Thu, 12 September 2024
Your Visitor Number :-   7220794
SuhisaverSuhisaver Suhisaver

ਅਫ਼ਸਰਸ਼ਾਹੀ ਦੇ ਨਾਲ ਰਾਜਨੇਤਾਵਾਂ ਦੁਆਰਾ ਗ਼ੈਰ ਕਾਨੂੰਨੀ ਵਤੀਰਾ ਕਿਉਂ ? - ਗੁਰਚਰਨ ਪੱਖੋਕਲਾਂ

Posted on:- 13-08-2013

ਅੱਜ ਦੇਸ ਦੇ ਰਾਜਨੇਤਾ ਦੇਸ ਦੇ ਸਭ ਤੋਂ ਵੱਡੀ ਅਤੇ ਉੱਚੇ ਅਹੁਦੇ ਵਾਲੀ ਆਈ ਏ ਐੱਸ ਅਫਸਰ ਸ਼ਾਹੀ ਨੂੰ ਆਪਣੇ ਗੁਲਾਮ ਬਣਾਉਣਾ ਲੋਚਦੇ ਹਨ। ਜਦ ਵੀ ਕੋਈ ਅਫਸਰ ਆਪਣੀ ਸੋਚ ਅਨੁਸਾਰ ਜਾਂ ਇਮਾਨਦਾਰੀ ਨਾਲ ਡਿਊਟੀ ਕਰਨਾ ਲੋਚਦਾ ਹੈ ਤਦ ਰਾਜਨੀਤਕਾਂ ਦੇ ਮਨਾਂ ਵਿੱਚ ਹਲਚਲ ਹੋਣ ਲੱਗ ਜਾਂਦੀ ਹੈ । ਯੂਪੀ ਦੀ ਇੱਕ ਅਫਸਰ ਦੁਰਗਾ ਸ਼ਕਤੀ ਨਾਗਪਾਲ ਵੱਲੋਂ ਇਮਾਨਦਾਰੀ ਨਾਲ ਕੰਮ ਕਰਨ ’ਤੇ ਜਿਸ ਤਰ੍ਹਾਂ ਧਾਰਮਿਕ ਸਥਾਨ ਦੀ ਕੰਧ ਤੋੜਨ ਦੇ ਦੋਸ਼ਾਂ ਵਿੱਚ ਫਸਾਕੇ ਸਸਪੈਂਡ ਕੀਤਾ ਗਿਆ ਹੈ ਨੇ ਰਾਜਨੀਤਕਾਂ ਦੀ ਨੀਅਤ ਦਾ ਸੱਚ ਦਰਸਾ ਦਿੱਤਾ ਹੈ ।



ਇਸ ਤਰ੍ਹਾਂ ਦੀਆਂ ਕਾਰਵਾਈਆਂ ਕੋਈ ਇੱਕ ਸੂਬਾ ਸਰਕਾਰ ਨਹੀਂ ਬਲਕਿ ਸੈਂਟਰ ਸਰਕਾਰ ਸਮੇਤ ਹਰ ਸੂਬਾ ਸਰਕਾਰ ਕਰ ਰਹੀ ਹੈ। ਪਿਛਲੇ ਦਿਨੀਂ ਪੰਜਾਬ ਦੇ ਇੱਕ ਹਿੰਮਤੀ ਅਫਸਰ ਕਾਹਨ ਸਿੰਘ ਪੰਨੂੰ ਨਾਲ ਵੀ ਮਾਰਕੁਟਾਈ ਕੀਤੀ ਗਈ, ਜਿਸਦੀ ਦੇਸ ਭਰ ਵਿੱਚ ਚਰਚਾ ਹੋਈ । ਇਸ ਕੇਸ ਦੀ ਜਾਂਚ ਦੀ ਕੋਈ ਰਿਪੋਰਟ ਜੱਗ ਜ਼ਾਹਰ ਨਹੀਂ ਹੋਈ। ਜਿਸ ਮੰਤਰੀ ਨਾਲ ਪੰਨੂੰ ਸਾਹਿਬ ਕੰਮ ਕਰ ਰਹੇ ਸਨ ਦੇ  ਨਾਲੋਂ ਵੀ ਪਤਾ ਨਹੀਂ ਕਿਉਂ ਹਟਾ ਦਿੱਤਾ ਗਿਆ। ਹਰਿਆਣੇ ਵਿੱਚ ਸੋਨੀਆਂ ਗਾਂਧੀ ਪਰਿਵਾਰ ਦੇ ਜਵਾਈ ਖਿਲਾਫ ਜਾਂਚ ਕਰਨ ਵਾਲੇ ਅਫਸਰ ਖੇਮਕਾ ਉੱਪਰ ਵੀ ਇਸ ਤਰ੍ਹਾਂ ਹੀ ਕੀਤਾ ਗਿਆ। ਰਾਜਸਥਾਨ ਵਿੱਚ ਵੀ ਦੋ ਅਫਸਰਾਂ ਉੱਪਰ ਸਸਪੈਂਡ ਕਰਨ ਦੀ ਕਾਰਵਾਈ ਕੀਤੀ ਗਈ।

ਸੈਂਟਰ ਸਰਕਾਰ ਸੀ ਬੀ ਆਈ ਦੇ ਅਫਸਰਾਂ ਨੂੰ ਜਿਸ ਤਰ੍ਹਾਂ ਮੋਹਰਿਆਂ ਵਾਂਗ ਵਰਤ ਰਹੀ ਹੈ ਅਤਿ ਖਤਰਨਾਕ ਹੈ । ਇਸ ਤਰ੍ਹਾਂ ਰਾਜਨੀਤਕਾਂ ਦੁਆਰਾ ਗਲਤ ਸੰਦੇਸ ਦਿੱਤਾ ਜਾ ਰਿਹਾ ਹੈ, ਜਿਸ ਨਾਲ ਇਮਾਨਦਾਰ ਅਫਸਰਾਂ ਨੂੰ ਡਰਾਇਆ ਜਾ ਰਿਹਾ ਹੈ। ਜੇ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਕੋਈ ਵੀ ਅਫਸਰ ਇਮਾਨਦਾਰੀ ਨਾਲ ਕੰਮ ਕਰਨ ਦੀ ਜ਼ੁੱਰਅਤ ਨਹੀਂ ਕਰੇਗਾ। ਕਾਨੂੰਨ ਦੇ ਨਾਂ ’ਤੇ ਚੱਲਣ ਵਾਲਾ ਲੋਕ ਤੰਤਰ ਇੱਕ ਮਖੌਲ ਬਣ ਜਾਵੇਗਾ । ਸੈਂਟਰ ਦੇ ਵਿੱਚ ਮੌਜੂਦ ਕਮਜ਼ੋਰ ਘੱਟ ਗਿਣਤੀ ਸਰਕਾਰ ਕਿਸੇ ਵੀ ਸੂਬਾ ਸਰਕਾਰ ਤੇ ਕਾਰਵਾਈ ਕਰਨ ਦੇ ਸਮਰੱਥ ਨਹੀਂ ਹੈ, ਜਿਸ ਨਾਲ ਸੂਬਿਆਂ ਦੇ ਮੁੱਖ ਮੰਤਰੀ ਡਿਕਟੇਟਰਾਂ ਵਾਂਗ ਵਿਵਹਾਰ ਕਰ ਰਹੇ ਹਨ। ਦੇਸ ਵਿੱਚ ਬਹੁਤ ਹੀ ਮੁਸ਼ਕਲ ਨਾਲ ਰਾਜਿਆਂ ਦਾ ਰਾਜ ਖਤਮ ਹੋਇਆ ਸੀ ਅਤੇ ਦੇਸ ਇੱਕਮੁੱਠ ਅਤੇ ਮਜ਼ਬੂਤ ਬਣਿਆ ਸੀ । ਜਦ ਤੋਂ ਸੈਂਟਰ ਸਰਕਾਰ ਕਮਜ਼ੋਰ ਹੋਈ ਹੈ ਤਦ ਤੋਂ ਸੁਬਿਆਂ ਅਤੇ  ਫਿਰਕਿਆਂ ਦੇ ਆਗੂ ਲੋਕ ਸੁਪਰ ਬੌਸ ਬਣਨ ਲੱਗੇ ਹਨ, ਜਿਸ ਨਾਲ ਦੇਸ ਦੀ ਏਕਤਾ ਨੂੰ ਖਤਰਾ ਖੜਾ ਹੋਣ ਲੱਗ ਪਿਆ ਹੈ।

ਅੰਗਰੇਜ਼ੀ ਰਾਜ ਸਮੇਂ ਜਿਉਂਦੇ ਰੱਖੇ ਗਏ ਰਾਜੇ ਅਤੇ ਨਵਾਬ ਉਹਨਾਂ ਦੀ ਲੋੜ ਸਨ ਦੇਸ ਨੂੰ ਪਾਟੋਧਾੜ ਕਰਕੇ ਰਾਜ ਕਰਨ ਲਈ ਪਰ ਦੇਸ ਦੀ ਅਜ਼ਾਦੀ ਤੋਂ ਬਾਅਦ ਤਾਂ ਦੇਸ ਨੂੰ ਵਿਸਾਲ ਅਤੇ ਮਜ਼ਬੂਤੀ ਦੇਣ ਲਈ ਦੇਸ ਨੂੰ ਇੱਕ ਧਾਗੇ ਵਿੱਚ ਪਰੋਣ ਲਈ ਇਹਨਾਂ ਛੋਟੇ ਰਾਜਾਂ ਦਾ ਖਾਤਮਾ ਜ਼ਰੂਰੀ ਸੀ, ਜੋ ਕੀਤਾ ਗਿਆ ਸੀ। ਦੇਸ ਨੇ ਇਸ ਨਾਲ ਤਰੱਕੀ ਵੀ ਕੀਤੀ ਸੀ, ਪਰ ਵਰਤਮਾਨ ਕਮਜੋਰ ਸਰਕਾਰਾਂ ਫਿਰ ਅੰਗਰੇਜ਼ ਸਾਮਰਾਜ ਦੀਆਂ ਨੀਤੀਆਂ ਵੱਲ ਮੁੜ ਚੱਲੇ ਹਨ, ਜੋ ਸੂਬਾ ਸਰਕਾਰਾਂ ਨੂੰ ਮਨਮਾਨੀ ਕਰਨ ਦੀਆਂ ਖੁਲਾਂ ਦੇ ਰਹੇ ਹਨ।

ਜੇ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਦੇਸ ਦੁਬਾਰਾ ਪਾਟੋਧਾੜ ਹੋਣ ਵੱਲ ਵੱਧਣ ਲੱਗੇਗਾ। ਜੇ ਅੱਜ ਦੇਸ ਦੀ ਅਫਸਰ ਸ਼ਾਹੀ ਹੀ ਗੁਲਾਮਾਂ ਵਾਲੀ ਸਥਿਤੀ ਵਿੱਚ ਆ ਗਈ ਤਾਂ ਸਿਆਸਤਦਾਨ ਲੋਕਤੰਤਰੀ ਨੇਤਾ ਦੀ ਥਾਂ ਤਾਨਾਸ਼ਾਹ ਬਣ ਬੈਠਣਗੇ। ਰਾਜਨੀਤਕਾਂ ਦੇ ਹੌਂਸਲੇ ਏਨੇ ਵੱਧ ਚੁੱਕੇ ਹਨ ਕਿ ਕਾਨੂੰਨ ਹੁਣ ਉਹਨਾਂ ਦੀ ਜੇਬ ਅਤੇ ਮੂੰਹ ਵਿੱਚ ਬੋਲਦਾ ਹੈ। ਵਿਧਾਨ ਸਭਾਵਾਂ ਵਿੱਚ ਪਹੁੰਚੇ ਲੋਕ ਗੂੰਗੇ ਪਹਿਲਵਾਨ ਸਿੱਧ ਹੋ ਰਹੇ ਹਨ । ਦੇਸ ਦੀ ਜਨਤਾ ਨੂੰ ਵੀ ਭਰਿਸਟ ਕਰਨ ਦੇ ਤਰੀਕੇ ਖੋਜੇ ਜਾ ਰਹੇ ਹਨ ਹੁਣ ਦੇਸ ਦੇ ਗਰੀਬ ਲੋਕਾਂ ਨੂੰ ਰੁਜ਼ਗਾਰ ਦੀ ਥਾਂ ਰਿਆਇਤਾਂ ਦੇ ਸਬਜ਼ਬਾਗ ਦਿਖਾਏ ਜਾ ਰਹੇ ਹਨ। ਅਫਸਰ ਸ਼ਾਹੀ ਵੀ ਰਾਜਨੀਤਕਾਂ ਦੇ ਸਬਜ਼ਬਾਗ ਵਿੱਚੋਂ ਕੁਰਸੀ ਦਾ ਫਲ ਤੋੜਨ ਲਈ ਆਪਣੇ ਕਿਰਦਾਰ ਅਤੇ ਫਰਜ਼ ਤੋਂ ਮੁੱਖ ਮੋੜਨ ਨੂੰ ਪਹਿਲ ਦੇ ਰਹੀ ਹੈ।  ਭਰਿਸਟਾਚਾਰੀਆਂ ਅਤੇ ਅਦਾਲਤਾਂ ਦੁਆਰਾਂ ਦੋਸ਼ੀ ਠਹਿਰਾਏ ਗਏ ਮੁਜ਼ਰਮ ਰਾਜਨੀਤਕਾਂ ਨੂੰ ਸਰਕਾਰਾਂ ਤੋਂ ਬੇਦਖਲ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਾਣਕਾਰੀ ਲੈਣ ਦੇ ਆਰ ਟੀ ਆਈ ਘੇਰੇ ਤੋਂ ਵੀ ਆਪਣੇ ਆਪ ਨੂੰ ਬਾਹਰ ਕਰ ਲਿਆ ਹੈ। ਰਾਜਨੀਤਕ ਲੋਕ ਅਦਾਲਤੀ ਦੋਸ਼ੀਆਂ ਨੂੰ ਵੀ ਚੋਣਾਂ ਲੜਾਉਣਾ ਚਾਹੁੰਦੇ ਹਨ, ਜਿਸ ਲਈ ਕਦੇ ਵੀ ਉਹ ਸੰਵਿਧਾਨਿਕ ਸੋਧ ਪਾਸ ਕਰ ਸਕਦੇ ਹਨ । ਜੇ ਇਸ ਤਰਾਂ ਹੀ ਚੱਲਦਾ ਰਿਹਾ ਦੇਸ ਇੱਕ ਦਿਨ ਕਾਲੇ ਦੌਰ ਵਿੱਚ ਚਲਾ ਜਾਵੇਗਾ, ਜਿਸ ਤੇ ਬੇਈਮਾਨ ਅਤੇ ਭਰਿਸਟ ਰਾਜਨੀਤਕਾਂ ਦਾ ਕਬਜ਼ਾ ਹੋਵੇਗਾ।
                          
ਦੇਸ ਦਾ ਵਰਤਮਾਨ ਸੈਂਟਰ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਦੀ ਮੰਗ ਕਰਦਾ ਹੈ, ਜੋ ਕਿ ਕਿਸੇ ਵਿਚਾਰਧਾਰਾ ਦਾ ਪਾਬੰਦ ਹੋਣਾ ਚਾਹੀਦਾ ਹੈ ਨਾ ਕਿ ਖੇਤਰੀ ਨੇਤਾਵਾਂ ਦਾ। ਦੇਸ ਵਿੱਚ ਏਕਤਾ ਰੱਖਣ ਲਈ ਅਣਗਿਣਤ ਰਾਜਨੀਤਕ ਪਾਰਟੀਆਂ ਬਣਾਉਣ ਤੇ ਵੀ ਰੋਕ ਲੱਗਣੀ ਜ਼ਰੂਰੀ ਹੈ । ਕੋਈ ਵੀ ਕਿਸੇ ਵਿਸ਼ੇਸ਼ ਇਲਾਕੇ ਜਾਂ ਵਿਸੇਸ ਸਮੂਹ ਦਾ ਆਗੂ ਬਣਕੇ ਆਪਣੀ ਰਾਜਨੀਤਕ ਪਾਰਟੀ ਬਣਾ ਲੈਂਦਾ ਹੈ, ਜੋ ਬਅਦ ਵਿੱਚ ਜੇ ਤਾਕਤ ਦਾ ਹਿੱਸੇਦਾਰ ਬਣ ਜਾਂਦਾ ਹੈ ਤਦ ਉਹ ਦੇਸ ਦੀ ਥਾਂ ਆਪੋ ਆਪਣੇ ਫਿਰਕੇ ਦੇ ਹਿੱਤ ਸੋਚਦਾ ਹੈ ।

ਫਿਰਕੇ ਅਤੇ ਇਲਾਕਾਈ ਨੇਤਾ ਦੇਸ ਲਈ ਘਾਤਕ ਸਿੱਧ ਹੋ ਰਹੇ ਹਨ। ਇਸ ਤਰ੍ਹਾਂ ਦੇ ਨੇਤਾ ਹੀ ਸੈਂਟਰ ਸਰਕਾਰ ਦੇ ਲਈ ਕੰਮ ਕਰਨ ਵਾਲੀ ਅਫਸਰ ਸ਼ਾਹੀ ਨੂੰ ਕਮਜੋਰ ਕਰਦੇ ਹਨ। ਜੇ ਦੇਸ ਦੀ ਅਫਸਰ ਸ਼ਾਹੀ ਨੂੰ ਸੈਂਟਰ ਸਰਕਾਰ ਸਹਇਤਾ ਕਰਨ ਦੇ ਸਮੱਰਥ ਨਹੀਂ ਹੋਵੇਗੀ ਤਦ ਦੇਸ ਦਾ ਧੁਰਾ ਭਾਵ ਸੈਂਟਰ  ਸਰਕਾਰ ਵੀ ਕਮਜ਼ੋਰ ਹੋ ਜਾਵੇਗੀ, ਜਿਸ ਨਾਲ ਇਲਾਕਾਈ ਨੇਤਾ ਆਪਣੀਆਂ ਮਨਮਾਨੀਆਂ ਹੋਰ ਜ਼ਿਆਦਾ ਕਰਨਗੇ । ਇਸ ਪਰਵਿਰਤੀ ਨੂੰ ਰੋਕਣਾ ਬਹੁਤ ਹੀ ਜ਼ਰੂਰੀ ਹੈ। ਦੇਸ ਨੂੰ ਲੋਕਤੰਤਰੀ ਤਰੀਕੇ ਨਾਲ ਚਲਾਉਣ ਲਈ ਅਤੇ ਲੋਕਤੰਤਰ ਬਚਾਉਣ ਲਈ  ਅਫਸਰਸਾਹੀ ਨੂੰ ਕੰਮ ਕਰਨ ਦਾ ਅਜ਼ਾਦ ਮਾਹੌਲ ਮੁਹੱਈਆ ਕਰਵਾਉਣਾ ਅਤਿ ਜ਼ਰੂਰੀ ਹੇ।

ਸੰਪਰਕ: +91 941772 7245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ