Mon, 09 December 2024
Your Visitor Number :-   7279055
SuhisaverSuhisaver Suhisaver

ਕੀ ਭਵਿੱਖ ਹੈ ਪੰਜਾਬ ਵਿੱਚ ‘ਆਪ’ ਦਾ ? -ਨਿਰੰਜਣ ਬੋਹਾ

Posted on:- 13-01-2014

suhisaver

ਦਿੱਲੀ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਅਣ- ਕਿਆਸੀ ਸਫ਼ਲਤਾ ਨੇ ਦੇਸ਼ ਦੀ ਰਾਜਨੀਤੀ ਦੇ ਸਮੀਕਰਨਾਂ ਨੂੰ ਇਸ ਹੱਦ ਤੱਕ ਬਦਲ ਦਿੱਤਾ ਹੈ ਕਿ ਅੱਜ ਹਰ ਰਾਜਨੀਤਕ ਪਾਰਟੀ ਨੂੰ ਆਪਣੀ ਕਾਰਜ਼ਸੈਲੀ ਨੂੰ ਨਵੇਂ ਸਿਰੇ ਤੋਂ ਵਿਉਂਤਣ ਦੀ ਲੋੜ ਪੈ ਰਹੀ ਹੈ। ‘ਆਪ‘ ਦੀਆ ਕੱਟੜ ਵਿਰੋਧੀ ਪਾਰਟੀਆਂ ਨੂੰ ਵੀ ਇਸ ਪਾਰਟੀ ਨੂੰ ਆਪ ਮੁਹਾਰੀ ਸ਼ਫ਼ਲਤਾ ਦਿਵਾਉਣ ਵਾਲੀਆਂ ਕੁਝ ਨੀਤੀਆਂ ਨੂੰ ਅਪਨਾਉਣ ਜਾਂ ਆਪਣਾਏ ਜਾਣ ਦਾ ਭਰਮ ਬਣਾਉਣ ਦੀ ਲੋੜ ਪੈ ਗਈ ਹੈ। ਹੁਣ ਜਦੋਂ ‘ਆਪ‘ ਨੇ ਪੰਜਾਬ ਦੀਆ ਸਾਰੀਆਂ 13 ਕੋਈ ਲੋਕ ਸਭਾ ਸੀਟਾ ਲੜ੍ਹਣ ਦਾ ਐਲਾਣ ਕਰ ਦਿੱਤਾ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨ ਵੀ ਤੇਜੀ ਨਾਲ ਬਦਲਣ ਲੱਗੇ ਹਨ।

ਭਾਵੇਂ ਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਵੱਲੋਂ ਅਜੇ ਇਸ ਨਵੀਂ ਪਾਰਟੀ ਨੂੰ ਕੇਵਲ ਦਿੱਲੀ ਦੀ ਪਾਰਟੀ ਮੰਨ ਕੇ ਗੰਭੀਰਤਾ ਨਾਲ ਨਾ ਲਏ ਜਾਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅੰਦਰ ਖਾਤੇ ਦੋਹੇਂ ਹੀ ਪਾਰਟੀਆਂ ਲੋਕ ਸਭਾ ਚੋਣਾ ਵਿਚ ਇਸਦਾ ਮੁਕਾਬਲਾ ਕਰਨ ਲਈ ਆਪਣੀ ਆਪਣੀ ਰਣਨੀਤੀ ਉਲੀਕ ਰਹੀਆ ਹਨ । ਸੱਤਾਧਾਰੀ ਧਿਰ ਦੀਆ ਹਦਾਇਤਾਂ ਮੁਤਾਬਿਕ ਪੰਜਾਬ ਦੀਆਂ ਖੁਫੀਆਂ ਏਜੰਸੀਆਂ ਦਾ ਇਸ ਵੇਲੇ ਦਾ ਸਭ ਤੋਂ ਅਹਿਮ ਕਾਰਜ ਆਮ ਆਦਮੀ ਪਾਰਟੀਆਂ ਦੀ ਪੰਜਾਬ ਵਿਚ ਵੱਧ ਰਹੀਆਂ ਸਰਗਰਮੀਆਂ ਤੇ ਨਜ਼ਰ ਰੱਖਣਾ ਹੀ ਬਣਿਆ ਹੋਇਆ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਣ ਹੋਣ ਤੋਂ ਪਹਿਲਾ ਅਕਾਲੀ ਦਲ ਨੇ ਇਸ ਪਾਰਟੀ ਨੂੰ ‘ਨਾ ਤਿੰਨਾਂ ਵਿਚ ਨਾ ਤੇਰ੍ਹਾਂ ਵਿਚ‘ ਸਮਝਣ ਦਾ ਭੁਲੇਖਾ ਖਾਧਾ ਤੇ ਦਲ ਦੇ ਮੁੱਖ ਨੇਤਾ ਇਹ ਬਿਆਨ ਵਾਰ ਵਾਰ ਦੇਂਦੇ ਰਹੇ ਕਿ ਦਿਲੀ ਵਿਚ ਇਸ ਪਾਰਟੀ ਦਾ ਹਸ਼ਰ ਵੀ ਉਹ ਹੋਵੇਗਾ, ਜੋ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੀ. ਪੀ. ਪੀ. ਦਾ ਹੋਇਆ ਸੀ। ਪਰ ਦਿਲੀਂ ਚੋਣਾ ਸਮੇਂ ‘ਹੱਥਾ ਤੇ ਸਰੋਂ ਜਮਾਉਣ‘ ਦਾ ਕਿ੍ਰਸ਼ਮਾ ਕਰ ਚੁੱਕੀ ਇਸ ਪਾਰਟੀ ਨੂੰ ਹੁਣ ਅਕਾਲੀ ਦਲ ਹਲਕੇ ਵਿਚ ਲੈਣ ਦੇ ਮੂੜ ਵਿਚ ਨਹੀਂ ਜਾਪਦਾ । ਬਾਕੀ ਖੁਫੀਆਂ ਵਿਭਾਗ ਦੀਆਂ ਰਿਪੋਰਟਾਂ ਨੇ ਵੀ ਉਸ ਨੂੰ ਦੱਸ ਦਿੱਤਾ ਹੈ ਕਿ ਪੀ. ਪੀ. ਪੀ. ਦੇ ਮੁਕਾਬਲੇ ਇਸ ਪਾਰਟੀ ਨਾਲ ਜੁੜਣ ਵਾਲੇ ਲੋਕਾਂ ਖਾਸ ਕਰਕੇ ਨੌ ਜਵਾਨ ਵਰਗ ਦਾ ਉਤਸ਼ਾਹ ਬਹੁਤ ਵਧੇਰੇ ਹੈ ।

ਹੁਣ ਅਕਾਲੀ ਨੇਤਾ ਇਸ ਫਿਕਰ ਵਿਚ ਜਾਪਦੇ ਹਨ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਕਾਇਮ ਹੋ ਚੁੱਕੀ ਹੋਂਦ ਕੇਵਲ ਸ਼ਹਿਰੀ ਖੇਤਰ ਵਿਚ ਕਾਂਗਰਸ ਪਾਰਟੀ ਨੂੰ ਹੀ ਨੁਕਸਾਨ ਪਹੁੰਚਾਵੇ ਤੇ ਉਹਨਾਂ ਦਾ ਪੇਂਡੂ ਵੋਟ ਬੈਂਕ ਪੂਰੀ ਤਰਾਂ ਸੁਰੱਖਿਅਤ ਰਹੇ । ਭਾਵੇਂ ਅਕਾਲੀ ਨੇਤਾਵਾਂ ਤੇ ਵਰਕਰਾਂ ਵਿਚ ਇਹ ਆਸ ਅਜੇ ਵੀ ਬਰਕਰਾਰ ਹੈ ਕਿ ਆਮ ਆਦਮੀ ਪਾਰਟੀ ਪੀ.ਪੀ ਪੀ. ਵਾਂਗ ਕੇਵਲ ਸਰਕਾਰ ਨਾਲੋਂ ਰੁੱਸੀਆਂ ਵੋਟਾਂ ਨੂੰ ਹੀ ਸੰਭਾਲਗੀ ਤੇ ਪਿਛਲੀਆਂ ਵਿਧਾਨ ਸਭਾ ਚੋਣਾ ਵਾਂਗ ਇਸ ਦਾ ਅਕਾਲੀ ਦਲ ਨੂੰ ਲਾਭ ਤੇ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਵੇਗਾ। ਇਸ ਆਸ ਨਾਲ ਹੀ ਅਕਾਲੀ ਦਲ ਹੁਣ ‘ਆਪ‘ ਬਾਰੇ ਬਹੁਤ ਸੰਭਲ ਸੰਭਲ ਕੇ ਟਿੱਪਣੀਆਂ ਕਰ ਰਿਹਾ ਹੈ ਪਰ ਉਹ ਇਸ ਧਾਰਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਨਿਸ਼ਚਿੰਤ ਨਹੀਂ ਹੈ ਤੇ ਲੋੜ ਪੈਣ ‘ਤੇ ‘ਆਪ‘ ਨੂੰ ਘੇਰਣ ਦੀ ਤਿਆਰੀ ਵੀ ਰੱਖ ਰਿਹਾ ਹੈ । ਅਕਾਲੀ ਦਲ ਦਾ ਥੋੜਾ ਜਿਹਾ ਅਵੇਸਲਾਪਣ ਵੀ ਦੋ ਤਿੰਨ ਸੀਟਾਂ (ਖਾਸ ਕਰਕੇ ਭਾਜਪਾ ਦੀਆ ਸ਼ਹਿਰੀ ਅਧਾਰ ਵਾਲੀਆਂ) ਦੇ ਚੋਣ ਨਤੀਜੇ ਗੜਬੜਾ ਸਕਦਾ ਹੈ।

ਅਕਾਲੀ ਦਲ ਇਸ ਵੇਲੇ ‘ ‘ਆਪ‘ ਦਾ ਸਪਸ਼ਟ ਰੂਪ ਵਿਚ ਵਿਰੋਧ ਕਰਨ ਦੀ ਬਜਾਇ ਆਪਣੀਆਂ ਨੀਤੀਆਂ ਨੂੰ ‘ਆਪ‘ ਨਾਲ ਉਤਮ ਸਿੱਧ ਕਰਨ ਦੀ ਰੌਂ ਵਿਚ ਹੈ । ਆਟਾ ਦਾਲ , ਕਿਸਾਨਾਂ ਦੀਆ ਮੋਟਰਾਂ ਤੇ ਦਲਿਤਾਂ ਦੇ ਘਰੇਲੂ ਖਪਤ ਦੀ ਬਿਜਲੀ ਦੀਆਂ ਨਿਸ਼ਚਿਤ ਯੁਨਿਟਾਂ ਮੁਆਫ ਕਰਨ ਵਰਗੀਆਂ ਲੋਕ ਪਿ੍ਰਯ ਨੀਤੀਆਂ ਦਾ ਪ੍ਰਚਾਰ ਕਰਕੇ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਵਿਚ ਹੈ ਕਿ ਉਸ ਵੱਲੋਂ ਪੰਜਾਬ ਤੇ ਪੰਜਾਬੀਆਂ ਦੇ ਵਿਕਾਸ ਲਈ ਖਿੱਚੀ ਲਕੀਰ ‘ਆਪ‘ ਨਾਲ ਵੱਡੀ ਹੈ। ਭਵਿੱਖ ਵਿਚ ਅਕਾਲੀ ਦਲ ਤੇ ‘ਆਪ‘ ਵਿਚ ਟਕਰਾਅ ਵੱਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ‘ਆਪ‘ ਕੋਲ ਪੰਜਾਬ ਵਿਚ ਗੁਆਉਣ ਲਈ ਕੁਝ ਵੀ ਨਹੀਂ ਹੈ । ਜੇ ਆਮ ਆਦਮੀ ਪਾਰਟੀ ਪੰਜਾਬ ਵਿਚ 15 ਫੀਸਦੀ ਦੇ ਨੇੜ ਤੇੜ ਤੱਕ ਵੋਟਾਂ ਲੈਣ ਵਿਚ ਸਫਲ ਹੋ ਜਾਂਦੀ ਹੈ ਤਾਂ ਇਹ ਅਕਾਲੀ ਦਲ ਦੇ ਨਾਲ ਕਾਂਗਰਸ ਲਈ ਵੀ ਭਵਿੱਖ ਵਿਚ ਖਤਰੇ ਦੀ ਘੰਟੀ ਹੋਵੇਗੀ।

ਪੰਜਾਬ ਵਿਚਲੀ ਕਾਂਗਰਸ ਪਾਰਟੀ ਅਜੇ ਦੁਬਿਧਾ ਦੀ ਸਥਿਤੀ ਵਿਚ ਹੈ ਕਿ ਉਹ ‘ ਆਪ‘ ਦਾ ਵਿਰੋਧ ਕਿਹੜੇ ਤਰੀਕੇ ਨਾਲ ਕਰੇ। ਕਾਂਗਰਸ ਦੀ ਵਧੇਰੇ ਟੇਕ ਸ਼ਹਿਰੀ ਵੋਟਾਂ ਤੇ ਹੈ ਤੇ ‘ਆਪ‘ ਵੀ ਇਹਨਾਂ ਵੋਟਾਂ ਤੇ ਹੀ ਅੱਖ ਰੱਖ ਰਹੀ ਹੈ । ਇਸ ਲਈ ‘ਆਪ‘ ਅਕਾਲੀ ਦਲ ਨਾਲੋਂ ਕਾਂਗਰਸ ਲਈ ਵਧੇਰੇ ਚਿੰਤਾ ਲੈ ਕੇ ਆਈ ਹੈ। ਕਾਂਗਰਸ ਅਜੇ ਇਸ ਉਡੀਕ ਵਿਚ ਹੈ ਕਿ ‘ਆਪ‘ ਦਿੱਲੀ ਵਿਚ ਕੁਝ ਗਲਤੀਆਂ ਕਰੇ ਜਾਂ ਉਸ ਵੱਲੋਂ ਦਿਲੀ ਦੇ ਲੋਕਾਂ ਨੂੰ ਵਿਖਾਏ ਸੁਪਨੇ ਪੂਰੇ ਨਾ ਹੋਣ ਅਤੇ ਲੋਕਾਂ ਵਿਚੋਂ ਉਸ ਵਿੱਰੁਧ ਬਗਾਵਤੀ ਸੁਰ ਉਭਰੇ । ਕਾਂਗਰਸ ਦੀ ਇਹ ਉਡੀਕ ਪੂਰੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾ ਹੀ ਦੱਸੇਗਾ ਪਰ ਇਸ ਵੇਲੇ ‘ਆਪ‘ ਪੰਜਾਬ ਵਿਚ ਵੀ ਉਸ ਨੂੰ ਅਕਾਲੀ ਦਲ ਵਾਂਗ ਹੀ ਤਕੜੀ ਚਾਨੌਤੀ ਪੇਸ਼ ਕਰ ਰਹੀ ਹੈ ਤੇ ਉਸ ਨੇ ਪੰਜਾਬ ਵਿਚ ਆਪਣੀ ਆਮਦ ਤੋਂ ਪਹਿਲਾ ਹੀ ਕਾਂਗਰਸ ਵਿਰੁੱਧ ਤਕੜਾ ਮਾਹੌਲ ਪੈਦਾ ਕਰ ਦਿੱਤਾ ਹੈ ।

‘ਆਪ‘ ਵੱਲੋਂ ਪੰਜਾਬ ਦੀ ਸਿਆਸਤ ਵਿਚ ਦਾਖ਼ਲ ਹੋਣ ਤੇ ਜੇ ਅਕਾਲੀ ਦਲ ਤੇ ਕਾਂਗਰਸ਼ ਨਾਲੋਂ ਵੀ ਜੇ ਕਿਸੇ ਨੂੰ ਵੱਧ ਚਿੰਤਤ ਹੋਣ ਦੀ ਲੋੜ ਹੈ ਤਾਂ ਉਹ ਹੈ ਪੰਜਾਬ ਪੰਜਾਬ ਪੀਪਲਜ਼ ਪਾਰਟੀ। ਆਪ ਨਾਲ ਸਮਝੋਤਾਂ ਹੋਣ ਦੀ ਆਸ ਵਿਚ ਪਹਿਲੋਂ ਇਸ ਮੋਰਚੇ ਦੇ ਕਨਵੀਨਰ ‘ਆਪ‘ ਦੀਆ ਨੀਤੀਆਂ ਦੀ ਪ੍ਰਸ਼ੰਸ਼ਾ ਉੱਚੇ ਸੁਰ ਵਿਚ ਕਰਦੇ ਰਹੇ ਤੇ ਇਹ ਵੀ ਆਖਦੇ ਰਹੇ ਕਿ ਪੀ.ਪੀ ਪੀ. ਦੀਆਂ ਨੀਤੀਆਂ ਆਪ ਨਾਲ ਬਿਲਕੁਲ ਮੇਲ ਖਾਂਦੀਆਂ ਹਨ, ਖਾਸ ਤੌਰ ਤੇ ਭਿ੍ਰਸ਼ਟਾਚਾਰ ਵਿਰੋਧੀ ਮੁੱਦੇ ਤੇ ਦੋਹੇਂ ਪਾਰਟੀਆਂ ਇਕੋ ਜਿਹੇ ਵਿਚਾਰ ਰੱਖਦੀਆ ਹਨ । ਹੁਣ ਜਦੋਂ ‘ਆਪ‘ ਨੇ ਕਿਸੇ ਵੀ ਪਾਰਟੀ ਨਾਲ ਸਮਝੋਤਾ ਕਰਨ ਦਾ ਸਟੈਂਡ ਪੰਜਾਬ ਵਿਚ ਵੀ ਦੁਹਰਾ ਦਿੱਤਾ ਹੈ ਤਾਂ ਪੀ. ਪੀ. ਪੀ. ਤੇ ਖੱਬੀਆਂ ਪਾਰਟੀਆਂ ਨੂੰ ਵੀ ‘ਆਪ‘ ਦੀ ਨੀਤੀਆ ਵਿਚ ਖਾਮੀਆਂ ਤਲਾਸ਼ ਕਰਨ ਲਈ ਉਚੇਚੇ ਯਤਨ ਕਰਨੇ ਪੈਣਗੇ ।

ਅਕਾਲੀ ਦਲ ਤੇ ਕਾਂਗਰਸ ਪੰਜਾਬ ਦੀਆਂ ਮੁੱਖ ਤੇ ਵੱਡੀਆਂ ਸਿਆਸੀ ਪਾਰਟੀਆਂ ਹਨ । ਉਹਨਾਂ ਦਾ ਪ੍ਰਾਪਤ ਵੋਟ ਪ੍ਰਤੀਸ਼ਤ ਨੂੰ ‘ਆਪ‘ ਕੁਝ ਘਟਾ ਸਕਦੀ ਹੈ ਪਰ ਪੀ. ਪੀ. ਪੀ. ਵਰਗੀਆਂ ਛੋਟੀਆਂ ਪਾਰਟੀਆਂ ਨੂੰ ਤਾਂ ਆਪਣੀ ਹੋਂਦ ਬਚਾਉਣ ਲਈ ਵੀ ਫਿਕਰ ਮੰਦ ਹੋਣਾ ਪਵੇਗਾ । ਵਿਵਸਥਾ ਪਰਿਵਰਤਨ ਦੇ ਨਾਂ ਤੇ ਪੀ. ਪੀ.ਪੀ. ਨਾਲ ਜੁੜੇ ਲੋਕਾਂ ਨੂੰ ਜੇ ਆਪ ‘ਆਪ‘ ਬਿਹਤਰ ਵਿਕਲਪ ਲੱਗੀ ਤਾਂ ਉਹ ਤੇਜ਼ੀ ਨਾਲ ਪੀ.ਪੀ.ਪੀ ਦਾ ਸਾਥ ਛੱਡ ਕੇ ‘ਆਪ‘ ਦੇ ਸਾਥੀ ਸਕਦੇ ਹਨ । ਇਸ ਪਾਰਟੀ ਦੀਆ ਭਾਈਵਾਲ ਸੀ.ਪੀ ਆਈ. ,ਸੀ. ਪੀ. ਆਈ.( ਐਮ) ਤੇ ਅਕਾਲੀ ਦਲ ( ਬਰਨਾਲਾ) ਦੀ ਸਥਿਤੀ ਵੀ ਇਸ ਤੋਂ ਭਿੰਨ ਨਹੀਂ ਹੈ ।ਇਸ ਨਵੀਂ ਪਾਰਟੀ ਦੀ ਆਮਦ ਨਾਲ ਅਕਾਲੀ ਦਲ ਦੀ ਸਹਿਜੋਗੀ ਭਾਜਪਾ ਦੇ ਜਨ ਅਧਾਰ ਨੂੰ ਖੋਰਾ ਲੱਗਣ ਦੀਆਂ ਪ੍ਰਬਲ ਸੰਭਾਵਨਾਵਾ ਮੌਜੂਦ ਹਨ।

ਭਾਵੇਂ ਪੰਜਾਬ ਦੇ ਮੌਜੂਦਾ ਰਾਜਨੀਤਕ ਸਮੀਕਰਨਾਂ ਮੁਤਾਬਿਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਮੁੱਖ ਮੁਕਾਬਲਾ ਸ਼ਰੋਮਣੀ ਅਕਾਲੀ ਦਲ (ਬਾਦਲ) ਤੇ ਕਾਂਗਰਸ ਪਾਰਟੀ ਵਿਚਕਾਰ ਹੀ ਹੋਣ ਦੇ ਅਸਾਰ ਹਨ । ਪਰ ਇਹਨਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋ ਕੁਝ ਸੀਟਾਂ ਵਿਚ ਜਿੱਤ ਹਾਰ ਦੇ ਸਮੀਕਰਨ ਤਬਦੀਲ ਕਰਨ ਅਤੇ ਸ਼ਹਿਰੀ ਖੇਤਰ ਦੀਆਂ ਇਕ ਦੋ ਸੀਟਾਂ ‘ਤੇ ਆਪਣੀ ਜਿੱਤ ਦਰਜ ਕਰਾਉਣ ਦੀਆਂ ਸੰਭਾਵਨਾਵਾ ਤੋਂ ਵੀ ਇੰਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵਲੇ ਇਹ ਯਕੀਨੀ ਜਾਪ ਰਿਹਾ ਹੈ ਕਿ ਇਸ ਪਾਰਟੀ ਦੀ ਲੋਕ ਸਭਾ ਚੋਣਾਂ ਵਿਚ ਕਾਰਗੁਜਾਰੀ ਪਿੱਛਲੀਆਂ ਵਿਧਾਨ ਸਭਾ ਚੋਣਾਂ ਵਿਚ ਤੀਜੀ ਧਿਰ ਵਜੋਂ ਪੇਸ਼ ਹੋਏ ਸਾਂਝੇ ਮੋਰਚੇ ਤੋਂ ਬਿਹਤਰ ਰਹੇਗੀ। ਆਮ ਆਦਮੀ ਪਾਰਟੀਆ ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀਆਂ ਸਰਗਰਮੀਆ, ਲੋਕ ਸਭਾ ਚੋਣਾਂ ਲਈ ਸਹੀ ਉਮੀਦਵਾਰਾਂ ਦੀ ਚੋਣ ਅਤੇ ਦਿਲੀ ਵਿਚ ਉਸ ਦੀ ਸਫਲ ਜਾ ਅਸਫ਼ਲ ਕਾਰਗੁਜ਼ਾਰੀ ਵੀ ਪੰਜਾਬ ਵਿਚ ਵਿਚ ਉਸ ਦਾ ਭਵਿੱਖ ਨਿਸ਼ਚਿਤ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਵੇਗੀ।

ਸੰਪਰਕ: +91 89682 82700

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ