Mon, 11 November 2024
Your Visitor Number :-   7244658
SuhisaverSuhisaver Suhisaver

ਨੂਰਜਹਾਂ (ਕਿਸ਼ਤ ਪਹਿਲੀ)- ਖ਼ਾਲਿਦ ਹਸਨ

Posted on:- 27-05-2013

suhisaver

 ਮੈਡਮ ਨੂਰਜਹਾਂ ਅਜਿਹੀ ਜ਼ਨਾਨੀ ਸੀ ਜਿਸ ਦੇ ਰਾਹ ਵਿਚ ਕੋਈ ਨਾ ਈ ਆਵੇ ਤਾਂ ਉਹਦੇ ਲਈ ਚੰਗਾ ਏ, ਖ਼ਾਸਕਰ ਜ਼ਨਾਨੀਆਂ। ਬਹੁਤ ਵਰ੍ਹੇ ਪਹਿਲਾਂ ਦੀ ਗੱਲ ਏ ਕਿ ਨੂਰਜਹਾਂ ਨੇ ਅਦਾਕਾਰਾ ਨਿਗਹਤ ਸੁਲਤਾਨਾ ਨੂੰ ਦੋ ਧਰ ਵੀ ਦਿਤੀਆਂ ਸਨ ਜਿਹਨੇ ਨੂਰਜਹਾਂ ਲਈ ਉਨ੍ਹਾਂ ਦੀ ਪਿੱਠ ਪਿੱਛੇ 'ਛਿੱਲ ਲਾਹੂ' ਜਿਹੇ ਲਫ਼ਜ਼ ਵਰਤੇ ਸਨ ਜਾਂ ਫਿਰ ਨੂਰਜਹਾਂ ਨੂੰ ਉਹਦੇ ਉੱਤੇ ਸ਼ੱਕ ਸੀ ਕਿ ਉਹ ਉਨ੍ਹਾਂ ਦੇ ਖ਼ਾਵੰਦ ਨਾਲ ਅੱਖ-ਮਟੱਕਾ ਕਰ ਰਹੀ ਏ। ਓਦੋਂ ਅਜੇ ਉਨ੍ਹਾਂ ਨੂੰ ਹਾਲੀ ਪ੍ਰਵਾਹ ਹੈ ਸੀ ਆਪਣੇ ਘੱਰ ਦੀ। ਇਕ ਹੋਰ ਨਵੇਂ ਉਠਦੀ ਗਾਇਕਾ ਜਿਸ ਸ਼ੇਖ਼ੀ ਮਾਰੀ ਸੀ ਕਿ ਉਹ ਨੂਰਜਹਾਂ ਤੋਂ ਘੱਟ ਨਹੀਂ। ਨੂਰਜਹਾਂ ਉਸ ਨੁੰ ਡਾਢੇ ਹੱਥੀਂ ਲਿਆ ਤੇ ਉਹਦੀਆਂ ਚੀਕਾਂ ਕਢਵਾ ਦਿਤੀਆਂ। ਲੋਕਾਂ ਨੇ ਵਿਚ ਪੈ ਕੇ ਬਚ ਬਚਾ ਕਰਵਾਇਆ।
 

ਇਹ ਲਗ ਭੱਗ 1994-95 ਦੀ ਗੱਲ ਏ ਨੂਰਜਹਾਂ ਦੀ ਤਾਹਿਰਾ ਸੱਈਅਦ ਨਾਲ ਵੀ ਤੂੰ ਤੂੰ ਮੈਂ ਮੈਂ ਹੋਈ ਸੀ। ਤਾਹਿਰਾ ਨੇ ਨੂਰਜਹਾਂ ਬਾਰੇ ਆਖਿਆ ਸੀ,' ਜੋ ਨੂਰਜਹਾਂ ਦੀ ਅਵਾਜ਼ ਮੈਨੂੰ ਅਕਾਊ ਜਾਪਦੀ ਏ। ਮੈਂ ਉਨ੍ਹਾਂ ਨੂੰ ਦੋ ਵਾਰ ਤੋਂ ਵੱਧ ਨਹੀਂ ਸੁਣ ਸਕਦੀ।' ਉਨ੍ਹਾਂ ਇਹ ਵੀ ਆਖਿਆ ਸੀ,' ਮੇਰੇ ਪਸੰਦਦੀਦਾ ਗਾਇਕ ਤਾਂ ਨੁਸਰਤ ਫ਼ਤ੍ਹ ਅਲੀ ਖ਼ਾਨ ਤੇ ਅਤਾਉਲ੍ਹਾ ਇਸਾ ਖ਼ੇਲਵੀ ਨੇਂ। ਮੈਂ ਇਨ੍ਹਾਂ ਨੂੰ ਸੱਦਾ ਸੁਣ ਸਕਦੀ ਆਂ। ਮੈਂ ਕੋਈ ਪੇਸ਼ਾਵਰ ਗਾਉਣ ਵਾਲੀ ਨਹੀਂ। ਮੈਂ ਤਾਂ ਭਲਾਈ ਦੇ ਕੰਮਾਂ ਲਈ ਪੈਸੇ ਇਕੱਠੇ ਕਰਨ ਲਈ ਗਾਉਣੀ ਆਂ।'

ਮਾਮਲਾ ਖਵਰੇ ਓਥੇ ਈ ਠੱਪਿਆ ਜਾਂਦਾ। ਪਰ ਨੂਰਜਹਾਂ ਦਾ ਇਸ ਗੱਲ ਦਾ ਜਵਾਬ ਮਗਰੋਂ ਤਾਹਿਰਾ ਸੱਈਅਦ ਦੀ ਮਾਂ ਨੇ ਆਖਿਆ ਸੱਭ ਨੂੰ ਪਤਾ ਏ ਅਸੀਂ ਕੌਣ ਆਂ ਤੇ ਤੂੰ ਕਿਥੋਂ ਆਈ ਏਂ। ਉਲਟਾ ਨੂਰਜਹਾਂ ਨੂੰ ਆਪਣੀ ਧੀ ਤੋਂ ਮੁਆਫ਼ੀ ਮੰਗਣ ਦੀ ਸਲਾਹ ਵੀ ਦਿਤੀ। ਝੱਟ ਫ਼ਿਲਮੀ ਦੁਨੀਆ ਦੇ ਲੋਕ ਇਕ ਮੁੱਠ ਹੋ ਕੇ ਨੂਰਜਹਾਂ ਦੀ ਹਮਾਇਤ ਵਿਚ ਉਠ ਖਲੋਤੇ। ਉਨ੍ਹਾਂ ਮਾਂ ਧੀ ਦੀ ਨਿੰਦਿਆ ਕੀਤੀ ਤੇ ਇਕ ਅਵਾਜ਼ ਹੋ ਕੇ ਐਲਾਨ ਕੀਤਾ,' ਨੂਰਜਹਾਂ ਇੱਕੋ ਇਕ ਏ ਉਹਦਾ ਕੋਈ ਜੋੜ ਨਹੀਂ। ਫਬਦੀ ਕੱਸਣ ਵਿਚ ਵੀ ਨੂਰਜਹਾਂ ਦਾ ਕੋਈ ਜੋੜ ਨਹੀਂ ਸੀ।

ਟਰੱਕਾਂ ਲਾਰੀਆਂ ਤੇ ਵੈਗਨਾਂ ਵਾਲਿਆਂ ਦੇ ਮਨ ਭਾਉਂਦੇ ਗਾਇਕ ਈਸਾ ਖ਼ੇਲਵੀ ਬਾਰੇ ਗੱਲ ਕਰਦਿਆਂ ਨੂਰਜਹਾਂ ਨੇ ਇਸ ਝੇੜੇ ਦਾ ਅੰਤ ਇੰਝ ਕੀਤਾ,' ਈਸਾ ਖ਼ੇਲਵੀ ਜੋ ਕੁਝ ਵੀ ਗਾਉਂਦੇ ਨੇਂ ਮੇਰਾ ਤੇ ਮੇਰੇ ਉਸ ਸੰਗੀਤ ਦਾ ਉਹਦੇ ਨਾਲ ਕੋਈ ਵਾਸਤਾ ਨਹੀਂ ਜਿਹੜਾ ਮੈਨੂੰ ਸਿਖਾਇਆ ਗਿਆ ਏ।' ਇੰਜੇ ਇਹ ਗੱਲ ਆਖਣੀ ਨੂਰਜਹਾਂ ਨੂੰ ਫੱਬਦੀ ਵੀ ਏ। ਬੜੇ ਗ਼ੁਲਾਮ ਅਲੀ ਖ਼ਾਨ ਨੂਰਜਹਾਂ ਦੇ ਫ਼ਨ ਨੂੰ ਮੰਦੇ ਸਨ ਤੇ ਆਪਣੀ ਸ਼ਾਗਿਰਦ ਆਖਣ ਵਿਚ ਮਾਣ ਵੀ ਕਰਦੇ ਸਨ। ਉਂਝ ਵੀ ਆਪਣੇ ਉਸਤਾਦ ਨੂੰ ਚਿਤਾਰਦਿਆਂ ਉਨ੍ਹਾਂ ਦਾ ਆਦਰ ਵਧਾਉਣ ਲਈ ਨੂਰਜਹਾਂ ਦਾ ਇਹ ਵੀ ਇਕ ਢੰਗ ਸੀ। ਸੱਚੀ ਗੱਲ ਤਾਂ ਇਹ ਏ ਕਿ ਸੰਗੀਤ ਦੀਆਂ ਬਾਰੀਕੀਆਂ ਤੇ ਭੇਤਾਂ ਬਾਰੇ ਜੋ ਕੁਝ ਵੀ ਜਾਨਣ ਦੀ ਲੋੜ ਸੀ, ਕਿਸੇ ਹੋਰ ਨਾਲੋਂ ਉਹ ਬਿਹਤਰ ਜਾਂਣਦੇ ਸਨ! ਅਜਿਹਾ ਹੋਰ ਕੁਝ ਵੀ ਨਹੀਂ ਸੀ ਜੋ ਕੋਈ ਉਨ੍ਹਾਂ ਨੂੰ ਸਿਖਾਂਦਾ। ਜਦੋਂ ਨੂਰਜਹਾਂ ਫ਼ੌਤ ਹੋਈ ਤਾਂ ਉਨ੍ਹਾਂ ਦੀ ਇਕ ਦਾਦੀ ਫੂਫੀ ਨੇ ਦੱਸਿਆ ਪਈ ਜਦੋਂ ਨੂਰਜਹਾਂ ਜੰਮੀ ਸੀ ਤਾਂ ਉਨ੍ਹਾਂ ਦੇ ਰੋਣ ਦੀ ਅਵਾਜ਼ ਸੁਣਕੇ ਨੂਰਜਹਾਂ ਦੀ ਫੂਫੀ ਨੇ ਆਪਣੇ ਭਰਾ ਨੂੰ ਕਿਹਾ, ਵਾਹ, ਇਹ ਤਾਂ ਰੋਂਦੀ ਵੀ ਸੁਰ ਵਿਚ ਏ।

1988 ਵਿਚ ਮੈਡਮ ਦੀ ਮੁਸੱਰਤ ਨਜ਼ੀਰ ਨਾਲ ਇਕ ਬੜੀ ਮਸ਼ਹੂਰ ਝੜਪ ਹੋਈ। ਮੈਡਮ ਨੂੰ ਇਸ ਦਾ ਕੋਈ ਚਾਅ ਚੜ੍ਹਿਆ ਤਾਂ ਨਹੀਂ ਸੀ ਆਖਿਆ ਜਾ ਸਕਦਾ ਪਈ ਮੁਸੱਰਤ ਨਜ਼ੀਰ ਨੇ ਉਹ ਮੇਰਾ ਲੌਂਗ ਗਵਾਚਾਗਾਕੇ ਜੀਵੰਦੀ ਯਾਦ ਵਿਚ ਸੱਭ ਤੋਂ ਹਰਮਨ ਪਿਆਰਾ ਹੋਇਆ ਗੀਤ ਗਿਣਵਿਆਂ। ਇਹ ਉਹੀ ਗੀਤ ਏ ਜਿਹਦੇ ਵਿਚ , ਟਾਹਲੀਆਂ ਹੇਠ ਦੌਵੀ ਆਂਦੀ ਮੁਟਿਆਰ ਦੇ ਨੱਕ ਦਾ ਕੋਕਾ (ਲੌਂਗ) ਬੁੜ੍ਹਕ ਕੇ ਡਿਗ ਪੈਂਦਾ ਏ ਤੇ ਉਹ ਨਹੀਂ ਲੱਭਦਾ। ਉਹ ਮੁਟਿਆਰ ਆਪਣੇ ਪਿੱਛੇ ਪਿੱਛੇ ਆਉਂਦੇ ਗੱਭਰੂ ਨੂੰ ਵੰਗਾਰ ਪਾਉਂਦੀ ਏ ਜੋ ਉਹ ਮੇਰਾ ਲੌਂਗ ਲੱਭੇ। ਹਰ ਇਕ ਤੋਂ' ਮੇਰਾ ਲੌਂਗ ਗਵਾਚਾ' ਦੀ ਵਾਹ ਵਾਹ ਸੁਣ ਸੁਣ ਕੇ ਮੈਡਮ ਨੱਕੋ ਨੱਕ ਆਗਏ ਤਾਂ ਉਨ੍ਹਾਂ ਵੀ ਇਹ ਗੀਤ ਆਪਣੇ ਢੰਗ ਨਾਲ ਗਾਕੇ ਰਿਕਾਰਡ ਕਰਵਾ ਦਿਤਾ। ਪਰ ਮੈਡਮ ਦੇ ਇਸੇ ਗਾਏ ਗੀਤ ਦੀ ਕਿਸੇ ਸਾਰ ਈ ਨਾ ਲਈ। ਨੂਰਜਹਾਂ ਨੂੰ ਹੋਰ ਵੱਟ ਚੜ੍ਹ ਗਿਆ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸਾਂ ਇੰਝ ਕਿਉਂ ਕੀਤਾ ਏ? ਨੂਰਜਹਾਂ ਨੇ ਦੱਸਿਆ ਕਿ ਸਾਰੇ ਮੈਨੂੰ ਆ ਆ ਕੇ ਕਹਿੰਦੇ ਸਨ ਜੇ ਮੈਂ ਇਹ ਗੀਤ ਨਾ ਗਾਇਆ ਤਾਂ ਬਾਰੀ ਸਟੋਡੀਉ ਵਿਚ ਕਤਲ ਹੋ ਜਾਣਗੇ। ਹਾਲ ਦੀ  ਘੜੀ ਮੈਨੂੰ ਉਹ ਵਜ੍ਹਾ ਭੁਲ ਗਈ ਏ। ਪਰ ਨੂਰਜਹਾਂ ਨੇ ਮੈਨੂੰ ਬੜਾ ਖੁਲਕੇ ਬਾਰੀ ਸਟੋਡੀਉ ਵਿਚ ਕਤਲ ਹੋ ਜਾਵਣ ਦਾ ਕਾਰਣ ਦੱਸਿਆ ਸੀ।

ਮੈਨੂੰ ਚੰਗਾ ਭਲਾ ਚੇਤਾ ਏ, ਮੈਂ ਉਨ੍ਹਾਂ ਨੂੰ ਪੁੱਛਿਆ ਸੀ,' ਤੁਸੀ ਮੁਸੱਰਤ ਨਜ਼ੀਰ ਦੀ ਕਾਮਯਾਬੀ ਉੱਤੇ ਰਸ਼ਕ ਕਰਦੇ ਓ?' ਰਸ਼ਕ ! ਉਨ੍ਹਾਂ ਦੀ ਅਵਾਜ਼ ਵਿਚ ਟਿਚਕਰ ਸੀ। ਮੈਂ ਰਸ਼ਕ ਕਰਾਂ ਕਿਸੇ ਗਾਉਣ ਵਾਲੀ ਉੱਤੇ, ਫਿਰ ਉਹ ਵੀ ਮੁਸੱਰਤ ਨਜ਼ੀਰ

ਉਨ੍ਹਾਂ ਵਾਕ ਹਵਾ ਵਿਚ ਈ ਲਮਕਿਆ ਰਹਿਣ ਦਿਤਾ ਸੀ। ਇਹ ਮੈਡਮ ਦਾ ਖ਼ਾਸ ਢੰਗ ਸੀ।  

ਕੁਝ ਸਮੇ ਬਾਦੋਂ ਮੈਨੂੰ ਮੁਸੱਰਤ ਨਜ਼ੀਰ ਤੋਂ ਟੋਰਾਂਟੋ ਵਿਚ ਇਸ ਕਹਾਣੀ ਬਾਰੇ ਪੁੱਛਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਸਹੁੰ ਖਾਕੇ ਮੈਨੂੰ ਦੱਸਿਆ,' ਜਦੋਂ ਮੈਂ ਲਾਹੌਰ ਵਿਚ ਸਾਂ ਤਾਂ ਮੈਡਮ ਨੂਰਜਹਾਂ ਵੱਲੋਂ ਮੈਨੂੰ ਸੁਨੇਹਾ ਮਿਲਿਆ ਪਈ ਮੈਂ ਪੁੱਠੇ ਪੈਰੀਂ ਲਹੌਰੋਂ ਉਥੇ ਈ ਪਰਤ ਜਾਵਾਂ ਜਿਥੋਂ ਮੈਂ ਆਈ ਆਂ , ਨਹੀਂ ਤਾਂ ਚੰਗਾ ਨਹੀਂ ਹੋਵੇਗਾ।' ਇਸ ਪੁਛ ਦਸ ਵਿਚ ਕਾਲੇ ਇਲਮ ਦਾ ਜ਼ਿਕਰ ਵੀ ਹੋਇਆ। (ਸ਼ੌਕਤ ਹੁਸੈਨ ਰਿਜ਼ਵੀ ਵੀ ਇਸ ਗੱਲ ਦੀ ਦੱਸ ਪਾਉਂਦੇ ਸਨ ਜੋ ਨੂਰਜਹਾਂ ਇਹਦੇ ਵਿਚ ਮਾਹਿਰ ਏ)।

ਮੈਂ ਪਹਿਲੀ ਵਾਰ 1967 ਵਿਚ ਨੂਰਜਹਾਂ ਨੂੰ ਮਿਲਿਆ ਜਦੋਂ ਉਨ੍ਹਾਂ ਦਾ ਇਜਾਜ਼ ਨਾਲ ਤਲਾਕ ਦਾ ਝੇੜਾ ਟੁਰਿਆ ਹੋਇਆ ਸੀ। ਉਹ ਅਦਾਕਾਰ ਜਿਸ ਵਿਚ ਕਲਾ ਨਾਂ ਦੀ ਖ਼ਬਰੇ ਕੋਈ ਚੀਜ਼ ਨਹੀਂ ਸੀ, ਸਿਵਾਏ ਸ਼ਕਲ ਸੂਰਤ ਦੇ, ਜਿਹਦੇ ਨਾਲ ਨੂਰਜਹਾਂ ਕੁਝ ਵਰ੍ਹੇ ਪਹਿਲਾਂ ਵਿਆਹ ਕਰਾਇਆ ਸੀ ਤੇ ਜਿਹਦਾ ਫ਼ਿਲਮੀ ਕੈਰੀਅਰ ਬਣਵਾਉਣ ਵਿਚ ਉਨ੍ਹਾਂ ਮਦਦ ਕੀਤੀ ਸੀ। ਤਿੰਨ ਧੀਆਂ ਤੇ ਕਈ ਬੇ ਵਫ਼ਾਈਆਂ ਤੋਂ ਬਾਅਦ ਇਹ ਵਿਆਹ ਮੁੱਕ ਗਿਆ। ਉਨ੍ਹਾਂ ਦਿਨਾਂ ਵਿਚ ਮੈਂ ਨੂਰਜਹਾਂ ਨੂੰ ਕਈ ਵਾਰ ਮਿਲਿਆ। ਨੂਰਜਹਾਂ ਦੀ ਅਵਾਜ਼ ਦਾ ਮੈਂ ਸ਼ੁਦਾਈ ਤਾਂ ਹੈ ਈ ਸਾਂ ਪਰ ਉਨ੍ਹਾਂ ਦੀ ਤਿੱਖੀ ਅਟਕਲ, ਮਖ਼ੋਲੀ ਆਦਤ, ਲੋਕਾਂ ਤੇ ਹਯਾਤੀ ਬਾਰੇ ਡੂੰਘੀ ਨੀਝ ਦਾ ਵੀ ਕਾਇਲ ਹੋ ਗਿਆ। ਉਨ੍ਹਾਂ ਇਜਾਜ਼ ਬਾਰੇ ਗੱਲਾਂ ਕਰਨੀਆਂ। ਕਈ ਵਾਰ ਜ਼ਹਿਰ ਦਾ ਟੀਕਾ ਲਾ, ਤੇ ਕਈ ਵਾਰ ਕਿਸੇ ਭਰਮ ਟੁੱਟਣ ਦੇ ਅਹਿਸਾਸ ਨਾਲ। ਉਨ੍ਹਾਂ ਨੂੰ ਉਨ੍ਹਾਂ ਬਾਰੇ ਅਤੇ ਉਨ੍ਹਾਂ ਤੋਂ ਧੋਖਾ ਹੋਇਆ ਜਾਪਦਾ ਸੀ। ਆਪਣੇ ਆਪ ਨੂੰ ਵੀ ਦੋਸ਼ ਦਿੰਦੇ ਸਨ ਆਪਣੀ ਮਾੜੀ ਚੋਣ ਲਈ।' ਉਹ ਤਾਂ ਕਦੇ ਵੀ ਕੂੜੇ ਤੋਂ ਵੱਧ ਕੁਝ ਨਹੀਂ ਸੀ', ਮੈਨੂੰ ਚੇਤੇ ਹੈ ਉਨ੍ਹਾਂ ਇਜਾਜ਼ ਬਾਰੇ ਕਿਹਾ ਸੀ।

ਕਈ ਵਰ੍ਹਿਆਂ ਬਾਦੋਂ, ਜਦੋਂ ਲੰਦਨ ਦੇ ਹਵਾਈਅੱਡੇ 'ਹੈਥਰੋ ਉੱਤੇ, ਫ਼ਿਲਮ ਦੀਆਂ ਡੱਬਿਆਂ ਵਿਚ ਭਰਿਆ ਨਸ਼ੀਲੀਆਂ ਵਸਤਾਂ ਪਾਰੋਂ ਇਜਾਜ਼ ਨੂੰ ਚਾਰ ਸਾਲ ਕੈਦ ਦੀ ਸਜ਼ਾ ਹੋਈ ਤਾਂ ਇਹ ਨੂਰਜਹਾਂ ਹੀ ਸਨ ਜੋ ਉਨ੍ਹਾਂ ਦੀ ਮਦਦ ਨੂੰ ਪੁਜੇ। ਉਨ੍ਹਾਂ ਈ ਮਹਿੰਗਿਆਂ ਵਕੀਲਾਂ ਦੀਆਂ ਫ਼ੀਸਾਂ ਤਾਰੀਆਂ। ਪਰ ਮਸ਼ਹੂਰ ਇਹ ਸੀ ਜੋ ਨੂਰਜਹਾਂ ਕੰਜੂਸ ਏ। ਨੂਰਜਹਾਂ ਤਾਂ ਉਸ ਬੰਦੇ ਦੀ ਵੀ ਉਹਦੀ ਔਖੀ ਘੜੀ ਵਿਚ ਖੁੱਲੇ ਦਿਲ ਨਾਲ ਮਦਦ ਕੀਤੀ ਜਿਹਨੇ ਉਨ੍ਹਾਂ ਨਾਲ ਮਾੜੀ ਕੀਤੀ ਤੇ ਤਿੰਨ ਧੀਆਂ ਪਾਲਣ ਲਈ ਉਨ੍ਹਾਂ ਦੀ ਝੋਲੀ ਵਿਚ ਸੁਟ ਕੇ ਨੱਸ ਗਿਆ ਸੀ। ਇਹ ਵੀ ਨੂਰਜਹਾਂ ਦਾ ਇਕ ਪੱਖ ਸੀ ਜਿਸ ਬਾਰੇ ਆਮ ਤੌਰ ਉੱਤੇ ਖ਼ਬਰੇ ਨਹੀਂ ਪਤਾ। ਉਹ ਆਪਣੇ ਪੈਸੇ ਨੂੰ ਬੜੇ ਧਿਆਨ ਨਾਲ ਖ਼ਰਚਦੇ ਸਨ। ਉਹ ਅੰਦਰੋਂ ਬੜੇ ਕੂਲੇ ਸਨ, ਖ਼ਾਸਕਰ ਉਨ੍ਹਾਂ ਲਈ ਜਿਹਨਾਂ ਲਈ ਉਨ੍ਹਾਂ ਦੇ ਦਿਲ ਵਿਚ ਮੋਹ ਸੀ।

ਮੈਨੂੰ ਮੈਡਮ ਨਾਲ ਆਪਣੀ ਪਹਿਲੀ ਮੁਲਾਕਾਤ ਕਲ੍ਹ ਵਾਂਗ ਚੇਤੇ ਹੈ। ਭਾਵੇਂ ਪੈਂਤੀ ਵਰ੍ਹੇ ਬੀਤ ਗਏ ਨੇਂ ਉਨ੍ਹਾਂ ਨੂੰ ਪਹਿਲੀ ਵਾਰ ਵੇਖਿਆਂ। ਉਦੋਂ ਮੈਂ ਪਾਕਿਸਤਾਨ ਟਾਈਮਜ਼ ਵਿਚ ਰਿਪੋਰਟਰ ਸਾਂ ਤੇ ਨੂਰਜਹਾਂ ਦੇ ਤਲਾਕ ਦੇ ਮੁੱਦੇ ਉੱਤੇ ਲਿਖ ਰਿਹਾ ਸਾਂ। ਫ਼ਿਲਮਾਂ, ਕਲਚਰ ਤੇ ਅਜੀਹਾਂ ਹੋਰ ਰੰਗੀਨੀਆਂ ਮੇਰੇ ਜ਼ਿਮੇ ਸਨ। ਉਰਦੂ ਅਖ਼ਬਾਰ ਨੂਰਜਹਾਂ ਤੇ ਇਜਾਜ਼ ਦੀਆਂ ਕਹਾਣੀਆਂ ਨਾਲ ਭਰੇ ਰਹਿੰਦੇ ਸਨ, ਪਰ ਸਾਡੇ ਅਖ਼ਬਾਰ ਨੇ ਉਹਦੇ ਬਾਰੇ ਇਕ ਹਰਫ਼ ਵੀ ਨਹੀਂ ਸੀ ਲਿਖਿਆ ਜਿਹਦਾ ਢੰਡੋਰਾ ਸਾਰਾ ਸ਼ਹਿਰ ਕੀ ਸਾਰਾ ਮੁਲਕ ਪਿੱਟ ਰਿਹਾ ਸੀ। ਪਾਕਿਸਤਾਨ ਟਾਈਮਜ਼ ਇਨ੍ਹਾਂ ਮਾਮਲਿਆਂ ਵਿਚ ਵਾਹਵਾਹ ਨੱਕ ਚੜਾ ਸੀ। ਫਿਰ ਵੀ ਮੈਨੂੰ ਯਕੀਨ ਸੀ ਕਿ ਜੇ ਮੈਂ ਨੂਰਜਹਾਂ ਨੂੰ ਮਿਲ ਸਕਿਆ ਤੇ ਉਨ੍ਹਾਂ ਕੋਲੋਂ ਲਿਖਣ ਲਈ ਕੋਈ ਚੰਗੀ ਗੱਲ ਕਢਵਾ ਸਕਨਾਂ, ਤਾਂ ਮੈਂ ਉਹ ਲਾਜ਼ਮੀ ਛਪਵਾ ਲਵਾਂਗਾ। ਸਾਡੇ ਐਡੀਟਰ ਖ਼ੁਆਜਾ ਆਸਿਫ਼ ਦੀ ਤਿੱਖੀ ਅੱਖ ਤੇ ਲਾਲ ਪੈਨਸਲ ਦੇ ਬਾਵਜੂਦ। ਮੈਨੂੰ ਹੈਰਾਨੀ ਹੋਈ ਕਿ ਨੂਰਜਹਾਂ ਦਾ ਟੈਲੀਫ਼ੋਨ ਡਾਇਰੈਕਟਰੀ ਵਿਚ ਦਰਜ ਸੀ। ਨੂਰਜਹਾਂ ਦੇ ਨਾਂ ਅੱਗੇ ਟੈਲੀਫ਼ੋਨ ਡਿਪਾਰਟਮੈਂਟ ਨੇ ਬੇ ਥੋਹਾ ਜਿਹਾ 'ਫ਼ਿਲਮਸਟਾਰ' ਲਿਖਿਆ ਹੋਇਆ ਸੀ।  

ਮੈਂ ਉਹ ਨੰਬਰ ਕਈ ਵਾਰ ਘੁਮਾਇਆ।ਜਾਂ ਤਾਂ ਰੁੱਝਾ ਹੋਇਆ ਲੱਭਦਾ ਤੇ ਜਾਂ ਚੁਪ ਚਾਨ। ਪਰ ਮੈਂ ਵੀ ਖੈਹੜਾ ਨਾ ਛੱਡਿਆ ਤੇ ਅਖ਼ੀਰ ਮੇਰੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਈ ਗਿਆ ਜਦੋਂ ਮੈਡਮ ਨੇ ਆਪ ਜਵਾਬ ਦਿਤਾ। ਉਨ੍ਹਾਂ ''ਹੈਲੋ,'' ਆਖਿਆ ਈ ਤਾਂ ਮੈਂ ਪਛਾਣ ਲਿਆ ਕਿ ਇਹ ਨੂਰਜਹਾਂ ਆਪ ਈ ਏ। ਉਸ ਹੈਲੋ ਮੇਰੇ ਕਨਾਂ ਨੂੰ ਠੰਢ ਪਾਈ। ਮੈਂ ਦੱਸਿਆ ਕਿ ਮੈਂ ਕੌਣ ਆਂ ਤੇ ਕਿਉਂ ਫ਼ੋਨ ਕੀਤਾ ਏ ਤਾਂ ਉਨ੍ਹਾਂ ਕਿਹਾ, ''ਤੁਸੀਂ ਲੋਕ ਕਦੇ ਸੱਚ ਨਹੀਂ ਲਿਖਦੇ।'' ''ਮੈਨੂੰ ਅਜ਼ਮਾਉ,'' ਮੈਂ ਝੱਟ ਦੇਣੀ ਆਖਿਆ, ''ਜੋ ਕੁਝ ਤੁਸੀਂ ਆਖੋਗੇ,  ਉਸੇ ਤਰ੍ਹਾਂ ਲਫ਼ਜ਼ ਬਾ ਲਫ਼ਜ਼ ਛਪੇਗਾ।'' ਜਦੋਂ ਉਨ੍ਹਾਂ ਦੇ ਪੁੱਛਣ ਪਾਰੋਂ ਮੈਂ ਦੱਸਿਆ , ਮੈਂ ਕਿਹੜੇ ਅਖ਼ਬਾਰ ਤੋਂ ਆਂ ਤਾਂ ਉਨ੍ਹਾਂ ਦਾ ਭਰੋਸਾ ਕੁਝ ਵਧਿਆ ਲਗਦਾ ਸੀ। ਪਾਕਿਸਤਾਨ ਟਾਈਮਜ਼ ਦਾ ਕਾਫ਼ੀ ਵਿਕਾਰ ਸੀ, ਭਾਵੇਂ ਨੈਸ਼ਨਲ ਪ੍ਰੈੱਸ ਟਰੱਸਟ ਜੋ ਮਰਜ਼ੀ ਪਿਆ ਆਖੇ। ਖ਼ੈਰ ਮੈਂ ਅਜੇ ਤਾਂ ਖਜੂਰ ਉੱਤੇ ਹੀ ਲਮਕਿਆ ਹੋਇਆ ਸਾਂ ਕਿਉਂਜੇ ਅਗਲੀ ਹੀ ਗੱਲ ਉਨ੍ਹਾਂ ਇਹ ਆਖੀ, ''ਪਰ ਉਹ ਤਾਂ ਅੰਗਰੇਜ਼ੀ ਦਾ ਅਖ਼ਬਾਰ ਏ ਤੇ ਮੈਂ ਇਨਟਰਵੀਉ ਤੁਹਾਨੂੰ ਅੰਗਰੇਜ਼ੀ ਵਿਚ ਨਹੀਂ ਦੇ ਸਕਦੀ।'' ਫਿਰ ਉਹ ਹੱਸੇ, ਇਕ ਛੇੜਦਾ, ਅੱਖ ਮਟੱਕਾ ਕਰਦਾ ਹਾਸਾ, ਐਨ ਨੂਰਜਹਾਨੀ। ''ਪਰ ਤੁਹਾਨੂੰ ਪਤਾ ਏ ਅਨਪੜ੍ਹ ਵੀ ਨਹੀਂ ਆਂ ਮੈਂ, ਗਿੱਟ ਮਿਟ ਕਰ ਈ ਲੈਨੀ ਆਂ।'' ਉਨ੍ਹਾਂ ਇਹ ਵੀ ਕਿਹਾ ਕਿ ਮੇਰੀ ਅਵਾਜ਼ ਤੋਂ ਇਮਾਨਦਾਰੀ ਛਲਕਦੀ ਏ। ਉਹਨਾਂ ਮੈਨੂੰ ਪੁੱਛਿਆ ਤੂੰ ਅੱਜ ਈ ਦੁਪਹਿਰੇ ਆ ਸਕਨਾ ਏਂ ਤੇ ਕੀ ਤੈਨੂੰ ਮੇਰੇ ਘੱਰ ਦਾ ਪਤਾ ਏ। ਜੀ ਮੈਡਮ, ਬਿਲਕੁਲ ਪਤਾ ਏ। ਇਹ ਤਾਂ ਸਾਰੀ ਦੁਨੀਆ ਜਾਂਣਦੀ ਏ ਤੁਸੀ ਕਿਥੇ ਰਹਿੰਦੇ ਓ। ਯੁਨਾਈਟਿਡ ਕਰਿਸਚਿਨ ਹਸਪਤਾਲ ਦੇ ਠਾਹ ਸਾਹਮਣੇ, ਵੱਡੀ ਸਾਰੀ ਚਿੱਟੀ ਕੋਠੀ, ਕਾਲਾ ਲੋਹੇ ਦਾ ਗੇਟ।''( ਲਿਬਰਟੀ ਮਾਰਕੀਟ ਦਾ ਤਾਂ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ਅਜੇ।)

ਮੈਨੂੰ ਅੰਦਰਲੀ ਛੋਟੀ ਪਰ ਬੜੀ ਸੋਹਣੀ ਸਜਾਈ ਹੋਈ ਬੈਠਕ ਵਿਚ ਲਿਜਾਇਆ ਗਿਆ ਜਿਥੇ ਮੈਡਮ ਦੇ ਐਵਾਰਡ ਸ਼ੀਸ਼ੇ ਦੀ ਅਲਮਾਰੀ ਵਿਚ ਸੱਜੇ ਹੋਏ ਸਨ। ਪਹਿਲਾਂ ਚਾਅ ਆਈ। ਇਕ ਛਬੀਲੀ ਰਈਸੀ ਚਾਂਦੀ ਦੀ ਟਰੇ ਵਿਚ। ਕੁਝ ਪਲਾਂ ਪਿਛੋਂ ਮੈਡਮ ਆ ਪੁਜੇ। ਚਿੱਟੀ ਸਾੜੀ ਵਿਚ ਉਹ ਗ਼ਜ਼ਬ ਢਾ ਰਹੇ ਸਨ। ਉਂਗਲਾਂ ਵਿਚ ਹੀਰੇ ਜੁੜੀਆਂ ਮੁੰਦਰੀਆਂ ਤੇ ਵੀਣੀਆਂ ਵਿਚ ਸੋਨੇ ਦੇ ਕੱੜੇ ਖਨ ਖਨ ਕਰਦੇ ਜਦੋਂ ਉਨ੍ਹਾਂ ਮੇਰੇ ਲਈ ਚਾਅ ਦਾ ਕੱਪ ਬਣਾਇਆ। ਮੈਂ ਉਨ੍ਹਾਂ ਨੂੰ ਪੁੱਛਿਆ ਕੀ ਤੁਸੀ ਹਮੇਸ਼ਾ ਚਿੱਟਾ ਲਿਬਾਸ ਹੀ ਪਹਿਨਦੇ ਓ। ਉਨ੍ਹਾਂ ਆਖਿਆ ''ਜਦੋਂ ਮੈਂ ਪੁਰਾਣੇ ਪੰਚੋਲੀ ਸਟੋਡੀਉ ਲਾਹੌਰ ਪਹਿਲੀ ਵਾਰ ਆਈ ਸਾਂ ਤਾਂ ਬਹੁਤ ਛੋਟੀ ਸਾਂ ਤੇ ਮੇਰਾ ਆਪ ਭਰੋਸਾ ਵੀ ਅਜੇ ਡਾਂਵਾਂ ਡੋਲ ਈ ਸੀ। ''ਸੀਟ ਉੱਤੇ ਪਹਿਲੇ ਜਾਂ ਦੂਜੇ ਦਿਨ ਮੈਂ ਇਕ ਲੰਮੀ ਛਮਕ ਵਰਗੀ ਠਾਠ ਬਾਠ ਵਾਲੀ ਨਾਰ ਡਿੱਠੀ, ਚਮ ਚਮ ਕਰਦੀ ਚਿੱਟੀ ਸਾੜ੍ਹੀ ਵਿਚ। ਉਸਦੀ ਸਿੱਧੀ ਸਾਧੀ ਛਬ ਇਕ ਅਸਰ ਛੱਡ ਰਹੀ ਸੀ। ਉਹ ਅਕਸਰ ਈ ਆਉਂਦੀ ਤੇ ਮੈਂ ਜਦੋਂ ਵੇਖਣਾ ਉਸ ਚਿੱਟੇ ਕੱਪੜੇ ਈ ਪਾਏ ਹੁੰਦੇ। ਉਹਨੂੰ ਮੈਂ ਕਦੇ ਰੰਗਦਾਰ ਕੱਪੜਿਆਂ ਵਿਚ ਨਹੀਂ ਵੇਖਿਆ ਸੀ। ਉਹਦੀ ਬੜੀ ਫਬ ਸੀ, ਆਪਣੇ ਆਪ ਵਿਚ ਮਸਤ ਤੇ ਆਲ ਦੁਆਲੇ ਨਾਲ ਸਗਵੀਂ ਸੁਖੀ, ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ।'' ਮੈਂ ਉਹਦਾ ਨਾਂ ਪੁੱਛਿਆ ਪਰ ਮੈਡਮ ਨੇ ਨਾ ਦੱਸਿਆ। ਮੈਨੂੰ ਜਾਪਿਆ ਕਿਸੇ ਪਰੋਡੀਉਸਰ ਜਾਂ ਡਾਇਰੈਕਟਰ ਦੀ ਰਖੇਲ ਹੋਵੇਗੀ। ਮੈਡਮ ਬੋਲਦੇ ਰਹੇ ''ਉਦੋਂ ਤੋਂ, ਮੈਂ ਚਿੱਟੇ ਕੱਪੜੇ ਹੀ ਪਾਏ ਨੇਂ। ਮੈਨੂੰ ਕੱਪੜੇ ਤੇ ਗਹਿਣੇ ਇਕੱਠੇ ਕਰਨ ਦਾ ਬੜਾ ਸ਼ੌਕ ਏ ਤੇ ਮੇਰੇ ਕੋਲ ਇਹ ਦੋਵੇਂ ਚੀਜ਼ਾਂ ਏਨੀਆਂ ਢੇਰ ਸਾਰੀਆਂ ਨੇਂ ਜੋ ਕਈ ਵਾਰ ਵਰ੍ਹਿਆਂ ਬੱਧੀ ਇਕ ਸਾੜ੍ਹੀ ਦੀ ਵਾਰੀ ਨਹੀਂ ਆਉਂਦੀ। ਕਦੇ ਕਦੇ ਪਾਉਂਦੀ ਆਂ ਰੰਗਦਾਰ ਵੀ ਪਰ ਚਿੱਟਾ ਈ ਮੇਰੀ ਖ਼ਾਸ ਪਸੰਦ ਏ। '' ਨੂਰਜਹਾਂ ਨੇ ਇਜਾਜ਼ ਬਾਰੇ ਦੱਸਿਆ, ਮੈਨੂੰ ਸੱਚ ਮੁੱਚ ਉਹਦੇ ਨਾਲ ਪਿਆਰ ਹੋਗਿਆ ਸੀ ਜਦੋਂ ਉਹਦੇ ਨਾਲ ਵਿਆਹ ਕਰਾਇਆ ਸੀ। ਉਦੋਂ ਤਾਂ ਉਹ ਬੱਸ ਗੁਜਰਾਤ ਦਾ ਇਕ ਮੁੰਡਾ ਜਿਹਾ ਈ ਸੀ ਜਿਸ ਨੂੰ ਮੈਂ ਆਪਣੇ ਖੰਭਾਂ ਹੇਠ ਕੱਜ ਲਿਆ ਸੀ। ਉਨ੍ਹਾਂ ਮੈਨੂੰ ਪੁੱਛਿਆ ਪਈ ਕੀ ਮੈਂ ਇਜਾਜ਼ ਦੇ ਭਰਾਵਾਂ ਨੂੰ ਜਾਣਨਾਂ। ਜਦੋਂ ਮੈਂ ਕਿਹਾ ਨਹੀਂ, ਤਾਂ ਉਨ੍ਹਾਂ ਕਿਹਾ, ''ਫੇਰ ਤਾਂ ਤੁਹਾਨੂੰ ਜ਼ਰੂਰ ਜਾਣਨਾ ਚਾਹੀਦਾ ਏ ਉਹਨਾਂ ਨੂੰ ਕਿਉਂਜੇ ਕੋਈ ਵੀ ਇਕ ਦੂਜੇ ਨਾਲ ਮੇਲ ਨਹੀਂ ਖਾਂਦਾ।'' ''ਇਹ ਕਿਵੇਂ,'' ਮੈਂ ਪੁੱਛਿਆ। ''ਇਸ ਲਈ ਕਿ ਉਹ ਸਾਰੇ ਈ ਹਰਾਮਦੇ ਨੇਂ,'' ਉਨ੍ਹਾਂ ਜਵਾਬ ਦਿਤਾ, ''ਵੱਖਰੇ ਵੱਖਰੇ ਬਾਪਾਂ ਦੀ ਔਲਾਦ।'' ਉਨ੍ਹਾਂ ਹੱਸ ਕੇ ਫਿਰ ਆਖਿਆ, ''ਮੈਂ ਜਦੋਂ ਚਾਹਵਾਂ ਉਜੱਡ ਹੋ ਸਕਦੀ ਆਂ, ਏਨੀ ਉਜੱਡ ਕਿ ਮਰਦਾਂ ਵੀ ਕੀ ਹੋਣਾ ਏ। ਮੈਨੂੰ ਅਕਸਰ ਗ਼ੁੱਸਾ ਨਹੀਂ ਆਉਂਦਾ, ਪਰ ਜਦੋਂ ਆਉਂਦਾ ਏ, ਤੁਸੀ ਘਾਬਰ ਜਾਓਗੇ ਸੁਣਕੇ ਪਈ ਮੈਂ ਕਿਹੋ ਜਿਹਾ ਗਾਲ੍ਹ ਮੰਦਾ ਬੋਲ ਸਕਨੀ ਆਂ।'' ਅਗਲੇ ਕੁਝ ਹਫ਼ਤਿਆਂ ਵਿਚ ਦੋ ਕੂ ਮੌਕਿਆਂ ਉੱਤੇ ਮੈਨੂੰ ਇਸਦਾ ਕੁਝ ਸਬੂਤ ਮਿਲਣ ਵਾਲਾ ਸੀ। ਉਨ੍ਹਾਂ ਮੈਨੂੰ ਇਜਾਜ਼ ਦੇ ਪਰਵਾਰ ਦੀਆਂ ਜ਼ਨਾਨੀਆਂ ਬਾਰੇ ਭੈੜੀਆਂ ਤੇ ਮਾੜੀਆਂ ਕਹਾਣੀਆਂ ਸੁਣਾਉਂਦਿਆਂ ਆਖਿਆ, ਜੋ ਜੀ ਕਰਦਾ ਜੇ ਉਨ੍ਹਾਂ ਬਾਰੇ ਲਿਖ ਦਿਓ ਖੁੱਲੀ ਛੁੱਟੀ ਏ ਤੁਹਾਨੂੰ।''ਨਹੀਂ, ਬੜੀ ਮਿਹਰਬਾਨੀ ਮੈਡਮ,'' ਮੈਂ ਕਿਹਾ, ਉਹ ਫਿਰ ਹੱਸੇ।ਉਨ੍ਹਾਂ ਇਹ ਵੀ ਕਬੂਲਿਆ ਜੋ ਸ਼ੌਕਤ ਰਿਜ਼ਵੀ ਤੋਂ ਬਾਅਦ ਕੁਝ ਸਾਂਝਾਂ ਬਣੀਆਂ ਸਨ ਜਿਹਨਾਂ ਤੋਂ ਕੋਈ ਸੁੱਖ ਚੈਨ ਨਹੀਂ ਮਿਲਿਆ। ਜਜ਼ਬਾਤੀ ਤੌਰ ਉੱਤੇ ਉਹ ਇਕ ਬਣ ਚੱਪੂ ਦੀ ਬੇੜੀ ਵਾਂਗ ਈ ਰਹੇ। ''ਕਿਸੇ ਮਰਦ ਲਈ ਡਾਢੀ ਖਿੱਚ ਦੀ ਲਹਵੇਟ ਵਿਚ ਹੋਣਾ ਜ਼ਰੂਰੀ ਏ ਮੇਰੇ ਲਈ, ਨਹੀਂ ਤਾਂ ਮੈਂ ਗਾ ਨਹੀਂ ਸਕਦੀ। ਮੇਰਾ ਸੰਗੀਤ ਮੈਨੂੰ ਛੱਡ ਜਾਂਦਾ ਏ।'' ਨੂਰਜਹਾਂ ਦੱਸਿਆ ਜੋ ਇਜਾਜ਼ ਦੇ ਕੈਰੀਅਰ ਦੀ ਗੁੱਡੀ ਅਸਮਾਨਾਂ ਉੱਤੇ ਚੜ੍ਹਾਉਣ ਵਿਚ ਮੇਰਾ ਵੱਡਾ ਹੱਥ ਸੀ। ਕਾਮਯਾਬੀ ਉਹਦੇ ਸਿਰ ਨੂੰ ਚੜ੍ਹ ਗਈ ਤੇ ਉਹ ਮੇਰੇ ਤੋਂ ਦੂਰ ਹੋਣ ਲੱਗ ਪਿਆ। ਉਸ ਇਕ ਅੱਧ ਵਾਰੀ ਮੇਰੇ ਉੱਤੇ ਹੱਥ ਵੀ ਚੁੱਕਿਆ ਸੀ, ਪਰ ਜਿਸ ਚੀਜ਼ ਨੇ ਉਨ੍ਹਾਂ ਨੂੰ ਤੋੜਿਆ, ਉਹ ਸੀ ਫ਼ਿਰਦੋਸ ਨਾਲ ਇਜਾਜ਼ ਦਾ ਸਰੇਆਮ ਇਸ਼ਕ ਵਾਲਾ ਮਾਮਲਾ। ਫ਼ਰਦੋਸ ਨੂੰ ਨੂਰਜਹਾਂ ''ਘਟੀਆ'' ਆਖਦੀ ਸੀ। ਨੂਰਜਹਾਂ ਭਵਿਖਬਾਣੀ ਕੀਤੀ ਕਿ ਇਜਾਜ਼ ਤੇ ਫ਼ਰਦੋਸ ਵਾਲੇ ਮਾਮਲੇ ਦਾ ਬੜਾ ਮਾੜਾ ਅਖ਼ੀਰ ਹੋਵੇਗਾ। ਮੈਡਮ ਸਹੀ ਸਨ। ਐਂਵੇਂ ਈ ਹੋਇਆ।

ਉਨ੍ਹਾਂ ਆਖਿਆ, ਇਜਾਜ਼ ਐਕਸਟਰਾ ਤੇ ਛੋਟੀਆਂ ਮੋਟੀਆਂ ਹੀਰੋਇਨਾਂ ਨਾਲ ਰੰਗਰਲੀਆਂ ਮਨਾਉਣ ਲੱਗ ਪਿਆ ਸੀ, ਉਨ੍ਹਾਂ ਵਿਚੋਂ ਬਹੁਤੀਆਂ ''ਉਥੋਂ'' (ਚਕਲੇ) ਦੀਆਂ ਸਨ। ਵੇਲਾ ਲੰਘਦਾ ਰਿਹਾ, ਉਹਦੀਆਂ ਕਰਤੂਤਾਂ ਤੇ ਬੇ ਹਯਾਈ ਵੀ ਵਧਦੀ ਗਈ। ''ਇੰਨਾਂ ਤਾਂ ਮੈਨੂੰ ਪਤਾ ਏ ਕਿ ਸਾਰੇ ਮਰਦ ਇੱਧਰ ਉੱਧਰ ਮੂੰਹ ਮਾਰਦੇ ਈ ਹੁੰਦੇ ਨੇਂ। ਸਿਆਣੀ ਬੀਵੀ ਇਸ ਨੂੰ ਕਬੂਲ ਕੇ ਗੁਜ਼ਾਰਾ ਕਰਦੀ ਰਹਿੰਦੀ ਏ। ਪਰ ਇਕ ਹੱਦ ਹੁੰਦੀ ਏ ਜਿਹੜੀ ਅਸਲੋਂ ਨਹੀਂ ਤੋੜੀ ਜਾਣੀ ਚਾਹੀਦੀ। ਝੱਖ ਮਾਰਣ ਵਾਲਾ ਖ਼ਾਵੰਦ ਜੋ ਮਰਜ਼ੀ ਪਿਆ ਕਰੇ, ਪਰ ਹਯਾ ਦਾ ਪੱਲਾ ਨਾ ਛੱਡੇ। ਆਪਣਾ ਲੁਚਪਣਨਾ ਬਗਾਰਦਾ ਨਾ ਫਿਰੇ।'' ਭਾਵੇਂ ਇਜਾਜ਼ ਦੀ ਫ਼ਰਦੋਸ ਨਾਲ ਆਸ਼ਕੀ ਦਾ ਉਨ੍ਹਾਂ ਨੂੰ ਪਹਿਲਾਂ ਤੋਂ ਈ ਇਲਮ ਸੀ। ਨੂਰਜਹਾਂ ਮੈਨੂੰ ਦੱਸਿਆ ਉਨ੍ਹਾਂ ਕਿਥੇ ਆਕੇ ਲੀਕ ਖਿੱਚ ਦਿਤੀ ਸੀ ''ਹਰ ਸ਼ਾਮ ਉਸ ਜ਼ਨਾਨੀ ਨੂੰ ਕਾਰ ਵਿਚ ਨਾਲ ਬਿਠਾ ਮੇਰੇ ਘੱਰ ਅੱਗੋਂ ਲੰਘਣਾ। ਰਤਾ ਕੂ ਕਾਰ ਖਲਹਾਰਨੀ ਤੇ ਇਕ ਦੋ ਵਾਰ ਹਾਰਨ ਮਾਰ ਕੇ ਜਾਣਾ। ਮੈਂ ਉਹਨੂੰ ਕਿਹਾ ਬਸ, ਹੁਣ ਟੁਰਦਾ ਹੋ। ਸਾਮਾਨ ਚੁਕ ਤੇ ਫੁਟ।'' ਮੈਂ ਪੁੱਛਿਆ, ''ਤੇ ਬੱਸ ਮੁੱਕ ਮੁਕਾ ਹੋ ਗਿਆ।'' ਤਾਂ ਨੂਰਜਹਾਂ ਨੇ ਆਖਿਆ, ''ਮੈਂ ਵਾਜਬ ਔਰਤ ਆਂ ਤੇ ਉਸ ਦੀ ਚੰਗੀ ਬੀਵੀ ਸਾਂ। ਵਿਆਹੀ ਸਾਂ ਤਾਂ ਇੱਧਰ ਉੱਧਰ ਯਾਰੀਆਂ ਨਹੀਂ ਸੀ ਲਾਉਂਦੀ ਫਿਰਦੀ। ਇਹ ਵੀ ਮੈਂ ਤੁਹਾਨੂੰ ਦਸ ਦਿਆਂ , ਮੇਰੀ ਅੱਖ ਦੀ ਇਕ ਮਾੜੀ ਜਿਹੀ ਸੈਂਤ ਨਾਲ ਮਰਦਾਂ ਦੀ ਭੀੜ ਲੱਗ ਜਾਏ।''

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ