Thu, 14 November 2024
Your Visitor Number :-   7246983
SuhisaverSuhisaver Suhisaver

ਔਰਤ ਦਿਵਸ ਮਨਾਉਣ ਦੀ ਸਾਰਥਿਕਤਾ - ਕੁਲਦੀਪ ਉਗਰਾਹਾਂ

Posted on:- 08-03-2017

8 ਮਾਰਚ ਕੌਮਾਂਤਰੀ ਪੱਧਰ ਤੇ ਮਨਾਇਆ ਜਾਣ ਵਾਲਾ ਔਰਤਾਂ ਦੀ ਆਜ਼ਾਦੀ ਦਾ ਪ੍ਰਤੀਕ ਦਿਨ ਹੈ, ਇਹ ਦਿਨ ਲੁੱਟ, ਦਾਬੇ, ਅਨਿਆਂ ਦਾ ਸ਼ਿਕਾਰ ਸਮਾਜ ਦਾ ਅੱਧ ਔਰਤਾਂ ਦੇ ਹੱਕਾਂ, ਆਜ਼ਾਦੀ ਅਤੇ ਬਰਾਬਰੀ ਲਈ ਚੱਲ ਰਹੇ ਮਹਾਨ ਸੰਘਰਸ਼ ਦਾ ਪ੍ਰਤੀਕ ਹੈ। ਔਰਤ ਦਿਵਸ ਇਹ ਸਿੱਖਿਆ ਦਿੰਦਾ ਹੈ ਕਿ ਔਰਤਾਂ ਨੂੰ ਗੁਲਾਮ ਬਣਾ ਕੇ ਨਹੀਂ ਰੱਖਆ ਜਾ ਸਕਦਾ। ਔਰਤ ਦਿਵਸ ਦੀ ਸ਼ੁਰੂਆਤ ਮਜ਼ਦੂਰ ਔਰਤਾਂ ਦੇ ਸੰਘਰਸ਼ ਨਾਲ ਹੋਈ। 08 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਔਰਤ ਕੱਪੜਾ ਮਜ਼ਦੂਰਾਂ ਨੇ 10 ਘੰਟੇ ਕੰਮ, ਬਿਹਤਰ ਮਜ਼ਦੂਰੀ ਅਤੇ ਮਰਦਾਂ ਦੇ ਬਰਾਬਰ ਹੱਕ ਲੈਣ ਲਈ ਵਿਸ਼ਾਲ ਮੁਜ਼ਾਹਰਾ ਕੀਤਾ। ਪੁਲਿਸ ਨੇ ਔਰਤਾਂ ਦੇ ਇਸ ਮੁਜ਼ਾਹਰੇ 'ਤੇ ਬੇਹੱਦ ਜ਼ੁਲਮ ਢਾਹਿਆ। ਇਸ ਤੋਂ ਬਾਅਦ 8 ਮਾਰਚ ਦੇ ਦਿਨ ਹੀ 51 ਸਾਲਾਂ ਬਾਅਦ ਨਿਊਯਾਰਕ ਦੀਆਂ 20,000 ਔਰਤਾਂ ਨੇ ਕੰਮ ਦੀਆਂ ਬਿਹਤਰ ਹਾਲਤਾਂ, ਵੋਟ ਦੇਣ ਦਾ ਹੱਕ ਅਤੇ ਬਿਹਤਰ ਮਜ਼ਦੂਰੀ ਲਈ ਮੁਜ਼ਾਹਰਾ ਕੀਤਾ। ਇਸ ਤੋਂ ਬਾਅਦ ਸੰਸਾਰ ਭਰ ਦੀਆਂ ਮਜ਼ਦੂਰ ਜਮਾਤੀ ਪਾਰਟੀਆਂ ਨੇ ਕੌਮਾਂਤਰੀ ਪੱਧਰ ਤੇ ਇਕੱਠੇ ਹੋ ਕੇ ਇਹ ਮਤਾ ਪਾਸ ਕੀਤਾ ਕਿ 8 ਮਾਰਚ ਦਾ ਦਿਨ ਹਰ ਵਰ੍ਹੇ ਕੌਮਾਰੀ ਔਰਤ ਦਿਵਸ ਦੇ ਰੂਪ ਵਿਚ ਮਨਾਇਆ ਜਾਵੇ।

ਅੱਜ ਸਾਡੇ ਸਮਾਜ ਵਿਚ ਔਰਤਾਂ ਨੂੰ ਸਰਮਾਏਦਾਰਾਂ ਪ੍ਰਬੰਧ ਹੇਠ ਦਬਾ ਕੇ ਰੱਖਿਆ ਜਾਂਦਾ ਹੈ, ਔਰਤਾਂ ਨੂੰ ਮਰਦਾਂ ਦੇ ਬਰਾਬਰ ਮਨੁੱਖ ਹੋਣ ਦਾ ਦਰਜਾ ਵੀ ਪ੍ਰਾਪਤ ਨਹੀਂ ਹੈ, ਚਾਹੇ ਸਮਾਜ ਵਿਚ ਕਿੰਨੀ ਵੀ ਤਬਦੀਲੀ ਆ ਗਈ ਹੋਵੇ, ਪਰ ਔਰਤ ਅੱਜ ਵੀ ਮਰਦ ਦੀ ਦਾਸੀ ਹੈ, ਗੁਲਾਮ ਹੈ। ਪੁਰਾਣੀ  ਪ੍ਰੰਪਰਾ ਅਨੁਸਾਰ ਉਹ ਅੱਜ ਵੀ ਪੱਖਿਆਂ 'ਚ ਹੀ ਉਲਝੀ ਰਹਿੰਦੀ ਹੈ।ਬਚਪਨ ਤੋਂ ਲੈ ਕੇ ਜਵਾਨ ਹੋਣ ਤੱਕ ਆਪਦੇ ਪਿਓ ਦੇ ਘਰੇਂ ਉਹ ਪਿਤਾ ਦੇ ਕਬਜ਼ੇ ਹੇਠ ਜ਼ਿੰਦਗੀ ਕੱਟ ਰਹੀ ਹੁੰਦੀ ਹੈ, ਜਵਾਨ ਹੋਣ 'ਤੇ ਉਹ ਪਤੀ ਦੀ ਕੈਦ ਵਿਚ ਆ ਜਾਂਦੀ ਹੈ, ਉਸਦੇ ਦਬਦਬੇ ਹੇਠ ਰਹਿਣ ਤੋਂ ਬਾਅਦ ਅੰਤ ਵਿੱਚ ਪੁੱਤਰ ਦੇ ਕਬਜ਼ੇ ਅਧੀਨ ਹੋ ਜਾਂਦੀ ਹੈ।

ਕੁਝ ਵਿਅਕਤੀ ਸੋਚਦੇ ਹਨ ਕਿ ਔਰਤਾਂ ਦੇ ਪੜ੍ਹ-ਲਿਖ ਜਾਣ ਨਾਲ ਅਤੇ ਰੁਜ਼ਗਾਰ ਪ੍ਰਾਪਤ ਕਰਕੇ ਮਰਦ-ਪ੍ਰਧਾਨਤਾ ਖਤਮ ਹੋ ਸਕਦੀ ਹੈ ਜਾਂ ਹੋਵੇਗੀ। ਇਹ ਗੱਲ ਸਹੀ ਹੈ ਕਿ ਇਸ ਨਾਲ ਔਰਤਾਂ ਦੀ ਸਥਿਤੀ ਵਿਚ ਬਦਲਾਅ ਆਉਂਦਾ ਹੈ। ਪਰ ਨਾਲ ਹੀ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਮਰੀਕਾ-ਇੰਗਲੈਂਡ ਵਿਕਸਿਤ ਦੇਸ਼ਾਂ ਵਿਚ ਜਿੱਥੇ ਔਰਤਾਂ ਬਹੁਤ ਪੜ੍ਹੀਆਂ-ਲਿਖੀਆਂ ਹਨ ਤੇ ਕਮਾਊ ਵੀ ਹਨ, ਉਥੇ ਵੀ ਔਰਤਾਂ ਮਰਦ-ਪ੍ਰਧਾਨਤਾ ਦਾ ਸ਼ਿਕਾਰ ਕਿਉਂ ਹਨ? ਹਰ ਪੱਖੋਂ ਅਮੀਰ ਦੇਸ਼ਾਂ ਵਿਚ ਵੀ ਔਰਤਾਂ ਨੂੰ ਬਰਾਬਰ ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਹੈਸੀਅਤ ਹਾਸਲ ਨਹੀਂ ਹੋ ਸਕੀ।

ਸਾਡੇ ਦੇਸ਼ ਵਿਚ ਵੀ ਜੋ ਔਰਤਾਂ ਪੜ੍ਹ-ਲਿਖ ਗਈਆਂ ਹਨ ਤੇ ਕਮਾਊ ਹਨ, ਉਹਨਾਂ ਨੂੰ ਵੀ ਮਰਦਾਂ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਮਿਲ ਸਕਿਆ। ਕਈਆਂ ਨੂੰ ਲੱਗਦਾ ਹੈ ਕਿ ਜੇਕਰ ਔਰਤਾਂ ਪਾਰਲੀਮੈਂਟ-ਵਿਧਾਨ ਸਭਾ ਵਿਚ ਸ਼ਾਮਲ ਹੋ ਜਾਣ ਤਾਂ ਇਹ ਔਰਤਾਂ ਦੀ ਹਾਲਤ ਸੁਧਰ ਸਕਦੀ ਹੈ ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਨਾਲ ਕਾਰਖਾਨਿਆਂ ਵਿੱਚ ਕੰਮ ਕਰਦੀਆਂ ਔਰਤਾਂ, ਘਰੇਲੂ ਹਿੰਸਾ ਦਾ ਸ਼ਿਕਾਰ ਨੰਗੇਜਵਾਜੀ ਅਤੇ ਵੇਸ਼ਵਾਪੁਣਾ ਆਦਿ ਕਿਵੇਂ ਖਤਮ ਹੋਵੇਗਾ?
ਜਿਸ ਪ੍ਰਬੰਧ ਨੇ ਔਰਤਾਂ ਨੂੰ ਆਪਣਾ ਜਿਸਮ ਤੱਕ ਵੇਚਣ ਲਈ ਮਜਬ੍ਵਰ ਕਰ ਦਿੱਤਾ ਹੈ, ਉਸ ਪ੍ਰਬੰਧ ਤੋਂ ਸੁਧਾਰਾਂ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ। ਔਰਤਾਂ ਖਿਲਾਫ ਉੱਠ ਰਹੇ ਜੁਲਮਾਂ ਤੋਂ ਬਾਅਦ ਇਕ ਜ਼ੋਰਦਾਰ ਮੰਗ ਉੱਭਰੀ ਕਿ ਜ਼ੁਲਮ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ, ਬਲਾਤਕਾਰੀ ਅਪਰਾਧੀਆਂ ਨੂੰ ਮੌਤ ਦੀ ਸ਼ਜਾ ਦਿੱਤੀ ਜਾਵੇ। ਇਹ ਗੱਲ ਬਿਲਕਲ ਠੀਕ ਹੈ ਕਿ ਇਹ ਕਦਮ ਚੁੱਕੇ ਜਾਣੇ ਚਾਹੀਦੇ ਹਨ, ਪਰ ਇਸ ਨਾਲ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ।

ਕਿਉਂਕਿ ਜੋ ਪਹਿਲਾਂ ਵੀ ਗਰੀਬਾਂ, ਔਰਤਾਂ, ਬੱਚਿਆਂ ਦੇ ਹੱਕਾਂ ਲਈ ਕਾਨੂੰਨ ਬਣ ਹੋਏ ਹਨ, ਉਹਨਾਂ ਦੀ ਕਿੰਨੀ ਕੁ ਵਰਤੋਂ ਕੀਤੀ ਜਾ ਰਹੀ ਹੈ। ਕਿੰਨੇ ਕੁ ਲਾਗੂ ਕੀਤੇ ਜਾ ਰਹੇ ਹਨ। ਇਸ ਕਰਕੇ ਇਸ ਸਰਮਾੲਦਾਰੀ ਪ੍ਰਬੰਧ ਹੇਠ ਸਮੁੱਚਾ ਤਾਣਾ-ਬਾਣਾ ਪੁਲੀਸ, ਅਫ਼ਸਰਸ਼ਾਹੀ ਅਤੇ ਪਾਰਲੀਮੈਂਟ ਆਦਿ ਸਭ ਮਨੁੱਖਤਾ ਵਿਰੋਧੀ ਹਨ, ਇਸ ਤੋਂ ਕਿਤੇ ਜ਼ਿਆਦਾ ਔਰਤ ਵਿਰੋਧੀ । ਭਾਵੇਂ ਔਰਤ ਅੱਜ ਵੀ ਕਿੰਨੀ ਪੜ੍ਹ-ਲਿਖ ਗਈ ਹੋਵੇ, ਉਸ ਅੰਦਰ ਅਕਾਸ਼ ਵਿਚ ਉਡਾਰੀ ਭਰਨ ਦਾ ਕਿੱਡਾ ਵੀ ਜੇਰਾ ਹੋਵੇ, ਹਰ ਮੰਜ਼ਿਲ ਨੂੰ ਸਰ ਕਰ ਸਕਦੀ ਹੋਵੇ, ਫਿਰ ਵੀ ਉਸ ਦੁਆਰਾ ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜਿਊਣ ਨੂੰ ਗਲਤ ਸਮਝਿਆ ਜਾਂਦਾ ਹੈ। ਪਿਆਰ ਕਰਨਾ ਤੇ ਮਰਜ਼ੀ ਨਾਲ ਵਿਆਹ ਕਰਨਾ ਤਾਂ ਉਹਦੇ ਲਈ ਕੋਈ ਬਹੁਤ ਵੱਡਾ ਜ਼ੁਲਮ ਕਰਨ ਦੇ ਬਰਾਬਰ ਹੈ। ਆਪਣੀ ਮਰਜ਼ੀ ਅਨੁਸਾਰ ਕੋਈ ਵੀ ਫੈਸਲਾ  ਲੈਣਾ ਉਸ ਦੇ ਲਈ ਸਰਾਪ ਹੀ ਹੈ। ਉਸਨੂੰ ਸਿਖਾਇਆ ਜਾਂਦਾ ਹੈ ਕਿ ਉਸਨੇ ਕਿਸੇ ਵੀ ਕੰਮ ਵਿਚ ਪਹਿਲਕਦਮੀ ਨਹੀਂ ਕਰਨੀ, ਸ਼ੁਰੂਆਤ ਕਰਨਾ ਸਿਰਫ ਮਰਦ ਦਾ ਹੀ ਹੱਕ ਹੈ, ਉਸ ਨੂੰ ਪਤੀ ਪਰਮੇਸ਼ਰ ਸਮਝਣਾ ਚਾਹੀਦਾ, ਉਸਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ। ਬਾਹਰ ਅੰਦਰ ਕਿਤੇ ਆਉਣ ਜਾਣ ਲਈ ਵੀ ਪਤੀ ਦੀ ਆਗਿਆ ਲੈਣੀ ਜ਼ਰੂਰੀ ਹੈ। ਜੇਕਰ ਔਰਤ ਇਸ ਫੈਸਲੇ ਦੇ ਵਿਰੁੱਧ ਜਾਂਦੀ ਹੈ ਤਾਂ ਉਸਨੂੰ ਘੋਰ ਜਬਰ ਦਾ ਸ਼ਿਕਾਰ ਹੋਣਾ ਪੈਂਦਾ ਹੈ ।  ਉਸ ਨੂੰ ਬਦਚਲਨ ਇਸਤਰੀ ਸਮਝਿਆ ਜਾਂਦਾ ਹੈ।

ਅੱਜ ਸਮਾਜ ਨੇ ਭਾਵੇ ਕਿੰਨੀ ਵੀ ਤਰੱਕੀ ਕਰ ਲਈ ਹੋਵੇ ਸਾਡੇ 'ਚ ਕਿੰਨੀ ਵੀ ਆਧੁਨਿਕਤਾ ਆ ਗਈ ਹੋਵੇ ਪਰ ਔਰਤਾਂ ਪ੍ਰਤੀ ਨਜਰੀਆ ਪਹਿਲਾਂ ਵਾਲਾ ਹੀ ਹੈ। ਵੱਧ ਤੋਂ ਵੱਧ ਵੀ ਜੇ ਦੇਖਿਆ ਜਾਵੇ ਤਾਂ 1-2% ਅਗਾਂਹਵਧੂ ਵਿਅਕਤੀਆਂ ਦਾ ਨਜ਼ਰੀਆ ਹੀ ਬਦਲਿਆ ਹੈ। ਇਸ ਨੂੰ ਪੂਰਨ ਰੂਪ ਵਿਚ ਔਰਤਾਂ ਦੀ ਹਾਲਤ ਵਿਚ ਸੁਧਾਰ ਨਹੀਂ ਕਿਹਾ ਜਾ ਸਕਦਾ, ਫਿਰ ਵੀ ਕਿਤੇ ਨਾ ਕਿਤੇ ਮਰਦ-ਪ੍ਰਧਾਨ ਸਮਾਜ ਅੰਦਰ ਔਰਤ ਨੂੰ ਦਬਾਇਆ ਹੋਇਆ ਹੈ।

ਔਰਤਾਂ ਖਿਲਾਫ਼ ਹੁੰਦੇ ਜ਼ੁਲਮਾਂ ਦੀ ਲਿਸਟ ਦਿਨ-ਬ-ਦਿਨ ਲੰਬੀ ਹੋ ਰਹੀ ਹੈ। ਉਹਨਾਂ ਤੋਂ ਕੰਮ ਜ਼ਿਆਦਾ ਲਿਆ ਜ਼ਾਂਦਾ ਹੈ ਤੇ ਉਜਰਤਾਂ ਘੱਟ ਦਿੱਤੀਆਂ ਜਾਂਦੀਆਂ ਹਨ। ਔਰਤ ਨੂੰ ਵਿਕਰੀ ਵਾਲੀ ਵਸਤੂ ਸਮਝ ਕੇ ਇਕ ਸਾਬਣ ਦੀ ਟਿੱਕੀ ਤੋਂ ਲੈ ਕੇ ਸ਼ਰਾਬ ਦੀ ਬੋਤਲ, ਟੀ. ਵੀ., ਫਰਿੱਜ਼ ਆਦਿ ਰੋਜ਼ਾਨਾਂ ਵਰਤੋਂ 'ਚ ਆਉਣ ਵਾਲੀਆਂ ਵਸਤਾਂ 'ਤੇ ਨੰਗੇਜ਼ ਰੂਪ ਵਿਚ ਇਸ਼ਤਿਹਾਰਬਾਜੀ ਕਰਕੇ ਬਾਜ਼ਾਰ 'ਚ ਵਿਕਰੀ ਲਈ ਪੇਸ਼ ਕੀਤਾ ਜਾਂਦਾ ਹੈ।

ਔਰਤਾਂ ਦਾ ਪਬਲਿਕ ਸਥਾਨਾਂ ਤੇ ਖੜ੍ਹਨਾ ਅਸਿੱਧੇ ਤੌਰ ਤੇ ਵਰਜਿਤ ਹੈ। ਬੱਸ-ਸਟੈਂਡ, ਰੇਲਵੇ ਸਟੇਸ਼ਨ, ਸਕੂਲ-ਕਾਲਜ ਅਤੇ ਬੱਸ਼ਾਂ ਗੱਡੀਆਂ 'ਚ ਉਹਨਾਂ 'ਤੇ ਅਸ਼ਲੀਲ ਟਿੱਪਣੀਆਂ ਕਰਕੇ ਉਹਨਾਂ ਦਾ ਖੜ੍ਹਨਾ ਤੇ ਸਫਰ ਕਰਨਾ ਦੁੱਭਰ ਕੀਤਾ ਪਿਆ ਹੈ ਹਰ ਜਗ੍ਹਾਂ 'ਤੇ ਇਸ ਸਿਸਟਮ ਦੇ ਪਾਲੇ ਹੋਲੇ ਪਾਏ ਗੁੰਡੇ ਉਹਨਾਂ ਨੂੰ ਲਲਚਾਈਆਂ ਨਜ਼ਰਾਂ ਨਾਲ ਵੇਖਦੇ ਹਨ। ਆਪਣੀ ਹਵਸ਼ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ, ਜੇਕਰ ਉਹ ਅਜਿਹਾ ਕਰਨ ਤੋਂ ਇਨਕਾਰ ਕਰਦੀਆਂ ਹਨ ਤਾਂ ਉਹਨਾਂ 'ਤੇ ਤੇਜ਼ਾਬ ਸੁੱਟਿਆ ਜਾਂਦਾ ਹੈ, ਜ਼ਬਰੀ ਚੁੱਕ ਕੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਜਨਮ ਦਿੱਤਾ ਜਾਂਦਾ ਹੈ । ਇਸ ਤੋਂ ਅੱਗੇ ਵੀ ਉਸਦੀ ਜ਼ਿੰਦਗੀ ਨੂੰ ਜਿਉਣ ਦੀ ਇੱਛਾ ਦਾ ਗਲਾ ਘੁੱਟ ਕੇ ਉਸਨੂੰ ਕਤਲ ਕਰ ਦਿੱਤਾ ਜਾਂਦਾ ਹੈ।

ਇਸ ਸਰਮਾਏਦਾਰਾ ਪ੍ਰਬੰਧ ਨੇ ਔਰਤਾਂ ਦੀ ਜ਼ਿੰਦਗੀ ਨੂੰ ਤਰਸਯੋਗ ਬਣਾ ਦਿੱਤਾ ਹੈ।  ਮਹਿੰਗਾਈ, ਗਰੀਬੀ ਅਤੇ ਭੁੱਖਮਰੀ ਕਾਰਨ ਬਹੁਤ ਸਾਰੀਆਂ ਔਰਤਾਂ ਸੈਕਸ ਦਾ ਧੰਦਾ ਅਪਣਾ ਰਹੀਆਂ ਹਨ। ਸਦੀਆਂ ਤੋ ਚੱਲਦੇ ਆ ਰਹੇ ਵਿਤਕਰੇ ਅਨੁਸਾਰ ਔਰਤਾਂ ਨੂੰ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ, ਔਰਤ ਦਾ ਕੰਮ ਸਿਰਫ਼ ਬੱਚੇ ਪੈਦਾ ਕਰਨਾ ਤੇ ਘਰ ਦੇ ਕੰਮ ਕਰਨਾ ਹੀ ਹੈ। ਅਤੇ ਮਰਦ ਦੀ ਇੱਛਾ ਅਨੁਸਾਰ ਉਸਦੀ ਕਾਮਵਾਸਨਾ ਨੂੰ ਪੂਰਾ ਕਰਨਾ।

ਵੇਖਿਆ ਜਾਵੇ ਤਾਂ ਔਰਤਾਂ ਦੀ ਹਾਲਤ ਬੇਹੱਦ ਮਾੜੀ ਹੈ, ਕੌਮੀ ਜੁਰਮ ਰਿਕਾਰਡ ਬਿਊਰੋ  ਵੱਲੋਂ ਜਾਰੀ ਹੋਈ ਇਕ ਰਿਪੋਰਟ ਮੁਤਾਬਕ, ਭਾਰਤ ਵਿਚ ਹਰ 3.5 ਮਿੰਟ ਬਾਅਦ ਇਕ ਬਲਾਤਕਾਰ ਦੀ ਘਟਨਾ ਹੁੰਦੀ ਹੈ। 33% ਔਰਤਾਂ ਖੂਨ ਦੀ ਕਮੀ ਕਾਰਨ ਹਰ ਸਾਲ ਮਰ ਰਹੀਆਂ ਹਨ।

ਉਂਝ ਅਗਾਂਹਵਧੂ ਤੇ ਸੂਝਵਾਨ ਵਿਅਕਤੀਆਂ ਲਈ ਅੰਕੜਿਆਂ ਦੀ ਲਿਸਟ ਕੋਈ ਬਹੁਤੇ ਮਾਇਨੇ ਨਹੀਂ ਰੱਖਦੀ, ਕਿਉਂਕਿ ਉਹ ਹਰ ਵਿਅਕਤੀ ਜੋ ਔਰਤਾਂ ਪ੍ਰਤੀ ਥੋੜੀ ਜਿਹੀ ਸ਼ਿੱਦਤ ਨਾਲ ਸੋਚਦਾ ਹੈ। ਉਸਨੂੰ ਪਤਾ ਹੈ ਕਿ ਔਰਤ ਨੂੰ ਹਰ ਪਲ ਜੋ ਜਲਾਲਤ, ਬੇਵਸੀ, ਗੁਲਾਮੀ ਸਹਿਣੀ ਪੈ ਰਹੀ ਹੈ, ਉਹ ਅੰਕੜਿਆਂ ਵਿੱਚ ਜਾਹਰ ਨਹੀਂ ਹੋ ਸਕਦੀ। ਅੰਤ ਵਿਚ ਇਹੋ ਕਹਿਣਾ ਹੀ ਠੀਕ ਲੱਗਦਾ ਹੈ ਕਿ ਔਰਤ ਦੇ ਸਾਰੇ ਚਾਅ, ਸੁਪਨੇ, ਇਛਾਵਾਂ ਆਦਿ ਘਰ ਦੀ ਚਾਰ-ਦਿਵਾਰੀ ਵਿਚ ਹੀ ਕੈਦ ਹੋ ਕੇ ਰਹਿ ਗਏ ਨੇ।

ਸੋਚਣ ਵਾਲੀ ਗੱਲ ਇਹ ਹੈ ਕਿ ਔਰਤ ਦੀ ਇਸ ਦਸ਼ਾ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ, ਉਹ ਕਿਹੜਾ ਰਾਹ ਹੈ ਜੋ ਔਰਤਾਂ ਤੋਂ ਮਰਦਾਂ ਦਾ ਇਹ ਦਬਦਬਾ ਖਤਮ ਕਰ ਸਕਦਾ ਹੋਵੇ।

ਇਸ ਕਰਕੇ ਔਰਤਾਂ ਨੂੰ ਹੱਥਾਂ 'ਤੇ ਹੱਥ ਧਰਕੇ ਇਸ ਜ਼ੁਲਮ ਦਾ ਸ਼ਿਕਾਰ ਨਹੀਂ ਬਣਦੇ ਰਹਿਣਾ ਚਾਹੀਦਾ। ਕਿਉਂਕਿ ਇਸ ਤੋਂ ਪਹਿਲਾਂ ਵੀ ਅੱਜ ਤੱਕ ਜਿਹੜੇ ਵੀ ਹੱਕ ਔਰਤਾਂ ਨੂੰ ਹਾਸਿਲ ਹੋਏ ਹਨ, ਉਹ ਉੁਹਨਾਂ ਨੂੰ ਕਿਸੇ ਨੇ ਤੋਹਫੇ ਦੇ ਰੂਪ ਵਿਚ ਨਹੀਂ ਦਿੱਤੇ ਸਗੋਂ ਸੰਘਰਸ ਕਰਕੇ ਮਿਲੇ ਹਨ।

ਇਸ ਲਈ ਔਰਤਾਂ ਨੂੰ ਆਪਣੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ, ਜਥੇਬੰਦ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਰਾਹ ਤੋਂ ਸਿਵਾ ਔਰਤਾਂ ਕੋਲ ਕੋਈ ਰਸਤਾ ਨਹੀਂ ਹੈ। ਇਸ ਲਈ ਆਜ਼ਾਦੀ ਦੀ ਤਾਂਘ ਰੱਖਣ ਵਾਲੀਆਂ ਔਰਤਾਂ ਨੂੰ ਔਰਤ ਦਿਵਸ ਇਹ ਸੱਦਾ ਦਿੰਦਾ ਹੈ ਕਿ ਸਾਡੇ ਹੱਕ ਸਾਨੂੰ ਐਵੇਂ ਹੀ ਕਿਸੇ ਨੇ ਨਹੀਂ ਦੇਣੇ, ਇਹ ਤਾਂ ਸਾਨੂੰ ਜ਼ਬਰੀ ਖੋਹਣੇ ਪੈਣਗੇ। ਆਓ ਆਪਣੇ ਹੱਕਾਂ ਲਈ ਜਾਗਰੂਕ ਹੋਈਏ ਅਤੇ ਪ੍ਰਾਪਤ ਕਰਨ ਲਈ ਅੱਗੇ ਵਧੀਏ।

 (ਲੇਖਿਕਾ ਵਿਦਿਆਰਥੀ ਆਗੂ ਹੈ )

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ