Thu, 12 September 2024
Your Visitor Number :-   7220810
SuhisaverSuhisaver Suhisaver

ਮਸਲਾ ਧਾਰਾ 25 ਦਾ - ਹਜ਼ਾਰਾ ਸਿੰਘ

Posted on:- 01-01-2015

ਧਾਰਾ 25 ਸੋਧੇ ਜਾਣ ਦੀ ਮੰਗ ਇੱਕ ਵਾਰ ਫਿਰ ਜ਼ੋਰ ਫੜ੍ਹ ਚੁੱਕੀ ਹੈ। ਪਿਛਲੇ ਤੀਹ ਸਾਲਾਂ ਦੌਰਾਨ ਇਹ ਮਸਲਾ ਕਈ ਵਾਰ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ ਪਰ ਗੱਲ ਕਦੇ ਕਿਸੇ ਕਿਨਾਰੇ ਨਹੀ ਲੱਗੀ। ਮਸਲਾ ਸੁਲਝਣਾ ਤਾਂ ਇੱਕ ਪਾਸੇ, ਇਸ ਲੰਮੇ ਅਰਸੇ ਦੌਰਾਨ ਇਹ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀ ਹੋਇਆ ਕਿ ਆਖਿਰ ਧਾਰਾ 25 ਹੈ ਕੀ?ਹੋਰ ਸਵਾਲ, ਜਿਵੇਂ ਕਿ ਕੀ ਧਾਰਾ 25 ਵਿੱਚ ਮੰਗੀ ਗਈ ਸੋਧ ਨਾਲ ਸਿੱਖਾਂ ਦੀ ਤਸੱਲੀ ਹੋ ਜਾਏਗੀ? ਕੀ ਧਾਰਾ 25 ਵਿੱਚ ਕੀਤੀ ਜਾਣ ਵਾਲੀ ਸੋਧ ਨਾਲ ਸਿੱਖ ਧਰਮ ਦੀ ਵੱਖਰੀ ਹਸਤੀ ਕਾਇਮ ਹੋ ਵੀ ਜਾਏਗੀ ਜਾਂ ਨਹੀ?ਇਸ ਧਾਰਾ ਵਿੱਚ ਪ੍ਰਸਤਾਵਿਤ ਸੋਧ ਦੇ ਸਿੱਖਾਂ ਉੱਪਰ ਚੰਗੇ ਜਾਂ ਮਾੜੇ ਕੀ ਅਸਰ ਹੋਣਗੇ? ਆਦਿ ਬਾਰੇ ਵੀ ਆਮ ਲੋਕਾਂ ਨੂੰ ਕੋਈ ਸਪੱਸ਼ਟ ਜਾਣਕਾਰੀ ਨਹੀ ਮਿਲੀ। ਪਿਛਲੇ ਤੀਹ ਸਾਲਾਂ ਦੌਰਾਨ ਇਸ ਮਸਲੇ ਬਾਰੇ ਕੁਝ ਸਪੱਸ਼ਟ ਹੋਣ ਦੀ ਥਾਂ ਕਈ ਨਿਰਮੂਲ ਧਾਰਨਾਵਾਂ ਪ੍ਰਚਲਿਤ ਹੋ ਗਈਆਂ ਹਨ।ਜਿਵੇਂ ਕਿ, ਧਾਰਾ 25 ਵਿੱਚ ਤਾਂ ਸਿੱਖਾਂ ਨੂੰ ਸਿੱਖ ਮੰਨਿਆ ਹੀ ਨਹੀ ਗਿਆ, ਧਾਰਾ 25 ਤਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਐਲਾਨਦੀ ਹੈ, ਇਹ ਧਾਰਾ ਸਿੱਖ ਧਰਮ ਦੀ ਅੱਡਰੀ ਹੋਂਦ ਨੂੰ ਨਹੀ ਮੰਨਦੀ, ਇਸ ਧਾਰਾ ਰਾਹੀਂ ਸਿੱਖਾਂ ਨੂੰ ਹਿੰਦੂ ਬਣਾਇਆ ਗਿਆ ਹੈ, ਇਸ ਧਾਰਾ ਰਾਹੀਂ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਨੂੜਿਆ ਗਿਆ ਹੈ, ਆਦਿ।

ਪਰ ਇਸ ਧਾਰਾ ਵਿੱਚ ਐਸਾ ਕੁਝ ਵੀ ਨਹੀ ਹੈ। ਇਹ ਗਲਤ ਫਹਿਮੀਆਂ ਪੈਦਾ ਹੋਣ ਦਾ ਮੂਲ ਕਾਰਨ ਇਹ ਹੈ ਕਿ ਬਹੁਤੇ ਸਿੱਖ ਆਗੂਆਂ ਸਮੇਤ ਆਮ ਸਿੱਖਾਂ ਨੇ ਵੀ ਇਹ ਧਾਰਾ ਧਿਆਨ ਨਾਲ ਨਹੀਂ ਪੜ੍ਹੀ। ਆਓ ਇਸ ਧਾਰਾ ਨਾਲ ਜੁੜੇ ਵੱਖ ਵੱਖ ਮੁੱਦਿਆਂ ਅਤੇ ਸਵਾਲਾਂ ਬਾਰੇ ਵਿਚਾਰ ਕਰੀਏ।

(1)    ਪਿਛੋਕੜ: ਸ਼ੋਮਣੀ ਅਕਾਲੀ ਦਲ ਸਿੱਖਾਂ ਦੀਆਂ ਧਾਰਮਿਕ ਮੰਗਾਂ ਤਾਂ ਸ਼ੁਰੂ ਤੋਂ ਹੀ ਉਠਾਉਂਦਾ ਆ ਰਿਹਾ ਸੀ ਅਤੇ ਅਗਸਤ, 1982 ਨੂੰ ਲਗਾਏ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਵਿੱਚ ਕੁੱਝ ਧਾਰਮਿਕ ਮੰਗਾਂ, ਜਿਵੇਂ ਅੀਮ੍ਰਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿਵਾਉਣਾ, ਆਲ ਇੰਡੀਆ ਗੁਰਦੁਆਰਾ ਐਕਟ ਬਣਾਵਾਉਣਾ, ਗੁਰਬਾਣੀ ਦੇ ਪ੍ਰਸਾਰਨ ਲਈ ਟਰਾਂਸਮਿਟਰ ਲਗਵਾਉਣਾ ਆਦਿ, ਤਾਂ ਸ਼ਾਮਿਲ ਸਨ ਪਰ ਜਨਵਰੀ 1984 ਤੱਕ ਧਾਰਾ 25 ਵਿੱਚ ਸੋਧ ਕਰਾਏ ਜਾਣ ਦੀ ਮੰਗ ਬਾਰੇ ਕਿਸੇ ਨੇ ਨਹੀ ਸੀ ਸੁਣਿਆ। ਮੋਰਚਾ ਸ਼ੁਰੂ ਹੋਣ ਤੋਂ ਕੋਈ ਡੇਢ ਸਾਲ ਬਾਅਦ ਅਚਾਨਕ ਹੀ ਜਨਵਰੀ, 1984 ਦੇ ਆਖਰੀ ਹਫਤੇ ਇਸ ਮੰਗ ਨੂੰ ਇੰਜ ਉਭਾਰਿਆ ਗਿਆ ਜਿਵੇਂ ਅਸਲ ਮਸਲੇ ਦੀ ਜੜ੍ਹ ਹੀ ਧਾਰਾ 25 ਹੋਏ ਅਤੇ ਸਿੱਖਾਂ ਦੀ ਪ੍ਰਮੁੱਖ ਮੰਗ ਧਾਰਾ 25 ਵਿੱਚ ਸੋਧ ਕਰਵਾਉਣਾ ਹੀ ਹੋਏ। 27 ਜਨਵਰੀ, 1984 ਨੂੰ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਧਾਰਾ 25 ਵਿੱਚ ਸੋਧ ਕਰਨ ਲਈ ਇੱਕ ਮਹੀਨੇ ਦਾ ਅਲਟੀਮੇਟਮ ਦੇ ਦਿੱਤਾ ਅਤੇ ਸੋਧ ਨਾਂ ਕੀਤੇ ਜਾਣ ਦੀ ਸੂਰਤ ਵਿੱਚ ਇਸ ਧਾਰਾ ਨੂੰ ਸਾੜਨ ਦਾ ਐਲਾਨ ਵੀ ਕਰ ਦਿੱਤਾ। ਮਹੀਨੇ ਬਾਅਦ ਕੋਈ ਸੋਧ ਨਾਂ ਹੋਣ ਤੇ 28 ਫਰਵਰੀ, 1984 ਨੂੰ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਜਾ ਕੇ ਧਾਰਾ 25 ਸਾੜ ਦਿੱਤੀ ਅਤੇ ਉਸੇ ਦਿਨ ਚੰਡੀਗੜ ਵਿਖੇ ਇਕੱਠੇ ਹੋ ਕੇ ਅਕਾਲੀ ਲੀਡਰਾਂ, ਜ੍ਹਿਨ੍ਹਾਂ ਵਿੱਚ ਜਥੇਦਾਰ ਟੌਹੜਾ, ਸ੍ਰ: ਬਰਨਾਲਾ, ਸ੍ਰ: ਰਾਮੂੰਵਾਲੀਆ ਅਤੇ ਸ੍ਰ: ਚੀਮਾ ਸ਼ਾਮਿਲ ਸਨ, ਨੇ ਇਸ ਧਾਰਾ ਵਿੱਚੋਂ ‘ਸਿੱਖ’ ਸ਼ਬਦ ਪਾੜ ਦਿੱਤਾ। ਇਨ੍ਹਾਂ ਸਾਰੇ ਲੀਡਰਾਂ ਨੂੰ ਸੰਵਿਧਾਨ ਸਾੜਨ/ ਪਾੜਨ ਦੇ ਗੰਭੀਰ ਅਪਰਾਧ ਆਧੀਨ ਕੇਸ ਬਣਾਕੇ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਵਿੱਚ ਇਹ ਕੇਸ ਰਫਾ ਦਫਾ ਹੋ ਗਏ।

(2)    
ਧਾਰਾ 25 ਨੂੰ ਸਾੜਨ ਵਾਲਾ ਪ੍ਰੋਗਰਾਮ ਦੇਣ ਪਿੱਛੇ ਵੀ ਅਕਾਲੀ ਦਲ ਦੀ ਸਿਆਸੀ ਮਜ਼ਬੂਰੀ ਸੀ। ਅਕਾਲੀ ਦਲ ਮੋਰਚੇ ਉੱਪਰ ਢਿੱਲੀ ਪੈਂਦੀ ਜਾ ਰਹੀ ਪਕੜ ਨੂੰ ਮਜ਼ਬੂਤ ਕਰਨ ਲਈ ਸਿੱਖ ਜਜ਼ਬਾਤਾਂ ਦੇ ਹਾਣ ਦਾ ਕੋਈ ‘ਗਰਮ’ ਪ੍ਰੋਗਰਾਮ ਦੇਣ ਦਾ ਐਲਾਨ ਕਰ ਚੁੱਕਿਆ ਸੀ। ਐਲਾਨ ਇਹ ਸੀ ਕਿ ਜੇਕਰ 26 ਜਨਵਰੀ, 1984 ਤੱਕ ਮੰਗਾਂ ਨਾਂ ਮੰਨੀਆਂ (ਜਿਨ੍ਹਾਂ ਵਿੱਚ ਧਾਰਾ 25 ਸੋਧੇ ਜਾਣ ਦੀ ਮੰਗ ਸ਼ਾਮਿਲ ਨਹੀ ਸੀ )ਤਾਂ ਪੰਥ ਨੂੰ ਕੋਈ ‘ਇਨਕਲਾਬੀ’ ਪ੍ਰੋਗਰਾਮ ਦਿੱਤਾ ਜਾਏਗਾ। ਜਦ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਹੋਰ ਕੋਈ ‘ਇਨਕਲਾਬੀ’ ਪ੍ਰੋਗਰਾਮ ਨਾਂ ਔੜਨ ਕਾਰਨ ਮਦਾਰੀ ਦੇ ਗੁਥਲੇ ਚੋਂ ਕਬੂਤਰ ਕੱਢਣ ਵਾਂਗ ਅਕਾਲੀ ਦਲ ਨੂੰ ਧਾਰਾ 25 ਵਿੱਚ ਸੋਧ ਕਰਵਾਉਣ ਦੀ ਮੰਗ ਦਾ ਫੁਰਨਾ ਫੁਰਿਆ। ਇਸ ਤਰ੍ਹਾਂ 1984 ਵਿੱਚ ਉਠਾਈ ਗਈ ਇਹ ਮੰਗ ਅਕਾਲੀ ਦਲ ਦੀ ਸਿੱਖ ਸੰਘਰਸ਼ ਉੱਪਰ ਕਮਜ਼ੋਰ ਪੈ ਰਹੀ ਪਕੜ ਨੂੰ ਤਕੜਿਆਂ ਕਰਨ ਲਈ ਕੀਤੇ ਜਾਣ ਵਾਲੇ ਓਹੜ ਪੋਹੜ ਤੋਂ ਵੱਧ ਕੁੱਝ ਵੀ ਨਹੀ ਸੀ। ਅਕਾਲੀਆਂ ਨੇ ਨਾਂ ਤਾਂ ਕਦੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਸੀ ਅਤੇ ਨਾਂ ਉਹ ਇਸ ਬਾਰੇ ਗੰਭੀਰ ਸਨ। ਇਹੋ ਹੀ ਕਾਰਨ ਸੀ ਕਿ ਨਾਂ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਵੇਲੇ ਇਸ ਦਾ ਕੋਈ ਜਿ਼ਕਰ ਹੋਇਆ ਅਤੇ ਨਾਂ ਹੀ ਸ੍ਰ: ਬਾਦਲ ਨੇ ਪਿਛਲੇ ਵੀਹ ਸਾਲਾਂ ਦੌਰਾਨ ਇਸ ਮੰਗ ਪ੍ਰਥਾਏ ਕੋਈ ਯਤਨ ਕੀਤੇ।

(3)    ਕੀ ਹੈ ਧਾਰਾ 25: ਭਾਰਤੀ ਸੰਵਿਧਾਨ ਦੀ ਧਾਰਾ 25 ਇਸ ਪ੍ਰਕਾਰ ਹੈ:
(4)   

“25: ਜ਼ਮੀਰ (ਆਤਮਾ) ਅਤੇ ਧਰਮ ਨੂੰ ਖੁਲ੍ਹੇਆਮ ਅਪਣਾਉਣ, ਮੰਨਣ, ਅਤੇ ਪ੍ਰਚਾਰਨ ਦੀ ਆਜ਼ਾਦੀ:-

(1) ਜਨਤਕ ਵਿਵਸਥਾ, ਨੈਤਿਕਤਾ (ਸਦਾਚਾਰ) ਅਤੇ ਸਿਹਤ ਅਤੇ ਇਸ ਦੀਆਂ ਹੋਰ ਧਾਰਾਵਾਂ ਦੇ ਆਧੀਨ ਰਹਿੰਦੇ ਹੋਏ, ਸਾਰੇ ਵਿਅਕਤੀਆਂ ਨੂੰ ਜ਼ਮੀਰ ਦੀ ਆਜ਼ਾਦੀ ਅਤੇ ਖੁਲੇ੍ਹਆਮ ਧਰਮ ਅਪਣਾਉਣ , ਮੰਨਣ ਅਤੇ ਪ੍ਰਚਾਰਨ ਦਾ ਬਰਾਬਰ ਹੱਕ ਹੋਏਗਾ।

(2) ਵਿਧਾਨ ਦੀ ਇਸ ਧਾਰਾ ਦੀ ਕੋਈ ਗੱਲ ਕਿਸੇ ਮੌਜੂਦਾ ਕਾਨੂੰਨ ਦੀ ਕ੍ਰਿਆ ਨੂੰ ਪ੍ਰਭਾਵਿਤ ਨਹੀਂ ਕਰੇਗੀ ਜਾਂ ਸਰਕਾਰ ਨੰ  ਕੋਈ ਐਸਾ ਕਾਨੂੰਨ ਬਣਾਉਣ ਤੋਂ ਨਹੀਂ ਰੋਕੇਗੀ ਜੋ ਕਿ:

(ਏ) ਧਰਮ ਨੂੰ ਮੰਨਣ ਨਾਲ ਸੰਬੰਧਿਤ ਕਿਸੇ ਆਰਥਿਕ, ਵਿੱਤੀ, ਰਾਜਨੀਤਕ ਜਾਂ ਹੋਰ ਧਰਮ ਨਿਰਪੱਖ ਸਰਗਰਮੀ ਨੂੰ ਨਿਯੰਤ੍ਰਿਤ ਜਾਂ ਸੀਮਿਤ ਕਰਨ ਸੰਬੰਧੀ ਹੋਏ;
(ਬੀ)ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਹਿੰਦੂਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਹੋਏ।

ਵਿਆਖਿਆ 1 ਕ੍ਰਿਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।

ਵਿਆਖਿਆ 2 ਭਾਗ (2) ਦੇ ਉਪਭਾਗ (ਬੀ) ਵਿੱਚ ਹਿੰਦੂਆਂ ਪ੍ਰਤੀ ਹਵਾਲੇ ਦਾ ਜੋ ਅਰਥ ਸਮਝਿਆ ਜਾਏਗਾ ਉਸ ਵਿੱਚ ਸਿੱਖ, ਜੈਨ ਜਾਂ ਬੋਧੀ ਧਰਮ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਹਵਾਲਾ ਵੀ ਸ਼ਾਮਿਲ ਹੋਏਗਾ ਅਤੇ ਹਿੰਦੂ ਧਾਰਮਿਕ ਸੰਸਥਾਵਾਂ ਸੰਬੰਧੀ ਹਵਾਲੇ ਨੂੰ ਵੀ ਇਸੇ ਅਨੁਸਾਰ ਹੀ ਸਮਝਿਆ ਜਾਏਗਾ।”

ਹੁਣ ਵੇਖੋ, ਇਸ ਧਾਰਾ ਵਿੱਚ ਕਿਤੇ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਨਹੀਂ ਐਲਾਨਿਆ ਗਿਆ। ਕਿਤੇ ਵੀ ਸਿੱਖਾਂ ਉੱਪਰ ਹਿੰਦੂ ਰਹੁਰੀਤਾਂ ਨਹੀ ਥੋਪੀਆਂ ਗਈਆਂ। ਇਸ ਧਾਰਾ ਵਿੱਚ ਤਾਂ ਸਿੱਖਾਂ ਨੂੰ ਕ੍ਰਿਪਾਨ ਨਹੀਂ ਸਗੋਂ ‘ਕ੍ਰਿਪਾਨਾਂ’ ਪਹਿਨਣ ਅਤੇ ਰੱਖਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਇਸ ਮਕਸਦ ਨੂੰ ਪੂਰੀ ਤਰਾਂ ਸਪੱਸ਼ਟ ਕਰਨ ਲਈ ਕੇਵਲ ਅਤੇ ਕੇਵਲ ਸਿੱਖਾਂ ਵਾਸਤੇ ਵਿਆਖਿਆ 1 ਅਲੱਗ ਤੌਰ ਤੇ ਸ਼ਾਮਿਲ ਕੀਤੀ ਗਈ ਹੈ ਤਾਂ ਜੋ ਕਿਸੇ ਕਿਸਮ ਦਾ ਭੁਲੇਖਾ ਨਾਂ ਰਹਿ ਜਾਏ। ਕੀ ਸਿੱਖਾਂ ਨੂੰ ਸਿੱਖ ਮੰਨੇ ਜਾਣ ਵਿੱਚ ਅਜੇ ਕੋਈ ਕਸਰ ਬਾਕੀ ਰਹਿ ਗਈ ਹੈ ? ਸਿੱਖਾਂ ਬਾਰੇ ਐਸੀ ਸਪੱਸ਼ਟ ਅਬਾਰਤ ਕਿਸੇ ਵੀ ਹੋਰ ਦੇਸ਼ ਦੇ ਸੰਵਿਧਾਨ ਵਿੱਚ ਨਹੀ ਮਿਲਦੀ। ਕੈਨੇਡਾ, ਅਮ੍ਰੀਕਾ ਵਰਗੇ ਦੇਸ਼ਾਂ ਵਿੱਚ ਕਿਰਪਾਨ ਦੇ ਹੱਕ ਲਈ ਸਿੱਖਾਂ ਨੂੰ ਕਈ ਵਾਰ ਅਦਾਲਤਾਂ ਵਿੱਚ ਜਾਣਾ ਪਿਆ ਹੈ। ਅਦਾਲਤੀ ਕੇਸ ਜਿੱਤਣ ਦੇ ਬਾਅਦ ਵੀ ਸਰਕਾਰਾਂ ਨੇ ਕੋਈ ਐਸਾ ਕਾਨੂੰਨ ਨਹੀ ਬਣਾਇਆ ਜੋ ਸਾਰੇ ਦੇਸ਼ ਵਿੱਚ ਸਾਰੇ ਹਰ ਥਾਂ ਲਾਗੂ ਹੋਏ। ਨਤੀਜੇ ਵਜੋਂ ਕਿਤੇ ਨਾਂ ਕਿਤੇ ਕੋਈ ਮਸਲਾ ਖੜ੍ਹਾ ਹੀ ਰਹਿੰਦਾ ਹੈ।

ਹੁਣ ਆਉਂਦੇ ਹਾਂ ਵਿਆਖਿਆ 2 ਭਾਗ (2) ਦੇ ਉਪਭਾਗ (ਬੀ) ਵੱਲ। ਇੱਥੇ ਵੀ ਸਿੱਖ ਧਰਮ ਦਾ ਜਿ਼ਕਰ ਅਲੱਗ ਤੌਰ ਕੀਤਾ ਗਿਆ ਹੈ। ਭਾਵ ਕਿ ਸਿੱਖਾਂ ਨੂੰ ਸਿੱਖ ਮੰਨਿਆਂ ਗਿਆ ਹੈ । ਸੋ, ਇਹ ਸਵਾਲ ਕਿ ਧਾਰਾ 25 ਸਿੱਖਾਂ ਨੂੰ ਸਿੱਖ ਮੰਨਦੀ ਹੈ ਜਾਂ ਨਹੀਂ ਤਾਂ ਸੌਖਿਆਂ ਹੀ ਹੱਲ ਹੋ ਜਾਂਦਾ ਕਿ ਧਾਰਾ 25 ਸਿੱਖਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਸਿੱਖ ਮੰਨਦੀ ਹੈ।

ਅਸਲ ਮਸਲੇ ਦੀ ਜੜ੍ਹ ਇਹ ਹੈ ਕਿ ਇੱਥੇ ਆ ਕੇ ਸਿੱਖ ਆਗੂ ਅਤੇ ਬੁੱਧੀਜੀਵੀ ਆਪਣਾ ਸਵਾਲ ਬਦਲ ਲੈਂਦੇ ਹਨ। ਇੱਥੇ ਆ ਕੇ ਉਹ ਆਖਣਾ ਸ਼ੂਰੁ ਕਰ ਦਿੰਦੇ ਹਨ ਕਿ ਨਹੀਂ ਜੀ ਨਹੀਂ, ਅਸਲ ਮਸਲਾ ਸਿੱਖਾਂ ਨੂੰ ਸਿੱਖ ਮੰਨਣ ਜਾਂ ਨਾਂ ਮੰਨਣ ਦਾ ਨਹੀਂ ਹੈ ਅਸਲ ਮਸਲਾ ਤਾਂ ਭਾਗ (2) ਦੇ ਉਪਭਾਗ (ਬੀ) ਦੀ ਵਿਆਖਿਆ 2 ਵਿੱਚ ਸਿੱਖਾਂ ਨੂੰ ਹਿੰਦੂਆਂ ਨਾਲ ਜੋੜੇ ਜਾਣ ਦਾ ਹੈ। ਸਿੱਖ ਆਗੂ ਇਸ ਵਿਆਖਿਆ ਰਾਹੀਂ ਸਿੱਖਾਂ ਨੂੰ ਹਿੰਦੂਆਂ ਨਾਲ ਜ਼ਬਰੀ ਨੱਥੀ ਕੀਤੇ ਜਾਣਾ ਆਖਕੇ ਧਾਰਾ ਵਿੱਚ ਸੋਧ ਦੀ ਮੰਗ ਕਰਦੇ ਹਨ। ਪਰ ਉਹ ਇਹ ਬਿਲਕੁਲ ਨਹੀਂ ਦੱਸਦੇ ਕਿ ਧਾਰਾ 25 ਦੇ ਭਾਗ (2) ਦੇ ਉਪਭਾਗ (ਬੀ) ਦੀ ਵਿਆਖਿਆ 2 ਵਿੱਚ ਮੰਗੀ ਜਾ ਰਹੀ ਸੋਧ ਸਿੱਖ ਧਰਮ ਦੀ ਵੱਖਰੀ ਪਹਿਚਾਣ ਬਹਾਲ ਕਰਨ ਵਿੱਚ ਕਿਵੇਂ ਸਹਾਈ ਹੋਏਗੀ ? ਧਾਰਾ ਦੇ ਇਸ ਭਾਗ (2)( ਬੀ) ਦਾ ਤੱਤਸਾਰ ਇਹ ਹੈ ਕਿ ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ, ਸਿੱਖ, ਬੋਧੀ ਜਾਂ ਜੈਨੀ ਧਾਰਮਿਕ ਸੰਸਥਾਵਾਂ ਨੂੰ ਕ੍ਰਮਵਾਰ ਹਿੰਦੂਆਂ, ਸਿੱਖਾਂ, ਬੋਧੀਆਂ ਜਾਂ ਜੈਨੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਕਾਨੂੰਨ ਬਣਾਉਣ ਦਾ ਹੱਕ ਸਰਕਾਰ ਕੋਲ ਹੋਏਗਾ। ਕਿਉਂਕਿ ਸਿੱਖ ਧਰਮ ਦੇ ਅਸਥਾਨ ਤਾਂ ਪਹਿਲਾਂ ਹੀ ਸਮਾਜਿਕ ਭਲਾਈ ਅਤੇ ਸੁਧਾਰ ਦੇ ਸਿਧਾਂਤਾਂ ਨੂੰ ਮੁੱਖ ਰੱਖਕੇ ਬਣਾਏ ਗਏ ਹਨ ਅਤੇ ਸਭ ਲਈ ਇੱਕ ਬਰਾਬਰ ਪਹਿਲਾਂ ਹੀ ਖੁਲ੍ਹੇ ਹਨ ਜਾਂ ਇੰਜ ਕਹਿ ਲਓ ਕਿ ਸਿੱਖ ਧਰਮ ਵਿੱਚ ਤਾਂ ਇਹ ਮੱਦ ਆਪਣੇ ਆਪ ਪਹਿਲਾਂ ਹੀ ਲਾਗੂ ਹੈ। ਇਸ ਕਰਕੇ ਧਾਰਾ ਦੇ ਇਸ ਭਾਗ ਆਧੀਨ ਸਰਕਾਰ ਨੂੰ ਹੋਰ ਕਾਨੂੰਨ ਬਣਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਪਵੇਗੀ। ਇਸ ਤਰ੍ਹਾਂ ਧਾਰਾ 25 ਦਾ ਇਹ ਭਾਗ ਸਿੱਖਾਂ ਵਾਸਤੇ ਉਤਨਾਂ ਚਿਰ ਬੇਲੋੜਾ ਅਤੇ ਅਣਵਰਤਿਆ ਹੀ ਪਿਆ ਰਹੇਗਾ ਜਿਤਨਾ ਚਿਰ ਸਿੱਖ ਸੰਸਥਾਵਾਂ (ਪ੍ਰਮੱਖ ਤੌਰ ਤੇ ਗੁਰਦੁਆਰੇ) ਸਿੱਖ ਸਿਧਾਤਾਂ ਅਤੇ ਲੋਕ ਭਲਾਈ ਦੇ ਆਸ਼ੇ ਅਨੁਸਾਰ ਸਭ ਲਈ ਬਰਾਬਰ ਖੁਲ੍ਹੇ ਰਹਿਣਗੇ।

(3) ਕੀ ਸੋਧ ਕਰਨ ਨੂੰ ਕਿਹਾ ਜਾ ਰਿਹਾ ਹੈ: ਸਿੱਖ ਆਗੂ ਵੈਂਕਟ ਚਲਈਆ ਕਮਿਸ਼ਨ ਵੱਲੋਂ ਦਿੱਤੇ ਸੁਝਾ ਅਨੁਸਾਰ ਮੰਗ ਕਰ ਰਹੇ ਹਨ ਕਿ ਧਾਰਾ 25 ਦੇ ਭਾਗ (2 ਬੀ) ਦੀ ਵਿਆਖਿਆ ਖਤਮ ਕਰ ਦਿੱਤੀ ਜਾਏ ਅਤੇ ਭਾਗ (2ਬੀ) ਨੂੰ ਸੋਧ ਕੇ ਦੁਬਾਰਾ ਲਿਖਿਆ ਜਾਏ। ਜਿਸਦਾ ਭਾਵ ਇਹ ਬਣਦਾ ਹੈ ਕਿ ਧਾਰਾ 25 ਦੇ ਇਸ ਭਾਗ ,
“(ਬੀ)ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ ਧਾਰਮਿਕ ਸੰਸਥਾਵਾਂ ਨੂੰ ਹਿੰਦੂਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਹੋਏ।

ਵਿਆਖਿਆ 1 ਕ੍ਰਿਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।

ਵਿਆਖਿਆ 2 ਭਾਗ (2) ਦੇ ਉਪਭਾਗ (ਬੀ) ਵਿੱਚ ਹਿੰਦੂਆਂ ਪ੍ਰਤੀ ਹਵਾਲੇ ਦਾ ਜੋ ਅਰਥ ਸਮਝਿਆ ਜਾਏਗਾ ਉਸ ਵਿੱਚ ਸਿੱਖ, ਜੈਨ ਜਾਂ ਬੋਧੀ ਧਰਮ ਨੂੰ ਮੰਨਣ ਵਾਲੇ ਵਿਅਕਤੀਆਂ ਦਾ ਹਵਾਲਾ ਵੀ ਸ਼ਾਮਿਲ ਹੋਏਗਾ ਅਤੇ ਹਿੰਦੂ ਧਾਰਮਿਕ ਸੰਸਥਾਵਾਂ ਸੰਬੰਧੀ ਹਵਾਲੇ ਨੂੰ ਵੀ ਇਸੇ ਅਨੁਸਾਰ ਹੀ ਸਮਝਿਆ ਜਾਏਗਾ।” , ਨੂੰ ਸੋਧ ਕੇ ਇਸ ਤਰ੍ਹਾਂ ਲਿਖਿਆ ਜਾਏ,

“(ਬੀ)ਸਮਾਜਿਕ ਭਲਾਈ ਅਤੇ ਸੁਧਾਰ ਵਾਸਤੇ ਜਾਂ ਜਨਤਕ ਕਿਸਮ ਦੀਆਂ ਹਿੰਦੂ,ਸਿੱਖ, ਬੋਧੀ ਜਾਂ ਜੈਨੀ ਧਾਰਮਿਕ ਸੰਸਥਾਵਾਂ ਨੂੰ ਕਰਮਵਾਰ ਹਿੰਦੂਆਂ , ਸਿੱਖਾਂ, ਬੋਧੀਆਂ ਜਾਂ ਜੈਨੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਵਰਗਾਂ ਲਈ ਖੋਲ੍ਹਣ ਵਾਸਤੇ ਹੋਏ।

ਵਿਆਖਿਆ 1 ਕ੍ਰਿਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।”

ਇਸ ਤਰ੍ਹਾਂ ਕੁੱਝ ਕਾਮੇ ਪਾ ਕੇ ਲਿਖਣ ਨਾਲ ਇਸ ਧਾਰਾ ਦੇ ਤੱਤਸਾਰ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀ ਆਉਂਦੀ।

(5)    ਕੀ ਇਸ ਸੋਧ ਨਾਲ ਸਿੱਖਾਂ ਦੀ ਸੰਤੁਸ਼ਟੀ ਹੋ ਜਾਏਗੀ? ਕੀ ਇਸ ਸੋਧ ਨਾਲ ਸਿੱਖਾਂ ਦੀ ਤਸੱਲੀ ਅਨੁਸਾਰ ਸਿੱਖ ਧਰਮ ਦੀ ਆਜ਼ਾਦ ਹਸਤੀ ਬਹਾਲ ਹੋ ਜਾਏਗੀ ਅਤੇ ਗੱਲ ਮੁੱਕ ਜਾਏਗੀ? ਨਹੀਂ, ਗੱਲ ਫਿਰ ਵੀ ਨਹੀ ਮੁੱਕੇਗੀ। ਹੁਣ ਅਸਲ ਮਸਲਾ ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੇ ਜੂਲੇ ਹੇਠੋਂ ਕੱਢਣ ਦਾ ਬਣ ਜਾਏਗਾ। ਧਾਰਾ 25 ਵਿੱਚ ਕਰਵਾਈ ਸੋਧ ਕੀ ਮਤਲਬ ਰੱਖਦੀ ਹੈ ਜਦਕਿ ਬਾਕੀ ਦੇ ਹਿੰਦੂ ਕਾਨੂੰਨ ਜਿਵੇਂ ਹਿੰਦੂ ਮੈਰਿਜ ਐਕਟ, ਹਿੰਦੂ ਅਡਾਪਸ਼ਨ ਐਕਟ, ਹਿੰਦੂ ਵਿਰਾਸਤ ਐਕਟ, ਹਿੰਦੂ ਮਾਨਿਆਰਟੀ ਐਂਡ ਮੇਨਟੀਨੈਸ ਐਕਟ ਆਦਿ ਸਿੱਖਾਂ ਉੱਪਰ ਜਿਉਂ ਦੇ ਤਿਉਂ ਲਾਗੂ ਰਹਿੰਦੇ ਹਨ। ਇਸ ਦਾ ਹੱਲ ਇਹ ਸੁਝਾਇਆ ਜਾਏਗਾ ਕਿ ਬਾਕੀਆਂ ਵਾਂਗ ਸਿੱਖਾਂ ਵਾਸਤੇ ਵੀ ਵੱਖਰਾ ਸਿੱਖ ਪਰਸਨਲ ਲਾਅ ਬਣਾਇਆ ਜਾਵੇ।

(6)    ਮਸਲਾ ਸਿੱਖ ਪਰਸਨਲ ਲਾਅ ਦਾ :ਸਿੱਖ ਪਰਸਨਲ ਲਾਅ ਦੀ ਗੱਲ ਤਾਂ ਕਦੇ ਕਦਾਈਂ ਛਿੜਦੀ ਰਹਿੰਦੀ ਹੈ ਪਰ ਸਿੱਖ ਆਗੂ ਅਤੇ ਵਿਦਵਾਨ ਪਿਛਲੇ 60 ਸਾਲਾਂ ਵਿੱਚ ਇਹ ਤਹਿ ਨਹੀਂ ਕਰ ਸਕੇ ਕਿ ਸਿੱਖ ਪਰਸਨਲ ਲਾਅ ਵਿੱਚ ਆਖਰ ਹੋਵੇ ਕੀ। ਅਜੇ ਤੱਕ ਸਿੱਖ ਪਰਸਨਲ ਲਾਅ ਦਾ ਕੋਈ ਵੀ ਖਰੜਾ ਤਿਆਰ ਨਹੀਂ ਕੀਤਾ ਜਾ ਸਕਿਆ। ਸਿੱਖ ਪਰਸਨਲ ਲਾਅ ਦੇ ਖਰੜੇ ਦੀ ਤਿਆਰੀ ਅਤੇ ਫਿਰ ਉਸ ਬਾਰੇ ਸਭ ਦੀ ਸਹਿਮਤੀ ਬਣਾਉਣਾ ਕੋਈ ਸੌਖਾ ਕੰਮ ਨਹੀੰ ਹੈ। ਕੀ ਸਿੱਖ ਧਾਰਮਿਕ ਲੀਡਰਸਿ਼ੱਪ ਅਤੇ ਸਿੱਖ ਬੁੱਧੀਜੀਵੀ, ਜੋ ਪਿੱਛੇ ਜਿਹੇ ਇੱਕ ਮਾਮੂਲੀ ਨੁਕਤੇ ਕਿ ਸਿੱਖਾਂ ਵਿੱਚ ਤਲਾਕ ਹੈ ਜਾਂ ਨਹੀਂ ਵਿੱਚ ਹੀ ਉਲਝ ਗਏ ਸਨ, ਪੂਰੇ ਦੇ ਪੂਰੇ ਐਕਟ ਘੜਨ ਵਰਗੀਆਂ ਵਿਆਪਕ ਸੋਧਾਂ ਬਾਰੇ ਸੌਖਿਆਂ ਹੀ ਇੱਕ ਮੱਤ ਹੋ ਜਾਣਗੇ? ਆਨੰਦ ਮੈਰਿਜ ਐਕਟ ਦਾ ਤਜ਼ਰਬਾ ਹੀ ਦੇਖ ਲਓ, ਜਦ ਸਰਕਾਰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਖਰੜੇ ਉੱਪਰ ਵਿਚਾਰ ਕਰ ਰਹੀ ਸੀ ਤਾਂ ਸਿੱਖਾਂ ਦੇ ਵੱਖ ਵੱਖ ਹਲਕਿਆਂ ਵੱਲੋਂ ਇੱਕ ਦੇ ਮਗਰ ਦੂਸਰਾ ਖਰੜਾ ਪ੍ਰਗਟ ਕਰਨ ਦੀ ਦੌੜ ਲੱਗੀ ਗਈ ਸੀ। ਗੱਲ ਖਰੜੇ ਪੇਸ਼ ਕਰਨ ਤੱਕ ਹੀ ਸੀਮਿਤ ਨਹੀਂ ਸੀ ਰਹੀ, ਵੱਖ ਵੱਖ ਧਿਰਾਂ ਵੱਲੋਂ ਆਪਣੇ ਖਰੜੇ ਨੂੰ ਸਰਵੋਤਮ ਅਤੇ ਦੂਸਰਿਆਂ ਨੂੰ ਆਧੂਰੇ ਜਾਂ ਸਿੱਖ ਵਿਰੋਧੀ ਗਰਦਾਨਣ ਦੀ ‘ਖਰੜਾ ਸਿਆਸਤ’ ਵੀ ਚੱਲ ਪਈ ਸੀ। ਐਸੇ ਮਾਹੌਲ ਵਿੱਚ ਸਿੱਖ ਪਰਸਨਲ ਲਾਅ ਵਰਗੇ ਵਿਸ਼ਾਲ ਕਾਰਿਜ ਦੀ ਮੁਹਿੰਮ ਛੇੜਨਾ ਭੂੰਡਾਂ ਦਾ ਖੱਖਰ ਛੇੜਨ ਵਾਲੀ ਗੱਲ ਹੋਏਗੀ। ਸਿੱਖ ਐਕਟਾਂ ਦੇ ਖਰੜੇ ਘੜਨਾ ਤਾਂ ਬਹੁਤ ਵੱਡਾ ਕੰਮ ਹੈ, ਅਸੀਂ ਤਾਂ ਅਜੇ ਕੈਲੰਡਰ ਦੀ ਉਲਝਣ ਵਿੱਚੋਂ ਹੀ ਨਹੀਂ ਨਿਕਲ ਸਕੇ। ਕੈਲੰਡਰ ਦੀ ਉਲਝੀ ਤਾਣੀ ਕਾਰਨ ਹੀ ਪਾਕਿਸਤਾਨ ਜਾਣ ਵਾਲੇ ਯਾਤਰੀਆਂ ਨੂੰ ਵੀਜ਼ੇ ਦੀ ਮੁਸ਼ਕਿਲ ਆਈ ਸੀ। ਯਾਦ ਰਹੇ ਨਾਨਕਸ਼ਾਹੀ ਕੈਲੰਡਰ ਦਾ ਮਸਲਾ ਕਿਸੇ ਨੇ ਸਾਡੇ ਗਲ਼ ਨਹੀਂ ਸੀ ਮੜ੍ਹਿਆ ।ਸਿੱਖਾਂ ਨੇ ਆਪ ਹੀ ਸਹੇੜਿਆ ਸੀ ਜੋ ਕਿ ਅਜੇ ਤਾਂਈ ਸਾਡੇ ਮਾਨਸਿਕ ਗੁਣੀਏ ਵਿੱਚ ਨਹੀਂ ਆ ਰਿਹਾ। ਐਕਟਾਂ ਦੀਆਂ ਵਿਸਥਾਰਿਤ ਮੱਦਾਂ ਬਾਰੇ ਸਹਿਮਤੀ ਹੋਣੀ ਤਾਂ ਬਹੁਤ ਵੱਡੀ ਗੱਲ ਹੈ ਅਸੀਂ ਤਾਂ ਅਜੇ ਤਾਂਈ 1984 ਦੇ ਸ਼ਹੀਦਾਂ ਦੀ ਯਾਦਗਾਰ ਕਿਹੋ ਜਿਹੀ ਹੋਏ ਬਾਰੇ ਵੀ ਸਹਿਮਤ ਨਹੀ। ਕਹਿਣ ਨੂੰ ਜੋ ਮਰਜੀ ਕਹੀ ਜਾਈਏ ਅਜੇ ਤੱਕ ਅਸੀਂ ਮਸਲਿਆਂ ਬਾਰੇ ਇੱਕ ਰਾਇ ਹੋਣ ਦੀ ਕੋਈ ਯੋਗ ਵਿਵਸਥਾ ਬਹਾਲ ਹੀ ਨਹੀਂ ਹੋਣ ਦਿੱਤੀ। ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਸਾਡੀ ਪਹੁੰਚ ਟਾਲ ਮਟੋਲ, ਕੰਮ ਚਲਾਊ,ਵਕਤ ਟਪਾਉਣ ਜਾਂ ਫਿਰ ਧੱਕੇਸ਼ਾਹੀ ਵਾਲੀ ਹੀ ਰਹੀ ਹੈ। ਇਸੇ ਵਜ੍ਹਾ ਕਾਰਨ ਦਸਮ ਗ੍ਰੰਥ, ਰਾਗਮਾਲਾ, ਮਰਿਯਾਦਾ, ਸਹਿਜਧਾਰੀ ਆਦਿ ਮਸਲੇ ਚਿਰਾਂ ਤੋਂ ਅਣਸੁਲਝੇ ਹੀ ਪਏ ਹਨ। ਐਸੇ ਮਾਹੌਲ ਵਿੱਚ ਸਿੱਖ ਪਰਸਨਲ ਲਾਅ ਵਰਗੇ ਮਸਲੇ ਦੀ ਮੁਹਿੰਮ ਛੇੜਨਾ ਖਾਨਾਜੰਗੀ ਵਰਗੇ ਹਾਲਾਤਾਂ ਨੂੰ ਸੱਦਾ ਦੇਣ ਬਰਾਬਰ ਹੋਏਗਾ।

(6)ਸਿੱਖ ਆਗੂਆਂ ਅਤੇ ਬੁਧੀਜੀਵੀਆਂ ਦੇ ਧਿਆਨਯੋਗ:

ਅਸੀਂ ਧਾਰਾ 25 ਵਿੱਚ ਸੋਧ ਦੀ ਗੱਲ ਤਾਂ ਕਰਦੇ ਹਾਂ ਪਰ ਨੁਕਤਿਆਂ ਤੇ ਉਲਝੀ ਰਹਿਣ ਵਾਲੀ ਸਿੱਖ ਲੀਡਰਸਿ਼ੱਪ ਨੇ ਇਹ ਕਦੇ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਮੌਜੂਦਾ ਹਿੰਦੂ ਕਾਨੂੰਨਾਂ ਵਿੱਚ ਕੀ ਤਬਦੀਲੀਆਂ ਚਾਹੁੰਦੇ ਹਨ। ਮੰਨ ਲਓ ਕਿ ਅਸੀਂ ਸਭ ਔਕੜਾਂ ਪਾਰ ਕਰਕੇ ਸਿੱਖ ਪਰਨਲ ਲਾਅ ਘੜਨ ਵਿੱਚ ਕਾਮਯਾਬ ਹੋ ਜਾਂਦੇ ਹਾਂ ਅਤੇ ਭਾਰਤ ਸਰਕਾਰ ਵੀ ਸਿੱਖਾਂ ਦਾ ਹਿੰਦੂਆਂ ਨਾਲੋਂ ਨਾੜੂਆ ਕੱਟਣ ਲਈ ਸੰਵਿਧਾਨ ਵਿੱਚ ਸੋਧਾਂ ਕਰਨ ਲਈ ਸਹਿਮਤ ਹੋ ਜਾਂਦੀ ਹੈ ਤਾਂ ਕੀ ਸਿੱਖਾਂ ਦੀਆਂ ਪਛੜੀਆਂ ਜਾਤੀਆਂ ਨੂੰ ਮਿਲੀ ਰਿਜ਼ਰਵੇਸ਼ਨ ਦੀ ਸਹੂਲਤ , ਜੋ ਕਿ ਮਾਸਟਰ ਤਾਰਾ ਸਿੰਘ ਜੀ ਨੇ 1953 ਵਿੱਚ ਮੋਰਚਾ ਲਾ ਕੇ ਪ੍ਰਾਪਤ ਕੀਤੀ ਸੀ, ਬਹਾਲ ਰਹਿ ਸਕੇਗੀ? ਕਾਨੂੰਨੀ ਸਥਿੱਤੀ ਅਨੁਸਾਰ ਰਿਜ਼ਰਵੇਸ਼ਨ ਦਾ ਆਧਾਰ ਧਰਮ ਹੈ। ਭਦੌੜ ਤੋਂ ਚੋਣ ਜਿੱਤੇ ਮੁਹੰਮਦ ਸਿਦੀਕ ਦੀ ਮਿਸਾਲ ਸਾਹਮਣੇ ਹੈ। ਉਹ ਮੁਸਲਮਾਨ ਹੋਣ ਕਾਰਨ ਕਾਨੂੰਨੀ ਤੌਰ ਤੇ ਰਿਜ਼ਰਵੇਸ਼ਨ ਦਾ ਅਧਿਕਾਰੀ ਨਹੀਂ ਹੈ ਪਰ ਉਸਦਾ ਵਿਰੋਧੀ ਸਿੱਖ ਹੋਣ ਕਾਰਨ ਰਿਜ਼ਰਵੇਸ਼ਨ ਦਾ ਹੱਕਦਾਰ ਹੈ। ਈਸਾਈ ਅਤੇ ਮੁਸਲਮਾਨ ਪਿਛਲੇ ਪੰਜਾਹ ਸਾਲਾਂ ਤੋਂ ਇਹ ਮੰਗ ਕਰਦੇ ਆ ਰਹੇ ਹਨ ਕਿ ਉਨ੍ਹਾਂ ਦੀਆਂ ਪਛੜੀਆਂ ਜਾਤੀਆਂ ਨੂੰ ਵੀ ਰਿਜ਼ਰਵੇਸ਼ਨ ਦੇ ਲਾਭ ਦਿੱਤੇ ਜਾਣ। ਪੰਜਾਬ ਦੇ ਦਰਿਆਈ ਪਾਣੀਆਂ ਦੇ ਕੋਰਟ ਕੇਸ ਵਾਂਗ, ਸੁਪਰੀਮ ਕੋਰਟ ਸਮੇਤ ਕੋਈ ਵੀ ਕੋਰਟ ਉਨ੍ਹਾ ਨੂੰ ਕੋਈ ਲੜ ਪੱਲਾ ਨਹੀ ਫੜਾ ਰਹੀ। ਯਾਦ ਰਹੇ ਈਸਾਈ ਅਤੇ ਮੁਸਲਮਅਨ ਭਾਈਚਾਰੇ ਦੇ ਲੋਕ ਹਰ ਥਾਂ ਦਲੀਲ ਵੀ ਇਹੋ ਦਿੰਦੇ ਹਨ ਕਿ ਜੇਕਰ ਸਿੱਖਾਂ ਅਤੇ ਬੋਧੀਆਂ ਨੂੰ ਇਹ ਲਾਭ ਮਿਲ ਸਕਦਾ ਹੈ ਤਾਂ ਸਾਡੇ ਧਰਮਾਂ ਦੀਆਂ ਪਛੜੀਆਂ ਸ੍ਰੇਣੀਆਂ ਨੂੰ ਕਿਉਂ ਨਹੀਂ ?ਇਹ ਵੀ ਸੱਚ ਹੈ ਕਿ ਰਿਜ਼ਰਵੇਸ਼ਨ ਦਾ ਫਾਇਦਾ ਲੈ ਕੇ ਬਹੁਤ ਸਾਰੇ ਸਿੱਖ ਉੱਚੇ ਅਹੁਦੇ ਹਾਸਿਲ ਕਰਨ ਵਿੱਚ ਕਾਮਯਾਬ ਹੋਏ ਹਨ। ਜੇਕਰ ਹਿੰਦੂ ਕਾਨੂੰਨਾਂ ਦੀ ਜ਼ੱਦ ਵਿੱਚੋਂ ਬਾਹਰ ਕੀਤੇ ਜਾਣ ਕਾਰਨ ਸਿੱਖਾਂ ਦੀਆਂ ਪਛੜੀਆਂ ਸ਼੍ਰੇਣੀਆਂ ਦੀ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਜਾਂਦੀ ਹੈ ਤਾਂ ਕੀ ਸਿੱਖ ਲੀਡਰਸਿੱ਼ਪ ਐਸੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਹੈ? ਕੀ ਅਸੀਂ ਇਸ ਨੂੰ ਸਿੱਖਾਂ ਨਾਲ ਇੱਕ ਹੋਰ ਬੇਇਨਸਾਫੀ ਨਹੀਂ ਆਖਾਂਗੇ?ਕੀ ਰਿਜ਼ਰਵੇਸ਼ਨ ਖੁੱਸਦੀ ਵੇਖਕੇ ਸਿੱਖਾਂ ਦਾ ਇੱਕ ਹਿੱਸਾ ਆਪਣੇ ਆਪ ਨੂੰ ‘ਹਿੰਦੂ’ ਲਿਖਾਉਣ ਦੀ ਮੁਹਿੰਮ ਨਹੀਂ ਛੇੜ ਦੇਵੇਗਾ ? ਹਾਲਾਤ ਧਾਰਾ 25 ਵਿੱਚ ਕੀਤੀ ਗਈ ਸੋਧ ਨੂੰ ਵਾਪਿਸ ਕਰਾਉਣ ਲਈ ਮੋਰਚਾ ਲਗਾਉਣ ਵਰਗੇ ਵੀ ਬਣ ਸਕਦੇ ਹਨ। ਧਾਰਾ 25 ਵਿੱਚ ਸੋਧ ਨੂੰ ਸਿੱਖਾਂ ਦੀਆਂ ਤਮਾਮ ਮਰਜ਼ਾਂ ਦਾ ਇਲਾਜ ਕਿਆਸਣ ਵਾਲੇ ਹਕੀਕਤ ਉੱਘੜਨ ਤੇ, ਸਮਾਂ ਲੰਘ ਜਾਣ ਤੋਂ ਬਾਅਦ ਸੋਚਣ ਦੇ ਆਦੀ ਸਿੱਖ ਆਗਆਂੂ ਦੀ ਵਿਰਾਸਤ ਨੂੰ ਅੱਗੇ ਤੋਰਦੇ ਹੋਏ, ਸਿੱਖਾਂ ਦੀ ਰਿਜ਼ਰਵੇਸ਼ਨ ਬਹਾਲ ਕਰਾਉਣ ਲਈ ‘ਅਖ਼ਬਾਰੀ ਯੁੱਧ’ ਲੜਨ ਵਾਲੀ ‘ਖ਼ਾਲਸਾ ਫੌਜ’ ਦੇ ਸਿਪਾਹ ਸਲਾਰ ਵੀ ਬਣ ਸਕਦੇ ਹਨ। ਸੋ, ਬੇਨਤੀ ਹੈ ਕਿ ਐਸਾ ਰੌਲ ਘਚੌਲਾ ਪੈਣ ਤੋਂ ਪਹਿਲਾਂ ਹੀ ਧਾਰਾ 25 ਵਿੱਚ ਸੋਧ ਦੀ ਮੰਗ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਸੋਧ ਦੇ ਚੰਗੇ ਮਾੜੇ ਅਸਰਾਂ ਬਾਰੇ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਬਾਰੇ ਪਹਿਲਾਂ ਹੀ ਇੱਕ ਰਿਪੋਰਟ ਤਿਆਰ ਕਰਵਾ ਲੈਣ। ਨਹੀਂ ਤਾਂ ਐਸੇ ਗੰਭੀਰ ਮੁੱਦਿਆਂ ਬਾਰੇ ‘ ਜਦ ਹੋਊ ਦੇਖ ਲਵਾਂਗੇ’ ਵਰਗੀ ਲਾਪਰਵਾਹ ਜਾਂ ਕੇਵਲ ਜਜ਼ਬਾਤੀ ਪਹੁੰਚ ਅਪਣਾਏ ਜਾਣ ਕਾਰਨ ਹਾਲਾਤ ਕਈ ਵਾਰ ਦਹੀਂ ਦੇ ਭੁਲੇਖੇ ਕਪਾਹ ਖਾਣ ਵਾਲੇ ਵੀ ਬਣ ਜਾਇਆ ਕਰਦੇ ਹਨ। ਜਿਹਾ ਕਿ ਸਿੱਖਾਂ ਨਾਲ ਕਈ ਵਾਰ ਪਹਿਲਾਂ ਵੀ ਹੋ ਚੁੱਕਾ ਹੈ।

(7)    ਧਾਰਾ 25 ਅਤੇ ਅਦਾਲਤੀ ਕੇਸ: ਧਾਰਾ 25 ਵਿੱਚ ਸੋਧ ਕਰਾਵਾਉਣ ਲਈ ਡਾ: ਬਰਿੰਦਰਾ ਕੌਰ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਕੇਸ ਵੀ ਕੀਤਾ ਹੋਇਆ। ਇਸ ਕਾਰਨ ਸਰਕਾਰ ਇਸ ਮਸਲੇ ਨੂੰ ਟਾਲਣ ਲਈ ਸੌਖਿਆਂ ਹੀ ਕਹਿ ਸਕਦੀ ਹੈ ਕਿ ਮਸਲਾ ਕੋਰਟ ਆਧੀਨ ਹੈ। ਪਿਛਲੇ ਦਿਨੀ ਸਰਕਾਰ ਵੱਲੋਂ ਐਸਾ ਹੀ ਉੱਤਰ ਮੁਸਲਮਾਨਾਂ ਅਤੇ ਈਸਾਈਆਂ ਦੀਆਂ ਅਨੁਸੂਚਿਤ ਜਾਤੀਆਂ ਨੂੰ ਰਾਖਵੇਂਕਰਨ ਵਿੱਚ ਸ਼ਾਮਿਲ ਕੀਤੇ ਜਾਣ ਦੀ ਮੰਗ ਕਰਨ ਵਾਲਿਆਂ ਦੇ ਕੇ ਗੱਲ ਖਤਮ ਕਰ ਦਿੱਤੀ।

(8)    ਹੱਲ ਕੀ ਹੈ ? ਅਸਲ ਵਿੱਚ ਧਾਰਾ 25 ਸਮੇਤ ਕਿਸੇ ਵੀ ਹਿੰਦੂ ਕਾਨੂੰਨ ਦੀ ਕੋਈ ਵੀ ਧਾਰਾ ਸਿੱਖ ਧਾਰਨਾਵਾਂ ਅਤੇ ਸਿਧਾਂਤਾਂ ਦੇ ਉਲਟ ਨਹੀ ਹੈ। ਕੋਈ ਵੀ ਧਾਰਾ ਐਸੀ ਨਹੀ ਜਿਹੜੀ ਸਿੱਖਾਂ ਨੂੰ ਸਿੱਖ ਧਰਮ ਦੇ ਮੰਨਣ ਵਿੱਚ ਅੜਿੱਕਾ ਬਣਦੀ ਹੋਏ। ਹਾਂ, ਪ੍ਰਚੀਨ ਪੰਥ ਪ੍ਰਕਾਸ਼ ਦੇ ਲਿਖਾਰੀ ਰਤਨ ਸਿੰਘ ਭੰਗੂ ਅਨੁਸਾਰ (ਜਿਵੇਂ ਸੁਣਿਆ), “ਹਿੰਦੂ ਕਹੇ ਤੇ ਖਿਝੇ ਵਧੇਰਾ” ਮੁਤਾਬਕ ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੇ ਤੱਤ ਨਾਲ ਤਾਂ ਭਾਵੇਂ ਕੋਈ ਚਿੜ ਨਾਂ ਹੋਵੇ ਪਰ ਇਨ੍ਹਾਂ ਦੇ ਸਿਰਲੇਖਾਂ ਨਾਲ ਜ਼ਰੂਰ ਹੈ। ਇਸ ਲਈ ਇਨ੍ਹਾਂ ਦੇ ਟਾਈਟਲ ਤਬਦੀਲ ਕਰਵਾਉਣ ਲਈ ਥੋੜ੍ਹੇ ਯਤਨ ਜ਼ਰੂਰ ਕਰ ਲੈਣੇ ਚਾਹੀਦੇ ਹਨ। ਜਿਵੇਂ ‘ਹਿੰਦੂ ਮੈਰਿਜ ਐਕਟ” ਦੀ ਥਾਂ “ ਹਿੰਦੂ, ਸਿੱਖ, ਬੋਧੀ, ਜੈਨੀ ਮੈਰਿਜ ਐਕਟ, “ਹਿੰਦੂ ਅਡਾਪਸ਼ਨ ਐਕਟ” ਦੀ ਥਾਂ, “ ਹਿੰਦੂ, ਸਿੱਖ, ਬੋਧੀ, ਜੈਨੀ ਅਡਾਪਸ਼ਨ ਐਕਟ” ਆਦਿ।


ਇਕੱਲੀ ਧਾਰਾ 25 ਵਿਚਲੀ ਸੋਧ ਸਿੱਖ ਪਛਾਣ ਦਾ ਮਸਲਾ ਹੱਲ ਨਹੀ ਕਰ ਸਕਦੀ। ਇਸ ਵਾਸਤੇ ਵਿਆਪਕ ਸੋਧਾਂ ਦੀ ਜ਼ਰੂਰਤ ਹੈ। ਰਿਜ਼ਰਵੇਸ਼ਨ ਦਾ ਸਵਾਲ ਵੀ ਅਹਿਮ ਹੈ। ਭਾਰਤ ਸਰਕਾਰ ਦੇ 1959 ਦੇ ਸਰਕੂਲਰ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ “ਘਰ ਵਾਪਸੀ” ਵਾਲੇ ਵਿਅਕਤੀ ਆਪਣੀ ‘ਪਹਿਲੀ ਖੁੱਸੀ’ ਹੋਈ ਰਿਜ਼ਰਵੇਸ਼ਨ ਦੇ ਹੱਕਦਾਰ ਹਨ। ਇਸ ਅਨੁਸਾਰ ਹੁਣ ਤਾਂ ਈਸਾਈਆਂ ਤੋਂ ਸਿੱਖ ਬਣਨ ਵਾਲਿਆਂ ਨੂੰ ਵੀ ਇਹ ਲਾਭ ਪ੍ਰਾਪਤ ਹੈ। ਮੰਨ ਲਓ ਜੇ ਇਹ ਨਾਂ ਹੋਏ, ਕੀ ਇਹ ਲੋਕ ਫਿਰ ਸਿੱਖ ਬਣਨਗੇ ਜਾਂ ਹਿੰਦੂ? ਜੇ ਗੱਲ ਸਿੱਖ ਸਿਧਾਂਤਾਂ ਅਨੁਸਾਰ ਜਾਤ ਪਾਤ ਦੇ ਨਿਸ਼ੇਧ ਦੀ ਹੈ ਤਾਂ ਫਿਰ ਸੋਚਣਾ ਪਏਗਾ ਕਿ ਰਿਜ਼ਰਵੇਸ਼ਨ ਵਾਸਤੇ ਪਹਿਲਾਂ ਤਾਂ 1949 ਵਿੱਚ ਸਿੱਖ ਨੁਮਾਇੰਦਿਆਂ ਨੇ ਮੰਗ ਪੱਤਰ ਕਿਉਂ ਦਿੱਤਾ ਅਤੇ ਫਿਰ 1953 ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਮੋਰਚਾ ਕਿਉਂ ਲਾਇਆ? ਕੀ ਅੱਜ ਦੇ ਸਿੱਖ ਆਗੂ ਰਿਜ਼ਰਵੇਸ਼ਨ ਦੀ ਇਹ ਸਹੂਲਤ ਤਿਆਗਣ ਲਈ ਤਿਆਰ ਹਨ? ਅਜੇ ਤੱਕ ਸਿੱਖ ਲੀਡਰਾਂ ਨੇ ਇਸ ਸਵਾਲ ਬਾਰੇ ਸੋਚਣ ਦੀ ਲੋੜ ਨਹੀਂ ਸਮਝੀ। ਸੋ, ਇਨ੍ਹਾਂ ਹਾਲਾਤਾਂ ਵਿੱਚ ਧਾਰਾ 25 ਵਿੱਚ ਮੰਗੀ ਜਾ ਰਹੀ ਸੋਧ ਸਿੱਖਾਂ ਦੀ ਵੱਖਰੀ ਪਛਾਣ ਸਥਾਪਿਤ ਕਰਨ ਵਿੱਚ ਕੋਈ ਯੋਗਦਾਨ ਨਹੀਂ ਪਾਏਗੀ। ਕਿਉਂਕਿ ਇਹ ਧਾਰਾ ਤਾਂ ਪਹਿਲਾਂ ਹੀ ਸਿੱਖਾਂ ਨੂੰ ਸਿੱਖ ਮੰਨਣ ਅਤੇ ਕਿਪ੍ਰਾਨਾਂ ਪਹਿਨਣ ਦੇ ਅਧਿਕਾਰ ਦਾ ਸਪੱਸ਼ਟ ਐਲਾਨ ਕਰਦੀ ਹੈ।ਇਸ ਲਈ ਜਿੱਥੇ ਇਸ ਧਾਰਾ ਵਿੱਚ ਸੋਧ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਉੱਥੇ ਕੁੱਝ ਯਤਨ ਇਸ ਮੰਗੀ ਜਾ ਰਹੀ ਸੋਧ ਕਾਰਨ ਸਿੱਖਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਕਰ ਲੈਣੇ ਚਾਹੀਦੇ ਹਨ।
ਧੰਨਵਾਦ।

ਸੰਪਰਕ: +1  905 795 3428

Comments

surinder sangha

very good article and author tried to explore all the options with depth. The so called leaders must draw lessons from the Black Days of Punjab. Please do not play with the fire.

ਤੇਜੇ ਦਾ ਫੇਸਬੁੱਕ ਖ

Left wing of Hindu state ਟੇਕੇ ਕਾਮਰੇਡ ਲਿਖਣ ਬਹਿ ਜਾਂਦੇ ਆ ਮਸਲੇ ਦਾ ਪਤਾ ਨਹੀਂ ਹੁੰਦਾ, ਧਾਰਾ 25 ਬੀ ਦਾ ਵਿਰੋਧ ਇਸ ਕਰਕੇ ਆ ਕਿ ਸਿੱਖਾਂ ਨੁੰ ਹਿੰਦੂਆਂ ਜੈਨੀਆਂ ਤੇ ਬੋਧੀਆਂ 'ਚ ਸੁਮਾਰ ਕੀਤਾ ਹੈ । ਇਹ ਉਨ੍ਹਾਂ ਦੀ ਵਖਰੀ ਹੋਂਦ ਹਸਤੀ ਨੁੰ ਨਿਵਿਅਾਉਂਣਾ ਹੈ । ਠੀਕ ਉਂਵੇਂ ਜਿਵੇਂ ਕੋਈ ਲਿਖ ਦੇਵੇ ਕਿ ਹੱਢ ਹਰਾਮੀ ਚੋਰੀ ਬਦਇਖਲਾਕੀ ਤੇ ਕਾਮਰੇਡੀ ਮਨੁਖੀ ਕਿਰਦਾਰ ਤੇ ਧੱਬੇ ਨੇ ...ਹਿੰਦੂ ਸਟੇਟ ਦਾ ਖੱਬਾ ਵਿੰਗ

HAZARA SINGH

ਜੇਕਰ ਅਕਾਲ ਤਖਤ ਦਾ ਜਥੇਦਾਰ, ਸ਼ੋਮਣੀ ਕਮੇਟੀ ਅਤੇ ਅਕਾਲੀ ਦਲ ਮਤਾ ਪਾਸ ਕਰ ਦੇਣ ਕਿ ਉਹ ਸਿੱਖਾਂ ਦੀਆਂ ਪਛੜੀਆਂ ਸ਼ੇਣੀਆਂ ਲੲੀ ਰਾਖਵੇਂਕਰਨ ਦੀ ਸਹੂਲਤ ਛੱਡਣ ਲਈ ਤਿਆਰ ਹਨ ਤਾਂ ਧਾਰਾ 25 ਵਾਲਾ ਮਸਲਾ ਛੇ ਮਹੀਨੇ ਵਿੱਚ ਹੱਲ ਹੋ ਜਾਊ।

raghbir singh

Nice article and good explanation of one of the minor issue that may be demand of few leaders but doenst make much sense...as this is not a main issue.what is the main issues of punjab and ordinary punjabi's? ......who care about the piece of paper......more serious issues punching on our face over this......water. Chandigarh..Punjabi in Punjab...discrimination due to religion and so called caste system...innocent punjabis are suffering in jail for no reason..drugs and list goes on....please constrate on serious issue rather like this....self determination of Punjab may solve all the minor issues like this....not need to beg from any ones its our right as Punjab belong to us...simple isn't it....

Jaswinder Singh

ਨਾਂ ਹਜ਼ਾਰਾ ਸਿਹੁਂ ਤੇ ਲਿਖਤ ਦਾ ਮੁੱਲ ਧੇਲਾ ਨਹੀਂ .... ਉਹੋ ਜਿਹੇ ਉਹ ਆ ਜਿੰਨ੍ਹਾਂ ਦਾ ਕੰਮ ਈ ਸਾਰਾ ਦਿਨ ਲਿੰਕ ਸ਼ੇਅਰ ਕਰਨੇ ਆ .... ਧੇਲਾ ਸਿਹੁਂ ਕੀ ਜਾਣੇ ਹਿਦੂ ਸਟੇਟ ਕੀਆਂ ਬਾਤਾਂ (ਕਹਿਣ ਨੂੰ ਆ ਕਿ ਧੇਲਾ ਸਿਹੁਂ ਕੀ ਜਾਣੇ... ਊਂ ਇਹ ਤਾਂ ਉਹਨਾਂ ਦੇ ਈ "....." ਆ ਤੇ ਜਾਣਦੇ ਵੀ ਸਾਰਾ ਕੁਛ ਈ ਆ

Akali Gurtej Singh

ਚੰਗਾ ਜਰਨਲਿਸ਼ਟ ਉਹਨੂੰ ਕਿਹਾ ਜਾਂਦਾ ਜਿਹੜੇ ਆਪਣੇ ਪੱਤਰਕਾਰ ਪਿਤਾ ਦੀ ਖਬਰ ਨੋ ਕੋਟ ਕਰਨ ਲੱਗਿਆ ਉਸਨੂੰ ਦੁਬਾਰੇ ..ਪੜਤਾਲੇ ... .. ਨਿਖੱਧ ਉਧਾਰੀ ਕਲਮ ਪੱਤਰਕਾਰ ...ਸੱਤ ਬਿਗਾਨੇ ਤੇ ਵੀ ਇਹ ਪੈਤੜਾ ਨਈ ਲਾਗੂ ਕਰਦੇ ... ਕੰਨਾ ਬਾਟੀ ਕੁਰਰਰਰ ਮੈਂ ਤੇਰਾ ਚੇਲਾ ਤੂੰ ਮੇਰਾ ਗੁਰਰਰਰਰਰਰ ..ਇਹਨਾ ਭਾਣੇ ਸਾਰੇ ਦੁਨੀਆ ਕਮਲੀ ਤੁਰੀ ਫਿਰਦੀ ...ਵੱਡੇ ਜੂਲੀਅਨ ਅਸ਼ਾਜੇ ...

Hazara SINGH

ਜਸਵਿੰਦਰ ਸਿੰਘ ਜੀ, ਚੰਗਾ ਹੁੰਦਾ ਜੇਕਰ ਆਪ ਲਿਖਤ ਬਾਰੇ ਕੋਈ ਵਧੀਆ ਸਵਾਲ ਕਰਦੇ,ਕਿਸੇ ਸਵਾਲ ਦਾ ਜੁਆਬ ਦਿੰਦੇ,ਕੋੲੀ ਮੁੱਲਵਾਨ ਸ਼ਬਦ ਸ਼ਾਮਿਲ ਕਰਦੇ। ਚਲੋ ਹੁਣ ਈ ਦੱਸ ਦਿਓ ਕਿ ਆਪ ਧਾਰਾ 25 ਵਿੱਚ ਕੀ ਤਬਦੀਲੀ ਚਾਹੁੰਦੇ ਹੋ ਜਿਸ ਨਾਲ ਪੰਥ ਦੀ ਤਸੱਲੀ ਹੋ ਜਾਏ? ਯਾਦ ਰਹੇ ਸਿੱਖ ਆਗੂ ਪਿਛਲੇ 30 ਸਾਲਾਂ ਤੋਂ ਸਿੱਖਾਂ ਨੂੰ ਮੂਰਖ ਬਣਾਉਦੇ ਆ ਰਹੇ ਹਨ।

gangveer singh

sikha diya pachriya casts reservation kyu chaddan ? musalman te cristians nu v eh mille , hindu veyah act ya property act ya hor act jadd takk hindu lafaj heth laagu hai ta esda matlab baaki kaumiyta di hond nu ikk trha jhuthlaaya ya hinduya da hissa manneya ja reha

Hazara singh

Ganveer ji, sikha diya pachriya casts reservation kyu chaddan ? ਕੀ ਸਿੱਖ ਧਰਮ ਜਾਤ ਪਾਤ ਨੂੰ ਪ੍ਰਵਾਨਿਤ ਕਰਦਾ ਹੈ? ਜਦ ਆਪ ਕਹਿਮਦੇ ਹੋ ਕਿ ਇਹ ਸਹੂਲਤ ਈਸਾਈਆਂ, ਮੁਸਲਮਾਨਾਂ ਸਭ ਨੂੰ ਮਿਲੇ ਅਤੇ ਹਿੰਦੂ ਕਾਨੂੰਨ ਬਦਲੇ ਜਾਣ ਤਾਂ ਆਪ ਉਹੋ ਗੱਲ ਕਿਹ ਰਹੇ ਹੋ ਜਿਹੜੀ ਮੈ ਲੇਖ ਵਿਚ ਕਹੀ ਹੈ ਕਿ ਗੱਲ ਕੇਵਲ ਧਾਰਾ 25 ਸੋਧਿਆਂ ਨਹੀ ਮੁੱਕਣੀ। ਇਸ ਵਾਸਤੇ ਵਿਆਪਕ ਸੋਧਾਂ ਦੀ ਜ਼ਰੂਰਤ ਹੈ। ਇਨਾਂ ਸੋਧਾਂ ਦੇ ਕੀ ਅਸਰ ਕੀ ਹੋਣਗੇ? ਸਾਨੂੰ ਇਸ ਦਾ ਵੀ ਇਲਮ ਹੋਣਾ ਚਾਹੀਦਾ। ਜੋ ਕਿ ਨਹੀ ਹੈ।

Shonki Jatt

hajara singh toronto wala hi aa?

HAZARA SINGH

shonki ji . ਜੀ ਹਾਂ ਟੋਰਾਂਟੋ ਵਾਲਾ।

JASBIR SINGH

SARIA GHAT GINTIA NU RESERVATION MILNI CHAHID HAI. KI DESH DA DHEKA SIRF HINDUA NE LAI LIAYA HAI.

hazara ingh

ਜਸਬੀਰ ਸਿੰਘ ਜੀ, ਇਹ ਕੇਸ ਮੁਸਲਮਾਨ ਅਤੇ ਈਸਾੲੀਆ ਵੱਲੋਂ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਪਰ ਧਾਰਾ 25 ਦਾ ਮਸਲਾ ਚੁੱਕਣ ਵਾਲਿਆਂ ਨੂੰ ਇਹ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ ਕਿ ਇਸ ਇਸ ਦਾ ਸਿੱਖਾਂ ਉੱਪਰ ਕਿ ਸ਼ਰ ਹੋਏਗਾ. ਰਿਜ਼ਰਵੇਸ਼ਨ ਉਨ੍ਹਾਂ ਇਹਮ ਮੁੱਦਿਆਂ ਵਿੱਚੋਂ ਅਹਿਮ ਹੈ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ