ਉਧੜੀ ਹੋਈ ਗੁੱਡੀ' ਦਾ ਵਿਸ਼ੇਸ਼ ਮਹੱਤਵ ਹੈ। ਮਰਦਵਾਚੀ ਕਠੋਰਤਾਵਾਂ ਅਤੇ ਔਰਤ ਰੂਪੀ ਕਾਵਿਕਤਾ ਦੀ ਗਲਪੀ ਜੁਗਲਬੰਦੀ ਉਸ ਦੀ ਬਿਰਤਾਂਤਕਾਰੀ ਦਾ ਵਿਲੱਖਣ ਪਹਿਲੂ ਹੈ।
    
ਮੂਲੋਂ ਨਵੇਂ ਕਹਾਣੀਕਾਰ ਸਿਮਰਨ ਧਾਲੀਵਾਲ ਨੇ ਆਪਣੇ ਪਲੇਠੇ ਕਹਾਣੀ-ਸੰਗ੍ਰਹਿ ‘ਆਸ ਅਜੇ ਬਾਕੀ ਹੈ' ਨਾਲ ਇਹ ਆਸ ਜਗਾਈ ਹੈ ਕਿ ਪੰਜਵੇਂ ਪੜਾਅ ਦੀ ਪੰਜਾਬੀ ਕਹਾਣੀ ਦੀ ਬੁਨਿਆਦ ਪੱਕੀ ਹੋਣ ਲੱਗ ਪਈ ਹੈ।
    
‘ਨਿੱਕੇ ਵੱਡੇ ਮੈਟਰੋ' ਕਹਾਣੀ-ਸੰਗ੍ਰਹਿ ਪੰਜਾਬੀ ਕਹਾਣੀ ਦੇ ਵਸਤੂਗਤ ਪਾਸਾਰਾਂ ਨੂੰ ਵਸੀਹ ਕਰਨ ਵਾਲਾ ਹੋਣ ਕਰਕੇ ਉਚੇਚੀ ਪ੍ਰਸੰਸਾ ਦਾ ਹੱਕਦਾਰ ਹੈ ਭਾਵੇਂ ਕਿ ਹੁਨਰੀ ਬਿਰਤਾਂਤਕਾਰੀ ਦੇ ਪੱਖੋਂ ਕਹਾਣੀਕਾਰ ਨੂੰ ਹੋਰ ਚੇਤੰਨਤਾ ਦੀ ਲੋੜ ਹੈ। ਮੁਖ਼ਤਾਰ ਗਿੱਲ, ਕ੍ਰਿਸ਼ਨ ਕੁਮਾਰ ਰੱਤੂ ਅਤੇ ਮੁਖ਼ਤਿਆਰ ਸਿੰਘ ਦੀ ਨਿਰੰਤਰਤਾ ਹੀ ਪ੍ਰੇਰਣਾਦਾਇਕ ਹੈ।
    
ਭਾਰਤੀ ਪੰਜਾਬੀ ਕਹਾਣੀਕਾਰਾਂ ਦੀਆਂ ਜਿਨ੍ਹਾਂ ਕਹਾਣੀਆਂ ਨੇ ਮੈਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ : ਬਿੱਲੀਆਂ ਅੱਖਾਂ ਦਾ ਜਾਦੂ (ਜਸਵੀਰ ਸਿੰਘ ਰਾਣਾ, ਫ਼ਿਲਹਾਲ, ਅੰਕ 15), ਡਰ (ਜਿੰਦਰ, ਸਿਰਜਣਾ, ਜਨਵਰੀ-ਮਾਰਚ), ਇਕ ਦਿਨ (ਤ੍ਰਿਪਤਾ ਕੇ. ਸਿੰਘ, ਹੁਣ, ਜਨਵਰੀ-ਅਪ੍ਰੈਲ), ਜਨੂੰਨ (ਬਲਦੇਵ ਸਿੰਘ ਢੀਂਡਸਾ, ਹੁਣ, ਮਈ-ਅਗਸਤ), ਕੈਲੂਫਰੂਨੀਆਂ (ਅਤਰਜੀਤ ਸਿੰਘ, ਸਿਰਜਣਾ, ਅਪ੍ਰੈਲ-ਜੂਨ), ਲਾਲ ਸਿੰਘ (ਸੰਸਾਰ, ਹੁਣ, ਸਤੰਬਰ-ਦਸੰਬਰ), ਕੇਂਦਰ ਬਿੰਦੂ (ਸਿਮਰਨ ਧਾਲੀਵਾਲ, ਹੁਣ, ਜਨਵਰੀ-ਅਪ੍ਰੈਲ) ਆਦਿ। ਇਨ੍ਹਾਂ ਤੋਂ ਇਲਾਵਾ ਕੁਝ ਕੁ ਹੋਰ ਕਹਾਣੀਆਂ ਵੀ ਜ਼ਿਕਰਯੋਗ ਹਨ, ਜਿਵੇਂ ਸਾਨੂੰ ਰੱਬ ਨੇ ਬਣਾਇਆ... (ਹਰਜਿੰਦਰ ਸੂਰੇਵਾਲੀਆ, ਸ਼ਬਦ, ਅਕਤੂਬਰ-ਦਸੰਬਰ), ਮੋਈਆਂ ਮੱਛੀਆਂ (ਤਲਵਿੰਦਰ ਸਿੰਘ, ਹੁਣ, ਜਨਵਰੀ-ਅਪ੍ਰੈਲ), ਖੁਸ਼ੀ ਦੀ ਰੌਂਅ (ਜ਼ੋਰਾ ਸਿੰਘ, ਕਹਾਣੀਧਾਰਾ, ਜਨਵਰੀ-ਮਾਰਚ), ਲਾਹੌਰੀਆ ਬੁੱਢਾ (ਸੁਖਰਾਜ ਸਿੰਘ ਧਾਲੀਵਾਲ, ਕਹਾਣੀਧਾਰਾ, ਅਕਤੂਬਰ-ਦਸੰਬਰ-, ਇਕ ਗੈਰਹਾਜ਼ਿਰ ਮਨੁੱਖ ਦੀ ਗਾਥਾ (ਗੁਰਮਤਿ ਕੜਿਆਲਵੀ, ਏਕਮ, ਅਪ੍ਰੈਲ-ਜੂਨ), ਬਲੈਕ ਹੋਲ (ਗੁਰਪ੍ਰੀਤ, ਸਿਰਜਣਾ, ਜਨਵਰੀ-ਮਾਰਚ), ਬੰਦ ਗੇਟ ਤੇ ਵਿਚਾਰਾ ਇਨਕਲਾਬ (ਬਲਬੀਰ ਪਰਵਾਨਾ, ਪ੍ਰਵਚਨ, ਜੁਲਾਈ-ਸਤੰਬਰ), ਬੇਸਿਰਨਾਵਿਆਂ ਦੀ ਭਾਲ (ਜਸਬੀਰ ਭੁੱਲਰ, ਸਮਦਰਸ਼ੀ, ਮਾਰਚ-ਅਪ੍ਰੈਲ), ਕਾਕਰੋਚ (ਗੁਰਸੇਵਕ ਸਿੰਘ ਪ੍ਰੀਤ, ਸਿਰਜਣਾ, ਅਕਤੂਬਰ-ਦਸੰਬਰ)।
    
ਜਸਵੀਰ ਸਿੰਘ ਰਾਣਾ ਦੀ ਕਹਾਣੀ ‘ਬਿੱਲੀਆਂ ਅੱਖਾਂ ਦਾ ਜਾਦੂ' ਪੰਜਾਬੀ ਜਨ-ਜੀਵਣ ਅਤੇ ਮਨ-ਮਸਤਕ ਵਿਚ ਵਧ ਰਹੇ ਲੁੰਪਨੀ ਤੱਤਾਂ ਦੇ ਦਖ਼ਲ ਬਾਰੇ ਦਿਲ-ਟੁੰਬਵਾਂ ਬਿਰਤਾਂਤ ਸਿਰਜਦੀ ਹੈ। ਗਟਰ ਪਾਈਪਾਂ ਵਿਚ ਰਹਿੰਦੇ, ਗੰਦਗੀ ਦੇ ਢੇਰ ਫਰੋਲਦੇ, ਮੈਰਿਜ਼ ਪੈਲਿਸਾਂ ਵਿਚ ਜੂਠ ਖਾਣ ਲਈ ਖੋਹਾ-ਖਿੰਝੀ ਕਰਦੇ ਅਤੇ ਅਮਾਨਵੀ ਕਰਤਬਾਂ ਨਾਲ ਰੁਜਗਾਰ ਦਾ ਜੁਗਾੜ ਬਣਾਉਂਦੇ ਅਨੇਕਾਂ ਪਾਤਰਾਂ ਦੇ ਹੋਂਦਮਈ ਜੀਵਨ-ਸੰਘਰਸ਼ ਅਤੇ ਦੁਖਾਂਤ ਨੂੰ ਇਹ ਕਹਾਣੀ ਸੰਕੇਤਕ ਬਿਰਤਾਂਤ ਦੀ ਵਿਧੀ ਰਾਹੀਂ ਸਾਕਾਰ ਕਰਦੀ ਹੈ। ਪੰਜਾਬੀ ਜੀਵਣ ਵਿਚ ਪਨਪ ਰਹੇ ਇਸ ਨਵੇਂ ਘਿਣਾਉਣੇ ਪਾਸਾਰ ਨੂੰ ਕਥਾ-ਵਸਤੂ ਬਣਾ ਕੇ ਜਸਵੀਰ ਨੇ ਪਹਿਲਕਦਮੀ ਕੀਤੀ ਹੈ। ਉਤਮ-ਪੁਰਖੀ ਬਿਰਤਾਂਤ ਵਿਧੀ ਵਾਲੀ ਇਹ ਕਹਾਣੀ ਛੋਟੇ-ਛੋਟੇ ਅੰਤਰ-ਸਬੰਧਿਤ ਖੰਡਾਂ ਨਾਲ ਉਣੀ ਗਈ ਹੈ ਅਤੇ ਸਮੁੱਚੇ ਤੌਰ 'ਤੇ ਕੋਲਾਜ਼ਕਾਰੀ ਬਣਤਰ ਵਾਲੀ ਹੈ। ਤਿੱਖੇ ਸ਼ਬਦਾਂ ਅਤੇ ਚੁਸਤ ਫਿਕਰਿਆਂ ਨਾਲ ਗਲਪੀ-ਸੁਹਜ ਅਤੇ ਵਿਚਾਰਧਾਰਕ ਅੰਤਰ-ਦ੍ਰਿਸ਼ਟੀਆਂ ਸਿਰਜਦੀ ਇਹ ਕਹਾਣੀ ਫ਼ਿਲਮ ਸਲੱਮ ਡੌਗ ਮਿਲੇਨੀਅਰ ਦੀ ਯਾਦ ਦੁਆਉਣ ਵਾਲੀ ਹੈ।
    
ਜਿੰਦਰ ਦੀ ਕਹਾਣੀ ‘ਡਰ' ਆਪਣੇ ਨਵੀਨ ਕਥਾ-ਵਸਤੂ ਅਤੇ ਬਿਰਤਾਂਤਕਾਰੀ ਦੇ ਸੱਜਰੇਪਣ ਦੇ ਨਾਲ-ਨਾਲ ਨਵੇਂ ਨਜ਼ਰੀਏ ਕਾਰਣ ਅਹਿਮ ਬਣਦੀ ਹੈ। ਕਥਾ-ਵੇਰਵਿਆਂ ਅਨੁਸਾਰ ਬਹੁ-ਕੌਮੀ ਕੰਪਨੀਆਂ ਨਾਲ ਸਿਰਜਿਆ ਜਾ ਰਿਹਾ ਨਵਾਂ ਮੰਡੀਵਾਦੀ ਕਲਚਰ ਪੁਰਾਣੀ ਪੀੜ੍ਹੀ ਨੂੰ ਡਰਾਉਂਦਾ ਹੈ ਪਰ ਨਵੀਂ ਪੀੜ੍ਹੀ ਨੂੰ ਲੁਭਾਉਂਦਾ ਹੈ। ਨਵੀਂ ਪੀੜ੍ਹੀ ਇਸ ਮਾਹੌਲ ਨਾਲ ਦੋ-ਚਾਰ ਹੋ ਰਹੀ ਵੀ ਦਿਸਦੀ ਹੈ ਅਤੇ ਭੋਗ-ਮਾਣ ਰਹੀ ਵੀ ਪ੍ਰਤੀਤ ਹੁੰਦੀ ਹੈ। ਜਿੰਦਰ ਨੇ ਬਾਹਰਮੁਖੀ ਢੰਗ ਨਾਲ ਸੋਚਦਿਆਂ ਅਤੇ ਪੰਜਾਬੀ ਜੀਵਣ-ਵਿਵਹਾਰ ਦੀ ਨਬਜ਼ ਪਛਾਣਦਿਆਂ ਨਵੀਂ ਪੀੜ੍ਹੀ ਦੇ ਉਤਸ਼ਾਹੀ ਨਜ਼ਰੀਏ ਨੂੰ ਪ੍ਰਵਾਨਗੀ ਦਿੱਤੀ ਹੈ। ਕਾਰਪੋਰੇਟ ਜਗਤ ਦੇ ਨਵੇਂ ਚਿਹਨ-ਜਗਤ ਦਾ ਗਲਪੀ ਰੂਪਾਂਤਰਣ ਕਰਕੇ ਜਿੰਦਰ ਨੇ ਸੁਚੱਜੀ ਬਿਰਤਾਂਤਕਾਰੀ ਦਾ ਨਮੂਨਾ ਪੇਸ਼ ਕੀਤਾ ਹੈ।
    
ਤ੍ਰਿਪਤਾ ਕੇ ਸਿੰਘ ਦੀ ਕਹਾਣੀ ‘ਇਕ ਦਿਨ' ਦੀ ਔਰਤ ਪਾਤਰ ਆਪਣੇ ਸੁਹਿਰਦ ਪਤੀ ਤੋਂ ਆਪਣੀ ਮਨਮਰਜ਼ੀ ਨਾਲ ਜਿਉਣ ਲਈ ਸਿਰਫ ਇਕ ਦਿਨ ਦਾ ਤੋਹਫ਼ਾ ਮੰਗ ਕੇ ਮਰਦ-ਮੁਖੀ ਵਿਚਾਰਧਾਰਾ ਦੇ ਅਤੀ ਸੂਖ਼ਮ ਵਰਤਾਰੇ ਮੂਹਰੇ ਬਹੁਤ ਵੱਡੀ ਚੁਣੌਤੀ ਰੱਖ ਦਿੰਦੀ ਹੈ। ਉਚੇਚ ਰਹਿਤ ਵਰਨਣ ਭਾਵਾਂ ਅਨੁਕੂਲ ਸੂਖ਼ਮ ਬਿਆਨੀ ਤ੍ਰਿਪਤਾ ਕੇ ਸਿੰਘ ਦੀ ਬਿਰਤਾਂਤਕਾਰੀ ਦੀ ਵੱਡੀ ਸ਼ਕਤੀ ਹੈ। ਕਹਾਣੀ ‘ਮਾਵਾਂ ਤੇ ਧੀਆਂ ਰਲ ਬੈਠੀਆਂ' ਮਾਂ ਅਤੇ ਧੀ ਦੇ ਈਰਖਾਮਈ ਰਿਸ਼ਤੇ ਨੂੰ ਨਵੇਂ ਕੋਣ ਤੋਂ ਖੜ੍ਹ ਵੇਖਣ ਸਦਕਾ ਅਹਿਮ ਬਣਦੀ ਹੈ। ਮਾਂ-ਧੀ ਦਾ ਇਕ ਪਰਦਾ ਹੁੰਦਾ ਹੈ, ਵਾਲੀ ਧਾਰਨਾ ਉਤੇ ਉਸਰੇ ਪੰਜਾਬੀ ਮਨੋਵਿਗਿਆਨ ਦੀ ਇਸ ਕਹਾਣੀ ਨਾਲ ਨਵੀਂ ਪਰਤ ਖੁਲ੍ਹਦੀ ਹੈ।
    
ਬਲਦੇਵ ਸਿੰਘ ਢੀਂਡਸਾ ਦੀ ਕਹਾਣੀ ‘ਜਨੂੰਨ' ਵਿਕਾਸ ਦੇ ਨਾਂ ਉਤੇ ਵਿਨਾਸ਼ ਦੇ ਰਾਹ ਤੁਰ ਪਏ ਜਨੂੰਨੀ ਪੰਜਾਬ ਦੀ ਹਕੀਕਤ ਨੂੰ ਠੋਸ ਅਤੇ ਪ੍ਰਮਾਣਿਕ ਬਿਰਤਾਂਤਕ ਵੇਰਵਿਆਂ ਨਾਲ ਸਾਕਾਰ ਕਰਦੀ ਹੈ। ਕਹਾਣੀ ਦਾ ਉੱਤਮ-ਪੁਰਖੀ ਬਿਰਤਾਂਤਕਾਰ ਮਾਸਟਰ ਰਸਾਇਣਕ ਤਕਨੀਕ ਵਾਲੀ ਤਰਜ਼-ਏ-ਜ਼ਿੰਦਗੀ ਦੇ ਸਮਾਨੰਤਰ ਕੁਦਰਤੀ ਜੀਵਣ-ਜਾਚ ਦਾ ਸਵੈ-ਨਿਰਭਰਤਾ ਵਾਲਾ ਮਾਡਲ ਰੱਖਣ ਲਈ ਬਗੀਚੀ ਤਿਆਰ ਕਰਦਾ ਹੈ। ਰਿਸ਼ਤਿਆਂ ਵਿਚ ਵੀ ਉਹ ਅਜਿਹੀ ਸਵੱਛਤਾ ਦੇ ਆਦਰਸ਼ ਦਾ ਹਾਮੀ ਬਣਨ ਦੀ ਕੋਸ਼ਿਸ਼ ਕਰਦਾ ਹੈ। ਪਰ ਅਜੋਕੀ ਬਣਾਉਟੀ ਜੀਵਣ-ਜਾਚ ਦੀ ਪ੍ਰਤੀਕ ਉਸ ਦੀ ਨੂੰਹ ਆ ਕੇ ਅਜਿਹਾ ਮਾਹੌਲ ਬਣਾਉਂਦੀ ਹੈ ਕਿ ਪਰਿਵਾਰ ਅਤੇ ਬਗੀਚੀ ਦੇ ਉਜਾੜੇ ਦਾ ਸਬੱਬ ਬਣ ਜਾਂਦੀ ਹੈ। ਇਸ ਕਹਾਣੀ ਰਾਹੀਂ ਢੀਂਡਸਾ ਪੰਜਾਬੀ ਜਨ-ਜੀਵਣ ਦੇ ਬੇਤਰਤੀਬੇ ਸ਼ਹਿਰੀਕਰਨ ਅਤੇ ਮਾਨਸਿਕ ਲੁੰਪਨੀਕਰਨ ਦੀ ਪ੍ਰਕਿਰਿਆ ਦੀ ਡੂੰਘੀ ਸਮਝ ਰੱਖਣ ਵਾਲਾ ਹੱਸਾਸ ਕਹਾਣੀਕਾਰ ਸਿੱਧ ਹੁੰਦਾ ਹੈ।
    
ਅਤਰਜੀਤ ਦੀ ਲੰਮੀ ਕਹਾਣੀ ‘ਕੈਲੂਫਰੂਨੀਆਂ' ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬ ਦੀ ਨਿਮਨ ਕਿਸਾਨੀ ਅਤੇ ਖੇਤ ਮਜ਼ਦੂਰ ਵਰਗ ਦੇ ਕੰਗਾਲੀਕਰਣ ਦੀ ਤੇਜ ਪ੍ਰਕਿਰਿਆ ਨਾਲ ਹਰਫਲੇ ਰੁਲਦੇ ਵਰਗੇ ਪਾਤਰਾਂ ਦਾ ਬਿਰਤਾਂਤ ਪੇਸ਼ ਕਰਦੀ ਹੈ। ਪੰਜਾਬ ਨੂੰ ਅਮਰੀਕਾ ਜਾਂ ਕੈਲੇਫੋਰਨੀਆਂ ਵਰਗਾ ਬਣਾਉਣ ਦੇ ਸਰਕਾਰੀ ਨਾਹਰੇ ਉਤੇ ਤਿੱਖਾ ਵਿਅੰਗ ਕਰਦੀ ਇਹ ਕਹਾਣੀ ਆਪਣੇ ਪ੍ਰਗਤੀਵਾਦੀ ਪੈਂਤੜੇ ਉਤੇ ਤਾਂ ਭਲੀ-ਭਾਂਤ ਪਹਿਰਾ ਦਿੰਦੀ ਹੈ ਭਾਵੇਂ ਕਿ ਬਿਰਤਾਂਤਕਾਰੀ ਦੇ ਪੱਖੋਂ ਰਵਾਇਤੀ ਕਿਸਮ ਦੀ ਹੈ। ਫਿਰ ਵੀ ਜ਼ਮੀਨੀ ਹਕੀਕਤਾਂ ਦੇ ਰੂ-ਬ-ਰੂ ਕਰਨ ਸਦਕਾ ਅਤੇ ਨਵ-ਸਾਮਰਾਜਵਾਦੀ ਤਾਕਤਾਂ ਦੇ ਭਾਰੂ ਪ੍ਰਵਚਨ ਨਾਲ ਲੋਕਮੁਖੀ ਨਜ਼ਰੀਏ ਰਾਹੀਂ ਸੰਵਾਦ ਰਚਾਉਣ ਕਰਕੇ ਕਹਾਣੀ ਸਾਹਿਤ ਨੂੰ ਸਮਾਜਿਕ ਤਬਦੀਲੀ ਦਾ ਹਥਿਆਰ ਸਮਝਣ ਵਾਲੇ ਪਾਠਕ ਉਤੇ ਟੁੰਬਵਾਂ ਪ੍ਰਭਾਵ ਛੱਡਦੀ ਹੈ।
    
ਲਾਲ ਸਿੰਘ ਦੀ ਕਹਾਣੀ ‘ਸੰਸਾਰ' ਰਾਜਨੀਤੀ ਦੇ ਅਪਰਾਧੀਕਰਨ ਅਤੇ ਉਸ ਨਾਲ ਦਰੜੀਦੇ ਆਮ ਮਨੁੱਖ ਦਾ ਬਿਰਤਾਂਤ ਤਿੱਖੀ ਵਿਅੰਗਕਾਰੀ ਦੀ ਜੁਗਤ ਨਾਲ ਸਿਰਜਦੀ ਹੈ। ਲਾਲ ਸਿੰਘ ਦੀ ਪ੍ਰਗਤੀਵਾਦੀ ਦ੍ਰਿਸ਼ਟੀ ਰਾਹੀਂ ਲਿਖੀ ਜਾਂਦੀ ਰਹੀ ਕਹਾਣੀ ਦਾ ਇਹ ਜਾਣਿਆਂ-ਪਛਾਣਿਆਂ ਲੱਛਣ ਹੈ। ਪਰ ਸਮਾਜਿਕ-ਰਾਜਸੀ ਸਰੋਕਾਰਾਂ ਵਾਲੀ ਬਿਰਤਾਂਤਕਾਰੀ ਨੂੰ ਉਸ ਦੀ ਦੇਣ ਮਹੱਤਵ ਤੋਂ ਖਾਲੀ ਨਹੀਂ।
    
ਸਿਮਰਨ ਧਾਲੀਵਾਲ ਦੀ ਕਹਾਣੀ ‘ਕੇਂਦਰ ਬਿੰਦੂ' ਦਾ ਵਸਤੂ-ਯਥਾਰਥ ਵੀ ਅਤਰਜੀਤ ਦੀ ਕਹਾਣੀ ਵਾਲਾ ਹੀ ਹੈ ਪਰ ਇਸ ਦਾ ਅੰਦਾਜ਼ ਬਿਲਕੁਲ ਨਵਾਂ ਹੈ। ਵਿਸ਼ਵੀਕਰਨ ਪ੍ਰਤੀ ਪੰਜਾਬੀਆਂ ਦੀ ਨਫ਼ਰਤ ਅਤੇ ਖਿੱਚ ਦੇ ਦਵੰਦ ਨੂੰ ਵਧੇਰੇ ਪ੍ਰਮਾਣਿਕ ਢੰਗ ਨਾਲ ਪਛਾਣਿਆਂ ਗਿਆ ਹੈ।
    
ਹਰਜਿੰਦਰ ਸੂਰੇਵਾਲੀਆ ਦੀ ਕਹਾਣੀ ‘ਸਾਨੂੰ ਰੱਬ ਨੇ ਬਣਾਇਆ...' ਵੀ ਵਿਸ਼ਵੀਕਰਨ ਦੇ ਪੰਜਾਬੀ ਕਿਸਾਨੀ ਸਮਾਜ ਉਤੇ ਪਏ ਚੰਗੇ-ਮੰਦੇ ਪ੍ਰਭਾਵਾਂ ਦਾ ਲੇਖਾ-ਜੋਖਾ ਕਰਦੀ ਹੈ। ਭਾਵੇਂ ਕਹਾਣੀਕਾਰ ਦਾ ਫੋਕਸ ਥਿੜਕਵਾਂ ਹੋਣ ਕਰਕੇ ਕਹਾਣੀ ਬਹੁਤਾ ਬੱਝਵਾਂ ਪ੍ਰਭਾਵ ਨਹੀਂ ਪਾਉਂਦੀ ਪਰ ਤੇਜੀ ਨਾਲ ਬਦਲ ਰਹੇ ਪੇਂਡੂ ਪੰਜਾਬ ਦੇ ਸੱਜਰੇ ਬਿਰਤਾਂਤਕ ਦ੍ਰਿਸ਼ ਚੰਗੇ ਲਗਦੇ ਹਨ। ਪੇਂਡੂ ਵਿਆਹ ਦੇ ਚਿਹਨਾਂ ਅਤੇ ਡੀ.ਜੇ ਦੇ ਗੀਤਾਂ ਨੂੰ ਕਹਾਣੀਕਾਰ ਨੇ ਕਥਾ-ਜੁਗਤ ਵਜੋਂ ਵਧੀਆ ਢੰਗ ਨਾਲ ਵਰਤਿਆ ਹੈ।
    
ਜ਼ੋਰਾ ਸਿੰਘ ਸੰਧੂ ਦੀ ਕਹਾਣੀ ‘ਖੁਸ਼ੀ ਦੀ ਰੌਂਅ' ਉਂਜ ਤਾਂ ਰਵਾਇਤੀ ਕਿਸਮ ਦੇ ਕਥਾ-ਵਸਤੂ ਅਤੇ ਅੰਤ ਉਤੇ ਮਾਨਵਪੱਖੀ ਆਦਰਸ਼ਵਾਦੀ ਤੋੜਾ ਝਾੜਨ ਵਾਲੀ ਕਹਾਣੀ ਹੈ ਪਰ ਇਸ ਦਾ ਪੇਂਡੂ ਜੀਵਣ ਦੀ ਦ੍ਰਿਸ਼ਕਾਰੀ ਵਾਲਾ ਪਹਿਲੂ ਪ੍ਰਭਾਵਿਤ ਕਰਨ ਵਾਲਾ ਹੈ। ਮੱਝ ਦੇ ਸੂਣ ਵੇਲੇ ਦੇ ਸਜੀਵ ਦ੍ਰਿਸ਼ ਉਲੀਕਣ ਅਤੇ ਇਕ ਕਿਸਾਨ ਦੀ ਜ਼ਿੰਦਗੀ ਵਿਚ ਅਜਿਹੀਆਂ ਘਟਨਾਵਾਂ ਦੀ ਅਹਿਮੀਅਤ ਨੂੰ ਉਜਾਗਰ ਕਰਨ ਸਮੇਂ ਕਹਾਣੀਕਾਰ ਦੀ ਬਿਰਤਾਂਤਕ ਸੂਝ ਸਿਖਰਾਂ ਛੂੰਹਦੀ ਪ੍ਰਤੀਤ ਹੁੰਦੀ ਹੈ। ਪ੍ਰਕਾਰਜੀ ਦ੍ਰਿਸ਼ਕਾਰੀ ਦਾ ਇਹ ਹੁਨਰ ਸਿੱਧੇ ਜੀਵਣ-ਅਨੁਭਵ ਤੋਂ ਟੁੱਟ ਚੁੱਕੇ ਨਵੇਂ ਪੰਜਾਬੀ ਕਹਾਣੀਕਾਰਾਂ ਨੇ ਗੁਆ ਲਿਆ ਹੈ ਜਿਸ ਦੀ ਪੁਨਰ-ਸੁਰਜੀਤੀ ਦੀ ਲੋੜ ਮਹਿਸੂਸ ਹੁੰਦੀ ਹੈ। ਜਿਥੇ ਯਥਾਰਥਕ ਦ੍ਰਿਸ਼ਕਾਰੀ ਬਿਨਾਂ ਗਲਪ ਅਜੀਬ ਕਿਸਮ ਦੇ ਖਾਲੀਪਣ ਅਤੇ ਅਮੂਰਤਵਾਦ ਨਾਲ ਭਰ ਜਾਂਦਾ ਹੈ ਉਥੇ ਦ੍ਰਿਸ਼ਕਾਰੀ ਦੀ ਪ੍ਰਕਾਰਜੀ ਵਰਤੋਂ ਤੋਂ ਵਿਹੂਣਾ ਗਲਪ ਪ੍ਰਕਿਰਤਕਵਾਦ ਦੇ ਦੋਸ਼ ਦਾ ਭਾਗੀ ਬਣ ਜਾਂਦਾ ਹੈ। ਇਸ ਪ੍ਰਸੰਗ ਵਿਚ ਕਹਾਣੀ ਪੜ੍ਹਨ ਵਾਲੀ ਹੈ।
    
ਸੁਖਰਾਜ ਸਿੰਘ ਧਾਲੀਵਾਲ ਦੀ ਕਹਾਣੀ ‘ਲਾਹੌਰੀਆ ਬੁੱਢਾ' ਮਝੈਲਾਂ ਦੀ ਜੀਵਣ ਨੂੰ ਰੱਜ ਕੇ ਜਿਉਣ ਅਤੇ ਸਮੇਂ ਦੇ ਹਾਣੀ ਬਣੇ ਰਹਿਣ ਦੀ ਪ੍ਰਬਲ ਤਾਂਘ ਨੂੰ ਇਕ ਬੁੱਢੇ ਪਾਤਰ ਦੇ ਜੀਵਣ-ਬਿਰਤਾਂਤ ਰਾਹੀਂ ਮੂਰਤੀਮਾਨ ਕਰਦੀ ਹੈ। ਇਸ ਅੰਟੀਕ-ਨੁਮਾ ਪਾਤਰ ਦੇ ਮਨ-ਮਸਤਕ ਨੂੰ ਭਾਵੇਂ ਪੂਰੀ ਡੂੰਘਾਈ ਨਾਲ ਤਾਂ ਨਹੀਂ ਹੰਘਾਲਿਆ ਜਾ ਸਕਿਆ ਫਿਰ ਵੀ ਇਹ ਕਹਾਣੀ ਪੰਜਾਬੀ ਸੁਭਾਅ ਦੇ ਇਕ ਜਾਣੇ-ਪਛਾਣੇ ਪਰ ਵਿਸਰਦੇ ਜਾਂਦੇ ਫੀਚਰ ਨੂੰ ਮੁੜ ਤਾਜ਼ਾ ਕਰਨ ਵਾਲੀ ਹੈ। ਇਹ ਕਹਾਣੀ ਪੜ੍ਹਦਿਆਂ ਕੁਲਵੰਤ ਸਿੰਘ ਵਿਰਕ ਦੇ ਪਾਤਰ ਯਾਦ ਆਉਂਦੇ ਹਨ ਅਤੇ ਉਸ ਦੀ ਕਲਾ-ਚੇਤਨਾ ਵਾਲਾ ਵਿਗੋਚਾ ਵੀ ਸਿਮਰਤੀ 'ਚ ਉਭਰਦਾ ਹੈ। ਅਜੇਹੀ ਸਿਮਰਤੀ ਦੀ ਆਪਣੀ ਮਹੱਤਤਾ ਹੁੰਦੀ ਹੈ।
    
ਗੁਰਮੀਤ ਕੜਿਆਲਵੀ ਦੀ ਕਹਾਣੀ ‘ਇਕ ਗ਼ੈਰਹਾਜ਼ਿਰ ਮਨੁੱਖ ਦੀ ਗਾਥਾ' ਅਜੋਕੀ ਪੈਸਾਮੁਖੀ ਜੀਵਣ-ਜਾਚ ਵਾਲੇ ਦੌਰ ਵਿਚ ਪਥਰਾਉਂਦੇ ਜਾ ਰਹੇ ਨਿੱਜੀ ਰਿਸ਼ਤਿਆਂ ਦੇ ਦੁਖਾਂਤ ਵੱਲ ਇਸ਼ਾਰਾ ਕਰਦੀ ਹੈ। ਕਹਾਣੀ ਦੇ ਕੇਂਦਰੀ ਮਹੱਤਤਾ ਵਾਲੇ ਪਾਤਰਾਂ ਕਾਲੜਾ ਸਾਹਿਬ ਅਤੇ ਉਸ ਦੀ ਪਤਨੀ ਦਾ ਸੁਭਾਅ ਇਸ ਕਦਰ ਮਾਇਆਮੁਖੀ ਅਤੇ ਸੰਵੇਦਨਾਹੀਣ ਹੋ ਚੁੱਕਿਆ ਹੈ ਕਿ ਬਾਪ ਦੀ ਮੌਤ ਉਨ੍ਹਾਂ ਨੂੰ ਦੁਖੀ ਕਰਨ ਦੀ ਥਾਂ ਸੁਰਖਰੂ ਕਰਦੀ ਹੈ। ਉੱਚੇ ਕਲਾਤਮਕ ਮਿਆਰਾਂ ਤੱਕ ਨਾ ਪਹੁੰਚ ਸਕਣ ਦੇ ਬਾਵਜੂਦ ਕਹਾਣੀ ਦੇ ਯਥਾਰਥਕ ਵੇਰਵੇ ਅਤੇ ਤਿੱਖੀ ਚੋਭ ਪਾਠਕ ਦੇ ਮਾਨਵੀ ਗੌਰਵ ਨੂੰ ਹਲੂਣਦੀ ਹੈ।
    
ਤਲਵਿੰਦਰ ਦੀ ਕਹਾਣੀ ‘ਮੋਈਆਂ ਮੱਛੀਆਂ' ਸੈਰ-ਸਪਾਟੇ ਲਈ ਗੋਆ ਵੱਲ ਨਿਕਲੇ ਕੁਝ ਦੋਸਤਾਂ ਦੇ ਵਿਵਹਾਰ ਅਤੇ ਗੱਲਾਂ-ਬਾਤਾਂ ਰਾਹੀਂ ਪੰਜਾਬੀਆਂ ਦੀ ਜੀਵਣ-ਦ੍ਰਿਸ਼ਟੀ ਦੇ ਕਈ ਜਾਣੇ-ਪਛਾਣੇ ਪੱਖ ਸਾਹਮਣੇ ਲਿਆਉਂਦੀ ਹੈ। ਉਪਭੋਗੀ ਬਿਰਤੀਆਂ ਥੱਲੇ ਦੱਬੀ ਮੁਹੱਬਤੀ ਸੁਰ ਵੀ ਕਹਾਣੀ ਦੇ ਅੰਤ ਉਤੇ ਆਪਣੀ ਲਿਸ਼ਕ ਦਾ ਝਲਕਾਰਾ ਛੱਡਦੀ ਹੈ। ਤਲਵਿੰਦਰ ਦੀ ਮਨੋਵਿਗਿਆਨਕ ਛੋਹਾਂ ਵਾਲੀ ਪਾਤਰ-ਉਸਾਰੀ ਪ੍ਰਭਾਵਸ਼ਾਲੀ ਹੈ।
    
ਬਲਬੀਰ ਪਰਵਾਨਾ ਦੀ ਕਹਾਣੀ ‘ਬੰਦ ਗੇਟ ਤੇ ਵਿਚਾਰਾ ਇਨਕਲਾਬ' ਇਕ ਪਾਸੇ ਖੱਬੇ-ਪੱਖੀ ਨੇਤਾਵਾਂ ਦੇ ਅਵਸਰਵਾਦ ਕਰਕੇ ਪੰਜਾਬ ਵਿਚ ਕਮਿਊਨਿਸਟ ਲਹਿਰ ਦੇ ਪਤਨ ਅਤੇ ਦੂਜੇ ਪਾਸੇ ਕੋਈ ਹਰਿਆ ਬੂਟ ਰਹਿਓ ਰੀ ਦੀ ਤਰਜ਼ ਉੱਤੇ ਕਿਸ ਸੱਚੇ-ਸੁੱਚੇ ਅਮਲਾਂ ਵਾਲੇ ਕਾਮਰੇਡ ਪਾਤਰ ਦੇ ਵਿਵਹਾਰ ਦਾ ਤਣਾਅ ਸਾਹਮਣੇ ਲਿਆਉਂਦੀ ਹੈ। ਪਰਵਾਨਾ ਦਾ ਦਸਤਾਵੇਜ਼ੀ ਭੁਲਾਂਦਰੇ ਵਾਲਾ ਕਹਾਣੀ ਬਿਰਤਾਂਤ ਸਵੈ-ਵਿਸ਼ਲੇਸ਼ਣੀ ਨਜ਼ਰੀਆ ਉਸ ਨੂੰ ਵਿਲੱਖਣ ਬਣਾਉਂਦਾ ਹੈ।
    
ਕਹਾਣੀ ‘ਬੇਸਿਰਨਾਵਿਆਂ ਦੀ ਭਾਲ' ਜਸਬੀਰ ਭੁੱਲਰ ਦੇ ਜਾਣੇ-ਪਛਾਣੇ ਕਾਵਿਕ ਛੋਹਾਂ ਵਾਲੇ ਬਿਰਤਾਂਤ ਰਾਹੀਂ ਸੈਨਿਕ ਜੀਵਣ ਦੇ ਵਿਗੋਚਿਆਂ ਨੂੰ ਪੇਸ਼ ਕਰਦੀ ਹੈ।
    
ਗੁਰਸੇਵਕ ਸਿੰਘ ਪ੍ਰੀਤ ਦੀ ਕਹਾਣੀ ‘ਕਾਕਰੋਚ' ਤਿੱਖੇ ਨਸ਼ਤਰੀ ਬਿਰਤਾਂਤ ਦੁਆਰਾ ਧਨੀ ਵਰਗ ਦੇ ਸੁਰਿੰਦਰ ਬਾਂਸਲ ਜਿਹੇ ‘ਕਾਕਰੋਚਾਂ' ਦਾ ਪਰਦਾਫਾਸ਼ ਕਰਦੀ ਹੈ। ਮੈਟਾਫ਼ਰ ਦੀ ਤਾਕਤ ਨੂੰ ਸਿੱਧੇ-ਸਪਾਟ ਢੰਗ ਨਾਲ ਇਸਤੇਮਾਲ ਕਰਦੀ ਇਹ ਕਹਾਣੀ ਆਲੋਚਨਾਤਮਕ ਯਥਾਰਥਵਾਦੀ ਗਲਪ ਦੇ ਗਿੱਝੇ ਪਾਠਕਾਂ ਨੂੰ ਸੁਹਜ-ਸੁਆਦ ਦੇਣ ਦਾ ਚੰਗਾ ਵਸੀਲਾ ਹੈ।
    
ਗੁਰਪ੍ਰੀਤ ਦੀ ਪਲੇਠੀ ਲੰਮੀ ਕਹਾਣੀ ‘ਬਲੈਕ ਹੋਲ' ਉੱਤਮ-ਪੁਰਖੀ ਬਿਰਤਾਂਤਕਾਰ ਰਾਹੀਂ ਸੁਣਾਈ ਗਈ ਬਹੁਤ ਸੰਘਣੇ ਬਿਰਤਾਂਤ ਵਾਲੀ ਵੇਰਵਾ-ਯੁਕਤ ਕਹਾਣੀ ਹੈ। ਵਿਸ਼ਵੀਕਰਨ ਦੇ ਮਾਰੂ ਪ੍ਰਭਾਵਾਂ ਨਾਲ ਥਿੜਕੀ ਪੰਜਾਬੀ ਮਾਨਸਿਕਤਾ ਵਿਚ ਪੈਦਾ ਹੋਏ ‘ਬਲੈਕ ਹੋਲ' ਦੀ ਕਰੁਣਾਮਈ ਸਥਿਤੀ ਨੂੰ ਕਹਾਣੀ ਵਰਣਨੀ ਵਿਧੀ ਨਾਲ ਰਤਾ ਉਚੇ ਸੁਰ ਵਿਚ ਪੇਸ਼ ਕਰਦੀ ਹੈ ਪਰ ਪਾਤਰ ਦਾ ਵਿਸਫੋਟਕ ਅੰਦਾਜ਼ ਪਾਠਕ ਨੂੰ ਝੰਜੋੜਦਾ ਹੈ।

ਇਸ ਸਾਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਦੀ ਪੜ੍ਹਤ ਉਪਰੰਤ ਕੁਝ ਵਿਸ਼ੇਸ਼ ਨੁਕਤੇ ਉਭਰਦੇ ਹਨ ਜਿਨ੍ਹਾਂ ਦੇ ਜ਼ਿਕਰ ਨਾਲ ਪੰਜਾਬੀ ਕਹਾਣੀ ਬਿਰਤਾਂਤ ਵਿਚ ਵਾਪਰੇ ਪਰਿਵਰਤਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।
    
ਤੀਜੇ ਪੜਾਅ ਦੀ ਪੰਜਾਬੀ ਕਹਾਣੀ ਪੂਰੀ ਤਰ੍ਹਾਂ ਹੰਢ ਚੁੱਕੀ ਹੈ ਅਤੇ ਚੌਥੇ ਪੜਾਅ ਦੇ ਸਰਗਰਮ ਕੁਝ ਵਿਰਲੇ ਕਹਾਣੀਕਾਰ - ਜਿੰਦਰ, ਬਲਦੇਵ ਸਿੰਘ ਢੀਂਡਸਾ, ਹਰਪ੍ਰੀਤ ਸੇਖਾ, ਕੇਸਰਾ ਰਾਮ, ਕੁਲਵੰਤ ਗਿੱਲ, ਰਸ਼ਪਿੰਦਰ ਰਸ਼ਿਮ, ਜਸਵੀਰ ਰਾਣਾ, ਮੇਜਰ ਮਾਂਗਟ, ਜਰਨੈਲ ਸਿੰਘ ਆਦਿ - ਨਵ-ਬਸਤੀਵਾਦੀ ਦੌਰ ਦੇ ਤੇਜ਼ੀ ਨਾਲ ਬਦਲਦੇ ਪੰਜਾਬੀ ਜੀਵਨ-ਯਥਾਰਥ ਨਾਲ ਵਰ ਮੇਚਣ ਦਾ ਸਫਲ ਯਤਨ ਕਰਦੇ ਨਜ਼ਰ ਆਏ ਹਨ। ਸਿਮਰਨ ਧਾਲੀਵਾਲ, ਗੁਰਪ੍ਰੀਤ, ਪਰਗਟ ਸਿੰਘ ਸਤੌਜ, ਹਰਜੀਤ ਤੇਜਾ ਸਿੰਘ (ਕਹਾਣੀ, ਯੁੱਗੋ-ਯੁੱਗ, ਹੁਣ, ਸਤੰਬਰ-ਦਸੰਬਰ), ਸਿਮਰਜੀਤ ਕੌਰ ਆਦਿ ਨਾਂ ਪੰਜਾਬੀ ਕਹਾਣੀ ਦੇ ਦ੍ਰਿਸ਼ ਉਤੇ ਆਸ਼ਾ ਦੀ ਨਵੀਂ ਕਿਰਨ ਬਣ ਕੇ ਉੱਭਰੇ ਹਨ।
    
ਪੰਜਾਬੀਆਂ, ਵਿਸ਼ੇਸ਼ ਕਰਕੇ ਮੱਧਵਰਗ, ਦਾ ਵਿਵਹਾਰ ਵਧੇਰੇ ਕਰਕੇ ਵਿਸ਼ਵੀਕਰਨ ਦੇ ਪੱਖੀ ਜਾਪਦਾ ਹੈ ਪਰ ਕਹਾਣੀਆਂ ਜਿਆਦਾਤਰ ਉਸ ਦੇ ਮਾਰੂ ਪ੍ਰਭਾਵਾਂ ਨੂੰ ਚਿਤਰਣ ਵਾਲੀਆਂ ਹਨ। ਜੀਵਣ-ਯਥਾਰਥ ਅਤੇ ਨਜ਼ਰੀਏ ਦੇ ਇਸ ਅੰਤਰ-ਵਿਰੋਧ ਕਰਕੇ ਕਹਾਣੀਕਾਰਾਂ ਦਾ ਗਲਪੀ-ਵਿਰੋਧ ਬਹੁਤਾ ਸ਼ਿੱਦਤ ਭਰਿਆ ਪ੍ਰਤੀਤ ਨਹੀਂ ਹੁੰਦਾ। ਬਹੁਤੀ ਵਾਰੀ ਤਾਂ ਅਜਿਹਾ ਵਿਰੋਧ ਪ੍ਰਗਤੀਵਾਦੀ ਕਹਾਣੀਕਾਰਾਂ ਦੀ ਕਥਿਤ ਇਨਕਲਾਬੀ ਸੋਚ ਦੀ ਮਜਬੂਰੀ ਵਿਚੋਂ ਨਿਕਲ ਰਿਹਾ ਪ੍ਰਤੀਤ ਹੁੰਦਾ ਹੈ। ਨਵ-ਬਸਤੀਵਾਦ ਨਾਲ ਗਲਪੀ-ਸੰਵਾਦ ਰਚਾਉਣਾ ਜ਼ਰੂਰੀ ਹੈ ਪਰ ਆਪਣੇ ਮੂਲ ਦੀ ਪਛਾਣ ਉਸ ਤੋਂ ਵਧੇਰੇ ਲੋੜੀਂਦੀ ਹੈ। ਗਲਪ ਸਿਰਫ ਇੱਛਿਤ ਯਥਾਰਥ ਨਹੀਂ ਹੁੰਦਾ। ਇਸ ਅੰਤਰ-ਵਿਰੋਧ ਵੱਲ ਬਲਬੀਰ ਪਰਵਾਨਾ ਦੀ ਕਹਾਣੀ ‘ਬੰਦ ਗੇਟ ਤੇ ਵਿਚਾਰਾ ਇਨਕਲਾਬ' ਸੰਕੇਤ ਕਰਦੀ ਹੈ। ਜਿੰਦਰ ਦੀ ਕਹਾਣੀ ‘ਡਰ' ਇਸ ਦਾ ਸਪੱਸ਼ਟ ਉਚਾਰ ਹੈ। ਬੜਬੋਲੇ ਉੱਤਮ-ਪੁਰਖੀ ਬਿਰਤਾਂਤਕਾਰ ਦੀ ਕਥਾ-ਜੁਗਤ ਇਸ ਸਾਲ ਵੀ ਪੰਜਾਬੀ ਕਹਾਣੀ ਨੂੰ ਗ੍ਰਹਿਣ ਬਣ ਕੇ ਚੁੰਬੜੀ ਰਹੀ। ਇਹ ਵਿਧੀ ਖੁੱਲ੍ਹੀ ਕਵਿਤਾ ਵਾਂਗ ਦਿਨੋਂ-ਦਿਨ ਸੌਖ-ਪਸੰਦੀ ਦਾ ਹਥਿਆਰ ਬਣਨ ਲਗਦੀ ਜਾਂਦੀ ਹੈ। ਸਿਮਰਨ ਧਾਲੀਵਾਲ ਵਰਗੇ ਨਵੇਂ ਸਮਰੱਥ ਕਹਾਣੀਕਾਰਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਿਹਤਮੰਦ ਨਾਰੀਮੁਖੀ ਨਜ਼ਰੀਏ ਰਾਹੀਂ ਮਨੁੱਖੀ ਰਿਸ਼ਤਿਆਂ ਵਿਚ ਪਰਿਵਰਤਨ ਦਾ ਸਹਿਜ ਅਤੇ ਭਾਵਪੂਰਤ ਬਿਰਤਾਂਤ ਸਿਰਜਣ ਵਿਚ ਤ੍ਰਿਪਤਾ ਕੇ ਸਿੰਘ ਨੇ ਚੰਗੀ ਮੁਹਾਰਤ ਹਾਸਿਲ ਕਰ ਲਈ ਹੈ। ਉਸ ਦੇ ਸਮਵਿੱਥ ਸੁਰਿੰਦਰ ਨੀਰ (ਕਹਾਣੀ, ਆਇਰਨ ਗਲਵਜ਼, ਏਕਮ, ਅਪ੍ਰੈਲ-ਜੂਨ) ਦੀ ਟੇਕ ਅਜੇ ਵੀ ਮੋਟੇ-ਠੁੱਲ੍ਹੇ ਵਿਅੰਗ ਸਿਰਜਣ ਉਤੇ ਰਹੀ ਹੈ, ਜਦੋਂ ਕਿ ਉਸ ਕੋਲ ਨਾਰੀ-ਅਵਚੇਤਨ ਦਾ ਡੂੰਘਾ ਅਨੁਭਵ ਹੈ ਅਤੇ ਪੇਸ਼ਕਾਰੀ ਦਾ ਹੁਨਰ ਵੀ ਪ੍ਰਾਪਤ ਹੈ। ਅਜਿਹੀ ਵਿਅੰਗਕਾਰੀ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ ਅਤੇ ਚੰਗੀ ਪੰਜਾਬੀ ਕਹਾਣੀ ਇਸ ਵਿਚ ਸਫਲ ਵੀ ਹੋ ਰਹੀ ਹੈ।
    
ਹਰਿਆਣਾ ਸਰਕਾਰ ਦੇ ਪੰਜਾਬੀ ਰਿਸਾਲੇ ‘ਸ਼ਬਦ ਬੂੰਦ' ਨੇ ਉਥੋਂ ਦੇ ਕਹਾਣੀਕਾਰਾਂ ਨੂੰ ਹੁਲਾਰਾ ਦਿੰਦਿਆਂ ਚੋਖੀ ਗਿਣਤੀ ਵਿਚ ਕਹਾਣੀਆਂ ਛਾਪੀਆਂ ਹਨ ਪਰ ਕਲਾਤਮਕ ਮਿਆਰਾਂ ਉਤੇ ਘੱਟ ਹੀ ਉਤਰਨ ਵਾਲੀਆਂ ਹਨ। ਇਸੇ ਤਰ੍ਹਾਂ ਵੱਡੀ ਗਿਣਤੀ ਵਿਚ ਮਿੰਨੀ ਕਹਾਣੀ ਵੀ ਪੰਜਾਬ ਵਿਚ ਛਪਦੀ ਹੈ ਪਰ ਉਸ ਨੂੰ ਉਚੇਰੀ ਪਛਾਣ ਦੇਣ ਵਾਲਾ ਕੋਈ ਮੁਹਤਬਰ ਕਹਾਣੀਕਾਰ ਇਸ ਵਰ੍ਹੇ ਵੀ ਮੇਰੀ ਨਜ਼ਰ ਵਿਚੋਂ ਨਹੀਂ ਲੰਘਿਆ।
    
ਸਮੁੱਚੇ ਤੌਰ 'ਤੇ ਇਸ ਸਾਲ ਦੀ ਪੰਜਾਬੀ ਕਹਾਣੀ ਦੇ ਜਿਹੜੇ ਨਵੇਂ ਉੱਭਰੇ ਲੱਛਣਾਂ ਨੇ ਮੈਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ ਉਨ੍ਹਾਂ ਵਿਚੋਂ ਪਹਿਲਾ ਪੰਜਾਬੀ ਸੋਚ ਦੇ ਲੁੰਪਨੀਕਰਨ ਨੂੰ ਚਿਤਰਣ ਨਾਲ ਸਬੰਧਤ ਹੈ ਅਤੇ ਦੂਜਾ ਨਵੀਂ ਪੀੜ੍ਹੀ ਦੇ ਨਜ਼ਰੀਏ ਨੂੰ ਬਣਦੀ-ਸਰਦੀ ਮਾਨਤਾ ਦੇਣ ਨਾਲ ਹੈ। ਕਹਾਣੀ ਕੋਈ ਮਹਿਜ਼ ਸੂਚਨਾ ਦਾ ਸੰਚਾਰ ਕਰਨ ਵਾਲੀ ਜੁਗਤ ਨਹੀਂ ਬਲਕਿ ਗਲਪ-ਬਿੰਬ ਰਾਹੀਂ ਜੀਵਣ ਦਾ ਸਜੀਵ ਅਹਿਸਾਸ ਕਰਾਉਣ ਵਾਲੀ ਵਿਧਾ ਹੈ। ਇਸ ਗੱਲ ਨੂੰ ਕੁਝ ਕੁ ਕਹਾਣੀਕਾਰਾਂ ਨੇ ਚੇਤੰਨ ਤੌਰ 'ਤੇ ਆਪਣੀ ਬਿਰਤਾਂਤਕਾਰੀ ਦਾ ਅੰਗ ਬਣਾਉਣਾ ਸ਼ੁਰੂ ਕੀਤਾ ਹੈ, ਇਹ ਕਲਾਤਮਕ ਪੰਜਾਬੀ ਕਹਾਣੀ ਦੇ ਤਲਬਗਾਰ ਪਾਠਕਾਂ ਲਈ ਸਕੂਨ ਵਾਲੀ ਗੱਲ ਹੈ।

            ਸੰਪਰਕ : 98728 35835

Comments

vinod mittal

chaga likhya a sir g. . .

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ