Wed, 18 September 2024
Your Visitor Number :-   7222583
SuhisaverSuhisaver Suhisaver

ਸਾਕਾ ਨੀਲਾ ਤਾਰਾ: ਕੀ ਜ਼ਿੰਮੇਵਾਰ ਧਿਰਾਂ ਕਦੇ ਅੰਤਰ ਝਾਤ ਮਾਰਨਗੀਆਂ? -ਹਰਚਰਨ ਸਿੰਘ ਪ੍ਰਹਾਰ

Posted on:- 12-06-2021

ਜੂਨ, 1984 ਵਿੱਚ ਵਾਪਰੇ ਇਤਿਹਾਸਕ ਦੁਖਾਂਤ ਬਾਰੇ ਪਿਛਲੇ 37 ਸਾਲਾਂ ਵਿੱਚ ਸਿੱਖਾਂ ਤੇ ਗੈਰ ਸਿੱਖਾਂ ਵਲੋਂ ਬਹੁਤ ਕੁਝ ਕਿਹਾ ਤੇ ਲਿਖਿਆ ਗਿਆ ਹੈ। ਸਰਕਾਰੀ ਪੱਖ ਤੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ-ਆਪਣੇ ਪੱਖ ਤੋਂ ਵਾਈਟ ਪੇਪਰ ਵੀ ਜਾਰੀ ਕੀਤੇ ਗਏ ਸਨ।ਪਰ ਅੱਜ ਦੀ ਇਸ ਲਿਖਤ ਵਿੱਚ ਅਸੀਂ ਨਾਮਵਰ ਸਿੱਖ ਵਿਦਵਾਨਾਂ ਦੀਆਂ ਕਿਤਾਬਾਂ ਵਿੱਚੋਂ ਕੁਝ ਹਵਾਲਿਆਂ ਰਾਹੀਂ ਸਮਝਣ ਦਾ ਯਤਨ ਕਰਾਂਗੇ ਕਿ ਕੀ ਸਿੱਖ ਕੌਮ ਦੇ ਲੀਡਰਾਂ ਜਾਂ ਵਿਦਵਾਨਾਂ ਨੇ ਇਸ ਵੱਡੇ ਕੌਮੀ ਦੁਖਾਂਤ ਨੂੰ ਸਹੀ ਸੰਦਰਭ ਵਿੱਚ ਸਮਝ ਕੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ਼ ਕੌਮ ਅੱਗੇ ਵਧ ਸਕੇ? ਕੀ ਉਨ੍ਹਾਂ ਇਸ ਕਹੇ ਜਾਂਦੇ ਤੀਜੇ ਘੱਲੂਘਾਰੇ ਤੋਂ ਕੋਈ ਸਬਕ ਸਿੱਖਿਆ ਹੈ? ਬੁੱਧੀਜੀਵੀਆਂ ਤੇ ਲੀਡਰਾਂ ਦਾ ਕੰਮ ਇਹੀ ਨਹੀਂ ਹੁੰਦਾ ਕਿ ਉਹ ਅਜਿਹੇ ਘੱਲੂਘਾਰਿਆ ਤੋਂ ਬਾਅਦ ਹਮੇਸ਼ਾਂ ਲਈ ਪੀੜ੍ਹਤ ਧਿਰ ਬਣ ਕੇ ਆਪਣੀ ਰਾਜਨੀਤੀ ਕਰਨ, ਸਗੋਂ ਉਨ੍ਹਾਂ ਦਾ ਕੰਮ ਹੁੰਦਾ ਹੈ ਕਿ ਅਜਿਹੇ ਘੱਲੂਘਾਰਿਆਂ ਤੋਂ ਸਬਕ ਲੈ ਕੇ ਅੱਗੇ ਵਧਣ, ਅਜਿਹੇ ਯਤਨ ਕਰਨ ਕਿ ਮੁੜ ਅਜਿਹਾ ਕੁਝ ਨਾ ਵਾਪਰੇ? ਇਸ ਲਿਖਤ ਵਿੱਚ ਸਿੱਖਾਂ ਦੇ ਕੁਝ ਅਜਿਹੇ ਵੱਡੇ-ਵੱਡੇ ਸਤਿਕਾਰਤ ਵਿਦਵਾਨਾਂ ਦੀਆਂ ਲਿਖਤਾਂ ਵਿੱਚੋਂ ਉਨ੍ਹਾਂ ਦੀ ਮਾਨਿਸਕਤਾ ਤੇ ਦੂਰ-ਅੰਦੇਸ਼ੀ ਨੂੰ ਸਮਝਣ ਦਾ ਯਤਨ ਕਰਾਂਗੇ?

ਪਾਠਕਾਂ ਨੂੰ ਵੀ ਕਹਾਂਗਾ ਕਿ ਉਹ ਆਪਣੇ-ਆਪਣੇ ਪਲੈਟਫਾਰਮ ਅਤੇ ਨਜ਼ਰੀਏ ਤੋਂ ਆਪਣੇ-ਆਪਣੇ ਢੰਗ ਨਾਲ਼ ਸੋਚਣ, ਸਮਝਣ ਤੇ ਕੁਝ ਕਰਨ ਦਾ ਯਤਨ ਕਰਨ? ਇਸ ਸਬੰਧੀ ਅਸੀਂ ਆਪਣੀ ਗੱਲ ਡਾ. ਗੁਰਭਗਤ ਸਿੰਘ ਦੇ ਲੇਖਾਂ ਅਧਾਰਿਤ ਅਜਮੇਰ ਸਿੰਘ ਵਲੋਂ ਸੰਪਾਦਤ ਕਿਤਾਬ 'ਸਿੱਖ ਦ੍ਰਿਸ਼ਟੀ ਦਾ ਗੌਰਵ' ਨਾਲ਼ ਸ਼ੁਰੂ ਕਰਾਂਗੇ, ਜਿਨ੍ਹਾਂ ਬਾਰੇ ਅਜਮੇਰ ਸਿੰਘ ਹੋਰੀਂ ਲਿਖਦੇ ਹਨ ਕਿ ਡਾ. ਗੁਰਭਗਤ ਸਿੰਘ ਇੱਕ ਪ੍ਰਬੁੱਧ ਤੇ ਮੌਲਿਕ ਵਿਦਵਾਨ ਸਨ।ਜਿਸ ਵਿੱਚ ਹਰ ਮੁੱਦੇ ਦੀ ਗਹਿਰਾਈ ਵੀ ਹੈ ਤੇ ਮੁੱਦੇ ਦੇ ਹਰ ਨੁਕਤੇ ਤੱਕ ਰੁਸਾਈ ਵੀ ਹੈ।

ਇਸ ਕਿਤਾਬ ਵਿੱਚ ਡਾ. ਗੁਰਭਗਤ ਸਿੰਘ ਜੂਨ 84 ਦੇ ਘੱਲੂਘਾਰੇ ਬਾਰੇ ਆਪਣੇ ਇੱਕ ਲੇਖ 'ਜ਼ਖਮ ਨੂੰ ਸੂਰਜ ਬਣਨ ਦਿਉ!' (ਪੰਨਾ: 89) ਵਿੱਚ ਲਿਖਦੇ ਹਨ: 'ਜੂਨ 84 ਦਾ ਬਲੂ ਸਟਾਰ ਉਪਰੇਸ਼ਨ, ਇੱਕ ਵੱਡਾ ਘੱਲੂਘਾਰਾ ਸੀ।ਇਹ ਇੱਕ ਅਜਿਹਾ ਜ਼ਖਮ ਹੈ, ਜੋ ਸਿੱਖ ਕੌਮ ਦੀ ਸਿਮਰਤੀ ਵਿੱਚੋਂ ਨਹੀਂ ਜਾ ਸਕਦਾ।ਇਹ ਇੱਕ ਪੀੜ ਹੈ, ਇੱਕ ਕਸਕ ਹੈ, ਜੋ ਕਦੇ ਪੂਰੀ ਤਰ੍ਹਾਂ ਹਟ ਨਹੀਂ ਸਕਦੀ।ਪਰ ਜਿਨ੍ਹਾਂ ਕੌਮਾਂ ਦੀ ਸਿਰਜਨਾ ਪਰਮ ਨੈਤਿਕਤਾ ਉਤੇ ਹੋਈ ਹੋਵੇ, ... ਉਨ੍ਹਾਂ ਨੂੰ ਵੱਡੇ ਘਾਉ ਸੈਹਿਣੇ ਪੈਂਦੇ ਹਨ।' ਇਸੇ ਕਿਤਾਬ ਵਿੱਚ ਇੱਕ ਹੋਰ ਲੇਖ 'ਜ਼ਖਮ ਨੂੰ ਚੇਤੰਨਤਾ ਬਣਾਉਣ ਦੀ ਲੋੜ?' (ਪੰਨਾ: 93) ਵਿੱਚ ਲਿਖਦੇ ਹਨ: 'ਸਾਡੇ ਸਮਕਾਲੀ ਇਤਿਹਿਾਸ ਵਿੱਚ ਸਭ ਤੋਂ ਵੱਡਾ ਕੌਮੀ ਜ਼ਖਮ ਹਿਟਲਰ ਵਲੋਂ ਯਹੂਦੀਆਂ ਦਾ ਥੋਜਨਾਬੱਧ ਢੰਗ ਨਾਲ਼ ਕੀਤਾ ਮਹਾਂਨਾਸ਼ ਸੀ, ਜਿਸਨੂੰ ਉਹ 'ਹੌਲੌਕੌਸਟ' ਕਹਿੰਦੇ ਹਨ...ਵੀਹਵੀਂ ਸਦੀ ਦੇ ਪਹਿਲੇ ਵੱਡੇ 'ਮਹਾਂਨਾਸ' ਪਿੱਛੋਂ ਦੂਜਾ ਵੱਡਾ 'ਮਹਾਂਨਾਸ' ਵੱਡਾ ਕੌਮੀ ਜ਼ਖਮ, 'ਬਲਿਊ ਸਟਾਰ' ਸੀ।ਇਤਿਹਾਸ ਵਿੱਚ ਕੋਈ ਵੱਡੀ ਘਟਨਾ ਬਿਨਾਂ ਤਰਕ ਨਹੀਂ ਵਾਪਰਦੀ, ਜੂਨ 84 ਦਾ ਘੱਲੂਘਾਰਾ ਵੀ ਬਿਨਾਂ ਤਰਕ ਤੋਂ ਵਾਪਰਿਆ 'ਮਹਾਂਨਾਸ' ਨਹੀਂ।' ਇਸੇ ਤਰ੍ਹਾਂ ਡਾ, ਸਾਹਿਬ ਆਪਣੇ ਇੱਕ ਹੋਰ ਲੇਖ 'ਬਲਿਊ ਸਟਾਰ ਉਪਰੇਸ਼ਨ ਸਿਰਜਨਾਤਮਿਕ ਸ਼ੋਅਲਾ ਬਣਾਉਣ ਦੀ ਲੋੜ?' (ਪੰਨਾ: 96) ਵਿੱਚ ਲਿਖਦੇ ਹਨ: 'ਬਲਿਊ ਸਟਾਰ ਉਪਰੇਸ਼ਨ ਇੱਕ ਨਿਸ਼ੇਧਾਤਮਿਕ ਸਾਕਾ ਸੀ, ਜੋ ਵਾਪਰਨਾ ਨਹੀਂ ਚਾਹੀਦਾ ਸੀ, ਪਰ ਵਾਪਰ ਗਿਆ।ਇਸ ਨਾਲ਼ ਲੋਕਾਂ ਦਾ ਬਹੁਤ ਨੁਕਸਾਨ ਹੋਇਆ।ਇਤਿਹਾਸ ਵਿੱਚ ਇਸਦੀ ਤੁਲਨਾ 'ਮਹਾਂਨਾਸਾਂ' ਜਾਂ 'ਹੌਲੌਕੌਸਟ' ਨਾਲ਼ ਹੀ ਕੀਤੀ ਜਾ ਸਕਦੀ ਹੈ।'

ਡਾ ਗੁਰਭਗਤ ਸਿੰਘ ਬੜੇ ਵੱਡੇ ਵਿਦਵਾਨ ਸਨ ਤੇ ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਤੇ ਉਨ੍ਹਾਂ ਨਾਲ਼ ਬਿਲਕੁਲ ਸਹਿਮਤ ਹਾਂ ਕਿ ਬਲਿਊ ਸਟਾਰ ਉਪਰੇਸ਼ਨ ਨਹੀਂ ਵਾਪਰਨਾ ਚਾਹੀਦਾ ਸੀ, ਪਰ ਸੁਆਲ ਤਾਂ ਇਹ ਹੈ ਕਿ ਵਾਪਰਿਆ ਕਿਉਂ? ਡਾ. ਸਾਹਿਬ ਆਪ ਹੀ ਕਹਿੰਦੇ ਹਨ ਕਿ ਕੋਈ ਵੀ 'ਮਹਾਂਨਾਸ' ਤਰਕ ਤੋਂ ਬਿਨਾਂ ਨਹੀਂ ਵਾਪਰਦਾ, ਜਦਕਿ ਬਲਿਊ ਸਟਾਰ ਬਾਰੇ ਅਗਲੇ ਸਫਿਆਂ ਤੇ ਕਹਿੰਦੇ ਹਨ ਕਿ ਇੰਦਰਾ ਨੇ ਬਿਨਾਂ ਕਿਸੇ ਕਾਰਨ (ਤਰਕ) ਫੌਜਾਂ ਹਰਿਮੰਦਰ ਤੇ ਚਾੜ੍ਹ ਦਿੱਤੀਆਂ? ਡਾ. ਸਾਹਿਬ ਇਸ ਦੁਖਾਂਤ ਦੀ ਤੁਲਨਾ ਹਿਟਲਰ ਵਲੋਂ ਯਹੂਦੀਆਂ ਦੇ ਕੀਤੇ ਮਹਾਂਨਾਸ ਨਾਲ਼ ਕਰਦੇ ਹਨ, ਪਰ ਕੀ ਡਾ. ਸਾਹਿਬ ਨੂੰ ਪਤਾ ਨਹੀਂ ਸੀ ਕਿ ਨਾ ਸਿਰਫ ਹਿਟਲਰ ਨੇ ਸਿਰਫ 2-3 ਸਾਲਾਂ ਵਿੱਚ ਬਿਨਾਂ ਕਿਸੇ ਭੜਕਾਹਟ ਦੇ 60 ਲੱਖ ਯਹੂਦੀ ਮਾਰੇ ਸਨ, ਸਗੋਂ ਯਹੂਦੀਆਂ ਦਾ 'ਨਰਸੰਹਾਰ' ਤਾਂ 2 ਹਜ਼ਾਰ ਸਾਲ ਤੋਂ ਹੋ ਰਿਹਾ ਸੀ ਤੇ ਉਨ੍ਹਾਂ ਨੂੰ ਸਾਰੀ ਦੁਨੀਆਂ ਵਿੱਚ ਕਿਤੇ ਢੋਈ ਨਹੀਂ ਸੀ।ਕੀ ਸਾਕਾ ਨੀਲਾ ਤਾਰਾ ਦੀ ਕਿਸੇ ਵੀ ਢੰਗ ਨਾਲ਼ ਯਹੂਦੀਆਂ ਦੇ ਹੌਲੌਕੌਸਟ ਨਾਲ਼ ਤੁਲਨਾ ਕਰਨੀ ਜਾਇਜ਼ ਹੈ?

ਅਜਮੇਰ ਸਿੰਘ ਨੇ ਆਪਣੀ ਕਿਤਾਬ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' (ਪੰਨਾ: 432) ਵਿੱਚ ਇਸ ਘਟਨਾ ਬਾਰੇ 'ਸਿਟੀਜ਼ਨਸ ਫਾਰ ਡੈਮੋਕਰੇਸੀ' ਵਲੋਂ ਜਾਰੀ ਜੂਨ 84 ਬਾਰੇ 'ਰਿਪੋਰਟ ਟੂ ਨੇਸ਼ਨ: ਉਪਰੈਸ਼ਨ ਇੰਨ ਪੰਜਾਬ' ਕਿਤਾਬਚੇ ਦੇ ਹਵਾਲੇ ਨਾਲ ਇਵੇਂ ਲਿਖਿਆ ਹੈ: 'ਬਿਨਾਂ ਕਿਸੇ ਭੜਕਾਹਟ ਦੇ ਉਨ੍ਹਾਂ ਨਾਲ਼ ਅਜਿਹਾ ਵਾਪਰਿਆ, ਇਹ ਆਜ਼ਾਦ ਭਾਰਤ ਦਾ ਜ਼ਲਿਆਂਵਾਲ਼ਾ ਬਾਗ ਸੀ, ਜੋ ਮੌਤਾਂ ਦੀ ਗਿਣਤੀ ਤੇ ਮਾਰਨ ਦੇ ਢੰਗ ਤਰੀਕਿਆਂ ਪੱਖੋਂ ਅੰਗਰੇਜ਼ਾਂ ਵੇਲੇ ਹੋਏ ਜ਼ਲਿਆਂਵਾਲ਼ਾ ਕਾਂਡ ਨੂੰ ਕਿਤੇ ਪਿਛੇ ਛੱਡ ਗਿਆ।' ਇਸੇ ਤਰ੍ਹਾਂ ਆਪਣੀ ਇੱਕ ਹੋਰ ਕਿਤਾਬ '1984': ਅਣਚਿਤਵਿਆ ਕਹਿਰ; ਨਾ ਮੰਨਣਯੋਗ, ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ' (ਮੁਢਲੇ ਸ਼ਬਦ, ਪੰਨਾ: XII) ਵਿੱਚ ਅਜਮੇਰ ਸਿੰਘ ਜੀ ਲਿਖਦੇ ਹਨ: '1984, ਸਿੱਖਾਂ ਦੇ ਹਿਰਦਿਆਂ ਅੰਦਰ ਖੰਜਰ ਬਣ ਕੇ ਖੁਭਿਆ ਹੋਇਆ ਹੈ।ਸਿੱਖਾਂ ਦਾ ਅਤੀਤ, ਵਰਤਨਮਾਨ ਤੇ ਭਵਿੱਖ, ਸਾਰੇ '1984' ਵਿੱਚ ਸਿਮਟ ਗਏ ਹਨ।ਇਸ ਦੇ ਹਵਾਲੇ ਤੋਂ ਬਿਨਾਂ ਨਾ ਅਤੀਤ ਦੀ ਗੱਲ ਕਰਨੀ ਸੰਭਵ ਰਹੀ ਹੈ, ਨਾ ਵਰਤਮਾਨ ਨੂੰ ਜਾਣਿਆ ਜਾ ਸਕਦਾ ਹੈ, ਅਤੇ ਨਾ ਹੀ ਭਵਿੱਖ ਕਲਪਿਆ ਜਾ ਸਕਦਾ ਹੈ।' ਸ. ਅਜਮੇਰ ਸਿੰਘ ਸਾਡੇ ਤੋਂ ਬਹੁਤ ਸੀਨੀਅਰ ਹਨ, ਉਨ੍ਹਾਂ ਕੋਲ਼ ਸਿਰਫ ਸਿੱਖ ਲਹਿਰ ਦਾ ਹੀ ਨਹੀਂ, ਭਾਰਤ ਦੀ ਅਜ਼ਾਦੀ ਲਹਿਰ, ਮਾਰਕਸਵਾਦ ਤੇ ਨਕਸਲਵਾੜੀ ਲਹਿਰ ਦਾ ਵੀ ਗੂੜ੍ਹ ਗਿਆਨ ਹੈ।ਸਮਝ ਨਹੀਂ ਲੱਗੀ ਕਿ ਉਹ ਕਿਸ ਅਧਾਰ ਤੇ ਜੂਨ 84 ਦੇ ਦੁਖਾਂਤ ਨੂੰ ਜ਼ਲ੍ਹਿਆਂਵਾਲ਼ਾ ਕਾਂਡ ਨਾਲ਼ ਜੋੜ ਸਕਦੇ ਹਨ? ਜ਼ਲ੍ਹਿਆਂਵਾਲ਼ਾ ਬਾਗ ਵਿੱਚ ਤਾਂ ਸ਼ਾਂਤਮਈ ਢੰਗ ਨਾਲ਼ ਨਿਹੱਥੇ ਬੈਠੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ।ਜਦਕਿ ਦਰਬਾਰ ਸਾਹਿਬ ਅੰਦਰ ਭਾਰਤੀ ਫੌਜ ਦੇ ਜਨਰਲ ਸ਼ੁਬੇਗ ਸਿੰਘ ਦੀ ਕਮਾਂਡ ਅਤੇ 20ਵੀਂ ਸਦੀ ਮਹਾਂਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ (ਅਜਮੇਰ ਸਿੰਘ ਅਨੁਸਾਰ) ਦੀ ਅਗਵਾਈ ਵਿੱਚ ਵੱਡੇ-ਵੱਡੇ ਹਥਿਆਰਾਂ ਨਾਲ਼ ਲੈਸ ਮਰਜੀਵੜੇ ਭਾਰਤੀ ਫੌਜ ਨਾਲ਼ ਲੜਨ ਲਈ ਕਈ ਮਹੀਨਿਆਂ ਤੋਂ ਮੋਰਚਾਬੰਦੀ ਕਰੀ ਬੈਠੇ ਸਨ।ਉਹ ਮਰਜੀਵੜੇ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਡੀ ਆਈ ਜੀ ਅਵਤਾਰ ਸਿੰਘ ਅਟਵਾਲ ਦਾ ਸ਼ਰੇਆਮ ਦਰਬਾਰ ਸਾਹਿਬ ਅੰਦਰ 25 ਅਪਰੈਲ, 1983 ਨੂੰ ਕਤਲ ਕਰ ਦਿੱਤਾ ਸੀ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਆਪਣੇ ਇੱਕ ਡੀ ਆਈ ਜੀ ਦੀ ਤਿੰਨ ਘੰਟੇ ਲਾਸ਼ ਚੁੱਕਣ ਦੀ ਹਿੰਮਤ ਨਹੀਂ ਪਈ ਸੀ।ਜਿਥੇ ਅਕਾਲੀ ਲੀਡਰ ਮਲਿਕ ਸਿੰਘ ਭਾਟੀਆ ਦਾ ਦਰਬਾਰ ਸਾਹਿਬ ਦੇ ਅੰਦਰ ਖਾੜਕੂਆਂ ਨੇ 16 ਅਪਰੈਲ, 1984 ਨੂੰ ਕਤਲ ਕਰ ਦਿੱਤਾ ਸੀ।'ਇੰਡੀਆ ਟੁਡੇ' ਦੀ ਜਨਵਰੀ 14, 1984 ਦੀ ਗੋਬਿੰਦ ਠੁਕਰਾਲ ਦੀ ਇੱਕ ਰਿਪੋਰਟ 'ਬੱਬਰ ਖਾਲਸਾ ਲੀਡਰ ਨੇ 35 ਨਿਰੰਕਾਰੀਆਂ ਨੂੰ ਮਾਰਨ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ' ਅਨੁਸਾਰ ਖਾੜਕੂ ਜਥੇਬੰਦੀ ਬੱਬਰ ਖਾਲਸਾ ਦੇ ਮੁੱਖੀ ਸੁਖਦੇਵ ਸਿੰਘ ਬੱਬਰ ਅਤੇ ਅਨੋਖ ਸਿੰਘ ਬੱਬਰ ਨੇ ਦਾਅਵਾ ਕੀਤਾ ਸੀ ਕਿ ਪਿਛਲੇ ਕੁਝ ਮਹੀਨਿਆਂ ਵਿੱਚ 35 ਨਿਰੰਕਾਰੀਆਂ ਨੂੰ ਮਾਰਨ ਦਾ ਸਿਹਰਾ ਸਾਡੀ ਜਥੇਬੰਦੀ ਨੂੰ ਜਾਂਦਾ ਹੈ ਅਤੇ ਭਿੰਡਰਾਂਵਾਲ਼ਾ ਦਰਬਾਰ ਸਾਹਿਬ ਬੈਠਾ ਐਂਵੇਂ ਹੀਰੋ ਬਣ ਰਿਹਾ ਹੈ।ਅਜਮੇਰ ਸਿੰਘ ਹੋਰਾਂ ਦੀ ਅਗਲੀ ਗੱਲ ਨਾਲ਼ ਵੀ ਅਸੀਂ ਸਹਿਮਤ ਹਾਂ ਕਿ ਜੂਨ 84 ਦਾ ਘੱਲੂਘਾਰਾ ਇੱਕ ਬਹੁਤ ਵੱਡੀ ਦੁਖਾਂਤਿਕ ਇਤਿਹਾਸਕ ਘਟਨਾ ਸੀ, ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਸਾਡੇ ਇਹ ਮਹਾਂ ਵਿਦਵਾਨ ਇਸਦੇ ਕਾਰਨਾਂ ਨੂੰ ਕਿਉਂ ਨਹੀਂ ਵਿਚਾਰਦੇ? ਉਹ ਲੋਕਾਂ ਨੂੰ ਸਿਰਫ ਇੱਕ ਪਾਸੜ ਸੱਚ ਹੀ ਕਿਉਂ ਦੱਸਦੇ ਹਨ? ਕੀ ਕਦੇ ਇਤਿਹਾਸ ਦੀ ਕਿਸੇ ਮਹਾਨ ਦੁਰਘਟਨਾ ਦਾ ਸਿਰਫ ਇੱਕ ਪਹਿਲੂ ਹੋ ਸਕਦਾ ਹੈ? ਉਹ ਕਿਸ ਅਧਾਰ ਤੇ ਕਹਿੰਦੇ ਹਨ ਕਿ ਬਿਨਾਂ ਭੜਕਾਹਟ ਦੇ ਲੋਕਾਂ ਦਾ ਕਤਲੇਆਮ ਹੋਇਆ?

ਇਸ ਸਬੰਧੀ ਇੱਕ ਹੋਰ ਸਿੱਖ ਵਿਦਵਾਨ ਡਾ. ਸੰਗਤ ਸਿੰਘ ਆਪਣੀ ਕਿਤਾਬ 'ਇਤਿਹਾਸ ਵਿੱਚ ਸਿੱਖ' (ਪੰਨਾ: 432) ਵਿੱਚ ਲਿਖਦੇ ਹਨ: ਹੁਣ ਤੱਕ ਸਥਿਤੀ ਤੀਜੀ ਏਜੰਸੀ ਦੇ ਪੂਰੇ ਕੰਟਰੋਲ ਵਿੱਚ ਆ ਚੁੱਕੀ ਸੀ।ਉਹ ਇੱਕ ਅਜਿਹੀ ਸਥਿਤੀ ਪੈਦਾ ਕਰ ਰਹੀ ਸੀ, ਜਿਸ ਵਿੱਚ ਬਾਹਰੀ ਕੇਂਦਰੀ ਕਾਰਵਾਈਆਂ ਨਿਆਂ-ਪੂਰਵਕ ਲੱਗਣ।ਉਹ ਟਕਰਾਅ ਪੈਦਾ ਕਰਨ ਲਈ ਕਾਰ-ਸੇਵਾ ਦੇ ਟਰੱਕਾਂ ਰਾਹੀਂ ਲਿਆਂਦੇ ਹਥਿਆਰ ਹਰਿਮੰਦਰ ਸਾਹਿਬ ਵਿੱਚ ਜਮ੍ਹਾਂ ਕਰ ਰਹੀ ਸੀ।(ਉਘੇ ਸਿੱਖ ਵਿਦਵਾਨ ਗੁਰਤੇਜ ਸਿੰਘ ਵੀ ਮੰਨਦੇ ਹਨ ਕਿ ਜਨਰਲ ਜਸਵੰਤ ਸਿੰਘ ਭੁੱਲਰ ਤੇ ਇੱਕ ਹੋਰ ਅਫਸਰ ਉਨ੍ਹਾਂ ਕੋਲ਼ ਆਏ ਸਨ ਕਿ ਸਾਡੇ ਕੋਲ਼ ਹਥਿਆਰਾਂ ਦਾ ਭਰਿਆ ਟਰੱਕ ਹੈ ਤੇ ਸੰਤ ਭਿੰਡਰਾਂਵਾਲ਼ੇ ਕੌਮ ਦੀ ਲੜਾਈ ਲੜ ਰਹੇ ਹਨ, ਤੁਸੀਂ ਉਨ੍ਹਾਂ ਦੇ ਖਾਸ ਸਲਾਹਕਾਰ ਹੋ, ਉਹ ਹਥਿਆਰ, ਉਨ੍ਹਾਂ ਤੱਕ ਦਰਬਾਰ ਸਾਹਿਬ ਪਹੁੰਚਾਉ ਤਾਂ ਕਿ ਉਹ ਆਪਣੀ ਲੜਾਈ ਕਾਰਗਰ ਢੰਗ ਨਾਲ਼ ਲੜ ਸਕਣ, ਪਰ ਗੁਰਤੇਜ ਸਿੰਘ ਅਨੁਸਾਰ, ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਲੰਗਰ ਵਾਲ਼ੇ ਟਰੱਕਾਂ ਰਾਹੀਂ ਉਹ ਹਥਿਆਰ ਦਰਬਾਰ ਸਾਹਿਬ ਪਹੁੰਚੇ ਸਨ: ਵੇਖੋ ਉਸਦੀ ਕਿਤਾਬ: ਵੈਬ ਆਫ ਇੰਡੀਅਨ ਸੈਕੂਲਰਿਜ਼ਿਮ-ਚੱਕਰਵਿਊ, ਪੰਨਾ: 49-50)। 15 ਅਪਰੈਲ, 1984 ਨੂੰ ਵਿਉਂਤੇ ਢੰਗ ਨਾਲ਼ 38 ਰੇਲਵੇ ਸਟੇਸ਼ਨਾਂ ਦਾ ਸਾੜਿਆ ਜਾਣਾ।ਇਸੇ ਏਜੰਸੀ ਦਾ ਕੰਮ ਸੀ।ਇਸੇ ਤਰ੍ਹਾਂ ਬਹੁਤ ਪ੍ਰਚਾਰੇ ਗਏ ਕਤਲਾਂ ਵਿੱਚੋਂ ਵੀ ਬਹੁਤ ਸਾਰੇ ਇਸੇ ਸੰਸਥਾ ਦੇ ਕੰਮ ਸਨ।ਵੱਖੋ-ਵੱਖਰੀਆਂ ਜਥੇਬੰਦੀਆਂ ਵਿੱਚਕਾਰ ਪਰਸਪਰ ਵਿਨਾਸ਼ਕਾਰੀ ਲੜਾਈ, ਭਿੰਡਰਾਂਵਾਲ਼ੇ ਦੇ ਨਜ਼ਦੀਕੀ ਅਤੇ ਵਿਸ਼ਵਾਸੀ ਸੁਰਿੰਦਰ ਸਿੰਘ ਸੋਢੀ ਦੀ ਜਾਨ ਵੀ ਇਸੇ ਏਜੰਸੀ ਦੀ ਸਾਜ਼ਿਸ਼ ਦਾ ਸਿੱਟਾ ਸੀ।ਡਾ. ਸੰਗਤ ਸਿੰਘ ਬੜੇ ਉਚ ਕੋਟੀ ਦੇ ਸਿੱਖ ਵਿਦਵਾਨ ਅਤੇ ਭਾਰਤ ਸਰਕਾਰ ਦੀ ਫੋਰਨ ਸਰਵਿਸ ਵਿੱਚ ਸਾਰੀ ਉਮਰ ਨਹਿਰੂ ਤੋਂ ਇੰਦਰਾ ਤੱਕ ਉਚ ਅਹੁਦਿਆਂ ਤੇ ਰਹੇ।ਉਨ੍ਹਾਂ ਦੀ ਇਸ ਕਿਤਾਬ ਦਾ ਨਿਚੋੜ ਇਹ ਬਣਦਾ ਹੈ ਕਿ ਭਿੰਡਰਾਂਵਾਲ਼ਾ, ਦਲ ਖਾਲਸਾ, ਬੱਬਰ ਖਾਲਸਾ ਆਦਿ ਸਭ ਖਾੜਕੂ ਜਥੇਬੰਦੀਆਂ ਅਤੇ ਅਕਾਲੀ ਲੀਡਰ 'ਥਰਡ ਏਜੰਸੀ' ਦੇ ਮੋਹਰੇ ਸਨ? ਜੇ ਡਾ. ਸੰਗਤ ਸਿੰਘ ਦੀ ਗੱਲ ਠੀਕ ਮੰਨ ਲਈ ਜਾਵੇ ਤਾਂ ਫਿਰ ਅਜਮੇਰ ਸਿੰਘ, ਗੁਰਤੇਜ ਸਿੰਘ, ਪੱਤਰਕਾਰ ਕਰਮਜੀਤ ਸਿੰਘ ਆਦਿ ਵਰਗੇ ਸਿੱਖ ਵਿਦਵਾਨ ਕਿਸ ਅਧਾਰ ਤੇ ਖਾੜਕੂਆਂ ਨੂੰ ਸਿੱਖਾਂ ਦੀ ਅਜ਼ਾਦੀ ਦੀ ਲੜਾਈ ਲੜਨ ਵਾਲ਼ੇ ਮਹਾਨ ਯੋਧੇ ਮੰਨਦੇ ਹਨ? ਡਾ. ਸੰਗਤ ਸਿੰਘ ਵਲੋਂ ਆਪਣੀ ਇਸ ਕਿਤਾਬ ਵਿੱਚ ਉਠਾਏ ਸਵਾਲ ਕਿ ਦਰਬਾਰ ਸਾਹਿਬ ਵਿੱਚ ਹਥਿਆਰ ਸਰਕਾਰ ਦੀ ਥਰਡ ਏਜੰਸੀ ਵਲੋਂ ਸਾਜ਼ਿਸ਼ ਤਹਿਤ ਲੰਗਰ ਦੇ ਟਰੱਕਾਂ ਰਾਹੀਂ ਪਹੁੰਚਾਏ ਗਏ ਤਾਂ ਕਿ ਸਿੱਖਾਂ ਨੂੰ ਜੂਨ 84 ਦੇ ਹਮਲੇ ਰਾਹੀਂ ਸਬਕ ਸਿਖਾਇਆ ਜਾ ਸਕੇ? ਜੇ ਡਾ. ਸਾਹਿਬ ਵਰਗੇ ਖੋਜੀ ਇਤਿਹਾਸਕਾਰ ਦੀ ਗੱਲ ਠੀਕ ਮੰਨੀਏ ਤਾਂ ਕੀ ਜਨਰਲ ਸ਼ੁਬੇਗ ਸਿੰਘ ਜਾਂ ਸੰਤ ਭਿੰਡਰਾਂਵਾਲ਼ੇ ਸਰਕਾਰ ਦੀ ਇਸ 'ਥਰਡ ਏਜੰਸੀ' ਦੀ ਸਾਜ਼ਿਸ਼ ਵਿਚ ਸ਼ਾਮਿਲ ਸਨ? ਜਦੋਂ ਅਜਮੇਰ ਸਿੰਘ, ਡਾ. ਅਮਰਜੀਤ ਸਿੰਘ ਹੋਰਾਂ ਵਰਗੇ ਉਚ ਕੋਟੀ ਦੇ ਸਿੱਖ ਵਿਦਵਾਨ ਸੰਤ ਜਰਨੈਲ ਸਿੰਘ ਨੂੰ ਸਿੱਖ ਕੌਮ ਦਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਭ ਤੋਂ ਵੱਡਾ ਮਹਾਂ-ਮਾਨਵ ਮੰਨਦੇ ਹਨ?

ਜਿਸਨੂੰ ਸਿੱਖ ਕੌਮ ਅਜੇ ਤੱਕ ਪਛਾਣ ਨਹੀਂ ਸਕੀ।ਅਜਮੇਰ ਸਿੰਘ ਆਪਣੀ ਇੱਕ ਤਕਰੀਰ ਵਿੱਚ ਇਥੇ ਤੱਕ ਕਹਿੰਦੇ ਹਨ ਕਿ ਸੰਤ ਜਰਨੈਲ ਸਿੰਘ ਵਰਗੀਆਂ ਇਲਾਹੀ ਰੂਹਾਂ ਨੂੰ ਸਮਝਣ ਲਈ ਕਈ ਸਦੀਆਂ ਲੱਗ ਜਾਂਦੀਆਂ ਹਨ।ਅਜਿਹੀਆਂ ਲਿਖਤਾਂ ਬਾਰੇ ਸਪੱਸ਼ਟੀਕਰਨ ਤੋਂ ਬਿਨਾਂ ਅਜਮੇਰ ਸਿੰਘ ਵਰਗੇ ਸਿੱਖ ਵਿਦਵਾਨਾਂ ਦਾ ਇੱਕ ਪਾਸੜ ਦਾਅਵਾ ਕਿ ਸੰਤ ਭਿੰਡਰਾਂਵਾਲ਼ਾ, ਬਾਬਾ ਬਹਾਦਰ ਸਿੰਘ ਤੋਂ ਵੀ ਵੱਡਾ ਮਹਾਂਨਾਇਕ ਸੀ, ਕਿਤਨਾ ਕੁ ਜ਼ਾਇਜ ਹੈ? ਫਿਰ ਜੇ ਡਾ. ਸੰਗਤ ਸਿੰਘ ਨੇ ਗਲਤ ਬਿਆਨੀ ਕੀਤੀ ਸੀ ਤਾਂ ਸਿੱਖ ਵਿਦਵਾਨਾਂ ਨੇ ਉਸਨੂੰ ਕਿਤਾਬ ਛਪਣ ਤੋਂ ਬਾਅਦ ਸਵਾਲ ਕਿਉਂ ਨਹੀਂ ਕੀਤੇ? ਉਹ ਕਿਤਾਬ ਛਪਣ ਤੋਂ ਬਾਅਦ ਕਈ ਸਾਲ ਜਿਉਂਦਾ ਰਿਹਾ ਅਤੇ ਕਿਤਾਬ ਅਜੇ ਵੀ ਛਪ ਰਹੀ ਹੈ? ਜੇ ਸਰਕਾਰ ਹਮਲੇ ਨੂੰ ਅੰਜਾਮ ਦੇਣ ਲਈ ਹਥਿਆਰ ਭੇਜਦੀ ਸੀ ਤਾਂ ਕੀ ਇਹ ਵਿਦਵਾਨ ਸੰਤਾਂ ਦਾ ਕੋਈ ਅਜਿਹਾ ਬਿਆਨ ਦਿਖਾ ਸਕਦੇ ਹਨ, ਜਿਥੇ ਉਨ੍ਹਾਂ ਕਿਹਾ ਹੋਵੇ ਕਿ ਸਾਡੀ ਮਰਜੀ ਤੋਂ ਬਿਨਾਂ ਸਰਕਾਰ ਅਕਾਲ ਤਖਤ ਤੇ ਹਥਿਆਰ ਪਹੁੰਚਾ ਕੇ ਮੋਰਚਾਬੰਦੀ ਕਰ ਰਹੀ ਹੈ? ਸਰਕਾਰ ਹਮਲਾ ਕਰਨ ਲਈ ਸਾਡੇ ਖਿਲਾਫ ਸਾਜ਼ਿਸ਼ ਕਰ ਰਹੀ ਹੈ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਹਰਿਮੰਦਰ ਸਾਹਿਬ ਵਿੱਚ ਖੂਨ-ਖਰਾਬਾ ਹੋਵੇ, ਅਸੀਂ ਦਰਬਾਰ ਵਿੱਚੋਂ ਬਾਹਰ ਜਾ ਰਹੇ ਹਾਂ? ਹੁਣ ਸਿੱਖ ਸੰਗਤ, ਡਾ. ਸੰਗਤ ਸਿੰਘ ਤੇ ਗੁਰਤੇਜ ਸਿੰਘ ਦੀਆਂ ਲਿਖਤਾਂ ਨੂੰ ਸਹੀ ਮੰਨੇ ਜਾਂ ਸੰਤ ਭਿੰਡਰਾਂਵਾਲ਼ੇ ਦੀ ਸੋਚ ਦੇ ਵਾਰਿਸਾਂ ਦੀਆਂ ਨੂੰ? ਕੀ ਅਸੀਂ ਸੰਗਤ ਸਿੰਘ ਜਾਂ ਗੁਰਤੇਜ ਦੀ ਮੰਨੀਏ ਜਾਂ ਭਾਰਤੀ ਖੁਫੀਆ ਏਜੰਸੀ ਆਈ ਬੀ ਅਤੇ ਰਾਅ ਦੇ ਦੇਸ਼-ਵਿਦੇਸ਼ ਵਿੱਚ ਰਹੇ ਚੋਟੀ ਦੇ ਅਫਸਰ ਤੇ ਸਿੱਖ ਹਿਤੈਸ਼ੀ ਜ਼ੀਬੀ ਐਸ ਸਿੱਧੂ ਦੀ ਮੰਨੀਏ, ਜੋ ਕੁਝ ਮਹੀਨੇ ਪਹਿਲਾਂ ਪ੍ਰਕਾਸ਼ਤ ਆਪਣੀ ਨਵੀਂ ਕਿਤਾਬ 'ਦੀ ਖਾਲਿਸਤਾਨ ਕੌਨਸੀਪੀਰੇਸੀ', ਵਿੱਚ ਆਪਣੀ ਜੌਬ ਦੌਰਾਨ ਅੰਦਰੂਨੀ ਜਾਣਕਾਰੀ ਦੇ ਦਾਅਵਿਆਂ ਦੇ ਆਧਾਰ ਤੇ ਸੰਤ ਭਿੰਡਰਾਂਵਾਲੇ ਨੂੰ 1 ਸਫਦਰਯੰਗ ਰੋਡ ਦਿੱਲੀ (ਪ੍ਰਧਾਨ ਮੰਤਰੀ ਨਿਵਾਸ) ਵਿੱਚ ਬੈਠੀ ਅਰੁਨ ਨਹਿਰੂ ਜੁੰਡਲੀ ਦੀ ਪੈਦਾਇਸ਼ ਮੰਨਦਾ ਹੈ? ਜਾਂ ਲੋਕ ਅਜਮੇਰ ਸਿੰਘ, ਹਰਿੰਦਰ ਸਿੰਘ ਮਹਿਬੂਬ ਆਦਿ ਦੀ ਮੰਨਣ, ਜੋ ਕਹਿ ਰਹੇ ਹਨ ਕਿ ਸਾਕਾ ਨੀਲਾ ਤਾਰਾ ਬ੍ਰਾਹਮਣਾਂ ਦੀ ਸਿੱਖਾਂ ਨਾਲ਼ 5 ਸਦੀਆਂ ਦੇ ਵੈਰ ਦਾ ਨਤੀਜਾ ਸੀ, ਜਿਸਨੂੰ ਉਨ੍ਹਾਂ ਸੰਤ ਭਿੰਡਰਾਂਵਾਲ਼ਿਆਂ ਰਾਹੀਂ ਅੰਜ਼ਾਮ ਦਿੱਤਾ ਜਾਂ ਉਨ੍ਹਾਂ ਧਿਰਾਂ ਦਾ ਵੀ ਕੋਈ ਕਸੂਰ ਹੈ, ਜਿਨ੍ਹਾਂ ਨੇ ਇਹ ਸਾਜ਼ਿਸ਼ ਸਿਰੇ ਚੜ੍ਹਾਉਣ ਲਈ ਲਗਾਤਾਰ ਬਹਾਨਾ ਮੁਹੱਈਆ ਕੀਤਾ?

ਇਸ ਸਬੰਧੀ ਪੰਜਾਬ ਦੇ ਨਾਮਵਰ ਲੇਖਕ ਜਸਵੰਤ ਸਿੰਘ ਕੰਵਲ ਹੋਰਾਂ ਦੀ ਸਵਾਲਾਂ-ਜਵਾਬਾਂ ਅਧਾਰਿਤ ਕਿਤਾਬ 'ਪੰਜਾਬ ਦਾ ਹੱਕ ਸੱਚ' (ਪੰਨਾ: 199-201) ਦਾ ਇਥੇ ਜ਼ਿਕਰ ਕਰਨਾ ਵਾਜ਼ਿਬ ਬਣਦਾ ਹੈ।ਉਹ ਲੋਕਾਂ ਦੇ ਸਵਾਲ ਕਿ ਗੁਰਚਰਨ ਸਿੰਘ ਟੌਹੜਾ, ਸੰਤ ਜਰਚੰਦ ਸਿੰਘ ਲੌਂਗੋਵਾਲ਼ ਆਦਿ ਜੂਨ 84 ਤੋਂ ਪਹਿਲਾਂ ਅਕਾਲ ਤਖਤ ਨੂੰ ਬਚਾਉਣ ਲਈ ਅੱਗੇ ਕਿਉਂ ਨਾ ਆਏ ਤਾਂ ਕੰਵਲ ਸਾਹਿਬ ਜਵਾਬ ਦਿੰਦੇ ਹਨ: 'ਸੰਤ ਭਿੰਡਰਾਂਵਾਲ਼ਿਆਂ ਦੀ ਚੜ੍ਹਤ ਨੇ ਇਨ੍ਹਾਂ ਜਥੇਦਾਰਾਂ ਦੀ ਅਣਖ ਤੇ ਹੋਸ਼ ਨੂੰ ਸਹਿਮ ਦੀ ਬੀਮਾਰੀ ਲਗਾ ਦਿੱਤੀ ਸੀ।' ਇੱਕ ਹੋਰ ਸਵਾਲ ਕਿ ਜੇ ਭਿੰਡਰਾਂਵਾਲ਼ਾ ਗਲਤ ਸੀ ਤਾਂ ਅਕਾਲ ਤਖਤ ਦੇ ਜਥੇਦਾਰ ਨੇ ਉਸ ਖਿਲਾਫ ਹੁਕਮਨਾਮਾ ਕਿਉਂ ਨਾ ਜਾਰੀ ਕੀਤਾ, ਦੇ ਜਵਾਬ ਵਿੱਚ ਪੰਜਾਬੀ ਦੇ ਸਿਰਮੌਰ ਲੇਖਕ ਸਾਹਿਬ ਲਿਖਦੇ ਹਨ: 'ਅਕਾਲ ਤਖਤ ਦੇ ਜਥੇਦਾਰ ਵਿੱਚ ਭਿੰਡਰਾਂਵਾਲੇ ਅੱਗੇ ਖੜਨ ਦੀ ਜ਼ੁਰਅਤ ਨਹੀਂ ਸੀ।ਉਸ ਅੱਗੇ ਸਾਰੀਆਂ ਧਿਰਾਂ ਨਿਸਲ਼ੀਆਂ ਹੋ ਚੁੱਕੀਆਂ ਸਨ।' ਸਾਡੇ ਵਿੱਚ ਇਤਨੀ ਜੁਰਅਤ ਨਹੀਂ ਕਿ ਅਸੀਂ ਕੰਵਲ ਸਾਹਿਬ ਵਰਗੇ ਮਹਾਨ ਲੇਖਕ ਨੂੰ ਕੁਝ ਕਹਿ ਸਕੀਏ, ਗੁਸਤਾਖੀ ਮਾਫ, ਕੁਝ ਸਵਾਲ ਤਾਂ ਉਨ੍ਹਾਂ ਨੂੰ ਪੁੱਛਣੇ ਬਣਦੇ ਹਨ: ਕੀ ਕੰਵਲ ਸਾਹਿਬ ਨੂੰ ਪਤਾ ਨਹੀਂ ਸੀ ਕਿ ਜਦੋਂ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੇ ਭਿੰਡਰਾਂਵਾਲਿਆਂ ਦੇ ਅਕਾਲ ਤਖਤ ਤੇ ਕਾਬਿਜ ਹੋਣ ਅਤੇ ਹਥਿਆਰ ਜਮ੍ਹਾਂ ਕਰਨ ਦਾ ਜਥੇਦਾਰ ਟੌਹੜਾ ਸਾਹਿਬ ਕੋਲ਼ੋਂ ਇਤਰਾਜ਼ ਜਿਤਾਇਆ ਸੀ ਤਾਂ ਕੁਝ ਦਿਨਾਂ ਬਾਅਦ ਹੀ ਉਸਦੀ 10 ਮਈ, 1984 ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ? ਤਾਂ ਫਿਰ ਕੋਈ ਰੂਹਾਨੀ ਸ਼ਕਤੀ ਦਾ ਮਾਲਕ ਹੀ ਸੰਤ ਜੀ ਨੂੰ ਸਵਾਲ ਕਰਦਾ? ਜਿਥੇ ਅਜਮੇਰ ਸਿੰਘ, ਪੱਤਰਕਾਰ ਕਰਮਜੀਤ ਸਿੰਘ, ਹਰਿੰਦਰ ਸਿੰਘ ਮਹਿਬੂਬ ਵਰਗੇ ਮਹਾਨ ਸਿੱਖ ਚਿੰਤਕ ਸੰਤ ਭਿੰਡਰਾਂਵਾਲਿਆਂ ਨੂੰ ਸਰਬ ਕਲਾ ਸੰਪੂਰਨ ਮਹਾਂ ਨਾਇਕ ਮੰਨਦੇ ਹਨ, ਉਥੇ ਜਸਵੰਤ ਸਿੰਘ ਕੰਵਲ ਆਪਣੀ ਇਸ ਕਿਤਾਬ ਵਿੱਚ ਲਿਖਦੇ ਹਨ: 'ਸੰਤ ਸਿੱਖਾਂ ਦੇ ਹਰ ਪੱਖੋਂ ਧਰਮੱਘ (ਵੱਡੇ ਧਰਮੀ) ਸਨ, ਪਰ ਰਾਜਸੀ ਸੂਝ ਪੱਖੋਂ ਉਹ ਕੋਰੇ ਸਨ।ਜਿਸ ਕਾਰਨ ਸਿੱਖਾਂ ਨੂੰ ਦੋਹਰਾ ਸੰਤਾਪ ਝੱਲਣਾ ਪਿਆ।'  ਪਾਠਕ ਆਪ ਹੀ ਸਿਆਣੇ ਹਨ, ਹੁਣ ਇਨ੍ਹਾਂ ਖੋਜੀ ਵਿਦਵਾਨਾਂ ਨੂੰ ਕੀ-ਕੀ ਸਵਾਲ ਕਰੀਏ?

ਪਿਛਲੇ 37 ਸਾਲਾਂ ਵਿੱਚ ਦੇਸ਼-ਵਿਦੇਸ਼ ਅੰਦਰ ਅਜਿਹਾ ਪ੍ਰਚਾਰ ਤਾਂ ਖੂਬ ਕੀਤਾ ਗਿਆ ਹੈ ਕਿ ਜੂਨ 84 ਦੀਆਂ ਘਟਨਾਵਾਂ ਕਿਵੇਂ ਵਾਪਰੀਆਂ? ਉਨ੍ਹਾਂ ਵਿੱਚ ਇਨ੍ਹਾਂ ਅਨੁਸਾਰ ਸਿੱਖਾਂ ਦਾ ਕਿਤਨਾ ਨੁਕਸਾਨ ਹੋਇਆ? ਦਰਬਾਰ ਸਾਹਿਬ ਵਿੱਚ ਬੈਠੇ ਖਾੜਕੂਆਂ ਨੇ ਕਿਵੇਂ ਬਹਾਦਰੀ ਨਾਲ਼ ਲੜਦਿਆਂ ਭਾਰਤੀ ਫੌਜ ਦੇ ਆਹੂ ਲਾਹ ਦਿੱਤੇ? ਕਿਵੇਂ ਫੌਜ ਦੇ ਟੈਂਕ ਪ੍ਰਕਰਮਾ ਵਿੱਚ ਹੀ ਨਕਾਰਾ ਕਰ ਦਿੱਤੇ ਗਏ? ਪਰ ਉਹ ਇਹ ਕਦੇ ਨਹੀਂ ਦੱਸਦੇ ਕਿ ਉਸ ਸਮੇਂ ਦੀ ਸਰਕਾਰ ਨੇ ਇਤਨਾ ਵੱਡਾ ਕਦਮ ਕਿਉਂ ਚੁੱਕਿਆ? ਜਦਕਿ ਸਰਕਾਰ ਨੂੰ ਪਤਾ ਸੀ ਕਿ ਫੌਜ ਤੇ ਹੋਰ ਫੋਰਸਾਂ ਵਿੱਚ ਸਿੱਖਾਂ ਦੀ ਭਾਰੀ ਗਿਣਤੀ ਹੈ? ਸਾਰਾ ਭਾਰਤ ਸਿੱਖਾਂ ਦੀਆਂ ਦੇਸ਼ ਨੂੰ ਆਜਾਦ ਕਰਾਉਣ ਦੀਆਂ ਕੁਰਬਾਨੀਆਂ ਦਾ ਹੀ ਕਾਇਲ ਨਹੀਂ ਸੀ, ਸਗੋਂ ਉਨ੍ਹਾਂ ਦੇ ਮਨਾਂ ਵਿੱਚ 1965 ਤੇ 1971 ਦੀਆਂ ਲੜਾਈਆਂ ਵਿੱਚ ਸਿੱਖਾਂ ਦੀ ਬਹਾਦਰੀ ਦੀ ਵੀ ਵੱਡੀ ਛਾਪ ਸੀ।ਉਸ ਸਮੇਂ ਦੀ ਸਰਕਾਰ ਵਿੱਚ ਰਾਸ਼ਟਰਪਤੀ, ਗ੍ਰਹਿ ਮੰਤਰੀ, ਪੰਜਾਬ ਦਾ ਮੁੱਖ ਮੰਤਰੀ, ਫੌਜਾਂ ਦੇ ਜਨਰਲ, ਸੂਬਿਆਂ ਦੇ ਗਵਰਨਰ, ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਸਿੱਖ ਸਨ ਤਾਂ ਸਰਕਾਰ ਦੀ ਅਜਿਹੀ ਕੀ ਮਜਬੂਰੀ ਬਣ ਗਈ ਸੀ ਕਿ ਉਸਨੂੰ ਇੱਕ ਛੋਟੀ ਜਿਹੀ ਘੱਟ-ਗਿਣਤੀ ਖਿਲਾਫ ਇਤਨਾ ਮਨਹੂਸ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ? ਇਥੇ ਇਹ ਵੀ ਯਾਦ ਕਰਾਇਆ ਜਾ ਸਕਦਾ ਹੈ ਕਿ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ 'ਮੱਕਾ' ਤੇ 20 ਨਵਬੰਰ, 1979 ਤੋਂ 4 ਦਸੰਬਰ, 1979 ਤੱਕ ਮੁਸਲਮਾਨਾਂ ਦੇ ਇੱਕ ਕੱਟੜ ਧਾਰਮਿਕ ਗਰੁੱਪ 'ਅਲਕਤਾਬੀ ਮੂਵਮੈਂਟ' ਦੇ ਲੀਡਰ ਯਾਹਮਨ ਅਲ-ਉਤੈਬੀ ਵਲੋਂ ਆਪਣੇ 500 ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ਼ ਕਬਜ਼ਾ ਕਰਨ ਅਤੇ 50 ਹਜ਼ਾਰ ਦੇ ਕਰੀਬ ਸ਼ਰਧਾਲੂਆਂ ਨੂੰ ਬੰਦੀ ਬਣਾ ਲੈਣ ਦੀ ਘਟਨਾ ਦਾ ਜ਼ਿਕਰ ਕਰਨਾ ਵਾਜ਼ਿਬ ਰਹੇਗਾ।ਜਿਨ੍ਹਾਂ ਨੇ ਸ਼ੁੱਧ ਇਸਲਾਮ ਲਾਗੂ ਕਰਨ ਲਈ ਅਜਿਹਾ ਕਾਰਾ ਕੀਤਾ ਸੀ।ਯਾਦ ਰਹੇ ਮੁਸਲਮਾਨਾਂ ਦੀ ਧਾਰਮਿਕ ਰਵਾਇਤ ਮੁਤਬਿਕ 'ਮੱਕੇ' ਦੀ ਇਮਾਰਤ ਅੰਦਰ 'ਖੂਨ ਦਾ ਤੁਬਕਾ ਵੀ ਡਿਗਣਾ' ਅਤੇ ਕਿਸੇ ਗੈਰ ਮੁਸਲਮਾਨ ਦਾ ਮਸਜਿਦ ਅੰਦਰ ਆਉਣਾ ਕੁਫਰ ਮੰਨਿਆ ਜਾਂਦਾ ਹੈ? ਪਰ 'ਮੱਕੇ' ਦਾ ਕਬਜ਼ਾ ਅਤੇ ਬੰਦੀ ਲੋਕਾਂ ਨੂੰ ਛੁਡਾਉਣ ਲਈ ਸਾਉਦੀ ਅਰਬ ਦੀ ਮੁਸਲਿਮ ਸਰਕਾਰ ਵਲੋਂ ਦੋਨਾਂ ਪ੍ਰੰਪਰਾਵਾਂ ਦੀ ਉਲੰਘਣਾ ਕਰਕੇ ਨਾ ਸਿਰਫ ਫਰਾਂਸ ਦੇ ਗੋਰੇ ਕਮਾਂਡੋਆਂ ਰਾਹੀਂ ਮੱਕੇ ਦਾ ਕਬਜ਼ਾ ਛੁਡਾਇਆ, ਸਗੋਂ ਮੱਕੇ ਅੰਦਰ ਸੈਂਕੜੇ ਸ਼ਰਧਾਲੂਆਂ ਦਾ ਖੂਨ ਵੀ ਡੁੱਲ੍ਹਾ।ਹੁਣ ਉਥੇ ਤਾਂ ਸਾਰੇ ਮਰਨ-ਮਾਰਨ ਵਾਲ਼ੇ ਅਤੇ ਸਉਦੀ ਸਰਕਾਰ ਵੀ ਮੁਸਲਮਾਨਾਂ ਦੀ ਸੀ, ਫਿਰ ਵੀ ਸਰਕਾਰ ਨੂੰ ਅਜਿਹਾ ਕਦਮ ਚੁੱਕਣਾ ਪਿਆ।ਕੀ ਸਾਡੇ ਵਿਦਵਾਨ ਕਦੇ 84 ਦੀਆਂ ਘਟਨਾਵਾਂ ਨੂੰ ਅਜਿਹੇ ਪੱਖ ਤੋਂ ਵੀ ਕਦੇ ਵਿਚਾਰਨਗੇ?

ਜਦੋਂ ਲੋਕ ਸਿੱਖ ਲੀਡਰਾਂ ਤੇ ਵਿਦਵਾਨਾਂ ਨੂੰ ਸਵਾਲ ਕਰਦੇ ਹਨ ਕਿ ਸਰਕਾਰ ਨੇ ਦਰਬਾਰ ਤੇ ਹਮਲਾ ਕਿਉਂ ਕੀਤਾ? ਉਸਦੇ ਕੁਝ ਤਾਂ ਕਾਰਨ ਹੋਣਗੇ? ਤਾਂ ਕਿਸੇ ਅਜਿਹੇ ਸਵਾਲ ਦੇ ਜਵਾਬ ਵਿੱਚ ਅਜਮੇਰ ਸਿੰਘ ਨੇ ਇੱਕ ਲਾਈਨ ਵਿੱਚ ਗੱਲ ਮੁਕਾ ਦਿੱਤੀ ਕਿ 'ਹਿੰਦੂ ਸਰਕਾਰ ਨੇ ਸਿੱਖਾਂ ਨਾਲ਼ 5 ਸਦੀਆਂ ਦਾ ਵੈਰ ਕਮਾਇਆ ਹੈ?' ਇਸੇ ਤਰ੍ਹਾਂ ਸਿੱਖ ਵਿਦਵਾਨ ਹਰਿੰਦਰ ਸਿੰਘ ਮਹਿਬੂਬ ਦੇ ਮਹਾਂ-ਕਾਵਿ 'ਝਨਾਂ ਦੀ ਰਾਤ' ਵਿੱਚ ਵੀ ਇਸੇ ਸੋਚ ਦੀ ਤਰਜਮਾਨੀ ਕਰਦੀ ਕਵਿਤਾ ਦੀਆਂ ਚਾਰ ਲਾਈਨਾਂ ਦਰਜ ਹਨ: ਅੱਜ ਤਪਦੀ ਭੱਠੀ ਬਣ ਗਿਆ, ਮੇਰਾ ਸਗਲੇ ਵਾਲ਼ਾ ਪੈਰ। ਅੱਜ ਵੈਰੀਆਂ ਕੱਢ ਵਖਾਲਿਆ, ਹਾਇ! ਪੰਜ ਸਦੀਆਂ ਦਾ ਵੈਰ। ਜੇ ਇੰਦਰਾ ਗਾਂਧੀ ਸਰਕਾਰ ਨੇ ਇਹ ਸਭ ਸਿੱਖਾਂ ਨੂੰ ਸਬਕ ਸਿਖਾਉਣ ਲਈ ਕੀਤਾ ਸੀ ਤਾਂ ਕਿ ਸਿੱਖ ਸਦੀਆਂ ਤੱਕ ਇਸ ਮਾਰ ਨੂੰ ਯਾਦ ਰੱਖਣ ਤਾਂ ਫਿਰ ਇੰਦਰਾ ਨੂੰ ਕੀ ਮਜਬੂਰੀ ਸੀ ਕਿ ਉਸਨੇ ਇਸ ਹਮਲੇ ਵਿੱਚ ਅਕਾਲ ਤਖਤ ਤੇ ਹੋਰ ਨੁਕਸਾਨੀਆਂ ਇਮਾਰਤਾਂ ਨੂੰ ਕੁਝ ਦਿਨਾਂ ਵਿੱਚ ਨਵਾਂ ਬਣਾ ਦਿੱਤਾ ਸੀ ਤਾਂ ਕਿ ਸਿੱਖ, ਉਸ ਫੌਜੀ ਹਮਲੇ ਵਿੱਚ ਹੋਏ ਨੁਕਸਾਨ ਨੂੰ ਦੇਖ ਨਾ ਸਕਣ? ਫਿਰ ਤਾਂ ਉਸਨੂੰ ਢੱਠੇ ਹੋਏ ਅਕਾਲ ਤਖਤ ਜਾਂ ਹੋਰ ਗੁਰਦੁਆਰਿਆਂ ਨੂੰ ਸ਼ੀਸ਼ਿਆਂ ਵਿੱਚ ਮੜ੍ਹਾ ਕੇ ਰੱਖਣਾ ਚਾਹੀਦਾ ਸੀ ਤਾਂ ਕਿ ਸਿੱਖ ਯਾਦ ਰੱਖਣ ਕਿ ਜੇ ਉਨ੍ਹਾਂ ਮੁੜ ਅਜਿਹਾ ਕਾਰਾ ਕੀਤਾ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ? ਕੀ ਸਾਡੇ ਇਹ ਮਹਾਂ ਵਿਦਵਾਨ ਕੁਝ ਕਹਿਣ ਤੋਂ ਪਹਿਲਾਂ ਸੋਚਦੇ ਨਹੀਂ ਕਿ ਤੁਹਾਡੀਆਂ ਕਿਤਾਬਾਂ ਪੜ੍ਹ ਕੇ ਲੋਕ ਤੁਹਾਨੂੰ ਸਵਾਲ ਕਰਨਗੇ? ਤੁਹਾਡੇ ਕੋਲ਼ ਉਸਦਾ ਕੀ ਜਵਾਬ ਹੋਵੇਗਾ? ਜੇ ਹਿੰਦੂਆਂ ਦਾ ਸਿੱਖਾਂ ਨਾਲ਼ ਇਤਨਾ ਹੀ ਵੈਰ ਹੁੰਦਾ ਤਾਂ ਹਿੰਦੂਆਂ ਦੇ ਦੇਸ਼ (ਇਨ੍ਹਾਂ ਅਨੁਸਾਰ) ਵਿੱਚ ਸਿੱਖ ਹੋਰ ਸਾਰੇ ਫਿਰਕਿਆਂ ਨਾਲ਼ੋਂ ਵੱਧ ਤਰੱਕੀ ਕਿਵੇਂ ਕਰਦੇ?

ਕੀ ਸਾਡੇ ਵਿਦਵਾਨਾਂ ਨੂੰ ਨਿਰਪੱਖ ਹੋ ਕੇ ਇਸ ਵੱਡੇ ਦੁਖਦਾਈ ਘੱਲੂਘਾਰੇ ਬਾਰੇ ਲੋਕਾਂ ਨੂੰ ਸਾਰੇ ਪੱਖਾਂ ਤੋਂ ਨਹੀਂ ਦੱਸਣਾ ਚਾਹੀਦਾ ਤਾਂ ਕਿ ਭਵਿੱਖ ਵਿੱਚ ਸਾਨੂੰ ਅਜਿਹੇ ਘੱਲੂਘਾਰਿਆਂ ਦਾ ਦੁਬਾਰਾ ਸਾਹਮਣਾ ਨਾ ਕਰਨਾ ਪਵੇ? ਕੀ ਅਸੀਂ ਕਦੇ ਇਹ ਵਿਚਾਰ ਕਰਾਂਗੇ ਕਿ ਉਸ ਵਕਤ ਅਸੀਂ ਵੀ ਕਿਤੇ ਗਲਤ ਸੀ ਜਾਂ ਸਾਰਾ ਦੋਸ਼ ਵਿਰੋਧੀਆਂ ਤੇ ਸੁੱਟ ਕੇ ਸੁਰਖੁਰੂ ਹੋ ਜਾਵਾਂਗੇ? ਜੂਨ ਚੁਰਾਸੀ ਤੋਂ ਕੁਝ ਮਹੀਨੇ ਪਹਿਲਾਂ ਬੱਸਾਂ, ਟਰੇਨਾਂ ਵਿੱਚੋਂ ਲਾਹ ਕੇ ਬੇਗੁਨਾਹ ਲੋਕ ਮਾਰੇ ਜਾ ਰਹੇ ਸਨ, ਪੱਤਰਕਾਰ ਸੁਮੀਤ ਸਿੰਘ ਪ੍ਰੀਤਲੜੀ ਨੂੰ 22 ਫਰਵਰੀ, 1984, ਐਮ ਪੀ ਵਿਸ਼ਵਨਾਥ ਤਿਵਾੜੀ ਨੂੰ 3 ਮਾਰਚ, 1984, ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਨੂੰ 28 ਮਾਰਚ, 1984, ਐਮ ਐਲ਼ ਏ ਹਰਬੰਸ ਲਾਲ ਖੰਨਾ ਨੂੰ 2 ਅਪਰੈਲ, 1984, ਪੱਤਰਕਾਰ ਰਮੇਸ਼ ਚੰਦਰ ਨੂੰ 12 ਮਈ, 1984, ਆਦਿ ਅਨੇਕਾਂ ਪ੍ਰਮੁੱਖ ਵਿਅਕਤੀ ਕਤਲ ਹੋ ਰਹੇ ਸਨ।ਇਹ ਸਾਰੇ ਕਤਲ ਉਦੋਂ ਸ਼ੁਰੂ ਹੋਏ ਸਨ, ਜਦੋਂ ਸਰਕਾਰ ਨੇ ਸਿੱਖ ਸਟੂਡੈਂਟਸ ਫੈਸਰੇਸ਼ਨ ਨੂੰ ਬੈਨ ਕਰ ਦਿੱਤਾ ਸੀ ਤਾਂ ਕਨੇਡਾ ਦੀ ਅਖਬਾਰ 'ਗਲੋਬ ਐਂਡ ਮੇਲ' ਦੀ 5 ਅਪਰੈਲ, 1984 ਦੀ ਰਿਪੋਰਟ 'ਸਿੱਖ ਅੱਤਵਾਦ ਦੇ ਚੱਲਦਿਆਂ ਰਾਜਨੀਤਕ ਲੀਡਰਾਂ ਨੂੰ ਚਿਤਾਵਨੀ' ਅਨੁਸਾਰ ਫੈਡਰੇਸ਼ਨ ਦੇ ਲੀਡਰਾਂ ਹਰਮਿੰਦਰ ਸੰਧੂ, ਵਿਰਸਾ ਵਲਟੋਹਾ ਆਦਿ ਨੇ ਧਮਕੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਫੈਡਰੇਸ਼ਨ ਤੇ ਪਾਬੰਧੀ ਨਹੀਂ ਹਟਾਉਂਦੀ, ਉਹ ਰੋਜ਼ਾਨਾ ਇੱਕ ਨਾਮਵਰ ਲੀਡਰ ਮਾਰਨਗੇ।ਉਸ ਸਮੇਂ ਸਭ ਨੂੰ ਸਭ ਕੁਝ ਸਪੱਸ਼ਟ ਸੀ।ਇਹ ਵਿਦਵਾਨ ਪਤਾ ਨਹੀਂ ਕਿਸ ਅਧਾਰ ਤੇ ਕਹਿ ਰਹੇ ਹਨ ਕਿ ਸਰਕਾਰੀ ਏਜੰਸੀਆਂ ਸਭ ਕੁਝ ਕਰਾ ਰਹੀਆਂ ਸਨ?

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵਰਗੇ ਅਣ-ਵਿਕਸਤ ਦੇਸ਼ ਵਿੱਚ ਸਿੱਖਾਂ ਸਮੇਤ ਸਭ ਦੀਆਂ ਅਨੇਕਾਂ ਸਮੱਸਿਆਵਾਂ ਹਨ।ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਨਾ ਵੀ ਸਭ ਦਾ ਲੋਕਤੰਤਰੀ ਹੱਕ ਹੈ।ਪਰ ਕਿਸੇ ਸਪੱਸ਼ਟ ਅਤੇ ਢੁੱਕਵੀਂ ਯੁੱਧਨੀਤੀ ਨੂੰ ਧਿਆਨ ਵਿੱਚ ਨਾ ਰੱਖ ਕੇ ਅਤੇ ਉਸਦੇ ਨਿਕਲਣ ਵਾਲੇ ਦੂਰਰਸ ਸਿੱਟਿਆਂ ਦੇ ਲੜਾਈ ਲੜਨੀ ਜਾਂ ਅਕਾਲ ਤਖਤ ਦੀ ਮੋਰਚਾਬੰਦੀ ਕਰਨੀ ਜਾਂ ਆਮ ਲੋਕਾਂ ਦੇ ਅੰਨ੍ਹੇਵਾਹ ਕਤਲ ਕਰਕੇ ਭੜਕਾਹਟ ਪੈਦਾ ਕਰਨੀ, ਕਿਤਨੀ ਕੁ ਜ਼ਾਇਜ ਸੀ? ਫਿਰ ਜਦੋਂ ਸਰਕਾਰਾਂ ਸੰਘਰਸ਼ਕਾਰੀਆਂ ਦੀ ਹਿੰਸਾ ਨੂੰ ਅੱਤਵਾਦ ਦਾ ਨਾਮ ਦੇ ਕੇ ਜਬਰ ਕਰਦੀਆਂ ਹਨ ਤਾਂ ਸਾਡਾ ਰੌਲ਼ਾ ਪਾਉਣਾ ਕਿਤਨਾ ਕੁ ਉਚਿਤ ਰਹਿ ਜਾਂਦਾ ਹੈ? ਜਦੋਂ ਸਿੱਖ ਲੀਡਰਾਂ ਨੇ 47 ਵਿੱਚ ਭਾਰਤ ਨਾਲ਼ ਕਿਸਮਤ ਜੋੜਨ ਦਾ ਫੈਸਲਾ ਕਰ ਹੀ ਲਿਆ ਸੀ ਤਾਂ ਕੀ ਉਨ੍ਹਾਂ ਨੂੰ ਜੋ ਕੁਝ ਉਹ ਬਾਅਦ ਵਿੱਚ ਕਰ ਰਹੇ ਸਨ, ਉਸ ਬਾਰੇ ਪਹਿਲਾਂ ਨਹੀਂ ਸੋਚਣਾ ਚਾਹੀਦਾ ਸੀ? ਸਿੱਖ ਲੀਡਰਾਂ ਦੀ ਮਾਨਸਿਕਤਾ ਬਾਰੇ ਇਥੇ ਇੱਕ ਉਦਾਹਰਣ ਦੇਣੀ ਵਾਜਿਬ ਰਹੇਗੀ।ਇਸ ਬਾਰੇ ਡਾ. ਗੋਪਾਲ ਸਿੰਘ ਦੀ ਕਿਤਾਬ 'ਏ ਹਿਸਟਰੀ ਆਫ ਸਿੱਖ ਪੀਪਲਜ਼' ਵਿਚੋਂ ਹਵਾਲਾ ਦੇਣਾ ਚਾਹੁੰਦਾ ਹਾਂ ਕਿ ਲੇਖਕ ਨੂੰ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ 1947 ਤੋਂ ਕੁਝ ਸਾਲ ਬਾਅਦ ਆਪਣੀ ਰਾਜਨੀਤਕ ਸੋਚ ਦਾ ਇੰਕਸ਼ਾਫ ਇਵੇਂ ਕੀਤਾ ਸੀ: ਜਿੰਨੀ ਦੇਰ ਤੱਕ ਮੈਂ ਆਪਣੇ ਖਾੜਕੂ (ਗਰਮ ਖਿਆਲੀ) ਪੈਰੋਕਾਰਾਂ ਨੂੰ ਕਿਸੇ ਨਾ ਕਿਸੇ ਅੰਦੋਲਨ ਵਿੱਚ ਨਾ ਉਲਝਾਈ ਰੱਖਾਂ, ਓਨੀ ਦੇਰ ਤੱਕ ਉਹ ਜਾਂ ਤਾਂ ਖਿੰਡ-ਪੁੰਡ ਕੇ ਆਪਸ ਵਿੱਚ ਲੜਨ ਲੱਗ ਜਾਣਗੇ ਅਤੇ ਜਾਂ ਫਿਰ ਲੀਡਰਸ਼ਿਪ ਦੀ ਕੁਰਸੀ ਖਿੱਚਣ ਲੱਗਣਗੇ? ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣ ਲਈ 'ਅਫਗਾਨਿਸਤਾਨ ਦੇ ਤਖਤ ਉਤੇ ਬੈਠਣ ਜਿਤਨਾ ਖਤਰਾ ਮੁੱਲ ਲੈਣਾ ਪੈਂਦਾ ਹੈ।'' ਜੇ ਮਾਸਟਰ ਤਾਰਾ ਸਿੰਘ ਦੀ ਇਮਾਨਦਾਰੀ ਤੇ ਸ਼ੱਕ ਨਾ ਵੀ ਕਰੀਏ ਤਾਂ ਉਨ੍ਹਾਂ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਉਹ ਬਾਹਰੋਂ ਭਾਸ਼ਾ ਦੇ ਅਧਾਰ ਤੇ 'ਪੰਜਾਬੀ ਸੂਬੇ' ਦੇ ਨਾਮ ਤੇ ਮੋਰਚਾ ਲਗਾ ਕੇ ਅੰਦਰੋਂ (ਦਿਲੋਂ) 'ਸਿੱਖ ਸੂਬਾ' ਬਣਾਉਣਾ ਚਾਹੁੰਦੇ ਸਨ ਤਾਂ ਕਿ ਗਰਮ ਖਿਆਲੀ ਸਿੱਖਾਂ ਨੂੰ ਸ਼ਾਂਤ ਕੀਤਾ ਜਾ ਸਕੇ।ਪਰ ਉਹ ਕਦੇ ਵੀ ਸਪੱਸ਼ਟ ਸਟੈਂਡ ਨਹੀਂ ਲੈ ਸਕੇ? ਜਿਸ ਕਾਰਨ ਨਾ ਢੰਗ ਦਾ ਪੰਜਾਬੀ ਭਾਸ਼ਾ ਸੂਬਾ ਬਣ ਸਕਿਆ, ਸਿੱਖ ਸੂਬਾ ਤਾਂ ਕੀ ਬਣਨਾ ਸੀ? ਹੁਣ ਦੇ ਲੀਡਰਾਂ ਤੇ ਵਿਦਵਾਨਾਂ ਦੀ ਵੀ ਇਹੀ ਸਮੱਸਿਆ ਹੈ ਕਿ ਉਹ ਕਿਸੇ ਵੀ ਪੱਖ ਤੋਂ ਸਪੱਸ਼ਟ ਨਹੀਂ ਹਨ? ਜਦੋਂ ਦਰਿਆਈ ਪਾਣੀਆਂ ਦੇ ਮਸਲਿਆਂ ਦੇ ਮਾਹਰ ਸ. ਪ੍ਰੀਤਮ ਸਿੰਘ ਕੁਮੇਦਾਨ ਵਰਗੇ ਉਘੇ ਚਿੰਤਕ 'ਰੈਫਰੈਂਡਮ 2020' ਬਾਰੇ ਨਿਰਪ੍ਰੀਤ ਸਿੰਘ ਨਾਲ਼ ਆਪਣੀ ਇੱਕ ਅਹਿਮ ਇੰਟਰਵਿਊ ਵਿੱਚ ਸਵਾਲ ਉਠਾਉਂਦੇ ਹਨ ਕਿ ਸਾਨੂੰ ਦੱਸ ਤਾਂ ਦਿਉ ਤੁਹਾਡਾ ਖਾਲਿਸਤਾਨ ਕਿਥੇ, ਕਿਹੋ ਜਿਹਾ ਹੋਵੇਗਾ ਤਾਂ ਕੋਈ ਜਵਾਬ ਨਹੀਂ ਦਿੰਦਾ? ਸ. ਕੁਮੇਦਾਨ ਅਨੁਸਾਰ ਕੀ ਵੱਖਰੇ ਸਿੱਖ ਰਾਜ ਦੀ ਮੰਗ ਕਰਨ ਵਾਲ਼ਿਆਂ ਨੇ ਸੋਚਿਆ ਹੈ ਕਿ ਜੇ ਵਸੋਂ ਦਾ ਤਬਾਦਲਾ ਹੋਇਆ ਤਾਂ ਮੌਜੂਦਾ ਪੰਜਾਬ ਦੇ ਪੱਲੇ ਕੀ ਰਹੇਗਾ? ਸਾਡੇ ਤਾਂ ਤਿੰਨੇ ਦਰਿਆ ਵੀ ਉਨ੍ਹਾਂ ਇਲਾਕਿਆਂ ਵਿੱਚੋਂ ਹੀ ਲੰਘਦੇ ਹਨ, ਜੋ ਭਾਰੀ ਹਿੰਦੂ ਵਸੋਂ ਵਾਲ਼ੇ ਹਨ? ਪਰ ਸਾਡੇ ਲੀਡਰ ਤੇ ਵਿਦਵਾਨ ਸਿਰਫ ਨਾਹਰੇਬਾਜੀ ਤੇ ਮਾਰਕੇਬਾਜੀ ਦੀ ਜਜ਼ਬਾਤੀ ਸਿਆਸਤ ਹੀ ਕਰਦੇ ਹਨ? ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜੂਨ, 1984 ਦੀ ਫੌਜੀ ਕਾਰਵਾਈ ਸਰਕਾਰ ਦੀ ਬੱਜਰ ਗਲਤੀ ਸੀ, ਉਸ ਕੋਲ਼ ਹੋਰ ਵੀ ਰਾਹ ਸਨ, ਫੌਜ ਭੇਜਣ ਵਰਗੀ ਗਲਤੀ ਨਹੀਂ ਕਰਨੀ ਚਾਹੀਦੀ ਸੀ, ਪਰ ਕੀ ਉਸ ਸਿੱਖ ਮਨਾਂ ਨੂੰ ਭਾਰੀ ਠੇਸ ਪਹੁੰਚਾਣ ਵਾਲ਼ੀ ਇਸ ਗਲਤੀ ਲਈ ਸਿਰਫ ਸਰਕਾਰ ਹੀ ਜ਼ਿੰਮੇਵਾਰ ਸੀ? ਹੁਣ ਜਦੋਂ ਅਸੀਂ ਜੂਨ 84 ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਾਨੂੰ ਇਹ ਦੇਖਣ ਦੀ ਥਾਂ ਕਿ ਇਹ ਕਿਵੇਂ ਵਾਪਰੀਆਂ? ਇਹ ਦੇਖਣ ਦੀ ਵੱਧ ਲੋੜ ਹੈ ਕਿ ਕਿਉਂ ਵਾਪਰੀਆਂ? ਤਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕੀਆਂ ਜਾ ਸਕਣ? ਕੀ ਸਿੱਖ ਕੌਮ ਦੇ ਇਹ ਸਿਰਮੌਰ ਵਿਦਵਾਨ ਕਦੇ ਕੌਮ ਨੂੰ ਜਵਾਬਦੇਹ ਹੋਣਗੇ?

ਤੂ ਇਧਰ ਉਧਰ ਕੀ ਬਾਤ ਨਾ ਕਰ, ਯੇ ਬਤਾ ਕੇ ਕਾਫਲਾ ਕਿਉਂ ਲੁੱਟ ਗਆ।
ਮੁਝੇ ਰਾਹਜਨੋਂ ਸੇ ਗਿਲਾ ਨਹੀਂ, ਤੇਰੀ ਰਹਿਬਰੀ ਕਾ ਸਵਾਲ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ