Wed, 04 December 2024
Your Visitor Number :-   7275415
SuhisaverSuhisaver Suhisaver

ਸ਼ਹੀਦ ਭਾਈ ਮੇਵਾ ਸਿੰਘ - ਪਰਮਿੰਦਰ ਕੌਰ ਸਵੈਚ

Posted on:- 14-01-2013

suhisaver

“ ਮੇਰਾ ਨਾਂ ਮੇਵਾ ਸਿੰਘ ਹੈ। ਮੈਂ ਰੱਬ ਤੋਂ ਡਰਨ ਵਾਲਾ ਐਸਾ ਬੰਦਾ ਹਾਂ, ਜੋ ਹਰ ਰੋਜ਼ ਅਰਦਾਸ ਕਰਦਾ ਹਾਂ।ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਕਿਹੜੇ ਕਿਹੜੇ ਦੁੱਖ ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ।ਅਸੀਂ ਸਿੱਖ ਗੁਰਦਵਾਰੇ ਵਿੱਚ ਅਰਦਾਸ ਕਰਨ ਜਾਂਦੇ ਹਾਂ, ਪਰ ਇਹਨਾਂ ਪਾਪੀਆ ਨੇ ਗੁਰਦਵਾਰੇ ਵਿੱਚ ਗੋਲੀ ਚਲਾ ਕੇ ਅਤੇ ਭਾਈ ਭਾਗ ਸਿੰਘ ਹੋਰਾਂ ਦਾ ਕਤਲ ਕਰਕੇ ਗੁਰਦਵਾਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਹਨਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦਵਾਰੇ’ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ ‘ਚ ਅੱਗ ਲਾ ਦਿੱਤੀ ਹੈ। ਇਸ ਸਭ ਕਾਸੇ ਲਈ ਮਿਸਟਰ ਰੀਡ ਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ।ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਇਸਾਈਆਂ ਨੇ ਵੀ ਇਸ ਨੂੰ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦਵਾਰੇ ਵਿੱਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ।
    
ਮੈਂ ਹਮੇਸ਼ਾਂ ਕਹਿੰਦਾ ਰਿਹਾ ਹਾਂ ਕਿ ਮੈਨੂੰ ਵਕੀਲ ਨਹੀਂ ਚਾਹੀਦਾ। ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ। ਮੈਨੂੰ ਪਤਾ ਹੈ ਮੈਂ ਹਿਪਕਿਨਸਨ ਨੂੰ ਗੋਲੀ ਮਾਰੀ ਹੈ ਅਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ। ਮੈਂ ਇਹ ਸਟੇਟਮੈਂਟ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਪਬਲਿਕ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ਼ ਕੀ ਵਰਤਾਅੁ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲ਼ੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ।ਸਾਡੇ ਸਿਆਣੇ ਜੱਜਾਂ ਤੇ ਵਕੀਲ਼ਾਂ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਕਿ ਹਾਪਕਿਨਸਨ ਨੂੰ ਕਿਉਂ ਗੋਲ਼ੀ ਮਾਰੀ ਗਈ ਹੈ? ਉਹ ਜੋ ਹਮੇਸ਼ਾਂ ਬੁਰੇ ਕੰਮ ਕਰਦੇ ਨੇ, ਉਹ ਜੋ ਸ਼ਰਾਬ ਪੀਕੇ ਗਲਤ ਕੰਮ ਕਰਦੇ ਨੇ, ਇੰਮੀਗ੍ਰੇਸ਼ਨ ਵਾਲੇ ਉਹਨਾਂ ਨੂੰ ਠੀਕ ਸਮਝਦੇ ਨੇ ਤੇ ਅਸੀਂ ਰੱਬ ਤੋਂ ਡਰਨ ਵਾਲੇ ਸੱਚੇ ਬੰਦੇ ਹਾਂ, ਸਾਨੂੰ ਪੈਰਾਂ ਥੱਲੇ ਕੁਚਲਿਆ ਜਾਂਦਾ ਹੈ। ਮੈਂ ਰੱਬ ਦੇ ਹੁਕਮ ਵਿੱਚ ਚੱਲਣ ਵਾਲਾ ਬੰਦਾ, ਇਹ ਨੂੰ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦਾ।
    
 ਮੈਂ ਜਦੋਂ ਹਾਪਕਿਨਸਨ ਨੂੰ ਮਿਲਿਆ ਤਾਂ ਉਹ ਮੈਨੂੰ ਕਹਿਣ ਲੱਗਾ, ‘ਤੂੰ ਬੇਲਾ ਸਿੰਘ ਦਾ ਗਵਾਹ ਏਂ’, ਜਦੋਂ ਹੁਣ ਤੂੰ ਗਵਾਹੀ ਦੇਣੀ ਹੈ ਤਾਂ ਤੂੰ ਪਾਸਾ ਬਦਲ ਕੇ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇ। ਨਹੀਂ ਤਾਂ ਤੇਰੇ ਲਈ ਬੁਰਾ ਹੋਵੇਗਾ। ਨਹੀਂ ਤਾਂ ਤੈਨੂੰ ਉਸੇ ਰਸਤੇ ਜਾਣਾ ਪਵੇਗਾ, ਜਿਸ ਰਸਤੇ ਭਾਗ ਸਿੰਘ ਤੇ ਬਦਨ ਸਿੰਘ ਗਏ ਨੇ। ਉਹਨੇ ਮੈਨੂੰ ਧਮਕੀ ਦਿੱਤੀ। ਮੈਂ ਉਹਨੂੰ ਪੁੱਛਿਆ, ‘ਮਿਸਟਰ ਹਾਪਕਿਨਸਨ, ਮੇਰੇ ਕੋਲੋਂ ਵੱਢੀ ਲੈ ਕੇ ਹੁਣ ਤੂੰ ਮੈਨੂੰ ਧਮਕੀ ਦੇ ਰਿਹੈਂ? ਤੂੰ ਕਿਹਨੂੰ ਦੱਸਦੈਂ ਕਿ ਮੈਂ ਭਾਗ ਸਿੰਘ ਤੇ ਬਦਨ ਸਿੰਘ ਵਾਂਗ ਮਾਰਿਆ ਜਾਵਾਂਗਾ? ਇਹ ਕੀ ਹੋ ਰਿਹੈ? ਮੇਰੇ ਕੋਲੋਂ ਡਾਲਰ ਲੈ ਕੇ ਹੁਣ ਤੂੰ ਚਾਹੁੰਨੈ ਕਿ ਮੈਂ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਵਾਂ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੈਂ?

ਮੈਨੂੰ ਇਹ ਗੱਲ ਸਾਰੀ ਰਾਤ ਵੱਢ ਵੱਢ ਖਾਂਦੀ ਰਹੀ ਕਿ ਇੱਕ ਮੈਂ ਹਾਂ, ਜੋ ਭਜਨ ਬੰਦਗੀ ਕਰਦਾ ਹਾਂ ਤੇ ਇਹ ਮੈਨੂੰ ਇਸ ਤਰ੍ਹਾਂ ਦੀਆਂ ਝੂਠੀਆਂ ਬਿਆਨ ਬਾਜ਼ੀਆਂ ਦੇਣ ਲਈ ਤੰਗ ਕਰ ਰਹੇ ਹਨ ਅਤੇ ਮੈਨੂੰ ਜ਼ਲੀਲ ਕਰਨ ਦੀ ਤੇ ਮੁਸੀਬਤਾਂ ‘ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਸਾਰੀ ਰਾਤ ਇਹ ਗੱਲ ਮੇਰੇ ਦਿਮਾਗ ‘ਚ ਘੁੰਮਦੀ ਰਹੀ ਅਤੇ ਇਹ ਸੋਚ ਕੇ ਮੈਨੂੰ ਨੀਂਦ ਨਾ ਆਈ ਕਿ ਮੈਨੂੰ ਇਸ ਤਰ੍ਹਾਂ ਬਦਨਾਮ ਹੋਣਾ ਪਵੇਗਾ।ਇਸ ਤੋਂ ਦੋ-ਤਿੰਨ ਦਿਨ ਬਾਅਦ ਬਾਬੂ ਸਿੰਘ ਮੈਨੂੰ ਕਹਿਣ ਲੱਗਾ, ‘ਤੂੰ ਕਿਹੜੇ ਪਾਸੇ ਗਵਾਹੀ ਦੇਣੀ ਹੈ ? ਸਾਡੇ ਵੱਲ ਜਾਂ ਉਨ੍ਹਾਂ ਵੱਲ ?’ ਮੈਂ ਕਿਹਾ ਕਿ ਮੈਂ ਸੱਚ ਬੋਲਾਂਗਾ।ਮੈਂ ਉਹੀ ਦੱਸਾਂਗਾ, ਜੋ ਕੁਝ ਗੁਰਦਵਾਰੇ ਵਿੱਚ ਵੇਖਿਆ ਹੈ।ਫੇਰ ਬਾਬੂ ਸਿੰਘ ਨੇ ਭਾਗ ਸਿੰਘ ਨੂੰ, ਜੋ ਕਿ ਮਰ ਚੁੱਕਾ ਹੈ, ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ, “ਅਸੀਂ ਉਹਨੂੰ ਮਾਰਿਆ ਹੈ” ਤੇ ਫੇਰ ਉਹਨੇ ਭਾਗ ਸਿੰਘ ਨੂੰ ਕੁੜੀ ਦੀਆਂ ਗਾਲ਼ਾਂ ਕੱਢੀਆਂ। ਫੇਰ ਬਾਬੂ ਸਿੰਘ ਨੇ ਮੈਨੂੰ ਧਮਕੀ ਦਿੱਤੀ, ‘ਜੇ ਤੂੰ ਸਾਡੇ ਹੱਕ ‘ਚ ਗਵਾਹੀ ਨਾ ਦਿੱਤੀ ਤਾਂ ਤੇਰਾ ਕੁਛ ਕਰਨਾ ਪਵੇਗਾ।’ ਬਾਬੂ ਸਿੰਘ ਮੈਨੂੰ ਗੰਦੀਆਂ ਗਾਲ਼ਾਂ ਕੱਢਦਾ ਰਿਹਾ ਪਰ ਮੈਂ ਕੁਝ ਨਾ ਬੋਲਿਆ।ਫੇਰ ਬਾਬੂ ਸਿੰਘ ਕਹਿਣ ਲੱਗਾ, ‘ਵੈਨਕੂਵਰ’ਚ ਸਾਡਾ ਰਾਜ ਹੈ।ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਮੇਰੇ ਪਿੱਛੇ ਇੰਮੀਗ੍ਰੇਸ਼ਨ ਮਹਿਕਮਾ ਹੈ। ਮੈਂ ਤੈਨੂੰ ਸੂਤ ਕਰ ਸਕਦਾਂ। ਤੂੰ ਕੁਛ ਨਹੀਂ ਕਰ ਸਕਦਾ।ਇੱਥੇ ਮੇਰੀ ਚੱਲਦੀ ਹੈ।ਮੈਂ ਤੁਹਾਨੂੰ ਸਾਰਿਆਂ ਨੂੰ ਸੂਤ ਕਰਾਂਗਾ।’ ਬਾਬੂ ਸਿੰਘ ਕੋਲ਼ੋਂ ਆ ਕੇ ਮੈਂ ਇਹਦੇ ਬਾਰੇ ਸੰਜੀਦਗੀ ਨਾਲ਼ ਸੋਚਣਾ ਸ਼ੁਰੂ ਕੀਤਾ ਕਿ ਇਹ ਸਭ ਕੁਝ ਰੋਕਣਾ ਪਵੇਗਾ।ਫੇਰ ਮੈਂ ਅਦਾਲਤ ਵਿੱਚ ਜਾ ਕੇ ਸੱਚੀ ਗਵਾਹੀ ਦਿੱਤੀ।ਗਵਾਹੀ ਦੇਣ ਤੋਂ ਬਾਅਦ ਮੈਂ ਵੈਨਕੂਵਰ’ਚ ਡਰਿਆ ਡਰਿਆ ਫਿਰਦਾ ਸਾਂ।ਫੇਰ ਇੱਕ ਦਿਨ ਮੈਨੂੰ ਇਕੱਲੇ ਤੁਰੇ ਜਾਂਦੇ ਨੂੰ ਬਾਬੂ ਸਿੰਘ ਮਿਲ਼ ਪਿਆ। ਬਾਬੂ ਸਿੰਘ ਮੈਨੂੰ ਕਹਿਣ ਲੱਗਾ, ‘ਜੇ ਮੁੜ ਕੇ ਤੈਨੂੰ ਵੈਨਕੂਵਰ’ਚ ਫਿਰਦੇ ਨੂੰ ਵੇਖ ਲਿਆ ਤਾਂ ਅਸੀਂ ਤੈਨੂੰ ਛੱਡਾਂਗੇ ਨਹੀਂ। ਮੈਂ ਇਸ ਬਾਰੇ ਸੰਜੀਦਗੀ ਨਾਲ਼ ਸੋਚਿਆ ਕਿ ਮੈਨੂੰ ਕੁਛ ਕਰਨਾ ਚਾਹੀਦਾ ਹੈ। ਮੈਂ ਸੋਚਿਆ ਕਿ ਇਹਦੇ ਨਾਲ਼ੋਂ ਤਾਂ ਮਰ ਜਾਣਾ ਚੰਗਾ ਹੈ।ਮੈਂ ਇੱਕ ਸੂਰਮੇ ਦੀ ਮੌਤ ਮਰਾਗਾਂ।”
    
“ਇਨ੍ਹਾਂ ਲੋਕਾਂ ਨੇ ਸਾਨੂੰ ਬੇਇੱਜ਼ਤ ਕੀਤਾ ਹੈ। ਇਹ ਸੋਚਦੇ ਨੇ ਕਿ ਸਿੱਖ ਕੁਝ ਵੀ ਨਹੀਂ।ਸਾਨੂੰ ਜ਼ਲੀਲ ਕੀਤਾ ਗਿਆ ਹੈ। ਸਾਡੀ ਗੱਲ ਸੁਣਨ ਵਾਲ਼ਾ ਇੱਥੇ ਕੋਈ ਜੱਜ ਨਹੀਂ। ਇਹ ਚਾਰ ਬੰਦੇ ਹੀ ਸਭ ਕੁਝ ਹਨ।ਬੇਲਾ ਸਿੰਘ, ਬਾਬੂ ਸਿੰਘ, ਮਿਸਟਰ ਰੀਡ ਅਤੇ ਮਿਸਟਰ ਹਾਪਕਿਨਸਨ ਆਪਣੇ ਆਪ ਨੂੰ ਰੱਬ ਸਮਝਦੇ ਹਨ। ਸਰਕਾਰ ਸਿਰਫ਼ ਹਾਪਕਿਨਸਨ ਦੀ ਸੁਣਦੀ ਹੈ।ਸਾਡੀ ਕਦੀ ਪ੍ਰਵਾਹ ਨਹੀਂ ਕੀਤੀ ਗਈ। ਸਰਕਾਰ ਵਾਸਤੇ ਅਸੀਂ ਭੁੱਖੇ ਮਰਦੇ ਦੋ ਟਕੇ ਦੇ ਕੁਲੀ ਹਾਂ ਤੇ ਹਾਪਕਿਨਸਨ ਜੋ ਆਖ ਦੇਵੇ ਉਹੀ ਕਾਨੂੰਨ ਹੁੰਦਾ ਹੈ।ਮੈਂ ਇਸ ਕਰਕੇ ਹਾਪਕਿਨਸਨ ਦਾ ਕਤਲ ਕੀਤਾ ਹੈ ਤੇ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਰਿਹਾਂ।” ਮੇਰਾ ਭਰੋਸਾ ਹੈ ਕਿ ਮੇਰੀ ਕੁਰਬਾਨੀ ਕੌਮ ਦੇ ਬੰਦਿਆਂ ਦੇ ਕੰਮ ਆਏਗੀ। ਵੈਨਕੂਵਰ ਵਿੱਚ ਰਹਿ ਰਹੇ ਮੇਰੀ ਕੌਮ ਦੇ ਲੋਕਾਂ ਨੂੰ ਤੇ ਭਵਿੱਖ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੇਰੀ ਕੁਰਬਾਨੀ ਦਾ ਜਰੂਰ ਲਾਭ ਹੋਵੇਗਾ।”
    
ਉੱਪਰੋਕਤ ਸਤਰਾਂ ਆਪਣੀ ਮੌਤ ਦੀਆਂ ਬਰੂਹਾਂ ਤੇ ਖੜ੍ਹੇ ਹੋ ਕੇ ਨਿਧੜਕ, ਬੇਬਾਕ, ਕੋਰੇ ਤੇ ਸੱਚੇ ਸੁੱਚੇ ਸ਼ਬਦ ਇੱਕ ਦੇਸ਼ ਭਗਤ, ਦੇਸ਼ ਪ੍ਰੇਮੀ ਤੇ ਗਦਰੀ ਯੋਧਾ ਹੀ ਮੂੰਹੋਂ ਕਹਿ ਸਕਦਾ ਹੈ, ਨਹੀਂ ਤਾਂ ਕਮਜ਼ੋਰ ਇਨਸਾਨ ਮੌਤ ਨੂੰ ਸਾਹਮਣੇ ਆਈ ਦੇਖ ਉਸਤੋਂ ਹਰ ਹੀਲੇ ਬਚਣ ਦੀ ਕੋਸ਼ਿਸ਼ ਕਰੇਗਾ।ਇਹ ਗਦਰੀ ਯੋਧਾ ਭਾਈ ਮੇਵਾ ਸਿੰਘ ਹੀ ਸੀ ਜਿਸ ਨੇ ਆਪਣੇ ਡੀਫੈਂਸ ਵਕੀਲ ਮਿਸਟਰ ਵੁੱਡ ਨੂੰ ਰਹਿਮ ਦੀ ਅਪੀਲ ਕਰਨ ਤੋਂ ਨਾਂਹ ਕਰ ਦਿੱਤੀ ਸੀ।ਅਣਖ ਇੱਜ਼ਤ ਤੇ ਜ਼ੁਲਮ ਦੇ ਵਿਰੁੱਧ ਲੜਾਈ ਲੜ੍ਹਨ ਵਾਲਾ ਤੇ ਫਾਂਸੀ ਦੇ ਰੱਸੇ ਨੂੰ ਹੱਸ ਕੇ ਚੁੰਮਣ ਵਾਲੇ ਸ਼ਹੀਦ ਭਾਈ ਮੇਵਾ ਸਿੰਘ ਦਾ ਜਨਮ 1880 ਈ: ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਲੋਪੋਕੇ ਵਿੱਚ ਹੋਇਆ ਸੀ।ਭਾਈ ਮੇਵਾ ਸਿੰਘ ਦੂਸਰੇ ਭਾਰਤੀਆਂ ਵਾਂਗ ਰੋਟੀ ਰੋਜ਼ੀ ਕਮਾਉਣ ਲਈ 1906 ਵਿੱਚ ਵੈਨਕੂਵਰ ਆਏ।ਇੱਥੇ ਇਹ ਨਿਊ ਵੈਸਟਮਿਨਸਟਰ ਦੀ ਫਰੇਜ਼ਰ ਮਿੱਲ ਵਿੱਚ ਗਰੀਨ ਚੇਨ ਤੇ ਕੰਮ ਕਰਦੇ ਸਨ।ਇੱਥੇ ਹੀ ਉਹ ਦੇਸ਼ ਭਗਤ ਧੜੇ ਦੇ ਲੀਡਰਾਂ ਨੂੰ ਮਿਲੇ ਤੇ ਧਾਰਮਿਕ ਰੁਚੀਆਂ ਹੋਣ ਕਰਕੇ ਸਾਰਿਆਂ ਨੇ ਆਪਣੇ ਸਾਂਝੇ ਉੱਦਮ ਨਾਲ ਵੈਨਕੂਵਰ ਦਾ ਪਹਿਲਾ ਗੁਰਦਵਾਰਾ ਬਣਾਇਆ ਜਿੱਥੇ ਬੈਠ ਕੇ ਉਹ ਆਪਦੇ ਦੁੱਖ ਸੁੱਖ ਸਾਂਝੇ ਕਰ ਸਕਦੇ ਸਨ ਅਤੇ ਇੱਥੇ ਆਉਣ ਵਾਲੀਆਂ ਮੁਸ਼ਕਲਾਂ ਪ੍ਰਤੀ ਵਿਚਾਰ ਵਟਾਂਦਰਾਂ ਕਰ ਸਕਦੇ ਸਨ।
    
ਭਾਰਤ ਤੋਂ ਆਉਣ ਸਮੇਂ ਅਵਾਸੀ ਭਾਰਤੀ ਅੰਗਰੇਜ਼ ਦੀ ਵਫਾਦਾਰੀ ਨਿਭਾਉਂਦੇ ਹੋਏ ਨੌਕਰੀ ਕਰਨ ਆਏ ਸਨ।ਇਹਨਾਂ ਨੂੰ ਆਉਂਦੇ ਹੀ ਇੱਥੇ ਦੀ ਸਰਕਾਰ ਦੇ ਨਸਲੀ ਰਵੱਈਏ ਦਾ ਅਤੇ ਪੱਖਪਾਤੀ ਲੋਕਾਂ ਦਾ ਸਾਹਮਣਾ ਕਰਨਾ ਪਿਆ ਜਿਹੜੇ ਇਹ ਸੋਚਦੇ ਸਨ ਕਿ ਇਹ ਹਿੰਦੋਸਤਾਨੀ ਇਹਨਾਂ ਦੀਆਂ ਨੌਕਰੀਆਂ ਖੋਹ ਲੈਣਗੇ।1907 ਦੇ ਇਲੈਕਸ਼ਨ ਕਾਨੂੰਨ ਨੇ ਹਿੰਦੋਸਤਾਨੀਆਂ ਨੂੰ ਸੁਬਾਈ ਚੋਣਾਂ ਤੇ ਨਗਰਪਾਲਿਕਾ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਮਨ੍ਹਾਂ ਕਰ ਦਿੱਤਾ। 1908 ਵਿੱਚ ਉਹਨਾਂ ਨੂੰ ਹਾਂਡਰਸ ਜਾਣ ਦਾ ਵੀ ਹੁਕਮ ਜਾਰੀ ਹੋਇਆ ਸੀ।ਉੱਥੋਂ ਦੇ ਕਾਨੂੰਨ ਮੁਤਾਬਕ ਕਨੇਡਾ ਦੇ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਨਾਲ ਮਿਲਣ ਦੀ ਆਗਿਆ ਨਹੀਂ ਸੀ ਅਤੇ ਉਦੋਂ ਹੀ ਕਾਮਾਗਾਟਾਮਾਰੂ ਦੀ ਘਿਨਾਉਣੀ ਘਟਨਾ ਹੋਈ।ਕਾਮਾਗਾਟਾਮਾਰੂ ਦੇ ਯਾਤਰੀਆਂ ਨੂੰ ਭੋਜਨ ਤੇ ਪਾਣੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਅਤੇ ਦੋ ਮਹੀਨੇ ਬਾਅਦ ਉਹਨਾਂ ਨੂੰ ਵਾਪਸ ਹਿੰਦੋਸਤਾਨ ਭੇਜ ਦਿੱਤਾ ਗਿਆ। ਉਹਨਾਂ ਨੂੰ ਕੰਮਾਂ ਤੇ ਵੀ ਘੱਟੋ ਘੱਟ ਉਜਰਤ ਮਿਲਦੀ ਤੇ ਫਿਰ ਵੀ ਦੁਰਵਿਵਹਾਰ ਹੁੰਦਾ ਸੀ ਤਾਂ ਉਹਨਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋਇਆ, ਇਸ ਦੁਰਵਿਵਹਾਰ ਨੇ ਦੇਸ਼ ਭਗਤਾਂ ਦੇ ਦਿਲਾਂ ਵਿੱਚ ਸਵੈਮਾਣ ਦੀ ਚਿਣਗ ਨੂੰ ਚੁਆਤੀ ਦਿੱਤੀ ਤੇ 1913 ਵਿੱਚ ਗਦਰ ਲਹਿਰ ਦੀਆਂ ਨੀਹਾਂ ਉਸਰਨੀਆਂ ਸ਼ੁਰੂ ਹੋਈਆਂ ਸਨ ਜਿਸ ਸਦਕਾ ਉਹਨਾਂ ਦੇ ਅੰਦਰ ਅਜ਼ਾਦੀ ਦੀ ਤੜਫ ਉੱਸਲਵੱਟੇ ਲੈਣ ਲੱਗੀ ਤਾਂ ਉਹਨਾਂ ਸੋਚਿਆ ਰੋਹ ਭਰੀ ਲਲਕਾਰ ਬਣ ਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਭਜਾਇਆ ਜਾ ਸਕਦਾ ਹੈ। ਉਹਨਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਇੱਥੇ ਵੀ ਗੁਲਾਮ ਤੇ ਆਪਣੇ ਹੀ ਦੇਸ਼ ਵਿੱਚ ਵੀ ਗੁਲਾਮ ਕਿਉਂ ? ਵੈਨਕੂਵਰ ਇਨਕਲਾਬੀ ਸਰਗਰਮੀਆਂ ਦਾ ਕੇਂਦਰ ਹੋਣ ਕਰਕੇ ਬਹੁਤ ਸਾਰੇ ਗਦਰੀ ਯੋਧੇ ਇਸ ਧਰਤੀ ਨੇ ਪੈਦਾ ਕੀਤੇ।ਗਦਰ ਪਾਰਟੀ ਦੇ ਮੁੱਖ ਆਹੁੱਦੇਦਾਰ ਬੇਸ਼ੱਕ ਅਮਰੀਕਾ ਵਿੱਚ ਰਹਿੰਦੇ ਸਨ ਪਰ ਇੱਥੋਂ ਦੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਹੁਸੈਨ ਰਹੀਮ ਵਰਗੇ ਲੀਡਰਾਂ ਦੀ ਵੀ ਅਹਿਮ ਥਾਂ ਸੀ। ਭਾਈ ਮੇਵਾ ਸਿੰਘ ਤੇ ਇਹਨਾਂ ਸਾਰਿਆਂ ਦਾ ਬਹੁਤ ਅਸਰ ਸੀ ਪਰ ਉਹ ਬਹੁਤ ਹੀ ਸਾਊ ਸੁਭਾੳੇ ਦੇ ਇਨਸਾਨ ਸਨ।
    
ਇੱਕ ਵਾਰ ਉਹ ਅਮਰੀਕਾ ਤੋਂ ਹਥਿਆਰ ਲਿਆਉਂਦੇ ਸਮੇਂ ਫੜਿਆ ਗਿਆ ਤਾਂ ਵੈਨਕੂਵਰ ਇੰਮੀਗ੍ਰੇਸ਼ਨ ਡੀਪਾਰਟਮੈਂਟ ਦੇ ਹੈੱਡ ਮੈਲਕਮ ਰੀਡ ਅਤੇ ਵੈਨਕੂਵਰ ਵਿੱਚ ਅੰਗਰੇਜ਼ ਸਰਕਾਰ ਦੇ ਜਾਸੂਸ ਮਿਸਟਰ ਹਾਪਕਿਨਸਨ ਨੇ ਭਾਈ ਮੇਵਾ ਸਿੰਘ ਨੂੰ ਕਿਹਾ ਕਿ ਉਹ ਇਹ ਕਹਿ ਦੇਵੇ ਕਿ ਉਸ ਕੋਲੋਂ ਫੜ੍ਹੇ ਹਥਿਆਰ ਭਾਈ ਭਾਗ ਸਿੰਘ, ਬਲਵੰਤ ਸਿੰਘ ਤੇ ਹਰਨਾਮ ਸਿੰਘ ਦੇ ਸਨ ਤਾਂ ਤੈਨੂੰ ਮਾਮੂਲੀ ਜਿਹੀ ਸਜ਼ਾ ਦੇ ਕੇ ਛੱਡ ਦਿੱਤਾ ਜਾਵੇਗਾ।ਨਹੀਂ ਤਾਂ ਤੈਨੂੰ 5 ਤੋਂ 10 ਸਾਲ ਦੀ ਕੈਦ ਹੋਵੇਗੀ ਪਰ ਉਸਨੇ ਨਿਧੜਕ ਹੋ ਕੇ ਕਿਹਾ ਕਿ ਮੈਂ ਆਪਣੇ ਸਾਥੀਆਂ ਦੇ ਖਿਲਾਫ਼ ਕੁਝ ਨਹੀਂ ਕਹਾਂਗਾ, ਭਾਵੇਂ ਤੁਸੀਂ ਮੇਰੇ ਛੋਟੇ ਛੋਟੇ ਟੁਕੜੇ ਕਰ ਦੇਵੋ ਪਰ ਮੈਂ ਤੁਹਾਡੇ ਲਈ ਝੂਠ ਨਹੀਂ ਬੋਲਾਂਗਾ। ਜਿੱਥੇ ਮਿਸਟਰ ਰੀਡ ਤੇ ਹਾਪਕਿਨਸਨ ਭਾਈ ਮੇਵਾ ਸਿੰਘ ਤੇ ਨਿਰਾਸ਼ ਹੋਏ ਪਰ ਭਵਿੱਖ ਵਿੱਚ ਉਸਨੂੰ ਪਤਿਆਉਣ ਦੇ ਮਨਸ਼ੇ ਨਾਲ 50 ਡਾਲਰ ਜੁਰਮਾਨਾ ਕਰਵਾ ਕੇ ਛੁਡਵਾ ਦਿੱਤਾ।
    
ਭਾਈ ਮੇਵਾ ਸਿੰਘ ਨੇ ਆਪਣੀ ਸਟੇਟਮੈਂਟ ਵਿੱਚ ਤਕਰੀਬਨ ਉਹਨਾਂ ਸਾਰੀਆਂ ਗੱਲਾਂ ਦਾ ਜਿਕਰ ਕੀਤਾ ਹੈ ਜਿਨ੍ਹਾਂ ਨੇ ਉਹਨੂੰ ਹਾਪਕਿਨਸਨ ਦਾ ਕਤਲ ਕਰਨ ਲਈ ਮਜ਼ਬੂਰ ਕੀਤਾ ਸੀ। ਉਸਨੂੰ ਪਤਾ ਲੱਗ ਚੁੱਕਾ ਸੀ ਕਿ ਮੌਜੂਦਾ ਸਰਕਾਰ, ਪੁਲੀਸ, ਜੱਜ ਤੇ ਵਕੀਲ ਸਭ ਇਨਸਾਫ਼ ਦੀਆਂ ਧੱਜੀਆਂ ਉਡਾ ਰਹੇ ਹਨ, ਇਹਨਾਂ ਬੇਇਨਸਾਫ਼ੀਆਂ ਤੇ ਵਿਤਕਰੇ ਭਰੀ ਜ਼ਿੰਦਗੀ ਜਿਊਣ ਨਾਲੋਂ ਆਪਣੀ ਕੁਰਬਾਨੀ ਦੇ ਕੇ ਹਜ਼ਾਰਾਂ ਹੀ ਭਾਰਤੀਆਂ ਨੂੰ ਅਣਖ, ਇੱਜ਼ਤ ਤੇ ਗੈਰਤਮੰਦ ਜ਼ਿੰਦਗੀ ਜੀਣ ਦਾ ਸਲੀਕਾ ਦੱਸਿਆ। ਉਹਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੱਥੇ ਸਿਰਫ ਚਾਰ ਪੰਜ ਬੰਦਿਆਂ ਦਾ ਰਾਜ ਚੱਲਦਾ ਹੈ ਜੋ ਕੁਛ ਉਹ ਕਹਿੰਦੇ ਹਨ ਕਰਵਾ ਸਕਦੇ ਹਨ, ਇਸ ਦੀ ਵਜ਼ਾਹ ਕਰਕੇ ਹੀ ਸਤੰਬਰ 6, 1914 ਨੂੰ ਬੇਲਾ ਸਿੰਘ ਜਿਆਣ, ਜਿਹੜਾ ਵਿਲੀਅਮ ਹੌਪਕਿਨਸਨ ਦਾ ਦਲਾਲ ਤੇ ਸੂਹੀਆ ਸੀ, ਨੇ ਸਿੱਖ ਗੁਰਦਵਾਰੇ ਵਿੱਚ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨੂੰ ਦਿਨ ਦੁਪਹਿਰੇ ਗੋਲੀਆਂ ਨਾਲ ਭੁੰਨ ਦਿੱਤਾ।ਬੇਲਾ ਸਿੰਘ ਨੂੰ ਹੌਪਕਿਨਸਨ ਦੀ ਝੂਠੀ ਗਵਾਹੀ ਦੇਣ ਕਰਕੇ ਬਰੀ ਕਰ ਦਿੱਤਾ ਗਿਆ। ਇਸ ਕਰਕੇ ਮੇਵਾ ਸਿੰਘ ਨੇ ਹੌਪਕਿਨਸਨ ਨੂੰ ਗੋਲ਼ੀਆਂ ਮਾਰ ਕੇ ਅਦਾਲਤ ਦੇ ਦਰਵਾਜ਼ੇ ਵਿੱਚ ਹੀ ਮੌਤ ਦੀ ਨੀਂਦ ਸੁਲ਼ਾ ਦਿੱਤਾ।ਮੇਵਾ ਸਿੰਘ ਵਲੋਂ ਕਤਲ ਦਾ ਇਲਜ਼ਾਮ ਕਬੂਲ ਕਰ ਲੈਣ ਕਰਕੇ ਮੁਕੱਦਮੇ ਦੀ ਸੁਣਵਾਈ ‘ਤੇ ਸਿਰਫ਼ ਇੱਕ ਘੰਟਾ ਚਾਲ਼ੀ ਮਿੰਟ ਦਾ ਸਮਾਂ ਲੱਗਾ।ਜੱਜ ਮੌਰੀਸਨ ਨੇ ਜਿਊਰੀ ਦੇ ਕੀੇਤੇ ਫੈਸਲੇ ਅਨੁਸਾਰ ਮੇਵਾ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ 11 ਜਨਵਰੀ, 1915 ਨੂੰ ਫਾਂਸੀ ਲਾਉਣ ਦਾ ਹੁਕਮ ਸੁਣਾਇਆ।ਫਾਂਸੀ ਦੀ ਸਜ਼ਾ ਸੁਣ ਕੇ ਭਾਈ ਮੇਵਾ ਸਿੰਘ ਦੇ ਚਿਹਰੇ ਤੇ ਕੋਈ ਘਬਰਾਹਟ ਜਾਂ ਉਦਾਸੀ ਨਾ ਆਈ ਸਗੋਂ ਭਾਈ ਮੇਵਾ ਸਿੰਘ ਨੇ ਉੱਚੀ ਉੱਚੀ ਗੁਰਬਾਣੀ ਦੇ ਸ਼ਬਦ ਉਚਾਰਨੇ ਸ਼ੁਰੂ ਕਰ ਦਿੱਤੇ:-
            ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
            ਪੁਰਜਾ ਪੁਰਜਾ ਕਟਿ ਮਰੈ ਕਬਹੁ ਨ ਛਾਡੈ ਖੇਤ॥
ਇਹ ਉਚਾਰਦੇ ਹੋਏ ਜੇਲ਼ ਦੀ ਕਾਲ਼ ਕੋਠੜੀ ਵਿੱਚ ਚਲੇ ਗਏ।ਆਖਰ 11 ਜਨਵਰੀ,1915 ਦਾ ਦਿਨ ਵੀ ਆ ਗਿਆ।ਜਿਸ ਦਿਨ ਮੇਵਾ ਸਿੰਘ ਨੂੰ ਫਾਂਸੀ ਲਾਈ ਗਈ ਉਸ ਮੌਕੇ ਸਖ਼ਤ ਸਰਦੀ ਹੋਣ ਤੇ ਵੀ ਨਿਊ ਵੈਸਟਮਿਨਸਟਰ ਜੇਲ੍ਹ ਦੇ ਬਾਹਰ 400 ਹਿੰਦੋਸਤਾਨੀ ਇਕੱਠੇ ਹੋ ਚੁੱਕੇ ਸਨ।ਉਹਨਾਂ ਨੇ ਭਾਈ ਮੇਵਾ ਸਿੰਘ ਅਮਰ ਰਹੇ ਦੇ ਨਾਹਰੇ ਲਾਏ।ਸਿੱਖ ਰਹੁ ਰੀਤਾਂ ਦੇ ਮੁਤਾਬਕ ਉਹਨਾਂ ਦਾ ਫਰੇਜ਼ਰ ਮਿੱਲ ਤੇ ਸਸਕਾਰ ਕੀਤਾ ਗਿਆ।
    
ਸ਼ਹੀਦ ਮੇਵਾ ਸਿੰਘ ਦੁਆਰਾ, ਸਾਡੇ ਭਾਈਚਾਰੇ ਦੀ ਇੱਜ਼ਤ, ਸਵੈਮਾਣ ਤੇ ਸਤਿਕਾਰ ਕਾਇਮ ਰੱਖਣ ਲਈ ਕੀਤੀ ਗਈ ਕੁਰਬਾਨੀ, ਸਾਡੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ।ਇਸ ਕਰਕੇ ਸਾਨੂੰ ਉਹਨਾਂ ਨੂੰ ਆਪਣੇ ਚੇਤਿਆਂ ਵਿੱਚ ਰੱਖ ਕੇ ਅਗਾਊਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦੀ ਕੁਰਬਾਨੀ ਦੀ ਯਾਦ ਤਾਜ਼ਾ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਹ  ਆਪਣੇ ਕੁਰਬਾਨੀਆਂ ਭਰਭੂਰ ਅਮੀਰ ਵਿਰਸੇ ਦੇ ਕਦਮਾਂ ਤੇ ਚੱਲ ਸਕਣ।

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ