Thu, 12 September 2024
Your Visitor Number :-   7220775
SuhisaverSuhisaver Suhisaver

ਨੋਟਬੰਦੀ ਦੇ ਦਿਨਾਂ ਵਿਚ ਦੇਸ ਦੌਰਾ -ਸੁਕੀਰਤ

Posted on:- 21-01-2017

suhisaver

ਪਿਛਲੇ ਛੇ ਕੁ ਸਾਤੇ ਅੱਡੋ-ਅੱਡ ਸਰਗਰਮੀਆਂ ਕਾਰਨ ਦੇਸ ਦੇ ਵੱਖੋ-ਵਖ ਸੂਬਿਆਂ ਵਿਚ ਵਿਚਰਨ ਦਾ ਸਬੱਬ ਬਣਿਆ। ਉਤਰ ਵਿਚ ਹਿਮਾਚਲ ਤੋਂ ਲੈ ਕੇ ਧੁਰ ਦਖਣ ਦੇ ਪ੍ਰਾਂਤ ਤਾਮਿਲ ਨਾਡ ਤਕ, ਅਤੇ ਮਗਰੋਂ ਜਾ ਕੇ ਦੇਸ ਦੇ ਪੱਛਮੀ ਹਿਸੇ  ਮਹਾਰਾਸ਼ਟਰ ਵਿਚ ਕਈ ਦਿਨ ਗੁਜ਼ਾਰੇ। ਏਧਰੋਂ ਓਧਰ ਆਦਿਆਂ ਜਾਂਦਿਆਂ  ਦਿੱਲੀ ਵਿਚੋਂ ਤਾਂ ਲੰਘਣਾ ਪਿਆ ਹੀ । ਇਹੋ ਸਮਾਂ 8 ਨਵੰਬਰ ਨੂੰ ਐਲਾਨੀ ਗਈ ਨੋਟਬੰਦੀ ਕਾਰਨ ਹਰ ਪਾਸੇ  ਛਿੜੀ ਤਰਥੱਲੀ ਦੇ ਕਈ ਪੜਾਵਾਂ ਵਿਚੋਂ ਗੁਜ਼ਰਨ ਦਾ ਵੀ ਸੀ।

ਨਵੰਬਰ ਦੇ ਆਖਰੀ ਦਿਨਾਂ ਵਿਚ ਮੈਂ ਹਿਮਾਚਲ ਦੇ ਸ਼ਹਿਰ ਧਰਮਸ਼ਾਲਾ ਦੇ ਕੋਲ ਸਾਂ। ਕਿਸੇ ਪਸਿੱਤੀ ਥਾਂ ਪਹੁੰਚਣ ਲਈ ਸਥਾਨਕ ਟੈਕਸੀ ਲੈਣੀ ਪਈ। ਮਾਲਕ ਜਮ੍ਹਾਂ ਚਾਲਕ ਨੇ ਪਰਵਾਨਤ ਨੋਟਾਂ ਵਿਚ 1500, ਜਾਂ ਪੁਰਾਣੇ ਨੋਟਾਂ ਵਿਚ 2000 ਭਾੜਾ ਮੰਗਿਆ। ਉਨ੍ਹਾਂ ਦਿਨਾਂ ਕਰੰਸੀ ਦੀ ਡਾਹਡੀ ਤੋਟ ਸੀ, ਪਰ ਪੁਰਾਣੇ ਨੋਟ ਵੀ ਅਜੇ ਬੈਂਕਾਂ ਵਿਚ ਜਮ੍ਹਾਂ ਕੀਤੇ ਜਾ ਸਕਦੇ ਹਨ। 40 ਕੁ ਕਿਲੋਮੀਟਰ ਲਮੇਂ ਸਫ਼ਰ ਵਿਚ ਨੌਜਵਾਨ ਹਿਮਾਚਲੀਏ ਨਾਲ ਗਲਬਾਤ ਹੁੰਦੀ ਰਹੀ, ਜੋ ਜ਼ਿਲਾ ਕਾਂਗੜਾ ਦੇ ਕਿਸੇ ਅਣਸੁਣੇ ਪਿੰਡ ਤੋਂ ਸੀ। ਆਪਣੇ ਧੰਦੇ ਵਿਚ ਨੋਟਬੰਦੀ ਕਾਰਨ ਆਈ ਚੋਖੀ ਮੰਦੀ ਦੇ ਬਾਵਜੂਦ ਉਹ ਪਰਧਾਨ ਮੰਤਰੀ ਦੇ ਇਸ ਸਾਹਸੀ ਕਦਮ ਤੋਂ ਬਹੁਤ ਪਰਭਾਵਤ ਸੀ ਜਿਸਨੇ ਅਮੀਰਾਂ ਦਾ ਕਚੂਮਰ ਕੱਢ ਛੱਡਿਆ ਸੀ।

ਉਨ੍ਹਾਂ ਦੇ ਇਲਾਕੇ ਦੇ ਇਕ ਸੁਨਿਆਰੇ ਕੋਲੋਂ  52 ਕਰੋੜ ਦੀ ਕਰੰਸੀ ਨਿਕਲੀ ਸੀ। ਉਹ ਮੈਨੂੰ ਦਸ ਰਿਹਾ ਸੀ ਕਿ ਹਰ ਥਾਂ ਤੋਂ ਅਜਿਹੇ ਕਾਲੇ ਧਨ ਦੇ ਬਾਹਰ ਆ ਜਾਣ ਤੋਂ ਬਾਅਦ ਪਰਧਾਨ ਮੰਤਰੀ ਨੇ ਇਸਨੂੰ ਆਮ ਲੋਕਾਂ ਵਿਚ ਵੰਡ ਦੇਣਾ ਹੈ । ਜਦੋਂ ਮੈਂ ਪੁਛਿਆ ਕਿ ਕਥਿਤ 52 ਕਰੋੜ ਨੂੰ ਛਾਪੇ ਰਾਹੀਂ ਫੜਿਆ ਗਿਆ ਹੈ ਜਾਂ ਸੁਨਿਆਰਾ  ਆਪ ਉਸਨੂੰ ਬੈਂਕ ਵਿਚ ਜਮ੍ਹਾਂ ਕਰਾਉਣ ਗਿਆ ਸੀ, ਤਾਂ ਉਸਦਾ ਜਵਾਬ ਸੀ ਕਿ ਇਹ ਖਬਰ  ਇਲਾਕੇ ਦੇ ਸਾਰੇ ਪਿੰਡਾਂ ਵਿਚ ਫੈਲੀ ਹੋਈ ਹੈ, ਪਰ ਪੈਸਾ ਬਾਹਰ ਕਿਵੇਂ ਆਇਆ ਜਾਂ ਉਹ ਸੁਨਿਆਰਾ ਹੈ ਕਿਹੜੇ ਪਿੰਡ ਦਾ, ਇਸ ਬਾਰੇ ਉਸਨੂੰ ਕੋਈ ਪੱਕਾ ਪਤਾ ਨਹੀਂ । ਪਰਧਾਨ ਮੰਤਰੀ ਵੱਲੋਂ ਗਰੀਬਾਂ ਵਿਚ ਪੈਸਾ (ਉਸ ਦੇ ਕਹਿਣ ਮੁਤਾਬਕ ਹਰ ਇਕ ਨੂੰ ਦਸ ਦਸ ਹਜ਼ਾਰ) ਵੰਡਣ ਦੇ ਫੈਸਲੇ ਦੀ ਗੱਲ ਵੀ ਉਸਨੇ ਏਸੇ ਤਰ੍ਹਾਂ ਸੱਥ ਵਿਚ ਸੁਣੀ ਸੀ । ਸਪਸ਼ਟ ਸੀ, ਅਜਿਹੀਆਂ "ਖਬਰਾਂ" ਨੂੰ ਵਿਉਂਤਬਧ ਢੰਗ ਨਾਲ ਫੈਲਾਇਆ ਜਾ ਰਿਹਾ ਸੀ। ਉਤੋਂ ਮੋਦੀ ਵੀ ਆਪਣੇ ਭਾਸ਼ਣਾਂ ਵਿਚ ਗੁਝੇ ਇਸ਼ਾਰਿਆਂ ਦੀਆਂ ਅਜਿਹੀਆਂ ਗਾਜਰਾਂ ਲਟਕਾ ਰਿਹਾ ਸੀ ਕਿ 'ਨੋਟਬੰਦੀ ਤਾਂ ਅਜੇ ਸ਼ੁਰੂਆਤ ਹੈ , ਮੈਂ ਭਾਰਤ ਦੀ ਗਰੀਬ ਜਨਤਾ ਲਈ ਹਾਲੇ ਕਈ ਹੋਰ ਕਦਮ ਚੁਕਣੇ ਹਨ"। ਅਤੇ ਨੋਟਬੰਦੀ ਦੀ ਮਾਰ ਸਹਿਣ ਦੇ ਬਾਵਜੂਦ  ਆਮ ਜਨਤਾ ਕਿਸੇ ਚੰਗੇਰੇ ਭਵਿਖ ਦੇ ਲਾਰਿਆਂ ਵਿਚ ਬੱਝੀ ਇਸ ਮੁਸੀਬਤ ਨੂੰ ਖਿੜੇ-ਮੱਥੇ ਕਬੂਲ ਕਰ ਰਹੀ ਜਾਪਦੀ ਸੀ।

ਇਸ ਫੇਰੀ ਤੋਂ ਹਫ਼ਤਾ ਕੁ ਬਾਅਦ, ਦਸੰਬਰ ਦੇ  ਦੂਜੇ ਸਾਤੇ ਮੈਂ ਤਾਮਿਲ ਨਾਡ ਵਿਚ ਸਾਂ । ਜੈਲਲਿਤਾ ਦੀ ਮੌਤ ਵੀ ਇਨ੍ਹੀ ਦਿਨੀਂ ਹੀ ਹੋਈ। ਸਾਰਾ ਖਿਤਾ ਉਸਦੀ ਮੌਤ ਦੇ ਸੋਗ ਅਤੇ ਇਸ ਤੋਂ ਪੈਦਾ ਹੋਏ ਰਾਜਨੀਤਕ ਖ਼ਲਾਅ ਨਾਲ ਸਿਝ ਰਿਹਾ ਸੀ। ਇਨ੍ਹਾਂ ਹੀ ਦਿਨਾਂ ਵਿਚ ਥਾਂ -ਥਾਂ ਤੋਂ ਕਰੋੜਾਂ ਦੀ ਨਵੀਂ /ਪੁਰਾਣੀ ਕਰੰਸੀ ਫੜੇ ਜਾਣ ਦੀਆਂ ਖਬਰਾਂ ਵੀ ਆਉਣ ਲਗ ਪਈਆਂ। ਹਿਮਾਚਲ ਵਾਲੇ ਸੁਨਿਆਰੇ ਦੇ ਕੋਲੋਂ ਮਿਲੇ 52 ਕਰੋੜ ਦੀ ਖਬਰ ਇਕ ਅਫ਼ਵਾਹ ਵਾਂਗ ਲੋਕਾਂ ਤਕ ਪੁਜੀ ਸੀ, ਪਰ ਹੁਣ ਸੈਆਂ ਕਰੋੜਾਂ ਦੇ ਫੜੇ ਜਾਣ ਦੀਆਂ ਖਬਰਾਂ ਅਖਬਾਰਾਂ ਵਿਚ ਵੀ ਛਪ ਰਹੀਆਂ ਸਨ। ਇਕ ਪਾਸੇ ਲੋਕੀ ਦੋ-ਦੋ ਹਜ਼ਾਰ ਕਢਾਉਣ ਲਈ ਬੈਂਕਾਂ ਅੱਗੇ ਕਤਾਰਾਂ ਲਾਈ ਖੜੇ ਸਨ, ਤੇ ਦੂਜੇ ਪਾਸੇ ਕਰੋੜਾਂ ਦੀ ਨਵੀਂ ਨਕਦੀ ਰੋਜ਼ ਬਰਾਮਦ ਹੋ ਰਹੀ ਸੀ। ਹੁਣ ਦੋ ਕਿਸਮ ਦੀਆਂ ਰਾਵਾਂ ਸੁਣਨ ਨੂੰ ਮਿਲ ਰਹੀਆਂ ਸਨ। ਬਹੁਤੇ ਲੋਕ ਬੈਂਕਾਂ ਵਾਲਿਆਂ ਦੇ ਖਿਲਾਫ਼ ਬੋਲਦੇ ਸਨ ਕਿ ਇਹ ਅੰਦਰ ਖਾਤੇ ਕਰੰਸੀ ਏਧਰ-ਓਧਰ ਕਰ ਰਹੇ ਹਨ । ਮੋਦੀ ਦੇ ਭਾਸ਼ਣਾਂ ਵਿਚ ਵੀ ਥਾਂ ਥਾਂ ਖੁਫ਼ੀਆ ਕੈਮਰਿਆਂ ਦੀ ਵਰਤੋਂ ਰਾਹੀਂ ਬੈਂਕਾਂ ਉਤੇ ਨਿਗਰਾਨੀ ਵਧਾਉਣ ਅਤੇ ਉਨ੍ਹਾਂ ਦੀਆਂ ਚੋਰੀਆਂ ਫੜਨ ਦੀਆਂ ਗੱਲਾਂ ਹੋਣ ਲਗ ਪਈਆਂ ਸਨ, ਜਿਸਤੋਂ ਲੋਕਾਂ ਨੂੰ ਲਗਣ ਲਗ ਪਿਆ ਸੀ ਪਰਧਾਨ ਮੰਤਰੀ ਤਾਂ ਕੁਝ ਕਰਨਾ ਚਾਹੁੰਦਾ ਹੈ ਪਰ ਬੈਂਕਾਂ ਵਾਲੇ  ਗੜਬੜ ਕਰ ਰਹੇ ਹਨ। ਪਰ ਇਸਦੇ ਬਾਵਜੂਦ ਤਾਮਿਲ ਨਾਡ ਵਿਚ ਇਕਾ-ਦੁਕਾ ਅਜਿਹੇ ਲੋਕ ਵੀ ਮਿਲੇ ਜੋ ਨੋਟਬੰਦੀ ਦੇ ਫੈਸਲੇ ਤੋਂ ਤਕਰੀਬਨ ਇਕ ਮਹੀਨਾ ਬਾਅਦ ਅਚਾਨਕ ਉਭਰ ਕੇ ਆਏ ਇਸ ਸਾਰੇ ਵਰਤਾਰੇ ਨੂੰ ਚੋਖੀ ਸ਼ੱਕੀ ਨਜ਼ਰ ਨਾਲ ਦੇਖਦੇ ਸਨ: " ਸਾਰੀ ਨਵੀਂ ਕਰੰਸੀ ਵੀ ਸਰਕਾਰ ਕੋਲ ਹੈ, ਅਤੇ ਪੁਰਾਣੀ ਵੀ ਉਸੇ ਨੇ ਜ਼ਬਤ ਕਰਨੀ ਹੈ। ਪਹਿਲੋਂ ਆਪਣੇ ਕੋਲ ਪਏ ਪੈਸੇ ਨੂੰ ਛਾਪੇ ਰਾਹੀਂ ਫੜਿਆ ਗਿਆ ਦਿਖਾ ਲਓ, ਅਤੇ ਫੇਰ ਉਸ ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਾ ਲਓ.. ਇਹ ਤਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ"। ਪਰ ਅਜਿਹਾ ਸ਼ਕ ਜਤਾਉਣ ਵਾਲੇ ਲੋਕ ਘਟ ਸਨ, ਬੈਂਕ ਕਰਮਚਾਰੀਆਂ  ਨੂੰ ਗਾਲ੍ਹਾਂ ਕੱਢਣ ਵਾਲੇ ਵਧ।

ਦਸੰਬਰ ਦੇ ਐਨ ਅੱਧ ਵਿਚ ਚੇਨਾਈ ਤੋਂ ਮੁੜਨ ਸਮੇਂ ਮੈਨੂੰ ਦਿਲੀ ਹਵਾਈ ਅੱਡੇ ਤੋਂ ਮੇਰੀ ਠਾਹਰ ਜੇ. ਐਨ.ਯੂ. ਤੀਕ ਪੁਚਾਉਣ  ਵਾਲਾ ਟੈਕਸੀ ਚਾਲਕ ਦਿਲੀ ਦਾ ਹਰਿਆਣਵੀ ਸੀ।  ਹਵਾਈ ਅੱਡੇ ਤੋਂ ਅਗਾਊਂ ਭੁਗਤਾਨ ਵਾਲੀ ਟੈਕਸੀ ਲੈਂਦਿਆਂ ਮੈਨੂੰ ਚੋਖੀ ਪਰੇਸ਼ਾਨੀ ਹੋਈ:  ਕਾਊਂਟਰ ਉਤੇ ਬੈਠੇ ਕਰਮਚਾਰੀ ਕੋਲ ਪਈ ਕਾਰਡ ਪੜ੍ਹਨ  ਵਾਲੀ ਮਸ਼ੀਨ ਕੰਮ ਨਹੀਂ ਸੀ ਕਰ ਰਹੀ, ਅਤੇ ਮੇਰਾ 2000 ਦਾ ਨੋਟ ਲੈਣ ਲਈ ਉਹ ਤਿਆਰ ਨਹੀਂ ਸੀ। ਜੇ. ਐਨ.ਯੂ. ਦਾ ਕਰਾਇਆ 300 ਰੁਪਏ ਬਣਦਾ ਸੀ ਪਰ ਮੇਰੇ ਕੋਲ ਸਿਰਫ 290 ਰੁਪਏ ਦੀ ਭਾਨ ਸੀ। ਮੈਨੂੰ ਉਸ ਕਰਮਚਾਰੀ ਨਾਲ ਬਹਿਸ ਕਰਕੇ ਸਮਾਂ ਜ਼ਾਇਆ ਕਰਦਿਆਂ ਦੇਖ ਹਾਰ ਕੇ ਲਾਈਨ ਵਿਚ ਮੇਰੇ ਪਿਛੇ ਖੜੇ ਆਦਮੀ ਨੇ ਮੈਨੂੰ ਦਸ ਰੁਪਏ ਦਾਨ ਕਰ ਦਿਤੇ। ਉਹ ਵੀ ਆਪਣੀ ਮੰਜ਼ਲ ਤੇ ਪਹੁੰਚਣ ਲਈ ਕਾਹਲਾ ਸੀ । ਇਸ ਸਾਰੇ ਘਟਨਾਕ੍ਰਮ ਤੋਂ ਖਿਝਿਆ ਮੈਂ ਟੈਕਸੀ ਚਾਲਕ ਨਾਲ ਨੋਟਬੰਦੀ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਗਲ ਛੁਹ ਬੈਠਾ। ਪਰ ਉਹ ਤਾਂ ਮੈਨੂੰ ਹੀ ਸਮਝਾਉਣ ਲਗ ਪਿਆ ਕਿ ਚਾਰ ਦਿਨ ਦੀ ਪਰੇਸ਼ਾਨੀ ਝਲ ਲਵੋਗੇ ਤਾਂ ਕੀ ਹੋ ਜਾਵੇਗਾ। ਮੋਦੀ ਨੇ ਆਕੇ ਕਾਲੇ ਧਨ ਉਤੇ ਹੱਲਾ ਬੋਲਿਆ ਹੈ; ਹੁਣ ਘਰਾਂ ਦੀਆਂ ਕੀਮਤਾਂ ਡਿੱਗਣ ਲਗ ਪੈਣਗੀਆਂ ਅਤੇ ਸਾਰੇ ਗਰੀਬ ਆਪਣੇ ਲਈ ਘਰ ਖਰੀਦ ਸਕਣਗੇ। ਜਦੋਂ ਮੈਂ ਆਪਣੀ ਸਮਝ ਮੁਤਾਬਕ ਉਸਦੀ ਇਹ ਗਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕੀਤੀ , ਤਾਂ ਉਸਦਾ ਜਵਾਬ ਸੀ, " ਸਾ੍ਹਬ, ਤੁਸੀ ਜੇ. ਐਨ.ਯੂ. ਜਾ ਰਹੇ ਹੋ ਨਾ, ਜਿਹੜਾ ਦੇਸ਼ਦ੍ਰੋਹੀਆਂ ਦਾ ਗੜ੍ਹ ਹੈ। ਤੁਹਾਡੇ ਨਾਲ ਕੀ ਬਹਿਸਣਾ.."। ਸਚਮੁਚ ਅਜਿਹੇ ਆਦਮੀ ਨਾਲ 20 ਮਿਨਟ ਦੇ ਸਫ਼ਰ ਵਿਚ ਮੈਂ ਵੀ ਕੀ ਬਹਿਸ ਲੈਣਾ ਸੀ, ਪਰ ਮੋਦੀ ਸਰਕਾਰ ਦੀ ਪਰਚਾਰ ਮਸ਼ੀਨ ਦੀ ਸਫ਼ਲਤਾ ਤੋਂ ਉਸ ਸਮੇਂ ਭੈਅ ਜ਼ਰੂਰ ਮਹਿਸੂਸ ਹੋਇਆ। ਕਨ੍ਹਈਆ ਕੁਮਾਰ ਬਾਰੇ ਪਰਚਾਰੇ ਗਏ ਝੂਠ ਤੋਂ ਲੈ ਕੇ ਨੋਟਬੰਦੀ ਰਾਹੀਂ ਗਰੀਬਾਂ ਲਈ ਸਸਤੇ ਘਰਾਂ ਦੇ ਭੁਲਾਵੇ ਤਕ, ਹਰ ਗਲ ਨੂੰ ਆਮ ਲੋਕ ਸਤਿ ਬਚਨ ਸਮਝ ਰਹੇ ਸਨ।
ਅਗਲੇ ਦਿਨ, ਦਿਲੀ ਤੋਂ ਜਲੰਧਰ ਰੇਲ ਰਾਹੀਂ ਸਫ਼ਰ ਕਰਦਿਆਂ ਮੇਰਾ ਹਮਸਫ਼ਰ ਇਕ ਗੁਜਰਾਤੀ ਚਾਰਟਰਡ ਅਕਾਊਂਟੈਂਟ ਨੌਜਵਾਨ ਸੀ ਜੋ ਆਸਟ੍ਰੇਲੀਆ ਰਹਿੰਦਾ ਹੈ ਅਤੇ ਲੁਧਿਆਣੇ ਆਪਣੇ ਪੰਜਾਬੀ ਸਹੁਰਿਆਂ ਨੂੰ ਮਿਲਣ ਜਾ ਰਿਹਾ ਸੀ।

ਵਿਕਸਤ ਦੇਸਾਂ ਵਿਚ ਰਹਿ ਰਹੇ, ਪਰ ਭਾਰਤ ਵਿਚ ਜਨਮੇ ਬਹੁਤੇ ਨੌਜਵਾਨਾਂ ਵਾਂਗ ਉਹ ਵੀ ਚੋਖਾ ਮੋਦੀ ਭਗਤ ਸੀ। ਪਰ ਆਰਥਕ ਮਾਮਲਿਆਂ ਦੀ ਸਮਝ ਹੋਣ ਕਾਰਨ ਅਵੀਆਂ-ਤਵੀਆਂ ਨਹੀਂ ਸੀ ਮਾਰ ਰਿਹਾ। ਉਸਨੇ ਮੰਨਿਆ ਕਿ ਨੋਟਬੰਦੀ ਨਾਲ ਬਹੁਤਾ ਨੁਕਸਾਨ ਆਮ ਲੋਕਾਂ ਦਾ ਹੋਇਆ ਹੈ, ਅਮੀਰਾਂ ਨੇ ਤਾਂ ਆਪਣੇ ਕਾਲੇ ਧਨ ਨੂੰ ਚਿਟਾ ਕਰਨ ਦੇ ਕਈ ਢੰਗ ਲਭੇ ਹੋਏ ਹਨ। ਉਸਦਾ ਇਹ ਵੀ ਮੰਨਣਾ ਸੀ ਕਿ ਸਿਰਫ਼ ਕਰੰਸੀ ਬਦਲਣ ਨਾਲ  ਭਾਰਤੀ ਅਰਥਚਾਰੇ ਵਿਚੋਂ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਖਾਰਜ ਨਹੀਂ ਹੋ ਜਾਣੇ, ਪਰ ਨਾਲ ਹੀ ਉਸਦਾ ਕਹਿਣਾ ਸੀ ਕਿ ਜਿੰਨਾ ਵੀ ਕਾਲਾ ਧਨ ਵਾਪਸ ਬੈਂਕਾਂ ਵਿਚ ਨਹੀਂ ਮੁੜੇਗਾ ਸਰਕਾਰ ਉਸਨੂੰ ਗਰੀਬਾਂ ਲਈ ਸਕੀਮਾਂ ਬਣਾ ਕੇ ਉਨ੍ਹਾਂ ਵਿਚ ਨਿਵੇਸ਼ ਕਰਨ ਲਈ ਵਰਤ ਸਕੇਗੀ। ( ਦਸੰਬਰ ਦੇ ਅਧ ਵਿਚ ਨਾ ਇਸ ਨੌਜਵਾਨ ਨੂੰ, ਤੇ ਨਾ ਹੀ ਮੈਂਨੂੰ ਪਤਾ ਸੀ ਕਿ ਮਹੀਨੇ ਦੇ ਅੰਤ ਤਕ ਤਕਰੀਬਨ ਸਾਰੇ ਦਾ ਸਾਰਾ ਧਨ ਹੀ ਵਾਪਸ ਬੈਂਕਾਂ ਵਿਚ ਮੁੜ ਆਵੇਗਾ। ਸੋ ਇਹ ਨਿਵੇਸ਼ ਵਾਲਾ ਢਕੋਂਸਲਾ ਵੀ ਫੁਸ  ਹੋ ਜਾਵੇਗਾ )।  ਉਨ੍ਹਾਂ ਹੀ ਦਿਨਾਂ ਵਿਚ ਗੁਜਰਾਤ ਦੇ ਕਿਸੇ ਮਹੇਸ਼ ਸ਼ਾਹ ਵੱਲੋਂ 12000 ਤੋਂ ਵਧ ਕਰੋੜ ਦੀ ਰਕਮ ਆਪਣੇ ਖਾਤੇ ਵਿਚ ਐਲਾਨਣ ਦੀ ਖਬਰ ਆਈ ਸੀ, ਜਿਸਨੇ ਦਸਿਆ ਸੀ ਕਿ ਛੇਤੀ ਹੀ ਉਹ ਇੰਕਸ਼ਾਫ਼ ਕਰੇਗਾ ਕਿ ਇਹ ਪੈਸਾ ਅਸਲ ਵਿਚ ਕਿਸਦਾ ਹੈ। ਪਰ ਫੇਰ ਉਹ ਗ਼ਾਇਬ ਹੀ ਹੋ ਗਿਆ: ਅਖਬਾਰੀ ਪੰਨਿਆਂ ਤੋਂ ਵੀ, ਅਤੇ ਲੋਕ ਮਨਾਂ ਤੋਂ ਵੀ । ਏਧਰੋਂ ਓਧਰੋਂ ਨਿਤ ਨਵੇਂ ਖਜ਼ਾਨਿਆਂ ਦੇ ਫੜੇ ਜਾਣ ਦੀਆਂ ਖਬਰਾਂ ਦੀ ਭਰਮਾਰ ਵਿਚ ਲੋਕ ਇਸ ਮਹੇਸ਼ ਸ਼ਾਹ ਨੂੰ ਭੁਲ-ਭੁਲਾ ਹੀ ਗਏ ਜਾਪਦੇ ਸਨ।  ਅਹਿਮਦਾਬਾਦ ਤੋਂ ਆ ਰਹੇ  ਇਸ ਗੁਜਰਾਤੀ ਨੌਜਵਾਨ ਨੂੰ  ਮੈਂ ਪੁਛਿਆ ਕਿ ਇਹ ਮਹੇਸ਼ ਸ਼ਾਹ ਹੈ ਕੌਣ ?

" ਸਾਰਾ ਗੁਜਰਾਤ ਜਾਣਦਾ ਹੈ ਕਿ ਇਹ ਪੈਸਾ ਦਰਅਸਲ ਅਮਿਤ ਸ਼ਾਹ ਦਾ ਹੈ। ਮੋਦੀ ਜੀ ਦੀ ਬਦਕਿਸਮਤੀ ਹੀ ਇਹ ਹੈ ਕਿ ਉਹ ਖੁਦ ਤਾਂ ਬਹੁਤ ਦਿਆਨਤਦਾਰ ਹਨ ਪਰ ਅਜਿਹੇ ਬੇਈਮਾਨ ਲੋਕਾਂ ਨਾਲ ਘਿਰੇ ਹੋਏ ਹਨ। ਜੇ ਉਨ੍ਹਾਂ ਦਾ ਵਸ ਚਲੇ ਤਾਂ ਉਹ ਦੇਸ ਲਈ ਬਹੁਤ ਕੁਝ ਕਰਨਾ ਚਾਹੁਣਗੇ.. "। ਮੋਦੀ ਜੀ ਦੀ ਬੇਵਸੀ ਦੀ ਇਹ ਨਵੀਂ ਧਾਰਨਾ ਮੇਰੇ ਵਰਗੇ ਮੋਦੀ-ਸ਼ੰਕਾਲੂ ਲਈ ਏਨੀ ਹਾਸੋ-ਹੀਣੀ ਸੀ ਕਿ ਮੈਂ ਇਸ ਬਾਰੇ ਗਲ ਅਗਾਂਹ ਤੋਰਨੀ ਵੀ ਮੁਨਾਸਬ ਨਾ ਸਮਝੀ। ਪਰ ਇਹ ਗਿਆਨ ਜ਼ਰੂਰ ਹੋਇਆ ਕਿ ਮੋਦੀ ਜੀ ਦੀ ਰਖਿਆ ਲਈ ਉਨ੍ਹਾਂ ਦੇ ਰਾਖਿਆਂ ਨੇ ਕਿੰਨੀ ਕਿਸਮ ਦੇ ਕਵਚ, ਅਤੇ ਕਿੰਨੀਆਂ ਸੁਰੱਖਿਆ-ਰੇਖਾਵਾਂ  ਤਿਆਰ ਕੀਤੀਆਂ ਹੋਈਆਂ ਹਨ। ਕਿਹੋ ਜਿਹੇ ਭਰਮ ਜਾਲ ਬੁਣੇ ਅਤੇ ਫੈਲਾਏ ਹੋਏ ਹਨ।

ਦਸੰਬਰ ਦੇ ਆਖਰੀ ਦਿਨ ਮੈਨੂੰ ਮਹਾਰਾਸ਼ਟਰ ਲੈ ਗਏ। ਬੰਬਈ ਤੋਂ ਸੌ ਕੁ ਕਿਲੋਮੀਟਰ ਦੱਖਣ ਵਿਚ ਮੈਂ ਪਰਹੂਰ ਨਾਂਅ ਦੇ ਇਕ ਪਿੰਡ ਵਿਚ ਠਹਿਰਿਆ ਹੋਇਆ ਸਾਂ। ਏਥੇ ਸਾਡਾ ਸਥਾਨਕ ਗਾਈਡ ਜਮ੍ਹਾਂ ਸੇਵਾਦਾਰ ਪ੍ਰਮੋਦ ਪਾਟਿਲ ਨਾਂਅ ਦਾ ਇਕ ਕਿਸਾਨ ਸੀ ਜਿਸਨੂੰ ਮੈਂ ਪਹਿਲੀ ਵਾਰ ਨਹੀਂ ਸਾਂ ਮਿਲ ਰਿਹਾ। ਮਹਾਰਾਸ਼ਟਰ ਦੀ ਦਰਮਿਆਨੀ ਕਿਸਾਨੀ ਦਾ ਨੁਮਾਇੰਦਾ ਪ੍ਰਮੋਦ ਵੀ ਨੋਟਬੰਦੀ ਤੋਂ ਬਹੁਤ ਖੁਸ਼ ਸੀ। ਉਸਦਾ ਕਹਿਣਾ ਸੀ ਕਿ ਨੋਟਬੰਦੀ ਨਾਲ ਕੁਝ ਸਮੱਸਿਆਵਾਂ ਜ਼ਰੂਰ ਪੈਦਾ ਹੋਈਆਂ ਹਨ, ਪਰ ਲੰਮੇ ਸਮੇਂ ਵਿਚ ਇਸ ਨਾਲ ਆਮ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ। ਮੋਦੀ ਦੇ ਮਿਆਦੀ 50 ਦਿਨ ਮੁਕਣ ਵਾਲੇ ਸਨ, ਪਰ ਪ੍ਰਮੋਦ ਪਾਟਿਲ ਵਰਗਿਆਂ ਨੇ ਆਸ ਦੀ ਤੰਦ ਅਜੇ ਵੀ ਘੁਟ ਕੇ ਫੜੀ ਹੋਈ ਸੀ। ਉਤੋਂ ਸਿਤਮ ਇਹ ਕਿ ਉਨ੍ਹੀ ਹੀ ਦਿਨੀ ਮੋਦੀ ਜੀ ਬੰਬਈ ਆਣ ਕੇ ਇਹ ਐਲਾਨ ਕਰ ਗਏ ਸਨ ਕਿ ਉਨ੍ਹਾਂ ਦੀ ਸਰਕਾਰ 3600 ਕਰੋੜ ਰੁਪਿਆ ਖਰਚ ਕੇ ਸਮੁੰਦਰ ਵਿਚ ਇਕ ਟਾਪੂ ਉਤੇ ਸ਼ਿਵਾਜੀ ਮਹਾਰਾਜ ਦੀ ਵੱਡੀ ਮੂਰਤੀ ਉਸਾਰੇਗੀ ਜੋ ਨਿਊ ਯਾਰਕ ਦੇ ' ਸੁਤੰਤਰਤਾ ਦੇਵੀ ਸਮਾਰਕ' ਤੋਂ ਵੀ ਦੋ ਗੁਣਾ ਉਚੀ ਹੋਵੇਗੀ ਤਾਂ ਜੋ ਸਾਰੀ ਦੁਨੀਆ ਨੂੰ ਪਤਾ ਲਗੇ ਕਿ ਸ਼ਿਵਾਜੀ ਮਹਾਰਾਜ ਕੌਣ ਸਨ, ਅਤੇ ਉਨ੍ਹਾਂ ਦੇ ਇਸ ਕਦਮ ਰਾਹੀਂ ਮਰਾਠਿਆਂ ਦਾ ਡੰਕਾ ਸਾਰੀ ਦੁਨੀਆ ਵਿਚ ਵਜੇਗਾ। ਜਿਹੜਾ ਕੰਮ ਕਦੇ ਸ਼ਿਵ ਸੇਨਾ ਦੀ ਸਰਕਾਰ ਨੂੰ ਨਾ ਸੁਝਿਆ , ਉਸਦੀ ਵਿਉਂਤਬੰਦੀ ਐਲਾਨਣ ਵਾਲੇ  ਮੋਦੀ ਜੀ ਨਾਲ ਪ੍ਰਮੋਦ ਪਾਟਿਲ ਏਨਾ ਖੁਸ਼ ਸੀ ਕਿ ਉਨ੍ਹਾਂ ਦੇ ਗੁਣ ਗਾਉਂਦਾ ਨਹੀਂ ਸੀ ਥੱਕਦਾ। ਮੈਨੂੰ ਜਾਪਿਆ ਕਿ 3600 ਕਰੋੜ ਰੁਪਏ ਜ਼ਾਇਆ ਕਰਕੇ ਇਕ ਮੂਰਤੀ ਉਸਾਰਨ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਉਸ ਸਮੇਂ ਮੂਰਖਤਾ ਹੀ ਹੋਵੇਗੀ ; ਪ੍ਰਮੋਦ ਪਾਟਿਲ ਨਾਲ ਕਿਸੇ ਅਗਲੇਰੀ ਫੇਰੀ ਬਹਿਸ ਕਰ ਲਵਾਂਗਾ ਜਦੋਂ ਤੀਕ ਨੋਟਬੰਦੀ ਦੇ ਅਸਲੀ ਨਫ਼ੇ-ਨੁਕਸਾਨ ਦੀ ਤਸਵੀਰ ਸ਼ਾਇਦ ਉਸਨੂੰ ਵੀ ਸਪਸ਼ਟ ਹੋ ਚੁਕੀ ਹੋਵੇਗੀ।

ਆਪਣੇ ਦੇਸ ਦੇ ਵੱਖੋ-ਵਖ ਸੂਬੇ ਗਾਹ ਕੇ, ਅਤੇ ਭਾਂਤ-ਭਾਂਤ ਦੇ ਲੋਕਾਂ ਨੂੰ ਮਿਲ ਕੇ ਇਹ ਅਹਿਸਾਸ ਹੋਰ ਤਿਖੇਰਾ ਹੋਇਆ ਹੋਇਆ ਹੈ ਕਿ ਅਜੋਕੀ ਸਰਕਾਰ ਦੀ ਪਰਚਾਰ ਮਸ਼ੀਨਰੀ, ਉਸਦੇ ਢੰਗ ਤਰੀਕੇ ਬਹੁਤ ਕਾਰਗਰ ਹਨ, ਅਤੇ ਏਸੇ ਲਈ ਬਹੁਤ ਜ਼ਿਆਦਾ ਖਤਰਨਾਕ ਵੀ।  ਆਪੋ ਆਪਣੇ ਘਰਾਂ-ਦਫ਼ਤਰਾਂ ਵਿਚ ਬੈਠਿਆਂ ਜਾਂ ਆਪਣੇ ਵਰਗੇ , ਆਪਣੇ ਹੀ ਵਰਗ/ਵਿਚਾਰਧਾਰਾ  ਦੇ ਲੋਕਾਂ ਨਾਲ  ਮਿਲਦਿਆਂ ਰਹਿਣ ਕਾਰਨ ਅਸੀ ਕੁਝ ਅਵੇਸਲੇ ਹੁੰਦੇ ਜਾ ਰਹੇ ਹਾਂ। ਸਾਨੂੰ ਸਮਝ ਨਹੀਂ ਪੈ ਰਹੀ ਕਿ ਇਸ ਸਰਕਾਰ ਦੀ ਇਸ ਪਰਚਾਰ-ਹਨੇਰੀ ਨਾਲ ਸਿਝਣਾ ਕਿਵੇਂ ਹੈ, ਜੋ ਨਿਤ ਨਵੇਂ ਸ਼ੋਸ਼ੇ ਛੇੜ ਲੈਂਦੀ ਹੈ, ਰੋਜ਼ ਨਵੀਂਆਂ ਕਥਾਵਾਂ ਘੜਨ ਵਿਚ ਮਾਹਰ ਹੈ । ਇਹ ਸਰਕਾਰ ਸੰਘ ਦੀਆਂ ਸ਼ਾਖਾਵਾਂ ਰਾਹੀਂ ਜ਼ੁਬਾਨੀ ਪਰਚਾਰ ਤੋਂ ਲੈ ਕੇ , ਸੋਸ਼ਲ ਮੀਡੀਆ ਉਤੇ ਦੁਸ਼-ਪਰਚਾਰ ਅਤੇ ਅਖਬਾਰੀ ਇਸ਼ਤਿਹਾਰੀ ਹਥਕੰਡਿਆਂ ਰਾਹੀਂ ਜਿਵੇਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਉਸ ਦਾ ਪਰਦਾ ਫ਼ਾਸ਼ ਕਰਨ ਲਈ ਬਾਕੀ ਧਿਰਾਂ ਨੂੰ ਲਗਾਤਾਰ ਲੋਕਾਂ ਵਿਚ ਕੰਮ ਕਰਨ , ਉਨ੍ਹਾਂ ਨਾਲ ਜੁੜੇ ਰਹਿਣ ਦੀ ਲੋੜ ਹੈ। ਅਗਲੇ ਮਹੀਨਿਆਂ ਵਿਚ ਜਿਉਂ ਜਿਉਂ ਨੋਟਬੰਦੀ ਕਾਰਨ ਪੈਦਾ ਹੋਈ ਆਰਥਕ ਮੰਦਹਾਲੀ ਸਪਸ਼ਟ ਹੋਣੀ ਸ਼ੁਰੂ ਹੋਵੇਗੀ ਅਤੇ ਲੋਕਾਂ ਵਿਚ ਬੈਚੈਨੀ ਵਧੇਗੀ , ਤਿਉਂ ਤਿਉਂ ਸਰਕਾਰੀ ਪਰਚਾਰ ਮਸ਼ੀਨਰੀ ਵੀ ਨਵੇਂ ਤੋਂ ਨਵੇਂ ਖਤਰਿਆਂ ਦੀਆਂ ਬਾਤਾਂ ਵਧਾ -ਚੜ੍ਹਾ ਕੇ ਪੇਸ਼ ਕਰੇਗੀ। ਵਧ ਤੋਂ ਵਧ ਸਖਤੀ ਲਾਗੂ ਕਰਨ ਦੇ ਬਹਾਨੇ ਪੈਦਾ ਕਰੇਗੀ। ਇਸ ਲਈ ਇਹ ਬਿਲਕੁਲ ਨਾ ਸੋਚੀਏ ਕਿ ਆਰਥਕ ਮੰਦਹਾਲੀ ਦੇ ਮਾਰੇ ਲੋਕ ਆਪਣੇ ਆਪ ਇਸ ਸਰਕਾਰ ਤੋਂ ਆਵਾਜ਼ਾਰ ਹੋ ਜਾਣਗੇ। ਅਜੋਕੀ ਸਰਕਾਰ ਲੋੜ ਪੈਣ ਤੇ ਨਵੇਂ ਕਥਾਨਕ ਸਿਰਜ ਕੇੇ ਜਨਤਾ ਦਾ ਧਿਆਨ ਹੋਰਥੇ ਲਿਜਾਣ ਵਿਚ ਮਾਹਰ ਹੈ, ਅਤੇ ਉਸਦੀ ਇਸ ਤਾਕਤ , ਲੋਕ ਮਨਾਂ ਉਤੇ ਇਹੋ ਜਿਹੀ  ਮਜ਼ਬੂਤ ਪਕੜ ਨੂੰ ਨਜ਼ਰ-ਅੰਦਾਜ਼ ਕਰਨਾ , ਜਾਂ ਘਟਾ ਕੇ ਦੇਖਣਾ ਇਸ ਸਮੇਂ ਦੀ ਸਭ ਤੋਂ ਵੱਡੀ ਗ਼ਲਤੀ ਹੋਵੇਗੀ ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ