Mon, 14 October 2024
Your Visitor Number :-   7232402
SuhisaverSuhisaver Suhisaver

ਇਹੋ ਜਿਹਾ ਸੀ ਸਾਡਾ ਭਗਤ ਸਿੰਘ -ਕੰਵਲਜੀਤ ਖੰਨਾ

Posted on:- 01-04-2014

ਇਹ ਘਟਨਾਵਾਂ ਤੇ ਅਹਿਸਾਸਾਂ, ਜਜ਼ਬਿਆਂ ਤੇ ਆਦਰਸ਼ਾਂ ਦਾ ਕੇਹਾ ਜੋੜਮੇਲ ਹੈ ਕਿ 23 ਮਾਰਚ ਨੂੰ ਤਿੰਨ ਯੋਧੇ ਕੁਰਬਾਨੀ ਦੇ ਬਸੰਤੀ ਰੰਗ ’ਚ ਰੰਗੇ ਗਏ ਤੇ ਠੀਕ 57 ਵਰ੍ਹੇ ਬਾਅਦ ਇਸੇ ਇਤਿਹਾਸਕ ਦਿਹਾੜੇ ਤੇ ਪੰਜਾਬ ਦਾ ਸਿਰਮੋਰ ਕ੍ਰਾਂਤੀਕਾਰੀ ਕਵੀ ਪਾਸ਼ ਆਪਣੇ ਸਾਥੀ ਹੰਸ ਰਾਜ ਸਮੇਤ ਐਂਟੀ ਫੋਰਟੀ ਸੈਵਨ ਦਾ ਨਾਅਰਾ ਬੁਲੰਦ ਕਰਦਾ ਫਿਰਕੂ ਫਾਸ਼ੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇਸੇ ਲੋਕ ਕਵੀ ਅਤੇ ਯਥਾਰਥ ਤੇ ਕਲਪਨਾ ਦੀਆਂ ਉੱਚੀਆਂ ਉਡਾਰੀਆਂ ਮਾਰਨ ਵਾਲੇ ਪੰਜਾਬੀ ਕਵਿਤਾ ਦੇ ਪਾਬਲੋ ਨਾਰੂਦਾ ਨੇ ਭਗਤ ਸਿੰਘ ਬਾਰੇ ਲਿਖਿਆ ਸੀ ‘‘ਭਗਤ ਸਿੰਘ ਪੰਜਾਬ ਦਾ ਪਹਿਲਾ ਵਿਚਾਰਕ ਸੀ, ਜਿਸਨੇ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ।



ਪਹਿਲਾ ਬੁੱਧੀਮਾਨ ਸੀ, ਜਿਸ ਨੇ ਦੁੱਖਾਂ ਅਤੇ ਸਮਾਜਕ ਸਮਿਸਆਵਾਂ ਦੀ ਧੁਰ ਡੂੰਘਾਈ ਤੱਕ ਪਈਆਂ ਉਲਝਣਾਂ ਦੀ ਪਹਿਚਾਣ ਕੀਤੀ ਸੀ। ਉਹ ਪਹਿਲਾ ਦੇਸ਼ ਭਗਤ ਸੀ ਜਿਸਦੇ ਮਨ ਵਿੱਚ ਸਮਾਜ ਸੁਧਾਰ ਦਾ ਇੱਕ ਨਿਸ਼ਚਿਤ ਦਿਸ਼੍ਰਟੀਕੋਣ ਸੀ। ਉਹ ਪਹਿਲਾ ਪੰਜਾਬੀ ਮਹਾਂਪੁਰਸ਼ ਸੀ ਜਿਸ ਨੇ ਭਾਵਨਾਵਾਂ ਤੇ ਸੋਝੀ ਦੇ ਸੁਮੇਲ ਲਈ ਧੁੰਦਲੀਆਂ ਮਾਨਤਾਵਾਂ ਦਾ ਸਹਾਰਾ ਨਹੀਂ ਸੀ ਲਿਆ। ਉਹ ਪਹਿਲਾ ਪੰਜਾਬੀ ਸੀ ਜੋ ਦੇਸ਼ ਭਗਤੀ ਦੇ ਪ੍ਰਦਰਸ਼ਨਕਾਰੀ ਵਿਚਾਰਾਂ ਤੋਂ ਮੁਕਤ ਹੋ ਸਕਿਆ ਸੀ। ਉਹ ਪਹਿਲਾ ਪੰਜਾਬੀ ਸੀ, ਜਿਸ ਨੇ ਗਾਂਧੀਵਾਦ ਦੇ ਖੋਖਲੇ ਅਤੇ ਥੋਥੇ ਮਾਨਵਤਾਵਾਦ ਅਤੇ ਆਦਰਸ਼ਵਾਦ ਨੂੰ ਵੰਗਾਰਿਆ ਸੀ ।
    
ਪੰਜਾਬ ਦੀ ਵਿਚਾਰਧਾਰਾ ਨੂੰ ਉਸ ਦੀ ਦੇਣ ਸਾਂਡਰਸ ਦੀ ਹੱਤਿਆ ਅਸੈਬੰਲੀ ਵਿੱਚ ਬੰਬ ਸੁੰਟਣ, ਫਾਂਸੀ ਦੇ ਫੰਦੇ ਤੇ ਲਟਕ ਜਾਣ ਤੋਂ ਕਿਤੇ ਜਿਆਦਾ ਹੈ। ਭਗਤ ਸਿੰਘ ਨੇ ਪਹਿਲੀ ਵੇਰ ਪੰਜਾਬ ਨੂੰ ਪਸ਼ੂਪੁਣੇ, ਪਹਿਲਵਾਨੀ ਅਤੇ ਜਹਾਲਤ ਤੋਂ ਬੁੱਧੀਵਾਦ ਵੱਲ ਮੋੜਿਆ ਸੀ ।
    
ਭਗਤ ਸਿੰਘ ਦੀਆਂ ਤਸਵੀਰਾਂ ਤੇ ਹਾਰ ਪਾਉਣ ਜਾਂ ਉਸ ਦੀ ਸ਼ਹਾਦਤ ਉਪਰ ਕਵਿਤਾਵਾਂ ਲਿਖਣ ਦਾ ਫਾਇਦਾ ਨਹੀਂ ਹੋਵੇਗਾ। ਜਰੂਰਤ ਹੈ ਉਸਦੀ ਵਿਚਾਰਧਾਰਾ ਨੂੰ ਸਮਝਣ ਤੇ ਅੱਗੇ ਵਧਾਉਣ ਦੀ। ਜਿਸ ਦਿਨ ਉਸ ਨੂੰ ਫਾਂਸੀ ਲੱਗੀ ਸੀ, ਉਸ ਦੀ ਕੋਠੜੀ ’ਚ ਲੈਨਿਨ ਦੀ ਕਿਤਾਬ ਮਿਲੀ ਸੀ, ਜਿਸ ਦਾ ਇੱਕ ਪੰਨਾ ਮੋੜਿਆ ਹੋਇਆ ਸੀ। ਪੰਜਾਬ ਦੀ ਜਵਾਨੀ ਨੂੰ ਉਸਦੇ ਆਖਰੀ ਦਿਨ ਮੋੜੇ ਹੋਏ ਪੰਨੇ ਤੋਂ ਅਗਾਂਹ ਤੁਰਨਾ ਚਾਹੀਦਾ ਹੈ’’

ਅੰਗਰੇਜ਼ੀ ਸਾਮਰਾਜ ਨੂੰ ਮੁਲਕ ਚੋਂ ਦਫਾ ਕਰ ਸਮਾਜਵਾਦੀ ਢਾਂਚਾ ਉਸਾਰਣ ਲਈ ਗੋਰੇ ਹਾਕਮਾਂ ਨਾਲ ਟੱਕਰ ਲੈਣ ਵਾਲੇ ਇਸ ਜਝਾਰੂ ਨੂੰ, ਜਿਹੜਾ ਇਸ ਤੋਂ ਵੀ ਅੱਗੇ ਇੱਕ ਦੂਰਦ੍ਰਿਸ਼ਟੀ ਵਾਲਾ ਮਹਾਨ ਚਿੰਤਕ ਹੋ ਨਿਬੜਿਆ, ਲਈ ਅਜਿਹੀ ਸਟੀਕ ਸਰਧਾਂਜਲੀ ਪਾਸ਼ ਹੀ ਦੇ ਸਕਦਾ ਸੀ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਭਾਰਤੀ ਇਨਕਲਾਬ ਦੇ ਉਹ ਸ਼ਾਨਾਮੱਤੇ ਚਮਕਦੇ ਸਿਤਾਰੇ ਹਨ, ਜਿਨ੍ਹਾਂ ਦੀ ਰੋਸ਼ਨੀ ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਹੋਣ ਦੇ ਸੱਚੇ ਸੁੱਚੇ ਆਦਰਸ਼ ਦੀ ਪੂਰਤੀ ਤੱਕ ਚਮਕਦੀ ਰਹੇਗੀ। 23 ਮਾਰਚ ਨੂੰ ਹਰ ਜਾਗਦੀ ਅੱਖ, ਹਰ ਜਾਗਦੀ ਜ਼ਮੀਰ ਸੰਸਾਰ ਭਰ ’ਚ ਆਪਣੇ ਇਨ੍ਹਾਂ ਨਾਇਕਾਂ ਨੂੰ ਸਿਜਦਾ ਕਰਦੀ ਹੈ। ਇਸ ਵੇਰ ਜਦੋਂ ਸਾਡੇ ਦੇਸ਼ ਅੰਦਰ ਦੇਸ਼ ਦੀ ਕੇਂਦਰੀ ਸੱਤਾ ਤੇ ਕਬਜੇ ਲਈ ਖੋਹਖਿੰਝ ਦੀ ਲੜਾਈ ਆਪਣੀ ਚਰਮ ਸੀਮਾ ਤੇ ਜਾ ਰਹੀ ਹੈ। ਜਦੋਂ ਦੇਸ਼ ਦੇ ਸਿਆਸੀ ਮਾਹੌਲ ’ਚ ਦਿੱਲੀ ਚੋਂ ਉੱਠੇ ਇੱਕ ਨਵੇਂ ਵਰਤਾਰੇ ਨੇ ਦੇਸ਼ ਭਰ ’ਚ ਜਮਾਤਾਂ ਦੇ ਇਸ ਭੇੜ ’ਚ ਸ਼ਹੀਦ ਭਗਤ ਸਿੰਘ ਦੇ ਰਾਜਨੀਤਿਕ ਵਿਚਾਰਾਂ ਨੂੰ ਡੂੰਘਾਈ ’ਚ ਸਮਝਣ ਦੀ ਜਰੂਰਤ ਪਹਿਲਾ ਦੇ ਕਿਸੇ ਵੀ ਸਮੇਂ ਨਾਲੋਂ ਜਿਆਦਾ ਤੀਬਰ ਕਰ ਦਿੱਤੀ ਹੈ।

ਦੇਸ਼ ਵਿਦੇਸ਼ ’ਚ ਕਿਸੇ ਸਮੇਂ ਇਨਕਲਾਬੀ ਲਹਿਰ ਨਾਲ ਜੁੜੇ ਰਹੇ ਪਰ ਹੁਣ ਹਾਸ਼ੀਏ ਤੇ ਬੈਠੇ ਬਹੁਗਿਣਤੀ ਇਮਾਨਦਾਰ ਲੋਕ ਪੂੰਜੀ ਦੇ ਇਸ ਗਲਸੜ ਤੇ ਨਿੱਘਰ ਚੁੱਕੇ ਪ੍ਰਬੰਧ ਅੰਦਰ ਅਜੇ ਵੀ ਸੁਧਾਰ ਦੀ ਗੁੰਜਾਇਸ਼ ਵੇਖਦੇ ਹਨ। ਦੇਸ਼ ਭਰ ਅੰਦਰ ਸਮਾਜਕ ਸਰੋਕਾਰ ਰੱਖਣ ਵਾਲੀਆਂ ਸੈਂਕੜੇ ਸਖਸ਼ੀਅਤਾਂ ਨੂੰ ਇਸ ਨਵੇ ਵਰਤਾਰੇ ‘ਚੋਂ ਸੱਚਮੁੱਚ ਬਦਲਾਅ ਨਜ਼ਰ ਆਉਣ ਲੱਗਾ ਹੈ। ਪਰ ਇਸ ਦੇ ਉਲਟ ਸ਼ਹੀਦ ਭਗਤ ਸਿੰਘ ਕੀ ਕਹਿੰਦੇ ਹਨ। ਭਗਤ ਸਿੰਘ ਨੇ ਅਸੰਬਲੀ ਬੰਬ ਕੇਸ ’ਚ ਬਿਆਨ ਦਿੰਦਿਆ ਕਿਹਾ ਸੀ ‘ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜਰੂਰ ਬਦਲਣਾ ਚਾਹੀਦਾ ਹੈ’’। ਇਸੇ ਬਿਆਨ ’ਚ ਉਨ੍ਹਾਂ ਕਿਹਾ ਸੀ ‘‘ਜਦੋਂ ਤੱਕ ਮਨੁੱਖ ਹੱਥੋ ਮਨੁੱਖ ਅਤੇ ਕੌਮਾਂ ਹੱਥੋ ਕੌਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾਂ ਮਨੁੱਖਤਾ ਦੇ ਸਿਰ ਤੇ ਮੰਡਲਾ ਰਹੇ ਦੁਖਾਂਤ ਅਤੇ ਖੂਨਖਰਾਬੇ ਨੂੰ ਰੋਕਿਆ ਨਹੀਂ ਜਾ ਸਕੇਗਾ। ਇਨਕਲਾਬ ਤਂੋਂ ਸਾਡਾ ਭਾਵ ਅੰਤ ਵਿੱਚ ਇਕ ਐਸੀ ਵਿਵਸਥਾ ਨੂੰ ਕਾਇਮ ਕਰਨਾ ਹੈ ਜਿਸ ਵਿੱਚ ਕਿਰਤੀ ਮਜਦੂਰ ਵਰਗ ਦੀ ਸਰਦਾਰੀ ਨੂੰ ਮੰਨਿਆ ਜਾਵੇ ਅਤੇ ਇੱਕ ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਜੰਗ ਦੀ ਤਬਾਹੀ ਤੋਂ ਹਿੰਮਤ ਕਰਕੇ ਆਜਾਦ ਕਰਵਾਇਆ ਜਾਵੇ’’ ਆਪਣੇ ਮਹੱਤਵਪੂਰਨ ਲੇਖ ਸਾਡੇ ਲਈ ਸੁਨਿਹਰੀ ਮੌਕੇ ‘ਚ ਉਨ੍ਹਾ ਲਿਖਿਆ ‘‘ਇਨਕਲਾਬ’’ ਤੋਂ ਸਾਡਾ ਕੀ ਭਾਵ ਹੈ, ਸਪੱਸਟ ਹੈ, ਇਸ ਸਦੀ ਵਿੱਚ ਇਸ ਦੇ ਸਿਰਫ ਇੱਕ ਹੀ ਮਤਲਬ ਹੋ ਸਕਦੇ ਹਨ - ਜਨਤਾ ਲਈ ਜਨਤਾ ਦਾ ਰਾਜਨੀਤਿਕ ਤਾਕਤ ਤੇ ਕਬਜਾ। ਅਸਲ ਵਿੱਚ ਇਹ ਹੈ ਇਨਕਲਾਬ। ਬਾਕੀ ਸਭ ਬਗਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜਿਹਾਂਦ ਨੂੰ ਹੀ ਅੱਗੇ ਤੋਰਦੀਆਂ ਹਨ।

ਸਾਡੇ ਦੇਸ਼ ਅੰਦਰ ਪਿਛਲੇ 67 ਸਾਲਾਂ ਦੇ ਰਾਜਨੀਤਿਕ ਅਮਲ ਨੇ ਇਹ ਗੱਲ ਚਿੱਟੇ ਦਿਨ ਸਾਬਤ ਕਰ ਦਿੱਤੀ ਹੈ ਕਿ ਹਰ ਵੇਰ ਬੰਦੇ ਬਦਲਦੇ ਹਨ ਪਰ ਪ੍ਰਬੰਧ ਨਹੀਂ ਬਦਲਦਾ। ਪਾਰਲੀਮਾਨੀ ਪ੍ਰਬੰਧ ਬਾਰੇ ਆਪਣੇ ਸਮੇਂ ’ਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਸਪੱਸ਼ਟ ਕੀਤਾ ਸੀ। ਲਾਹੋਰ ਸਪੈਸ਼ਲ ਟਰਿਬਿਊਨਲ ਸਾਹਮਣੇ ਦਿੱਤੇ ਬਿਆਨ ’ਚ ਉਨ੍ਹਾਂ ਕਿਹਾ ਸੀ, ‘‘ਬੜੀ ਈਮਾਨਦਾਰੀ ਨਾਲ ਕੋਸ਼ਿਸ਼ ਕਰਨ ਪਿੱਛੋ ਵੀ ਅਸੀਂ ਇੱਕ ਅਜਿਹੀ ਸੰਸਥਾ ਦੇ ਕਾਇਮ ਰਹਿਣ ਦੀ ਦਲੀਲ ਨੂੰ ਸਮਝ ਨਹੀਂ ਸਕੇ ਜਿਹੜੀ ਕਰੋੜਾਂ ਹਿੰਦਵਾਸੀਆਂ ਦੀ ਮਿਹਨਤ ਮੁੜ੍ਹਕੇ ਨਾਲ ਕਮਾਏ ਧਨ ਉੱਤੇ ਆਪਣਾ ਸਾਰਾ ਡਫਾਂਗ ਅਤੇ ਸ਼ਾਨੋ ਸ਼ੋਕਤ ਖੜੀ ਕਰਕੇ ਵੀ ਇੱਕ ਨਿਰਾ ਦਿਖਾਵਾ ਤੇ ਇੱਕ ਸ਼ੈਤਾਨੀ ਭਰਿਆ ਪਰਪੰਚ ਬਣੀ ਹੋਈ ਹੈ ਅਤੇ ਅਸੀਂ ਉਨ੍ਹਾ ਜਨਤਕ ਆਗੂਆਂ ਦੇ ਸੋਚਣ ਢੰਗ ਨੂੰ ਵੀ ਸਮਝਣ ‘ਚ ਨਾਕਾਮ ਰਹੇ ਹਾਂ ਜਿਹੜੇ ਸਾਫ ਤੌਰ ਤੇ ਰਚੇ ਹੋਏ ਇੱਕ ਡਰਾਮੇ ਵਾਂਗ ਦਿਸਦੀ, ਹਿੰਦੁਸਤਾਨ ਦੇ ਨਿਆਸਰੇਪਨ ਅਤੇ ਮੁਥਾਜਗੀ ਦੀ ਨੁਮਾਇਸ਼ ਵਿੱਚ ਹਿੱਸਾ ਲੈ ਕੇ ਜਨਤਾ ਦਾ ਪੈਸਾ ਅਤੇ ਸਮਾਂ ਨਸ਼ਟ ਕਰਨ ਵਿੱਚ ਮਦਦ ਕਰਦੇ ਹਨ - ਲੁਟੇਰਿਆਂ ਦੀ ਗਲਘੋਟੂ ਤਾਕਤ ਅਤੇ ਨਿਆਸਰੇ ਮਿਹਨਤਕਸ਼ਾਂ ਦੀ ਨੀਮ ਗੁਲਾਮੀ ਦੇ ਇੱਕ ਬਡਰੂਪ ਨਿਸ਼ਾਨ ਵਾਂਗ ਖੜੀ ਉਸ ਸੰਸਥਾ ਤੋਂ ਭਾਰਤ ਦੇ ਕਰੋੜਾਂ ਮਿਹਨਤਕਸ਼ਾ ਨੂੰ ਕੋਈ ਆਸ ਨਹੀਂ ਬੱਝ ਸਕਦੀ ’’।

ਤੇ ਫਿਰ ਜੇਕਰ ਅੱਜ ਦੇਸ਼ ਦਾ ਬਹੁਗਿਣਤੀ ਮੱਧਵਰਗ ਇਸ ਡਰਾਮੇ ’ਚ ਕਿਸੇ ਸੁਧਾਰ ਜਾਂ ਬਦਲਾਅ ਦੀ ਆਸ ’ਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਕਥਨ ਨੂੰ ਵਿਸਾਰ ਗਿਆ ਹੈ ਤਾਂ ਇਸ ਵਿੱਚ ਕਸੂਰ ਸ਼ਹੀਦ ਚਿੰਤਕਾਂ, ਮਾਰਗ ਦਰਸ਼ਕਾਂ ਦਾ ਨਹੀਂ ਸਗੋਂ ਤੱਤ ਭੜਥੇ ਮੱਧਵਰਗੀ ਕਿਰਦਾਰ ਦਾ ਹੈ ਜਿਹੜੀ ਅਕਸਰ ਤਾਂ ਚੁੱਪ ਦਰਸ਼ਕ ਹੁੰਦਾ ਹੈ। ਪਰ ਚਲਦੀ ਹਨੇਰੀ ’ਚ ਹੀਰੋ ਬਨਣ ਦੀ ਵੀ ਤਕੜੀ ਇੱਛਾ ਪਾਲੀ ਰੱਖਦਾ ਹੈ। ਤਾਂ ਹੀ ਤਾਂ ਆਮ ਆਦਮੀ ਬੰਗਲੌਰ ’ਚ ਖਾਸ ਆਦਮੀ ਬਣ ਵੱਡੇ ਹੋਟਲਾਂ ’ਚ ਉਬਾਮਾ ਦੀ ਡਿਨਰ ਪਾਲਸੀ ਦੀ ਨਕਲ ਕਰ ਪੰਜਾਹ ਲੱਖ ਇਕੱਠਾ ਕਰਦਾ ਹੈ। ੳਂੁਝ ਇਹ ਸੱਚ ਵੀ ਹੈ ਕਿ ਪੈਸਾ ਨਾ ਹੋਣ ਦੀ ਸੂਰਤ ‘ਚ ਪ੍ਰਚਾਰ ਪ੍ਰਸਾਰ ‘ਚ ਫਾਡੀ ਰਹਿਕੇ ਪੂੰਜੀ ਦੇ ਚੱਲਦਿਆਂ ਭ੍ਰਿਸਟਾਚਾਰ ਮੁਕਤ ਭਾਰਤ ਸਿਰਜਣ ਦਾ ਸੁਪਨਾ ਅਧੂਰਾ ਰਹਿ ਸਕਦਾ ਹੈ ।
   
ਭਾਰਤੀ ਪੂੰਜੀਪਤੀ ਜਮਾਤ ਬਾਰੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਦਸੰਬਰ 1929 ’ਚ ਘੜੇ ਮੈਨੀਫੈਸਟੋ ’ਚ ਉਨ੍ਹਾ ਸਪੱਸ਼ਟ ਦਰਜ ਕੀਤਾ ਸੀ। ‘‘ਭਾਰਤ ਸਾਮਰਾਜਵਾਦ ਦੇ ਜੂਲੇ ਹੇਠ ਪਿਸ ਰਿਹਾ ਹੈ। ਇਸ ਦੇ ਕਰੋੜਾਂ ਲੋਕ ਅੱਜ ਅਗਿਆਨਕਤਾ ਅਤੇ ਗਰੀਬੀ ਦਾ ਸ਼ਿਕਾਰ ਹੋ ਰਹੇ ਹਨ। ਭਾਰਤ ਦੀ ਬਹੁਤ ਵੱਡੀ ਗਿਣਤੀ, ਜੋ ਕਿਰਤੀ ਕਿਸਾਨਾਂ ਦੀ ਹੈ, ਉਨ੍ਹਾ ਨੂੰ ਬਦੇਸ਼ੀ ਦਾਬੇ ਅਤੇ ਲੁੱਟ ਨੇ ਹੱਥਲ ਕਰ ਦਿੱਤਾ ਹੈ। ਭਾਰਤੀ ਕਿਰਤੀ ਵਰਗ ਦੀ ਹਾਲਤ ਅੱਜ ਗੰਭੀਰ ਹੈ। ਉਸਨੂੰ ਦੁਹਰੇ ਖਤਰੇ ਦਾ ਸਾਹਮਣਾ ਹੈ। ਉਸ ਨੂੰ ਬਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖਤਰਾ ਹੈ। ਭਾਰਤੀ ਪੂੰਜੀਵਾਦ, ਵਿਦੇਸ਼ੀ ਪੂੰਜੀ ਨਾਲ ਹਰ ਰੋਜ ਵਧੇਰੇ ਗੱਠਜੋੜ ਕਰ ਰਿਹਾ ਹੈ ।
   
ਭਾਰਤੀ ਪੂੰਜੀਪਤੀ ਭਾਰਤੀ ਲੋਕਾਂ ਨੂੰ ਧੋਖਾ ਦੇ ਕੇ ਵਿਦੇਸ਼ੀ ਪੂੰਜੀ ਤੋਂ ਵਿਸ਼ਵਾਸਘਾਤ ਦੀ ਕੀਮਤ ਦੇ ਤੌਰ ਤੇ, ਸਰਕਾਰ ਵਿੱਚੋਂ ਕੁੱਝ ਹਿੱਸਾ ਪ੍ਰਾਪਤ ਕਰਨਾ ਚਾਹੰੁਦਾ ਹੈ। ਇਸੇ ਕਰਕੇ ਕਿਰਤੀ ਦੀ ਆਸ ਹੁਣ ਸਿਰਫ ਸਮਾਜਵਾਦ ਤੇ ਲੱਗੀ ਹੈ। ਤੇ ਸਿਰਫ ਇਹੀ ਹੀ ਪੂਰਨ ਆਜਾਦੀ ਤੇ ਸਭ ਵਖਰੇਂਵੇ ਖਤਮ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।
    

ਕੇਹਾ ਦੂਰ ਦ੍ਰਿਸ਼ਟ, ਕੇਹਾ ਮਹਾਨ ਚਿੰਤਕ ਸੀ ਸਾਡਾ ਭਗਤ ਸਿੰਘ। ਉਸਨੇ ਕਿਹਾ ਸੀ ‘‘ਇਨਕਲਾਬ ਬਹੁਤ ਮੁਸ਼ਕਲ ਕਾਰਜ ਹੈ। ਕਿਸੇ ਇੱਕ ਆਦਮੀ ਦੀ ਤਾਕਤ ਤੋਂ ਬਾਹਰੀ ਗੱਲ, ਨਾ ਹੀ ਇਹ ਕਿਸੇ ਮਿੱਥੀ ਹੋਈ ਤਰੀਖ ਨੂੰ ਆ ਸਕਦਾ ਹੈ। ਇਹ ਤਾਂ ਖਾਸ ਸਮਾਜੀ ਤੇ ਆਰਥਕ ਹਾਲਤਾਂ ਵਿੱਚੋਂ ਪੈਦਾ ਹੁੰਦਾ ਹੈ ਅਤੇ ਇੱਕ ਜੱਥੇਬੰਦ ਪਾਰਟੀ ਨੇ ਅਜੇਹੇ ਮੌਕੇ ਨੂੰ ਸਾਂਭਣਾ ਹੁੰਦਾ ਹੈ ਅਤੇ ਜਨਤਾ ਨੂੰ ਤਿਆਰ ਕਰਨਾ ਹੁੰਦਾ ਹੈ। ਇਸ ਲਈ ਸਾਰੇ ਇਨਕਲਾਬੀ ਕਾਰਕੁੰਨਾਂ ਨੂੰ ਬਹੁਤ ਹੀ ਕੁਰਬਾਨੀਆਂ ਦੇਣੀਆਂ ਪੈਦੀਆਂ ਹਨ। ਸਾਡੇ ਕੋਲ ਅਜਿਹੇ ਬਹੁਤ ਲੀਡਰ ਸਾਡੇ ਕੰਮ ਦੇ ਨਹੀਂ ਹਨ। ਅਸੀਂ ਤਾਂ ਲੈਨਿਨ ਦੇ ਅੱਤ ਪਿਆਰੇ ਲਫਜ ਪੇਸ਼ਾਵਰ ਇਨਕਲਾਬੀ ਨੂੰ ਵਰਤਣਾ ਚਾਹਾਂਗੇ। ਕੁਲਵਰਤੀ ਵਰਕਰ ਜਿਨ੍ਹਾਂ ਦੀ ਇਨਕਲਾਬ ਦੇ ਬਿਨ੍ਹਾਂ ਹੋਰ ਜਿੰਦਗੀ ਦੀ ਕੋਈ ਖਾਹਸ਼ ਨਾ ਹੋਵੇ ।’’

ਸ਼ਹੀਦ ਭਗਤ ਸਿੰਘ ਦੇ ਸਾਥੀਆਂ ਨੂੰ ਅੰਗਰੇਜ ਹਾਕਮਾਂ ਵੱਲੋਂ ਫਾਂਸੀ ਲਾ ਕੇ ਇਨਕਲਾਬ ਦੀ ਲਹਿਰ ਨੂੰ ਮੇਸਣ ਦਾ ਭਰਮ ਪਾਲਿਆ ਗਿਆ ਸੀ। ਦੇਸ਼ ਦੇ ਸਾਮਰਾਜ ਦੇ ਦਲਾਲ ਪੂੰਜੀਪਤੀ ਹਾਕਮਾਂ ਵੱਲੋਂ ਦੇਸ਼ ਅੰਦਰ ਥੋਪੀਆਂ ਜਾ ਰਹੀਆਂ ਖੁਲੀ ਮੰਡੀ, ਨਿਜੀਕਰਨ ਦੀਆਂ ਨੀਤੀਆਂ ਖਿਲਾਫ ਦੇਸ਼ ਭਰ ਅੰਦਰ ਰੋਹ ਹੈ। ਲੋਕ ਤੋੜ ਮਹਿੰਗਾਈ, ਅੰਨੀ ਬੇਰਜਗਾਰੀ, ਭ੍ਰਿਸਟਾਚਾਰ ਨੇ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਇਨਕਲਾਬੀ ਸੰਘਰਸ਼ ਤੇ ਲਹਿਰ ਦੀ ਗੈਰ ਇੱਕਜੁਟਤਾ ਤੇ ਕਮਜੋਰੀ ਇਸ ਹਮਲੇ ਦਾ ਟਾਕਰਾ ਕਰਨ ਤੋਂ ਉਣੀ ਹੈ। ਦੇਸ਼ ਭਰ ਅੰਦਰ ਅਸਿਥਰਤਾ ਤੇ ਨਿਘਾਰ ਦੀ ਇਸ ਖਤਰਨਾਕ ਹਾਲਤ ਅੰਦਰ ਸੱਚਮੁੱਚੀ ਕਿਰਤੀ ਵਰਗ ਇੱਕ ਠੋਸ ਬਦਲ ਚਾਹੁੰਦਾ ਹੈ। ਇਸ ਬਦਲ ਦੀ ਗੈਰਪੇਸ਼ਕਾਰੀ ’ਚ ਕਿਰਤੀ ਵਰਗ ਕਿਸੇ ਨਾ ਕਿਸੇ ਮੌਕਪ੍ਰਸਤ ਧਿਰ ਦੇ ਲੜ ਲੱਗਣ ਲਈ ਮਜਬੂਰ ਹੈ। ਖੜੋਤ ਦੀ ਅਜਿਹੀ ਰਾਜਨੀਤਿਕ ਹਾਲਤ ’ਚ ਵੱਡੇ ਵੱਡੇ ਥੰਮ ਡੋਲ ਜਾਇਆ ਕਰਦੇ ਹਨ। ਦੂਨੀਆਂ ਦੇ ਇਨਕਲਾਬਾਂ ਦੇ ਇਤਿਹਾਸ ‘ਚ ਅਜਿਹਾ ਕਿਨ੍ਹਾ ਕੁੱਝ ਵਾਪਰਿਆ ਹੈ ।
   
ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਿਵ ਵਰਮਾ ਨੇ ਉਨ੍ਹਾ ਬਾਰੇ ਲਿਖੀਆਂ ਆਪਣੀਆ ਯਾਦਾਂ ’ਚ ਦਰਜ ਕੀਤਾ ਕਿ ਭਗਤ ਸਿੰਘ ਜਦੋਂ ਕਾਨਪੁਰ ਮੀਟਿੰਗ ’ਚ ਮੇਰੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਸ ਮੈਨੂੰ ਪੁੱਛਿਆ ਕਿ ਸ਼ਿਵ ਵਿਅਕਤੀ ਦਾ ਨਾਂ ਵੱਡਾ ਜਾ ਪਾਰਟੀ ਦਾ ਕੰਮ’’। ਪਾਰਟੀ ਦਾ ਕੰਮ’’ ਸ਼ਿਵ ਵਰਮਾ ਨੇ ਜਵਾਬ ਦਿੱਤਾ ਸੀ। ਪਾਰਟੀ ਦਾ ਕੰਮ ਨਿਰਵਿਘਨ ਚਲਦਾ ਰਹੇ ਇਸ ਲਈ ਪਹਿਲੀ ਸ਼ਰਤ ਦੇ ਜਵਾਬ ’ਚ ਸ਼ਿਵ ਨੇ ਕਿਹਾ ਇੱਕ ਮਜਬੂਤ ਤੇ ਵਿਸ਼ਾਲ ਜੱਥੇਬੰਦੀ। ਜਥੇਬੰਦੀ ਤੇ ਪ੍ਰਚਾਰ - ਉਸ ਕਿਹਾ ਸੀ। ਦੇਸ਼ ਦੀ ਜਨਤਾ ਸਾਡੇ ਹੌਸਲੇ ਅਤੇ ਸਾਡੇ ਕੰਮਾਂ ਦੀ ਪ੍ਰਸੰਸਾ ਕਰਦੀ ਹੈ ਪਰ ਉਹ ਸਾਡੇ ਨਾਲ ਸਿੱਧਾ ਸੰਪਰਕ ਜੋੜਣ ਵਿੱਚ ਅਸਮਰਥ ਹੈ। ਅਜੇ ਤੱਕ ਆਪਾਂ ਨੇ ਖੁੱਲ੍ਹੇ ਸ਼ਬਦਾਂ ਵਿੱਚ ਇਹ ਵੀ ਨਹੀਂ ਦੱਸਿਆ ਕਿ ਜਿਸ ਆਜਾਦੀ ਦੀ ਅਸੀਂ ਗੱਲ ਕਰਦੇ ਹਾਂ, ਉਸ ਦੀ ਰੂਪ-ਰੇਖਾ ਹੋਵੇਗੀ, ਅੰਗਰੇਜਾਂ ਦੇ ਨਿਕਲ ਜਾਣ ਤੋਂ ਬਾਅਦ ਜੋ ਸਰਕਾਰ ਬਣੇਗੀ, ਉਹ ਕਿਹੋ ਜਿਹੀ ਹੋਵੇਗੀ ਅਤੇ ਕਿਸ ਦੀ ਹੋਵੇਗੀ। ਆਪਣੇ ਸੰਘਰਸ਼ ਦਾ ਜਨਤਕ ਆਧਾਰ ਬਨਾਉਣ ਲਈ ਸਾਨੂੰ ਆਪਣਾ ਮਕਸਦ ਲੋਕਾਂ ਤੱਕ ਲੇ ਕੇ ਜਾਣਾ ਹੋਵੇਗਾ। ਆਪਾਂ ਸਭ ਲੋਕ ਸਿਪਾਹੀ ਹਾਂ। ਸਿਪਾਹੀ ਦਾ ਸਭ ਤੋਂ ਮੋਹ ਯੁੱਧ ਭੂਮੀ ਨਾਲ ਹੁੰਦਾ ਹੈ । ਹੀਰੇ ਇਮਾਰਤ ਦੀ ਖੂਬਸੂਰਤੀ ਵਧਾ ਸਕਦੇ ਹਨ, ਦੇਖਣ ਵਾਲਿਆਂ ਨੂੰ ਹੈਰਾਨ ਕਰ ਸਕਦੇ ਹਨ। ਪਰ ਉਹ ਇਮਾਰਤ ਦੀ ਬੁਨਿਆਦ ਨਹੀਂ ਬਣ ਸਕਦੇ। ਉਸਦੀ ਉਮਰ ਨਹੀਂ ਵਧਾ ਸਕਦੇ, ਸਦੀਆਂ ਤੱਕ ਆਪਣੇ ਮਜਬੂਤ ਮੋਢਿਆਂ ਤੇ ਉਸਦਾ ਬੋਝ ਚੁੱਕ ਕੇ ਸਿੱਧਿਆ ਖੜਾ ਨਹੀਂ ਰੱਖ ਸਕਦੇ। ਹੁਣ ਤੱਕ ਇਸ ਸੰਘਰਸ਼ ਨੇ ਹੀਰੇ ਕਮਾਏ ਹਨ, ਬੁਨਿਆਦ ਦੇ ਪੱਥਰ ਕੱਠੇ ਨਹੀਂ ਕੀਤੇ। ਸਾਨੂੰ ਤਿਆਗ ਤੇ ਕੁਰਬਾਨੀ ਦੇ ਪੱਥਰਾਂ ਦੀ ਜਰੂਰਤ ਹੈ। ਉਹ ਕੁੱਝ ਚਿਰ ਰੁਕ ਕੇ ਬੋਲਿਆ ........... ਤਿਆਗ ਤੇ ਕੁਰਬਾਨੀ ਦੇ ਵੀ ਦੋ ਰੂਪ ਹਨ। ਇੱਕ ਹੈ ਸੀਨੇ ਵਿੱਚ ਗੋਲੀ ਖਾ ਕੇ ਜਾਂ ਫਾਂਸੀ ਚੜ ਕੇ ਮਰਨਾ। ਇਸ ਵਿੱਚ ਚਮਕ-ਦਮਕ ਜਿਆਦਾ ਹੈ। ਪਰ ਤਕਲੀਫ ਘੱਟ। ਦੂਸਰਾ ਹੈ ਪਿੱਛੇ ਰਹਿਕੇ ਸਾਰੀ ਜਿੰਦਗੀ ਇਮਾਰਤ ਦਾ ਬੋਝ ਢੋਂਦੇ ਰਹਿਣਾ। ਸੰਘਰਸ਼ ਦੇ ਉਤਾਰਾਂ ਚੜਾਵਾਂ ਵਿੱਚ, ਕਸੂਤੀਆਂ ਹਾਲਤਾਂ ਵਿੱਚ ਕਦੇ ਅਜਿਹੇ ਪਲ ਵੀ ਆਉਂਦੇ ਹਨ : ਜਦ ਇੱਕ ਇੱਕ ਕਰਕੇ ਸਾਰੇ ਹਮਸਫਰ ਸਾਥ ਛੱਡ ਜਾਂਦੇ ਹਨ। ਅਜਿਹੇ ਪਲਾਂ ਵਿੱਚ ਹੌਸਲਾ ਨਾ ਹਾਰਕੇ, ਜਿਹੜੇ ਲੋਕ ਆਪਣਾ ਰਾਹ ਨਹੀਂ ਛੱਡਦੇ, ਇਮਾਰਤ ਦੇ ਬੋਝ ਨਾਲ ਪੈਰ ਨਹੀਂ ਡਗਮਗਾਉਂਦੇ, ਮੋਢੇ ਨਹੀਂ ਝੁਕਦੇ, ਜੋ ਪੋਟੇ ਪੋਟੇ ਕਰਕੇ ਆਪਣੇ ਆਪ ਨੂੰ ਇਸ ਲਈ ਗਾਲਦੇ ਰਹਿੰਦੇ ਹਨ, ਇਸ ਲਈ ਜਲਾਉਂਦੇ ਰਹਿੰਦੇ ਹਨ ਕਿ ਦੀਵੇ ਦੀ ਲੋਅ ਮੱਧਮ ਨਾ ਪੈ ਜਾਵੇ। ਸੁੰਨਸਾਨ ਡੰਡੀ ਤੇ ਹਨੇਰਾ ਨਾ ਪਸਰ ਜਾਵੇ, ਅਜਿਹੇ ਲੋਕਾ ਦੀ ਕੁਰਬਾਨੀ ਪਹਿਲੇ ਵਾਲੇ ਲੋਕਾਂ ਨਾਲੋਂ ਕਿਤੇ ਜਿਆਦਾ ਹੈ। ਸੱਚੀਮੁੱਚੀ ਇਨਕਲਾਬ ਦਾ ਕਠਿਨ ਕਾਰਜ, ਲੰਮਾ ਪੈਂਡਾ ਜਿਉਣ ਜੋਗੇ ਸਮਾਜ ਦੀ ਉਸਾਰੀ ਦੀ ਮੁੱਢਲੀ ਸ਼ਰਤ ਹੈ ।’’

ਜੇ ਅੋਰ ਬਾਤ ਹੈ ਕਿ ਆਂਧੀ ਹਮਾਰੇ ਬਸ ਮੇ ਨਹੀਂ (ਫਿਲਹਾਲ)
ਮਗਰ ਚਿਰਾਗ ਜਲਾਨਾ ਤੋਂ ਅਖਤਿਆਰ ਮੇਂ ਹੋ ।


Comments

sucha singh nar

ਕੰਵਲਜੀਤ ਖੰਨਾ ਜੀ ਦਾ ਇਹ ਲੇਖ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਇੱਕ ਸੱਚੀ ਸ਼ਰਧਾਂਜ਼ਲੀ ਹੈ। ਇਹ ਉਹਨਾਂ ਸ਼ਹੀਦਾਂ ਦਾ ਅਧੂਰਾ ਕੰਮ ਇਨਕਲਾਬੀ ਲੋਕ ਹੀ ਪੂਰਾ ਕਰਨਗੇ ਕੋਈ ਹੋਰ ਸਾਮਰਾਜੀ ਪਾਰਟੀਆਂ ਤੋਂ ਨਾ ਹੀ ਆਸ ਰੱਖੀ ਜਾ ਸਕਦੀ ਹੈ 'ਤੇ ਨਾ ਹੀ ਉਹਨੀਂ ਕਰਨਾ ਹੈ। ਇੱਕ ਨਾਟਕ ਦੇ ਤੌਰ 'ਤੇ ਹੀ ਉਹ ਸ਼ਹੀਦ ਭਗਤ ਸਿੰਘ ਜੀ ਅਤੇ ਬਾਕੀ ਸ਼ਹੀਦਾਂ ਨੂੰ ਆਪਣੇ ਵਲੋਂ ਸ਼ਰਧਾਂਜ਼ਲੀ ਦਿੰਦੇ ਹਨ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ