Sun, 08 September 2024
Your Visitor Number :-   7219705
SuhisaverSuhisaver Suhisaver

ਅਸਲ ਮੁੱਦਾ ਸਾਮਰਾਜੀ ਸਭਿਆਚਾਰਕ ਹਮਲੇ ਤੋਂ ਆਪਣੀਆਂ ਕਦਰਾਂ ਕੀਮਤਾਂ ਬਚਾਉਣਾ -ਡਾ. ਸਵਰਾਜ ਸਿੰਘ

Posted on:- 16-07-2015

suhisaver

ਮੈਨੂੰ ਕਈ ਵਾਰ ਕਿਸੇ ਨਾ ਕਿਸੇ ਰੂਪ ਵਿਚ ਅਖੌਤੀ ਅਤੇ ਸਾਬਕਾ ਖੱਬੇਪੱਖੀਆਂ ਕੋਲੋਂ ਇਹ ਸੁਣਨਾ ਪੈਂਦਾ ਹੈ ਕਿ ਚੀਨ ਨੇ ਮਾਰਕਸਵਾਦ ਤਿਆਗ ਦਿੱਤਾ ਹੈ ਅਤੇ ਅਮਰੀਕਾ ਦੀ ਥਾਂ ’ਤੇ ਚੀਨ ਹੁਣ ਸੰਸਾਰ ਤੇ ਆਪਣੀ ਪ੍ਰਬਲਤਾ ਕਾਇਮ ਕਰਨੀ ਚਾਹੁੰਦਾ ਹੈ। ਮੈਨੂੰ ਪੰਜਾਬੀ ਦੀ ਇਹ ਕਹਾਵਤ ਯਾਦ ਆ ਜਾਂਦੀ ਹੈ ‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’ ਜਿਸ ਵਿਚ ਇੰਨੇ ਛੇਦ। ਖੱਬੇਪੱਖੀ ਵਿਚਾਰਧਾਰਾ ਮਾਰਕਸਵਾਦ ਅਤੇ ਸਮਾਜਵਾਦ ਦਾ ਉਹ ਮੁਲਾਂਕਣ ਕਰ ਰਹੇ ਹਨ, ਜੋ ਆਮ ਪੂਰੀ ਤਰ੍ਹਾਂ ਪੱਛਮੀ ਸਾਮਰਾਜ ਅਤੇ ਖ਼ਾਸਕਰ ਅਮਰੀਕੀ ਸਾਮਰਾਜ ਦੀ ਝੋਲੀ ਵਿਚ ਪੂਰੀ ਤਰ੍ਹਾਂ ਡਿੱਗ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਪੱਛਮੀ ਸਾਮਰਾਜੀ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਉਪਲਬਧ ਕਰਵਾਈਆਂ ਗਈਆਂ ਸੁਖ-ਸਹੂਲਤਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕੇ ਅਤੇ ਇਹ ਵੀ ਨਹੀਂ ਸੋਚਦੇ ਕਿ ਅੱਜ ਪੱਛਮੀ ਸਾਮਰਾਜੀ ਦੇਸ਼ਾਂ ਦੀ ਖੁਸ਼ਹਾਲੀ ਦਾ ਮੁੱਖ ਕਾਰਨ ਤੀਸਰੇ ਸੰਸਾਰ ਦੇ ਦੇਸ਼ਾਂ ਦੀ ਲੁੱਟ ਹੈ, ਪੱਛਮੀ ਸਾਮਰਾਜੀ ਦੇਸ਼ ਤੀਸਰੇ ਸੰਸਾਰ ਦੇ ਵਸੀਲਿਆਂ ਨੂੰ ਕੌਡੀਆਂ ਦੇ ਭਾਅ ਖਰੀਦਦੇ ਹਨ ਅਤੇ ਸਾਮਰਾਜੀ ਦੇਸ਼ਾਂ ਅਤੇ ਤੀਸਰੇ ਸੰਸਾਰ ਦੇ ਦੇਸ਼ਾਂ ਵਿਚ ਵਟਾਂਦਰਾ ਨਾ ਬਰਾਬਰੀ ਦੇ ਆਧਾਰ ’ਤੇ ਹੋ ਰਿਹਾ ਹੈ।

ਉਦਾਹਰਣ ਵਜੋਂ ਭਾਰਤੀ ਰੁਪਈਆਂ ਦੀ ਅਮਰੀਕੀ ਡਾਲਰ ਅਤੇ ਬਿ੍ਰਟਿਸ਼ ਪੌਂਡ ਨਾਲ ਵਟਦਾਰੇ ਦੀ ਦਰ ਦੇਖੀ ਜਾ ਸਕਦੀ ਹੈ। ਪੰਜਾਹਵਿਆਂ ਦੇ ਦਹਾਕੇ ਵਿਚ ਇਕ ਡਾਲਰ ਅਤੇ ਇਕ ਰੁਪਇਆ ਬਰਾਬਰ ਸਨ। ਅੱਜ ਇਕ ਡਾਲਰ ਦੇ 64 ਰੁਪਏ ਬਣਦੇ ਹਨ, ਹੁਣ ਅੰਦਾਜ਼ਾ ਲਾਓ ਕਿ ਜੇ ਅੱਜ ਵੀ ਇਕ ਡਾਲਰ ਤੇ ਰੁਪਇਆ ਬਰਾਬਰ ਹੋਣ ਤਾਂ ਕੀ ਕੋਈ ਵੀ ਭਾਰਤੀ ਅਮਰੀਕਾ ਜਾਏਗਾ? ਅੱਜ ਭਾਰਤ ਵਿਚ ਘੱਟ ਤੋਂ ਘੱਟ ਮਜ਼ਦੂਰੀ ਲਗਭਗ 300 ਰੁਪਏ ਰੋਜ਼ਾਨਾ ਹੈ।

ਅਮਰੀਕਾ ਵਿਚ 300 ਡਾਲਰ ਇਕ ਦਿਨ ਦੀ ਆਮਦਨ ਬਹੁਤ ਵਧੀਆ ਸਮਝੀ ਜਾਂਦੀ ਹੈ। ਮੈਂ ਭਾਵੇਂ ਪੰਜਾਬੀਆਂ ਨੂੰ ਕਈ ਵਾਰੀ 5 ਤੋਂ 6 ਡਾਲਰ ਘੰਟੇ ’ਤੇ ਵੀ ਕੰਮ ਕਰਦੇ ਦੇਖਿਆ ਹੈ, ਜਦੋਂਕਿ ਘੱਟੋ-ਘੱਟ ਉਜਰਤ 8 ਤੋਂ 9 ਡਾਲਰ ਘੰਟਾ ਹੈ। ਅਮਰੀਕਾ ਦੇ ਫਾਰਮਾਂ ਵਿਚ ਕਈ ਵਾਰ ਗੈਰ-ਕਾਨੂੰਨੀ ਤੌਰ ’ਤੇ ਆਏ ਮੈਕਸੀਨ ਕਾਮੇ 5-6 ਡਾਲਰ ਦੇ ਘੰਟੇ ’ਤੇ ਕੰਮ ਕਰ ਲੈਂਦੇ ਹਨ। ਜ਼ਾਹਿਰ ਹੈ ਕਿ ਦਿਹਾੜੀ ਵਿਚ 50 ਡਾਲਰ ਵੀ ਮੁਸ਼ਕਲ ਨਾਲ ਬਣਦੇ ਹਨ। 17ਵੀਂ ਸਦੀ ਵਿਚ ਸ਼ਾਹਜਹਾਂ ਦੇ ਰਾਜ ਵਿਚ ਇਕ ਰੁਪਏ ਦੀ ਕੀਮਤ ਇਕ ਪੌਂਡ ਨਾਲੋਂ ਜ਼ਿਆਦਾ ਸੀ, ਜੋ ਅੱਜ ਲਗਭਗ 100 ਰੁਪਏ ਦਾ ਹੈ।

ਇਹ ਲੋਕ ਨਾ ਵਿਤਕਰਾ ਅਤੇ ਧੱਕਾ ਦੇਖ ਰਹੇ ਹਨ, ਸਗੋਂ ਕਈ ਤਾਂ ਅਮਰੀਕੀ ਸਾਮਰਾਜ ਦੇ ਜਬਰ ਅਤੇ ਨੰਗੇ ਹਮਲਿਆਂ ਜਿਵੇਂ ਅਫਗਾਨਿਸਤਾਨ, ਇਰਾਕ, ਅਤੇ ਲਿਬੀਆ ਆਦਿ ਨੂੰ ਵੀ ਜਾਇਜ਼ ਠਹਿਰਾਉਂਦੇ ਹਨ। ਇੰਨਾ ਹੀ ਨਹੀਂ, ਕਈ ਤਾਂ ਅਮਰੀਕੀ ਸਾਮਰਾਜ ਜੋ ਅੱਜ ਵੱਖ ਵੱਖ ਸਭਿਆਚਾਰਾਂ ਅਤੇ ਕੌਮਾਂ ਦੀ ਵਿਲੱਖਣਤਾ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਹਮਲਾਵਰ ਰੁਖ ਅਪਣਾ ਰਿਹਾ ਹੈ, ਤੋਂ ਆਪਣੇ ਕੌਮੀ ਮੁਕਤੀ ਦੇ ਸੰਘਰਸ਼ ਵਿਚ ਸਹਾਇਤਾ ਦੀ ਵੀ ਉਮੀਦ ਲਾਈ ਬੈਠ ਨੇ। ਜਦੋਂ ਅਜਿਹੇ ਲੋਕ ਚੀਨ ਦੀ ਇਸ ਕਰਕੇ ਨੁਕਾਤਚੀਨੀ ਕਰਦੇ ਹਨ ਕਿ ਉਸ ਨੇ ਮਾਰਕਸਵਾਦ, ਸਮਾਜਵਾਦ ਅਤੇ ਇਨਕਲਾਬ ਨੂੰ ਤਿਲਾਂਜਲੀ ਦੇ ਕੇ ਸਰਮਾਏਦਾਰੀ ਵਿਵਸਥਾ ਪੂਰੀ ਤਰ੍ਹਾਂ ਅਪਣਾ ਲਈ ਹੈ ਅਤੇ ਉਹ ਹੁਣ ਸੰਸਾਰ ਤੇ ਆਪਣੀ ਸਾਮਰਾਜੀ ਹਕੂਮਤ ਕਾਇਮ ਕਰਨਾ ਚਾਹੁੰਦਾ ਹੈ ਤਾਂ ਇਹ ਪਾਖੰਡੀ, ਦੰਭੀ ਅਤੇ ਹਾਸੋਹੀਣਾ ਸਟੈਂਡ ਹੀ ਨਜ਼ਰ ਆਉਂਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਚੀਨ ਦੇ ਵਿਰੁੱਧ ਅਜਿਹਾ ਪ੍ਰਾਪੇਗੰਡਾ ਸਭ ਤੋਂ ਵੱਧ ਅਮਰੀਕੀ ਅਤੇ ਪੱਛਮੀ ਸਾਮਰਾਜੀਆਂ ਵੱਲੋਂ ਹੋ ਰਿਹਾ ਹੈ, ਜ਼ਾਹਿਰ ਹੈ ਕਿ ਚੀਨ ’ਤੇ ਅਜਿਹੇ ਦੋਸ਼ ਲਾ ਕੇ ਸਾਡੇ ਇਹ ਅਖੌਤੀ ਅਤੇ ਸਾਬਕਾ ਖੱਬੇਪੱਖੀ ਅਮਰੀਕੀ ਅਤੇ ਪੱਛਮੀ ਸਾਮਰਾਜੀਆਂ ਦੇ ਖੇਮੇ ਵਿਚ ਹੀ ਜਾ ਖੜ੍ਹਦੇ ਹਨ। ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਕਿਸੇ ਵੀ ਲਹਿਰ ਨੂੰ ਖਤਮ ਕਰਨ ਲਈ ਸਰਕਾਰਾਂ ਉਸ ਵਿਚ ਅਤਿਵਾਦੀ ਅੰਸ਼ਾਂ ਅਤੇ ਜਨੂੰਨੀ ਅੰਸ਼ਾਂ ਨੂੰ ਭੜਕਾਉਂਦੀਆਂ ਹਨ। ਪਰ ਅਮਰੀਕੀ ਅਤੇ ਪੱਛਮੀ ਸਾਮਰਾਜੀਆਂ ਨੇ ਇਸ ਖੇਤਰ ਵਿਚ ਵੱਡੀ ਮੁਹਾਰਤ ਹਾਸਲ ਕੀਤੀ ਹੈ। ਜਿੱਥੇ ਕਈ ਤੀਸਰੇ ਸੰਸਾਰ ਦੇ ਦੇਸ਼ਾਂ ਦੀਆਂ ਸਰਕਾਰਾਂ ਸਿੱਧੇ ਅਤੇ ਖੁੱਲ੍ਹੇ ਤੌਰ ’ਤੇ ਸਰਕਾਰੀ ਪੱਖ ਲਾਗੂ ਕਰਨ ਦੇ ਯਤਨ ਕਰਦੀਆਂ ਹਨ, ਉਥੇ ਪੱਛਮੀ ਸਰਮਾਏਦਾਰੀ ਦੇਸ਼ਾਂ ਵਿਚ ਕਈ ਵਾਰੀ ਸਰਕਾਰਾਂ ਆਪਣੇ ਵਿਰੋਧੀਆਂ ਬਾਰੇ ਭਰਮ-ਭੁਲੇਖੇ ਪਾਉਂਦੀਆਂ ਹਨ ਅਤੇ ਉਨ੍ਹਾਂ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਂਦੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਚੀਨ ਮਾਰਕਸਵਾਦ ਅਤੇ ਸਮਾਜਵਾਦ ਨੂੰ ਤਿਲਾਂਜਲੀ ਦੇ ਰਿਹਾ ਹੈ, ਇਸ ਦੀ ਚਿੰਤਾ ਅਮਰੀਕੀ ਅਤੇ ਪੱਛਮੀ ਸਾਮਰਾਜੀਆਂ ਨੂੰ ਕਿਉਂ ਹੋ ਰਹੀ ਹੈ, ਕੀ ਉਹ ਸੱਚਮੁੱਚ ਇਹ ਚਾਹੁੰਦੇ ਹਨ ਕਿ ਚੀਨ ਮਾਰਕਸਵਾਦ, ਸਮਾਜਵਾਦ ਅਤੇ ਇਨਕਲਾਬੀ ਰਾਹ ’ਤੇ ਕਾਇਮ ਰਹੇ? ਇਸ ਵਿਚ ਅਮਰੀਕੀ ਅਤੇ ਪੱਛਮੀ ਸਾਮਰਾਜੀਆਂ ਦਾ ਕੀ ਲਾਭ ਹੈ। ਜ਼ਾਹਿਰ ਹੈ ਕਿ ਉਨ੍ਹਾਂ ਦਾ ਮੰਤਵ ਸਿਰਫ਼ ਚੀਨ ਬਾਰੇ ਭਰਮ-ਭੁਲੇਖੇ ਪਾਉਣੇ ਅਤੇ ਉਸ ਦੀ ਭਰੋੋਸੇਯੋਗਤਾ ਨੂੰ ਖੋਰਾ ਲਾਉਣ ਤੱਕ ਹੀ ਸੀਮਤ ਹੈ।

ਅੱਜ ਮੁੱਖ ਸਵਾਲ ਅਤੇ ਚੁਣੌਤੀ ਇਹ ਨਹੀਂ ਹੈ ਕਿ ਚੀਨ ਮਾਰਕਸਵਾਦੀ, ਸਮਾਜਵਾਦੀ ਜਾਂ ਇਨਕਲਾਬੀ ਹੈ ਜਾਂ ਨਹੀਂ, ਸਗੋਂ ਇਹ ਹੈ ਕਿ ਆਪਣੇ ਸਭਿਆਚਾਰਕ, ਕਦਰਾਂ-ਕੀਮਤਾਂ ਅਤੇ ਵਿਲੱਖਣ ਹੋਂਦ ਨੂੰ ਅਮਰੀਕੀ ਅਤੇ ਪੱਛਮੀ ਸਾਮਰਾਜੀਆਂ ਦੇ ਹਮਲੇ ਤੋਂ ਕਿਵੇਂ ਬਚਾਇਆ ਜਾਵੇ। ਅਜੋਕੇ ਯੁੱਗ ਦੀ ਮੁੱਖ ਵਿਰੋਧਤਾਈ ਸੰਸਾਰ ਦੇ ਲੋਕਾਂ ਅਤੇ ਅਮਰੀਕੀ ਸਾਮਰਾਜ ਵਿਚ ਹੈ, ਸੰਸਾਰ ਦੇ ਲੋਕ ਆਪਣਾ ਵਿਲੱਖਣ ਜੀਵਨ ਢੰਗ ਅਤੇ ਆਪਣੀ ਸੁਤੰਤਰ ਹੋਂਦ ਨੂੰ ਬਚਾਉਣਾ ਚਾਹੁੰਦੇ ਹਨ ਜਦੋਂ ਕਿ ਅਮਰੀਕੀ ਅਤੇ ਪੱਛਮੀ ਸਾਮਰਾਜੀ ਇਸ ਨੂੰ ਖਤਮ ਕਰਨਾ ਚਾਹੰੁਦੇ ਹਨ। ਜਦੋਂ ਸਰਮਾਏਦਾਰੀ ਵਿਵਸਥਾ ਸਾਮਰਾਜੀ ਵਿਵਸਥਾ ਵਿਚ ਬਦਲ ਗਈ ਹੈ ਤਾਂ ਮੁੱਖ ਵਿਰੋਧਤਾਈ ਕੌਮੀ ਹੋ ਗਈ ਜਾਂ ਇਸ ਤਰ੍ਹਾਂ ਕਹਿ ਲਓ ਕਿ ਕੌਮੀ ਮੁਕਤੀ ਦਾ ਸੰਘਰਸ਼ ਹੀ ਜਮਾਤੀ ਸੰਘਰਸ਼ ਬਣ ਗਿਆ, ਕਿਉਂਕਿ ਸਾਮਰਾਜ ਦਾ ਹਮਲਾ ਮੁੱਖ ਤੌਰ ’ਤੇ ਆਰਥਿਕ ਹਮਲਾ ਸੀ। ਪਰ ਜਦੋਂ ਸਾਮਰਾਜੀ ਵਿਵਸਥਾ ਸੰਸਾਰੀਕਰਨ ਵਿਚ ਬਦਲ ਗਈ ਤਾਂ ਆਰਥਿਕ ਹਮਲੇ ਦੇ ਨਾਲ-ਨਾਲ ਸਭਿਆਚਾਰਕ ਹਮਲਾ ਵੀ ਤਿੱਖਾ ਹੋ ਗਿਆ ਅਤੇ ਇਹ ਕਹਿਣਾ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਸੰਸਾਰੀਕਰਨ ਵਿਚ ਸਭਿਆਚਾਰਕ ਹਮਲਾ ਸਾਮਰਾਜੀ ਹਮਲੇ ਦਾ ਮੁੱਖ ਪੱਖ ਬਣ ਗਿਆ। ਸਾਮਰਾਜੀਆਂ ਨੇ ਇਹ ਸਮਝ ਲਿਆ ਸੀ ਕਿ ਜਿੰਨਾ ਚਿਰ ਅਸੀਂ ਦੂਜੇ ਸਭਿਆਚਾਰਾਂ ਦੀ ਵਿਲੱਖਣਤਾ ਨੂੰ ਖਤਮ ਨਹੀਂ ਕਰਦੇ, ਓਨੀ ਦੇਰ ਉਹ ਸਾਡੇ ਆਰਥਿਕ ਹਮਲੇ ਵਿਰੁੱਧ ਸੰਘਰਸ਼ ਕਰਦੇ ਰਹਿਣਗੇ। ਇਕ ਵਾਰੀ ਜੇ ਉਨ੍ਹਾਂ ਦਾ ਵੱਖਰਾ ਸਭਿਆਚਾਰ ਅਤੇ ਕਦਰਾਂ-ਕੀਮਤਾਂ ਖਤਮ ਕਰ ਦਿਓ ਤਾਂ ਆਰਥਿਕ ਤੌਰ ’ਤੇ ਗੁਲਾਮ ਮਾਨਸਿਕਤਾ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਉਦਾਹਰਣ ਵਜੋਂ ਅਮਰੀਕੀ ਫਾਸਟ ਫੂਡ ਚੇਨਜ਼ ਦੀ ਭਾਰਤ ਤੇ ਜਕੜ ਨੂੰ ਦੇਖੋ, ਸਾਡੀ ਨਵੀਂ ਪੀੜ੍ਹੀ ਦੇ ਸਭਿਆਚਾਰਕ ਪੱਛਮੀਕਰਨ ਨਾਲ ਅਮਰੀਕੀ ਫਾਸਟ ਫੂਡ ਚੇਨਾਂ ਲਈ ਮੰਡੀ ਆਪਣੇ ਆਪ ਖੁੱਲ੍ਹ ਗਈ। ਪਿਛਲੇ ਹਫ਼ਤੇ ਅਸੀਂ ਦਿੱਲੀ ਵਿਚ ਕਨਾਟ ਪੈਲੇਸ ਵਿਚ ਨਵੇਂ ਖੁੱਲ੍ਹੇ ਬਰਗਰ ਕਿੰਗ ਫਾਸਟ ਫੂਡ ਰੈਸਟੋਰੈਂਟ ਵਿਚ ਲੱਗੀਆਂ ਭੀੜਾਂ ਦੇਖੀਆਂ, ਕਿਸੇ ਵੇਲੇ ਬਚਪਨ ਵਿਚ ਮੈਂ ਪਟਿਆਲੇ ਦੇ ਸਿਨਮਾ ਘਰਾਂ ਵਿਚ ਨਵੀਂ ਫਿਲਮ ਲੱਗਣ ਵੇਲੇ ਜੋ ਭੀੜ ਦੇਖਦਾ ਸੀ, ਉਹ ਹੀ ਉਥੇ ਨਜ਼ਰ ਆਈ। ਕੋਈ ਵੀ ਸਰਵੇਖਣ ਇਸ ਤੱਥ ਦੀ ਪੁਸ਼ਟੀ ਕਰ ਦਵੇਗਾ ਕਿ ਸਭਿਆਚਾਰਕ ਅਤੇ ਆਰਥਿਕ ਹਮਲਾ ਨਾਲ-ਨਾਲ ਚੱਲਦੇ ਹਨ।

ਜੇ ਤੁਸੀਂ ਸੱਚਮੁੱਚ ਖੱਬੇਪੱਖੀ ਵਿਚਾਰਧਾਰਾ ਜਾਂ ਮਾਰਕਸਵਾਦ ਪ੍ਰਤੀ ਸੁਹਿਰਦ ਤੇ ਸਮਰਪਿਤ ਹੋ ਤਾਂ ਤੁਸੀਂ ਇਸ ਗੱਲ ਲਈ ਘੱਟ ਚਿੰਤਤ ਹੋਵੇਗਾ ਕਿ ਚੀਨ ਵਿਚ ਮਾਰਕਸਵਾਦ ਸਮਾਜਵਾਦ ਕਾਇਮ ਹੈ ਜਾਂ ਨਹੀਂ, ਤੁਹਾਡੀ ਵੱਡੀ ਚਿੰਤਾ ਇਹ ਹੋਵੇਗੀ ਕਿ ਕਿਵੇਂ ਆਪਣੇ ਸਭਿਆਚਾਰਕ, ਕਦਰਾਂ ਕੀਮਤਾਂ ਅਤੇ ਜੀਵਨ ਢੰਗ ਨੂੰ ਅਮਰੀਕੀ ਸਾਮਰਾਜੀ ਗੁਲਾਮੀ ਤੋਂ ਬਚਾਇਆ ਜਾਵੇ, ਤਾਂ ਤੁਹਾਨੂੰ ਉਹ ਗੱਲਾਂ ਵੀ ਸਮਝ ਆਉਣ ਲੱਗ ਪੈਣਗੀਆਂ, ਜਿਨ੍ਹਾਂ ਨੂੰ ਤੁਸੀਂ ਫਜ਼ੂਲ ਹੀ ਸਮਝਦੇ ਹੋ। ਉਦਾਹਰਣ ਵਜੋਂ ਪੰਜਾਬੀਆਂ ਵਿਚ ਤੇ ਖ਼ਾਸ ਕਰਕੇ ਜੱਟ ਸਿੱਖ ਭਾਈਚਾਰੇ ਵਿਚ ਵੱਡੇ ਪੱਧਰ ’ਤੇ (90 ਤੋਂ 95 ਫੀਸਦੀ) ਨੌਜਵਾਨਾਂ ਵਿਚ ਸਰੂਪ ਅਤੇ ਪੱਗਾਂ ਦਾ ਅਲੋਪ ਹੋਣਾ ਆਪਣੇ ਨਾਵਾਂ ਵਿਚੋਂ ਸਿੰਘ ਅਤੇ ਕੌਰ ਦੀ ਵਰਤੋਂ ਛੱਡ ਕੇ ਆਪਣੇ ਗੋਤ ਦੀ ਵਰਤੋਂ ਕਰਨਾ ਅਤੇ ਆਪਣੀਆਂ ਕਾਰਾਂ ਮੋਟਰਸਾਈਕਲਾਂ ਆਦਿ ’ਤੇ ਆਪਣਾ ਗੋਤ ਲਿਖਵਾਉਣ ਦਾ ਰਿਵਾਜ ਸਭ ਅਸਲ ਵਿਚ ਅਮਰੀਕੀ ਅਤੇ ਪੱਛਮੀ ਸਾਮਰਾਜੀ ਸਭਿਆਚਾਰਕ ਹਮਲੇ ਦਾ ਹੀ ਨਤੀਜਾ ਹਨ। ਅਸੀਂ ਉਨ੍ਹਾਂ ਨੂੰ ਸਿਰਫ਼ ਧਾਰਮਿਕ ਅਤੇ ਫਿਰਕੂ ਮਸਲੇ ਸਮਝ ਕੇ ਪੱਲਾ ਝਾੜ ਲੈਂਦੇ ਹਾਂ ਅਤੇ ਪੰਜਾਬੀਆਂ ਵਿਚ ਵਧ ਰਹੀ ਸਭਿਆਚਾਰਕ ਗੁਲਾਮੀ ਦੀ ਥਾਂ ’ਤੇ ਇਸ ਗੱਲ ਲਈ ਜ਼ਿਆਦਾ ਚਿੰਤਤ ਹਾਂ ਕਿ ਚੀਨ ਵਿਚ ਮਾਰਕਸਵਾਦ, ਸਮਾਜਵਾਦ ਅਤੇ ਇਨਕਲਾਬ ਕਾਇਮ ਹਨ ਜਾਂ ਨਹੀਂ। ਜੇ ਸਾਨੂੰ ਸਾਮਰਾਜ ਦੇ ਅਜੋਕੇ ਵਿਕਸਿਤ ਰੂਪ ਸੰਸਾਰੀਕਰਨ ਦੀ ਚੰਗੀ ਤਰ੍ਹਾਂ ਸਮਝ ਆ ਜਾਏ ਤਾਂ ਸਾਡਾ ਨਜ਼ਰੀਆ ਬਦਲ ਸਕਦਾ ਹੈ। ਫਿਰ ਸਾਨੂੰ ਇਹ ਗੱਲ ਸਝ ਆ ਜਾਏਗੀ ਕਿ ਅੱਜ ਜੋ ਵੀ ਸ਼ਕਤੀਆਂ ਆਪਣਾ ਸਭਿਆਚਾਰ ਆਪਣੀਆਂ ਕਦਰਾਂ ਕੀਮਤਾਂ ਅਤੇ ਆਪਣਾ ਜੀਵਨ ਢੰਗ ਬਚਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਉਹ ਹਾਂ ਪੱਖੀ ਭੂਮਿਕਾ ਨਿਭਾਅ ਰਹੀਆਂ ਹਨ। ਇਨ੍ਹਾਂ ਵਿਚ ਭਾਵੇਂ ਚੀਨ, ਰੂਸ ਜਾਂ ਇਸਲਾਮਿਕ ਦੇਸ਼ ਹੋਣ, ਭਾਰਤ ਵਿਚ ਵੀ ਜੇ ਹਿੰਦੂ, ਮੁਸਲਮਾਨ ਜਾਂ ਸਿੱਖ ਆਪਣੀ ਵੱਖਰੀ ਪਹਿਚਾਣ ਬਚਾਉਣ ਲਈ ਸੰਘਰਸ ਕਰਦੇ ਹਨ ਤਾਂ ਉਸ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ। ਸਾਮਰਾਜੀ ਸ਼ਕਤੀਆਂ ਇਨ੍ਹਾਂ ਸੰਘਰਸ਼ਾਂ ਨੂੰ ਭੰਬਲਭੂਸੇ ਵਿਚ ਪਾ ਕੇ ਕੱਟੜਵਾਦ ਅਤੇ ਜਨੂੰਨ ਨੂੰ ਦੂਜਿਆਂ ਦੇ ਸਭਿਆਚਾਰ ਅਤੇ ਕਦਰਾਂ-ਕੀਮਤਾਂ ’ਤੇ ਹਮਲਾ ਕਰਨ ਲਈ ਇਨ੍ਹਾਂ ਸ਼ਕਤੀਆਂ ਨੂੰ ਉਕਸਾਉਣ ਦਾ ਯਤਨ ਕਰਦੇ ਹਨ। ਸਾਨੂੰ ਸਭਿਆਚਾਰਕ ਬਚਾਅ ਅਤੇ ਸਭਿਆਚਾਰਕ ਹਮਲੇ ਵਿਚ ਫਰਕ ਸਮਝਣਾ ਚਾਹੀਦਾ ਹੈ।

ਸੰਪਰਕ :+91 98153 08460

Comments

ਇਕਬਾਲ ਸੋਮੀਆਂ

ਡਾਕਟਰ ਸਾਹਿਬ ਦਾ ਲੇਖ ਪਾਇਦਾਰ ਲੱਗਿਆ ਕਿ ਸਾਨੂੰ ਮੁੱਖ ਗੱਲਾਂ ਦੀ ਚਿੰਤਾ ਕਰਨੀ ਚਾਹੀਦੀ ਹੈ ਜਿਵੇਂ ਸਾਡੀ ਸਭਿਆਚਾਰਕ ਪਛਾਣ ਹੈ। ਪਰ ਜੇਕਰ ਸਭਿਆਚਾਰਕ ਪਛਾਣ ਦਾ ਹੀ ਸਵਾਲ ਹੈ ਤਾਂ ਫਿਰ ਹਿੰਦੂ ਸਿੱਖ, ਮੁਸਲਿਮ, ਈਸਾਈ, ਬੋਧੀ ਆਦਿ ਦਾ ਆਪਸੀ ਧਰਮਾਂ ਵਿਚ ਸਾੜਾ ਤੇ ਵਿਰੋਧ ਕਿਉਂ ਹੈ?, ਜੇਕਰ ਇਹ ਧਰਮ ਹੀ ਵੱਖ-ਵੱਖ ਹਨ ਤੇ ਆਪਣੇ-ਆਪਣੇ ਰੱਬ ਵਿਚ ਵਿਸ਼ਵਾਸ਼ ਕਰਦੇ ਹਨ ਤਾਂ ਫਿਰ ਇਹ ਇਕ ਦੂਜੇ ਨਾਲ਼ ਲੜਦੇ ਹੀ ਕਿਉਂ ਨੇ?, ਰੱਬ ਤੇ ਧਰਮ ਦਾ ਸਵਾਲ ਕਿਥੇ ਰਹੇਗਾ? ਕੀ ਸਭਿਆਚਾਰਕ ਪਰਿਪੇਖ ਵਿਚ ਧਰਮ ਤੇ ਰੱਬ ਨੂੰ ਅਸੀਂ ਪਾਸੇ ਰੱਖ ਕੇ ਵੇਖਾਂਗੇ?, ਉਹ ਸਭਿਆਚਾਰ ਕਾਹਦਾ ਸਭਿਆਚਾਰ ਹੈ ਜਿਸ ਵਿਚ ਕੁੜੀਆਂ ਨੂੰ ਮਾਰ ਘੱਤਿਆ ਜਾਂਦਾ ਹੈ, ਜਾਤ-ਪਾਤ ਦਾ ਸਿਰਾ ਹੋਵੇ, ਊਚ-ਨੀਚ, ਛੂਤ-ਛਾਤ ਦੀ ਭਰਮਾਰ ਹੋਵੇ, ਜੱਟਵਾਦ ਸਿਰ ਚੜ੍ਹ ਬੋਲਦਾ ਹੋਵੇ, ਗਲਾਸੀ ਤੇ ਗੰਡਾਸੀ ਹੀ ਮੁੱਖ ਹੋਵੇ,,, ਰੁੱਖੀ ਸੁਖੀ ਖਾਣ ਦਾ ਧਰਵਾਸ ਹੋਵੇ ਤੇ ਅਮੀਰਾਂ ਵਿਰੁਧ ਨਾ ਲੜ੍ਣ ਦੇ ਸਲੋਕ ਹੋਣ ਤੇ ਸਭ ਦੁੱਖਾਂ ਨੂੰ ਇਸ ਕਰਕੇ ਜਰ ਲਿਆ ਜਾਵੇ ਕਿ 'ਇਹ ਤਾਂ ਸਾਰਿਆਂ ਨੂੰ ਹੀ ਹੁੰਦੇ ਹਨ', ਸਭ ਕੁਝ ਦਾ ਫਿਕਰ ਰੱਬ ਉਪਰ ਛੱਡ ਦਿੱਤਾ ਜਾਵੇ ਤੇ ਅਧਿਆਤਮ ਵਲ ਹੀ ਵਧਦੇ ਰਹਿਣਾ... ਕੇਸਧਾਰੀਆਂ ਜਾਂ ਖਾਲਸਿਆਂ ਦਾ ਹੀ ਰਾਜ ਹੋਵੇ ਆਦਿ ਆਦਿ ਦਾ ਮਸਲਾ ਕਿਹੋ ਜਹੇ ਸਭਿਆਚਾਰ ਵੱਲ ਇਸ਼ਾਰਾ ਕਰਦਾ ਹੈ....ਕੀ ਸਾਨੂੰ ਅਜਿਹੇ ਸਭਿਆਚਾਰ ਵੱਲ ਨਹੀਂ ਵਧਣਾ ਚਾਹੀਦਾ ਜੋ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਹੁਰਾਂ ਜਾਤ-ਪਾਤ ਦਾ ਖੰਡਨ ਕਰਕੇ ਖਾਲਸਾ ਸਿਰਜ ਕੇ, ਮੁਜ਼ਾਰਿਆਂ ਵਿਚ ਜ਼ਮੀਨਾਂ ਵੰਡ ਕੇ ਕੀਤਾ ਤੇ ਜੋ ਅਸਲ ਵਿਚ ਸਮਾਜਵਾਦੀ ਚਿੰਨ ਹੈ....ਕੀ ਸਾਨੂੰ ਕੇਵਲ ਪਛਾਣ ਕਾਇਮ ਰੱਖਣ ਤੋਂ ਅਗਾਂਹ ਕਿ ਇਹ ਗੱਲ ਕਿ ਕਿਹੋ ਜਿਹੀ ਪਛਾਂਣ ਹੋਵੇ..ਬਾਰੇ ਨਹੀਂ ਸੋਚਣਾ ਚਾਹੀਦਾ........ਬੜਾ ਕੁਝ ਸਿਰੇ ਦਾ ਆਦਰਸ਼ਵਾਦ ਲੱਗਦਾ ਹੈ.....

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ