Wed, 04 December 2024
Your Visitor Number :-   7275509
SuhisaverSuhisaver Suhisaver

ਅਰਥਵਿਵਸਥਾ : ਅਸਲ ਹਾਲਤ ਅਤੇ ਸੱਟੇਬਾਜ਼ਾਰਾਨਾ ਉਛਾਲ -ਸੀ ਪੀ ਚੰਦਰਸ਼ੇਖਰ

Posted on:- 09-08-2014

ਭਾਰਤੀ ਅਰਥਵਿਵਸਥਾ ਪੂਰੀ ਤਰ੍ਹਾਂ ਮੰਦੀ ਅਤੇ ਮਹਿੰਗਾਈ ਦੀ ਜਕੜ ਵਿਚ ਹੈ। ਕੇਂਦਰੀ ਅੰਕੜਾ ਬਿਊਰੋ ਨੇ ਕੁੱਲ ਘਰੇਲੂ ਉਤਪਾਦ ਦੇ ਕੱਚੇ ਅਨੁਮਾਨ ਜਾਰੀ ਕੀਤੇ ਹਨ। ਇਨ੍ਹਾਂ ਅਨੁਮਾਨਾਂ ਅਨੁਸਾਰ 2013-14 ’ਚ ਵਾਧਾ ਦਰ 4.7 ਫ਼ੀਸਦੀ ਰਹੀ ਹੈ ਜਿਹੜੀ ਕਿ 2012-13 ਦੀ 4.5 ਫ਼ੀਸਦੀ ਦੀ ਵਾਧਾ ਦਰ ਤੋਂ ਕੋਈ ਖ਼ਾਸ ਵਧੇਰੇ ਨਹੀਂ ਹੈ। ਇਹ ਵਾਧਾ ਦਰ ਇਸ ਲਈ ਹੋਰ ਵੀ ਨਿਰਾਸ਼ਾਜਨਕ ਹੈ ਕਿ ਇਸ ਵਿਚ ਨਿਰਮਾਣ ਖੇਤਰ ਦੀ ਨਾਕਾਰਾਤਮਕ ਵਾਧਾ ਦਰ ਵੀ ਸ਼ਾਮਲ ਹੈ। ਦੂਜੇ ਪਾਸੇ ਖਪਤਕਾਰ ਮੁੱਲ ਸੂਚਕ ਅੰਕ ਦੀ ਵਾਧਾ ਦਰ ਮਾਰਚ ਦੀ 8.3 ਫ਼ੀਸਦੀ ਦੇ ਮੁਕਾਬਲੇ ਅਪ੍ਰੈਲ ਵਿਚ ਵਧ ਕੇ 8.6 ਫ਼ੀਸਦੀ ਹੋ ਗਈ ਸੀ।

ਇਹ ਨਿਸ਼ਚਿਤ ਰੂਪ ਵਿਚ ਮੰਦੀ ਅਤੇ ਮਹਿੰਗਾਈ ਦਾ ਹੀ ਇਕ ਰੂਪ ਬਣ ਜਾਂਦਾ ਹੈ। ਮੌਜੂਦਾ ਦੌਰ ਵਿਚ ਦੋ ਪ੍ਰਮੁੱਖ ਵਿੱਤੀ ਰੁਝਾਨਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਆਪਣੇ ਸਿਕੰਜ਼ੇ ਵਿਚ ਲਈ ਬੈਠੀ ਮੰਦੀ ਤੇ ਮਹਿੰਗਾਈ ਵੱਲੋਂ ਧਿਆਨ ਹਟਾਉਣ ਲਈ ਸ਼ਾਸਕੀ ਸੰਸਥਾਵਾਂ ਅਤੇ ਮੀਡੀਆ ਦੀ ਮਦਦ ਕੀਤੀ ਹੈ। ਫਰਵਰੀ ਦੇ ਸ਼ੁਰੂ ਤੋਂ ਮੁੰਬਈ ਸਟਾਕ ਐਕਸਚੇਂਜ ਦਾ ਸਨਸੈਕਸ 10 ਫ਼ੀਸਦੀ ਤੋਂ ਵਧੇਰੇ ਵਧਿਆ ਹੈ, ਜਿਸ ਨੇ ਪਹਿਲਾਂ ਹੀ ਵਧੇ-ਚੜ੍ਹੇ ਸ਼ੇਅਰ ਬਾਜ਼ਾਰ ਸੂਚਕ ਅੰਕ ਨੂੰ ਰਿਕਾਰਡ ਉਚਾਈਆਂ ’ਤੇ ਪਹੁੰਚਾ ਦਿੱਤਾ ਹੈ। ਇਸ ਸ਼ੇਅਰ ਬਾਜ਼ਾਰ ਵਿਚ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਹੀ ਤੇਜ਼ੀ ਦਾ ਅਜਿਹਾ ਹੀ ਇਕ ਹੋਰ ਦੌਰ ਚੱਲ ਰਿਹਾ ਸੀ।

ਸ਼ੇਅਰ ਬਾਜ਼ਾਰ ਦੇ ਸੁਭਾਅ ਨੂੰ ਦੇਖਦੇ ਹੋਏ ਇਹ ਸਾਬਤ ਕਰਨ ਲਈ ਵਿਸ਼ਲੇਸ਼ਣ ਦੀ ਕੋਈ ਬਹੁਤ ਵੱਡੀ ਯੋਗਤਾ ਦੀ ਜ਼ਰੂਰਤ ਨਹੀਂ ਕਿ ਉਕਤ ਸੂਚਕ ਅੰਕ ਵਿਚ ਤੇਜ਼ੀ, ਇਸ ਬਾਜ਼ਾਰ ਵਿਚ ਸਰਗਰਮ ਰੂਪ ਨਾਲ ਜਿਨ੍ਹਾਂ ਸ਼ੇਅਰਾਂ ਦੀ ਖਰੀਦੋ-ਫਰੋਖਤ ਹੁੰਦੀ ਹੈ, ਉਨ੍ਹਾਂ ਦੀ ਸੀਮਤ ਗਿਣਤੀ ਲਈ ਨਿਵੇਸ਼ਕਰਤਾਵਾਂ ਦੀ ਮੰਗ ਵਿਚ ਬਹੁਤ ਤੇਜ਼ ਵਾਧੇ ਦਾ ਹੀ ਨਤੀਜਾ ਹੈ। ਜਿਵੇਂ ਕਿ ਆਮ ਤੌਰ ’ਤੇ ਹੁੰਦਾ ਹੈ, ਇਕ ਪਾਸੇ ਸ਼ੇਅਰ ਬਾਜ਼ਾਰਾਂ ਅਤੇ ਦੂਜੇ ਪਾਸੇ ਅਸਲ ਅਰਥਵਿਵਸਥਾ ਦੇ ਇਨ੍ਹਾਂ ਵਿਰੋਧੀ ਰੁਝਾਨਾਂ ਦੀ ਵਿਆਖਿਆ ਦੀ ਤਲਾਸ਼ ਵਿਚ ਵਿਸ਼ਲੇਸ਼ਕ ਤਿਣਕੇ ਦਾ ਸਹਾਰਾ ਲੱਭ ਰਹੇ ਹਨ। ਇਨ੍ਹਾਂ ਵਿਚੋਂ ਸਭ ਤੋਂ ਕਮਜ਼ੋਰ ਸਹਾਰਾ ਇਹ ਤਰਕ ਹੈ ਕਿ ਚੋਣਾਂ ਤੇ ਨਤੀਜੇ ਵਜੋਂ ਇਕ ਸਥਿਰ, ਵਪਾਰ ਪੱਖੀ ਪ੍ਰਧਾਨ ਮੰਤਰੀ ਦੀ ਸਰਕਾਰ ਆਉਣ ਕਾਰਨ ਨਿਵੇਸ਼ ਕਰਨ ਵਾਲਿਆਂ ਨੇ ਅਜਿਹੀਆਂ ਫਰਮਾਂ ਦੇ ਸ਼ੇਅਰ ਝਪਟ ਲਏ ਹਨ, ਜਿਨ੍ਹਾਂ ਦੇ ਆਉਣ ਵਾਲੇ ਉਛਾਲ ਨਾਲ ਫਾਇਦੇ ’ਚ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।

ਬੇਸ਼ੱਕ ਇਸ ਵਿਆਖਿਆ ਪਿੱਛੇ ਵੀ ਇਹੀ ਪਹਿਲਾਂ ਬਣੀ ਧਾਰਨਾ ਹੀ ਕੰਮ ਕਰ ਰਹੀ ਹੈ ਕਿ ਸ਼ੇਅਰ ਬਾਜ਼ਾਰਾਂ ਵਿਚ ਆਈ ਤੇਜ਼ੀ, ਸੱਟਾਬਾਜ਼ਾਰੀ ਨਾਲ ਹੀ ਚੱਲ ਰਹੀ ਸੀ। ਇਹ ਸੱਟਾ ਚੋਣਾਂ ਦੇ ਨਤੀਜਿਆਂ ’ਤੇ ਲਗਾਇਆ ਜਾ ਰਿਹਾ ਸੀ। ਇਹ ਸੱਟਾ ਨਵੀਂ ਸਰਕਾਰ ਦੇ ਤੌਰ-ਤਰੀਕਿਆਂ ਦੇ ਅਨੁਮਾਨ ’ਤੇ ਲਗਾਇਆ ਜਾ ਰਿਹਾ ਸੀ।

ਇਹ ਸੱਟੇਬਾਜ਼ ਕੌਣ ਹਨ? ਇਹ ਅਜਿਹੇ ਖਿਡਾਰੀ ਹਨ, ਜਿਹੜੇ ਬਾਹਰੋਂ ਪੈਸਾ ਲੈ ਕੇ ਆਉਂਦੇ ਹਨ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ। ਇਨ੍ਹਾਂ ਵਿਚ ਕੁਝ ਅਚੱਲ ਸੰਪਤੀ ਪ੍ਰਬੰਧਕ ਕੰਪਨੀਆਂ ਹਨ ਜਾਂ ਫਿਰ ਵਿਦੇਸ਼ੀ ਵਿੱਤੀ ਫਰਮਾਂ ਹਨ, ਜਿਹੜੀਆਂ ਖੁਦ ਸ਼ੇਅਰ ਬਾਜ਼ਾਰ ਵਿਚ ਉਛਾਲ ਪੈਦਾ ਕਰਦੀਆਂ ਹਨ ਅਤੇ ਉਸ ਉਛਾਲ ਨਾਲ ਰਾਤੋ-ਰਾਤ ਮੋਟੀ ਕਮਾਈ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਦੂਸਰੇ ਉਹ ਲੋਕ ਹਨ, ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਕੁਝ ਸਮਾਂ ਪਹਿਲਾਂ, ਪੈਸਾ ਦੇਸ਼ ਤੋਂ ਬਾਹਰ ਲੈ ਗਏ ਸਨ ਅਤੇ ਹੁਣ ਆਰਾਮ ਨਾਲ ਸ਼ੇਅਰ ਬਾਜ਼ਾਰ ਦੇ ਰਸਤੇ ਉਸੇ ਪੈਸੇ ਨੂੰ ਵਾਪਸ ਲਿਆ ਰਹੇ ਹਨ ਤਾਂ ਕਿ ਉਸ ਨਾਲ ਹੋਰ ਕਮਾਈ ਕਰ ਸਕਣ। ਕਹਿਣ ਦੀ ਜ਼ਰੂਰਤ ਨਹੀਂ ਕਿ ਇਕ ਵਾਰ ਜਦੋਂ ਵਿਦੇਸ਼ੀ ਨਿਵੇਸ਼ਕ ਬਾਜ਼ਾਰ ਵਿਚ ਹਲਚਲ ਪੈਦਾ ਕਰ ਦਿੰਦੇ ਹਨ, ਘਰੇਲੂ ਨਿਵੇਸ਼ਕ ਵੀ ਉਸ ਵੱਲ ਭੱਜ ਪੈਂਦੇ ਹਨ। ਪਰ ਵਿਦੇਸ਼ੀ ਪੈਸਾ ਹੀ ਹੈ, ਜਿਹੜਾ ਸ਼ੇਅਰ ਬਾਜ਼ਾਰ ਵਿਚ ਉਸ ਉਛਾਲ ਨੂੰ ਪੈਦਾ ਕਰ ਰਿਹਾ ਹੈ, ਜਿਹੜਾ ਅਸਲ ਅਰਥਵਿਵਸਥਾ ਦੀ ਕਮਜ਼ੋਰੀ ਨੂੰ ਢਕਣ ਲਈ ਵਿੱਤੀ ਓਹਲੇ ਦਾ ਕੰਮ ਕਰ ਰਿਹਾ ਹੈ।

ਸੱਟਾਬਾਜ਼ਾਰੀ ਉਛਾਲ ਦੇ ਅਸਲ ਅਰਥਵਿਵਸਥਾ ਨੂੰ ਸੱਟ ਮਾਰਨ ਦੇ ਹੋਰ ਵੀ ਕਈ ਪ੍ਰਤੱਖ ਕਾਰਨ ਹਨ। ਇਨ੍ਹਾਂ ਦਾ ਸਬੰਧ ਰੁਪਏ ਦੇ ਵਟਾਂਦਰਾ ਮੁੱਲ ਦੇ ਵਧਣ ਨਾਲ ਹੈ, ਜਿਹੜਾ ਰੁਪਇਆਂ ਵਿਚ ਆਯਾਤ ਦੀ ਕੀਮਤ ਮੁਕਾਬਲਤਨ ਘੱਟ ਕਰ ਦਿੰਦਾ ਹੈ (ਇਕ ਡਾਲਰ ਦੀ ਵਸਤੂ ਘੱਟ ਰੁਪਇਆਂ ਵਿਚ ਆ ਸਕਦੀ ਹੈ) ਅਤੇ ਨਿਰਯਾਤਾਂ ਨੂੰ ਡਾਲਰ ’ਚ ਮਹਿੰਗਾ ਕਰ ਦਿੰਦਾ ਹੈ। (ਕਿਉਂਕਿ 100 ਰੁਪਏ ਦੀ ਚੀਜ਼ ਪਹਿਲਾਂ ਨਾਲੋਂ ਵਧੇਰੇ ਡਾਲਰ ਦੀ ਹੋ ਜਾਂਦੀ ਹੈ)। ਜ਼ਾਹਿਰ ਹੈ ਕਿ ਜੇਕਰ ਭਾਰਤ ਦੇ ਨਿਰਯਾਤ ਮਹਿੰਗੇ ਹੋ ਜਾਂਦੇ ਹਨ ਤਾਂ ਵਿਸ਼ਵ ਬਾਜ਼ਾਰ ਵਿਚ, ਮਿਸਾਲ ਵਜੋਂ ਚੀਨ ਵਰਗੇ ਦੇਸ਼ਾਂ ਦੇ ਮੁਕਾਬਲੇ, ਭਾਰਤ ਦੀ ਜਿਹੜੀ ਸੀਮਤ ਮੁਕਾਬਲੇਬਾਜ਼ੀ ਹੈ, ਉਹ ਹੋਰ ਕਮਜ਼ੋਰ ਹੋ ਜਾਵੇਗੀ। ਇਸ ਤੋਂ ਵੀ ਵਧੇਰੇ ਮਹੱਤਵਪੂਰਨ ਇਹ ਕਿ ਆਯਾਤ ਜੇਕਰ ਸਸਤੇ ਹੋ ਰਹੇ ਹੋਣ, ਜਦੋਂ ਉਦਾਰੀਕਰਨ ਦੇ ਚੱਲਦਿਆਂ ਦੇਸ਼ ਵਿਚ ਵਸਤਾਂ ਦੇ ਆਯਾਤਾਂ ’ਤੇ ਬੰਦਿਸ਼ਾਂ ਹਟਾ ਦਿੱਤੀਆਂ ਗਈਆਂ ਹੋਣ, ਤਾਂ ਬਾਹਰ ਤੋਂ ਆ ਰਹੇ ਸਸਤੇ ਆਯਾਤ ਘਰੇਲੂ ਉਤਪਾਦਕਾਂ ਨੂੰ ਮੁਕਾਬਲੇ ਵਿਚ ਪਿੱਛੇ ਸੁੱਟ ਦੇਣਗੇ। ਇਨ੍ਹਾਂ ਦੋਨਾਂ ਹੀ ਕਾਰਨਾਂ ਦੇ ਚੱਲਦਿਆਂ ਰੁਪਏ ਦੇ ਵਟਾਂਦਰਾ ਮੁੱਲ ਦੇ ਵਾਧੇ ਦਾ ਘਰੇਲੂ ਉਤਪਾਦਕ ਗਤੀਵਿਧੀਆਂ ’ਤੇ ਨਾਂਹਪੱਖੀ ਪ੍ਰਭਾਵ ਹੀ ਪਵੇਗਾ। ਬਾਹਰ ਤੋਂ ਸੱਟਾਬਾਜ਼ਾਰਾਨਾ, ਪੂੰਜੀ ਨਿਵੇਸ਼ ਨਾਲ ਠੀਕ ਇਹ ਹੀ ਹੋਇਆ ਹੈ। ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਵਧ ਰਿਹਾ ਹੈ।

ਹਾਲਾਂਕਿ ਭਾਰਤ ਦਾ ਵਿਦੇਸ਼ੀ ਵਪਾਰ ਦਾ ਚਾਲੂ ਖਾਤਾ ਘਾਟਾ ਘਟ ਗਿਆ ਹੈ (ਜਿਹੜਾ ਸਭ ਤੋਂ ਵਧ ਕੇ ਸੋਨੇ ਦੇ ਆਯਾਤਾਂ ਵਿਚ ਗਿਰਾਵਟ ਦੇ ਚੱਲਦਿਆਂ ਹੋਇਆ), ਪਰ ਭਾਰਤ ਹੁਣ ਵੀ ਵਿਦੇਸ਼ ਵਪਾਰ ਘਾਟੇ ਵਾਲਾ ਦੇਸ਼ ਹੈ, ਮਤਲਬ ਜਿੰਨੀ ਵਿਦੇਸ਼ੀ ਮੁਦਰਾ ਕਮਾਉਂਦਾ ਹੈ ਉਸ ਤੋਂ ਵਧੇਰੇ ਵਿਦੇਸ਼ੀ ਪੂੰਜੀ ਆਪਣੇ ਚਾਲੂ ਖਾਤਾ ਸੌਦਿਆਂ ਵਿਚ ਖ਼ਰਚ ਕਰ ਰਿਹਾ ਹੁੰਦਾ ਹੈ। ਇਸ ਲਈ ਜੇਕਰ ਕਿਸੇ ਮੁਦਰਾ ਦਾ ਮੁੱਲ ਉਸ ਦੇ ਚਾਲੂ ਲੈਣ-ਦੇਣ ਦੇ ਸ਼ੁੱਧ ਮੁੱਲ ਨਾਲ ਪ੍ਰਭਾਵਤ ਹੁੰਦਾ ਹੈ, ਜਿਸ ਦਾ ਭਾਰਤੀ ਖਾਤਾ ਘਾਟੇ ਦਾ ਹੈ, ਰੁਪਏ ਦਾ ਵਟਾਂਦਰਾ ਮੁੱਲ ਅਸਲ ਵਿਚ ਘਟ ਰਿਹਾ ਹੋਣਾ ਚਾਹੀਦਾ ਸੀ, ਨਾ ਕਿ ਵਧ ਰਿਹਾ ਹੋਣਾ ਚਾਹੀਦਾ ਹੈ। ਵਿਦੇਸ਼ ਵਪਾਰ ਖੇਤਰ ਦਾ ਲੰਬੀ ਮਿਆਦ ਦਾ ਰੁਝਾਨ ਇਹੀ ਹੈ।

ਆਮ ਤੌਰ ’ਤੇ ਅਜਿਹੀਆਂ ਪ੍ਰਸਥਿਤੀਆਂ ਵਿਚ ਭਾਰਤੀ ਰਿਜ਼ਰਵ ਬੈਂਕ ਦਖ਼ਲ ਦਿੰਦਿਆਂ ਖੁਦ ਡਾਲਰ ਖਰੀਦਦੀ ਹੈ ਅਤੇ ਵਿਦੇਸ਼ੀ ਮੁਦਰਾ ਦੀ ਮੰਗ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਰੁਪਏ ਦੇ ਮੁੱਲ ਵਿਚ ਵਾਧੇ ਨੂੰ ਘੱਟ ਕੀਤਾ ਜਾ ਸਕੇ, ਕਿਉਂਕਿ ਦੇਸੀ ਨਿਰਯਾਤਕਾਂ ’ਤੇ ਅਤੇ ਘਰੇਲੂ ਉਤਪਾਦਕਾਂ ’ਤੇ ਇਸ ਵਾਧੇ ਦੀ ਮਾਰ ਪੈਂਦੀ ਹੈ। ਜਦੋਂ ਵਿੱਤੀ ਪ੍ਰਵਾਹਾਂ ਵਿਚ ਵਾਧਾ ਐਨਾ ਤੇਜ਼ ਤੇ ਅਚਾਨਕ ਹੁੰਦਾ ਹੈ, ਜਿਵੇਂ ਕਿ ਹੋਇਆ ਹੈ, ਰਿਜ਼ਰਵ ਬੈਂਕ ਵੀ ਆਪਣੀ ਵਿਦੇਸ਼ੀ ਮੁਦਰਾ ਦੀ ਮੰਗ ਵਿਚ ਵਾਧੇ ਰਾਹੀਂ ਇਸ ਵਾਧੇ ਦੀ ਕਾਟ ਨਹੀਂ ਕਰ ਸਕਦਾ।

ਇਕ ਪਾਸੇ ਤਾਂ ਵਿੱਤੀ ਬਾਜ਼ਾਰ ਦਾ ਉਛਾਲ ਜੋ ਸਨਸੈਕਸ ਦੇ ਉਪਰ ਚੜ੍ਹਨ ਨਾਲ ਦਿਸ ਰਿਹਾ ਹੈ ਅਤੇ ਦੂਜੇ ਪਾਸੇ ਰੁਪਏ ਦੇ ਮੁੱਲ ਦਾ ਚੜ੍ਹਨਾ ਭਾਰਤ ਨੂੰ ਸੱਟਾਬਾਜ਼ਾਰਾਨਾ ਵਿਸ਼ਵ ਪੂੰਜੀ ਲਈ ਇਕ ਜੂਆ ਘਰ ਵਿਚ ਬਦਲ ਦਿੱਤੇ ਜਾਣ ਦਾ ਹੀ ਨਤੀਜਾ ਹੈ। ਇਸ ਦਾ ਸਿੱਧਾ ਉਤਪਾਦਕ ਗਤੀਵਿਧੀਆਂ ’ਤੇ ਨਾਂਹਪੱਖੀ ਅਸਰ ਤਾਂ ਪੈ ਹੀ ਰਿਹਾ ਹੈ, ਕਿਉਂਕਿ ਸੱਟੇਬਾਜ਼ਾਰ ਵਾਲੇ ਨਿਵੇਸ਼ਾਂ ਦੇ ਮੁਕਾਬਲੇ ਉਤਪਾਦਕ ਨਿਵੇਸ਼ ਖਿੱਚ ਪਾਉਣ ਵਾਲੇ ਨਹੀਂ ਰਹਿੰਦੇ। ਇਸ ਦੇ ਨਾਲ ਹੀ ਇਸ ਕਾਰਨ ਵਿਸ਼ਵ ਮੰਡੀ ਵਿਚ ਵੀ ਅਤੇ ਘਰੇਲੂ ਬਾਜ਼ਾਰ ਵਿਚ ਵੀ ਦੇਸ਼ ਦੀਆਂ ਉਤਪਾਦਕ ਸੰਪਤੀਆਂ ਦੀ ਮੁਕਾਬਲੇਬਾਜ਼ੀ ਕਮਜ਼ੋਰ ਹੁੰਦੀ ਹੈ। ਇਸ ਨਾਲ ਦੇਸ਼ ਦੀ ਅਰਥਵਿਵਸਥਾ ਨੰੂ ਜਕੜ ਮਾਰੀ ਬੈਠੀ ਮੰਦੀ ਤੇ ਮਹਿੰਗਾਈ ਹੋਰ ਵੀ ਵਧ ਰਹੀ ਹੈ। ਪਰ ਸੱਟਾਬਾਜ਼ਾਰੀ ਵਾਲੇ ਉਛਾਲ ’ਤੇ ਪੈ ਰਿਹਾ ਰੌਲਾ ਇਸ ਸਚਾਈ ਨੂੰ ਲੁਕਾਉਣ ਦਾ ਹੀ ਕੰਮ ਕਰ ਰਿਹਾ ਹੈ। ਬਹਿਰਹਾਲ, ਇਸ ਨਾਲ ਐਨਡੀਏ ਸਰਕਾਰ ਨੂੰ ਸਿਰਫ਼ ਕੁਝ ਸਮੇਂ ਲਈ ਰਾਹਤ ਮਿਲ ਸਕਦੀ ਹੈ। ਸਨਸੈਕਸ ਦੇ ਉਛਾਲ ਅਤੇ ਰੁਪਏ ਦੇ ਵਟਾਂਦਰਾ ਮੁੱਲ ਦੇ ਵਾਧੇ ਪਿੱਛੇ ਜਿਸ ਤਰ੍ਹਾਂ ਦੀਆਂ ਤਾਕਤਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਦੇਖਦਿਆਂ ਇਸ ਉਛਾਲ ਦੇ ਬਣੇ ਰਹਿਣ ਦੀਆਂ ਸੰਭਾਵਨਾਵਾਂ ਘੱਟ ਹੀ ਹਨ ਅਤੇ ਇਹ ਵੀ ਸੰਭਵ ਹੈ ਕਿ ਇਸ ਨੂੰ ਪਲਟ ਹੀ ਦਿੱਤਾ ਜਾਵੇ, ਜੋ ਕਿ ਦੇਸ਼ ਤੋਂ ਪੂੰਜੀ ਦੇ ਪਲਾਇਨ ਨੂੰ ਉਤਸ਼ਾਹਿਤ ਹੀ ਕਰੇਗਾ। ਪਹਿਲਾਂ ਹੀ ਬੁਰੇ ਹਾਲ ਵਿਚ ਚਲ ਰਹੀ ਅਸਲ ਅਰਥਵਿਵਸਥਾ ’ਤੇ ਸੱਟ ਮਾਰ ਰਹੇ ਅਨੇਕਾਂ ਕਾਰਨਾਂ ਵਿਚੋਂ ਇਕ ਹੋਰ ਕਾਰਨ ਇਹ ਵੀ ਬਣ ਸਕਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ