Wed, 18 September 2024
Your Visitor Number :-   7222578
SuhisaverSuhisaver Suhisaver

ਮੇਰਾ ਇਸ ਦੇਸ਼ ਵਿਚੋਂ ਨਾਮ ਕੱਟ ਦਿਓ... -ਬੇਅੰਤ ਸਿੰਘ

Posted on:- 24-012-2019

suhisaver

ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਦੇ ਨਾਮ ਖੁੱਲ੍ਹਾ ਖ਼ਤ

ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਰੀਡਿੰਗ ਹਾਲ ਵਿਚ ਗ਼ੁੱਸੇ ਅਤੇ ਸਹਿਮ ਦੇ ਮਿਲੇ-ਜੁਲੇ ਭਾਵਾਂ ਵਿਚ ਬੈਠਾ ਪੀਐਚ.ਡੀ ਦਾ ਖੋਜਾਰਥੀ ਤੁਹਾਨੂੰ ਸੰਬੋਧਤ ਹੋ ਰਿਹਾ ਹਾਂ। ਲਾਈਬ੍ਰੇਰੀ ਬੈਠਦੇ ਹੀ ਲੱਗਦਾ ਮੇਰੇ ਖੱਬੇ ਪਾਸੇ ਲੱਗੇ ਸ਼ੀਸ਼ੇ ਤੋੜ ਦਿੱਤੇ ਗਏ ਹਨ। ਮੇਰਾ ਸਟੱਡੀ ਟੇਬਲ ਪਲਟ ਦਿੱਤਾ ਗਿਆ ਹੈ। ਕਿਤਾਬਾਂ ਖੇਰੂੰ-ਖੇਰੂੰ ਕਰ ਦਿੱਤੀਆਂ ਗਈਆਂ ਹਨ। ਅੱਥਰੂ ਗੈਸ ਦੇ ਗੋਲਿਆਂ ਨੇ ਮੇਰੀਆਂ ਅੱਖਾਂ ਮੱਚਣ ਲਾ ਦਿੱਤੀਆਂ ਹਨ। ਫਿਰ ਅਚਾਨਕ ਮਾਂਵਾਂ-ਭੈਣਾਂ ਦੀਆਂ ਗੰਦੀਆਂ ਗਾਲ੍ਹਾਂ ਮੇਰੇ ਕੰਨਾਂ ਦੇ ਪਰਦਿਆਂ ਨਾਲ ਟਕਰਾ ਕੇ ਮੇਰੇ ਮਸਤਕ ਵਿਚ ਵੜ ਗਈਆਂ ਹਨ। ਬਾਰਾਂ –ਪੰਦਰ੍ਹਾਂ ਪੁਲਿਸ ਦੀ ਵਰਦੀ ਪਾਈ ਲੋਕ ਮੇਰੇ ‘ਤੇ ਅੰਨ੍ਹੇਵਾਹ ਡੰਡੇ ਵਰ੍ਹਾ ਰਹੇ ਹਨ।

ਅਜਿਹੇ ਚੰਦਰੇ ਖ਼ਿਆਲ ਦਿਲ-ਦਿਮਾਗ਼ ਨੂੰ ਬੇਚੈਨ ਕਰ ਦਿੰਦੇ ਹਨ। ਵਿਚਲਿਤ ਹੋਇਆ ਆਪਣੇ ਹੋਮੀ ਭਾਭਾ ਹੋਸਟਲ ਦੇ ਕਮਰੇ ਵਿਚ ਚਲਾ ਜਾਂਦਾ ਹਾਂ। ਕਮਰੇ ਵਿਚ ਬੈਠਦਿਆਂ ਇਕ ਦਮ ਲੱਗਦਾ ਹੈ ਕਿ ਕਿਸੇ ਨੇ ਲਾਇਟ ਕੱਟ ਦਿੱਤੀ ਹੈ, ਭੱਜ-ਨੱਠ ਫੈਲ ਗਈ ਹੈ। ਗੋਲੀਆਂ, ਲਾਠੀਆਂ ਨਾਲ ਪੁਲਿਸ ਹੋਸਟਲ ‘ਤੇ ਹਮਲਾ ਬੋਲ ਦਿੰਦੀ ਹੈ। ਅੱਖਾਂ ਮੂਹਰਿਓਂ ਇਹ ਦ੍ਰਿਸ਼ ਘੁੰਮਣੋਂ ਨਹੀਂ ਹੱਟ ਰਹੇ। ਸੋਚਦਾਂ ਗੇਟ ‘ਤੇ ਬਾਹਰ ਮਾਰਕਿਟ ਘੁੰਮ ਆਉਨਾ। ਗੇਟ ‘ਤੇ ਆਉਂਦਿਆਂ ਅੱਖਾਂ ਅੱਗੇ ਫਿਰ ਨਵਾਂ ਦ੍ਰਿਸ਼ ਘੁੰਮਣ ਲੱਗਦਾ ਹੈ। ਸੈਂਕੜਿਆਂ ਦੀ ਗਿਣਤੀ ਵਿਚ ਪੁਲਿਸ ਖੜ੍ਹੀ ਹੈ। ਪਟਿਆਲਾ-ਚੰਡੀਗੜ੍ਹ ਸ਼ਾਹਰਾਹ ਮਾਰਗ ਤੋਂ ਗੁਜ਼ਰ ਰਹੇ ਵਾਹਨ ਅੱਗ ਦੀ ਭੇਂਟ ਚਾੜ੍ਹ ਦਿੱਤੇ ਜਾਂਦੇ ਹਨ। ਨੀਲੀ ਜੀਨ ਅਤੇ ਹੈਲਮੈੱਟ ਪਾਈ ਪੁਲਿਸ ਬੱਸਾਂ ਨੂੰ ਅੱਗ ਲਾ ਰਹੀ ਹੈ, ਕੋਈ ਵਿਚੋਂ ਬੋਲਦਾ ਹੈ ਕਿ ਦੂਜੇ ਵਾਹਨਾਂ ਨੂੰ ਵੀ ਅੱਗ ਲਾ ਦਿਓ। ਫਿਰ ਇਕਦਮ ਪੁਲਿਸ ਪਾਰਕਿੰਗ ਵਿਚ ਖੜ੍ਹੇ ਮੋਟਰ-ਸਾਈਕਿਲਾਂ ਦੀ ਭੰਨ-ਤੋੜ ਸ਼ੁਰੂ ਕਰ ਦਿੰਦੀ ਹੈ।

ਮੈਨੂੰ ਇਹ ਸਾਰਾ ਕੁਝ ਜਾਮੀਆ ਮਿਲੀਆ ਵਿਚ ਨਹੀਂ ਸਗੋਂ ਭਾਰਤ ਦੀ ਹਰ ਯੂਨੀਵਰਸਿਟੀ ਸਮੇਤ ਮੇਰੀ ਆਪਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਵਾਪਰਦਾ ਮਹਿਸੂਸ ਹੋ ਰਿਹਾ ਹੈ। ਜਾਮੀਆ ਮਿਲੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਪੰਦਰ੍ਹਾਂ ਦਸੰਬਰ ਦੀ ਰਾਤ ਨੂੰ ਪੁਲਿਸ ਦੁਆਰਾ ਕੀਤਾ ਹਿੰਸਾ ਦਾ ਤਾਂਡਵ ਮੇਰੀਆਂ ਯਾਦਾਂ ਵਿਚ ਡੂੰਘਾ ਉੱਕਰਿਆ ਗਿਆ ਹੈ। ਇਹ ਰਾਤ ਐਨੀ ਲੰਬੀ ਹੋ ਗਈ ਹੈ ਕਿ ਮੇਰੀਆਂ ਯਾਦਾਂ ਵਿਚੋਂ ਲੰਘ ਹੀ ਨਹੀਂ ਰਹੀ, ਜਿਵੇਂ ਜਰਮਨੀ ਵਿਚ ਹਿਟਲਰ ਦੇ ਹੁੰਦਿਆਂ 8-9 ਨਵੰਬਰ 1938 ਦੀ ਰਾਤ, ਉਥੋਂ ਦੀਆਂ ਯਾਦਾਂ ਵਿਚੋਂ ਨਹੀਂ ਲੰਘੀਂ। ਉਸ ਰਾਤ ਨੂੰ ‘ਕ੍ਰਿਸਟਲ ਨਾਈਟ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਉਸੇ ਰਾਤ ਜਰਮਨੀ ਵਿਚ ਯਹੂਦੀਆਂ ਨੂੰ ਮਾਰਨ ਦੇ ਮਨਸੂਬੇ ਘੜ ਲਏ ਗਏ ਸਨ।

ਉਸ ਤੋਂ ਪਹਿਲਾਂ ਹਿਟਲਰ ਭਗਤਾਂ ਦੀ ਇਕ ਫ਼ੌਜ ਤਿਆਰ ਕਰ ਲਈ ਗਈ ਸੀ ਜੋ ‘ਹੇਲ ਹਿਟਲਰ’ ਤੋਂ ਬਿਨਾਂ ਹਿਟਲਰ ਦੇ ਖ਼ਿਲਾਫ਼ ਗੱਲ ਸੁਨਣ ਨੂੰ ਤਿਆਰ ਨਹੀਂ ਸੀ। ਸਨਕੀ ਹਿਟਲਰ ਨੇ ਆਪਣੇ ਭਗਤਾਂ ਨੂੰ ਵੀ ਸਨਕੀ ਬਣਾ ਦਿੱਤਾ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਰਮਨ ਕੌਮ ਕੁਝ ਸਾਲਾਂ ਵਿਚ ਹੀ ਜਰਮਨੀ  ਨੂੰ ਸੁਪਰ-ਪਾਵਰ ਬਣਾ ਦੇਵੇਗੀ। ਹਿਟਲਰ ਕਹਿੰਦਾ ਸੀ ਕਿ ਮੈਨੂੰ ਜਰਮਨ ਕੌਮ ਦਾ ਸਾਥ ਚਾਹੀਦਾ ਹੈ। ਹਿਟਲਰ ਅਤੇ ਉਸ ਦੇ ਮੰਤਰੀ ਗੋਬਲਜ਼ ਨੇ ਭਗਤਾਂ ਦੇ ਸਿਰ ਵਿਚ ਹਿੰਸਾ ਦਾ ਜ਼ਹਿਰ ਘੋਲ ਦਿੱਤਾ ਸੀ। ਇਸ ਹਿੰਸਾ ਲਈ 1933 ਤੋਂ ਤਿਆਰੀ ਸ਼ੁਰੂ ਹੋ ਗਈ ਸੀ। ਉਹ ਕਹਿੰਦੇ ਸਨ ਕਿ ਯਹੂਦੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢ ਦੇਵਾਂਗੇ। ਗੋਬਲਜ਼ ਨੇ ਪ੍ਰੋਪੇਗੰਡਾ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਹੁਣ 9-10 ਸਾਲਾਂ ਵਿਚ ਹਿਟਲਰ ਭਗਤਾਂ ਦੀ ਤਿਆਰ ਕੀਤੀ ਸਨਕੀ ਫ਼ੌਜ ਨੂੰ ਕੰਮ ਦੇਣ ਦਾ ਸਮਾਂ ਆ ਗਿਆ ਸੀ। ਪ੍ਰੋਪੇਗੰਡਾ ਆਪਣਾ ਕੰਮ ਕਰ ਚੁੱਕਾ ਸੀ। ਬਸ ਹੁਣ ਮੌਕੇ ਦੀ ਤਾਕ ਸੀ ਤੇ ਉਹ ਮੌਕਾ ਆਣ ਢੁੱਕਿਆ ਸੀ ਜਿਸ ਨੇ ਇਤਿਹਾਸ ਦੀ ਸਭ ਤੋਂ ਕਰੂਰ ਹਿੰਸਾ ਨੂੰ ਅੰਜ਼ਾਮ ਦਿੱਤਾ।

ਹਿਟਲਰ ਇਸ ਹਿੰਸਾ ‘ਤੇ ਚੁੱਪ ਰਿਹਾ ਅਤੇ ਤਮਾਸ਼ਬੀਨ ਬਣ ਕੇ ਸਭ ਕੁਝ ਵੇਖਦਾ ਰਿਹਾ। ਗੋਬਲਜ਼ ਉਸ ਨੂੰ ਹਰ ਘਟਨਾ ਦੀ ਖ਼ਬਰ ਦੇ ਰਿਹਾ ਸੀ ਪਰ ਹਿਟਲਰ ਆਪਣੇ ਭਗਤਾਂ, ਪੁਲਿਸ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਯਹੂਦੀਆਂ ਦੇ ਕਤਲੇਆਮ ਦੇ ਅਣ-ਐਲਾਨੇ ਹੁਕਮ ਅੰਦਰ ਖਾਤੇ ਦੇ ਰਿਹਾ ਸੀ। ਇਤਿਹਾਸ ਅਜਿਹੀਆਂ ਬੱਜਰ ਗ਼ਲਤੀਆਂ ਨਾਲ ਭਰਿਆ ਪਿਆ ਹੈ। ਹੁਣ ਫਿਰ ਸਾਡੇ ਦੇਸ਼ ਵਿਚ ਇਕ ਭੀੜ ਪਿਛਲੇ ਸਾਲਾਂ ਵਿਚ ਤਿਆਰ ਕੀਤੀ ਗਈ ਹੈ। ਦੇਸ਼ ਨੂੰ 2014 ਤੋਂ ਬਾਅਦ ਪ੍ਰਧਾਨ ਮੰਤਰੀ ਦੇ ਰੂਪ ਵਿਚ ਕੋਈ ਤਲਿਸਮੀ ਪੁਰਖ਼ ਮਿਲਣ ਦਾ ਪ੍ਰੋਪੇਗੰਡਾ ਲਗਾਤਾਰ ਕੀਤਾ ਗਿਆ ਹੈ। ਦੇਸ਼ ਨੂੰ ਸੁਪਰ-ਪਾਵਰ ਬਣਾਉਣ ਦੇ ਦਾਵੇ ਕੀਤੇ ਗਏ। 2014 ਤੋਂ ਬਾਅਦ ਹੀ ਵਾਰ-ਵਾਰ ਭੀੜ  ਬਣ ਰਹੀ ਹੈ। ਪ੍ਰਧਾਨ ਮੰਤਰੀ ਆਪਣੇ ਇਕ ਭਾਸ਼ਣ ਵਿਚ ਵਿਸ਼ੇਸ਼ ਪਹਿਰਾਵੇ ਵਾਲੇ ਲੋਕਾਂ ਵੱਲ ਇਸ਼ਾਰੇ ਕਰ ਰਿਹਾ ਹੈ ਤਾਂ ਜੋ ਭੀੜ ਅਤੇ ਪੁਲਿਸ ਨੂੰ ਹਿੰਸਾ ਕਰਨ ਦਾ ਅਣ-ਐਲਾਨਿਆ ਹੁਕਮ ਦਿੱਤਾ ਜਾ ਸਕੇ।

1984 ਵਿਚ ਵੀ ਅਜਿਹੀ ਭੀੜ ਤਿਆਰ ਕੀਤੀ ਗਈ ਸੀ ਜਿਸ ਨੂੰ ਸਿੱਖ ਪਹਿਰਾਵੇ ਵਾਲੇ ਘੱਟ ਗਿਣਤੀ ਲੋਕਾਂ ਨੂੰ ਮਾਰਨ ਦੇ ਅਣ-ਐਲਾਨੇ ਹੁਕਮ ਦਿੱਤੇ ਗਏ ਸਨ। 2002 ਗੋਧਰਾ ਕਾਂਡ ਤੋਂ ਬਾਅਦ ਪੂਰੇ ਗੁਜਰਾਤ ਵਿਚ ਮੁਸਲਿਮ ਘੱਟ ਗਿਣਤੀਆਂ ਦੀ ਨਸਲਕੁਸ਼ੀ ਕੀਤੀ ਗਈ। ਇਸੇ ਤਰਾਂ ਮੁਜਫ਼ਰਪੁਰ (ਉਤਰ ਪ੍ਰਦੇਸ਼) ਵਿਚ ਮੁਸਲਿਮ ਆਬਾਦੀ ਦਾ ਭੀੜ ਵਲੋਂ ਘਾਣ ਕੀਤਾ ਗਿਆ। ਇਹ ਭੀੜ ਵਾਰ-ਵਾਰ ਮੁਸਲਮਾਨਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾ ਰਹੀ ਹੈ। ਭੀੜ ਦੀ ਆਪਣੀ ਵਿਚਾਰਧਾਰਾ ਹੁੰਦੀ ਹੈ ਅਤੇ ਇਸ ਨੂੰ ਬਾਅਦ ਵਿਚ ਸਵੈ ਸੰਚਾਲਿਤ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਬਹੁਤ ਸਾਰੇ ਲੋਕ ਗ਼ਾਇਬ ਕੀਤੇ ਜਾ ਰਹੇ ਹਨ। ਪੰਜਾਬੀ ਹੋਣ ਦੇ ਨਾਤੇ ਮੈਂ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਜੋ ਲੋਕ ਗ਼ਾਇਬ ਕਰ ਦਿੱਤੇ ਜਾਂਦੇ ਹਨ, ਉਹ ਮੁੜ ਕੇ ਕਦੇ ਘਰਾਂ ਨੂੰ ਨਹੀਂ ਪਰਤਦੇ।

 ਹੁਣ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਖ਼ੁਦ ਸਰਕਾਰ ਹੀ ਦਰਕਿਨਾਰ ਕਰ ਰਹੀ ਹੈ। ਭਾਰਤ ਦੀ ਬਹੁ-ਕੌਮੀ, ਭਾਸ਼ਾਈ, ਧਰਮ, ਨਸਲ ਪਛਾਣ ਵਾਲੀ ਵੰਨ-ਸੁਵੰਨਤਾ ਨੂੰ ਇਕ ਵਿਸ਼ੇਸ਼ ਵਿਚਾਰਧਾਰਾ ਵਾਲੇ ਸਨਕੀ ਲੋਕ ਅਤੇ ਸੱਤਾਧਾਰੀ ਖੋਰਾ ਲਾ ਰਹੇ ਹਨ। ਸਾਨੂੰ ਸਸਤੀ ਵਿੱਦਿਆ, ਇਲਾਜ ਅਤੇ ਪੱਕੇ ਰੁਜ਼ਗਾਰ ਦੀ ਲੋੜ ਹੈ। ਮਹਿੰਗਾਈ, ਗ਼ਰੀਬੀ, ਬਿਮਾਰੀਆਂ ਤੋਂ ਮੁਕਤੀ ਦੀ ਲੋੜ ਹੈ। ਸਾਨੂੰ ਐੱਨ.ਆਰ.ਸੀ ਅਤੇ ਸੀ.ਏ.ਏ. ਵਰਗੇ ਵੰਡੀਆਂ ਪਾਉਣ ਵਾਲੇ ਐਕਟਾਂ ਦੀ ਲੋੜ ਨਹੀਂ। ਜੇਕਰ ਅਸੀਂ ਸਸਤੀ ਵਿੱਦਿਆ, ਸਿਹਤ-ਸਹੂਲਤਾਂ ਅਤੇ ਰੁਜ਼ਗਾਰ ਲਈ ਆਪਣੇ ਸੰਵਿਧਾਨਿਕ ਅਧਿਕਾਰ ਰਾਹੀਂ ਇਕੱਠੇ ਹੋ ਕੇ ਇਸ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਹਿੰਸਕ, ਅਰਬਨ-ਨਕਸਲ ਅਤੇ ਅੱਤਵਾਦੀ ਆਦਿ ਗਰਦਾਨ ਦਿੱਤਾ ਜਾਂਦਾ ਹੈ। ਭੀਮ ਰਾਓ ਅੰਬੇਦਕਰ ਦੀਆਂ ਕਿਤਾਬਾਂ ਪੜ੍ਹਨ ਵਾਲੇ ‘ਲੇਖਕਾਂ, ਪ੍ਰੋਫ਼ੈਸਰਾਂ ਅਤੇ ਬੁੱਧੀਜੀਵੀਆਂ ਉਤੇ ਯੂ.ਏ.ਪੀ.ਏ. ਵਰਗੇ ਕਾਨੂੰਨ ਲਾ ਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਹੈ। ਜਾਮੀਆ ਮਿਲੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿਚ ਜੋ ਵੀ ਹੋਇਆ, ਉਸ ਨੇ ਸੱਚੀਓਂ ਦਿਲ ਦਹਿਲਾ ਦਿੱਤਾ ਹੈ, ਇਹ ਹਮਲਾ ਭਾਰਤ ਅਤੇ ਉਸ ਦੇ ਸੰਵਿਧਾਨ ਦੀ ਆਤਮਾ ਉੱਤੇ ਸਿੱਧਾ ਸਿੱਧਾ ਹਮਲਾ ਹੈ| ਇਸ ਨੇ ਭਾਰਤ ਦੇ ਅਕਸ ਨੂੰ ਸਮੁੱਚੀ ਦੁਨੀਆ ਦੇ ਅੱਗੇ ਧੁੰਧਲਾ ਕੀਤਾ ਹੈ|

ਲੱਗ ਰਿਹਾ ਹੈ ਕਿ ਹੁਣ ਇਹ ਡਾ.ਭੀਮ ਰਾਓ ਅੰਬੇਦਕਰ ਦੇ ਸੁਪਨਿਆਂ ਦਾ ਦੇਸ਼ ਨਹੀਂ ਰਿਹਾ। ਇਹ ਮਹਾਤਮਾ ਗਾਂਧੀ ਦੇ ਅਦਰਸ਼ਾਂ ਨੂੰ ਛੱਡ ਚੁੱਕਾ ਹੈ ਅਤੇ ਸ਼ਹੀਦ ਭਗਤ ਸਿੰਘ ਨੂੰ ਭੁਲਾ ਚੁੱਕਾ ਹੈ। ਇਸ ਲਈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੋਜਾਰਥੀ ਤੁਹਾਨੂੰ ਸੰਬੋਧਤ ਹੁੰਦਾ ਹੋਇਆ ਕਹਿ ਰਿਹਾ ਹਾਂ ਕਿ ਮੇਰਾ ਇਸ ਦੇਸ਼ ਵਿਚੋਂ ਨਾਮ ਕੱਟ ਦਿਓ...

ਸੰਪਰਕ: +91 94635 05435

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ