Wed, 04 December 2024
Your Visitor Number :-   7275508
SuhisaverSuhisaver Suhisaver

'ਕਵਿਤਾ ਦਾ ਆਤੰਕ' ਇੱਕ ਪ੍ਰਤੀਕਰਮ - ਸੁਰਜੀਤ ਗੱਗ

Posted on:- 25-04-2012

suhisaver

‘ਸੂਹੀ ਸਵੇਰ’ ਵਿੱਚ 'ਫ਼ਿਲਹਾਲ' ਦੇ ਸੰਪਾਦਕ ਗੁਰਬਚਨ ਜੀ ਦਾ ਲੇਖ ਪੜ੍ਹਿਆ। ਇਹ ਲੇਖ ਜਿਨ੍ਹਾਂ ਲਈ ਲਿਖਿਆ ਗਿਆ ਹੈ, ਉਨ੍ਹਾਂ ਦੇ ਸਮਝ ਨਹੀਂ ਆਉਣਾ ਤੇ ਜਿਨ੍ਹਾਂ ਦੇ ਸਮਝ ਆਉਂਦਾ ਹੈ, ਉਨ੍ਹਾਂ ਲਈ ਲਿਖਿਆ ਹੀ ਨਹੀਂ ਗਿਆ। ਪੈਂਦੇ ਹੱਥ ਸਵਾਲ ਹਨ:

“ਇਸ ਯੁੱਗ ਨੂੰ ਕਵਿਤਾ ਦੀ ਕਿੰਨੀ ਕੁ ਲੋੜ ਹੈ?
ਪੰਜਾਬੀ ਦੀ ਕਵਿਤਾ ਪੜ੍ਹਨ ਵਾਲੇ ਪਾਠਕ ਕਿੰਨੇ ਕੁ ਹਨ?
ਪੰਜਾਬੀ 'ਚ ਕਿੰਨੇ ਕੁ ਚੰਗੇ ਕਵੀ ਹਨ?
ਕੀ ਕਵਿਤਾ ਇਸ ਯੁੱਗ ਦੀਆਂ ਪੇਚੀਦਗੀਆਂ ਨੂੰ ਅੰਕਿਤ ਕਰਨ  ਲਈ ਯੋਗ ਵਿਧਾ ਹੈ?”


ਕਵਿਤਾ ਸਾਹਿਤ ਦੀ ਇੱਕ ਵਿਧਾ ਹੈ, ਜਿਵੇਂ ਨਾਵਲ, ਕਹਾਣੀ, ਗ਼ਜ਼ਲ ਆਦਿ। ਇਸ ਯੁੱਗ ਨੂੰ ਹੀ ਨਹੀਂ, ਹਰ ਯੁੱਗ ਨੂੰ ਅਗਵਾਈ ਦੀ ਲੋੜ ਰਹੀ ਹੈ ਅਤੇ ਰਹੇਗੀ ਅਤੇ ਇਹ ਅਗਵਾਈ ਹਾਲਾਤ ਦੇ ਨਾਲ ਨਾਲ ਸਾਹਿਤ ਵੀ ਪੂਰੀ ਕਰਦਾ ਹੈ ਤੇ ਸਾਹਿਤ ਵਿੱਚ ਕਵਿਤਾ ਵੀ ਇੱਕ ਵਿਧਾ ਹੈ। ਸਾਹਿਤ ਵਿੱਚੋਂ ਕਵਿਤਾ ਨੂੰ ਚੁਣ ਕੇ ਇਸ ਵਿਧਾ ’ਤੇ ਸਵਾਲ ਉਠਾਇਆ ਗਿਆ ਹੈ ਕਿ ਇਸ ਦੀ ਕਿੰਨੀ ਕੁ ਲੋੜ ਹੈ। ਇਹ ਠੀਕ ਹੈ ਕਿ ਬਹੁਤੇ ਕਵੀ/ਲੇਖਕ ਨਾਂ ਚਮਕਾਉਣ ਲਈ ਹੀ ਲਿਖਦੇ ਹਨ। ਉਨ੍ਹਾਂ ਦਾ ਸਮਾਜ ਨਾਲ ਜਾਂ ਯੁੱਗ ਨਾਲ ਕੋਈ ਵਾਸਤਾ ਨਹੀਂ ਹੁੰਦਾ। ਪਰ ਇਸ ਦੇ ਲਈ ਸਾਹਿਤ ਦੀ ਵਿਧਾ ਕਵਿਤਾ ਦੋਸ਼ੀ ਨਹੀਂ ਹੈ, ਦੋਸ਼ੀ ਏਸ ਵਿਧਾ ਦਾ ਘਾਣ ਕਰਨ ਵਾਲੇ ਹਨ। ਸੰਤ ਰਾਮ ਉਦਾਸੀ ਦੀ ਕਵਿਤਾ ਅੱਜ ਵੀ ਆਮ ਲੋਕਾਂ ਅਤੇ ਖਾਸ ਲੋਕਾਂ ਵਿੱਚ ਰੋਹ ਪੈਦਾ ਕਰਦੀ ਹੈ, ਨੰਗੀ ਚਿੱਟੀ ਲੁੱਟ ਨੂੰ ਲਲਕਾਰਦੀ ਹੈ ਉਸ ਦੀ ਕਵਿਤਾ। ਗੱਲ ਕਵਿਤਾ ਦੀ ਜਾਂ ਏਸ ਵਿਧਾ ਦੀ ਨਹੀਂ, ਗੱਲ ਕਵਿਤਾ ਨੂੰ ਪ੍ਰਭਾਵਹੀਣ ਕਰਕੇ ਲੋਕਾਂ ਮੂਹਰੇ ਪੇਸ਼ ਕਰਨ ਦੀ ਹੈ। ਜੇ ਕਵਿਤਾ ਵਿੱਚ ਲੋਕਾਂ ਦੀ ਗੱਲ ਹੀ ਨਹੀਂ ਹੋਵੇਗੀ ਤਾਂ ਲੋਕਾਂ ਨੂੰ ਉਸ ਨਾਲ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਗੁਰਬਚਨ ਜੀ ਨੇ ਕਵਿਤਾ ਨੂੰ ਸਾਹਿਤ ਦੀ ਵਿਧਾ ਵਿੱਚੋਂ ਚੁਣ ਕੇ ਇਹ ਜੋ ਸਵਾਲ ਉਠਾਇਆ ਹੈ, ਇਹ ਸਵਾਲ ਕਵਿਤਾ ਲਈ ਨਹੀਂ ਕਵੀਆਂ ਲਈ ਹੋਣਾ ਚਾਹੀਦਾ ਸੀ।

ਦੂਜਾ ਸਵਾਲ ਹੈ, 'ਪੰਜਾਬੀ ਦੀ ਕਵਿਤਾ ਪੜ੍ਹਨ ਵਾਲੇ ਪਾਠਕ ਕਿੰਨੇ ਕੁ ਹਨ?' ਜੇ ਇਹ ਕਿਹਾ ਜਾਵੇ ਕਿ ਨਾਵਲ ਜਾਂ ਗ਼ਜ਼ਲ ਜਾਂ ਕਹਾਣੀ ਪੜ੍ਹਨ ਵਾਲੇ ਪਾਠਕ ਕਿੰਨੇ ਕੁ ਹਨ ਤਾਂ ਇਹ ਉਪਰੋਕਤ ਸਵਾਲ ਦਾ ਜਵਾਬ ਨਹੀਂ ਉਸ ਨੂੰ ਹੋਰ ਉਲਝਾਉਣ ਦੀ ਕੋਸ਼ਿਸ਼ ਹੀ ਕਹੀ ਜਾਵੇਗੀ। ਗੱਲ ਕਵਿਤਾ ਦੀ ਅਤੇ ਪਾਠਕਾਂ ਦੀ ਹੈ ਤਾਂ ਇਸ ਦੇ ਲਈ ਪਾਠਕਾਂ ਦੀ ਰੁਚੀ ਅਤੇ ਲੋੜ ਦਾ ਵੀ ਖ਼ਿਆਲ ਰੱਖਣਾ ਪਵੇਗਾ, ਜੋ ਬਹੁਤੇ ਕਵੀ ਰੱਖ ਹੀ ਨਹੀਂ ਰਹੇ। ਪਾਠਕ ਤਾਂ ਕੀ ਕਵਿਤਾ ਲਈ ਸਰੋਤੇ ਲੱਭਣੇ ਵੀ ਜੇ ਮੁਸ਼ਕਿਲ ਹਨ ਤਾਂ ਕਸੂਰ ਕਵੀਆਂ ਦਾ ਅਤੇ ਮੀਡੀਆ ਅਤੇ ਪ੍ਰਚਾਰ ਸਾਧਨਾਂ ਦੇ ਨਾਲ ਨਾਲ ਉਨ੍ਹਾਂ ਅਲੋਚਕਾਂ ਦਾ ਵੀ ਹੈ ਜੋ ਲਿਹਾਜ ਵਜੋਂ ਜਾਂ ਕਿਸੇ ਹੋਰ ਕਾਰਣ ਕਵਿਤਾ ਜਾਂ ਕਵਿਤਾਵਾਂ ਦੀ ਕਿਤਾਬ ਦਾ ਸਹੀ ਮੁਲਾਂਕਣ ਹੀ ਨਹੀਂ ਕਰਦੇ। ਉਸ ਦੇ ਪਾਠਕ ਵੀ ਕੁਝ ਅਲੋਚਕ ਹੁੰਦੇ ਨੇ, ਕੁਝ ਕਵੀ ਹੁੰਦੇ ਨੇ, ਅਪਣੇ ਮਤਲਬ ਦੀਆਂ ਗੱਲਾਂ ਤਾਲ਼ ਲੈਂਦੇ ਨੇ, ਪਰ ਉਸ ਵਿੱਚ ਸਮਾਜ ਲਈ ਕੀ ਹੈ, ਇਸ ਬਾਰੇ ਚੁੱਪ ਵੱਟ ਲੈਂਦੇ ਹਨ, ਜੇ ਚੁੱਪ ਨਾ ਵੀ ਵੱਟਣ ਤਾਂ ਸਮਾਜ ਲਈ ਉਸੇ ਕਿਤਾਬ ਵਿੱਚੋਂ ਕੁਝ ਆਮ ਜਿਹੀਆਂ ਗੱਲਾਂ ਦਾ ਹਵਾਲਾ ਦੇ ਕੇ ਸੁਰਖਰੂ ਹੋ ਜਾਂਦੇ ਹਨ। ਇਹ ਆਮ ਗੱਲਾਂ ਤਾਂ ਆਮ ਲੋਕ ਵੀ ਜਾਣਦੇ ਹੁੰਦੇ ਹਨ ਫਿਰ ਇਨ੍ਹਾਂ ਗੱਲਾਂ ਨੂੰ ਲਿਖਣ ਵਾਲਾ ਖਾਸ ਕਿਵੇਂ ਹੋ ਗਿਆ ਇਸ ਗੱਲ ਦਾ ਜਵਾਬ ਨਾ ਕਿਸੇ ਨੇ ਦਿੱਤਾ ਹੈ ਤੇ ਨਾ ਹੀ ਕਿਸੇ ਕੋਲੋਂ ਉਮੀਦ ਹੈ। ਜਦੋਂ ਪਾਠਕਾਂ ਕੋਲ ਉਨ੍ਹਾਂ ਦੇ ਹਾਣ ਦਾ ਕੁਝ ਪੁੱਜੇਗਾ ਹੀ ਨਹੀਂ ਤਾਂ ਉਹ ਕਿਉਂ ਅਜਿਹੀਆਂ ਰਚਨਾਵਾਂ ’ਤੇ ਅਪਣਾ ਦਿਮਾਗ਼ ਅਤੇ ਸਮਾਂ ਖਰਾਬ ਕਰਨਗੇ?

ਤੀਜਾ ਅਤੇ ਅਹਿਮ ਸਵਾਲ ਹੈ ਕਿ, 'ਪੰਜਾਬੀ 'ਚ ਕਿੰਨੇ ਕੁ ਚੰਗੇ ਕਵੀ ਹਨ?' ਕਹਿਣ ਵਾਲੇ ਤੁੱਕਬੰਦੀ ਲਿਖਣ ਵਾਲਿਆਂ ਨੂੰ ਵੀ ਕਵੀ ਕਹਿ ਦਿੰਦੇ ਹਨ ਅਤੇ ਧੱਕੇ ਨਾਲ ਅਪਣੀ ਗੱਲ ਮੰਨਵਾ ਵੀ ਲੈਂਦੇ ਹਨ। ਇਨ੍ਹਾਂ ਦੀ ਅਲੋਚਨਾ ਵੀ ਕੋਈ ਨਹੀਂ ਕਰਦਾ। ਡਰਦੇ ਨੇ ਕਿ ਉਂਗਲ਼ ਘੁੰਮ ਫਿਰ ਕੇ ਅਪਣੇ ’ਤੇ ਹੀ ਆ ਜਾਣੀ ਹੈ। ਇਹ ਗੱਲ ਭੁੱਲ ਜਾਂਦੇ ਨੇ ਕਿ ਉਨ੍ਹਾਂ ਤੋਂ ਬਾਅਦ ਵੀ ਉਨ੍ਹਾਂ ਦੀਆਂ ਕਹੀਆਂ ਲਿਖੀਆਂ ਨੇ ਹੀ ਰਹਿ ਜਾਣਾ ਹੈ ਉਨ੍ਹਾਂ ਦੀ ਮੈਂ ਕਿਤੇ ਵੀ ਨਹੀਂ ਰਹਿ ਜਾਣੀ, ਇਹ ਜਾਣਦੇ ਹੋਏ ਵੀ ਉਹ ਉਹੀ ਗੱਲਾਂ ਕਰਦੇ ਨੇ ਜਿਨ੍ਹਾਂ ਨਾਲ ਉਨ੍ਹਾਂ ਦਾ ਅਪਣਾ ਆਪ ਢੱਕਿਆ ਰਹੇ। (ਇਸ ਕੈਟਾਗਰੀ ਵਿੱਚ ਇਨ੍ਹਾਂ ਸਤਰਾਂ ਦਾ ਲੇਖਕ ਵੀ ਆਉਂਦਾ ਹੈ।) ਸਵਾਲ ਇਹ ਵੀ ਹੋਣਾ ਚਾਹੀਦਾ ਸੀ ਕਿ ਕਿੰਨੀਆਂ ਕੁ ਚੰਗੀਆਂ ਕਵਿਤਾਵਾਂ ਹਨ (ਸਮਾਜ ਲਈ ਚੰਗੀਆਂ)। ਚੰਗੀਆਂ ਕਵਿਤਾਵਾਂ ਬਾਰੇ ਹਰ ਇੱਕ ਦਾ ਅਲੱਗ ਨਜ਼ਰੀਆ ਹੋ ਸਕਦਾ ਹੈ, ਪਰ ਸਮਾਜ ਲਈ ਮਹੱਤਵਪੂਰਣ ਕਵਿਤਾਵਾਂ ਦੀ ਚੋਣ ਲਾਜ਼ਮੀ ਹੈ। ਜਦੋਂ ਗੱਲ ਕਵਿਤਾ ਦੀ ਹੀ ਕੀਤੀ ਜਾਵੇਗੀ ਤਾਂ ਉਸ ਵਿੱਚ ਕਵੀ ਅਪਣੇ ਆਪ ਮਨਫੀ ਹੋ ਜਾਵੇਗਾ। ਇਹ ਮਹੱ ਕਾਤਵਪੂਰਣਰਜ ਹੈ, ਜੋ ਕਰ ਦੇਣਾ ਚਾਹੀਦਾ ਹੈ, ਬਹੁਤੇ ਕਰ ਵੀ ਰਹੇ ਹਨ ਪਰ ਏਸ ਵਿਧਾ ਦੇ ਪ੍ਰਦੂਸ਼ਣ ਨੇ ਉਨ੍ਹਾਂ ਦੇ ਕੰਮ ਨੂੰ ਢੱਕ ਲਿਆ ਹੈ।


ਚੌਥਾ ਸਵਾਲ ਹੈ, 'ਕੀ ਕਵਿਤਾ ਇਸ ਯੁੱਗ ਦੀਆਂ ਪੇਚੀਦਗੀਆਂ ਨੂੰ ਅੰਕਿਤ ਕਰਨ  ਲਈ ਯੋਗ ਵਿਧਾ ਹੈ?' ਕਵਿਤਾ ਦਾ ਸਾਹਿਤ ਵਿੱਚ ਅਪਣਾ ਅਲੱਗ ਯੋਗਦਾਨ ਹੈ ਅਤੇ ਇਹ ਇਸ ਯੁੱਗ ਦੀਆਂ ਪੇਚੀਦਗੀਆਂ ਨੂੰ ਅੰਕਿਤ ਕਰਨ  ਲਈ ਓਨੀ ਹੀ ਲਾਜ਼ਮੀ ਅਤੇ ਮਹੱਤਵਪੂਰਣ ਹੈ ਜਿੰਨੀ ਕਿ ਸਾਹਿਤ ਦੀ ਹੋਰ ਵਿਧਾ। ਲਾਜ਼ਮੀ ਨਹੀਂ ਕਿ ਕਵਿਤਾ ਨੇ ਅੱਗ ਹੀ ਲਾਉਣੀ ਹੁੰਦੀ ਹੈ, ਅੱਗ ਲਾਉਣ ਦਾ ਢੰਗ ਵੀ ਦੱਸਣਾ ਹੁੰਦਾ ਹੈ, ਅੱਗ ਕਿੱਥੇ ਅਤੇ ਕਿਉਂ ਲਾਉਣੀ ਹੈ, ਇਹ ਵੀ ਦੱਸਣਾ ਹੁੰਦਾ ਹੈ। ਗੀਤ, ਗ਼ਜ਼ਲ, ਕਹਾਣੀ, ਨਾਵਲ ਦੇ ਬਰਾਬਰ ਭੂਮਿਕਾ ਹੈ ਕਵਿਤਾ ਦੀ। ਪਰ ਇਹ ਵਿਧਾ ਕਵੀਆਂ ਅਤੇ ਅਲੋਚਕਾਂ ਦੀ ਕਮੀਨਗੀ ਕਾਰਣ ਸਮਾਜ ਨੂੰ ਅਪਣੇ ਨਾਲ ਜੋੜ ਸਕਣ ਤੋਂ ਅਸਮਰੱਥ ਰਹੀ ਹੈ।

ਪੰਜਾਬੀ ਸਾਹਿਤਕਾਰੀ ਨੂੰ ਕਵਿਤਾ ਨੇ ਆਤੰਕਿਤ ਨਹੀਂ ਕੀਤਾ, ਕਵੀਆਂ ਦੀ ਮਾਨਸਿਕਤਾ ਨੇ ਆਤੰਕਿਤ ਕੀਤਾ ਹੈ, ਆਲੋਚਕ ਇਸ ਤੋਂ ਵੱਖ ਨਹੀਂ ਹਨ। ਕਵਿਤਾ ਇੱਕ ਛੇਤੀ ਪੜ੍ਹੀ ਜਾਣ ਵਾਲੀ ਵਿਧਾ ਹੈ, ਛੇਤੀ ਲਿਖੀ ਜਾਣ ਵਾਲੀ ਨਹੀਂ। ਪਾਠਕ ਇਸ ਨੂੰ ਪੜ੍ਹਦੇ ਹਨ, ਪ੍ਰਭਾਵਿਤ ਹੁੰਦੇ ਹਨ ਅਤੇ ਅਪਣਾ ਪ੍ਰਤੀਕਰਮ ਦਿੰਦੇ ਹਨ। ਨਾਵਲ ਅਤੇ ਕਹਾਣੀ ਪੜ੍ਹਨ ਲਈ ਸਮਾਂ ਜ਼ਿਆਦਾ ਲੱਗਦਾ ਹੈ। ਕਵਿਤਾ ਜੇ ਪਸੰਦ ਨਾ ਆਵੇ ਤਾਂ ਉਸ ਨੂੰ ਪੜ੍ਹਨ ਵਿੱਚ ਏਨਾ ਸਮਾਂ ਬਰਬਾਦ ਨਹੀਂ ਹੁੰਦਾ ਜਿੰਨਾਂ ਨਾਵਲ ਜਾਂ ਕਹਾਣੀ ਨੂੰ ਪੜ੍ਹਨ ਵਿੱਚ ਹੁੰਦਾ ਹੈ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਨਾਵਲ ਅਤੇ ਕਹਾਣੀਆਂ ਵੀ ਬਹੁਤੇ ਲੇਖਕਾਂ ਵਲੋਂ ਖੱਪਾ ਪੂਰਨ ਲਈ ਹੀ ਲਿਖੇ ਜਾਂਦੇ ਹਨ। ਉਨ੍ਹਾਂ ਨੂੰ ਪੜ੍ਹਨ ਲਈ ਸਮਾਂ ਜ਼ਿਆਦਾ ਲੱਗਦਾ ਹੈ ਅਤੇ ਜੇ ਪਸੰਦ ਨਾ ਆਵੇ ਜਾਂ ਫਿਜ਼ੂਲ ਹੀ ਲਿਖਿਆ ਹੋਵੇ ਤਾਂ ਪਾਠਕ ਉਸ ਨਾਲੋਂ ਟੁੱਟਦਾ ਹੈ, ਉਸ ਕੋਲ ਸਮਾਂ ਸੀਮਿਤ ਹੁੰਦਾ ਹੈ। ਪਰ ਕਵਿਤਾ ਪਾਠਕ ਦੇ ਇਸ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੀ ਹੈ, ਕਿਉਂਕਿ ਉਸ ਨੂੰ ਪਾਠਕ ਸਰਸਰੀ ਨਜ਼ਰ ਫੇਰ ਕੇ ਪਾਸੇ ਕਰਨ ਦੇ ਸਮਰੱਥ ਹੁੰਦਾ ਹੈ।

ਪੰਜਾਬੀ 'ਚ ਕਵਿਤਾ ਕਿਸੇ ਉਚੇਰੇ ਚਿੰਤਨ ਨੂੰ ਨਹੀਂ ਉਭਾਰ ਰਹੀ, ਇਸ ਬਾਰੇ ਕੋਈ ਅਲੋਚਕ ਜਾਂ ਪਾਠਕ ਹੀ ਦੱਸ ਸਕਦਾ ਹੈ। ਜਾਂ ਇਸ ਬਾਰੇ ਕੋਈ ਚਿੰਤਕ ਹੀ ਦੱਸ ਸਕਦਾ ਹੈ, ਮੇਰੇ ਵਰਗਾ ਆਮ ਜਿਹੀ ਸੂਝ ਵਾਲਾ ਬੰਦਾ ਇਸ ਬਾਰੇ ਕੁੱਝ ਕਹਿਣ ਤੋਂ ਅਸਮਰੱਥ ਹੈ। ਅੱਗੇ ਦਾ ਲੇਖ ਚਿੰਤਕਾਂ ਦੀ ਰਾਏ ਹੀ ਮੰਗਦਾ ਹੈ, ਮੈਂ ਚਿੰਤਕ ਨਹੀਂ। ਇਹ ਠੀਕ ਹੈ ਕਿ ਪੰਜਾਬੀ ਸਾਹਿਤ ਨੂੰ ਕਵਿਤਾ ਦੇ ਆਤੰਕ ਨੇ ਪੀੜਿਤ ਕੀਤਾ ਹੋਇਆ ਹੈ। ਇਹ ਗੱਲ ਏਥੋਂ ਵੀ ਉੱਭਰਦੀ ਹੈ ਕਿ ਸਾਹਿਤ ਸਮਾਗਮਾਂ ਵਿੱਚ ਕਵਿਤਾ ਦਾ ਹੀ ਬੋਲਬਾਲਾ ਹੁੰਦਾ ਹੈ। ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਸਭ ਦੀ ਹਾਜਰੀ ਲਵਾਉਣ ਲਈ ਬਹੁਤੇ ਸਮਾਗਮਾਂ ਵਿੱਚ ਇਹ ਉਪਰਾਲਾ ਕਰ ਲਿਆ ਜਾਂਦਾ ਹੈ, ਇਸ ਨੂੰ ਲਿਹਾਜੂ ਕਾਰਵਾਈ ਵੀ ਕਿਹਾ ਜਾ ਸਕਦਾ ਹੈ। ਪਰ ਓਥੇ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਤੇ ਚਰਚਾ ਕਰਨ ਦੀ ਵੀ ਕੋਈ ਖੇਚਲ ਨਹੀਂ ਕਰਦਾ। ਸਭ ਵਾਹ ਵਾਹ ਕਰਦੇ ਹਨ ਅਤੇ ਇਹ ਵਾਹ ਵਾਹ ਹੀ ਕਵਿਤਾ ਦਾ ਮਿਆਰ ਡੇਗਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇ ਕੋਈ ਵਾਹ ਵਾਹ ਨਹੀਂ ਵੀ ਕਰਦਾ ਤਾਂ ਉਹ ਹੋ ਰਹੀ ਵਾਹ ਵਾਹ ਤੇ ਕਿੰਤੂ ਕਰਨ ਦੀ ਵੀ ਕੋਸ਼ਿਸ਼ ਨਹੀਂ ਕਰਦਾ। ਉਹ ਕਰੇ ਵੀ ਕਿਵੇਂ, ਉਸ ਦੀ ਤੂਤੀ ਵਾਹ ਵਾਹ ਕਰਨ ਵਾਲਿਆਂ ਦੀ ਵਾਹ ਵਾਹ ਥੱਲੇ ਦੱਬ ਦਿੱਤੀ ਜਾਂਦੀ ਹੈ, ਟਾਲ਼ ਦਿੱਤਾ ਜਾਂਦਾ ਹੈ ਕਿ ਇਹ ਮੌਕਾ ਅਜਿਹੀਆਂ ਗੱਲਾਂ ਕਰਨ ਦਾ ਨਹੀਂ ਹੈ। ਅਤੇ ਏਥੇ ਆਕੇ ਹੀ ਈਮਾਨਦਾਰੀ ਮਰ ਜਾਂਦੀ ਹੈ, ਜਦੋਂ ਈਮਾਨਦਾਰੀ ਮਰ ਜਾਂਦੀ ਹੈ ਤਾਂ, 'ਕੂੜ ਹੋਇਆ ਪ੍ਰਧਾਨ ਵੇ ਲਾਲੋ' ਵਾਲੀ ਗੱਲ ਹੋ ਨਿੱਬੜਦੀ ਹੈ।

ਬੰਗੇ ਕਿਸੇ ਦੀ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਸੀ, ਕਵੀ ਦੀ ਪਹਿਲੀ ਜਾਂ ਸ਼ਾਇਦ ਦੂਸਰੀ ਕਿਤਾਬ ਸੀ। ਪਰਚਾ ਪੜ੍ਹਨ ਵਾਲੇ ਨੇ ਅਪਣੇ ਨਜ਼ਰੀਏ ਤੋਂ ਕਿਤਾਬ ਦਾ ਮੁਲਾਂਕਣ ਕਰਦਿਆਂ ਪਰਚਾ ਪੜ੍ਹ ਦਿੱਤਾ। ਬਹੁਤੀਆਂ ਕਵਿਤਾਵਾਂ ਅਜਿਹੀਆਂ ਸੀ ਜਿਸ ਬਾਰੇ ਪਰਚਾ ਪੜ੍ਹਨ ਵਾਲੇ ਨੇ ਕਿਹਾ ਸੀ ਕਿ ਇਹ ਆਮ ਜਿਹੀਆਂ ਹਨ, ਇਹ ਮਹੱਤਵਪੂਰਨ ਨਹੀਂ ਹਨ ਅਤੇ ਇਨ੍ਹਾਂ ਦੀ ਨਾ ਹੀ ਲੋੜ ਸੀ ਤੇ ਨਾ ਹੀ ਇਹ ਕੋਈ ਮਾਅਰਕਾ ਹੈ, ਲੇਖਕ ਨੂੰ ਜਲਦੀ ਨਹੀਂ ਸੀ ਕਰਨੀ ਚਾਹੀਦੀ। ਪਰ ਮੇਰੇ ਵੇਖਣ ਦੀ ਗੱਲ ਹੈ ਕਿ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ਼੍ਰੀ ਅਨੂਪ ਵਿਰਕ ਜੀ ਸਮੇਤ ਹੋਰ ਵੀ ਅਲੋਚਕਾਂ (ਨਾਮ ਨਹੀਂ ਯਾਦ, ਨਾਮ ਯਾਦ ਰੱਖਣੇ ਮੇਰੀ ਰੁਚੀ ਵੀ ਨਹੀਂ ਹੈ) ਦਾ ਇਹੋ ਕਹਿਣਾ ਸੀ ਕਿ ਕਵੀ ਦਾ ਉਪਰਾਲਾ ਸ਼ਲਾਘਾਯੋਗ ਹੈ, ਅਜੇ ਉਸ ਦੀ ਦੂਸਰੀ ਹੀ ਪੁਸਤਕ ਆਈ ਹੈ, ਇਸ ਲਈ ਉਸ ਦਾ ਸਿਰਫ ਸਵਾਗਤ ਕਰਨਾ ਹੀ ਬਣਦਾ ਹੈ। ਇਸ ਦਾ ਇਹ ਮਤਲਬ ਵੀ ਕੱਢਿਆ ਜਾ ਸਕਦਾ ਹੈ ਕਿ ਉਹ ਜੋ ਵੀ ਲਿਖੇ ਉਸ ਨੂੰ ਨਵਾਂ ਨਵਾਂ ਕਰਕੇ ਸਭ ਕਾਸੇ ਤੋਂ ਛੋਟ ਦਿੱਤੀ ਜਾਂਦੀ ਹੈ। ਅਜਿਹੀਆਂ ਛੋਟਾਂ ਹੀ ਕਵਿਤਾ ਦਾ ਮਿਆਰ ਡੇਗਦੀਆਂ ਹਨ। ਪਾਠਕਾਂ ਨੂੰ ਕਵਿਤਾਵਾਂ ਨਾਲੋਂ ਤੋੜਦੀਆਂ ਹਨ। ਵੈਸੇ ਪਾਠਕਾਂ ਦਾ ਸਾਹਿਤ ਤੋਂ ਮੂੰਹ ਫੇਰ ਲੈਣ ਦੇ ਹੋਰ ਵੀ ਬਹੁਤ ਸਾਰੇ ਕਾਰਣ ਹਨ, ਪਰ ਵਿਸ਼ੇ ਤੋਂ ਪਾਸੇ ਨਾ ਜਾਂਦਿਆਂ ਇਹੋ ਕਿਹਾ ਜਾ ਸਕਦਾ ਹੈ ਕਿ ਗੁਰਬਚਨ ਜੀ ਦੇ ਲੇਖ ਵਿੱਚ ਕਵੀਆਂ ਦੀ ਬਜਾਏ ਕਵਿਤਾ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਗਿਆ ਹੈ, ਜੋ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ।


ਸੰਪਰਕ: 946389628

Comments

harjinder singh

ਸਮਾਜ ਲਈ ਮਹੱਤਵਪੂਰਣ ਕਵਿਤਾਵਾਂ ਦੀ ਚੋਣ ਲਾਜ਼ਮੀ ਹੈ। ਜਦੋਂ ਗੱਲ ਕਵਿਤਾ ਦੀ ਹੀ ਕੀਤੀ ਜਾਵੇਗੀ ਤਾਂ ਉਸ ਵਿੱਚ ਕਵੀ ਅਪਣੇ ਆਪ ਮਨਫੀ ਹੋ ਜਾਵੇਗਾ। ਇਹ ਮਹੱ ਕਾਤਵਪੂਰਣਰਜ ਹੈ, ਜੋ ਕਰ ਦੇਣਾ ਚਾਹੀਦਾ ਹੈ, ਬਹੁਤੇ ਕਰ ਵੀ ਰਹੇ ਹਨ ਪਰ ਏਸ ਵਿਧਾ ਦੇ ਪ੍ਰਦੂਸ਼ਣ ਨੇ ਉਨ੍ਹਾਂ ਦੇ ਕੰਮ ਨੂੰ ਢੱਕ ਲਿਆ ਹੈ।...bilkul sahi kiha g.

harjinder s.

ਸਮਾਜ ਲਈ ਮਹੱਤਵਪੂਰਣ ਕਵਿਤਾਵਾਂ ਦੀ ਚੋਣ ਲਾਜ਼ਮੀ ਹੈ। ਜਦੋਂ ਗੱਲ ਕਵਿਤਾ ਦੀ ਹੀ ਕੀਤੀ ਜਾਵੇਗੀ ਤਾਂ ਉਸ ਵਿੱਚ ਕਵੀ ਅਪਣੇ ਆਪ ਮਨਫੀ ਹੋ ਜਾਵੇਗਾ। ਇਹ ਮਹੱ ਕਾਤਵਪੂਰਣਰਜ ਹੈ, ਜੋ ਕਰ ਦੇਣਾ ਚਾਹੀਦਾ ਹੈ, ਬਹੁਤੇ ਕਰ ਵੀ ਰਹੇ ਹਨ ਪਰ ਏਸ ਵਿਧਾ ਦੇ ਪ੍ਰਦੂਸ਼ਣ ਨੇ ਉਨ੍ਹਾਂ ਦੇ ਕੰਮ ਨੂੰ ਢੱਕ ਲਿਆ ਹੈ।...bilkul sahi kiha g.

Iqbal Pathak

ਸੋਹਣਾ ਪ੍ਰਤੀਕਰਮ ਹੈ,......

ਬਲਰਾਜ ਚੀਮਾ

"ਸੋਹਣਾ ਪ੍ਰਤੀਕਰਮ ਹੈ" ਇਹ ਕੋਈ ਵਾਜਬ ਟਿਪਣੀ ਨਹੀਂ; ਆਖ਼ਰ ਪ੍ਰਤੀਕਰਮ ਸੋਹਣਾ ਜਾਂ ਕਸੋਹਣਾ ਨਹੀਂ ਹੁੰਦਾ ਸਗੋਂ ਉਚਤ ਜਾਂ ਅਣਉਚਤ ਹੋ ਸਕਦਾ ਹੈ। ਤਰਕਪੂਰਨ ਜਾਂ ਬੇਤਰਕ ਹੋ ਸਕਦਾ ਹੈ। ਜਦੋਂ ਅਸੀਂ ਕਿਸੇ ਰਚਣਾ ਦੇ ਹੱਕ ਜਾਂ ਵਿਰੋਧ ਵਿੱਚ ਬਿਨਾ ਠੋਸ ਮਿਸਾਲਾਂ ਦੇ ਅਤੇ ਦਲੀਲ ਸਹਿਤ ਜਾਂ ਰਹਿਤ ਸਬੂਤ ਨਹੀਂ ਦੇ ਸਕਦੇ ਉਦੋਂ ਤੀਕ ਅਜਿਹੀਆਂ ਟਿੱਪਣੀਆਂ ਅਤੇ ਕਥਨ ਨਿਰਾਰਥਕ ਰਹਿੰਦੇ ਹਨ। ਪੰਜਾਬੀ ਵਿੱਚ ਇਹ ਰੁਝਾਣ ਜਾਂ ਰੀਤੀ ਬਹੁਤ ਹੀ ਨਿੰਦਨਯੋਗ ਹੱਦ ਤੀਕ ਪਹੁੰਚ ਚੁਕੀ ਹੈ ਕਿ ਰਚਣਾਵਾਂ, ਪੁਸਤਕਾਂ, ਅਤੇ ਲੇਖਕਾਂ ਦੀ ਸਿਫ਼ਤ 'ਤੇ ਵੱਧ ਜ਼ੋਰ ਹੁੰਦਾ ਪਰ ਸਿਫ਼ਤ ਦੀ ਪਾਤਰ ਕਿਉਂ ਹੈ ਨੂੰ ਅਣਗੌਲਿਆ ਕੀਤਾ ਜਾਂਦਾ ਹੈ; ਨਤੀਜਾ ਬੇਤਰਕ ਪ੍ਰਸੰਸਾ ਜਾਂ ਨਿਖੇਦੀ ਪ੍ਰਤੀਕਰਮ ਬਣ ਕੇ ਰਹਿ ਜਾਂਦੀ ਹੈ ਜੋ ਮੂਲ ਰਚਣਾ ਜਾਂ ਪੁਸਤਕ ਨਾਲ ਅਿਨਯਾ ਬਰਾਬਰ ਹੁੰਦਾ ਹੈ।

Iqbal Pathak

ਵੀਰ ਬਲਰਾਜ ਚੀਮਾਂ ਜੀ ਮੈਂ ਇਸ ਮੁੱਦੇ 'ਤੇ ਕੁਝ ਵਿਸਥਾਰ ਵਿੱਚ ਆਖਣ ਦਾ ਚਾਹਵਾਨ ਸਾਂ ਸੋ ਵਿਅੰਗ ਦੇ ਤੌਰ ਤੇ ਤਿੰਨ ਸ਼ਬਦ ਹੀ ਲਿਖੇ ਥੋੜੀ ਉਡੀਕ ਕਰੋ ਆਪਣਾ ਪੂਰਾ ਨਜ਼ਰੀਆ ਲੈਕੇ ਹਾਜਿਰ ਹੋਵਾਂਗਾ ਆਪ ਸਭ ਦੋਸਤਾਂ ਦੀ ਕਚਹਿਰੀ ਵਿੱਚ |

jasvir manguwal

very good article tusi sahi kiha...................

annonymous

go here to take a look at anti propaganda http://on.fb.me/OPIXhd http://is.gd/gHKM7G

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ