Sun, 08 September 2024
Your Visitor Number :-   7219716
SuhisaverSuhisaver Suhisaver

ਵਿਸ਼ਵ ਵਿਆਪੀ ਪ੍ਰਦੂਸ਼ਣ ‘ਚ ਵਾਧਾ ਚਿੰਤਾਜਨਕ - ਗੁਰਤੇਜ ਸਿੰਘ

Posted on:- 19-07-2016

suhisaver

ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਦੇ 103 ਦੇਸ਼ਾਂ ਦੇ 3000 ਸ਼ਹਿਰਾਂ ਤੋਂ ਪ੍ਰਾਪਤ ਅੰਕੜਿਆਂ ‘ਤੇ ਅਧਾਰਿਤ ਨਸ਼ਰ ਰਿਪੋਰਟ ਵਿੱਚ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਅਤੇ ਗੋਬਿੰਦਗੜ ਨੂੰ ਦੁਨੀਆਂ ਦੇ ਸਭ ਤੋਂ ਵੱਧ ਹਵਾ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਕ੍ਰਮਵਾਰ 12, 16, 21 ਅਤੇ 22 ਵੇਂ ਸਥਾਨ ‘ਤੇ ਰੱਖਿਆ ਗਿਆ ਹੈ।ਹਾਲਾਂਕਿ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਰਿਪੋਰਟ ਨਾਲ ਅਸਹਿਮਤੀ ਪ੍ਰਗਟਾਈ ਹੈ।ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਥਾਨ 11ਵਾਂ ਹੈ ਜਦਕਿ ਸੰਨ 2014 ‘ਚ ਦਿੱਲੀ ਹਵਾ ਪ੍ਰਦੂਸ਼ਣ ਦੇ ਮਾਮਲੇ ‘ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ ਅਤੇ ਵਿਸ਼ਵ ਦੇ 20 ਪ੍ਰਦੂਸ਼ਿਤ ਸਹਿਰਾਂ ‘ਚ ਭਾਰਤ ਦੇ 13 ਸ਼ਹਿਰ ਸ਼ਾਮਿਲ ਸਨ।ਦੇਸ਼ ਦੇ ਹੋਰ ਸ਼ਹਿਰ ਗਵਾਲੀਅਰ(2),ਅਲਾਹਾਬਾਦ(3),ਪਟਨਾ(6),ਰਾਏਪੁਰ(7) ਆਦਿ ਵੱਖ ਵੱਖ ਸਥਾਨਾਂ ‘ਤੇ ਪ੍ਰਦੂਸ਼ਿਤ ਸ਼ਹਿਰਾਂ ‘ਚ ਸ਼ੁਮਾਰ ਹਨ।ਈਰਾਨ ਦਾ ਜ਼ਾਬੋਲ ਸ਼ਹਿਰ ਸੰਸਾਰ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਮੰਨਿਆ ਗਿਆ ਹੈ। ਯੂਰਪ ਅਤੇ ਅਮਰੀਕਾ ‘ਚ ਪ੍ਰਦੁਸ਼ਣ ਦੇ ਘਟਾਅ ਨੂੰ ਦਰਸਾਇਆ ਗਿਆ ਹੈ।ਰਿਪੋਰਟ ‘ਚ ਅੱਗੇ ਕਿਹਾ ਗਿਆ ਹੈ ਕਿ ਆਲਮੀ ਪ੍ਰਦੂਸਣ ‘ਚ ਹਰ ਸਾਲ 10 ਫੀਸਦੀ ਵਾਧਾ ਹੋ ਰਿਹਾ ਹੈ।ਵਿਸ਼ਵ ਦੀ 80 ਫੀਸਦੀ ਸ਼ਹਿਰੀ ਅਬਾਦੀ ਗੰਦੀ ਹਵਾ ‘ਚ ਸਾਹ ਲੈਂਦੀ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਦੁਨੀਆਂ ‘ਚ ਹਰ ਸਾਲ 70 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ।

ਪ੍ਰਦੂਸ਼ਣ ਦੀ ਇਸ ਵਿਸ਼ਵ ਵਿਆਪੀ ਸਮੱਸਿਆ ਨੇ ਵਾਤਾਵਰਨ ਪ੍ਰੇਮੀਆਂ ਅਤੇ ਚਿੰਤਕਾਂ ਨੂੰ ਗਹਿਰੀ ਚਿੰਤਾ ਨਾਲ ਲੱਦ ਦਿੱਤਾ ਹੈ।ਜੀਵਾਂ , ਬਨਸਪਤੀ ਦੀ ਹੋਂਦ ਨੂੰ ਚੁਣੌਤੀ ਦਿੱਤੀ ਹੈ।ਹਰੀ ਕ੍ਰਾਂਤੀ ਨੇ ਦੇਸ਼ ਨੂੰ ਭੁੱਖਮਰੀ ਤੋ ਕੱਢਣ ਦਾ ਜ਼ਬਰਦਸਤ ਉਪਰਾਲਾ ਕੀਤਾ ਹੈ, ਇਸ ਤੋਂ ਬਾਅਦ ਅਨਾਜ ਦਾ ਰਿਕਾਰਡ ਤੋੜ ਉਤਪਾਦਨ ਹੋਇਆ, ਜਿਸਨੇ ਕਰੋੜਾਂ ਲੋਕਾਂ ਦੀ ਭੁੱਖ ਨੂੰ ਸ਼ਾਂਤ ਕੀਤਾ।

ਇਸ ਕ੍ਰਾਂਤੀ ਨੇ ਅਨਾਜ ਦੀ ਸਮੱਸਿਆ ਤਾਂ ਜ਼ਰੂਰ ਹੱਲ ਕੀਤੀ, ਪਰ ਇਸਦੇ ਗੰਭੀਰ ਨਤੀਜਿਆਂ ਦਾ ਖਾਮਿਆਜਾ ਲੋਕ ਚੁਕਾਉਣ ਲਈ ਮਜਬੂਰ ਹਨ।ਵੱਧ ਤੋ ਵੱਧ ਉਪਜ ਲੈਣ ਲਈ ਕਿਸਾਨਾਂ ਨੇ ਅੰਨੇਵਾਹ ਜ਼ਮੀਨੀ ਹੇਠਲਾ ਪਾਣੀ, ਸਪਰੇਹਾਂ ਤੇ ਰਸਾਇਣਕ ਖਾਦਾਂ ਦੀ ਵਰਤੋ ਕੀਤੀ ਤੇ ਕਰ ਰਹੇ ਹਨ, ਜਿਸਨੇ ਜਨਜੀਵਨ ਲਈ ਮੁਸ਼ਕਿਲਾਂ ਦੇ ਪਹਾੜ ਖੜੇ ਕਰ ਦਿੱਤੇ ਹਨ।ਰਹਿੰਦੀ ਕਸਰ ਉਦਯੋਗਾਂ ਅਤੇ ਸੀਵਰੇਜ ਪ੍ਰਬੰਧਾਂ ‘ਚ ਖਾਮੀਆਂ ਨੇ ਪੂਰੀ ਕਰ ਦਿੱਤੀ ਹੈ।ਪੰਜਾਬ ਦੇ ਦਰਿਆ ਜੋ ਅੰਮ੍ਰਿਤ ਦੇ ਸੋਮੇ ਸਨ, ਅੱਜ ਉਨ੍ਹਾਂ ਵਿਚ ਅੰਮ੍ਰਿਤ ਦੀ ਥਾਂ ਜ਼ਹਿਰਾਂ ਦਾ ਵਹਾਅ ਹੈ।ਇਹ ਪਾਣੀ ਸਾਡੀ ਧਰਤੀ ਨੂੰ ਸਿੰਜਦਾ ਹੈ ਤੇ ਜ਼ਹਿਰ ਦੇ ਗੁਬਾਰ ਲਗਾ ਰਿਹਾ ਹੈ।

ਅਜੋਕੇ ਸਮੇਂ ਵਿਚ ਖੇਤੀ ਹੇਠਾਂ ਘੱਟ ਰਿਹਾ ਜ਼ਮੀਨੀ ਰਕਬਾ, ਉਦਯੋਗੀਕਰਣ,ਕੁਦਰਤੀ ਸੋਮਿਆਂ ਪ੍ਰਤੀ ਅਣਗਹਿਲੀ ਅਤੇ ਲਾਲਚ ਨੇ ਅਜਿਹੇ ਬੀਜ ਬੋਅ ਦਿੱਤੇ ਹਨ, ਜੋ ਸਾਡੀਆਂ ਵਾਲੀਆਂ ਕਈ ਪੀੜੀਆਂ ਕੱਟਦੀਆਂ ਮਰ ਜਾਣਗੀਆਂ।ਖੇਤੀ ਮਾਹਿਰ ਮੰਨਦੇ ਹਨ ਕਿ ਕਿਸਾਨ, ਯੂਨੀਵਰਸਿਟੀ ਦੇ ਮਾਪਦੰਡਾਂ ਤੋ ਕਿਤੇ ਜ਼ਿਆਦਾ ਖਾਦਾਂ,ਕੀਟਨਾਸ਼ਕਾਂ ਦਾ ਉਪਯੋਗ ਕਰ ਰਿਹਾ ਹੈ, ਉਦਯੋਗਾਂ ਨੇ ਕਚਰਾ ਨਿਪਟਾਰਾ ਪ੍ਰਬੰਧਾਂ ‘ਚ ਕਥਿਤ ਲਾਪਰਵਾਹੀ ਕੀਤੀ ਹੈ ਜਿਸਨੇ ਧਰਤੀ ਤੇ ਪਾਣੀ ਨੂੰ ਦੂਸ਼ਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ,ਜਿਸਦੇ ਸਿੱਟੇ ਵਜੋ ਦੇਸ ਵਿਚ ਬੀਮਾਰੀਆਂ ਨੇ ਲੋਕਾਂ ਨੂੰ ਆਪਣੀ ਜਕੜ ਵਿਚ ਬੁਰੀ ਤਰ੍ਹਾਂ ਜਕੜ ਲਿਆ ਹੈ।ਪੰਜਾਬ ਦੇ ਜ਼ਮੀਨੀ ਹੇਠਲੇ ਪਾਣੀ ਵਿਚ ਯੁਰੇਨੀਅਮ ਤੇ ਹੋਰ ਖਤਰਨਾਕ ਤੱਤਾਂ ਦਾ ਰਿਸਾਅ ਹੋ ਚੁੱਕਾ ਹੈ, ਜਿਸ ਕਰਕੇ ਕੈਂਸਰ ਤੇ ਹੋਰ ਖਤਰਨਾਕ ਬੀਮਾਰੀਆਂ ਤੇਜੀ ਨਾਲ ਫੈਲ ਰਹੀਆਂ ਹਨ।ਪੰਜਾਬ ਦੇ ਮਾਲਵੇ ਇਲਾਕੇ ਖਾਸ ਕਰਕੇ ਬਠਿੰਡਾ,ਮਾਨਸਾ ਅਤੇ ਨਾਲ ਲਗਦੇ ਇਲਾਕਿਆਂ ਵਿਚ ਕੈਂਸਰ ਅਤੇ ਕਾਲਾ ਪੀਲੀਆ ਨੇ ਜੜਾਂ ਪਸਾਰ ਲਈਆਂ ਹਨ।ਸਰਕਾਰਾਂ ਦੀਆਂ ਹਜਾਰ ਕੋਸ਼ਿਸ਼ਾਂ ਦੇ ਬਾਵਜੂਦ ਉੱਥੋ ਦੇ ਲੋਕ ,ਖਾਸ ਕਰਕੇ ਗਰੀਬ ਬਾਸ਼ਿੰਦੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਤੇ ਇਲਾਜ ਮਹਿੰਗਾ ਹੋਣ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ।

ਭੋਜਨ-ਪਾਣੀ ਵਿਚ ਜਹਿਰ ਸਿਖਰਾਂ ‘ਤੇ ਹੈ, ਛੇ ਮਹੀਨੇ ਦੀ ਫਸਲ ਉਪਰ ਪਤਾ ਨਹੀਂ ਕਿੰਨੀ ਵਾਰ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਹੁੰਦਾ ਹੈ ਜੋ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ, ਉਹੀ ਫਸਲ ਨੂੰ ਅਸੀ ਅੰਨ ਦੇ ਰੂਪ ਵਿਚ ਖਾਦੇ ਹਾਂ ਅਤੇ ਕਪੜੇ ਦੇ ਰੂਪ ਵਿਚ ਪਹਿਨਦੇ ਹਾਂ।ਫਲਾਂ,ਸਬਜੀਆਂ,ਦਾਲਾਂ ਉਪਰ ਤਾਂ ਜਹਿਰਾਂ ਦਾ ਛਿੜਕਾਅ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ।ਫਲਾਂ,ਸਬਜੀਆਂ ਨੂੰ ਜਲਦੀ ਤਿਆਰ ਕਰਨ ਲਈ ਰਸਾਇਣਾਂ ਦੀ ਵਰਤੋਂ ਜੋਰਾਂ ਸ਼ੋਰਾਂ ਨਾਲ ਚਲ ਰਹੀ ਹੈ।ਅਜਿਹਾ ਖਾਣਾ ਖਾਣ ਵਾਲੇ ਲੋਕ ਤੰਦਰੁਸਤ ਕਿਵੇਂ ਰਹਿ ਸਕਦੇ ਹਨ? ਜਿਉਂਦਾ ਰਖਣ ਵਾਲੀ ਵਸਤੂ ਹੀ ਜਦ ਜਹਿਰ ਬਣ ਗਈ ਤਾਂ ਜ਼ਿੰਦਗੀ ਕਦੋਂ ਤੱਕ ਰਹੇਗੀ; ਜਦੋਂ ਤਕ ਅਸੀ ਆਪਣਾ ਖਾਣਾ ਪੀਣਾ ਸ਼ੁੱਧ ਨਹੀਂ ਕਰਦੇ , ਬੀਮਾਰੀਆਂ ਦੀ ਮਾਰ ਪੈਂਦੀ ਰਹੇਗੀ।ਇਹ ਗੱਲ੍ਹ ਨਹੀਂ ਕਿ ਅੱਜ ਡਾਕਟਰਾਂ ਜਾਂ ਹਸਪਤਾਲਾਂ ਦੀ ਕਮੀ ਹੈ ਫਿਰ ਵੀ ਲੋਕ ਬੀਮਾਰ ਕਿਉਂ ਹਨ।ਹਰ ਸਾਲ ਲੋਕ ਕਰੋੜਾਂ ਰੁਪਏ ਦੀਆਂ ਦਵਾਈਆਂ ਖਾਂਦੇ ਹਨ ਤੰਦਰੁਸਤੀ ਫਿਰ ਵੀ ਨਹੀਂ। ਪਰ ਜੇ ਉਹ ਚਾਹੁਣ ਤਾਂ ਇਸ ਤੋਂ ਬਚਾਅ ਸੰਭਵ ਹੈ। ਖੇਤੀ ਵਿਚ ਹੁਣ ਫਸਲ ਵਭਿੰਨਤਾ ਦੀ ਬਹੁਤ ਜ਼ਿਆਦਾ ਲੋੜ ਹੈ, ਜਿਸ ਨਾਲ ਜਮੀਨੀ ਹੇਠਲੇ ਪਾਣੀ ਅਤੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ। ਅੱਜ ਜ਼ਿਆਦਾਤਰ ਜ਼ਮੀਨ ਮਾਰੂਥਲ ਵਿਚ ਤਬਦੀਲ ਹੋ ਰਹੀ ਹੈ।

ਜੇਕਰ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਭੀ ਰੇਗਿਸਤਾਨ ਦਾ ਰੂਪ ਧਾਰਨ ਕਰ ਜਾਵੇਗਾ।ਹਰਿਆਲੀ, ਖੁਸ਼ਹਾਲੀ ਬਾਬੇ ਆਦਮ ਵੇਲੇ ਦੀਆਂ ਕਹਾਣੀਆਂ ਬਣ ਜਾਣਗੀਆਂ। ਕਣਕ ਜਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਪਾਬੰਦੀ ਸਖਤੀ ਨਾਲ ਲਾਗੂ ਕੀਤੀ ਜਾਵੇ। ਇਸਨੂੰ ਸਾੜਨ ਨਾਲ ਮਿੱਤਰ ਕੀਟਾਂ ਦਾ ਅੰਤ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਪ੍ਰਦੂਸ਼ਣ ਦਾ ਤਾਂ ਕਹਿਣਾ ਹੀ ਕੀ ਹੈ। ਉਹ ਲੋਕ ਤਾਂ ਅਗ ਲਗਾ ਕੇ ਆਪਣਾ ਕੰਮ ਮੁਕਾ ਦਿੰਦੇ ਹਨ, ਪਰ ਕਦੇ ਸਾਹ, ਦਮੇ ਦੇ ਮਰੀਜ ਨੂੰ ਪੁਛੋ ਤਾਂ ਸਹੀ ਉਸ ਉਪਰ ਕੀ ਬੀਤਦੀ ਹੈ। ਉਸਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਨਿਕਲੇ ਅਣਜਲੇ ਕਾਰਬਨ, ਕਾਰਬਨ ਮੋਨੋਅਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ।ਇਨ੍ਹਾਂ ਵਿਚ ਕਾਰਬਨ ਮੋਨੋਅਕਸਾਈਡ ਦੀ ਮਾਤਰਾ ਲਗਭਗ 75 ਫੀਸਦੀ ਹੁੰਦੀ ਹੈ।ਤੰਬਾਕੂਨੋਸ਼ੀ ਕਰਨ ਵਾਲੇ ਵੀ ਇਸਦੀ ਵਰਤੋਂ ਕਰਕੇ ਲਗਾਤਾਰ ਹਵਾ ਵਿਚ ਜ਼ਹਿਰ ਘੋਲ ਰਹੇ ਹਨ।ਉਹ ਆਪ ਤਾਂ ਸਾਹ ਦਮੇ ਦੇ ਸ਼ਿਕਾਰ ਹੋਣਗੇ ਨਾਲ ਦੂਜਿਆਂ ਨੂੰ ਵੀ ਇਸਦੀ ਚਪੇਟ ਵਿਚ ਲੈਣਗੇ।ਕਾਰਪੋਰੇਟ ਘਰਾਣਿਆਂ ਦੇ ਉਦਯੋਗਾਂ ਦਾ ਵੀ ਪ੍ਰਦੂਸ਼ਣ ‘ਚ ਅਹਿਮ ਰੋਲ ਹੈ।ਸਰਮਾਇਆ ਅਤੇ ਸਿਆਸੀ ਪਹੁੰਚ ਕਾਰਨ ਇਹ ਆਪਹੁਦਰੀਆਂ ਕਰ ਰਹੇ ਹਨ।

ਹਵਾ ਪਾਣੀ ਵਿਚ ਵਧਦੀ ਸਲਫਰ ਡਾਈਆਕਸਾਈਡ, ਨਾਈਟਰੋਜਨ ਅਕਸਾਈਡ, ਹਾਈਕਲੋਰਿਕ ਐਸਿਡ ਦੇ ਜਹਿਰੀਲੇ ਤੱਤਾਂ ਨੇ ਤੇਜ਼ਾਬੀ ਵਰਖਾ ਨੂੰ ਸਦਾ ਦਿਤਾ ਹੈ। ਹੁਣ ਤਕ ਸਭ ਤੋਂ ਤੇਜਾਬੀ ਵਰਖਾ ਵੈਸਟ ਵਰਜੀਨਿਆ ਵਿਚ ਹੋਈ ਜਿਸਦਾ ਪੀਐਚ ਮੁੱਲ 1.5 ਸੀ। ਜਰਮਨੀ, ਸਵੀਡਨ, ਰੋਮਾਨੀਆ ਅਤੇ ਪੋਲੈਂਡ ਜਿਹੇ ਦੇਸਾਂ ਵਿਚ ਪੰਜਾਹ ਫੀਸਦੀ ਕੁਦਰਤੀ ਜੰਗਲ ਤੇਜਾਬੀ ਵਰਖਾ ਨੇ ਨਸ਼ਟ ਕਰ ਦਿਤੇ ਹਨ। ਇਸ ਨੇ ਤਾਂ ਤਾਜ ਮਹਲ ਨੂੰ ਵੀ ਨਹੀਂ ਬਖਸ਼ਿਆ ਉਸਦੀ ਸੁੰਦਰਤਾ ਨੂੰ ਦਾਗ ਲਗਣੇ ਸ਼ੁਰੂ ਹੋ ਗਏ ਹਨ।ਵਧਦੀਆਂ ਗੈਸਾਂ ਅਤੇ ਧੂੜ ਨੇ ਧਰਤੀ ਨੂੰ ਵਧੇਰੇ ਗਰਮ ਹੋਣ ਲਈ ਮਜਬੂਰ ਕੀਤਾ ਹੈ, ਹਰ ਸਾਲ ਤਾਪਮਾਨ ਲਗਭਗ 0.6 ਸੈਲੀਅਸ ਦੀ ਦਰ ਨਾਲ ਵਧ ਰਿਹਾ ਹੈ, ਜਿਸਨੇ ਹਰਾ ਗ੍ਰਹਿ ਪ੍ਰਭਾਵ ਨੂੰ ਜਨਮ ਦਿਤਾ ਹੈ ਅਤੇ ਆਲਮੀ ਤਪਸ਼ ਦਾ ਖਤਰਾ ਵਧਾ ਦਿਤਾ ਹੈ। ਆਉਣ ਵਾਲੇ ਸਮੇਂ ‘ਚ ਧਰਤੀ ਦਾ ਤਾਪਮਾਨ ਦੋ ਤੋਂ ਚਾਰ ਡਿਗਰੀ ਵੱਧ ਜਾਵੇਗਾ।ਗਲੇਸ਼ੀਅਰਾਂ ਦਾ ਪਿਘਲਣਾ ਜਾਰੀ ਹੈ, ਗੰਗੋਤਰੀ ਗਲੇਸੀਅਰ ਦੇ ਪਿਘਲਣ ਦੀ ਦਰ ਹੁਣ ਤੀਹ ਮੀਟਰ ਪ੍ਰਤੀ ਸਾਲ ਹੈ।ਸਮੁੰਦਰਾਂ ਦੇ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜਿਸ ਕਰਕੇ ਹੜ, ਸੁਨਾਮੀ ਆਮ ਹੋ ਜਾਣਗੇ।ਬੇਮੌਸਮੀ ਬਰਸਾਤ, ਗਰਮੀ ਸਰਦੀ ਨੇ ਫਸਲਾਂ ਦੇ ਝਾੜ ਉੱਪਰ ਵੀ ਡੂੰਘਾ ਅਸਰ ਪਾਇਆ ਹੈ।

ਸੰਨ 1985 ਵਿਚ ਪਹਿਲੀ ਵਾਰ ਅੰਟਾਰਟਿਕਾ ਵਿਖੇ ਓਜੋਨ ਵਿਚ ਸੁਰਾਖ (ਓਜ਼ੋਨ ਦੀ ਘਣਤਾ ਘਟਣਾ) ਫਾਰਮੈਨ ਐਟ ਅਲ ਵਿਗਿਆਨੀ ਨੇ ਖੋਜਿਆ ਸੀ।ਸੰਨ 1992 ਵਿਚ ਇਹ ਸੁਰਾਖ ਤੇਈ ਮਿਲੀਅਨ ਸਕੇਅਰ ਕਿਲੋਮੀਟਰ ਸੀ ਤੇ 2002 ਵਿਚ ਅਠਾਈ ਮਿਲੀਅਨ ਸਕੇਅਰ ਕਿਲੋਮੀਟਰ ਹੋ ਗਿਆ।ਇਕ ਛੋਟਾ ਸੁਰਾਖ 1990 ਵਿਚ ਉੱਤਰੀ ਪੋਲ ‘ਤੇ ਵੀ ਵੇਖਿਆ ਗਿਆ।ਹੁਣ ਪਰਾਵੈਂਗਣੀ ਕਿਰਨਾਂ ਦਾ ਧਰਤੀ ‘ਤੇ ਪਹੁੰਚਣਾ ਜਾਰੀ ਹੈ, ਜਿਸਦੇ ਗੰਭੀਰ ਨਤੀਜੇ ਸੁਣ ਕੇ ਲੂ ਕੰਡੇ ਖੜੇ ਹੋ ਜਾਦੇ ਹਨ।ਵਿਗਿਆਨਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਬਹੁਤ ਜ਼ਿਆਦਾ ਲੋਕ ਚਮੜੀ ਦੇ ਕੈਂਸਰ ਅਤੇ ਅੰਨੇਪਣ ਦਾ ਸ਼ਿਕਾਰ ਹੋਣਗੇ।ਪ੍ਰਮਾਣੂ ਤਜਰਬਿਆਂ ਤੇ ਸੁਰਖਿਆ ਦੇ ਸਾਜੋ ਸਮਾਨ ਨੇ ਵੀ ਪ੍ਰਦੂਸ਼ਣ ਵਿਚ ਵਾਧਾ ਕੀਤਾ ਹੈ।ਨਾਗਾਸਾਕੀ-ਹੀਰੋਸ਼ਿਮਾ ‘ਤੇ ਹੋਈ ਪ੍ਰਮਾਣੂ ਬੰਬਾਰੀ ਅਤੇ ਭੋਪਾਲ ਗੈਸ ਦੁਰਘਟਨਾ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ, ਜਿਸਨੇ ਲੱਖਾਂ ਨਿਰਦੋਸ਼ ਲੋਕਾਂ ਨੂੰ ਮੌਤ ਦੀ ਸੁਲਾ ਦਿਤਾ ਸੀ ਅਤੇ ਕਿੰਨਿਆਂ ਨੂੰ ਜੀਵਨ ਭਰ ਲਈ ਅਪਾਹਿਜ ਬਣਾ ਦਿਤਾ ਸੀ।ਅੱਜ ਵੀ ਇਸਦਾ ਅਸਰ ਉੱਥੋਂ ਦੇ ਲੋਕਾਂ ‘ਚ ਮੌਜੂਦ ਹੈ।ਡੀ.ਡੀ.ਟੀ ‘ਤੇ ਭਾਰਤ ਸਰਕਾਰ ਨੇ 1985 ਵਿਚ ਪਾਬੰਦੀ ਲਗਾਈ ਜਿਸਨੇ ਸਮੁੰਦਰੀ ਜੀਵਨ ਤੇ ਪ੍ਰਿਥਵੀ ਜੀਵਨ ਨੂੰ ਕਾਫੀ ਹੱਦ ਤਕ ਨੁਕਸਾਨ ਪਹੁੰਚਾਇਆ।ਐਨੇ ਸਾਲਾਂ ਬਾਅਦ ਵੀ ਇਸਦੀ ਕੁਝ ਮਾਤਰਾ ਜੀਵਾਂ ਵਿਚ ਮੌਜੂਦ ਹੈ।

ਹੁਣ ਉਹ ਸਮਾਂ ਆ ਗਿਆ ਹੈ ਕਿ ਅਸੀ ਆਪਣੇ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਨੂੰ ਸਮਝੀਏ ਤੇ ਇਸਨੂੰ ਪ੍ਰਦੂਸ਼ਣ ਮੁਕਤ ਬਣਾਉਣ ‘ਚ ਆਪਣਾ ਬਣਦਾ ਯੋਗਦਾਨ ਦੇਈਏ।ਖਾਣ ਵਾਲੀਆਂ ਵਸਤਾਂ ‘ਚ ਮਿਲਾਵਟ ਕਰਨ ਵਾਲੇ ਮਿਲਾਵਟਖੋਰਾਂ ਦੇ ਖਿਲਾਫ ਸਿਹਤ ਅਮਲਾ ਕਾਰਵਾਈ ਕਰਦਾ ਹੈ ਤੇ ਲੋਕ ਵੀ ਰੌਲਾ ਪਾਉਦੇਂ ਹਨ, ਪਰ ਉਨ੍ਹਾਂ ਮਿਲਾਵਟਖੋਰਾਂ ਦੇ ਖਿਲਾਫ ਅਵਾਜ਼ ਨਹੀਂ ਉੱਠਦੀ ਜੋ ਆਪਣੇ ਨਿੱਜੀ ਹਿਤਾਂ ਲਈ ਸਾਡੀਆਂ ਮਾਵਾਂ ਸਮਾਨ ਨਦੀਆਂ ਅਤੇ ਵਾਤਾਵਰਨ ਵਿੱਚ ਜਹਿਰਾਂ ਘੋਲ ਰਹੇ ਹਨ।ਕੁਦਰਤ ਨਾਲ ਛੇੜਛਾੜ ਕਿੰਨੀ ਮਹਿੰਗੀ ਪੈ ਸਕਦੀ ਹੈ, ਇਹ ਕੁਦਰਤ ਨੇ ਕਿੰਨੀ ਵਾਰ ਸਾਬਿਤ ਕਰ ਦਿਤਾ ਹੈ, ਫਿਰ ਵੀ ਅਸੀ ਉਸ ਨਾਲ ਛੇੜਛਾੜ ‘ਚ ਕਮੀ ਕਰਨ ਦੀ ਬਜਾਇ ਹੋਰ ਤੇਜ਼ ਕਰ ਦਿੱਤੀ ਹੈ, ਜਿਸਦਾ ਖਾਮਿਆਜ਼ਾ ਤਬਾਹੀ ਹੋਵੇਗਾ।ਹੁਣ ਅਸੀਂ ਲਗਭਗ ਤਬਾਹੀ ਦੀ ਮੰਜ਼ਿਲ ਦੇ ਬਿਲਕੁਲ ਨੇੜੇ ਹਾਂ।ਤਬਾਹੀ ਹਰ ਹਾਲਤ ਵਿਚ ਹੋਵੇਗੀ ਤੇ ਉਹ ਦਿਨ ਦੂਰ ਨਹੀਂ॥

- ਲੇਖਕ ਮੈਡੀਕਲ ਦੇ ਵਿਦਿਆਰਥੀ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ