Sun, 08 December 2024
Your Visitor Number :-   7278708
SuhisaverSuhisaver Suhisaver

ਗੈਰ ਕਨੂੰਨੀ ਨਸ਼ਿਆਂ ਦੀ ਤਸਕਰੀ, ਗੈਂਗਵਾਰ ਅਤੇ ਪੰਜਾਬੀ ਭਾਈਚਾਰਾ -ਹਰਚਰਨ ਸਿੰਘ ਪਰਹਾਰ

Posted on:- 26-06-2019

ਬੇਸ਼ਕ ਸਰੀਰਕ ਵਿਗਿਆਨ ਅਨੁਸਾਰ ਨਸ਼ੇ ਮਨੁੱਖੀ ਸਰੀਰ ਦੀ ਲੋੜ ਨਹੀਂ ਹਨ।ਪਰ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ, ਮਨੁੱਖ ਨੂੰ ਜਲਦੀ ਸਿਹਤਮੰਦ ਕਰਨ, ਸਰੀਰਕ ਜਾਂ ਮਾਨਸਿਕ ਦਰਦਾਂ ਨੂੰ ਘਟਾਉਣ ਆਦਿ ਲਈ ਮਨੁੱਖ ਸਦੀਆਂ ਤੋਂ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਜੜ੍ਹੀਆਂ ਬੂਟੀਆਂ ਜਾਂ ਨਸ਼ਿਆਂ ਦਾ ਇਤੇਮਾਲ ਕਰਦਾ ਰਿਹਾ ਹੈ।ਪਰ ਸਰੀਰ ਨੂੰ ਜ਼ਿੰਦਾ ਜਾਂ ਤੰਦਰੁਸਤ ਰੱਖਣ ਲਈ ਇਸਦੀ ਭੋਜਨ ਵਾਂਗ ਸਰੀਰ ਨੂੰ ਕਦੇ ਵੀ ਲੋੜ ਨਹੀਂ।ਪਰ ਨਸ਼ੇ ਸਦੀਆਂ ਤੋਂ ਹਰ ਸਮਾਜ ਦੇ ਕਿਸੇ ਨਾ ਕਿਸੇ ਢੰਗ ਨਾਲ ਅੰਗ ਰਹੇ ਹਨ ਕਿਉਂਕਿ ਨਸ਼ੇ ਨੂੰ ਵਿਅਕਤੀ ਜਿਥੇ ਸਰੀਰਕ ਥਕਾਵਟ ਜਾਂ ਦਰਦ ਤੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਲਈ ਵਰਤਦਾ ਰਿਹਾ ਹੈ, ਉਥੇ ਇਸ ਨਾਲ ਉਹ ਕੁਝ ਸਮੇਂ ਲਈ ਮਾਨਸਕਿ ਬੀਮਾਰੀਆਂ ਜਾਂ ਮਾਨਸਕਿ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲਦਾ ਵੀ ਮਹਿਸੂਸ ਕਰਦਾ ਹੈ।

ਨਸ਼ਾ ਕੋਈ ਵੀ ਹੋਵੇ, ਉਸਦਾ ਕੰਮ ਇਤਨਾ ਕੁ ਹੀ ਹੈ ਕਿ ਉਹ ਸਾਡੇ ਦਿਮਾਗ ਨੂੰ ਕੁਝ ਸਮੇਂ ਲਈ ਅਪਾਹਜ਼ (ਇਮਪੇਅਰਡ) ਕਰ ਦਿੰਦਾ ਹੈ, ਜਿਸ ਨਾਲ ਦਿਮਾਗ ਦਾ ਸਬੰਧ ਸਰੀਰ ਨਾਲੋਂ ਘਟ ਜਾਂਦਾ ਹੈ ਤੇ ਮਨੁੱਖ ਕੁਝ ਸਮੇਂ ਲਈ ਸਰੀਰਕ ਤੇ ਮਾਨਸਿਕ ਦਰਦਾਂ ਜਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਂਦਾ ਹੈ।ਦੁਨੀਆਂ ਭਰ ਦੇ ਮਰਦਾਂ ਨੇ ਨਸ਼ਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅਤੇ ਹਰ ਖੁਸ਼ੀ-ਗਮੀ ਵਿੱਚ ਆਪਣਾ ਸਹਾਰਾ ਬਣਾਇਆ ਹੋਇਆ ਹੈ।ਮਨੁੱਖੀ ਇਤਿਹਾਸ ਦੇ ਵੱਖ-ਵੱਖ ਦੌਰਾਂ ਵਿੱਚ ਜਿਥੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਨੂੰ ਚੰਗਾ ਜਾਂ ਮਾੜਾ ਕਿਹਾ ਜਾਂਦਾ ਰਿਹਾ ਹੈ, ਉਥੇ ਵੱਖ-ਵੱਖ ਨਸ਼ਿਆਂ ਨੂੰ ਕਨੂੰਨੀ ਤੇ ਗੈਰ ਕਨੂੰਨੀ ਵੀ ਮੰਨਿਆ ਜਾਂਦਾ ਰਿਹਾ ਹੈ।ਪਹਿਲੇ ਸਮਿਆਂ ਦੇ ਮਰਦ ਪ੍ਰਧਾਨ ਸਮਾਜਾਂ ਵਿੱਚ ਔਰਤ ਕੋਲ ਮਰਦ ਦੀ ਸਰੀਰਕ ਭੁੱਖ ਪੂਰੀ ਕਰਨ, ਬੱਚੇ ਜੰਮਣ ਤੇ ਬੱਚੇ ਪਾਲਣ ਤੋਂ ਇਲਾਵਾ ਕੋਈ ਬਹੁਤੇ ਅਧਿਕਾਰ ਨਹੀਂ ਹੁੰਦੇ ਸਨ ਤਾਂ ਮਰਦ ਔਰਤ ਨੂੰ ਨਸ਼ੇ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ, ਪਰ ਜਿਵੇਂ ਜਿਵੇਂ ਔਰਤਾਂ ਵਿੱਚ ਆਪਣੇ ਹੱਕਾਂ ਲਈ ਚੇਤੰਨਤਾ ਪੈਦਾ ਹੋਈ ਤੇ ਉਹ ਵੀ ਆਪਣੇ ਆਪ ਨੂੰ ਮਰਦ ਦੇ ਬਰਾਬਰ ਸਥਾਪਤ ਕਰਨ ਲੱਗੀਆਂ ਤਾਂ ਔਰਤਾਂ ਨੇ ਵੀ ਮਰਦ ਬਰਾਬਰ ਨਸ਼ਿਆਂ ਦੀ ਵਰਤੋਂ ਸ਼ੁਰੂ ਕਰ ਦਿੱਤੀ।

ਇਸ ਲਈ ਅੱਜ ਨਸ਼ਿਆਂ ਦੀ ਸਮੱਸਿਆ ਥੋੜੇ ਬਹੁਤੇ ਫਰਕ ਨਾਲ ਮਰਦ ਜਾਂ ਔਰਤਾਂ ਦੋਨਾਂ ਲਈ ਹੈ। ਜਦੋਂ ਤੱਕ ਸਾਰੇ ਨਸ਼ੇ ਕਨੂੰਨੀ ਤੌਰ ਤੇ ਗੈਰ ਕਨੂੰਨੀ ਨਹੀਂ ਸਨ, ਉਦੋਂ ਤੱਕ ਨਾ ਇਨ੍ਹਾਂ ਦੀ ਇਤਨੀ ਜ਼ਿਆਦਾ ਵਰਤੋਂ ਹੀ ਸੀ ਤੇ ਨਾ ਹੀ ਇਸਦੀ ਕੋਈ ਸਮੱਗਲਿੰਗ ਸੀ।ਇਤਿਹਾਸਕ ਤੌਰ ਤੇ ਦੇਖੀਏ ਤਾਂ ਜਿਹੜੇ ਨਸ਼ੇ ਸਮਾਜ ਵਿੱਚ ਵੱਧ ਪ੍ਰਚਲਤ ਹੁੰਦੇ ਗਏ, ਉਨ੍ਹਾਂ ਨੂੰ ਸਰਕਾਰਾਂ ਨੇ ਕਨੂੰਨੀ ਮਾਨਤਾ ਦੇ ਕੇ ਆਪਣੀ ਇਨਕਮ ਵਧਾਉਣ ਦੇ ਸਾਧਨ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਨਸ਼ਿਆਂ ਨੂੰ ਗੈਰ ਕਨੂੰਨੀ ਕਰਾਰ ਦੇ ਦਿੱਤਾ।ਜਿਹੜੇ ਲੋਕ ਉਹ ਨਸ਼ੇ ਕਰਦੇ ਸਨ, ਜਿਨ੍ਹਾਂ ਨੂੰ ਗੈਰ ਕਨੂੰਨੀ ਕਰਾਰ ਦਿੱਤਾ ਗਿਆ ਸੀ, ਲੋਕ ਉਹ ਨਸ਼ੇ ਚੋਰੀਂ ਛਿਪੇ ਕਰਨ ਲੱਗੇ ਤੇ ਜਦੋਂ ਸਰਕਾਰਾਂ ਨੇ ਇਸ ਤੇ ਆਪਣੇ ਸ਼ਿਕੰਜੇ ਕੱਸਣੇ ਸ਼ੁਰੂ ਕੀਤੇ ਤਾਂ ਇਸਦੀ ਤਸਕਰੀ ਦਾ ਰੁਝਾਨ ਵਧਿਆ।ਤਕਰੀਬਨ ਪਿਛਲੀ ਸਦੀ ਵਿੱਚ ਹੀ ਨਸ਼ਿਆਂ ਨੂੰ ਕਨੂੰਨੀ ਤੇ ਗੈਰ ਕਨੂੰਨੀ ਕਿਹਾ ਜਾਣ ਲੱਗਾ ਸੀ।ਸਰਕਾਰਾਂ ਵਲੋਂ ਨਸ਼ਿਆਂ ਨੂੰ ਕਨੂੰਨੀ ਤੇ ਗੈਰ ਕਨੂੰਨੀ ਮਾਨਤਾ ਦੇਣ ਨਾਲ, ਜਿਥੇ ਕਨੂੰਨੀ ਨਸ਼ਿਆਂ ਤੋਂ ਸਰਕਾਰਾਂ ਕਮਾਈ ਕਰਨ ਲੱਗੀਆਂ, ਉਥੇ ਇਸ ਨਾਲ ਗੈਰ ਕਨੂੰਨੀ ਘੋਸ਼ਿਤ ਕੀਤੇ ਨਸ਼ਿਆਂ ਨਾਲ ਨਸ਼ਿਆਂ ਦੇ ਤਸਕਰਾਂ ਨੂੰ ਕਮਾਈ ਕਰਨ ਦਾ ਮੌਕਾ ਮਿਲਣ ਲੱਗਾ।ਹੁਣ ਜਦੋਂ ਸਰਕਾਰਾਂ ਦੇਖਦੀਆਂ ਹਨ ਕਿ ਗੈਰ ਕਨੂੰਨੀ ਨਸ਼ਿਆਂ ਨਾਲ ਕੁਝ ਸਮਾਜ ਵਿਰੋਧੀ ਤੱਤ ਪੈਸਾ ਵੀ ਕਮਾਉਂਦੇ ਹਨ ਤੇ ਇਸ ਨਾਲ ਜ਼ੁਰਮ ਵੀ ਵਧਣ ਲੱਗਦੇ ਹਨ ਤਾਂ ਫਿਰ ਉਨ੍ਹਾਂ ਵਿੱਚੋਂ ਕੁਝ ਨੂੰ ਮਾਨਤਾ ਦੇ ਕੇ ਕਨੂੰਨੀ ਨਸ਼ਾ ਬਣਾ ਦਿੱਤਾ ਜਾਂਦਾ ਹੈ, ਜਿਸਨੂੰ ਸਿਹਤ ਜਾਂ ਸਮਾਜ ਲਈ ਪਹਿਲਾਂ ਹਾਨੀਕਾਰਕ ਮੰਨਿਆ ਜਾਂਦਾ ਸੀ।ਜਿਸਦੀ ਤਾਜ਼ਾ ਉਦਾਹਰਣ ਭੰਗ ਦਾ ਨਸ਼ਾ ਹੈ, ਪਿਛਲ਼ੇ ਸਾਲ ਤੱਕ ਕਨੇਡਾ ਵਿੱਚ ਭੰਗ ਪੀਣੀ ਜਾਂ ਵੇਚਣੀ ਗੈਰ ਕਨੂੰਨੀ ਸੀ ਤੇ ਹੁਣ ਇਹ ਸਰਕਾਰੀ ਮਾਨਤਾ ਪ੍ਰਾਪਤ ਨਸ਼ਾ ਹੈ।

ਕਿਸੇ ਸਮੇਂ ਤਬਾਕੂ ਨਾਲ ਸਬੰਧਤ ਨਸ਼ਿਆਂ ਨੂੰ ਕਨੂੰਨੀ ਮਾਨਤਾ ਦੇ ਕੇ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਇਸਦੇ ਸਿਹਤ ਤੇ ਹੋਰ ਨਸ਼ਿਆਂ ਮੁਕਾਬਲੇ ਬਹੁਤੇ ਮਾਰੂ ਪ੍ਰਭਾਵ ਨਹੀਂ ਹਨ, ਪਰ ਪਿਛਲ਼ੇ 60-70 ਸਾਲਾਂ ਦੀ ਖੋਜਾਂ ਨੇ ਸਾਬਿਤ ਕਰ ਦਿੱਤਾ ਕਿ ਤੰਬਾਕੂ ਸਿਹਤ ਲਈ ਸਭ ਤੋਂ ਘਾਤਕ ਨਸ਼ਾ ਹੈ।ਹੁਣ ਇਹ ਪ੍ਰਚਾਰ ਕੀਤਾ ਜਾਣ ਲੱਗਾ ਹੈ ਕਿ ਤੰਬਾਕੂ ਨਾਲੋਂ ਭੰਗ ਸਿਹਤ ਲਈ ਘੱਟ ਨੁਕਸਾਨਦਾਇਕ ਹੈ ਜਾਂ ਇਸਦਾ ਸਿਹਤ ਤੇ ਕੋਈ ਬਹੁਤਾ ਅਸਰ ਨਹੀਂ।ਹੋ ਸਕਦਾ ਇਹ ਗੱਲ ਠੀਕ ਵੀ ਹੋਵੇ, ਪਰ ਇਹ ਗੱਲ ਤਾਂ ਪੱਕੀ ਹੈ ਕਿ ਸਾਡੀ ਸਰੀਰਕ ਸਿਹਤ ਨਾਲੋਂ ਇਸਦਾ ਸਾਡੀ ਆਰਥਿਕ ਸਿਹਤ ਤੇ ਵੱਧ ਅਸਰ ਪੈਂਦਾ ਹੈ ਕਿਉਂਕਿ ਇਹ ਤੰਬਾਕੂ ਨਾਲੋਂ ਵੱਧ ਮਹਿੰਗੀ ਹੈ।ਜੇ ਦੇਖਿਆ ਜਾਵੇ ਤਾਂ ਸ਼ਰਾਬ ਵੀ ਸਾਡੀ ਸਰੀਰਕ, ਮਾਨਿਸਕ ਤੇ ਆਰਥਿਕ ਸਿਹਤ ਲਈ ਘੱਟ ਘਾਤਕ ਨਹੀਂ ਹੈ? ਪਰ ਜਦ ਤੱਕ ਸਰਕਾਰਾਂ ਨਸ਼ਿਆਂ ਨੂੰ ਟੈਕਸ ਇਕੱਠੇ ਕਰਨ ਦਾ ਸਾਧਨ ਬਣਾਈ ਰੱਖਣੀਆਂ ਅਤੇ ਲੋਕ ਇਨ੍ਹਾਂ ਨੂੰ ਮਨੋਰੰਜ਼ਨ ਕਰਨ, ਸਮਾਜਿਕ ਤੌਰ ਤੇ ਇਕੱਠੇ ਬੈਠਣ ਦਾ ਸਾਧਨ, ਸਰੀਰਕ ਥਕਾਵਟ ਦੂਰ ਕਰਨ, ਮਾਨਸਿਕ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦੇ ਸਾਧਨ, ਆਪਣੇ ਆਪ ਨੂੰ ਸਰੂਰ ਵਿੱਚ ਲਿਆਉਣ ਆਦਿ ਲਈ ਵਰਤਣਾ ਨਹੀਂ ਛੱਡਦੇ, ਨਸ਼ੇ ਸਮਾਜ ਵਿਚੋਂ ਬੰਦ ਨਹੀਂ ਹੋ ਸਕਦੇ।ਖਾਸਕਰ ਉਸ ਸਮੇਂ ਜਦੋਂ ਕਨੂੰਨੀ ਜਾਂ ਗੈਰ ਕਨੂੰਨੀ ਨਸ਼ਿਆਂ ਦਾ ਕਾਰੋਬਾਰ ਸਿਆਸਦਾਨਾਂ, ਪੁਲਿਸ, ਇੰਟਰਟੇਨਮੈਂਟ ਤੇ ਸੈਕਸ ਇੰਡਸਟਰੀ, ਵੱਡੇ ਸਰਮਾਏਦਾਰਾਂ ਦੇ ਗੱਠਜੋੜ ਦੇ ਰੂਪ ਵਿੱਚ ਚੱਲ ਰਿਹਾ ਹੈ।

ਹਰ ਦੇਸ਼ ਵਿੱਚ ਕਨੂੰਨੀ ਤੇ ਗੈਰ ਕਨੂੰਨੀ ਨਸ਼ਿਆਂ ਦਾ ਕਾਰੋਬਾਰ ਇੱਕ ਬਹੁਤ ਵੱਡਾ ਬਿਜਨੈਸ ਹੈ।ਬੇਸ਼ਕ ਕਨੂੰਨੀ ਨਸ਼ਿਆਂ ਨੂੰ ਤੇ ਸਰਕਾਰਾਂ ਆਪਣੇ ਪ੍ਰਬੰਧ ਹੇਠ ਚਲਾਉਂਦੀਆਂ ਹਨ, ਪਰ ਗੈਰ ਕਨੂੰਨੀ ਨਸ਼ਿਆਂ ਦੇ ਬਿਜਨੈਸ ਪਿਛੇ ਵੱਡੇ-ਵੱਡੇ ਗ੍ਰੋਹ (ਗੈਂਗ) ਸਰਗਰਮ ਹਨ, ਜੋ ਕਿ ਅਨੇਕਾਂ ਦੇਸ਼ਾਂ ਵਿੱਚ ਸਿੱਧੇ ਤੌਰ ਤੇ ਸਿਆਸੀ ਲੋਕਾਂ ਤੇ ਪੁਲਿਸ ਦੇ ਨਾਲ ਰਲ਼ ਕੇ ਚੱਲਦੇ ਹਨ ਤੇ ਕਈ ਥਾਵਾਂ ਤੇ ਲੁਕਵੇਂ ਢੰਗ ਨਾਲ ਚੱਲ ਰਹੇ ਹਨ।ਜਿਥੇ ਸਰਕਾਰਾਂ ਵਲੋਂ ਕੁਝ ਨਸ਼ਿਆਂ ਨੂੰ ਕਨੂੰਨੀ ਮਾਨਤਾ ਦੇ ਕੇ ਸਾਰੇ ਦੇਸ਼ ਵਿੱਚ ਆਪਣੇ ਅਧੀਨ ਨਸ਼ਿਆਂ ਦਾ ਕਾਰੋਬਾਰ ਚਲਾਇਆ ਜਾਂਦਾ ਹੈ, ਉਥੇ ਗੈਰ ਕਨੂੰਨੀ ਨਸ਼ਿਆਂ ਦੇ ਵਪਾਰੀਆਂ ਨੇ ਵੀ ਆਪਣੇ ਇਲਾਕੇ ਵੰਡੇ ਹਏ ਹਨ, ਜਿਥੇ ਉਨ੍ਹਾਂ ਦੀ ਸਰਕਾਰ ਚੱਲਦੀ ਹੈ, ਜਦੋਂ ਕੋਈ ਹੋਰ ਨਵਾਂ ਗੈਂਗ, ਉਸ ਇਲਾਕੇ ਵਿੱਚ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਗੈਂਗਵਾਰ ਸ਼ੁਰੂ ਹੋ ਜਾਂਦੀ ਹੈ।ਜਿਸ ਵਿੱਚ ਇਹ ਲੋਕ ਇੱਕ ਦੂਜੇ ਦੇ ਬੰਦਿਆਂ ਨੂੰ ਮਾਰਦੇ ਹਨ।ਬਹੁਤ ਵਾਰ ਇਸ ਗੈਂਗਵਾਰ ਨੂੰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਹੈ ਤਾਂ ਕਿ ਇਹ ਆਪਸ ਵਿੱਚ ਲੜ ਲੜ ਮਰ ਜਾਣ ਕਿਊਂਕਿ ਉਹ ਇਨ੍ਹਾਂ ਵੱਡੇ ਗ੍ਰੋਹਾਂ ਨੂੰ ਹੱਥ ਪਾ ਕੇ ਆਪਣੀ ਜਾਨ ਜ਼ੋਖਮ ਵਿੱਚ ਨਹੀਂ ਪਾਉਣਾ ਚਾਹੁੰਦੇ ਤੇ ਹਾਕਮਾਂ ਦੀ ਨਰਾਜ਼ਗੀ ਵੀ ਮੁੱਲ ਨਹੀਂ ਲੈਣਾ ਚਾਹੁੰਦੇ? ਕਈ ਵਾਰ ਕਨੂੰਨ ਅਜਿਹੇ ਹੁੰਦੇ ਹਨ ਕਿ ਪੁਲਿਸ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਸਕਦੀ ਤਾਂ ਉਹ ਘੇਸਲ਼ ਵੱਟ ਲੈਂਦੇ ਹਨ।ਦੁਨੀਆਂ ਭਰ ਦਾ ਤਜ਼ੁਰਬਾ ਦੱਸਦਾ ਹੈ ਕਿ ਜੇ ਕਿਸੇ ਸੰਘਰਸ਼, ਮੂਵਮੈਂਟ ਜਾਂ ਹਿੰਸਾ ਕਰਕੇ ਹਾਕਮਾਂ ਦੇ ਆਪਣੇ ਸਿੰਘਾਸਣ ਨੂੰ ਖਤਰਾ ਹੋਵੇ ਤਾਂ ਉਹ ਸਖਤ ਤੋਂ ਸਖਤ ਕਾਲੇ ਕਨੂੰਨ ਬਣਾਉਣ ਲੱਗੀਆਂ ਢਿੱਲ ਨਹੀਂ ਕਰਦੀਆਂ, ਪਰ ਜਦੋਂ ਤੱਕ ਉਨ੍ਹਾਂ ਨੂੰ ਖਤਰਾ ਨਾ ਹੋਵੇ, ਲੋਕ ਆਪਸ ਲੜਦੇ ਮਰਦੇ ਰਹਿਣ, ਉਨ੍ਹਾਂ ਦੇ ਕੰਨਾਂ ਤੇ ਜੂੰਅ ਨਹੀਂ ਸਰਕਦੀ।ਨਸ਼ਿਆਂ ਦੇ ਵਪਾਰ ਵਿੱਚ ਵੀ ਅਜਿਹਾ ਕੁਝ ਹੀ ਹੋ ਰਿਹਾ ਹੈ।ਕਨੇਡਾ ਵਿੱਚ ਇਹ ਸਮੱਸਿਆ ਪਿਛਲੇ 2-3 ਦਹਾਕਿਆਂ ਤੋਂ ਦਿਨੋ ਦਿਨ ਵੱਧਦੀ ਜਾ ਰਹੀ ਹੈ, ਨਸ਼ਿਆਂ ਦੀ ਤਸਕਰੀ ਤੇ ਗੈਂਗਵਾਰ ਇੱਕ ਵੱਡੀ ਸਮੱਸਿਆ ਬਣ ਕੇ ਉਭਰ ਰਹੀ ਹੈ, ਪਰ ਸਰਕਾਰਾਂ ਵਲੋਂ ਇਸ ਪ੍ਰਤੀ ਕਿਤੇ ਵੀ ਚਿੰਤਾ ਦਿਖਾਈ ਨਹੀਂ ਦੇ ਰਹੀ? ਕਿਸੇ ਅਸੰਬਲੀ ਜਾਂ ਪਾਰਲੀਮੈਂਟ ਵਿੱਚ ਇਸ ਸਮੱਸਿਆ ਬਾਰੇ ਕੋਈ ਚਰਚਾ ਨਹੀਂ ਸੁਣੀ? ਕਿਤੇ ਕਨੂੰਨ ਬਦਲਣ ਦੀ ਲੋੜ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੋਈ ਖਤਰਾ ਨਹੀਂ? ਸਰਕਾਰਾਂ ਨੂੰ ਨਸ਼ਿਆਂ ਦੀ ਤਸਕਰੀ ਜਾਂ ਗੈਂਗਵਾਰ ਤੋਂ ਕੋਈ ਸਮੱਸਿਆ ਨਾ ਹੋਣ ਕਰਕੇ ਉਹ ਪੁਲਿਸ ਜਾਂ ਹੋਰ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਜਵਾਬਦੇਹ ਨਹੀਂ ਬਣਾ ਰਹੀਆਂ? ਇਸ ਲਈ ਪੁਲਿਸ ਜਾਂ ਸਰਕਾਰੀ ਏਜੰਸੀਆਂ ਇਸ ਮਸਲੇ ਤੇ ਆਮ ਰੁਟੀਨ ਦੇ ਕੰਮਾਂ ਵਾਂਗ ਹੀ ਕੰਮ ਕਰਦੀਆਂ ਹਨ।ਕੋਈ ਫੜ੍ਹ ਹੋ ਗਿਆ ਤਾਂ ਵੀ ਠੀਕ ਹੈ ਤੇ ਨਾ ਫੜ੍ਹ ਹੋਇਆ ਤਾਂ ਵੀ ਕੋਈ ਗੱਲ ਨਹੀਂ, ਕੋਈ ਪੁੱਛਣ ਵਾਲਾ ਨਹੀਂ ਹੈ।

ਪੱਛਮੀ ਸਰਮਾਏਦਾਰ ਦੇਸ਼ਾਂ ਦੀਆਂ ਸਰਕਾਰਾਂ ਤੇ ਏਜੰਸੀਆਂ ਦਾ ਹਰ ਕੰਮ ਕਰਨ ਦਾ ਇੱਕ ਨਿਰਾਲਾ ਢੰਗ ਹੈ।ਜਿਸ ਅਨੁਸਾਰ ਉਹ ਕਿਸੇ ਸਮੱਸਿਆ ਨੂੰ ਪੱਕੇ ਤੌਰ ਤੇ ਕਦੇ ਹੱਲ ਕਰਨ ਬਾਰੇ ਨਹੀਂ ਸੋਚਦੀਆਂ ਅਤੇ ਨਾ ਹੀ ਉਸਦੇ ਅਸਲੀ ਕਾਰਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀਆਂ ਹਨ? ਖਾਸਕਰ ਉਸ ਵਕਤ ਜਦੋਂ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਵਿਚੋਂ ਵੀ ਮੁਨਾਫਾ ਦਿਸਦਾ ਹੋਵੇ? ਇਸ ਲਈ ਪਹਿਲਾਂ ਸਮੱਸਿਆ ਵਧਣ ਦਿੱਤੀ ਜਾਂਦੀ ਹੈ, ਫਿਰ ਇਸਨੂੰ ਸਰਕਾਰੀ ਮਾਨਤਾ ਦੇ ਕੇ ਟੈਕਸ ਇਕੱਠੇ ਕਰਨ ਦਾ ਸਾਧਨ ਬਣਾਇਆ ਜਾਂਦਾ ਹੈ, ਫਿਰ ਇਸਨੂੰ ਹੱਲ ਕਰਨ ਜਾਂ ਲੋਕਾਂ ਦੀ ਹੈਲਪ ਕਰਨ ਦੇ ਨਾਂ ਤੇ ਉਸ ਟੈਕਸ ਮਨੀ ਵਿੱਚੋਂ ਆਪਣੇ ਚਹੇਤਿਆਂ ਵਲੋਂ ਚਲਾਈਆਂ ਜਾਂਦੀਆਂ ਚੈਰਟੀਆਂ ਨੂੰ ਫੰਡਿਗ ਕੀਤੀ ਜਾਂਦੀ ਹੈ।ਇਨ੍ਹਾਂ ਚੈਰਟੀਆਂ ਜਾਂ ਸਮਾਜ ਸੇਵੀ ਸੰਗਠਨਾਂ ਵਲੋਂ ਪੀੜਤ ਲੋਕਾਂ ਦੀ ਕੀਤੀ ਜਾਂਦੀ ਅਖੌਤੀ ਸਹਾਇਤਾ ਤੋਂ ਕਿਸੇ ਨੂੰ ਕਦੇ ਕੋਈ ਲਾਭ ਹੋਇਆ ਜਾਂ ਨਹੀਂ, ਬਾਰੇ ਕਦੇ ਕੋਈ ਪੁਛਗਿੱਛ ਨਹੀਂ ਹੁੰਦੀ।ਇਹ ਸੰਗਠਨ ਸਰਕਾਰੀ ਅਫਸਰਸ਼ਾਹੀ ਰਾਹੀਂ ਆਪਣੇ ਲੁਭਾਵਣੇ ਪ੍ਰੌਜੈਕਟ ਬਣਾ ਕੇ ਸਰਕਾਰਾਂ ਤੋਂ ਫੰਡਿਗ ਲਈ ਜਾਂਦੀਆਂ ਹਨ ਤੇ ਕੁਝ ਲੋਕਾਂ ਨੂੰ ਇਸ ਨਾਲ ਰੁਜ਼ਗਾਰ ਮਿਲਿਆ ਰਹਿੰਦਾ ਹੈ।ਪਰ ਇਸਦੀ ਆਊਟਪੁੱਟ ਕੀ ਹੈ, ਬਾਰੇ ਕਦੇ ਨਹੀਂ ਜਾਣਿਆ ਜਾਂਦਾ? ਜਾਣਿਆ ਕਿਉਂ ਜਾਵੇ? ਕਿਉਂਕਿ ਸਰਕਾਰਾਂ ਨੂੰ ਇਸ ਵਿੱਚ ਹੀ ਲਾਭ ਹੈ? ਲੋਕ ਨਸ਼ੇ ਕਿਉਂ ਕਰਦੇ ਹਨ? ਮਨੁੱਖ ਨੂੰ ਨਸ਼ਿਆਂ ਦੀ ਕੀ ਲੋੜ ਹੈ? ਜਦੋਂ ਤੱਕ ਅਸੀਂ ਇਸਦੇ ਕਾਰਨਾਂ ਨੂੰ ਨਹੀਂ ਲੱਭਾਂਗੇ, ਉਦੋਂ ਤੱਕ ਇਹ ਕਦੇ ਖਤਮ ਨਹੀਂ ਹੋਣਗੇ? ਸਾਨੂੰ ਇਹ ਗੱਲ ਵੀ ਬਿਲਕੁਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਆਮ ਤੌਰ ਤੇ ਮਨੁੱਖ ਨਸ਼ਾ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਤੋਂ ਕੁਝ ਚਿਰ ਲਈ ਰਾਹਤ ਲੈਣ ਅਤੇ ਆਨੰਦ ਲੈਣ ਲਈ ਵਰਤਦਾ ਹੈ? ਜਦੋਂ ਤੱਕ ਮਨੁੱਖ ਦੀਆਂ ਇਹ ਦੋਨੋਂ ਲੋੜਾਂ ਕਿਸੇ ਹੋਰ ਢੰਗ ਨਾਲ ਪੂਰੀਆਂ ਨਹੀਂ ਹੁੰਦੀਆਂ, ਨਸ਼ੇ ਕਦੇ ਖਤਮ ਨਹੀਂ ਹੋਣਗੇ? ਧਰਮ ਨੇ ਮਨੁੱਖ ਨੂੰ ਰਾਹ ਦੱਸਿਆ ਸੀ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡੇ ਅੰਦਰ ਹੈ ਤੇ ਆਨੰਦ ਦਾ ਖਜ਼ਾਨਾ ਵੀ ਅੰਦਰ ਹੈ, ਜਦੋਂ ਤੱਕ ਮਨੁੱਖ ਬਾਹਰੋਂ ਸੁੱਖਾਂ ਤੇ ਆਨੰਦ ਦੀ ਭਾਲ਼ ਛੱਡ ਕੇ ਅੰਦਰ ਵੱਲ ਨਹੀਂ ਮੁੜਦਾ, ਨਸ਼ਿਆਂ ਤੇ ਹਿੰਸਾ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ?

ਵੈਸੇ ਤਾਂ ਨਸ਼ੇ ਤੇ ਗੈਂਗਵਾਰ ਵਿਸ਼ਵ ਵਿਆਪੀ ਵਰਤਾਰਾ ਹੈ, ਇਸਨੂੰ ਕਿਸੇ ਖਾਸ ਦੇਸ਼, ਕੌਮ, ਧਰਮ ਜਾਂ ਫਿਰਕੇ ਨਾਲ ਨਹੀਂ ਜੋੜਿਆ ਜਾ ਸਕਦਾ? ਪਰ ਫਿਰ ਵੀ ਜੇ ਬਰੀਕੀ ਨਾਲ ਦੇਖਿਆ ਜਾਵੇ ਤਾਂ ਕਈ ਦੇਸ਼, ਕਈ ਕੌਮਾਂ, ਕਈ ਧਰਮਾਂ ਜਾਂ ਫਿਰਕਿਆਂ ਦੇ ਲੋਕ ਨਸ਼ੇ ਦੀ ਤਸਕਰੀ ਤੇ ਗੈਂਗਵਾਰ ਵਿੱਚ ਵੱਧ ਜੁੜੇ ਹੋਏ ਹਨ? ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਹੀਆਂ ਧਾਰਮਿਕ ਜਾਂ ਸਿਆਸੀ ਹਥਿਆਰਬੰਦ ਲਹਿਰਾਂ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ।ਹਥਿਆਰਬੰਦ ਲਹਿਰਾਂ ਨੂੰ ਸਰਕਾਰਾਂ ਵਿਰੁੱਧ ਲੜਨ ਲਈ ਹਥਿਆਰਾਂ ਤੇ ਪੈਸੇ ਦੀ ਲੋੜ ਹੁੰਦੀ ਹੈ, ਜਿਸਨੂੰ ਅਕਸਰ ਨਸ਼ਿਆਂ ਦੀ ਸਮਗਲਿੰਗ ਰਾਹੀਂ ਪੂਰਾ ਕੀਤਾ ਜਾਂਦਾ ਹੈ।ਹਥਿਆਰ ਬਣਾਉਣ ਵਾਲੀਆਂ ਵੱਡੀਆਂ ਕਾਰਪੋਰੇਸ਼ਨਾਂ ਵੀ ਹਥਿਆਰ ਤਾਂ ਹੀ ਵੇਚ ਸਕਣਗੀਆਂ, ਜੇ ਦੁਨੀਆਂ ਵਿੱਚ ਕੌਮ, ਦੇਸ਼, ਧਰਮ, ਇਲਾਕੇ, ਬੋਲੀ, ਰਾਜਸੀ ਕਾਰਨਾਂ ਆਦਿ ਦੇ ਨਾਮ ਤੇ ਲੜਾਈ-ਝਗੜੇ, ਖੂਨ-ਖਰਾਬੇ, ਜੰਗਾਂ, ਗੈਂਗਵਾਰਾਂ ਆਦਿ ਹੋਣਗੀਆਂ? ਦੁਨੀਆਂ ਦੀਆਂ ਸਰਕਾਰਾਂ ਅਜਿਹੇ ਵੱਡੇ ਸਰਮਾਏਦਾਰਾਂ ਦੇ ਸਿਰ ਤੇ ਚੱਲਦੀਆਂ ਹਨ, ਇਸ ਲਈ ਇਹ ਉਨ੍ਹਾਂ ਦੇ ਹਿੱਤ ਵਿੱਚ ਹੈ ਕਿ ਇਹ ਸਭ ਚੱਲਦਾ ਰਹੇ? ਜਦੋਂ ਨਸ਼ਿਆਂ ਤੇ ਗੈਂਗਵਾਰ ਦੇ ਵਰਤਾਰੇ ਨੂੰ ਇੰਡੋ-ਕਨੇਡੀਅਨ ਕਮਿਉਨਿਟੀ ਦੇ ਪੱਖ ਤੋਂ ਦੇਖਦੇ ਹਾਂ ਤਾਂ ਜੋ ਅੰਕੜੇ ਸਾਹਮਣੇ ਆਉਂਦੇ ਹਨ, ਉਨ੍ਹਾਂ ਵਿੱਚ ਬਾਕੀ ਕੌਮਾਂ ਦੇ ਮੁਕਾਬਲੇ ਪੰਜਾਬੀ ਇਸ ਧੰਦੇ ਵਿੱਚ ਵੱਧ ਸ਼ਾਮਿਲ ਹਨ, ਪੰਜਾਬੀਆਂ ਵਿੱਚੋਂ ਦੇਖੀਏ ਤਾਂ ਸਿੱਖ ਵੱਧ ਸ਼ਾਮਿਲ ਹਨ ਅਤੇ ਸਿੱਖਾਂ ਵਿਚੋਂ ਦੇਖੋ ਤਾਂ ਜੱਟ ਭਾਈਚਾਰੇ ਦੇ ਲੋਕ ਵੱਧ ਸ਼ਾਮਿਲ ਹਨ।ਸਾਡਾ ਮੰਨਣਾ ਹੈ ਕਿ ਬੇਸ਼ਕ ਸੰਸਾਰ ਪੱਧਰ ਤੇ ਅਸੀਂ ਬਹੁਤ ਕੁਝ ਨਾ ਕਰ ਸਕੀਏ, ਪਰ ਜੇ ਅਸੀਂ ਆਪਣੇ ਇੰਡੋ-ਕਨੇਡੀਅਨ, ਪੰਜਾਬੀ ਜਾਂ ਸਿੱਖ ਭਾਈਚਾਰੇ ਦੇ ਨਜ਼ਰੀਏ ਤੋਂ ਦੇਖੀਏ ਤਾਂ ਸਾਨੂੰ ਇਸ ਮਸਲੇ ਦੀਆਂ ਜੜ੍ਹਾਂ ਵਿੱਚ ਜਾਣਾ ਪਵੇਗਾ? ਸਾਡੀ ਸਮਝ ਅਨੁਸਾਰ ਇਸ ਦੀਆਂ ਜੜ੍ਹਾਂ ਸਾਡੇ ਧਰਮ, ਕਲਚਰ ਤੇ ਸਮਾਜਿਕ ਵਰਤਾਰਿਆਂ ਵਿੱਚ ਪਈਆਂ ਹਨ।ਬੇਸ਼ਕ ਇਸਦੇ ਬਹੁਤ ਪਹਿਲੂ ਹਨ, ਪਰ ਸਾਡੇ ਸਮਾਜਿਕ ਜੀਵਨ ਵਿਚਲਾ ਫੁਕਰਾਪਨ, ਧਾਰਮਿਕ, ਸਮਾਜੀ, ਸਿਆਸੀ, ਖੇਡਾਂ ਆਦਿ ਖੇਤਰਾਂ ਵਿੱਚ ਦਿਖਾਵੇਬਾਜੀ, ਪੰਜਾਬੀ ਗਾਇਕੀ ਰਾਹੀਂ ਪ੍ਰਮੋਟ ਕੀਤੀ ਜਾ ਰਹੀ ਜਾਤੀ ਹੈਂਕੜ, ਹਿੰਸਾ, ਨਸ਼ੇ, ਗੈਂਗਵਾਰ ਆਦਿ ਤੋਂ ਇਲਾਵਾ ਸਾਡੇ ਸਮਾਜ, ਧਰਮ ਵਿੱਚ ਖਾੜਕੂਪੁਣੇ, ਹਿੰਸਾ, ਹਥਿਆਰਾਂ, ਨਸ਼ਿਆਂ ਆਦਿ ਨੂੰ ਵੱਡੀ ਪੱਧਰ ਤੇ ਪ੍ਰਧਾਨਤਾ ਹੋਣਾ ਆਦਿ ਅਨੇਕਾਂ ਕਾਰਨ ਹਨ, ਜਿਨ੍ਹਾਂ ਬਾਰੇ ਸਮਾਜਿਕ, ਧਾਰਮਿਕ, ਰਾਜਨੀਤਕ, ਸਭਿਆਚਾਰਕ ਮੰਚਾਂ ਤੇ ਚਰਚਾ ਕਰਨ, ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ, ਲੋਕਾਂ ਦੀ ਮਾਨਸਿਕਤਾ ਬਦਲਣ ਲਈ ਯਤਨ ਕਰਨ ਦੀ ਵੱਡੀ ਲੋੜ ਹੈ?

ਅੱਜ ਸਾਡੇ ਪੰਜਾਬੀ ਜਾਂ ਸਿੱਖ ਸਮਾਜ ਦੇ ਸਾਰੇ ਹੀਰੋ ਉਹ ਹਨ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਲੜਾਈਆਂ ਲੜੀਆਂ, ਕੁਰਬਾਨੀਆਂ ਕੀਤੀਆਂ, ਹਥਿਆਰ ਚਲਾਏ, ਸੰਘਰਸ਼ ਲੜੇ, ਬਦਲੇ ਲਏ ਆਦਿ।ਸਾਨੂੰ ਬਦਲੇ ਹਾਲਾਤਾਂ ਦੇ ਸੰਦਰਭ ਤੇ ਲੋਕ ਮਾਨਸਿਕਤਾ ਬਦਲਣ ਲਈ ਜਿਥੇ ਹੋਰ ਖੇਤਰਾਂ (ਵਿਦਿਆ, ਖੇਡਾਂ, ਬਿਜਨੈਸ, ਸਮਾਜ ਸੇਵਾ, ਕਲਚਰ, ਔਰਤਾਂ ਆਦਿ) ਵਿਚੋਂ ਨਵੇਂ ਰੋਲ ਮਾਡਲ (ਆਦਰਸ਼ਕ ਮਨੁੱਖ) ਬਣਾਉਣੇ ਪੈਣਗੇ, ਉਥੇ ਸਾਡੇ ਪਰਿਵਾਰਕ, ਸਮਾਜਿਕ, ਸਭਿਅਚਾਕ, ਰਾਜਨੀਤਕ, ਖੇਡਾਂ, ਪਬਲਿਕ ਫੰਕਸ਼ਨਾਂ ਵਿਚੋਂ ਨਸ਼ਿਆਂ, ਫੁਕਰਾਪਨ, ਜਾਤ-ਪਾਤ, ਦਿਖਾਵੇਬਾਜੀ ਨੂੰ ਨਿਰ ਉਤਸ਼ਾਹਿਤ ਕਰਨਾ ਪਵੇਗਾ।ਮਨੋ ਵਿਗਿਆਨਕ ਪੱਖ ਤੋਂ ਇਹ ਸਪੱਸ਼ਟ ਹੈ ਕਿ ਬਹੁਤ ਸਾਰੇ ਬੱਚਿਆਂ ਦੇ ਸੁਭਾਅ ਵਿੱਚ ਜਨਮ ਤੋਂ ਜਨੈਟੀਕਲੀ ਹਿੰਸਾ ਦੇ ਬੀਜ ਹੁੰਦੇ ਹਨ, ਮਾਪਿਆਂ ਨੂੰ ਅਜਿਹੇ ਅਗਰੈਸਿਵ ਸੁਭਾਅ ਵਾਲੇ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਤੇ ਉਨ੍ਹਾਂ ਦੀ ਇਸ ਅਨਰਜ਼ੀ ਨੂੰ ਖੇਡਾਂ ਜਾਂ ਹੋਰ ਪ੍ਰੋਗਰਾਮਾਂ ਵਿੱਚ ਬਦਲਣਾ ਪਵੇਗਾ।ਪਰ ਸਮਾਜਿਕ ਜਾਂ ਪਰਵਾਰਿਕ ਤੌਰ ਤੇ ਚੁੱਪ ਬੈਠ ਕੇ, ਮੂਕ ਦਰਸ਼ਕ ਬਣੇ ਰਹਿ ਕੇ ਕੁਝ ਹੱਲ ਹੋਣ ਵਾਲਾ ਨਹੀਂ, ਜੇ ਅਸੀਂ ਕਮਿਉਨਿਟੀ, ਕੌਮ, ਭਾਈਚਾਰੇ ਦੇ ਤੌਰ ਤੇ ਅੱਗੇ ਵਧਣਾ ਹੈ ਤਾਂ ਜਿਥੇ ਕਮਿਉਨਿਟੀ ਦੇ ਅੰਦਰ ਕੰਮ ਕਰਨਾ ਪਵੇਗਾ, ਉਥੇ ਸਰਕਾਰਾਂ ਤੇ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵੀ ਜਵਾਬਦੇਹ ਬਣਾਉਣਾ ਪਵੇਗਾ?

ਰਾਬਤਾ: 403-681-8689

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ