Thu, 12 September 2024
Your Visitor Number :-   7220808
SuhisaverSuhisaver Suhisaver

ਦੇਸ਼ ਦੇ ਭਵਿੱਖ ਲਈ ਚੁਣੌਤੀ ਬਣੀਆਂ ਜਾਅਲੀ ਯੂਨੀਵਰਸਿਟੀਆਂ -ਅਕੇਸ਼ ਕੁਮਾਰ

Posted on:- 03-09-2014

suhisaver

ਪੜ੍ਹਾਈ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਹੈ ਪਰ ਇਸ ਯੁਗ ਵਿੱਚ ਪੜਾਈ ਬਹੁਤ ਮਹਿੰਗੀ ਹੋ ਗਈ ਹੈ ਤੇ ਵੱਡੀਆਂ ਵੱਡੀਆਂ ਡਿਗਰੀਆਂ ਪੜਾਈ ਤੇ ਮਿਹਨਤ ਅਤੇ ਪੈਸਾ ਖਰਚ ਕੇ ਮਿਲਦੀਆਂ ਹਨ । ਕਾਲਜਾਂ ਅਤੇ ਯੂਨੀਵਰਸੀਟੀਆਂ ਦੀਆਂ ਮੋਟੀਆਂ ਫੀਸਾਂ ਤੇ 4-5 ਸਾਲ ਦਾ ਲੰਮਾ ਸਮਾਂ ਤੇ ਮਿਹਨਤ ਦੇ ਨਾਲ ਇਹ ਡਿਗਰੀਆਂ ਮਿਲਦੀਆਂ ਹਨ ਪਰ ਅੱਜ ਦੀ 21ਵੀਂ ਸਦੀ ਵਿੱਚ ਕੁਝ ਯੂਨੀਵਰਸੀਟੀਆਂ ਅਤੇ ਕੁਝ ਸੈਂਟਰਾਂ ਵੱਲੋਂ ਇਸ ਦਾ ਸ਼ਾਰਟਕੱਟ ਕੱਢ ਕੇ ਜਾਅਲੀ ਡਿਗਰੀਆਂ ਦਿੱਤੀਆ ਜਾ ਰਹੀਆਂ ਹਨ।

ਕਈ ਸਟਡੀ ਸੈਂਟਰ, ਕਾਲਜ ਅਤੇ ਯੂਨੀਵਰਸੀਟੀਆਂ ਜਾਅਲੀ ਹੋਣ ਦੇ ਬਾਵਜੂਦ ਨਾ ਸਿਰਫ ਆਪਣਾ ਧੰਦਾ ਚਲਾ ਰਹੀਆਂ ਹਨ ਬਲਕਿ ਆਨਲਾਇਨ ਆਪਣੀਆਂ ਸਾਇਟਾਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਹੁਣ ਤਾਂ ਹੱਦ ਹੀ ਹੋ ਗਈ ਜਦੋਂ ਪੰਜਾਬ ਸਰਕਾਰ ਦੇ ਟੀਚਰ ਭਰਤੀ ਦੇ ਫਾਰਮ ਵਿੱਚ ਸੈਕੜੇ ਹੀ ਜਾਅਲੀ ਡਿਗਰੀ ਦੇ ਮਾਮਲੇ ਸਾਹਮਣੇ ਆਏ। ਸਰਕਾਰ ਵਲੋਂ 623 ਫਰਜ਼ੀ ਡਿਗਰੀ ਧਾਰਕਾਂ ਦੀ ਲਿਸਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਹੈ ਨਾਲ ਹੀ ਸਰਕਾਰ ਵਲੋਂ 2 ਕਮੇਟੀਆਂ ਦਾ ਗਠਨ ਕਰਕੇ ਫਰਜੀ ਡਿਗਰੀ ਧਾਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਸਰਕਾਰ ਅਤੇ ਪ੍ਸ਼ਾਸਨ ਵੱਲੋਂ ਪਹਿਲਾਂ ਹੀ ਜਾਲੀ ਡਿਗਰੀਆਂ ਦੇਣ ਵਾਲੀਆਂ ਯੂਨੀਵਰਸੀਟੀਆਂ ਅਤੇ ਸੈਂਟਰਾਂ ਦੇ ਖਿਲਾਫ ਕਿਉ ਨਹੀਂ ਕਾਰਵਾਈ ਕੀਤੀ ਜਾਂਦੀ।

ਜਾਅਲੀ ਡਿਗਰੀਆਂ ਦਾ ਇਹ ਧੰਦਾ ਲਗਭਗ ਸਾਰੇ ਭਾਰਤ ਵਿੱਚ ਹੀ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ। ਜਾਅਲੀ ਡਿਗਰੀਆਂ ਪ੍ਰਾਪਤ ਕਰਲ ਵਾਲਿਆਂ ਨੂੰ ਇਹ ਇੱਕ ਅਸਾਨ ਸ਼ਾਰਟਕੱਟ ਤੇ ਸਮਾਂ ਤੇ ਮਿਹਨਤ ਲਗਾਏ ਬਿਨਾ ਡਿਗਰੀਆਂ ਪ੍ਰਾਪਤ ਕਰਨ ਦਾ ਵਧੀਆ ਸਾਧਨ ਲੱਗਦਾ ਹੈ । ਪਰ ਕਈ ਵਿਦਆਰਥੀਆਂ ਨੂੰ ਇਹ ਪਤਾ ਹੀ ਨਹੀ ਹੁੰਦਾ ਕਿ ਜਿਸ ਯੂਨੀਵਰਸੀਟੀ ਅਤੇ ਸੈਂਟਰ ਵਿੱਚ ਉਹ ਪੜ ਰਿਹਾ ਹੈ ਉਹ ਤਾਂ ਖੁਦ ਜਾਅਲੀ ਦੇ ਪਲੇਟਫਾਰਮ ਤੇ ਖੜਾ ਹੈ। ਜਾਅਲੀ ਡਿਗਰੀਆਂ ਦਾ ਇਹ ਗੋਰਖਧੰਧਾ ਬਹੁਤ ਪੁਰਾਣਾ ਹੈ ਤੇ ਤਕਰੀਬਨ ਸਾਰੇ ਹੀ ਭਾਰਤ ਵਿੱਚ ਫੈਲਿਆ ਹੋਇਆ ਹੈ। ਸਰਕਾਰੀ ਨੌਕਰੀਆਂ ਲਈ ਖੁੱਦ ਨੂੰ ਯੋਗ ਸਾਬਤ ਕਰਣ ਦੀ ਇੱਛਾ ਅਤੇ ਆਪਣੇ ਨਾਂਅ ਅੱਗੇ ਵੱਡੀਆਂ ਵੱਡੀਆਂ ਡਿਗਰੀਆਂ ਦੇ ਲਾਲਚ ਨੇ ਜਾਲੀ ਡਿਗਰੀਆਂ ਦੇ ਇਸ ਧੰਦੇ ਨੂੰ ਚਾਰ ਚੁਫੇਰੇ ਫੈਲੇ ਘਣੇ ਪੇੜ ਦਾ ਰੂਪ ਦੇ ਦਿੱਤਾ ਹੈ ਜਿਸ ਦੀ ਛਾਂ ਹੇਂਠ ਕਿੰਨੇ ਹੀ ਮਾਸੂਮ ਨੌਜਵਾਨ ਠਗੇ ਜਾ ਰਹੇ ਹਨ।     

ਪਿਛਲੇ ਕੁਝ ਸਾਲਾਂ ਤੋਂ ਕਾਰਸਪੋਡਿੰਗ ਕੋਰਸਾਂ ਤੇ ਡਿਸਟੈਂਟ ਐਜੁਕੇਸ਼ਨ ਦਾ ਬਹੁਤ ਪ੍ਰਚਲਨ ਹੋ ਗਿਆ ਹੈ ਤੇ ਹਰ ਸ਼ਹਿਰ ਵਿੱਚ ਡਿਸਟੈਂਟ ਐਜੁਕੇਸ਼ਨ ਰਾਹੀਂ ਪੜਾਈ ਕਰਵਾਉਣ ਵਾਲੇ ਸਟਡੀ ਸੈਂਟਰਾਂ ਦੀ ਵੀ ਭਰਮਾਰ ਹੋ ਗਈ ਹੈ। ਇਹਨਾਂ ਜਿਆਦਾਤਰ ਸੈਂਟਰਾਂ ਵਿੱਚ ਦੂਰ ਦੁਰਾਡੇ ਦੀਆਂ ਯੂਨੀਵਰਸੀਟੀਆਂ ਦੇ ਕੋਰਸ ਕਰਵਾ ਕੇ ਜਿਆਦਾਤਰ ਆਨਲਾਈਨ ਪੇਪਰ ਲਏ ਜਾਂਦੇ ਹਨ ਤੇ ਡਿਗਰੀਆਂ ਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ। ਇਹਨਾਂ ਵਿੱਚੋਂ ਕਈ ਤਾਂ ਸਹੀ ਹੁੰਦੇ ਹਨ ਪਰ ਕਈ ਉਹਨਾਂ ਯੂਨੀਵਰਸੀਟੀਆਂ ਦੇ ਵੀ ਕੋਰਸ ਕਰਾਈ ਜਾ ਰਹੇ ਹਨ ਜੋ ਯੂ ਜੀ ਸੀ ਵਲੋਂ ਯੂਨੀਵਰਸੀਟੀਆਂ ਪ੍ਰਮਾਣਿਤ ਵੀ ਨਹੀਂ ਹਨ।

ਕਈ ਸੈਂਟਰ ਅਜਿਹੇ ਵੀ ਹਨ ਜਿਹੜੇ ਕਿ ਕਿਸੀ ਪ੍ਰਮਾਣਿਤ ਯੂਨੀਵਰਸੀਟੀ ਨਾਲ ਜੁੜੇ ਹੁੰਦੇ ਹਨ ਪਰ ਬਹਿੰਦੀ ਗੰਗਾ ਵਿੱਚ ਹੱਥ ਧੋਂਦਿਆਂ ਨਾਲ ਹੀ ਫਰਜੀ ਯੂਨੀਵਰਸੀਟੀਆਂ ਦੇ ਵੀ ਕੋਰਸ ਕਰਾ ਕੇ ਸਰਟੀਫਿਕੇਟ ਵੰਡੀ ਜਾਂਦੇ ਹਨ। ਜਿਆਦਾਤਰ ਸੈਂਟਰਾਂ ਵਲੋਂ ਪਾਸ ਹੋਣ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ ਅਤੇ ਕਈ ਸੈਟਰਾਂ ਖਿਲਾਫ ਸਮੇਂ ਸਮੇ ਤੇ ਅੱਖਵਾਰਾਂ ਵਿੱਚ ਨਕਲ ਮਰਵਾਉਣ ਦੀਆਂ ਖਬਰਾਂ ਵੀ ਲੱਗਦੀਆਂ ਹਨ। ਸਰਕਾਰ ਅਤੇ ਪ੍ਸ਼ਾਸਨ ਨੂੰ ਇਹਨਾ ਸੈਟਰਾਂ ਦੀ ਸਮੇਂ ਸਮੇਂ ਤੇ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਜਾਅਲੀ ਡਿਗਰੀ ਤਾਂ ਨਹੀ ਕਰਵਾ ਰਿਹਾ। ਇਹਨਾ ਸੈਟਰਾਂ ਵਿੱਚ ਬੱਚੇ ਇੱਕ ਦੂਜੇ ਦੀ ਦੇਖਾ ਦੇਖੀ ਦਾਖਲਾ ਲੈ ਲੈਂਦੇ ਹਨ ਤੇ ਸੈਂਟਰ ਜਿਹੜੀਆਂ ਯੂਨੀਵਰਸੀਟੀਆਂ ਨਾਲ ਜੁੜੇ ਹੋਣ ਦਾ ਦਾਵਾ ਕਰਦੇ ਹਨ ਉਹਨਾਂ ਵਲੋਂ ਦਿੱਤੀਆਂ ਜਾਂਦੀਆਂ ਡਿਗਰੀਆਂ ਕਾਨੂੰਨਨ ਸਹੀ ਵੀ ਹਨ ਇਸਦੀ ਜਾਂਚ ਵੀ ਨਹੀਂ ਕਰਦੇ। ਵੈਸੇ ਕੋਈ ਖਾਸ ਜਰੀਆ ਵੀ ਨਹੀਂ ਹੈ ਕਿਉਕਿ ਹਜਾਰਾਂ ਕਿਲੋਮੀਟਰ ਦੂਰ ਦੀਆਂ ਯੂਨੀਵਰਸੀਟੀਆਂ ਤੇ ਜਾ ਕੇ ਪੜਤਾਲ ਕਰਨਾ ਸ਼ਾਇਦ ਹੀ ਕਿਸੇ ਦੇ ਬੱਸ ਵਿੱਚ ਹੋਵੇ।    

ਕੋਈ ਵੀ ਯੂਨੀਵਰਸੀਟੀ ਭਾਵੇਂ ਉਹ ਪ੍ਰਮਾਣਿਤ ਵੀ ਹੈ ਪਰ ਫਿਰ ਵੀ ਡਿਸਟੈਂਟ ਐਜੁਕੇਸ਼ਨ ਦੇਣ ਲਈ ਉਸਨੂੰ ਅਲਗ ਤੋਂ ਯੂ ਜੀ ਸੀ ਦੀ ਅਪਰੂਵਲ ਲੈਣੀ ਪੈਂਦੀ ਹੈ ਤਾਂ ਹੀ ਉਹ ਡਿਸਟੈਂਟ ਐਜੁਕੇਸ਼ਨ ਦੇ ਕੋਰਸ ਕਰਵਾ ਸਕਦੀ ਹੈ। ਅਪਰੂਵਲ ਮਿਲਣ ਤੋਂ ਬਾਦ ਵੀ ਉਹ ਯੂਨੀਵਰਸੀਟੀ ਨਿਰਧਾਰਿਤ ਮਿਆਦ ਲਈ ਹੀ ਕੋਰਸ ਕਰਵਾ ਸਕਦੀ ਹੈ। ਕਈ ਵਾਰ ਸਥਾਨਕ ਕਾਲਜਾਂ ਜਾਂ ਸਟਡੀ ਸੈਂਟਰਾਂ ਵਿੱਚ ਯੂਨੀਵਰਸੀਟੀ ਦੀ ਡਿਸਟੈਂਟ ਐਜੂਕੇਸ਼ਨ ਦੀ ਮਿਆਦ ਪੂਰੀ ਹੋਣ ਤੋਂ ਬਾਦ ਵੀ ਡਿਗਰੀਆਂ ਦਿੱਤੀਆਂ ਜਾਂਦੀਆਂ ਹਨ। ਮਾਨਯੋਗ ਸੁਪਰੀਮ ਕੋਰਟ ਨੇ ਵੀ ਆਪਣੇ ਆਦੇਸ਼ਾਂ ਵਿੱਚ ਤੈਅ ਕੀਤਾ ਹੋਇਆ ਹੈ ਕਿ ਕੋਈ ਵੀ ਯੂਨੀਵਰਸੀਟੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਡਿਸਟੈਂਟ ਐਜੂਕੇਸ਼ਨ ਦੇ ਕੋਰਸ ਨਹੀਂ ਕਰਵਾ ਸਕਦੀ।    

ਜਾਅਲੀ ਡਿਗਰੀਆਂ ਦਾ ਇਹ ਮਕੜਜਾਲ ਪੂਰੇ ਭਾਰਤ ਵਿੱਚ ਹੀ ਲੰਮਾ ਚੌੜਾ ਫੈਲਿਆ ਹੋਇਆ ਹੈ। ਕੁੱਝ ਤਾਂ ਯੂਨੀਵਰਸੀਟੀਆਂ ਹੀ ਬੋਗਸ ਚਲ ਰਹੀਆਂ ਹਨ ਤੇ ਕੁੱਝ ਸਹੀ ਯੂਨੀਵਰਸੀਟੀਆਂ ਦੇ ਨਾਮ ਤੇ ਸਰਟੀਫਿਕੇਟ ਬੋਗਸ ਬਣ ਰਹੇ ਹਨ। ਟੈਕਨੋਲਜੀ ਨੇ ਕੰਮ ਹੋਰ ਆਸਾਨ ਕਰ ਦਿੱਤਾ ਹੈ। ਕਈ ਅਜਿਹੀਆਂ ਸਾਈਟਾਂ ਹਨ ਜੋ ਪੈਸੇ ਲੈ ਕੇ ਆਨਲਾਈਨ ਜਾਲੀ ਡਿਗਰੀਆਂ ਵੇਚ ਰਹੀਆਂ ਹਨ। ਇਹਨਾਂ ਸਾਈਟਾਂ ਤੇ ਜਿਹੜੀਆਂ ਯੂਨੀਵਾਸੀਟੀਆਂ ਦੀਆਂ ਜਾਲੀ ਡਿਗਰੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੇ ਸੈਂਪਲ ਵੀ ਪਾਏ ਗਏ ਹਨ ਜੋਕਿ ਅਸਲੀ ਵਰਗੇ ਹੀ ਹਨ।

ਰੰਗਦਾਰ ਪਿੰਟ੍ਰਰ ਦੀ ਮਦਦ ਨਾਲ ਜਾਲੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਹਨ। ਦਸਵੀਂ, ਬਾਰਵੀਂ, ਬੀ ਏ, ਬੀ ਐਸ ਸੀ, ਬੀ ਕਾਮ, ਬੀ ਐਡ, ਐਮ ਏ, ਐਮ ਬੀ ਏ, ਪੀ ਐਚ ਡੀ, ਐਮ ਬੀ ਬੀ ਐਸ, ਆਈਲੈਟ ਆਦਿ ਕਿਹੜੀ ਡਿਗਰੀ ਹੈ ਜਿਸਦੇ ਜਾਲੀੇ ਸਰਟੀਫਿਕੇਟ ਨਹੀਂ ਮਿਲਦੇ ਹਨ ਬਸ ਰੇਟ ਅੱਲਗ ਅੱਲਗ ਹਨ। ਇਹਨਾਂ ਦਾ ਇਸਤੇਮਾਲ ਸਰਕਾਰੀ ਨੋਕਰੀ ਲੈਣ, ਵੱਡੀਆਂ ਫਰਮਾਂ ਵਿੱਚ ਉੱਚੀਆਂ ਪੋਸਟਾਂ ਲੈਣ ਤੇ ਵਿਦੇਸ਼ ਜਾਣ ਲਈ ਕੀਤਾ ਜਾਂਦਾ ਹੈ।    

ਯੂ ਜੀ ਸੀ ਵਲੋਂ 21 ਜਾਲੀ ਯੂਨੀਵਾਸੀਟੀਆਂ ਦੇ ਨਾਂਅ ਦੀ ਲਿਸਟ ਆਪਣੀ ਵੈਬਸਾਇਟ ਤੇ ਪਾਈ ਹੋਈ ਹੈ ਜਿਸ ਵਿੱਚ ਸਭ ਤੋਂ ਜਿਆਦਾ ਜਾਅਲੀ ਯੂਨੀਵਰਸੀਟੀਆਂ ਯੂ ਪੀ ਅਤੇ ਦਿੱਲੀ ਵਿੱਚ ਹਨ। ਇਹਨਾਂ ਵਿੱਚ ਹੋਮਿਓਪੈਥਿਕ, ਆਲਟਰਨੇਟ ਮੈਡੀਸਨ, ਸਾਂਇਸ ਅਤੇ ਇੰਜੀਨਿਅਰਿੰਗ, ਅਰੈਬਿਕ, ਸੰਸਕ੍ਰਿਤ ਆਦਿ ਤਕਰੀਬਨ ਹਰ ਵਿਸ਼ੇ ਦੀਆਂ ਯੂਨੀਵਰਸੀਟੀਆਂ ਸ਼ਾਮਲ ਹਨ। ਪਰ ਇਸ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਹੀ ਸਿਰਫ ਨਾਮ ਭਰ ਦੀਆਂ ਯੂਨੀਵਾਸੀਟੀਆਂ ਦੇਸ਼ ਦੇ ਕੋਨੇ ਕੋਨੇ ਵਿੱਚ ਇੱਕ ਨਿੱਕੇ ਜਿਹੇ ਕਮਰੇ ਵਿੱਚ ਇੱਕ ਮੇਜ, ਇੱਕ ਕੰਪਊਟਰ, ਰੰਗਦਾਰ ਪਿੰਟ੍ਰਰ ਤੇ ਕੁੱਝ ਜਾਅਲੀ ਮੋਹਰਾਂ ਦੇ ਸਹਾਰੇ ਚਲ ਰਹੀਆਂ ਹਨ। ਇਹਨਾਂ ਵਲੋਂ ਅਕਸਰ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਜਾਂਦੇ ਹਨ।

8ਵੀਂ ਫੇਲ ਦਸਵੀਂ ਕਰੋ, ਦਸਵੀਂ ਫੇਲ 12ਵੀਂ ਕਰੋ ਤੇ ਨਾਲ ਹੀ ਸੋ ਫ਼ੀਸਦੀ ਪਾਸ ਹੋਣ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ। ਹੋਰ ਤਾਂ ਹੋਰ ਇਹਨਾਂ ਵਿੱਚੋਂ ਕਈ ਜਾਅਲੀ ਯੂਨੀਵਰਸੀਟੀਆਂ ਵਲੋਂ ਤਾਂ ਅੱਗੇ ਫਰੈਨਚਾਈਜ਼ੀ ਵੀ ਦੇ ਦਿੱਤੀਆਂ ਜਾਂਦੀਆਂ ਹਨ। ਸਾਰਾ ਤਮਾਸ਼ਾ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਸਾਮਣੇ ਚਲਦਾ ਹੈ ਪਰ ਸਭ ਅਨਜਾਨ ਹਨ। ਇਹਨਾਂ ਜਾਅਲੀ ਡਿਗਰੀਆਂ ਦੇ ਸਹਾਰੇ ਕਿੰਨੇ ਹੀ ਲੋਕ ਅੱਜ ਨਾ ਜਾਨੇ ਕਿਹੜੀ ਕਿਹੜੀ ਵੱਡੀ ਪੋਸਟ ਤੇ ਵੀ ਬੈਠੇ ਹੋਣਗੇ ਤੇ ਕਿੰਨੇ ਹੀ ਮਿਹਨਤ ਨਾਲ ਪੜ ਕੇ ਪਾਸ ਹੋਣ ਵਾਲਿਆਂ ਦਾ ਹੱਕ ਮਾਰ ਰਹੇ ਹਨ।

ਕੀ ਇਸ ਦੇਸ਼ ਦੇ ਭਵਿੱਖ ਦਾ ਫੈਸਲਾ ਜਾਅਲੀ ਡਿਗਰੀਆਂ ਦੇਣ ਵਾਲੀਆਂ ਯੁਨੀਵਰਸੀਟੀਆਂ ਜਾਂ ਫਿਰ ਨਕਲ ਮਰਵਾਉਣ ਵਾਲੇ ਸੈਂਟਰ ਕਰਣਗੇ। ਇਹ ਸੋਚਣ ਦਾ ਵਿਸ਼ਾ ਹੈ। ਇਹਨਾਂ ਜਾਅਲੀ ਯੂਨੀਵਰਸੀਟੀਆਂ ਅਤੇ ਡਿਸਟੈਂਟ ਐਜੁਕੇਸ਼ਨ ਦੇ ਨਾਮ ਤੇ ਚਲ ਰਹੇ ਜਾਅਲੀ ਸਟਡੀ ਸੈਂਟਰਾਂ ਦੇ ਨੱਕ ਨਕੇਲ ਪਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਸਿੱਖਿਆ ਦੇ ਨਾਮ ਤੇ ਹੋ ਰਿਹਾ ਅੰਨਾ ਵਪਾਰ ਰੁੱਕ ਸਕੇ ਅਤੇ ਸਹੀ ਐਜੁਕੇਸ਼ਨ ਮਿਲ ਸਕੇ।
                                   

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ