Wed, 04 December 2024
Your Visitor Number :-   7275496
SuhisaverSuhisaver Suhisaver

ਭਗਤ ਸਿੰਘ, ਗਾਂਧੀ, ਜਿਨਾਹ ਅਤੇ ਅਕਾਲੀ -ਜਗਤਾਰ ਸਿੰਘ

Posted on:- 06-09-2015

suhisaver

ਤੁਸ਼ਾਰ ਗਾਂਧੀ ਨੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ ਸਬੰਧੀ ਮਹਾਤਮਾ ਗਾਂਧੀ ਦੇ ਵਿਚਾਰਾਂ ਦਾ ਹੀ ਬਹੁਤ ਹੀ ਸਪਸ਼ਟ ਖੁਲਾਸਾ ਉਸ ਸਮੇਂ ਕੀਤਾ ਹੈ ਜਦੋਂ ਅਜ਼ਾਦੀ ਦਾ ਇਹ ਪ੍ਰਵਾਨਾ ਪੂਰੇ ਹਿੰਦੋਸਤਾਨ ਦੀ ਹੀ ਨਹੀਂ ਬਲਕਿ ਪਾਕਿਸਤਾਨ ਦੀ ਨੌਜਵਾਨ ਪੀੜ੍ਹੀ ਦੇ ਮਨਾਂ ਅੰਦਰ ਵੀ ਲੋਕ ਨਾਇਕ ਦੇ ਪ੍ਰਤੀਕ ਵਜੋਂ ਮੁੜ ਉਭਰ ਰਿਹਾ ਹੈ ਤੇ ਇਹ ਆਪਣੇ ਆਪ ਬਹੁਤ ਹੀ ਵਿਲੱਖਣ ਵਰਤਾਰਾ ਹੈ। ਉਸ ਦੀ ਸ਼ਖ਼ਸੀਅਤ ਨੇ ਜਵਾਨ ਪੀੜ੍ਹੀ ਦੀ ਮਾਨਸਿਕਤਾ ਵਿਚ ਉਸ ਸਮੇਂ ਮੁੜ ਆਪਣੀ ਥਾਂ ਬਨਾਉਣੀ ਸ਼ੁਰੂ ਕਰ ਲਈ ਹੈੈ ਜਦੋਂ ਰਿਵਾਇਤੀ ਸਿਆਸਤਦਾਨਾਂ ਦਾ ਲੋਕ ਮਨਾਂ ਵਿਚ ਅਕਸ ਲੁੜਕਦਾ ਲੁੜਕਦਾ ਪੌੜੀ ਦੇ ਸਭ ਤੋਂ ਹੇਠਲੇ ਡੰਡੇ ਉੱਤੇ ਆ ਗਿਆ ਹੈ। ਮੁਲਕ ਦੇ ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਭਗਤ ਸਿੰਘ ਧਰਮ ਨਿਰਪੱਖ ਅਤੇ ਬਦਲਵੀਂ ਸਿਆਸਤ ਦੇ ਪ੍ਰਤੀਕ ਬਣ ਕੇ ਉਭਰੇ ਸਨ।

ਮਹਾਤਮਾ ਗਾਂਧੀ ਦੇ ਪੜਪੋਤਰੇ ਤੁਸ਼ਾਰ ਗਾਂਧੀ ਨੇ ਪਿੱਛਲੇ ਦਿਨੀਂ ਜੈਪੁਰ ਵਿਚ ਕਿਹਾ ਹੈ ਕਿ ਮਹਾਤਮਾ ਗਾਂਧੀ ਨੇ ਸ਼ਹੀਦ ਭਗਤ ਸਿੰਘ ਦੀ ਫਾਂਸੀ ਤੁੜਵਾਉਣ ਲਈ ਇਸ ਲਈ ਦਖ਼ਲ ਨਹੀਂ ਸੀ ਦਿੱਤਾ ਕਿਉਂਕਿ ਉਹ ਅੰਗਰੇਜ਼ ਹਾਕਮਾਂ ਲਈ ਮੁਜ਼ਰਮ ਸਨ। ਇਹ ਗੱਲ ਤਾਂ ਸਭ ਨੂੰ ਚੰਗੀ ਤਰਾਂ ਪਤਾ ਹੀ ਹੈ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਮਹਾਤਮਾ ਗਾਂਧੀ ਬਿਲਕੁਲ ਹੀ ਗਲਤ ਸਮਝਦੇ ਸਨ।

ਭਗਤ ਸਿੰਘ ਹੋਰਾਂ ਵਲੋਂ ਅਸੈਂਬਲੀ ਵਿਚ ਬੰਬ ਸਿੱਟਣ ਦੀ ਘਟਨਾ ਨੂੰ ਮਹਾਤਮਾ ਗਾਂਧੀ ਨੇ ‘‘ਦੋ ਨੌਜਵਾਨਾਂ ਦਾ ਅਹਿਮਕਾਨਾ ਕਾਰਾ’’ ਕਹਿਕੇ ਨਿੰਦਿਆ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫਾਂਸੀ ਲਾਏ ਜਾਣ ਤੋਂ ਦੂਜੇ ਦਿਨ ਕਰਾਚੀ ਲਈ ਰਵਾਨਾ ਹੋਣ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਆਪਣੇ ਬਿਆਨ ਵਿਚ ਕਿਹਾ ਸੀ, ‘‘ਮੈਂ ਮੁਲਕ ਦੇ ਨੌਜਵਾਨਾਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਤੋਂ ਸਖਤੀ ਨਾਲ ਵਰਜਦਾਂ ਹਾਂ। ਸਾਨੂੰ ਉਹਨਾਂ ਦੀ ਕੁਰਬਾਨੀ ਦੀ ਭਾਵਨਾ, ਮਿਹਨਤ ਤੇ ਬੁਲੰਦ ਹੌਸਲੇ ਦੀ ਤਾਂ ਦਾਦ ਦੇਣੀ ਚਾਹੀਦੀ ਹੈ, ਪਰ ਇਹਨਾਂ ਖੂਬੀਆਂ ਨੂੰ ਇਸ ਤਰਾਂ ਨਹੀਂ ਵਰਤਣਾ ਚਾਹੀਦਾ ਜਿਵੇਂ ਇਹਨਾਂ ਨੇ ਵਰਤਿਆ ਹੈ। ਅਸੀਂ ਇਸ ਮੁਲਕ ਨੂੰ ਖੂਨ ਖ਼ਰਾਬੇ ਰਾਹੀਂ ਆਜ਼ਾਦ ਨਹੀਂ ਕਰਾਉਣਾ।’’

ਸ਼ਹੀਦ ਭਗਤ ਸਿੰਘ ਦੇ ਮੁੜ ਤੋਂ ਲੋਕ ਨਾਇਕ ਬਣਕੇ ਉਭਰਨ ਦੇ ਸੰਦਰਭ ਵਿਚ ਹੀ ਉਸ ਵੇਲੇ ਦੀਆਂ ਵੱਖ ਸਿਆਸੀ ਪਾਰਟੀਆਂ ਤੇ ਉਹਨਾਂ ਦੇ ਆਗੂਆਂ ਦੀ ਸਿਆਸੀ ਸੋਚ ਤੇ ਉਹਨਾਂ ਵੱਲੋਂ ਕੀਤੀ ਗਈ ਅਮਲੀ ਸਿਆਸਤ ਨੂੰ ਮੁੜ ਵਿਚਾਰ ਕੇ ਦੁਬਾਰਾ ਪ੍ਰੀਭਾਸ਼ਤ ਕੀਤਾ ਜਾਣਾ ਚਾਹੀਦਾ ਹੈ। ਇਹ ਕਾਰਜ ਇਸ ਲਈ ਵੀ ਜਰੂਰੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਤੇ ਮਹਾਤਮਾ ਗਾਂਧੀ ਹਰ ਪੱਧਰ ਉੱਤੇ ਦੋ ਵੱਖੋ ਵੱਖ ਤੇ ਇੱਕ ਦੂਜੇ ਤੋਂ ਉਲਟ ਵਿਚਾਰਧਾਰਾ ਦੇ ਪ੍ਰਤੀਕ ਬਣੇ ਹੋਏ ਹਨ। ਇੱਕ ਮੌਕੇ ਕਾਂਗਰਸ ਵਿੱਚ ਵੀ ਇਸ ਮੁੱਦੇ ਉੱਤੇ ਨਵੀ ਸਫਬੰਦੀ ਉਭਰ ਆਈ ਸੀ ਕਿਉਂਕਿ ਮੁਹੰਮਦ ਅਲੀ ਜਿਨਾਹ ਖੁੱਲ ਕੇ ਭਗਤ ਸਿੰਘ ਦੇ ਹੱਕ ਵਿਚ ਖੜ੍ਹ ਗਏ ਸਨ ਜਦੋਂ ਕਿ ਮਹਾਤਾਮਾ ਗਾਂਧੀ ਨੇ ਉਸ ਦੀ ਵਿਚਾਰਧਾਰਾ ਤੇ ਪਹੁੰਚ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਇਨਕਲਾਬੀ ਹੋਣ ਕਰਕੇ ਭਗਤ ਸਿੰਘ ਮੁਲਕ ਦੇ ਸਿਆਸੀ, ਆਰਥਿਕ ਤੇ ਸਮਾਜਿਕ ਸਿਸਟਮ ਨੂੰ ਬਦਲਣਾ ਚਾਹੁੰਦਾ ਸੀ ਜਦ ਕਿ ਮਹਾਤਮਾ ਗਾਂਧੀ ਦੀ ਪਹੁੰਚ ਸਮਝੌਤਾਵਾਦੀ ਤੇ ਸੋਧਵਾਦੀ ਸੀ। ਭਾਰਤ ਤੇ ਪਾਕਿਸਤਾਨ ਦੇ ਇਤਿਹਾਸਕਾਰਾਂ ਨੂੰ ਆਜ਼ਾਦੀ ਸੰਗਰਾਮ ਦੌਰਾਨ ਦੋਹਾਂ ਆਗੂਆਂ ਵਲੋਂ ਨਿਭਾਏ ਗਏ ਰੋਲ ਦੀ ਨਿੱਠ ਕੇ ਪਰਖ ਪੜਚੋਲ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਘੁਲਾਟੀਆਂ ਨੇ ਲੜਾਈ ਲੜੀ ਹੁਣ ਵਾਲਾ ਪਾਕਿਸਤਾਨ ਵੀ ਉਸ ਦਾ ਹਿੱਸਾ ਸੀ। ਪਿਛਲੇ ਕੁਝ ਸਾਲਾਂ ਤੋਂ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਅਪਨਾਉਣ ਲਈ ਲਹੌਰ ਵਿਚ ਉੱਠੀ ਹੋਈ ਲਹਿਰ ਦਿਨੋ ਦਿਨ ਜ਼ੋਰ ਫੜ ਰਹੀ ਹੈ।

ਹੁਣ ਜਦੋਂ ਸ਼ਹੀਦ ਭਗਤ ਸਿੰਘ ਮੁਲਕ ਦੀ ਨਵੀਂ ਪੀੜ੍ਹੀ ਦੇ ਮਨ ਮਸਤਕ ਵਿਚ ਨਾਇਕ ਬਣ ਕੇ ਮੁੜ ਉਭਰ ਰਿਹਾ ਹੈ ਤਾਂ ਇਹ ਦਸਣਾ ਵੀ ਜਰੂਰੀ ਹੈ ਕਿ ਉਸ ਨੇ ਆਪਣੀ ਸਾਰੀ ਉਮਰ ਵਿਚ ਕਦੇ ਵੀ ਪੀਲੀ ਪੱਗ ਨਹੀਂ ਸੀ ਬੰਨ੍ਹੀ। ਉਸ ਦੀ ਪੱਗ ਦਾ ਰੰਗ ਅਕਸਰ ਚਿੱਟਾ ਹੁੰਦਾ ਸੀ ਤੇ ਕਦੇ ਕਦੇ ਉਹ ਕਾਲੀ ਪੱਗ ਵੀ ਬੰਨ੍ਹ ਲੈਂਦਾ। ਸ਼ਾਇਦ ਉਸ ਦੀ ਸ਼ਹਾਦਤ ਸਦਕਾ ਹੀ ਉਸ ਦੀ ਪੱਗ ਨਾਲ ਕੁਰਬਾਨੀ ਦਾ ਪ੍ਰਤੀਕ ਪੀਲਾ ਰੰਗ ਜੁੜ ਗਿਆ ਹੋਵੇ।

ਭਗਤ ਸਿੰਘ ਇਨਕਲਾਬੀ ਚਿੰਤਕ ਤੇ ਫਿਲਾਸਫਰ ਸੀ ਜਿਹੜਾ ਨਿੱਠ ਕੇ ਪੜ੍ਹਦਾ ਸੀ ਅਤੇ ਆਪਣੀ ਸਮਾਜਵਾਦੀ ਤੇ ਹਥਿਆਰਬੰਦ ਘੋਲ ਪੱਖੀ ਵਿਚਾਰਧਾਰਾ ਨੂੰ ਪ੍ਰਗਟਾਉਣ ਲਈ ਲਗਾਤਾਰ ਲਿਖਦਾ ਵੀ ਰਹਿੰਦਾ ਸੀ। ਫਾਂਸੀ ਦਿੱਤੇ ਜਾਣ ਸਮੇਂ ਭਗਤ ਸਿੰਘ ਦੀ ਉਮਰ ਸਿਰਫ 23 ਸਾਲ ਦੀ ਹੀ ਸੀ ਅਤੇ ਇਸ ਛੋਟੀ ਜਿਹੀ ਉਮਰੇ ਉਸ ਦੀ ਸਮਾਜਵਾਦੀ ਵਿਚਾਰਧਾਰਾ ਨਾਲ ਵੱਚਨਬੱਧਤਾ ਤੇ ਸਮਾਜਿਕ ਵਰਤਾਰਿਆਂ ਦੀ ਸਪਸ਼ਟ ਸੂਝ ਬਹੁਤ ਹੀ ਵਿਲੱਖਣ ਤੇ ਅਣਕਿਆਸਿਆ ਵਰਤਾਰਾ ਹੈ।

ਭਗਤ ਸਿੰਘ ਦੀ ਜਨਮ ਤੇ ਕਰਮ ਭੂਮੀ ਪੰਜਾਬ ਹੋਣ ਕਾਰਨ ਪਹਿਲਾਂ ਇਸ ਖਿੱਤੇ ਦੀਆਂ ਸਿਆਸੀ ਪਾਰਟੀਆਂ ਤੇ ਲੀਡਰਾਂ ਦੀ ਉਸ ਦੇ ਸਬੰਧ ਵਿਚ ਨਿਭਾਈ ਗਈ ਭੂਮਿਕਾ ਨੂੰ ਪਹਿਲਾਂ ਵਿਚਾਰ ਲੈਣਾ ਚਾਹੀਦਾ ਹੈ। ਕਾਂਗਰਸ ਪਾਰਟੀ ਤੋਂ ਬਿਨਾਂ ਉਸ ਦੇ ਜੱਦੀ ਸੂਬੇ ਪੰਜਾਬ ਵਿਚ ਸਰਗਰਮ ਦੂਜੀ ਪ੍ਰਮੁੱਖ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਅਤੇ ਇਸ ਦੇ ਬਹੁਤੇ ਆਗੂ ਕਾਂਗਰਸ ਦੀ ਧਾਰਾ ਵਿਚ ਵੀ ਵਿਚਰਦੇ ਰਹੇ ਸਨ। ਉਸ ਸਮੇਂ ਅਕਾਲੀ ਵਿਚਾਰਧਾਰਾ, ਜਿਸ ਨੂੰ ਉਸ ਸਮੇਂ ਸਿੱਖ ਵਿਚਾਰਧਾਰਾ ਹੀ ਸਮਝਿਆ ਜਾਂਦਾ ਸੀ, ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਹੁੰਦਾ ਸੀ ਕਿਉਂਕਿ ਅਕਾਲੀ ਦਲ ਉਸ ਸਮੇਂ ਤੱਕ ਸ਼੍ਰੋਮਣੀ ਕਮੇਟੀ ਦੀ ਹੀ ਸਹਾਇਕ ਜਥੇਬੰਦੀ ਹੁੰਦੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਭਗਤ ਸਿੰਘ ਹੋਰਾਂ ਨੂੰ ਫਾਂਸੀ ਦੇਣ ਤੋਂ ਇੱਕ ਮਹੀਨੇ ਤੋਂ ਘੱਟ ਸਮਾਂ ਪਹਿਲਾਂ 28 ਫਰਵਰੀ 1931 ਨੂੰ ਹੋਇਆ ਸੀ। ਉਸ ਸਮੇਂ ਇਹਨਾਂ ਫਾਸੀਆਂ ਦਾ ਮੁੱਦਾ ਪੂਰਾ ਭੱਖਿਆ ਹੋਣ ਕਰ ਕੇ ਕੌਮੀ ਪੱਧਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋੲਆ ਸੀ। ਇਸ ਮੀਟਿੰਗ ਵਿਚ ਭਗਤ ਸਿੰਘ ਬਾਰੇ ਹੋਏ ਕਿਸੇ ਜ਼ਿਕਰ ਦਾ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਉੱਤੇ ਕੁਝ ਨਹੀਂ ਹੈ। ਹਾਂ ਇਸ ਇਜਲਾਸ ਵਿਚ ਪੰਡਤ ਮੋਤੀ ਲਾਲ ਨਹਿਰੂ ਅਤੇ ਮੌਲਾਨਾ ਮੁਹੰਮਦ ਅਲੀ ਦੀਆਂ ਹੋਈ ਮੌਤਾਂ ਸਬੰਧੀ ਸ਼ੋਕ ਮਤੇ ਜਰੂਰ ਪਾਸ ਕੀਤੇ ਗਏ ਸਨ। ਸ਼੍ਰੋਮਣੀ ਕਮੇਟੀ ਦੇ 4 ਅਕਤੂਬਰ 1931 ਨੂੰ ਹੋਏ ਜਨਰਲ ਇਜਲਾਸ ਵਿਚ ਵੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਦਿੱਤੀ ਗਈ ਫਾਂਸੀ ਦੀ ਨਿੰਦਾ ਕਰਨ ਦਾ ਮਤਾ ਪਾਸ ਨਹੀਂ ਕੀਤਾ ਗਿਆ ਸੀ। ਇਹਨਾਂ ਦੋਹਾਂ ਮੀਟਿੰਗਾਂ ਦੀ ਕਾਰਵਾਈ ਦਾ ਰਿਕਾਰਡ ਮੌਜੂਦ ਹੈ। ਇਹੀ ਹਾਲ ਸ਼੍ਰੋਮਣੀ ਅਕਾਲੀ ਦਲ ਦਾ ਹੈ।

ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਤੋਂ ਮੂੰਹ ਮੋੜੀ ਰੱਖਿਆ ਸੀ। ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਿਚ 1972 ਵਿਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਸ਼ਹੀਦ ਭਗਤ ਸਿੰਘ ਦੀ ਮਾਂ ਸ਼੍ਰੀਮਤੀ ਵਿਦਿਆਵਤੀ ਨੂੰ ਪੰਜਾਬ ਮਾਤਾ ਦਾ ਖ਼ਿਤਾਬ ਦੇ ਕੇ ਸਨਮਾਨਤ ਕੀਤਾ ਸੀ।

ਪੰਜਾਬ ਦੇ ਇੱਕ ਹੋਰ ਆਗੂ ਲਾਲਾ ਲਾਜਪਤ ਰਾਇ ਦੇ ਸ਼ਹੀਦ ਭਗਤ ਸਿੰਘ ਬਾਰੇ ਵਿਚਾਰ ਜਾਨਣੇ ਵੀ ਬਹੁਤ ਜਰੂਰੀ ਹਨ ਕਿਉਂਕਿ ਇਸੇ ਆਗੂ ਦੀ ਪੁਲੀਸ ਕੁੱਟ ਨਾਲ ਹੋਈ ਮੌਤ ਦਾ ਬਦਲਾ ਲੈਣ ਲਈ ਹੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਹੌਰ ਵਿਚ ਅੰਗਰੇਜ਼ ਪੁਲੀਸ ਅਫਸਰ ਜੌਨ ਸਾਂਡਰਸ ਨੂੰ ਕਤਲ ਕੀਤਾ ਸੀ ਅਤੇ ਇਸੇ ਕੇਸ ਵਿਚ ਹੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਪ੍ਰਸਿੱਧ ਇਤਿਹਾਸਕਾਰ ਇਰਫਾਨ ਹਬੀਬ ਅਨੁਸਾਰ ਲਾਲਾ ਲਾਜਪਤ ਰਾਇ ਭਗਤ ਸਿੰਘ ਨੂੰ ਰੂਸ ਦਾ ਏਜੰਟ ਕਿਹਾ ਕਰਦਾ ਸੀ। ਭਗਤ ਸਿੰਘ ਨੇ ਹੀ ਇਨਕਲਾਬ ਜ਼ਿੰਦਾਬਾਦ ਦਾ ਨਾਹਰਾ ਦਿੱਤਾ ਸੀ ਤੇ ਸਮਾਜਵਾਦੀ ਵਿਚਾਰਧਾਰਾ ਉੱਤੇ ਅਧਾਰਤ ਸਮਾਜਿਕ ਇਨਸਾਫ ਤੇ ਬਦਲਵਾਂ ਰਾਜ ਪ੍ਰਬੰਧ ਉਸਾਰਨ ਦੀ ਵਕਾਲਤ ਕੀਤੀ ਸੀ।

ਮੁਹੰਮਦ ਅਲੀ ਜਿਨਾਹ ਨੇ ਕੇਂਦਰੀ ਅਸੈਂਬਲੀ (ਪਾਰਲੀਮੈਂਟ) ਵਿਚ 12 ਸਤੰਬਰ, 1929 ਨੂੰ ਉਸ ਸਮੇਂ ਸ਼ਹੀਦ ਭਗਤ ਤੇ ਉਸ ਦੇ ਸਾਥੀਆਂ ਦੇ ਹੱਕ ਵਿਚ ਤਕਰੀਰ ਕੀਤੀ ਸੀ ਜਦੋਂ ਉਹ ਜੇਲ੍ਹ ਵਿਚ ਚੰਗੇ ਵਿਵਹਾਰ ਦੀ ਮੰਗ ਲਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਕਰ ਰਹੇ ਸਨ। ਉਸ ਨੇ ਕਿਹਾ ਸੀ, ‘‘ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜੰਗ ਦਾ ਐਲਾਨ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਵਿਅਕਤੀ ਆਪਣੀ ਜਾਨ ਕੁਰਬਾਨ ਲਈ ਪੂਰੀ ਤਰ੍ਹਾਂ ਦਿ੍ਰੜ ਹਨ। ਹਰ ਕੋਈ ਮਰਨ ਵਰਤ ਨਹੀਂ ਰੱਖ ਸਕਦਾ। ਅਜਿਹਾ ਵਿਅਕਤੀ ਨਾ ਤਾਂ ਕੋਈ ਸਾਧਾਰਣ ਮਨੁੱਖ ਹੁੰਦਾ ਹੈ ਅਤੇ ਨਾ ਹੀ ਹੀ ਘਿਨਾਉਣੇ ਕਤਲ ਦਾ ਮੁਜ਼ਰਮ ਹੋ ਸਕਦਾ ਹੈ। ਲੋਕ ਇਸ ਜ਼ੁਲਮੀ ਤੇ ਘਿਨਾਉਣੇ ਰਾਜ ਪ੍ਰਬੰਧ ਦਾ ਵਿਰੋਧ ਕਰਦੇ ਹਨ ਅਤੇ ਭਗਤ ਸਿੰਘ ਵਰਗੇ ਹਜ਼ਾਰਾਂ ਨੌਜਵਾਨ ਜੇਲ੍ਹਾਂ ਤੋਂ ਬਾਹਰ ਵੀ ਹਨ।’’ ਜਿਨਾਹ ਉਸ ਸਮੇਂ ਕਾਂਗਰਸ ਪਾਰਟੀ ਵਿਚ ਹੀ ਸਨ ਅਤੇ ਉਹਨਾਂ ਦੀ ਪਛਾਣ ਆਧੁਨਿਕ ਸੋਚ ਤੇ ਦਿੱਖ ਵਾਲੇ ਆਗੂ ਵਜੋਂ ਬਣੀ ਸੀ। ਉਸ ਨੇ ਗ੍ਰਹਿ ਮੰਤਰੀ ਨੂੰ ਪੁੱਛਿਆ ਸੀ, ‘‘ਤੁਸੀਂ ਉਹਨਾਂ ਉੱਤੇ ਮੁਕੱਦਮਾ ਚਲਾਉਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਤਸੀਹੇ ਦੇ ਕੇ ਮਾਰਨਾ ਚਾਹੁੰਦੇ ਹੋ?’’

ਭਗਤ ਸਿੰਘ ਤੇ ਉਸ ਦੇ ਦੋ ਸਾਥੀਆਂ ਨੂੰ 5 ਮਾਰਚ 1931 ਨੂੰ ਹੋਏ ਗਾਂਧੀ-ਇਰਵਿਨ ਸਮਝੌਤੇ ਤੋਂ ਕੁਝ ਦਿਨਾਂ ਤੋਂ ਬਾਅਦ ਹੀ ਫਾਂਸੀ ਦੇ ਦਿੱਤਾ ਗਿਆ ਸੀ। ਇਸ ਸਮਝੌਤੇ ਤਹਿਤ ਕਾਂਗਰਸ ਵਲੋਂ ਨਾ ਮਿਲਵਰਤਣ ਲਹਿਰ ਵਾਪਸ ਲੈਣ ਦੇ ਇਵਜ਼ ਵਿਚ ਜੇਲ੍ਹਾਂ ਅੰਦਰ ਬੰਦ ਉਹ ਸਾਰੇ ਵਿਅਕਤੀ ਰਿਹਾਅ ਕੀਤੇ ਜਾਣੇ ਸਨ ਜਿਹੜੇ ਹਿੰਸਕ ਕਾਰਵਾਰੀਆਂ ਵਿਚ ਸ਼ਾਮਲ ਨਹੀਂ ਸਨ। ਗਾਂਧੀ ਨੇ ਅੰਗਰੇਜ਼ ਹਾਕਮਾਂ ਨਾਲ ਗੱਲਬਾਤ ਦੌਰਾਨ ਭਗਤ ਸਿੰਘ ਤੇ ੳੇੁਸ ਦੇ ਸਾਥੀਆਂ ਦੇ ਕੇਸ ਬਾਰੇ ਕੋਈ ਗੱਲ ਇਸ ਲਈ ਨਹੀਂ ਸੀ ਕੀਤੀ ਕਿਉਂਕਿ ਉਹ ਇਹਨਾਂ ਦਾ ਕੱਟੜ ਵਿਰੋਧੀ ਸੀ।

ਭਗਤ ਸਿੰਘ ਹੋਰਾਂ ਵਲੋਂ ਸਾਂਡਰਸ ਦੇ ਕੀਤੇ ਗਏ ਕਤਲ ਨੂੰ ਗਾਂਧੀ ਨੇ ‘‘ਸ਼ਰਮਨਾਕ ਕਾਰਾ’’ ਕਹਿ ਕੇ ਨਕਾਰਿਆ ਸੀ। ਉਹਨਾਂ ਦਾ ਦੂਜਾ ਐਕਸ਼ਨ ਅਪ੍ਰੈਲ ਮਹੀਨੇ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣਾ ਸੀ। ਗਾਂਧੀ ਨੇ ਇਸ ਐਕਸ਼ਨ ਦੀ ਵੀ ਮੁਖ਼ਾਲਫਤ ਕਰਦਿਆਂ ਆਖਿਆ ਸੀ. ‘‘ਬੰਬ ਸੁੱਟਣ ਵਾਲਿਆਂ ਨੇ ਆਜ਼ਾਦੀ ਦੇ ਉਸੇ ਨਿਸ਼ਾਨੇ ਨੂੰ ਢਾਹ ਲਾਈ ਹੈ ਜਿਸ ਦੇ ਨਾਂ ਉੱਤੇ ਉਹਨਾਂ ਨੇ ਬੰਬ ਸਿੱਟੇ ਹਨ। ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਇਸ ਐਕਸ਼ਨ ਦੀ ਜ਼ੁਬਾਨੀ ਕਲਾਮੀ ਜਾਂ ਚੋਰੀ ਛਿਪੇ ਵੀ ਹਿਮਾਇਤ ਨਹੀਂ ਕਰਨੀ ਚਾਹੀਦੀ।’’

ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਆਪਣੇ ਇਸ ਐਕਸ਼ਨ ਨੂੰ ਅਦਾਲਤ ਵਿਚ ਇਹ ਆਖਦਿਆਂ ਸਹੀ ਠਹਿਰਾਇਆ ਸੀ, ‘‘ਹਥਿਆਰਾਂ ਦੀ ਬੇਲੋੜੀ ਵਰਤੋਂ ਨਿਰੀਪੁਰੀ ਹਿੰਸਾ ਹੰੁਦੀ ਹੈ ਅਤੇ ਇਸ ਦੀ ਕੋਈ ਵਾਜਬੀਅਤਾ ਨਹੀਂ ਹੁੰਦੀ। ਪਰ ਜਦੋਂ ਹਥਿਆਰਾਂ ਦੀ ਵਰਤੋਂ ਕਿਸੇ ਵਾਜਬ ਮਕਸਦ ਦੀ ਪ੍ਰਾਪਤੀ ਦੀ ਜੱਦੋਜਹਿਦ ਨੂੰ ਅੱਗੇ ਵਧਾਉਣ ਲਈ ਕੀਤੀ ਜਾਂਦੀ ਹੈ ਤਾਂ ਇਹ ਨੈਤਿਕ ਪੱਖੋਂ ਜ਼ਾਇਜ ਹੁੰਦੀ ਹੈ। ਸੰਘਰਸ਼ਾਂ ਵਿਚੋਂ ਹਥਿਆਰਾਂ ਨੂੰ ਬਿਲਕੁਲ ਹੀ ਮਨਫੀ ਕਰਨਾ ਮਹਿਜ਼ ਖਾਮਖਿਆਲੀ ਹੀ ਹੈ। ਮੁਲਕ ਵਿਚ ਉੱਠ ਚੁੱਕੀ ਨਵੀਂ ਲਹਿਰ ਸ੍ਰੀ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ, ਕਮਲ ਪਾਸ਼ਾ, ਰੇਜ਼ਾ ਖਾਨ, ਵਾਸ਼ਿੰਗਟਨ, ਗੈਰੀਬਲ ਤੇ ਲੈਨਿਨ ਦੇ ਆਦਰਸ਼ਾਂ ਤੋਂ ਪ੍ਰੇਰਤ ਹੈ।’’

ਇਸ ਤੋਂ ਉਲਟ, ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਸਮਾਜਵਾਦੀ ਵਿਚਾਰਧਾਰਾ ਦਾ ਵਿਰੋਧੀ ਹੋਣ ਦੇ ਬਾਵਜੂਦ ਭਗਤ ਸਿੰਘ ਦੀ ਇਹ ਕਹਿਕੇ ਹਿਮਾਇਤ ਕੀਤੀ ਸੀ ਕਿ ਬੰਬ ਧਮਾਕਾ ‘‘ਇਨਕਲਾਬੀ ਲਹਿਰ ਦਾ ਪ੍ਰਤੱਖ ਪ੍ਰਗਟਾਵਾ’’ ਹੈ ਅਤੇ ਇਸ ਨਾਲ ‘‘ਨਾ ਸਿਰਫ 1929 ਲੋਕਾਂ ਦੀ ਹਮਦਰਦੀ ਹੈ, ਬਲਕਿ ਇਸ ਨੇ ਅਵਾਮ ਵਿਚ ਨਵਾਂ ਜ਼ਜ਼ਬਾ ਵੀ ਪੈਦਾ ਕੀਤਾ ਹੈ।’’ ਇਤਿਹਾਸਕਾਰ ਇਰਫਾਨ ਹਬੀਬ ਨੇ ਨੇਤਾ ਜੀ ਦੇ ਇਹ ਬਿਆਨ ਆਪਣੀ ਕਿਤਾਬ ‘ਟੂ ਮੇਕ ਡੈਫ ਹੀਅਰ’ ਵਿਚ ਦਰਜ ਕੀਤੇ ਹੋਏ ਹਨ।

ਇੱਕ ਹੋਰ ਘਟਨਾ ਨੇ ਵੀ ਮਹਾਤਮਾ ਗਾਂਧੀ ਦੇ ਇਨਕਲਾਬੀ ਕਾਰਕੁੰਨਾਂ ਪ੍ਰਤੀ ਧਾਰਨ ਕੀਤੇ ਗਏ ਵਿਰੋਧੀ ਰਵੱਈਏ ਨੂੰ ਸਾਹਮਣੇ ਲਿਆਂਦਾ ਹੈ। ਕਾਂਗਰਸ ਪਾਰਟੀ ਵੱਲੋਂ ਉਸ ਸਮੇਂ ਛਾਪੇ ਜਾਂਦੇ ਪਰਚੇ ‘ਬੁਲੇਟਿਨ’ ਦੇ ਸੰਪਾਦਕ ਜਵਾਹਰ ਲਾਲ ਨੁਹਿਰੂ ਨੇ ਭਗਤ ਸਿੰਘ ਤੇ ਬੀ.ਕੇ.ਦੱਤ ਦਾ ਬਿਆਨ ਛਾਪ ਦਿੱਤਾ ਸੀ। ਗਾਂਧੀ ਨੇ ਗੁੱਸੇ ਵਿਚ ਲਾਲ ਪੀਲਾ ਹੁੰਦਿਆਂ ਨਹਿਰੂ ਨੂੰ ਇਸ ਵਿਰੁੱਧ ਸਖਤ ਤਾੜਨਾ ਕੀਤੀ ਸੀ। ਨਹਿਰੂ ਨੇ ਮੁਆਫੀ ਮੰਗਦਿਆਂ ਉਸ ਨੂੰ ਜਵਾਬ ਦਿੱਤਾ ਸੀ, ‘‘ਮੈਨੂੰ ਅਫਸੋਸ ਹੈ ਕਿ ਤੁਹਾਨੂੰ ‘ਬੁਲੇਟਿਨ’ ਵਿਚ ਭਗਤ ਸਿੰਘ ਤੇ ਦੱਤ ਦਾ ਬਿਆਨ ਛਪਣਾ ਦਰੁੱਸਤ ਨਹੀਂ ਲੱਗਿਆ।’’

ਭਗਤ ਸਿੰਘ ਦੇ ਮਹਾਤਮਾ ਗਾਂਧੀ ਨਾਲ ਸਿਆਸੀ ਨਿਸ਼ਾਨੇ ਸਬੰਧੀ ਤਿੱਖੇ ਮੱਤਭੇਦ ਸਨ। ਉਸ ਨੇ ਆਪਣਾ ਰਾਜਨੀਤਕ ਨਿਸ਼ਾਨਾ ਇਹਨਾਂ ਸ਼ਬਦਾਂ ਵਿਚ ਦਸਿਆ ਸੀ, ‘‘ਅਸੀਂ ਸਮਾਜਵਾਦੀ ਇਨਕਲਾਬ ਚਾਹੁੰਦੇ ਹਾਂ ਅਤੇ ਇਸ ਦੀ ਸ਼ੁਰੂਆਤ ਰਾਜਸੀ ਇਨਕਲਾਬ ਨਾਲ ਹੋਵੇਗੀ। ਰਾਜਸੀ ਇਨਕਲਾਬ ਦਾ ਮਤਲਬ ਇਹ ਨਹੀਂ ਹੈ ਕਿ ਰਾਜਸੀ ਸਤਾ ਅੰਗਰੇਜ਼ਾਂ ਤੋਂ ਹਿੰਦੋਸਤਾਨੀਆਂ ਨੂੰ ਤਬਦੀਲ ਹੋ ਜਾਵੇ, ਬਲਕਿ ਉਹਨਾਂ ਹਿੰਦੋਸਤਾਨੀਆਂ ਦੇ ਹੱਥਾਂ ਵਿਚ ਜਾਵੇ ਜਿਹੜੇ ਸਾਡੇ ਆਖਰੀ ਨਿਸ਼ਾਨੇ ਨਾਲ ਸਹਿਮਤ ਹਨ। ਜੇ ਹੋਰ ਸਪਸ਼ਟ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਰਾਜਸੀ ਸਤਾ ਲੋਕਾਂ ਦੀ ਹਿਮਾਇਤ ਨਾਲ ਇਨਕਲਾਬੀ ਪਾਰਟੀ ਨੂੰ ਸੌਂਪੀ ਜਾਵੇ। ਇਸ ਤੋਂ ਬਾਅਦ ਸਮਾਜਵਾਦੀ ਸਿਧਾਤਾਂ ਦੇ ਅਧਾਰ ਉੱਤੇ ਪੂਰੀ ਦਿਆਨਤਦਾਰੀ ਨਾਲ ਸਮਾਜ ਦੀ ਨਵ-ਉਸਾਰੀ ਕੀਤੀ ਜਾਵੇ।’’

ਭਗਤ ਸਿੰਘ ਦਾ ਏਜੰਡਾ ਜਿੱਥੇ ਲੋਕ ਪੱਖੀ ਸੀ ਉਥੇ ਭਾਰਤੀ ਪੂੰਜੀਪਤੀਆਂ ਵਲੋਂ ਹਿਮਾਇਤ ਅਤੇ ਪੈਸਾ ਮਿਲਦਾ ਹੋਣ ਕਾਰਨ ਗਾਂਧੀ ਰਾਜਨੀਤਕ ਤੇ ਸਮਾਜਿਕ ਸਿਸਟਮ ਨੂੰ ਬਦਲਣਾ ਚਾਹੁੰਦੇ ਹੀ ਨਹੀਂ ਸਨ। ਉਹਨਾਂ ਦਾ ਮਕਸਦ ਸਿਰਫ ਸਤਾ ਦੀ ਤਬਦੀਲੀ ਹੀ ਸੀ। ਇਸ ਤੋਂ ਵੀ ਅੱਗੇ, ਭਗਤ ਸਿੰਘ ਜਿੱਥੇ ਨਾਸਤਿਕ ਤੇ ਸਮਾਜਵਾਦੀ ਸੀ, ਉਥੇ ਗਾਂਧੀ ਨੇ ਨਰਮ ਹਿੰਦੂਵਤਾ ਦੇ ਧਾਰਮਕਿ ਚਿੰਨ੍ਹਾਂ ਤੇ ਸੰਕਲਪਾਂ ਨੂੰ ਅਪਣਾਇਆ ਹੋਇਆ ਸੀ। ਜਦੋਂ ਗਾਂਧੀ ਵਰਗੇ ਉੱਚੇ ਕੱਦ ਵਾਲਾ ਆਗੂ ਧਾਰਮਿਕ ਚਿੰਨ੍ਹਾਂ ਤੇ ਰਸਮਾਂ ਦੀ ਰਾਜਨੀਤਕ ਸਿੱਧੀ ਲਈ ਵਰਤੋਂ ਕਰਦਾ ਹੈ ਤਾਂ ਫਿਰ ਧਰਮ ਨਿੱਜੀ ਮਾਮਲਾ ਨਹੀਂ ਰਹਿੰਦਾ। ਹਰ ਰੋਜ਼ ਸ਼ਾਮ ਨੂੰ ਕੀਤੀ ਜਾਂਦੀ ਆਰਤੀ ਅਜਿਹਾ ਹੀ ਕਦਮ ਸੀ। ਉਸ ਦਾ ਰਾਜਸੀ ਨਿਸ਼ਾਨਾ ‘‘ਰਾਮਰਾਜ’’ ਸਥਾਪਤ ਕਰਨ ਦਾ ਸੀ ਅਤੇ ਇਸ ਦਾ ਮਤਲਬ ਕੀ ਸੀ, ਇਸ ਦਾ ਵੀ ਸਿਰਫ ਉਸੇ ਨੂੰ ਹੀ ਪਤਾ ਸੀ। ਇਥੇ ਇਹ ਜਾਣ ਲੈਣਾ ਵੀ ਲਾਜ਼ਮੀ ਹੈ ਕਿ ਲੰਬਾ ਸਮਾਂ ਪੱਛਮੀ ਮੀਡੀਆ ਕਾਂਗਰਸ ਪਾਰਟੀ ਨੂੰ ਹਿੰਦੂ ਕਾਂਗਰਸ ਹੀ ਕਿਹਾ ਕਰਦਾ ਸੀ।

ਮਹਾਤਮਾ ਗਾਂਧੀ ਦੀ ਜੀਵਨ ਜਾਚ ਤੇ ਸਿਆਸਤ ਨੂੰ ‘ਬੰਬ ਦੀ ਫਿਲਾਸਫੀ’ ਨਾਮੀ ਆਪਣੇ ਲੇਖ ਵਿਚ ਭਗਵਤੀ ਚਰਨ ਵੋਹਰਾ ਨੇ ਇਸ ਤਰਾਂ ਨਕਾਰਿਆ ਹੈ, ‘‘ਭਾਵੇਂ ਇਹ ਸੱਚ ਹੈ ਕਿ ਦਰਮਿਆਨੇ ਦਰਜੇ ਦੇ ਲੀਡਰ ਆਪਣੀ ਯਾਤਰਾ ਉਹਨਾਂ ਥਾਵਾਂ ਤੱਕ ਹੀ ਮਹਿਦੂਦ ਰੱਖਦੇ ਹਨ ਜਿੱਥੇ ਮੇਲ ਰੇਲ ਗੱਡੀ ਜਾਂਦੀ ਹੋਵੇ, ਪ੍ਰੰਤੂ ਗਾਂਧੀ ਆਪਣੀ ਯਾਤਰਾ ਉੱਥੋਂ ਤੱਕ ਕਰ ਲੈਂਦੇ ਹਨ ਜਿੱਥੋਂ ਤੱਕ ਮੋਟਰ ਕਾਰ ਉਹਨਾਂ ਨੂੰ ਲਿਜਾ ਸਕਦੀ ਹੋਵੇ। ਸਿਰਫ ਅਮੀਰਾਂ ਦੇ ਘਰਾਂ ਵਿਚ ਰਹਿਣਾ, ਬਹਤਾ ਸਮਾਂ ਆਪਣੇ ਖੁਸ਼ਾਮਦੀਆਂ ਵਿੱਚ ਹੀ ਘਿਰੇ ਰਹਿਣਾ, ਸਾਧਾਰਣ ਤੇ ਅਣਪੜ੍ਹ ਲੋਕਾਂ ਨੂੰ ਮਿੱਥੇ ਸਮੇਂ ਉੱਤੇ ‘ਦਰਸ਼ਨ ਦੇਣਾ’ ਗਾਂਧੀ ਦੇ ਇਸ ਦਾਅਵੇ ਨੂੰ ਨਕਾਰਦਾ ਹੈ ਕਿ ਉਹਨਾਂ ਨੂੰ ਲੋਕਾਂ ਦੀ ਨਬਜ਼ ਦੀ ਪੂਰੀ ਸਮਝ ਹੈ। ਕੀ ਮਹਾਤਮਾ ਗਾਂਧੀ ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਦੇ ਸਮਾਜਿਕ ਜੀਵਨ ਵਿਚ ਘੁਲੇ ਮਿਲੇ ਹਨ? ਕੀ ਉਹਨਾਂ ਨੇ ਪਿੰਡ ਦੇ ਕਿਸਾਨਾਂ ਨਾਲ ਧੂਣੀ ਉੱਤੇ ਬੈਠ ਕੇ ਉਹਨਾਂ ਦਾ ਦੁੱਖ ਸੁੱਖ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਕੀ ਉਸ ਨੇ ਕਦੇ ਕਾਰਖਾਨੇ ਦੇ ਕਿਸੇ ਮਜ਼ਦੂਰ ਨਾਲ ਆਪਣੀ ਸੋਚ ਸਾਂਝੀ ਕੀਤੀ ਹੈ? ਸਾਡਾ ਇਹ ਦਾਅਵਾ ਹੈ ਕਿ ਅਸੀਂ ਚੰਗੀ ਤਰਾਂ ਸਮਝਦੇ ਹਾਂ ਕਿ ਲੋਕ ਕੀ ਸੋਚਦੇ ਹਨ ਤੇ ਕੀ ਚਾਹੁੰਦੇ ਹਾਂ?’’

ਇਹਨਾਂ ਵਿਰੋਧੀ ਧਾਰਨਾਵਾਂ ਕਾਰਨ ਹੀ ਇਹ ਜਰੂਰੀ ਹੈ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਸੰਦਰਭ ਵਿਚ ਗਾਂਧੀ, ਜਿਨਾਹ ਅਤੇ ਅਕਾਲੀਆਂ ਵਲੋਂ ਨਿਭਾਏ ਗਏ ਰੋਲ ਨੂੰ ਮੁੜ ਵਿਚਾਰਿਆ ਜਾਵੇ ਤਾਂ ਕਿ ਲੋਕ ਸਚਾਈ ਤੋਂ ਜਾਣੂ ਹੋ ਸਕਣ।

(ਲੇਖਕ ਸੀਨੀਅਰ ਪੱਤਰਕਾਰ ਹਨ)

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ