Mon, 09 September 2024
Your Visitor Number :-   7220062
SuhisaverSuhisaver Suhisaver

ਸ਼ਹੀਦਾਂ ਦੇ ਸੰਘਰਸ਼ ਦੀ ਗਾਥਾ ਹੈ ਅਜ਼ਾਦੀ -ਗੁਰਤੇਜ ਸਿੰਘ

Posted on:- 20-08-2016

suhisaver

“ਫਰੀਦਾ ਬਾਰ ਪਰਾਇਆ ਬੈਸਣਾ ਸਾਂਈ...” ਬਾਬਾ ਫਰੀਦ ਦੇ ਇਹ ਬੋਲ ਜੋ ਮਨੁੱਖਤਾ ਦੀ ਅਜ਼ਾਦੀ ਨੂੰ ਸਮਰਪਿਤ ਹਨ।ਉਨ੍ਹਾਂ ਨੇ ਗੁਲਾਮੀ ਨੂੰ ਨਰਕ ਦਾ ਪ੍ਰਤੀਰੂਪ ਮੰਨਿਆ ਹੈ।ਹਰ ਪ੍ਰਕਾਰ ਦੀ ਗੁਲਾਮੀ ਸਾਰੇ ਜੀਵਾਂ ਲਈ ਘਾਤਕ ਹੋ ਨਿੱਬੜਦੀ ਹੈ।ਇਹ ਸਰੀਰ ਦੇ ਨਾਲ ਨਾਲ ਮਾਨਸਿਕ ਵਿਕਾਸ ਨੂੰ ਵੀ ਝੋਰਾ ਲਗਾ ਦਿੰਦੀ ਹੈ।ਗੁਲਾਮੀ ਸੁਪਨਿਆਂ ਦੀ ਕਾਤਿਲ ਅਤੇ ਦੇਹ ਕਤਲਗਾਹ ਦੇ ਸਮਾਨ ਜਾਪਦੀ ਹੈ।ਅਜ਼ਾਦੀ ਦੀ ਸੂਹੀ ਸਵੇਰ ਦਾ ਇੰਤਜਾਰ ਗੁਲਾਮਾਂ ਨੂੰ ਬੇਸਬਰੀ ਨਾਲ ਹੁੰਦਾ ਹੈ ਜਦੋਂ ਇਹ ਉਡੀਕ ਲੰਮੇਰੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਆਪਣਾ ਜਿਸਮ ਵੀ ਬੋਝਲ ਲੱਗਦਾ ਹੈ।ਇਸ ਗੁਲਾਮੀ ਭਰੇ ਨਰਕ ਨੂੰ ਖਤਮ ਕਰਨ ਲਈ ਯੋਧੇ ਮੁੱਢ ਤੋਂ ਹੀ ਤਤਪਰ ਰਹੇ ਹਨ ਅਤੇ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਹਮੇਸ਼ਾਂ ਹੀ ਤਿਆਰ ਰਹਿਣਗੇ।ਅਜ਼ਾਦ ਤਬੀਅਤ ਹਰ ਜੀਵ ਦਾ ਮੁੱਢਲਾ ਲੱਛਣ ਹੈ ਤੇ ਕੁਦਰਤ ਵੀ ਉਨ੍ਹਾਂ ਦੇ ਇਸ ਹੱਕ ‘ਤੇ ਡਾਕਾ ਨਹੀਂ ਮਾਰਦੀ।ਇਹ ਸਿਰਫ ਮਨੁੱਖ ਦੇ ਸ਼ੈਤਾਨੀ ਦਿਮਾਗ ਦੀ ਉਪਜ ਹੈ, ਜੋ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹੋਰਾਂ ਨੂੰ ਗੁਲਾਮ ਬਣਾਉਣਾ ਲੋਚਦਾ ਹੈ।

ਭਾਰਤ ਨੂੰ ਕਿਸੇ ਸਮੇਂ ਸੋਨੇ ਦੀ ਚਿੜੀ ਆਖ ਸੱਦਿਆ ਜਾਂਦਾ ਸੀ ਅਤੇ ਇੱਥੋਂ ਦੇ ਰਾਜਿਆਂ ਦੀ ਆਪਸੀ ਫੁੱਟ ਨੇ ਵਿਦੇਸ਼ੀ ਹਮਲਾਵਰਾਂ ਨੂੰ ਲੁੱਟ ਮਚਾਉਣ ਦਾ ਮੌਕਾ ਦਿੱਤਾ।ਕੁਦਰਤੀ ਅਨਾਮਤਾਂ ਅਤੇ ਸੂਰਬੀਰਤਾ ਭਰਪੂਰ ਯੋਧਿਆਂ ਦੇ ਬਾਵਜੂਦ ਦੇਸ਼ ਵਿਦੇਸ਼ੀ ਲੋਕਾਂ ਦੇ ਅੱਗੇ ਗੋਡੇ ਟੇਕਣ ਲਈ ਮਜਬੂਰ ਹੋ ਗਿਆ ਸੀ, ਜਿਸ ਵਿੱਚ ਚੰਦ ਗੱਦਾਰਾਂ ਦੀ ਗੱਦਾਰੀ ਦਾ ਜ਼ਿਕਰ ਵੀ ਲਾਜ਼ਮੀ ਹੈ।

ਨਜ਼ਰਾਨੇ ਦੀ ਪ੍ਰਥਾ ਤੋਂ ਰਿਸ਼ਵਤ ਦਾ ਜਨਮ ਹੋਇਆ ਅਤੇ ਅੰਗਰੇਜ਼ਾਂ ਨੇ ਇਸਦਾ ਖੂਬ ਲਾਹਾ ਲਿਆ।ਭਾਰਤ ‘ਚ ਅੰਗਰੇਜ਼ ਵਾਇਸਰਾਏ ਲਾਰਡ ਕਲਾਈਵ ਨੂੰ ਇਸਦਾ ਜਨਮਦਾਤਾ ਮੰਨਿਆ ਜਾਂਦਾ ਹੈ।ਇਸ ਕੂਟਨੀਤੀ ਦੇ ਜਾਲ ‘ਚ ਸਾਰਾ ਦੇਸ਼ ਹੌਲੀ ਹੌਲੀ ਫਸਦਾ ਗਿਆ ਤੇ ਦੋ ਸਦੀਆਂ ਦੀ ਗੁਲਾਮੀ ਦੀ ਪੰਜਾਲੀ ਗਲੇ ‘ਚ ਪੈ ਗਈ ਜਿਸ ਨੂੰ ਗਲੋਂ ਲਾਹੁਣ ਲਈ ਸ਼ਹੀਦਾਂ ਨੇ ਸਮੇਂ ਸਮੇਂ ‘ਤੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ।ਦੇਸ਼ ‘ਚ ਅੰਗਰੇਜ਼ਾਂ ਵਿਰੁੱਧ ਪਹਿਲੀ ਅਸਫਲ ਕ੍ਰਾਂਤੀ 1857 ‘ਚ ਹੋਈ ਜਿਸਦਾ ਪਹਿਲਾ ਸ਼ਹੀਦ ਮੰਗਲ ਪਾਂਡੇ ਸੀ।ਉਸ ਤੋਂ ਬਾਅਦ ਸੰਨ 1915 ਵਿੱਚ ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗਦਰ ਦਾ ਪ੍ਰੋਗਰਾਮ ਬਣਾਇਆ ਸੀ, ਪਰ ਗੱਦਾਰਾਂ ਦੀ ਮਿਹਰਬਾਨੀ ਕਾਰਨ ਇਹ ਕ੍ਰਾਂਤੀ ਵੀ ਅਸਫਲ ਰਹੀ।ਸ਼ਹੀਦ ਭਗਤ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਵੀ ਆਪਣੇ ਤਰੀਕੇ ਨਾਲ ਹਥਿਆਰਬੰਦੀ ਕ੍ਰਾਂਤੀ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਸਨ।

ਅੰਗਰੇਜ਼ਾਂ ਦਾ ਵਿਰੋਧ ਚਹੁੰ ਪਾਸਿਉਂ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਵੀ ਮਾਲੂਮ ਹੋ ਗਿਆ ਸੀ ਕਿ ਹੁਣ ਭਾਰਤੀਆਂ ਨੂੰ ਜ਼ਿਆਦਾ ਸਮਾ ਗੁਲਾਮ ਬਣਾ ਕੇ ਨਹੀਂ ਰੱਖਿਆ ਜਾ ਸਕਦਾ।ਇਸ ਕਰਕੇ ਉਨ੍ਹਾਂ ਦੇਸ਼ ਛੱਡਣ ਦਾ ਫੈਸਲਾ ਕਰ ਲਿਆ ਸੀ ਅਤੇ ਦੇਸ਼ ਦੀ ਵਾਗਡੋਰ ਕਾਂਗਰਸ ਆਗੂਆਂ ਨੂੰ ਸੌਂਪਣ ਦਾ ਨਿਰਣਾ ਲੈ ਲਿਆ ਸੀ।ਇੱਥੋਂ ਹੀ ਸ਼ੁਰੂ ਹੋਈ ਲੋਕਾਂ ਦੇ ਦਰਦਾਂ ਦੀ ਕਹਾਣੀ ਜਿਸਦੇ ਜ਼ਖਮ ਅਜੇ ਵੀ ਅੱਲੇ ਹਨ।ਮੁਸਲਿਮ ਲੀਗ ਅਤੇ ਕਾਂਗਰਸ ਨੇਤਾਵਾਂ ਦੀ ਹਉਮੈ ਦੇ ਨਾਲ ਅੰਗਰੇਜ਼ਾਂ ਦੀ ਕੂਟਨੀਤੀ ਨੇ ਸਾਡੇ ਸੰਯੁਕਤ ਦੇਸ਼ ਦੇ ਦੋ ਟੁਕੜੇ ਕਰਨ ਲਈ ਮਜਬੂਰ ਕਰ ਦਿੱਤਾ ਸੀ।3 ਜੂਨ 1947 ਨੂੰ ਲਾਰਡ ਮਾਂਊਟਬੈਟਨ ਨੇ ਵੰਡ ਦਾ ਪ੍ਰਸਤਾਵ ਦੋਨਾਂ ਧਿਰਾਂ ਦੇ ਨੇਤਾਵਾਂ ਅੱਗੇ ਰੱਖਿਆ ਸੀ।ਸਾਂਝੀ ਸਰਕਾਰ ਨਾ ਬਣਨ ਕਾਰਨ ਤੇ ਆਪਣੀ ਕੁਰਸੀਆਂ ਖੁੱਸਦੀਆਂ ਦੇਖ ਨੇਤਾਵਾਂ ਨੇ ਇਸ ਵੰਡ ਨੂੰ ਮਨਜੂਰ ਕਰ ਲਿਆ ਸੀ।ਆਮ ਲੋਕਾਂ ਤੋਂ ਇਸ ਬਾਬਤ ਕੁਝ ਨਹੀਂ ਪੁੱਛਿਆ ਗਿਆ ਸੀ।ਆਪਣੀ ਚੌਧਰ ਖਾਤਿਰ ਨੇਤਾਵਾਂ ਨੇ ਮੁਲਕ ਦੇ ਲੋਕਾਂ ਨੂੰ ਇਸ ਦੋਰਾਹੇ ‘ਤੇ ਲਿਆ ਖੜਾ ਕੀਤਾ ਸੀ ਕਿ ਲੋਕਾਂ ਨੂੰ ਸਮਝ ਹੀ ਨਹੀਂ ਪੈ ਰਹੀ ਸੀ ਕਿ ਉਹ ਆਖਿਰ ਕਿਸ ਰਾਹ ਨੂੰ ਚੁਣਨ।ਫਿਰਕਾਪ੍ਰਸਤੀ ਦੀ ਅੱਗ ਨੇ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਦਿੱਤਾ ਸੀ ਜਿਸ ‘ਚ ਮਨੁੱਖਤਾ ਜਲਣ ਲਈ ਮਜਬੂਰ ਸੀ।ਲੋਕ ਆਪਣੇ ਘਰਾਂ ‘ਚ ਹੀ ਆਪਣੇ ਲੋਕਾਂ ਲਈ ਬਿਗਾਨੇ ਹੋ ਗਏ ਸਨ।ਮਾਰਧਾੜ ਦੇ ਨਾਲ ਔਰਤਾਂ ਦੀ ਪੱਤ ਰੋਲੀ ਗਈ ਗਈ।ਅਜ਼ਾਦੀ ਦੇ ਪਰਵਾਨਿਆਂ ਦਾ ਲੰਮਾ ਸੰਘਰਸ਼ ਅਤੇ ਅਜ਼ਾਦੀ ਦੀ ਸੂਹੀ ਸਵੇਰ ਲੋਕਾਂ ਨੂੰ ਬੇਜਾਨ ਜਾਪਦੀ ਸੀ।ਜੋ ਅਜ਼ਾਦੀ ਘੁਲਾਟੀਏ ਅਜ਼ਾਦੀ ਤੋਂ ਬਾਅਦ ਵੀ ਜਿਉਂਦੇ ਰਹੇ ਉਨ੍ਹਾਂ ਇਹ ਹਾਲਤ ਦੇਖ ਕੇ ਲਹੂ ਦੇ ਹੰਝੂ ਵਹਾਏ।

ਅਜ਼ਾਦੀ ਚਾਹੇ ਸੱਤ ਦਹਾਕਿਆਂ ਦੀ ਹੋਣ ਵਾਲੀ ਹੈ ਪਰ ਮੁਲਕ ਦੇ ਲੋਕ ਅਜੇ ਵੀ ਬੁਨਿਆਦੀ ਸਮੱਸਿਆਵਾਂ ਦੇ ਗੁਲਾਮ ਹਨ।ਸ਼ਹੀਦਾਂ ਦੇ ਸੁਪਨਿਆਂ ਦੀ ਅਜ਼ਾਦੀ ਅਜੇ ਵੀ ਲੋਕਾਂ ਤੋਂ ਕੋਹਾਂ ਦੂਰ ਹੈ।ਸ਼ਹੀਦਾਂ ਦਾ ਸਮਾਜਵਾਦ ਦੂਰ ਦੂਰ ਤੱਕ ਨਜ਼ਰ ਨਹੀਂ ਆਉਦਾ ਹੈ।ਸ਼ਹੀਦੇ ਆਜ਼ਮ ਸ.ਭਗਤ ਸਿੰਘ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ ਚਾਹੁੰਦੇ ਸਨ ਜਿਸ ਵਿੱਚ ਮਜ਼ਦੂਰ ਜਮਾਤ ਦੀ ਸਰਦਾਰੀ ਸਰਵ ਪ੍ਰਵਾਨਿਤ ਹੋਵੇ।ਉਹ ਮਨੁੱਖ ਦੁਆਰਾ ਮਨੁੱਖ ਦੀ ਕੀਤੀ ਜਾਂਦੀ ਲੁੱਟ ਦੇ ਬਹੁਤ ਖਿਲਾਫ ਸਨ।ਅਫਸੋਸ ਦੀ ਗੱਲ ਇਹ ਹੈ ਜਿਸ ਅਜ਼ਾਦੀ ਲਈ ਦੇਸ਼ ਭਗਤ ਤਸੀਹੇ ਸਹਿੰਦੇ ਰਹੇ ਉਹ ਲੋਕਾਂ ਨੂੰ ਨਸੀਬ ਨਹੀਂ ਹੋ ਰਹੀ।ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸਟਾਚਾਰ ਅਤੇ ਕੁਸ਼ਾਸ਼ਨ ਪ੍ਰਬੰਧ ਆਦਿ ਬਹੁਤ ਵੱਡੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਕਰਨ ਲਈ ਨੇਤਾਵਾਂ,ਅਫਸ਼ਰਸ਼ਾਹੀ ਦੇ ਦ੍ਰਿੜ ਇਰਾਦੇ ਦੇ ਨਾਲ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੈ।

ਬੇਰੁਜ਼ਗਾਰੀ ਨੇ ਗਰੀਬੀ ਨੂੰ ਉਪਜਾਇਆ ਹੈ ਤੇ ਭੁੱਖਮਰੀ ਦਾ ਕੋਹੜ ਆਪਣੇ ਆਪ ਚਿੰਬੜ ਜਾਂਦਾ ਹੈ।ਹਰ ਰੋਜ ਬੇਰੁਜ਼ਗਾਰਾਂ ਦੁਆਰਾ ਰੁਜਗਾਰ ਪ੍ਰਾਪਤੀ ਲਈ ਕੀਤੇ ਜਾਦੇ ਸੰਘਰਸ਼ ਦੀ ਸੁਰਖੀਆਂ ਅਖਬਾਰਾਂ ਦੀ ਜਗ੍ਹਾ ਮੱਲਦੀਆਂ ਹਨ।ਅੰਗਰੇਜ਼ਾਂ ਦੀ ਤਰਾਂ ਡੰਡੇ ਦੇ ਬਲ ਨਾਲ ਉਨ੍ਹਾਂ ਦੇ ਸੰਘਰਸ਼ ਨੂੰ ਦਬਾਇਆ ਜਾਂਦਾ ਹੈ।ਨੇਤਾ ਤੇ ਅਫਸਰ ਸਮਾਗਮਾਂ ਦੌਰਾਨ ਸ਼ਹੀਦਾਂ ਨੂੰ ਯਾਦ ਕਰਦੇ ਹਨ ਤੇ ਲੋਕਾਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਦੇ ਧਾਰਨੀ ਬਣਨ ਲਈ ਪ੍ਰੇਰਦੇ ਹਨ ਪਰ ਆਪ ਪਾਸਾ ਵੱਟਦੇ ਹਨ।ਇਸ ਦੋਗਲੇਪਣ ਨੇ ਲੋਕਾਂ ਦਾ ਬੇੜਾ ਗਰਕ ਕੀਤਾ ਹੈ।ਅਜ਼ਾਦੀ ਤੋਂ ਪਹਿਲਾਂ ਵੀ ਲੋਕ ਭੁੱਖਮਰੀ ਦੇ ਸ਼ਿਕਾਰ ਸਨ ਪਰ ਅੱਜ ਹਰੀ ਕ੍ਰਾਂਤੀ ਦੇ ਬਾਵਜੂਦ ਮੁਲਕ ਦੇ 21 ਕਰੋੜ ਤੋਂ ਜ਼ਿਆਦਾ ਲੋਕ ਭੁੱਖਮਰੀ ਦੇ ਸ਼ਿਕਾਰ ਹਨ।ਨੀਲੇ ਅੰਬਰ ਹੇਠਾਂ ਪਿਆ ਅਨਾਜ ਸੜ ਰਿਹਾ ਹੈ ਪਰ ਗਰੀਬਾਂ ਦੇ ਮੂੰਹ ਦੀ ਬੁਰਕੀ ਨਹੀਂ ਬਣਦਾ।
ਭ੍ਰਿਸ਼ਟਾਚਾਰ ਨੇ ਦੇਸ਼ ਦੀ ਆਰਥਿਕਤਾ ਨੂੰ ਖੂੰਜੇ ਲਗਾਇਆ ਹੋਇਆ ਹੈ ਅਤੇ ਕਾਲੇ ਧਨ ਦੇ ਰੂਪ ‘ਚ ਦੇਸ਼ ਦਾ ਅਣਗਿਣਤ ਸਰਮਾਇਆ ਵਿਦੇਸ਼ੀ ਬੈਕਾਂ ‘ਚ ਜਮਾਂ ਹੋ ਰਿਹਾ ਹੈ।ਵਿਦੇਸ਼ੀਆਂ ਦੀ ਲੁੱਟ ਦੇ ਨਾਲ ਨਾਲ ਦੇਸੀਆਂ ਦੀ ਨੇ ਮੁਲਕ ਨੂੰ ਕੰਗਾਲੀ ਦੀ ਦਲਦਲ ‘ਚ ਧਕੇਲਿਆ ਹੈ।ਉਂਝ ਦੇਸ਼ ਦੇ ਨੇਤਾ ਕਾਲੇ ਧਨ ਨੂੰ ਚੋਣਾਂ ਵੇਲੇ ਵੱਡੇ ਮੁੱਦੇ ਦੇ ਰੂਪ ‘ਚ ਉਭਾਰਦੀਆਂ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਜ਼ਾਦੀ ਦਿਵਸ ਮੌਕੇ ਇਸ ਸਮੱਸਿਆ ਦਾ ਹੱਲ ਜਲਦੀ ਕਰਨ ਦਾ ਭਰੋਸਾ ਦਿੰਦੇ ਹਨ, ਪਰ ਹਕੀਕਤ ਉਹੀ ਰਹਿੰਦੀ ਹੈ।ਅਜੋਕੀ ਰਾਜਨੀਤੀ ਵੀ ਸੰਜਮ ਤੋਂ ਕੋਹਾਂ ਤੋਂ ਦੂਰ ਹੈ ਤੇ ਰਾਜੇ ਦੇ ਸਿੰਘਾਸਨ ਵਾਂਗ ਨੇਤਾ ਇਸ ‘ਤੇ ਕਾਬਜ ਰਹਿਣ ਲਈ ਹਰ ਸੰਭਵ ਉਪਰਾਲੇ ਕਰਦੇ ਹਨ।ਆਮ ਲੋਕਾਂ ਦੀ ਸ਼ਮੂਲੀਅਤ ਨਾਮਾਤਰ ਹੈ ਜੋ ਲੋਕਤੰਤਰ ਦਾ ਮੂੰਹ ਚਿੜਾਉਦਾ ਹੈ।ਫਿਰਕਾਪ੍ਰਸਤੀ ਦੀ ਵਰਤੋਂ ਸੌੜੇ ਸਿਆਸੀ ਹਿਤਾਂ ਲਈ ਕੀਤੀ ਜਾਂਦੀ ਹੈ।ਇਸ ਕਰਕੇ ਕਮਜ਼ੋਰ ਵਰਗਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ।

ਆਮ ਲੋਕਾਂ ਦੇ ਹੱਕ ਜਦ ਤੱਕ ਸੁਰੱਖਿਅਤ ਨਹੀਂ ਹੁੰਦੇ ਤਦ ਤੱਕ ਅਜ਼ਾਦੀ ਬੇਮਤਲਬੀ ਹੈ।ਆਮ ਲੋਕਾਂ ਨੂੰ ਜਦ ਤੱਕ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਅਜ਼ਾਦੀ ਨਹੀਂ ਮਿਲਦੀ ਤਾਂ ਇਸਦੀ ਸੰਪੂਰਨਤਾ ਅਸੰਭਵ ਹੈ।ਇਸਦੀ ਪਹੁੰਚ ਆਮ ਲੋਕਾਂ ਤੱਕ ਕਰਨ ਲਈ ਬਹੁਤ ਵੱਡੇ ਸਾਰਥਿਕ ਯਤਨਾਂ ਦੀ ਲੋੜ ਹੈ।ਇਸ ਖਾਤਰ ਸਾਰੇ ਸਮਾਜ ਨੂੰ ਬਿਨਾਂ ਭੇਦਭਾਵ ਇੱਕਜੁੱਟ ਹੋਣਾ ਪਵੇਗਾ।ਆਪਸੀ ਫੁੱਟ ਜਾਤੀਵਾਦ ਤੋਂ ਉੱਪਰ ਉੱਠਣਾ ਹੋਵੇਗਾ ਜਿਸ ਨਾਲ ਹੀ ਦੇਸ਼ ਸਮਾਜ ਦਾ ਭਲਾ ਹੋ ਸਕਦਾ ਹੈ।ਸਮਾਜ ਚੰਗੇ ਨੂੰ ਨਾਲ ਲੈਕੇ ਚੱਲੇ ਅਤੇ ਬੁਰੇ ਤੋਂ ਕਿਨਾਰਾ ਕਰਦੇ ਹੋਏ ਸੰਗਠਿਤ ਹੋਵੇ ਫਿਰ ਹੀ ਸੰਪੂਰਨ ਅਜ਼ਾਦੀ ਸੰਭਵ ਹੈ ਨਹੀਂ ਤਾਂ ਸ਼ਾਸ਼ਕਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਸਫਲ ਹੁੰਦੀ ਰਹੇਗੀ ਤੇ ਲੋਕਾਈ ਮਰਦੀ ਰਹੇਗੀ।ਅਜ਼ਾਦੀ ਲਈ ਲੜੇ ਸ਼ਹੀਦਾਂ ਨੂੰ ਨਮਨ ਹੈ ਪਰ ਸਾਨੂੰ ਅਜੇ ਅਜ਼ਾਦੀ ਲਈ ਇੱਕ ਲੜਾਈ ਹੋਰ ਲੜਨੀ ਪਵੇਗੀ।

ਸੰਪਰਕ: +91 94641 72783

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ