Sun, 13 October 2024
Your Visitor Number :-   7232283
SuhisaverSuhisaver Suhisaver

ਮਹਾਨ ਤਾਨਾਸ਼ਾਹ

Posted on:- 04-09-2015

suhisaver

 - ਚਾਰਲੀ ਚੈਪਲਿਨ

ਅਨੁਵਾਦ: ਮਨਦੀਪ
ਈ-ਮੇਲ:
[email protected]

( ਨੋਟ: 1940 ਵਿਚ ਅਮਰੀਕੀ ਸਿਆਸੀ ਕਮੇਡੀ ਤੇ ਫਿਲਮੀ ਕਲਾਕਾਰ ਚਾਰਲੀ ਚੈਪਲਿਨ ਵੱਲੋਂ ‘ਦਾ ਗ੍ਰੇਟ ਡਿਕਟੇਟਰ’ ਨਾਮ ਦੀ ਵਿਅੰਗਆਤਮਿਕ ਮੂਕ ਫਿਲਮ ਦੀ ਕਹਾਣੀ ਲਿਖੀ ਗਈ ਸੀ। ਇਸ ਕਹਾਣੀ ਦੇ ਅਧਾਰ ਤੇ ਉਨ੍ਹਾਂ ਨੇ ਖੁਦ ਹੀ ਫਿਲਮ ਦੀ ਨਿਰਦੇਸ਼ਨਾ ਕੀਤੀ। ਉਨ੍ਹਾਂ ਇਸ ਮੂਕ ਫਿਲਮ ਰਾਹੀਂ ਬੜੇ ਕਲਾਤਮਿਕ ਅਤੇ ਵਿਅੰਗਆਤਮਿਕ ਢੰਗ ਨਾਲ ਦੁਨੀਆਂ ਭਰ ਵਿੱਚ ਨਿਰਦੋਸ਼ ਲੋਕਾਂ ਦਾ ਕਤਲੇਆਮ ਰਚਾਉਣ ਵਾਲੇ ਫਾਸ਼ੀਵਾਦੀ ਤਾਨਾਸ਼ਾਹ ਅਡੋਲਫ ਹਿਟਲਰ ਤੇ ਬੋਨੀਟੋ ਮੁਸੋਲਿਨੀ ਦੀ ਤਾਨਾਸ਼ਾਹ ਹਕੂਮਤ ਦਾ ਪਾਜ ਉਘਾੜਿਆ ਸੀ। ਪੰਜ ਐਵਾਰਡ ਜੇਤੂ ਇਸ ਬਹੁਚਰਚਿਤ ਫਿਲਮ ਦਾ ਦੁਨੀਆਂ ਦੀਆਂ ਅਨੇਕਾਂ ਭਸ਼ਾਵਾਂ ਵਿਚ ਉਲੱਥਾ ਹੋ ਚੁੱਕਾ ਹੈ। ਫਿਲਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਫਿਲਮ ਦੇ ਅੰਤ ਵਿੱਚ ਕੀਤੀ ਗਈ ਚਾਰਲੀ ਚੈਪਲਿਨ ਦੀ ਤਕਰੀਰ ਹੈ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਅਣਮਨੁੱਖੀ ਤਾਨਾਸ਼ਾਹੀ ਸ਼ਾਸ਼ਨ ਵਿਵਸਥਾ ਵਿਰੁੱਧ ਅਤੇ ਅਜ਼ਾਦੀ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਲੜਨ ਦਾ ਸੁਨੇਹਾ ਦਿੱਤਾ।
ਅੱਜ ਜਦੋਂ ਸਾਡੇ ਮੁਲਕ ਅੰਦਰ ਪਿਛਾਖੜੀ ਫਿਰਕੂ ਫਾਸ਼ੀਵਾਦੀ ਤਾਕਤਾਂ ਫਿਰ ਤੋਂ ਜੋਰ ਫੜ ਰਹੀਆਂ ਹਨ ਅਤੇ ਦੇਸ਼ ਦੀ ਸੱਤਾ ਉੱਤੇ ਇਨ੍ਹਾਂ ਫਿਰਕੂ ਤਾਕਤਾਂ ਦਾ ਨੁਮਾਇੰਦਾ ਨਰੇਂਦਰ ਮੋਦੀ ਬਿਰਾਜਮਾਨ ਹੋ ਚੁੱਕਾ ਹੈ। ਉਹੀ ਨਰੇਂਦਰ ਮੋਦੀ ਜੋ ਗੁਜਰਾਤ ਦੰਗਿਆਂ ’ਚ ਮਾਰੇ ਗਏ ਨਿਰਦੋਸ਼ ਲੋਕਾਂ ਦਾ ਦੋਸ਼ੀ ਹੈ। ਜੋ ਹਿੰਦੀ, ਹਿੰਦੂ ਤੇ ਹਿੰਦੁਸਤਾਨ ਅਤੇ ਗੰਗਾ, ਗੀਤਾ ਤੇ ਗਾਂ ਦੇ ਨਾਂ ਤੇ ਦੇਸ਼ ਦੇ ਘੱਟਗਿਣਤੀ ਲੋਕਾਂ ਵਿੱਚ ਫਿਰਕੂ ਦਹਿਸ਼ਤ ਫੈਲਾਅ ਰਿਹਾ ਹੈ। ਜੋ ਇਕ ਪਾਸੇ ਹਿੰਦੂ ਫਿਰਕਾਪ੍ਰਸਤੀ ਨੂੰ ਸ਼ੈਅ ਦੇ ਰਿਹਾ ਹੈ ਅਤੇ ਦੂਜੇ ਪਾਸੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਦੇਸ਼ ਦੇ ਲੋਕਾਂ ਖਿਲਾਫ ਇਕ ਤੋਂ ਬਾਅਦ ਇਕ ਕਾਲੇ ਕਾਨੂੰਨ ਅਤੇ ਆਰਡੀਨੈਂਸ ਜਾਰੀ ਕਰ ਰਿਹਾ ਹੈ।

ਲੋਕਪੱਖੀ ਕਲਾਕਾਰਾਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ। ਅਗਾਂਹਵਧੂ ਤਰਕਸ਼ੀਲ ਵਿਚਾਰਾਂ ਵਾਲੇ ਬੁੱਧੀਜੀਵੀਆਂ, ਲੇਖਕਾਂ ਤੇ ਜੱਥੇਬੰਦੀਆਂ ਤੇ ਹਮਲੇ ਕੀਤੇ ਜਾ ਰਹੇ ਹਨ, ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ। ਅਜਿਹੇ ਸਮੇਂ ਦੁਨੀਆਂ ਭਰ ਦੇ ਅਗਾਂਹਵਧੂ ਬੁਧੀਜੀਵੀ, ਲੇਖਕ ਤੇ ਜਮਹੂਰੀ ਕਾਰਕੁੰਨ ਉਸਦੀ ਤੁਲਨਾ ਹਿਟਲਰ ਨਾਲ ਕਰ ਰਹੇ ਹਨ। ਅਜਿਹੇ ਸਮੇਂ ਚਾਰਲੀ ਚੈਪਲਿਨ ਦੀ ਇਹ ਤਕਰੀਰ 1940 ਜਿੰਨੀ ਹੀ ਸਾਰਥਿਕ ਜਾਪਦੀ ਹੈ। ਪੇਸ਼ ਹੈ ਪੰਜਾਬੀ ਪਾਠਕਾਂ ਲਈ ਇਸ ਮਹੱਤਵਪੂਰਨ ਤਕਰੀਰ ਦਾ ਪੰਜਾਬੀ ਅਨੁਵਾਦ: ਅਨੁਵਾਦਕ)

ਮੈਨੂੰ ਮੁਆਫ਼ ਕਰ ਦੇਣਾ, ਪਰ ਮੈਂ ਕੋਈ ਸ਼ਾਸਕ ਨਹੀਂ ਬਨਣਾ ਚਾਹੁੰਦਾ, ਇਹ ਮੇਰਾ ਕੰਮ ਨਹੀਂ ਹੈ, ਮੈਂ ਕਿਸੇ ਉੱਤੇ ਫਤਹਿ ਹਾਸਲ ਕਰਕੇ ਉਸ ਉੱਤੇ ਹੁਕੂਮਤ ਨਹੀਂ ਕਰਨਾ ਚਾਹੁੰਦਾ। ਜੇਕਰ ਸੰਭਵ ਹੋ ਸਕੇ ਤਾਂ ਮੈਂ ਹਰ ਇੱਕ ਦੀ ਮੱਦਦ ਕਰਨਾ ਚਾਹੁੰਦਾ ਹਾਂ। ਯਹੂਦੀਆਂ, ਗੈਰ ਯਹੂਦੀਆਂ, ਗੋਰਿਆਂ ਦੀ ਕਾਲਿਆਂ ਦੀ ਸਭ ਦੀ ਮੱਦਦ।

ਅਸੀ ਸਭ ਇੱਕ ਦੂਜੇ ਦੀ ਮੱਦਦ ਕਰਨਾ ਚਾਹੁੰਦੇ ਹਾਂ। ਇਹ ਮਨੁੱਖ ਦੀ ਫਿਤਰਤ ਹੈ। ਸਾਰੇ ਮਨੁੱਖ ਇਵੇਂ ਹੀ ਕਰਨਾ ਚਾਹੁੰਦੇ ਹਨ। ਅਸੀ ਸਾਰੇ ਇੱਕ ਦੂਜੇ ਨੂੰ ਖੁਸ਼ ਵੇਖਣਾ ਚਾਹੁੰਦੇ ਹਾਂ, ਇਨਸਾਨ ਕਿਸੇ ਨੂੰ ਦੁੱਖ ਦੇਣਾ ਨਹੀਂ ਚਾਹੁੰਦਾ। ਅਸੀ ਇੱਕ ਦੂਜੇ ਨਾਲ ਨਫਰਤ ਕਰਨਾ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਨਹੀਂ ਚਾਹੁੰਦੇ। ਇਸ ਦੁਨੀਆ ਵਿੱਚ ਸਾਰਿਆਂ ਦੇ ਰਹਿਣ ਲਈ ਲਈ ਭਰਪੂਰ ਜਗ੍ਹਾ ਹੈ। ਇਹ ਚੰਗੀ ਧਰਤੀ ਬਹੁਤ ਅਮੀਰ ਹੈ ਅਤੇ ਇਹ ਸਾਡੀ ਸਭ ਦੀ ਜ਼ਰੂਰਤ ਪੂਰੀ ਕਰ ਸਕਦੀ ਹੈ। ਸਾਡੀ ਜ਼ਿੰਦਗੀ ਆਜ਼ਾਦੀ ਅਤੇ ਖ਼ੂਬਸੂਰਤੀ ਨਾਲ ਭਰਪੂਰ ਹੋ ਸਕਦੀ ਹੈ, ਲੇਕਿਨ ਅਸੀਂ ਰਸਤਾ ਭੁੱਲ ਗਏ ਹਾਂ।

ਲਾਲਚ ਨੇ ਬੰਦੇ ਦੀ ਆਤਮਾ ਨੂੰ ਜ਼ਹਿਰੀਲਾ ਬਣਾ ਦਿੱਤਾ; ਇਸਨੇ ਦੁਨੀਆ ਵਿੱਚ ਨਫਰਤ ਦੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ, ਇਹ ਸਾਨੂੰ ਦੁੱਖ ਅਤੇ ਖੂਨ ਖਰਾਬੇ ਤੱਕ ਲੈ ਆਇਆ ਹੈ। ਅਸੀਂ ਰਫ਼ਤਾਰ ਤਾਂ ਹਾਸਲ ਕਰ ਲਈ ਹੈ, ਲੇਕਿਨ ਅਸੀਂ ਆਪਣੇ ਆਪ ਨੂੰ ਇਸ ਵਿੱਚ ਕੈਦ ਕਰ ਲਿਆ ਹੈ। ਮਸ਼ੀਨਾਂ ਜੋ ਸਾਨੂੰ ਭਰਪੂਰ ਸਾਮਾਨ ਤਾਂ ਦਿੰਦੀਆਂ ਹਨ ਉਨ੍ਹਾਂ ਨੇ ਸਾਨੂੰ ਸਾਡੀਆਂ ਜ਼ਰੂਰਤਾਂ ਦਾ ਗੁਲਾਮ ਬਣਾ ਦਿੱਤਾ ਹੈ। ਸਾਡੇ ਗਿਆਨ ਨੇ ਸਾਨੂੰ ਨਿਰਾਸ਼ਾਵਾਦੀ ਬਣਾ ਦਿੱਤਾ ਹੈ। ਸਾਡੀ ਚਲਾਕੀ ਨੇ ਸਾਨੂੰ ਸਖ਼ਤ ਅਤੇ ਦੁਸ਼ਟ ਬਣਾ ਦਿੱਤਾ ਹੈ।

ਅਸੀ ਸੋਚਦੇ ਤਾਂ ਬਹੁਤ ਜ਼ਿਆਦਾ ਹਾਂ ਪਰੰਤੂ ਮਹਿਸੂਸ ਬਹੁਤ ਥੋੜਾ ਕਰਦੇ ਹਾਂ। ਸਾਨੂੰ ਇਨਸਾਨੀਅਤ ਦੀ ਜ਼ਿਆਦਾ ਜ਼ਰੂਰਤ ਹੈ ਚਲਾਕੀ ਦੀ ਘੱਟ, ਸਾਨੂੰ ਦਿਆ ਅਤੇ ਸ਼ਰਾਫਤ ਦੀ ਜ਼ਰੂਰਤ ਹੈ। ਇਨ੍ਹਾਂ ਚੀਜ਼ਾਂ ਬਿਨ੍ਹਾਂ ਜ਼ਿੰਦਗੀ ਬਹੁਤ ਹਿੰਸਕ ਬਣ ਜਾਵੇਗੀ ਅਤੇ ਸਭ ਕੁੱਝ ਖਤਮ ਹੋ ਜਾਵੇਗਾ। ਹਵਾਈ ਜਹਾਜ਼ ਅਤੇ ਰੇਡੀਓ ਸਾਨੂੰ ਇੱਕ ਦੂਜੇ ਦੇ ਕਰੀਬ ਲੈ ਆਏ ਹਨ। ਇਸ ਤਰ੍ਹਾਂ ਦੀ ਖੋਜ ਚੀਖ ਚੀਖ ਕੇ ਇਨਸਾਨ ਦੀ ਅੰਦਰਲੀ ਚੰਗਿਆਈ ਨੂੰ ਆਵਾਜ਼ ਦੇ ਰਹੀ ਹੈ, ਦੁਨੀਆਂ ਭਰ ਦੇ ਇਨਸਾਨਾਂ ਦੇ ਭਾਈਚਾਰੇ ਨੂੰ ਆਵਾਜ਼ ਦੇ ਰਹੀ ਹੈ, ਸਾਡੀ ਸਭ ਦੀ ਏਕਤਾ ਦੀ ਜ਼ਰੂਰਤ ਨੂੰ ਆਵਾਜ਼ ਦੇ ਰਹੀ ਹੈ।

ਇਸ ਵਕਤ ਵੀ ਜਦੋਂ ਮੇਰੀ ਆਵਾਜ਼ ਸਾਰੀ ਦੁਨੀਆਂ ਦੇ ਲੱਖਾਂ ਲੋਕਾਂ ਤੱਕ ਪਹੁੰਚ ਰਹੀ ਹੈ, ਲੱਖਾਂ ਮਰਦ, ਔਰਤਾਂ ਅਤੇ ਬੱਚੇ ਨਾਉਮੀਦੀ ਵਿੱਚ ਡੁੱਬੇ ਹੋਏ ਹਨ, ਇਹ ਸਭ ਅਜਿਹੀ ਵਿਵਸਥਾ ਦੇ ਸ਼ਿਕਾਰ ਹਨ ਜੋ ਲੋਕਾਂ ਉੱਤੇ ਜ਼ੁਲਮ ਕਰਦੀ ਹੈ ਅਤੇ ਬੇਗੁਨਾਹਾਂ ਨੂੰ ਜੇਲ੍ਹਾਂ ਵਿੱਚ ਕੈਦ ਕਰਦੀ ਹੈ।
ਜੋ ਲੋਕ ਮੈਨੂੰ ਸੁਣ ਰਹੇ ਹਨ, ਮੇਰਾ ਉਨ੍ਹਾਂ ਲਈ ਸੰਦੇਸ਼ ਹੈ, ਨਿਰਾਸ਼ ਨਾ ਹੋਵੋ।

ਅੱਜ ਅਸੀ ਜਿਸ ਦੁੱਖ ਨਾਲ ਘਿਰੇ ਹੋਏ ਹਾਂ ਉਹ ਲਾਲਚ ਦੀ ਉਪਜ ਹੈ, ਪਰ ਜਿਸ ਪਾਸੇ ਇਨਸਾਨੀ ਸੱਭਿਅਤਾ ਜਾ ਰਹੀ ਹੈ ਉਸਨੂੰ ਵੇਖਕੇ ਨਾ ਡਰੋ। ਇਨਸਾਨੀ ਨਫਰਤ ਦਾ ਖਾਤਮਾ ਹੋਵੇਗਾ, ਤਾਨਾਸ਼ਾਹ ਖਤਮ ਹੋ ਜਾਣਗੇ। ਇਨਸਾਨਾਂ ਦੀ ਜੋ ਸ਼ਕਤੀ ਤਾਨਾਸ਼ਾਹਾਂ ਨੇ ਖੋਹ ਲਈ ਹੈ ਉਹ ਇਨਸਾਨਾਂ ਨੂੰ ਫਿਰ ਤੋਂ ਵਾਪਸ ਮਿਲ ਜਾਵੇਗੀ। ਅਤੇ ਜਦੋਂ ਤੱਕ ਇਨਸਾਨ ਜ਼ਿੰਦਾ ਹੈ ਇਨਸਾਨ ਦੀ ਸੁਤੰਤਰਤਾ ਜ਼ਿੰਦਾ ਰਹੇਗੀ।

ਸਿਪਾਹੀਓ, ਆਪਣੇ ਆਪ ਨੂੰ ਇਨ੍ਹਾਂ ਕਰੂਰ ਲੋਕਾਂ ਦੇ ਹੱਥਾਂ ਵਿੱਚ ਨਾ ਸੌਂਪੋਂ, ਉਹ ਲੋਕ ਜੋ ਤੁਹਾਨੂੰ ਨਿਰਾਸ਼ਾ ਵਿੱਚ ਪਾ ਦਿੰਦੇ ਹਨ ਅਤੇ ਗੁਲਾਮ ਬਣਾ ਲੈਂਦੇ ਹਨ, ਜੋ ਤੁਹਾਡੀ ਜ਼ਿੰਦਗੀ ਨੂੰ ਫੌਜੀ ਟੁਕੜੀ ਵਿੱਚ ਬਦਲ ਦਿੰਦੇ ਹਨ, ਉਹ ਤੁਹਾਨੂੰ ਦੱਸਦੇ ਹਨ ਕਿ ਤੁਸੀਂ ਕੀ ਕਰੋਂਗੇ, ਕੀ ਸੋਚੋਂਗੇ, ਕੀ ਮਹਿਸੂਸ ਕਰੋਂਗੇ, ਉਹ ਤੁਹਾਡੇ ਤੋਂ ਮਿਹਨਤ ਕਰਵਾਉਂਦੇ ਹਨ, ਤੁਹਾਡਾ ਖਾਣਾ ਨਿਰਧਾਰਤ ਕਰਦੇ ਹਨ, ਤੁਹਾਨੂੰ ਜਾਨਵਰ ਸਮਝਦੇ ਹਨ ਤੁਹਾਨੂੰ ਬਾਲਣ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ।

ਆਪਣੇ ਆਪ ਨੂੰ ਇਨ੍ਹਾਂ ਬਣਾਉਟੀ ਲੋਕਾਂ ਦੇ ਹਵਾਲੇ ਨਾ ਕਰੋ, ਇਨ੍ਹਾਂ ਦਾ ਸਰੀਰ ਵੀ ਮਸ਼ੀਨ ਹੈ, ਇਨ੍ਹਾਂ ਦਾ ਦਿਮਾਗ ਵੀ ਮਸ਼ੀਨ ਹੈ ਇਨ੍ਹਾਂ ਦਾ ਦਿਲ ਵੀ ਮਸ਼ੀਨੀ ਹੈ। ਤੁਸੀਂ ਮਸ਼ੀਨ ਨਹੀਂ ਹੋ, ਤੁਸੀਂ ਜਾਨਵਰ ਨਹੀਂ ਹੋ, ਤੁਸੀਂ ਇਨਸਾਨ ਹੋ, ਤੁਹਾਡੇ ਦਿਲਾਂ ਦੇ ਅੰਦਰ ਇਨਸਾਨੀਅਤ ਲਈ ਪਿਆਰ ਹੈ, ਤੁਸੀਂ ਨਫਰਤ ਨਹੀਂ ਕਰਨਾ ਚਾਹੁੰਦੇ।

ਜਿਨ੍ਹਾਂ ਨੂੰ ਪਿਆਰ ਨਹੀਂ ਮਿਲਿਆ ਸਿਰਫ ਉਹੀ ਨਫਰਤ ਕਰ ਸਕਦੇ ਹਨ, ਪਿਆਰ ਵੱਲੋਂ ਵੰਚਿਤ ਅਤੇ ਗੈਰ ਕੁਦਰਤੀ ਲੋਕ ਨਫਰਤ ਕਰ ਸਕਦੇ ਹਨ।

ਸਿਪਾਹੀਓ ਗੁਲਾਮੀ ਲਈ ਸੰਘਰਸ਼ ਨਾ ਕਰੋ, ਅਜ਼ਾਦੀ ਲਈ ਲੜੋ।

ਬਾਈਬਲ ਵਿੱਚ ਕਿਹਾ ਗਿਆ ਹੈ ਰੱਬ ਦਾ ਰਾਜ ਇਨਸਾਨ ਦੇ ਦਿਲ ਵਿੱਚ ਹੀ ਹੈ, ਕਿਸੇ ਇੱਕ ਇਨਸਾਨ ਦੇ ਦਿਲ ਵਿੱਚ ਨਹੀਂ, ਕਿਸੇ ਇੱਕ ਸਮੂਹ ਦੇ ਲੋਕਾਂ ਦੇ ਦਿਲ ਵਿੱਚ ਨਹੀਂ, ਸਗੋਂ ਹਰ ਇਨਸਾਨ ਦੇ ਦਿਲ ਵਿੱਚ। ਤੁਹਾਡੇ ਦਿਲ ਵਿੱਚ ਵੀ। ਤੁਸੀ ਜੋ ਇਨਸਾਨ ਹੋ, ਤੁਹਾਡੇ ’ਚ ਉਹ ਤਾਕਤ ਹੈ, ਤੁਸੀ ਮਸ਼ੀਨਾਂ ਬਣਾ ਸਕਦੇ ਹੋ, ਤੁਸੀਂ ਖੁਸ਼ੀਆਂ ਲਿਆ ਸਕਦੇ ਹੋ, ਤੁਹਾਡੇ ਅੰਦਰ ਜ਼ਿਦਗੀ ਨੂੰ ਆਜ਼ਾਦ ਅਤੇ ਹੋਰ ਖੂਬਸੂਰਤ ਬਣਾਉਣ ਦੀ ਤਾਕਤ ਹੈ, ਤੁਸੀਂ ਇਸ ਜ਼ਿੰਦਗੀ ਨੂੰ ਮਜ਼ੇਦਾਰ ਖੋਜ ਬਣਾ ਸਕਦੇ ਹੋ। ਤਾਂ ਲੋਕਤੰਤਰ ਦੇ ਨਾਮ ਉੱਤੇ, ਆਓ ਉਸ ਤਾਕਤ ਦੀ ਵਰਤੋਂ ਕਰੋ।
ਆਓ ਅਸੀਂ ਸਭ ਇੱਕ ਹੋ ਜਾਈਏ।

ਆਓ ਇੱਕ ਨਵੀਂ ਦੁਨੀਆਂ ਬਣਾਉਣ ਲਈ ਸੰਘਰਸ਼ ਕਰੋ। ਇੱਕ ਸੁੰਦਰ ਦੁਨੀਆਂ ਜਿਸ ਵਿੱਚ ਇਨਸਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ, ਜਿਸ ਵਿੱਚ ਨੌਜਵਾਨਾਂ ਨੂੰ ਭਵਿੱਖ ਬਣਾਉਣ ਦੇ ਮੌਕੇ ਅਤੇ ਬਜ਼ੁਰਗਾਂ ਨੂੰ ਸੁਰੱਖਿਆ ਮਿਲੇਗੀ।

ਇਸ ਗੱਲਾਂ ਦਾ ਬਚਨ ਕਰਕੇ ਕਰੂਰ ਤਾਨਾਸ਼ਾਹ ਸੱਤਾ ਪ੍ਰਾਪਤ ਕਰ ਲੈਂਦੇ ਹਨ, ਉਹ ਝੂਠੇ ਵਾਅਦੇ ਕਰਦੇ ਹਨ, ਉਹ ਆਪਣੇ ਵਾਅਦੇ ਕਦੇ ਪੂਰੇ ਨਹੀਂ ਕਰਦੇ, ਉਹ ਕਦੇ ਵੀ ਇਸ ਵਾਅਦੇ ਨੂੰ ਪੂਰਾ ਨਹੀਂ ਕਰਨਗੇ।

ਤਾਨਸ਼ਾਹ ਆਪਣੇ ਆਪ ਨੂੰ ਆਜ਼ਾਦ ਕਰ ਲੈਂਦਾ ਹੈ ਲੇਕਿਨ ਤੁਹਾਨੂੰ ਗੁਲਾਮ ਬਣਾ ਲੈਂਦਾ ਹੈ।

ਆਓ ਉਸ ਵਾਅਦੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰੀਏ, ਆਓ ਦੁਨੀਆਂ ਨੂੰ ਆਜ਼ਾਦ ਉਸਾਰੀਏ, ਆਓ ਰਾਸ਼ਟਰਾਂ ਦੀਆਂ ਸੀਮਾਵਾਂ ਨੂੰ ਮਿਟਾ ਦੇਈਏ, ਆਓ ਆਪਣੇ ਲਾਲਚ, ਨਫਰਤ ਅਤੇ ਅਸਹਿਨਸ਼ੀਲਤਾ ਨੂੰ ਮਿਟਾ ਦੇਈਏ।

ਆਓ ਇੱਕ ਅਜਿਹੀ ਦੁਨੀਆਂ ਲਈ ਸੰਘਰਸ਼ ਕਰੀਏ ਜਿੱਥੇ ਦਲੀਲ਼ ਚੱਲੇ, ਜਿੱਥੇ ਵਿਗਿਆਨ ਅਤੇ ਤਰੱਕੀ ਇਨਸਾਨੀ ਖੁਸ਼ੀਆਂ ਨੂੰ ਰਸਤਾ ਦਿਖਾਵੇਗੀ। ਸਿਪਾਹੀਆਂ ਆਓ ਲੋਕਤੰਤਰ ਦੇ ਨਾਮ ਉੱਤੇ ਅਸੀ ਸਭ ਇੱਕ ਹੋਕੇ ਸੰਘਰਸ਼ ਕਰੀਏ।

Comments

swami sarabjeet

Sir Ji je film mook hai ta vakh vakh bhasaw'n ch ulthha krn da Ki logic

mandeep

ji ih film mook nhi hai. ih galti rhi hai jis lai main suhisaver te osde de pathakan tu maafi chahunda ha.

Neel

ਇਕ ਹੋਰ ਗੱਲ਼ ਇਹ ਕਿ ਤੁਸੀਂ ਇਸ ਲੇਖ ਦਾ ਜੋ ਵਿਸ਼ਾ ਲਿਖਿਆ ਹੈ ਉਸਨੂੰ ਪੜ੍ਹ ਕਿ ਇੰਝ ਜਾਪਦਾ ਹੈ ਜਿੰਝ ਚਾਰਲੀ ਚੈਪਲਿਨ ਇਕ ਮਹਾਨ ਤਾਨਾਸ਼ਾਹ ਸੀ। ਸੁਨੀਲ ਕੁਮਾਰ 'ਨੀਲ' +91-94184-70707 [email protected] facebook.com/nannu.neel

mandeep

Neel ji, tusi shi keh rhe ho ih odd lagda hai pr main isda heading ਮਹਾਨ ਤਾਨਾਸ਼ਾਹ hi likhyea c te charli chaplin da name vakhra likhyea c. ih heading suhisaver vlon dita gyea hai jo mainu v odd lagga.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ