Sat, 05 October 2024
Your Visitor Number :-   7229312
SuhisaverSuhisaver Suhisaver

ਵੈਨਜ਼ੂਏਲਾ ਦੀ ਮਹਾਂਮੰਦੀ ਅਤੇ ਆਰਥਿਕ-ਸਿਆਸੀ ਨਿਰਭਰਤਾ - ਮਨਦੀਪ

Posted on:- 23-08-2019

suhisaver

ਇਸ ਸਮੇਂ ਸੰਸਾਰ ਦੇ ਤਿੰਨ ਮਹਾਂਦੀਪ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ ਅਨੇਕਾਂ ਮੁਲਕਾਂ ਦੀ ਆਰਥਿਕ-ਸਮਾਜਿਕ ਦਸ਼ਾ ਬੇਹੱਦ ਪਤਲੀ ਬਣੀ ਹੋਈ ਹੈ। ਪੱਛੜੀਆਂ ਆਰਥਿਕਤਾਵਾਂ ਵਾਲੇ ਇਹ ਮੁਲਕ ਸਾਮਰਾਜੀ ਮੁਲਕਾਂ ਦੇ ਆਰਥਿਕ-ਸਿਆਸੀ ਦਾਬੇ ਹੇਠ ਆਏ ਹੋਏ ਹਨ। ਇਹਨਾਂ ਦੇਸ਼ਾਂ ਨੂੰ ਸਾਮਰਾਜੀ ਮੁਲਕਾਂ ਦੀਆਂ ਨੀਤੀਆਂ ਅਤੇ ਘੁਰਕੀਆਂ ਦੀ ਲਗਾਤਾਰ ਤਾਬ ਝੱਲਣੀ ਪੈ ਰਹੀ ਹੈ। ਪੱਛੜੇ ਮੁਲਕਾਂ ਅੰਦਰ ਅਜ਼ਾਦ ਵਪਾਰ ਦੀ ਨੀਤੀ ਹੇਠ ਸਾਮਰਾਜੀ ਵਿੱਤੀ ਸਰਮਾਏ ਦੀ ਇਜਾਰੇਦਾਰੀ ਸਥਾਪਿਤ ਕਰਕੇ ਅਤੇ ਪੱਛੜੇ ਮੁਲਕਾਂ ਦੀਆਂ ਆਰਥਿਕਤਾਵਾਂ ਨੂੰ ਪੰਗੂ ਬਣਾਕੇ ਉਸਨੂੰ ਆਪਣੇ ਆਰਥਿਕ-ਸਿਆਸੀ ਹਿੱਤਾਂ ਅੱਗੇ ਝੁਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਿਸ਼ਵ ਆਰਥਿਕਤਾ ਦੇ ਵਰਤਮਾਨ ਇਤਿਹਾਸ ਵਿੱਚ ਵੈਨਜ਼ੂਏਲਾ ਇਸਦੀ ਸਭ ਤੋਂ ਵੱਡੀ ਤੇ ਉਘੜਵੀਂ ਮਿਸਾਲ ਹੈ ਜੋ ਇਸ ਸਮੇਂ ਮਹਾਂਮੰਦੀ ਨਾਲ ਜੂਝ ਰਿਹਾ ਹੈ।

ਵੈਨਜ਼ੂਏਲਾ ਇਸ ਸਮੇਂ ਵਿਸ਼ਵ ਦਾ ਇੱਕੋ-ਇੱਕ ਅਜਿਹਾ ਮੁਲਕ ਹੈ ਜੋ ਗਹਿਰੇ ਆਰਥਿਕ-ਸਮਾਜਿਕ ਤੇ ਸਿਆਸੀ ਸੰਕਟ ਵਿੱਚ ਘਿਰਿਆ ਹੋਇਆ ਹੈ। ਇਸਦੀ ਦਸ਼ਾ ਨੂੰ ਇੱਕ ਲੇਖ ਵਿੱਚ ਬਿਆਨ ਕਰਨਾ ਨਾਕਾਫੀ ਹੈ ਅਤੇ ਇਸਦੇ ਅੰਕੜੇ ਹੈਰਾਨੀਜਨਕ ਹਨ। ਇਸਦੀ ਦਸ਼ਾ ਦੀ ਹਕੀਕਤ ਅਹਿਸਾਸ  ਨਾਲੋਂ ਕਿਤੇ ਭਿਅੰਕਰ ਹੈ। ਇਸਦੀ ਮੁਦਰਾਸਫੀਤੀ ਦਰ ਪਿਛਲੇ ਸਾਲਾਂ ਨਾਲੋਂ 1,000,000% (ਵਿਕੀਪੀਡੀਆ ਮੁਤਾਬਕ) ਤੱਕ ਵੱਧ ਗਈ ਹੈ। ਵਿਦੇਸ਼ੀ ਕਰਜ਼ 156 ਲੱਖ ਅਮਰੀਕੀ ਡਾਲਰ ਤੋਂ ਉੱਪਰ ਜਾ ਚੁੱਕਾ ਹੈ। ਬੇਰੁਜਗਾਰੀ, ਭ੍ਰਿਸ਼ਟਾਚਾਰ, ਗਰੀਬੀ, ਦਵਾਈਆਂ ਦੀ ਘਾਟ, ਕਿੱਲਤ, ਬਜ਼ਟ ਘਾਟਾ, ਲੁੱਟਾਂ-ਖੋਹਾਂ ਤੇ ਭੁੱਖਮਰੀ ਦੀ ਹਾਲਤ ਅੰਕੜਿਆਂ ਤੋਂ ਕਿਤੇ ਵੱਧ ਭਿਆਨਕ ਹੈ। ਦੇਸ਼ ਦੇ 23 ਵਿਚੋਂ 19 ਸੂਬੇ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। 190 ਦੇਸ਼ਾਂ ਦੀ ਸੂਚੀ ਵਿਚੋਂ ਵੈਨਜ਼ੂਏਲਾ ਦਾ ਵਪਾਰਕ ਰੈਂਕ 188 ਤੱਕ ਪਹੁੰਚ ਚੁੱਕਾ ਹੈ।

ਪਿਛਲੇ ਕੁਝ ਸਾਲਾਂ ਵਿਚ 40 ਲੱਖ ਪੇਸ਼ਾਵਰ ਤੇ ਪੜ੍ਹਿਆ ਲਿਖਿਆ ਤਬਕਾ ਦੇਸ਼ 'ਚੋਂ ਹਿਜਰਤ ਕਰ ਚੁੱਕਾ ਹੈ। ਇਹ ਮਨੁੱਖੀ ਧਨ ਮੁਲਕ ਦੀ ਕੁੱਲ੍ਹ ਅਬਾਦੀ ਦਾ 10% ਹਿੱਸਾ ਬਣਦਾ ਹੈ। ਤੇਲ ਦੀ ਪੈਦਾਵਰ ਲਗਾਤਾਰ ਡਿੱਗ ਰਹੀ ਹੈ ਅਤੇ ਨਵੇਂ ਨਿਵੇਸ਼ਕ ਵੈਨਜ਼ੂਏਲਾ ਵੱਲ ਮੂੰਹ ਨਹੀਂ ਕਰ ਰਹੇ। ਬਲਕਿ ਅਨੇਕਾਂ ਵਿਦੇਸ਼ੀ ਨਿਵੇਸ਼ਕ (ਜਨਰਲ ਮੋਟਰਜ਼, ਕੈਮਰਲੀ-ਕਲਾਰਕ, ਜਨਰਲ ਮਿੱਲਜ਼) ਆਪਣੇ ਅਸਾਸੇ ਸਸਤੇ ਭਾਵਾਂ ਉੱਤੇ ਵੇਚਕੇ ਮੁਲਕ ਛੱਡ ਚੁੱਕੇ ਹਨ। 150 ਬਹੁ-ਰਾਸ਼ਟਰੀ ਕੰਪਨੀਆਂ ਨੇ ਆਪਣੀ ਪੈਦਾਵਰ ਘਟਾ ਦਿੱਤੀ ਹੈ, ਕਾਮਿਆਂ ਦੀ ਛਾਂਟੀ ਕਰ ਦਿੱਤੀ ਹੈ ਅਤੇ ਕਾਮਿਆਂ ਦੀਆਂ ਉਜ਼ਰਤਾਂ ਘਟਾ ਦਿੱਤੀਆਂ ਹਨ। ਇਹ ਕੰਪਨੀਆਂ ਵੀ ਹਾਲਾਤ ਸੁਧਰਨ (ਸੱਤਾ ਬਦਲੀ) ਦੀ ਆਸ 'ਚ ਹੀ ਰੁਕੀਆਂ ਹੋਈਆਂ ਹਨ। ਵਿਦੇਸ਼ੀ ਨਿਵੇਸ਼ ਜੋ ਸਾਲ 2016 ਵਿੱਚ 9.9% ਸੀ ਉਹ ਘੱਟਕੇ ਸਾਲ 2017 ਵਿੱਚ 6.6% ਤੇ ਆ ਗਿਆ ਅਤੇ ਚਾਲੂ ਵਰ੍ਹੇ ਵਿੱਚ ਇਸਦੀ ਦਰ ਹੋਰ ਹੇਠਾਂ ਡਿੱਗ ਗਈ ਹੈ। ਮਹਾਂਮੰਦੀ ਕਰਕੇ ਸੌ-ਪੰਜ ਸੌ ਦੀ ਕਾਗਜ਼ੀ ਕਰੰਸੀ ਦੀ ਕੋਈ ਵੁਕਅਤ ਨਹੀਂ ਰਹੀ ਇਸ ਲਈ ਕੇਂਦਰੀ ਬੈਂਕ ਨੂੰ ਕ੍ਰਮਵਾਰ ਦਸ, ਵੀਹ ਅਤੇ ਪੰਜਾਹ ਹਜ਼ਾਰ ਦੀ ਕਾਗਜ਼ੀ ਕਰੰਸੀ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ।

19ਵੀਂ ਸਦੀ ਦੇ ਦੂਜੇ ਦਹਾਕੇ (1810-1823) 'ਚ ਵੈਨਜ਼ੂਏਲਾ ਨੇ ਜਿੱਤ ਤੱਕ ਲਗਾਤਾਰ 13 ਸਾਲ ਸਪੇਨੀ ਸਾਮਰਾਜ ਦੀ ਬਸਤੀਵਾਦੀ ਗੁਲਾਮੀ ਤੋਂ ਮੁਕਤੀ ਦੀ ਲੜਾਈ ਲੜੀ ਸੀ। ਮੌਜੂਦਾ ਦੌਰ ਵਿਚ ਵੈਨਜ਼ੂਏਲਾ ਨੂੰ ਪਿਛਲੇ 16 ਸਾਲ ਤੋਂ (2003 ਤੋਂ) ਅਮਰੀਕੀ ਸਾਮਰਾਜ ਦੀ ਆਰਥਿਕ ਗੁਲਾਮੀ ਖਿਲਾਫ ਸੰਘਰਸ਼ ਕਰਨਾ ਪੈ ਰਿਹਾ ਹੈ। ਵੈਨਜ਼ੂਏਲਾ ਦਾ ਬਸਤੀਵਾਦ ਖਿਲਾਫ ਪਹਿਲਾ ਅਜ਼ਾਦੀ ਸੰਘਰਸ਼ ਸਿੱਧੇ ਤੌਰ ਤੇ ਸਿਆਸੀ ਅਜ਼ਾਦੀ ਦਾ ਸੰਘਰਸ਼ ਸੀ। ਪਰੰਤੂ ਵੈਨਜ਼ੂਏਲਾ ਦਾ ਮੌਜੂਦਾ ਸੰਘਰਸ਼ ਆਰਥਿਕ ਅਜ਼ਾਦੀ ਤੇ ਖੁਦਮੁਖਤਿਆਰੀ ਦਾ ਸੰਘਰਸ਼ ਹੈ। ਉਹ ਖੁਦਮੁਖਤਿਆਰੀ ਜੋ ਇਸਦੇ ਸਿਆਸੀ ਪਹਿਲੂਆਂ ਨੂੰ ਲਗਾਤਾਰ ਪ੍ਰਭਾਵਿਤ ਕਰਦੀ ਆ ਰਹੀ ਹੈ। ਸੰਸਾਰ ਦਾ ਸਭ ਤੋਂ ਵੱਡਾ ਤੇਲ ਪ੍ਰਧਾਨ ਮੁਲਕ ਵੈਨਜ਼ੂਏਲਾ ਹੈ। ਤੇਲ ਪਦਾਰਥ ਇਸਦੀ ਕੁੱਲ ਘਰੇਲੂ ਪੈਦਾਵਰ ਵਿਚ 25% ਯੋਗਦਾਨ ਪਾਉਂਦੇ ਹਨ ਅਤੇ ਇਸਦੇ ਨਿਰਯਾਤ 'ਚ 95%। ਦੇਸ਼ ਦੀ ਆਰਥਿਕ ਨਿਰਭਰਤਾ ਇਕਹਿਰੇ ਉਤਪਾਦ ਦੇ ਬਣੀ ਹੋਣ ਕਰਕੇ ਵੈਨਜ਼ੂਏਲਾ ਉਤਪਾਦਨ ਦੇ ਬਾਕੀ ਖੇਤਰਾਂ ਨੂੰ ਜਿਆਦਾ ਵਿਕਸਿਤ ਤੇ ਨਿਪੁੰਨ ਨਹੀਂ ਕਰ ਸਕਿਆ। ਇਤਿਹਾਸਕ ਇਨਕਲਾਬੀ ਬੋਲੀਵਾਰੀਅਨ ਸੁਧਾਰਾਂ ਦੇ ਬਾਵਜੂਦ ਅਜਾਦੀ ਦੇ 200 ਸਾਲ ਬਾਅਦ ਵੀ ਵੈਨਜ਼ੂਏਲਾ ਦੇ ਸੱਜੇਪੱਖੀ ਅਤੇ "ਖੱਬੇਪੱਖੀ" ਆਰਥਿਕ ਨਿਰਭਰਤਾ ਹਾਸਲ ਨਹੀਂ ਕਰ ਸਕੇ।

ਅਜੋਕੇ ਦੌਰ 'ਚ ਸਾਮਰਾਜੀ ਮੁਲਕਾਂ ਵਿਚ ਵਪਾਰਕ ਜੰਗ ਦੇ ਚੱਲਦਿਆਂ ਵਿਸ਼ਵ ਮਾਰਕਿਟ ਵਿੱਚ ਤੇਲ ਤੇ ਹੋਰ ਕੱਚੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ। ਇਕਹਿਰੀ ਉਤਪਾਦਕ ਨਿਰਭਰਤਾ ਕਰਕੇ ਇਹ ਉਤਰਾਅ-ਚੜਾਅ ਵੇਨਜ਼ੂਏਲਾ ਦੀ ਆਰਥਿਕਤਾ ਉੱਤੇ ਗਹਿਰਾ ਅਸਰ ਪਾਉਂਦੇ ਹਨ। ਹੋਰ ਖੇਤਰਾਂ ਵਿਚ ਬਦਲਵਾਂ ਵਿਕਸਿਤ ਢਾਂਚਾ ਨਾ ਹੋਣ ਕਰਕੇ ਇਸਦੀ ਘਰੇਲੂ ਮੰਡੀ ਵਿਦੇਸ਼ੀ ਦਰਾਮਦ ਵਸਤਾਂ ਉੱਤੇ ਨਿਰਭਰ ਹੈ। ਵੈਨਜ਼ੂਏਲਾ ਦੀਆਂ ਹਾਕਮ ਜਮਾਤਾਂ ਆਰਥਿਕ ਅਸਥਿਰਤਾ ਕਰਕੇ ਹੋਰਨਾਂ ਖੇਤਰਾਂ ਵਿਚ ਮਜਬੂਤ ਆਰਥਿਕ ਢਾਂਚਾ ਵਿਕਸਿਤ ਨਹੀਂ ਕਰ ਪਾਈਆਂ। ਇਸ ਲਈ ਵਕਤੀ ਰਾਹਤ ਲਈ, ਕਰੰਸੀ ਫੰਡ ਵਧਾਉਣ, ਅੰਤਰਰਾਸ਼ਟਰੀ ਅਸਾਸੇ ਸਿਰਜਣ ਤੇ ਅਮਰੀਕੀ ਡਾਲਰ ਨੂੰ ਭਾਂਜ ਦੇਣ ਲਈ ਦੇਸ਼ ਦੇ ਸਰਕਾਰੀ ਸਾਧਨਾਂ (ਬੰਦਰਗਾਹਾਂ ਅਤੇ ਹਵਾਈ ਅੱਡੇ ਆਦਿ) ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚਕੇ ਪਬਲਿਕ ਖੇਤਰ ਲਈ ਫੰਡ ਜੁਟਾਉਣੇ ਪੈ ਰਹੇ ਹਨ ਅਤੇ ਕਦੇ ਸਾਮਰਾਜੀ ਮੁਲਕਾਂ ਨਾਲ ਘਾਟੇਵੰਦੇ ਸਮਝੌਤੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪਿਛਲੇ ਦੋ ਦਹਾਕਿਆਂ ਤੋਂ ਇਸਨੂੰ ਅਮਰੀਕੀ ਸਾਮਰਾਜੀ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਮਰੀਕਾ ਵਾਸਤੇ ਤੇਲ ਸਰੋਤਾਂ ਲਈ ਇਸ ਸਮੇਂ ਵੈਨਜ਼ੂਏਲਾ ਸਭ ਤੋਂ ਮਹੱਤਵਪੂਰਨ ਕੇਂਦਰ ਹੈ। ਕਿਉਂਕਿ ਅਰਬ ਖਿੱਤਾ ਹੁਣ ਉਸ ਲਈ ਜਿਆਦਾ 'ਸੁਰੱਖਿਅਤ' ਨਹੀਂ ਰਿਹਾ। ਇੱਕ ਸਮੇਂ 'ਅਮਰੀਕੀ ਪ੍ਰਤਿਭਾ' ਨੇ ਅੱਤਵਾਦ ਦਾ ਬਹਾਨਾ ਬਣਾਕੇ ਇਰਾਕ ਅਤੇ ਲਿਬੀਆ ਦੇ ਤੇਲ ਸਰੋਤਾਂ ਉੱਤੇ ਕਬਜ਼ੇ ਦੀ ਨੀਤੀ ਨਾਲ ਹਮਲਾ ਕੀਤਾ ਅਤੇ ਉੱਥੇ ਉਸਨੂੰ ਖਾੜੀ ਮੁਲਕਾਂ ਵਿਚੋਂ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੂਸਰਾ, ਸਾਊਦੀ ਅਰਬ ਅਤੇ ਦੂਜੇ ਅਰਬ ਮੁਲਕਾਂ ਨੇ ਸਾਮਰਾਜੀ ਵਪਾਰਕ ਜੰਗ ਦੇ ਚੱਲਦਿਆਂ ਅਮਰੀਕੀ ਡਾਲਰ ਪ੍ਰਤੀ ਅਣਦੇਖੀ ਕਰਦਿਆਂ ਦੂਜੇ ਸਾਮਰਾਜੀ ਮੁਲਕਾਂ ਨਾਲ ਸਮਝੌਤੇ ਕਰਕੇ ਤੇਲ ਨੂੰ ਅਮਰੀਕਾ ਖਿਲਾਫ ਹਥਿਆਰ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ।

ਅਮਰੀਕਾ ਨੇ ਸ਼ੁਰੂ ਵਿੱਚ ਤੇਲ ਦੀ ਖਰੀਦ 'ਚ ਗੋਲਡ ਸਟੈਂਡਰਡ ਖਤਮ ਹੋਣ ਬਾਅਦ ਵਿਸ਼ਵ ਮੰਡੀ ਵਿੱਚ ਡਾਲਰ ਰਾਹੀਂ ਸੰਚਾਰ ਹੋਣ ਦੇ ਮੌਕੇ ਦਾ ਲਾਹਾ ਲਿਆ। ਤੇਲ ਦੀ ਖਰੀਦ ਦਾ ਸੰਚਾਲਨ ਡਾਲਰ ਵਿੱਚ ਹੋਣ ਕਰਕੇ ਇਸਦੀ ਮੰਗ ਵਧੀ ਤੇ ਇਹ ਅਮਰੀਕੀ ਆਰਥਿਕਤਾ ਦੀ ਗਲੋਬਲ ਸ਼ਕਤੀ ਦਾ ਨਵਾਂ ਥੰਮ ਬਣਕੇ ਉਭਰਿਆ। ਤੇਲ ਵਪਾਰ ਲਈ ਕਿਉਂਕਿ ਵੈਨਜ਼ੂਏਲਾ ਦੀ ਨਿਰਭਰਤਾ ਸ਼ੁਰੂ ਵਿੱਚ ਪੂਰੀ ਤਰ੍ਹਾਂ ਅਮਰੀਕੀ ਡਾਲਰ ਉੱਤੇ ਬਣੀ ਹੋਈ ਸੀ, ਇਸ ਲਈ ਵੈਨਜ਼ੂਏਲਾ ਦੇ ਤੇਲ ਕੇਂਦਰਾਂ ਅਤੇ ਕੱਚੇ ਕੁਦਰਤੀ ਸਾਧਨਾਂ ਉੱਤੇ ਅਮਰੀਕੀ ਬਹੁ-ਰਾਸ਼ਟਰੀ ਕੰਪਨੀਆਂ ਤੇ ਸੰਸਾਰ ਵਿੱਤੀ ਸੰਸਥਾਵਾਂ ਦੀ ਦਖਲਅੰਦਾਜੀ ਬਣੀ ਰਹੀ। ਦੂਸਰਾ ਸਸਤੀਆਂ ਜ਼ਮੀਨਾਂ, ਘੱਟ ਉਜ਼ਰਤਾਂ ਤੇ ਸਸਤੇ ਕੱਚੇ ਪਦਾਰਥਾਂ ਕਰਕੇ ਇਹ ਖੇਤਰ ਅਮਰੀਕਾ ਲਈ ਬਹੁਤ ਲਾਹੇਵੰਦ ਹੈ। ਪਰ ਚੀਨ ਦੇ ਯੁਆਨ, ਯੂਰੋ ਜੋਨ ਅਤੇ ਹੁਣ ਵੈਨਜ਼ੂਏਲਾ ਵਿਚ (ਵਿੱਤੀ ਰੋਕਾਂ ਦਾ ਮੁਕਾਬਲਾ ਕਰਨ ਲਈ) ਪੇਟਰੋ ਕਰੰਸੀ (Petro Cruncy) ਨੇ ਇਸ ਲਈ ਨਵੀਆਂ ਸਿਰਦਰਦੀਆਂ ਖੜੀਆਂ ਕਰ ਦਿੱਤੀਆਂ। ਅਮਰੀਕਾ ਆਪਣੀ ਵਿੱਤੀ ਸਰਦਾਰੀ ਕਾਇਮ ਰੱਖਣ ਲਈ ਵੈਨਜ਼ੂਏਲਾ ਵਿੱਚ ਲਗਾਤਾਰ ਆਰਥਿਕ ਜੰਗ ਲੜ੍ਹ ਰਿਹਾ ਹੈ ਅਤੇ ਇਸ ਮਕਸਦ ਲਈ ਉਹ ਆਪਣੀ ਫੌਜੀ ਨੀਤੀ ਦਾ ਖੁਲ੍ਹੇਆਮ ਇਸਤੇਮਾਲ ਕਰ ਰਿਹਾ ਹੈ। ਅਮਰੀਕੀ 'ਸਦਾਚਾਰਕ' ਆਪਣੀਆਂ ਕੂਟਨੀਤਿਕ ਚਾਲਾਂ ਨਾਲ ਵੈਨਜ਼ੂਏਲਾ ਦੀ ਸਰਮਾਏਦਾਰੀ ਦੇ ਇੱਕ ਹਿੱਸੇ ਨੂੰ ਗੰਢਕੇ ਵੈਨਜ਼ੂਏਲਾ ਦਾ ਸਿਆਸੀ ਧਰਾਤਲ ਬਦਲਣ ਲਈ ਯਤਨਸ਼ੀਲ ਹਨ। ਇਸ ਸਮੇਂ ਵੈਨਜ਼ੂਏਲਾ ਨੂੰ ਸੰਸਾਰ ਵਿੱਤੀ ਸੰਸਥਾਵਾਂ (WTO, IMF) ਕੋਲੋਂ ਆਰਥਿਕ ਸਹਾਇਤਾ ਦੀ ਬੇਹੱਦ ਜਰੂਰਤ ਹੈ ਪਰੰਤੂ ਇਹ ਦੋਵੇਂ ਸੰਸਥਾਵਾਂ ਮੌਜੂਦਾ "ਖੱਬੇਪੱਖੀ" ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਸਹਾਇਤਾ ਦੀ ਬਜਾਏ ਵਿਰੋਧੀ ਧਿਰ ਦੇ ਸੱਜੇਪੱਖੀ ਖੁਆਨ ਗੁਆਇਦੋ ਦੀ ਮੱਦਦ ਕਰਨ ਲਈ ਤਿਆਰ ਹਨ।

ਇਸਤੋਂ ਇਲਾਵਾ ਵੈਨਜ਼ੂਏਲਾ ਨੇ ਚੀਨ ਅਤੇ ਰੂਸ ਨਾਲ ਵਪਾਰਕ ਮਸ਼ਕ ਹੋਰ ਤੇਜ ਕਰ ਦਿੱਤੀ ਹੈ। ਚੀਨ ਸੰਸਾਰ ਦਾ ਦੂਜਾ ਵੱਡਾ ਤੇਲ ਖਪਤਕਾਰ ਹੈ ਅਤੇ ਉਹ ਤੇਲ ਵਪਾਰ ਲਈ ਯੁਆਨ ਸਟੈਂਡਰਡ ਨੂੰ ਬਾੜਾਵਾ ਦੇ ਰਿਹਾ ਹੈ। ਚੀਨ ਇਸ ਸਮੇਂ ਅਮਰੀਕੀ ਸੰਸਾਰ ਚੌਧਰ ਦਾ ਸਭ ਤੋਂ ਵੱਡਾ ਵਿਰੋਧੀ ਹੈ ਅਤੇ ਉਸ ਨਾਲ ਵਪਾਰਕ ਜੰਗ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਅਜਿਹੇ ਵਿੱਚ ਵੈਨਜ਼ੂਏਲਾ ਅਮਰੀਕਾ ਦੇ ਆਰਥਿਕ ਹਿੱਤਾਂ ਦੇ ਨਾਲ-ਨਾਲ ਸਵੈਮਾਣ ਦਾ ਸਵਾਲ ਵੀ ਬਣਿਆ ਹੋਇਆ ਹੈ। ਵੈਨਜ਼ੂਏਲਾ ਦੱਖਣੀ ਅਮਰੀਕੀ ਮਹਾਂਦੀਪ ਦਾ ਸਿਆਸੀ ਦ੍ਰਿਸ਼ ਬਦਲ ਸਕਦਾ ਹੈ। ਜੇਕਰ ਇਸ ਮਹਾਂਦੀਪ ਵਿੱਚ ਵੈਨਜ਼ੂਏਲਾ ਅਮਰੀਕੀ ਚੌਧਰ ਨੂੰ ਚੁਣੌਤੀ ਦੇਣ ਵਿੱਚ ਕਾਮਯਾਬ ਰਿਹਾ ਤਾਂ ਇਸ ਮਹਾਂਦੀਪ ਵਿੱਚ ਚੀਨ ਦਾ ਵਪਾਰਕ ਵਿਸਥਾਰ ਵੱਧਣ ਦੀਆਂ ਸੰਭਾਵਨਾਵਾਂ ਹਨ। ਜਿੱਥੇ ਅਮਰੀਕਾ ਚੀਨ ਨੂੰ ਏਸ਼ੀਆਈ ਮੁਲਕਾਂ ਰਾਹੀਂ ਘੇਰ ਰਿਹਾ ਅਤੇ ਚੁਣੌਤੀ ਖੜੀ ਕਰ ਰਿਹਾ ਹੈ ਉੱਥੇ ਚੀਨ ਵੀ ਉਸਦੀ ਬਗਲ ਵਿਚ ਆ ਕੇ ਬੈਠ ਜਾਣ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ। ਚੀਨ ਵਾਂਗ ਅਮਰੀਕਾ ਦਾ ਵਿਰੋਧੀ ਰੂਸ ਵੀ ਵੈਨਜ਼ੂਏਲਾ ਨੂੰ ਕਰਜ਼ ਤੇ ਸਹਾਇਤਾ ਪ੍ਰਧਾਨ ਕਰ ਰਿਹਾ ਹੈ। ਰੂਸ ਅਤੇ ਚੀਨ ਦੀ ਵੈਨਜ਼ੂਏਲਾ ਵਿੱਚ ਰੁਚੀ ਕਰਕੇ ਹੀ ਵੈਨਜ਼ੂਏਲਾ ਹਾਲੇ ਤੱਕ ਖੜਾ ਹੈ ਨਹੀਂ ਤਾਂ ਹੁਣ ਤੱਕ ਇੱਕ ਹੋਰ ਇਰਾਕ ਬਣਾ ਦਿੱਤਾ ਗਿਆ ਹੁੰਦਾ।

ਵੈਨਜ਼ੂਏਲਾ ਦੇ ਤੇਲ ਭੰਡਾਰ ਅਤੇ ਕੱਚੇ ਤੇਲ ਸਾਧਨਾਂ ਉੱਤੇ ਖੁਦਮੁਖਤਿਆਰੀ ਸਾਮਰਾਜੀ ਤਾਕਤਾਂ ਦੇ ਇੱਕ ਜਾਂ ਦੂਜੇ ਧੜੇ ਨਾਲ ਮਿਲਕੇ ਚੱਲਣ ਨਾਲ ਬੱਝੀ ਹੋਈ ਹੈ। ਸਾਮਰਾਜੀ ਦੌਰ ਅੰਦਰ ਆਰਥਿਕ ਨਿਰਭਰਤਾ ਅਤੇ ਪੱਛੜੇ ਮੁਲਕਾਂ ਦਾ ਅਸਾਵਾਂ ਆਰਥਿਕ ਢਾਂਚਾ ਇਹਨਾਂ ਮੁਲਕਾਂ ਦੀਆਂ ਸਿਆਸੀ ਅਜ਼ਾਦੀਆਂ ਲਈ ਮਾਈ-ਬਾਪ ਦੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਸਾਮਰਾਜੀ ਵਿੱਤੀ ਸਰਮਾਏ ਨੂੰ ਚੁਣੌਤੀ ਦੇਣ ਦੇ ਇਵਜ਼ ਵਿੱਚ ਇਹ ਮੁਲਕ ਆਰਥਿਕ ਸਦਮੇ ਝੱਲਣ ਲਈ ਸਰਾਪੇ ਹੋਏ ਹਨ। ਵਿਸ਼ਵ ਸਾਹਮਣੇ ਅੱਜ ਇਹ ਆਰਥਿਕ ਸਦਮਾ ਵੈਨਜ਼ੂਏਲਾ ਝੱਲ ਰਿਹਾ ਹੈ।

ਅਜੋਕੇ ਸਾਮਰਾਜੀ ਯੁੱਗ ਅੰਦਰ ਮੁਲਕ ਦੀ ਆਰਥਿਕਤਾ ਉੱਤੇ ਰਾਜਕੀ ਨਿਯੰਤਰਣ ਸਾਮਰਾਜੀ ਹਿੱਤਾਂ ਅਤੇ ਅੰਤਰ ਸਾਮਰਾਜੀ ਖਹਿਭੇੜ ਅਨੁਸਾਰ ਪ੍ਰਭਾਵਿਤ ਹੁੰਦਾ ਹੈ। ਵੈਨਜ਼ੂਏਲਾ ਅਜਿਹੀ ਸਥਿਤੀ ਵਿੱਚ ਫਸ ਗਿਆ ਹੈ ਕਿ ਉਸਨੂੰ ਵਿਦੇਸ਼ੀ ਨਿਵੇਸ਼ ਖਿੱਚਣ ਲਈ ਤੇਲ ਕੀਮਤਾਂ ਤੇ ਨਿਯੰਤਰਣ ਘਟਾਉਣ, ਸਰਕਾਰੀ ਸਬਸਿਡੀਆਂ ਖਤਮ ਕਰਨ, ਸੰਸਥਾਗਤ ਟੈਕਸ ਵਧਾਉਣ, ਸਰਕਾਰੀ ਖਰਚ ਘਟਾਉਣ, ਸਰਕਾਰੀ ਅਸਾਸੇ ਨਿੱਜੀ ਹੱਥਾਂ ਵਿਚ ਵੇਚਣੇ ਪੈ ਰਹੇ ਹਨ।

ਵੈਨਜ਼ੂਏਲਾ 'ਚ ਤੇਲ ਉਤਪਾਦਕ ਕੇਂਦਰਾਂ ਨੂੰ ਆਧੁਨਿਕ ਕਰਨ ਦੀ ਜ਼ਰੂਰਤ ਹੈ। ਊਰਜਾ, ਬੁਨਿਆਦੀ ਢਾਂਚਾ (ਸਿਹਤ, ਸਿੱਖਿਆ, ਰੁਜ਼ਗਾਰ, ਰਿਹਾਇਸ਼), ਬਿਜਲਈ, ਪੈਟਰੋਲੀਅਮ, ਐਗਰੀ ਫੂਡ ਆਦਿ ਸਭ ਖੇਤਰਾਂ ਨੂੰ ਮਜਬੂਤ ਕਰਨ ਦੀ ਜਰੂਰਤ ਹੈ ਪਰੰਤੂ ਸਰਕਾਰ ਦਿਵਾਲੀਆ ਹੋ ਚੁੱਕੀ ਹੈ। ਪੜੀ-ਲਿਖੀ ਪੇਸ਼ਾਵਰ ਜਮਾਤ ਰੁਜਗਾਰ ਅਤੇ ਚੰਗੇ ਜੀਵਨ ਪੱਧਰ ਦੀ ਥੁੜ ਕਾਰਨ ਪੱਕੇ ਤੌਰ ਤੇ ਹੋਰ ਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ। ਕਿਊਬਾ, ਰੂਸ, ਚੀਨ ਆਦਿ ਮੁਲਕ ਇਸ ਹਾਲਤ ਵਿੱਚ ਕਰਜ਼, ਹਥਿਆਰ ਤੇ ਸਿਆਸੀ ਸਲਾਹ ਤਾਂ ਦੇ ਸਕਦੇ ਹਨ ਪਰ ਉਹ ਦੇਸ਼ ਅੰਦਰ ਬੁੱਧੀਮਾਨਤਾ ਦਾ ਨਿਰਯਾਤ ਨਹੀਂ ਕਰ ਸਕਦੇ। ਇਹਨਾਂ ਮੁਲਕਾਂ ਦੇ ਹਿੱਤ ਵੈਨਜ਼ੂਏਲਾ ਸਮੇਤ ਦੱਖਣੀ ਅਮਰੀਕੀ ਗੋਲੇ ਨਾਲ ਵਪਾਰਕ ਤੇ ਮੰਡੀ ਤੱਕ ਹੀ ਸੀਮਿਤ ਹਨ। ਇਸ ਗੋਲੇ ਦੀਆਂ ਖੇਤਰੀ ਸਮੱਸਿਆਵਾਂ ਦਾ ਸਮਾਦਾਨ ਆਖਿਰ ਦੇਸ਼ ਦੀ ਸਥਾਨਕ ਵਸੋਂ ਅਤੇ ਬੌਧਿਕ ਸ਼ਕਤੀ ਨੇ ਹੀ ਕਰਨਾ ਹੈ।

ਵੈਨਜ਼ੂਏਲਾ ਵਿੱਚ ਤਕਨੀਕ ਵਪਾਰ ਦਾ ਕੋਈ ਵੱਡਾ ਸੋਮਾ ਨਹੀਂ ਹੈ। ਇਸਦਾ ਘਰੇਲੂ ਕਾਰੋਬਾਰ ਸਾਮਰਾਜੀ ਵਿੱਤੀ ਸਰਮਾਏ ਤੇ ਨਿਰਭਰ ਹੈ। ਇਸਦੀ ਸਨਅਤ ਵਿਚ ਬਹੁਕੌਮੀ ਕੰਪਨੀਆਂ ਦੀ ਸਰਦਾਰੀ ਹੈ। ਪਿਛਲੇ 16 ਸਾਲਾਂ ਤੋਂ ਅਮਰੀਕਾ ਵੱਲੋਂ ਕੀਤੀ ਆਰਥਿਕ ਘੇਰਾਬੰਦੀ ਨੇ ਇਸਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ। ਅਮਰੀਕਾ ਨੇ ਤੇਲ ਦੀ ਵਿਕਰੀ ਅਤੇ ਅਦਾਇਗੀ ਦੀਆਂ ਸ਼ਰਤਾਂ (ਕੀਮਤਾਂ ਤੇ ਮਿਤੀਆਂ ਦੇ ਰੂਪ 'ਚ), ਵਸਤਾਂ ਦੀ ਮਾਤਰਾ ਅਤੇ ਕੀਮਤਾਂ ਮਿੱਥਕੇ ਆਦਿ ਕਈ ਤਰੀਕਿਆਂ ਨਾਲ ਇੱਥੋਂ ਦੀ ਤੇਲ ਸਨਅਤ ਵਿਚ ਦਬਦਬਾ ਕਾਇਮ ਕੀਤਾ। ਆਰਥਿਕ ਘੇਰਾਬੰਦੀ ਅਤੇ ਵੈਨਜ਼ੂਏਲਾ ਸਰਕਾਰ ਦੇ ਵਿਰੋਧ ਦੇ ਚੱਲਦਿਆਂ ਵਕਤੀ ਤੌਰ ਤੇ ਭਾਵੇਂ ਅਮਰੀਕੀ ਵਿੱਤੀ ਸਰਮਾਏ ਤੇ ਅਮਰੀਕਾ ਅਧਾਰਿਤ ਕੰਪਨੀਆਂ ਨੂੰ ਵੀ ਘਾਟਾ ਝੱਲਣਾ ਪੈ ਰਿਹਾ ਹੈ ਪਰੰਤੂ ਅਮਰੀਕਾ ਵੈਨਜ਼ੂਏਲਾ ਦੀ ਸੱਤਾਬਦਲੀ ਵਿੱਚ ਮੁੱਖ ਭਾਈਵਾਲ ਬਣਕੇ ਆਰਥਿਕ ਘਾਟਿਆਂ ਦੀ ਖੂਬ ਭਰਪਾਈ ਕਰਨ ਦੀ ਤਾਕ ਵਿੱਚ ਹੈ। ਉੁਹ ਵੈਨਜ਼ੂਏਲਾ ਦੀ ਮੰਡੀ ਉੱਤੇ ਪੂਰਨ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਇਸਨੂੰ ਬਾਕੀ ਸੰਸਾਰ ਸ਼ਕਤੀਆਂ ਨਾਲ ਸਾਂਝਾ ਨਹੀਂ ਕਰਨਾ ਚਾਹੁੰਦਾ। ਵੈਨਜ਼ੂਏਲਾ ਦੀ ਮੌਜੂਦਾ ਆਰਥਿਕ ਦਸ਼ਾ ਨੇ ਇਹ ਦਿਖਾ ਦਿੱਤਾ ਕਿ ਮੁਲਕ ਦੀ ਆਰਥਿਕ ਨਿਰਭਰਤਾ ਬਿਨਾਂ ਪੱਛੜੇ ਮੁਲਕਾਂ ਦੀ ਸਿਆਸੀ ਅਜ਼ਾਦੀ ਦਾ ਚਿਹਰਾ-ਮੋਹਰਾ ਕਿੰਨਾ ਅਖੌਤੀ ਹੈ।

ਈ-ਮੇਲ: [email protected]

Comments

Enlalarty

https://newfasttadalafil.com/ - cialis generic Mpvtno Xsctqu Propecia Paginas Amarillas <a href=https://newfasttadalafil.com/>viagra vs cialis</a> Dxigah vendo cialis original generico Eqkksn Propecia Mastalgia https://newfasttadalafil.com/ - buy generic cialis online Pppkhs Levitra Prix

deakentee

PMID 7714991 <a href=https://bestcialis20mg.com/>buying cialis online safely</a>

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ