Wed, 04 December 2024
Your Visitor Number :-   7275498
SuhisaverSuhisaver Suhisaver

ਭਾਰਤ ਅੰਦਰ ਕੁਖ ਕਿਰਾਏ ’ਤੇ ਮਿਲਣ ਦਾ ਕੌੜਾ ਸੱਚ - ਹਰਜਿੰਦਰ ਸਿੰਘ ਗੁਲਪੁਰ

Posted on:- 04-01-2015

suhisaver

ਸਾਡੇ ਦੇਸ਼ ਵਿਚ ਲੋਕ ਭਲਾਈ ਹਿਤ ਹੋਈਆਂ ਮੈਡੀਕਲ ਖੋਜਾਂ ਨੂੰ ਇਸ ਪੇਸ਼ੇ ਨਾਲ ਸਬੰਧਿਤ ਲੋਕਾਂ ਵਲੋਂ ਨੈਤਿਕਤਾ ਨੂੰ ਦਰ ਕਿਨਾਰ ਕਰਕੇ ਧੰਨ ਕਮਾਉਣ ਲਈ ਬੇ ਖੌਫ਼ ਵਰਤਿਆ ਜਾ ਰਿਹਾ ਹੈ । ਜਿਥੇ ਲਾਲਚ ਵਸ ਅੰਦਰੂਨੀ ਬਿਮਾਰੀਆਂ ਦਾ ਪਤਾ ਲਗਾਉਣ ਵਾਲੀ ਤਕਨੀਕ ਅਲਟਰਾ ਸਾਉਂਡ ਦਾ ਦੁਰ ਉਪਯੋਗ ਕਰਦਿਆਂ ਕੰਨਿਆ ਭਰੂਣ ਹਤਿਆਵਾਂ ਨੂੰ ਦੇਸ਼ ਦੇ ਵਖ ਵਖ ਹਿੱਸਿਆਂ ਵਿਚ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ, ਉਥੇ ਕੁਝ ਵਰਿਆਂ ਤੋਂ ਨਿਰਸੰਤਾਨ ਜੋੜਿਆਂ ਦਾ ਸੰਤਾਨ ਪ੍ਰਾਪਤੀ ਦੇ ਸਬਜ ਬਾਗ ਦਿਖਾ ਕੇ ਸਰੀਰਕ ,ਮਾਨਸਿਕ ਅਤੇ ਆਰਥਿਕ ਸੋਸ਼ਣ ਕਰਨ ਦਾ ਧੰਦਾ ਦੇਸ਼ ਅੰਦਰ ਇਸ ਸਮੇਂ ਆਪਣੀ ਚਰਮ ਸੀਮਾ 'ਤੇ ਪਹੁੰਚਿਆ  ਹੋਇਆ ਹੈ। ਕਿਸੇ ਸਰੀਰਕ ਨੁਕਸ ਕਾਰਨ ਔਰਤ ਮਰਦ ਅੰਦਰ ਪੈਦਾ ਹੋਏ ਬਾਂਝਪਨ ਦੇ ਅੜਿੱਕੇ ਨੂੰ ਦੂਰ ਕਰਨ ਵਾਲੀ ਤਕਨੀਕ ਨੂੰ ਆਈ ਵੀ ਐਫ (ਇਨ ਵਿਟਰੋ ਫਰਟੇਲਾਈਜੇਸ਼ਨ)ਕਿਹਾ ਜਾਂਦਾ ਹੈ। ਭਾਵੇਂ ਇਸ ਅਤਿ ਆਧੁਨਿਕ ਤਕਨੀਕ ਨੂੰ ਵਿਕਸਤ ਕਰਕੇ ਬਜ਼ਾਰ ਵਿਚ ਉਤਾਰਨ ਪਿਛੇ ਸੰਤਾਨ ਹੀਣ ਜੋੜਿਆਂ ਦੀ ਬਚਾ ਹਾਸਲ ਕਰਨ ਦੀ ਕੁਦਰਤੀ ਖਾਹਸ਼ ਨੂੰ ਪੂਰਾ ਕਰਨ ਦਾ ਨੇਕ ਖਿਆਲ ਕੰਮ ਕਰਦਾ ਹੈ ਪ੍ਰੰਤੂ ਪੂੰਜੀਵਾਦੀ ਨਿਜਾਮ ਨੇ ਜਿਸ ਤਰਾਂ ਸਮਾਜਿਕ ਕਦਰਾਂ ਕੀਮਤਾਂ ਨੂੰ ਮਹਿਜ ਮੰਡੀ ਦੀਆਂ ਜਿਣਸਾਂ ਵਿਚ ਤਬਦੀਲ ਕਰ ਦਿੱਤਾ ਹੈ ਉਥੇ ਨੇਕ ਖਿਆਲਾਂ ਲਈ ਕੋਈ ਥਾਂ ਨਹੀਂ ਬਚੀ।

ਭਾਵੇਂ ਡਾਕਟਰੀ ਪੇਸ਼ੇ ਅੰਦਰ ਈਮਾਨ ਵਾਲਿਆਂ ਦੀ ਕਮੀ ਨਹੀਂ ਪਰ ਇਸ ਲੇਖ ਵਿਚ ਮਾਪਿਆਂ ਦੀ ਮਮਤਾ ਨਾਲ ਖਿਲਵਾੜ ਕਰਨ ਵਾਲੇ ਉਸ ਹਿੱਸੇ ਦਾ ਵਰਨਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦਾ ਈਮਾਨ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ।ਜਿਸ ਤਰਾਂ ਸੰਤਾਨ ਪ੍ਰਾਪਤੀ ਦੇ ਇਛਕ ਹੁੰਦੇ ਹਨ ਉਸੇ ਤਰਾਂ ਐੱਗ ਡੋਨੇਟ ਕਰਨ ਵਾਲੀ ਇੱਕ ਧਿਰ ਹੁੰਦੀ।ਵਿਗਿਆਨ ਅਨੁਸਾਰ ਔਰਤ ਅੰਦਰ ਹਰ ਮਹੀਨੇ ਹਜ਼ਾਰਾਂ ਅੰਡੇ ਵਿਕਸਤ ਹੁੰਦੇ ਹਨ ਜੋ ਗਰਭ ਧਾਰਨ ਕਰਨ ਲਈ ਜ਼ਰੂਰੀ ਹਨ। ਗਰਭ ਨਾ ਧਾਰ ਸਕਣ ਦੀ ਸੂਰਤ ਵਿਚ ਇਹ ਅੰਡੇ ਬੇਕਾਰ ਹੋ ਜਾਂਦੇ ਹਨ। ਅੰਡਾ ਬੈੰਕ ਵਾਲੇ ਇਸ ਤਰਾਂ ਦੀਆਂ ਗੱਲਾਂ ਨਾਲ ਨਿਗੂਣੀ ਜਿਹੀ ਰਕਮ ਦਾ ਲਾਲਚ ਦੇਕੇ ਆਰਥਿਕ ਪਖੋਂ ਕੰਮਜੋਰ ਅਤੇ ਮਜਬੂਰ ਔਰਤਾਂ ਨੂੰ ਫੁਸਲਾ ਲੈਂਦੇ ਹਨ।

ਇਹ ਔਰਤਾਂ ਬਿਨਾਂ ਕਿਸੇ ਸਰੀਰਕ ਜਾਂਚ ਦੇ ਐੱਗ ਡੋਨੇਟ ਕਰਨ ਲਈ ਤਿਆਰ ਹੋ ਜਾਂਦੀਆਂ ਹਨ ਅਤੇ ਇਸ ਗੈਰ ਕੁਦਰਤੀ ਵਰਤਾਰੇ ਦੇ ਫਲਸਰੂਪ ਬਹੁਤ ਸਾਰੀਆਂ ਜਾਨ ਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਚਲਣ ਨੂੰ ਜੇਕਰ ਕੁਖ ਦੀ ਲੁੱਟ ਕਹਿ ਲਿਆ ਜਾਵੇ ਤਾਂ ਕੋਈ ਅਤ ਕਥਨੀ ਨਹੀਂ ਹੈ। ਦੂਜੇ ਪਾਸੇ ਵੱਡੀ ਕੀਮਤ ਤਾਰ ਕੇ ਅੰਡਾ ਪ੍ਰਾਪਤ ਕਰਨ ਵਾਲੀ ਧਿਰ ਦੇ ਪੱਲੇ ਅਕਸਰ ਨਮੋਸ਼ੀ ਹੀ ਪੈਂਦੀ ਹੈ ਕਿਓਂ ਕਿ ਕਲੀਨਕਾਂ ਵਲੋਂ ਜਿਸ ਤਰਾਂ ਦੇ ਦਾਅਵੇ ਅਤੇ ਵਾਅਦੇ ਕਰਕੇ ਉਹਨਾਂ ਤੋਂ ਲਖਾਂ ਰੁਪੇ ਬਟੋਰੇ ਜਾਂਦੇ ਹਨ ਉਹਨਾਂ ਅਨੁਸਾਰ ਨਤੀਜੇ ਨਹੀਂ ਨਿਕਲਦੇ ।ਬਹੁ ਗਿਣਤੀ ਵਲੋਂ ਕਿਲਕਾਰੀਆਂ ਸੁਣਨ ਦੇ ਲਏ  ਸਪਨੇ ਟੁੱਟ ਜਾਂਦੇ ਹਨ ।ਗੈਰ ਕਨੂੰਨੀ ਢੰਗ ਨਾਲ ਚਲਣ ਵਾਲਾ ਆਈ ਵੀ ਐਫ ਦਾ ਇਹ ਧੰਦਾ ਬੜੀ ਤੇਜੀ ਨਾਲ ਦੇਸ਼ ਅੰਦਰ ਆਪਣੇ ਪੈਰ ਪਸਾਰ ਰਿਹਾ ਹੈ। ਗੈਰ ਕਨੂੰਨੀ ਸੇਰੋਗੇਸੀ ਦੇ ਵਿਓਪਾਰ ਨੂੰ ਬੜਾਵਾ ਦੇਣ ਕਾਰਨ ਇਸ ਧੰਦੇ ਨੂੰ ਅਨੈਤਿਕ ਵੀ ਕਿਹਾ ਜਾਂਦਾ ਹੈ।ਸੰਨ 2012 ਦੌਰਾਨ ਸੰਯੁਕਤ ਰਾਸ਼ਟਰ ਦੀ ਇੱਕ ਟੀਮ ਨੇ ਇੱਕ ਸਰਵੇਖਣ ਕੀਤਾ ਸੀ ,ਜਿਸ ਦੇ ਅਨੁਸਾਰ ਭਾਰਤ ਅੰਦਰ ਇਸ ਧੰਦੇ ਨਾਲ ਸਬੰਧਿਤ ਬਜਾਰ 40 ਕਰੋੜ ਡਾਲਰ ਦਾ ਸੀ।ਇਸ ਨੈੱਟਵਰਕ ਵਿਚ ਹੇਠਲੇ ਪਧਰ ਤੋਂ ਲੈ ਕੇ ਉਪਰਲੇ ਪਧਰ ਤੱਕ ਦੇ ਲੋਕ ਜੁੜੇ ਹੋਏ ਹਨ , ਜਿਸ ਕਰਕੇ ਇਹ ਧੰਦਾ ਬੇਰੋਕ ਟੋਕ ਵਧਦਾ ਜਾ ਰਿਹਾ ਹੈ।

2008  ਦੌਰਾਨ ਉਚ ਅਦਾਲਤ ਨੇ ਟਿਪਣੀ ਕੀਤੀ ਸੀ ਕਿ ਕਮਰਸ਼ੀਅਲ ਸੇਰੋਗੇਟੀ ਨੇ ਇੱਕ ਵਿਉਪਾਰ ਦਾ ਰੂਪ ਧਾਰਨ ਕਰ ਲਿਆ ਹੈ ਕਿਓਂ ਕਿ ਅਮੀਰ ਪਰਿਵਾਰ ਆਪਣੇ ਘਰਾਂ ਵਿਚ ਬਚਿਆਂ ਦੀ ਆਮਦ ਚਾਹੁੰਦੇ ਹਨ ਜਦੋਂ ਕਿ ਗਰੀਬ ਔਰਤਾਂ ਕੁਝ ਪੈਸਿਆਂ ਦੀ ਖਾਤਰ ਆਪਣੀ ਕੁਖ ਕਿਰਾਏ ਉਤੇ ਦੇਣਾ ਚਾਹੁੰਦੀਆਂ ਹਨ।ਅਦਾਲਤ ਦੀ ਇਸ ਟਿਪਣੀ ਅਤੇ ਇਸ ਦੇ ਹੱਕ ਅਤੇ ਵਿਰੋਧ ਵਿਚ ਉਠ ਰਹੀਆਂ ਅਵਾਜਾਂ ਦੀ ਰੌਸ਼ਨੀ ਵਿਚ ਇਸੇ ਵਰੇ ਤੋਂ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਸਿਸਟੇਡ ਰੀ ਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਬਿਲ ਲਿਆਉਣ ਲਈ ਯਤਨਸ਼ੀਲ ਹੈ, ਪਰ ਬਹੁਤ ਸਾਰੀਆਂ ਤਕਨੀਕੀ ਉਲਝਣਾਂ ਦੇ ਕਾਰਨ ਅਜੇ ਤੱਕ ਇਹ ਬਿਲ ਸੰਸਦ ਵਿਚ ਪੇਸ਼ ਨਹੀਂ ਕੀਤਾ ਜਾ ਸਕਿਆ।ਇਸ ਦਾ ਮਕਸਦ ਇਸ ਧੰਦੇ ਨੂੰ ਸਰਕਾਰੀ ਨਿਯਮਾਂ ਅਧੀਨ ਲਿਆਉਣਾ ਦੱਸਿਆ ਜਾਂਦਾ ਹੈ। 2008 ਵਿਚ ਇਸ ਬਿਲ ਦੇ ਤਿਆਰ ਕੀਤੇ ਮਸੌਦੇ ਦਾ ਵਿਸਲੇਸ਼ਣ ਕਰਦਿਆਂ ਅਠਾਹਰਵੇਂ ਵਿਧੀ ਅਯੋਗ ਨੇ ਕਿਹਾ ਸੀ ਕਿ,"ਭਾਰਤੀ ਕੁਖ ਕਿਰਾਏ ਤੇ ਹੈ ,ਜੋ ਵਿਦੇਸ਼ੀਆਂ ਲਈ ਬਚੇ ਪੈਦਾ ਕਰ ਰਹੀ ਹੈ ਅਤੇ ਭਾਰਤੀ ਸੇਰੋਗੇਟ ਮਾਤਾਵਾਂ ਲਈ ਡਾਲਰ।ਅਯੋਗ ਨੇ ਇਸ ਤਕਨੀਕ ਨੂੰ ਵਿਉਪਾਰਕ ਉਦੇਸ਼ ਲਈ ਵਰਤਣ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਕਿਸੀ ਵੀ ਤਕਨੀਕ ਅਤੇ ਉਪਚਾਰ ਪ੍ਰੀਕਿਰਿਆ ਦੀ ਤਰਾਂ ਆਈ ਵੀ ਐਫ ਨੂੰ ਵੀ ਨਿਰ ਸੰਤਾਨ ਜੋੜਿਆਂ ਵਾਸਤੇ ਇੱਕ ਵਰਦਾਨ ਦੀ ਤਰਾਂ ਮੰਨਿਆ ਜਾਂਦਾ ਹੈ।ਲੇਕਿਨ ਇਸ ਉਦਯੋਗ ਅੰਦਰ ਚੱਲ ਰਹੇ ਨਜਾਇਜ ਢੰਗ ਤਰੀਕਿਆਂ ਦੀ ਵਜਾਹ ਨਾਲ ਹਜਾਰਾਂ ਨਿਰਦੋਸ਼ ਜਾਨਾਂ ਐੱਗ ਡੋਨਰ ਸਵਾਸਥ  ਨਾਲ ਜੁੜੇ ਗੰਭੀਰ ਦੋਸ਼ਾਂ ਸਦਕਾ ਖਤਰੇ ਵਿਚ ਪੈ ਰਹੀਆਂ ਹਨ।ਮਹਾਂ ਨਗਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ ਆਈ ਵੀ ਐਫ ਕਲੀਨਕਾਂ ਦੇ ਹੋਰਡਿੰਗਜ ਲਟਕੇ ਦੇਖੇ ਜਾ ਸਕਦੇ ਹਨ ਪ੍ਰੰਤੂ ਇਸ ਦੇ ਬਾਵਯੂਦ ਆਈ ਵੀ ਐਫ ਪ੍ਰੀਕਿਰਿਆ ਸਬੰਧੀ ਲੋਕਾਂ ਦੀ ਸਮਝ ਵਿਕਸਤ ਨਹੀਂ ਹੋ ਸਕੀ।ਔਰਤਾਂ ਅਤੇ ਸਵਾਸਥ ਨਾਲ ਸਬੰਧਿਤ ਮਾਮਲਿਆਂ ਉੱਤੇ ਕੰਮ ਕਰਨ ਵਾਲੀ ਸੰਸਥਾ "ਸਮਾ"ਬ ਦੇ ਅੰਕੜਿਆਂ ਦੇ ਮੁਤਾਬਿਕ ਬਹੁਤ ਘੱਟ ਸਮੇਂ ਵਿਚ ਆਈ ਵੀ ਐਫ ਕਲੀਨਕਾਂ ਦੀ ਸੰਖਿਆ 500ਤੋ ਵਧ ਕੇ 2500ਤੱਕ ਪਹੁੰਚ ਗਈ ਹੈ। ਇਹਨਾਂ ਦੀ ਸੰਖਿਆ ਵਿਚ ਹੋਇਆ ਤੇਜੀ ਨਾਲ ਵਾਧਾ ਸਮਸਿਆਵਾਂ ਦਾ ਸਮਾਧਾਨ ਕਰਨ ਦੀ ਥਾਂ ਇਹਨਾਂ ਨੂੰ ਹੋਰ ਗੁੰਝਲਦਾਰ ਬਣਾ ਰਿਹਾ ਹੈ।ਇਸ ਸੋਸ਼ਣ ਦੇ ਮੁਖ ਸੂਤਰਧਾਰ ਉਹ ਡਾਕਟਰ ਹਨ ਜੋ ਬਾਂਝਪਨ ਦਾ ਇਲਾਜ ਕਰਨ ਦੇ ਨਾਮ ਹੇਠ ਇਸ ਧੰਦੇ ਨੂੰ ਅੰਜਾਮ ਦੇ ਰਹੇ ਹਨ। ਇਸ ਧੰਦੇ ਦਾ ਉਦੇਸ਼ ਭਾਵੇਂ ਕਿੰਨਾ ਵੀ ਪਵਿੱਤਰ ਹੋਵੇ ਪਰ ਇਸ ਉੱਤੇ ਆਪਵਿਤਰਤਾ ਦੇ ਛਿੱਟੇ ਪੈ ਰਹੇ ਹਨ ।ਇਸ ਧੰਦੇ ਪ੍ਰਤੀ ਖਿਚ ਦਾ ਅੰਦਾਜਾ ਇਸ ਨੁਕਤੇ ਤੋਂ ਲਗਾਇਆ ਜਾ ਸਕਦਾ ਹੈ ਕਿ ਅਨੇਕਾਂ ਇਸਤਰੀ ਰੋਗਾਂ ਦੇ ਮਾਹਿਰ ਆਈ ਵੀ ਐਫ ਦਾ ਡਿਪਲੋਮਾ ਕਰਕੇ ਇਸ ਧੰਦੇ ਵਿਚ ਛਾਲ ਮਾਰਨਾ ਚਾਹੁੰਦੇ ਹਨ। ਮੈਡੀਕਲ ਖੇਤਰ ਨਾਲ ਵਾਹ ਵਾਸਤਾ ਲੋਕਾਂ ਦਾ ਬਦਲ ਰਿਹਾ ਇਹ ਮਾਨਸਿਕ ਵਰਤਾਰਾ ਪੂਰੀ ਤਰਾਂ ਚਕਿਤਸਾ ਦੇ ਨੈਤਿਕ ਨਿਯਮਾਂ ਦੀ ਖਿਲਾਫ਼ ਵਰਜੀ ਹੈ ਅਤੇ ਡਾਕਟਰੀ ਆਚਾਰ ਸਾਹਿੰਤਾ ਦਾ ਸ਼ਰੇਆਮ ਉਲੰਘਣ।

ਮੈਡੀਕਲ ਏਨਥਰੋਪਾਲਿਜਿਸਟ ਡਾਕਟਰ ਸੁਨੀਤਾ ਰੈਡੀ ਦਾ ਕਹਿਣਾ ਹੈ ਕਿ  ,"ਭਾਰਤ ਅੰਦਰ ਬਾਂਝਪਨ ਦੀ ਸਮਸਿਆ ਨਾਲ ਜੁੜੇ ਜਿਆਦਾਤਰ "ਮਾਹਿਰ"ਦਰਅਸਲ ਇਸਤਰੀ ਰੋਗਾਂ ਦੇ ਮਾਹਿਰ ਹਨ।ਕੁਝ ਸਾਲਾਂ ਤੱਕ ਪ੍ਰੈਕਟਿਸ ਕਰਨ ਤੋਂ ਬਾਅਦ ਇਹ ਮਾਹਿਰ ਕੁਝ ਮੁਢਲੇ ਤੌਰ ਤਰੀਕਿਆਂ ਸਮੇਤ ਆਈ ਵੀ ਐਫ ਤਕਨੀਕ ਦੀਆਂ ਬਰੀਕੀਆਂ ਸਿਖ ਲੈਂਦੇ ਹਨ ਅਤੇ ਮਹਾਂ ਨਗਰ ਜਾ ਛੋਟੇ ਸ਼ਹਿਰ ਵਿਚ ਆਪਣਾ ਨਿੱਜੀ ਕਲੀਨਿਕ ਖੋਹਲ ਲੈਂਦੇ ਹਨ।ਸੰਤਾਨ ਦੇ ਚਾਹਵਾਨ ਪਰਿਵਾਰਾਂ ਅਤੇ ਕਲੀਨਿਕਾਂ ਦਰਮਿਆਨ ਅਹਿਮ ਕੜੀ ਦਲਾਲ ਹੁੰਦੇ ਹਨ ਜੋ ਪਿੰਡਾਂ ਅਤੇ ਹੋਰ ਪਛੜੇ ਵਰਗਾਂ ਦੀਆਂ ਔਰਤਾਂ ਨੂੰ ਆਪਣਾ ਮੁਖ ਨਿਸ਼ਾਨਾ ਬਣਾਉਂਦੇ ਹਨ। ਦਲਾਲ ਲੋਕ ਅਮੀਰ ਨਿਰਸੰਤਾਨ ਦੰਪਤੀਆਂ ਕੋਲੋਂ ਮੋਟੀ ਰਕਮ ਵਸੂਲਦੇ ਹਨ , ਪ੍ਰੰਤੂ ਆਪਣਾ ਐੱਗ ਡੋਨੇਟ ਕਰਨ ਵਾਲੀਆਂ ਔਰਤਾਂ ਨੂੰ ਕਾਫੀ ਘੱਟ ਪੈਸੇ ਦਿੰਦੇ ਹਨ।

ਸਚ ਤਾਂ ਇਹ ਹੈ ਕਿ ਸੰਤਾਨ ਸੁਖ ਦੇਣ ਦੇ ਨਾਮ ਥੱਲੇ ਬਾਂਝ ਪਣ ਦੇ ਇਲਾਜ ਨਾਲ ਜੁੜੀਆਂ ਇਹਨਾਂ ਪਰੀਕਿਰਿਆਵਾਂ ਦਾ ਮੁਖ ਉਦੇਸ਼ ਥੋਕ ਵਿਚ ਪੈਸੇ ਕਮਾਉਣਾ ਹੈ।ਇਸ ਧੰਦੇ ਨਾਲ ਜੁੜੇ ਲੋਕਾਂ ਦਾ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਐੱਗ ਡੋਨੇਟ ਕਰਨ ਵਾਲੀ ਔਰਤ ਦੀ ਸਿਹਤ ਉੱਤੇ ਕੀ ਬੀਤਦੀ ਹੈ ਜਾ ਫੇਰ ਆਈ ਵੀ ਐਫ ਕਰਵਾਉਣ ਵਾਲੇ ਜੋੜੇ ਨੂ ਸੰਤਾਨ ਸੁਖ ਮਿਲ ਰਿਹਾ ਹੈ ਜਾ ਨਹੀਂ।ਜਦੋਂ ਨਿਰ ਸੰਤਾਨ ਜੋੜੇ ਬੱਚੇ ਦੀ ਇਛਾ ਲੈਕੇ ਆਈ ਵੀ ਐਫ ਇਲਾਜ ਵਾਸਤੇ ਕਿਸੇ ਅਜਿਹੇ ਕਲੀਨਕ ਨਾਲ ਸੰਪਰਕ ਕਰਦੇ ਹਨ ਤਾਂ ਕਲੀਨਕ ਦੇ ਪ੍ਰਬੰਧਕ ਉਹਨਾਂ ਜੋੜਿਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹੋਏ ਉਹਨਾਂ ਤੋਂ ਵੱਡੀ ਰਕਮ ਵਸੂਲ ਕਰ ਲੈਂਦੇ ਹਨ। ਜਦੋਂ ਇਹ ਜੋੜੇ ਪੂਰੀ ਤਰਾਂ ਡਾਕਟਰਾਂ ਦੇ ਰਹਿਮੋ ਕਰਮ ਤੇ ਨਿਰਭਰ ਹੋ ਜਾਂਦੇ ਹਨ ਤਾਂ ਡਾਕਟਰੀ ਪੇਸ਼ੇ ਦੀ ਨੈਤਿਕਤਾ ਨੂੰ ਤਾਕ ਤੇ ਰਖ ਕੇ ਇਹ ਲੋਕ ਉਹਨਾਂ ਜੋੜਿਆਂ ਦੀ ਅਗਿਆਨਤਾ ਦਾ ਰੱਜ ਕੇ ਫਾਇਦਾ ਉਠਾਉਂਦਿਆਂ ਹੋਰ ਪੈਸੇ ਦੀ ਵਸੂਲੀ ਕਰਦੇ ਹਨ। ਇੰਨਾ ਕਰਨ ਕਰਾਉਣ ਦੇ ਬਾਵਯੂਦ ਵਿਰਲੇ ਮਾਪਿਆਂ ਦੀ ਝੋਲੀ ਖੁਸ਼ੀਆਂ ਨਾਲ ਭਰਦੀ ਹੈ ਨਹੀਂ ਤਾਂ ਆਮ ਤੌਰ ਤੇ ਪੀੜਤ ਲੋਕ ਖਾਲੀ ਹਥ ਘਰ ਪਰਤਦੇ ਹਨ।  ਭਾਵੇ ਡਾਕਟਰ ਐੱਗ ਡੋਨੇਟ ਕਰਨ ਵਾਲੀਆਂ ਔਰਤਾਂ ਨੂੰ ਵੱਡੀ ਰਕਮ ਦੇਣ ਦਾ ਦਾਵਾ ਕਰਦੇ ਹਨ ਪਰ ਤਹਿਲਕਾ ਦੀ ਰਿਪੋਰਟ ਅਨੁਸਾਰ ਅਜਿਹੀਆਂ ਔਰਤਾਂ ਨੂੰ ਵੀਹ ਪੰਝੀ ਹਜਾਰ ਰੁਪਏ ਮੁਸ਼ਕਿਲ ਨਾਲ ਦਿੱਤੇ ਜਾਂਦੇ ਹਨ । ਬਾਕੀ ਸਾਰਾ ਪੈਸਾ ਜੋ ਲਖਾਂ ਦੀ ਗਿਣਤੀ ਵਿਚ ਹੁੰਦਾ ਹੈ ਡਾਕਟਰਾਂ ਅਤੇ ਏਜੰਟਾਂ ਦੀਆਂ ਜੇਬਾਂ ਵਿਚ ਚਲੇ ਜਾਂਦਾ ਹੈ।ਇਸ ਸਬੰਧ ਵਿਚ ਜੇ ਐਨ ਯੂ ਦੇ ਸੋਸ਼ਿਲ ਮੈਡੀਸਿਨ ਡਿਪਾਰਟਮੈਂਟ ਦੇ ਸਹਾਇਕ ਪ੍ਰੋ।ਡਾਕਟਰ ਪਰਾਚੀਨ ਘੋੜਾਜਕਰ ਦਾ ਕਹਿਣਾ ਹੈ ਕਿ,ਪੂਰੀ ਜਾਣਕਾਰੀ ਅਛੀ ਤਰਾਂ ਨਾਲ ਨਾ ਦੇ ਕੇ ਸਹਿਮਤੀ ਨਾ ਲਿਆ ਜਾਣਾ ਬੜੀ ਚਿੰਤਾ ਦਾ ਵਿਸ਼ਾ ਹੈ।ਬਹੁਤ ਸਾਰੀਆਂ ਔਰਤਾਂ ਜਿਹਨਾਂ ਨਾਲ ਐੱਗ ਡੋਨੇਟ ਕਰਨ ਲਈ ਸੰਪਰਕ ਕੀਤਾ ਜਾਂਦਾ ਹੈ ,ਆਰਥਿਕ ਅਤੇ ਸਮਾਜਿਕ ਪਖੋਂ ਪਛੜੀ ਪਿਠ ਭੂਮੀ ਦੀਆਂ ਹੁੰਦੀਆਂ ਹਨ"।

ਐੱਗ ਉਤਪਾਦਨ ਦੀ ਪਰੀਕਿਰਿਆ ਵਿਚ ਵਕਤ ਦੀ ਅਹਿਮ ਭੂਮਿਕਾ ਹੁੰਦੀ ਹੈ ਪ੍ਰੰਤੂ cਪੈਸੇ ਦੇ ਲਾਲਚਵਸ ਡਾਕਟਰ ਅਤੇ ਏਜੰਟ ਐੱਗ ਡੋਨੇਟਰ ਦੀ ਜਰੂਰੀ ਡਾਕਟਰੀ ਜਾਂਚ ਕਰਵਾਏ ਬਗੈਰ ਉਸ ਦਾ ਲਗਾਤਾਰ ਸੋਸ਼ਣ ਕਰਦੇ ਰਹਿੰਦੇ ਹਨ।ਪੜਤਾਲ ਦੌਰਾਨ ਅਜਿਹੇ ਕੇਸਾਂ ਦਾ ਵੀ ਪਤਾ ਲੱਗਾ ਹੈ ਜਿਹਨਾਂ ਵਿਚ ਇੱਕ ਔਰਤ ਨੇ ਇੱਕ ਮਹੀਨੇ ਵਿਚ ਅਠ ਵਾਰ ਆਪਣੇ ਐੱਗ ਡੋਨੇਟ ਕੀਤੇ ਹਨ।ਐੱਗ ਉਤਪਾਦਨ ਦੀ ਯੋਗਤਾ ਵਧਾਉਣ ਲਈ ਹਾਰਮੋਨ ਇੰਜੈਕਸ਼ਨਜ ਦੇ ਭਾਰੀ ਭਰਕਮ ਡੋਜ ਅਤੇ ਦਵਾਈਆਂ ਐੱਗ ਡੋਨੇਟਰ ਨੂੰ ਦਿਤੇ ਜਾਂਦੇ ਹਨ। ਹੋਰ ਤਾਂ ਹੋਰ ਇਸ ਗੈਰ ਮਾਨਵੀ ਕਾਰਵਾਈ ਬਦਲੇ ਉਹਨਾਂ ਮਜਬੂਰ ਔਰਤਾਂ ਤੋਂ 15--20ਹਜਾਰ ਰੁਪਏ  ਇਹ ਕਹਿ ਕੇ ਵਸੂਲ ਲਏ  ਜਾਂਦੇ ਹਨ ਕਿ ਇਹਨਾਂ ਦਵਾਈਆਂ ਨਾਲ ਉਹਨਾਂ ਦੀ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ। ਇਸ ਤਰਾਂ ਐੱਗ ਡੋਨੇਟ ਕਰਨ ਵਾਲੀ ਔਰਤ ਕੋਲ ਬਹੁਤ ਨਿਗੂਣੀ ਰਕਮ ਰਹਿ ਜਾਂਦੀ ਹੈ।ਜਦੋਂ ਇਹਨਾਂ ਔਰਤਾਂ ਦੀ ਸਿਹਤ ਖਰਾਬ ਹੋਣ ਲੱਗ ਪੈਂਦੀ ਹੈ ਤਾਂ ਕੋਈ ਏਜੰਟ ਅਤੇ ਡਾਕਟਰ ਇਹਨਾਂ ਨੂੰ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਨਹੀਂ ਬਹੁੜਦਾ।ਫਲਸਰੂਪ ਇਹ ਗਰੀਬ ਔਰਤਾਂ ਜਿਹਨਾਂ ਚੋਂ ਜ਼ਿਆਦਾਤਰ ਨੂੰ ਪੈਸਿਆਂ ਦੀ ਗਿਣਤੀ ਵੀ ਨਹੀਂ ਆਉਂਦੀ ਹੌਲੀ ਹੌਲੀ ਕੋਮੇ ਦੀ ਹਾਲਤ ਵਿਚ ਚਲੇ ਜਾਂਦੀਆਂ ਹਨ ਅਤੇ ਬਾਅਦ ਵਿਚ ਉਹਨਾਂ ਦੀ ਮੌਤ ਹੋ ਜਾਂਦੀ ਹੈ।

          ਸੰਪਰਕ: 0061 469 976214

Comments

Manoj Kumar Bhattoa

ਸਾਇੰਸ ਦੇ ਜਿਥੇ ਫਾਇਦੇ ਆ ਉਥੇ ਕੁਛ ਲੋਗ ਇਸਦੇ ਗਲਤ ਲਾਭ ਉਠਾ ਰਹੇ ਆ।

Manoj Kumar Bhattoa

ਸਾਇੰਸ ਦੇ ਜਿਥੇ ਫਾਇਦੇ ਆ ਉਥੇ ਕੁਛ ਲੋਗ ਇਸਦੇ ਗਲਤ ਲਾਭ ਉਠਾ ਰਹੇ ਆ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ