Sat, 05 October 2024
Your Visitor Number :-   7229306
SuhisaverSuhisaver Suhisaver

ਜਾਤ ਤੋਂ ਉੱਪਰ ਸਮਾਜ - ਵਰਗਿਸ ਸਲਾਮਤ

Posted on:- 24-01-2015

suhisaver

ਜਿਸ ਦਿਨ ਤੋਂ ਦੇਸ਼ ਦੀ ਸੱਤਾ ਬਦਲੀ ਹੈ, ਇਕ ਅਲਗ ਤਰ੍ਹਾਂ ਦਾ ਨਿਜ਼ਾਮ ਨਾ ਰੁਕਣ ਵਾਲਾ ਜ਼ਰਕਾਣ ਬਣ ਕੇ ਦੇਸ਼ ਦੀ ਫ਼ਿਜ਼ਾ ‘ਚ ਘੁਲ ਰਿਹਾ ਹੈ। ਜਾਤੀਵਾਦ, ਫਾਸੀਵਾਦ, ਵਰਣਵਾਦ, ਵਰਗਵਾਦ, ਧਰਮਵਾਦ ਅਤੇ ਭਾਸ਼ਾਵਾਦ ਖੁੱਲੀਆਂ ਅਜੰਸੀਆਂ ਵਾਂਗ ਕੰਮ ਕਰ ਰਹੀਆਂ। ਮਨੁੱਖ ਨੂੰ ਧਰਮਮਨੁੱਖ ਬਣਾਉਦੀਆਂ ਧਰਮਨਿਰਪਖ ਦੇਸ਼ ‘ਚ ਧਰਮ ਦੀਆਂ ਦੁਕਾਨਾਂ ਹੁਣ ਮਾਲ ‘ਚ ਬਦਲ ਚੁੱਕੀਆਂ ਹਨ ਅਤੇ ਪਹੁੰਚ ਰਹੀਆਂ ਹੋਮ ਡਲੀਵਰੀ ਵਾਂਗ ਸਰਕਾਰੀ ਅਦਾਰਿਆਂ ਦਰਬਾਰਿਆਂ ‘ਚ ਵੀ ਧਰਮ ਦੀ ਮੰਡੀ ਦਾ ਸਮਾਨ ਲੈ ਕੇ। ਚਾਹੀਦਾ ਤਾਂ ਇਹ ਹੈ ਕਿ ਦੇਸ਼ ਦਾ ਝੰਡਾ ਧਰਮ ਦੇ ਝੰਡੇ ਉਪਰ ਫਹਿਰਾਉਂਦਾ ਪਰ ਪਦਾਰਥਕ ਅਤੇ ਭਾਵਾਤਮਕ ਤੌਰ ਤੇ ਅੱਛੇ ਦਿਨਾਂ ਦਾ ਸੁਫਨਾ ਅੱਖ ਝਮਕਿਆਂ ਹੀ ਹਵਾ ਹੋ ਗਿਆ ਅਤੇ ਛੱਡ ਰਿਹਾ ਸਵਾਲ ‘ਤੇ ਸਵਾਲ।

1928 ‘ਚ “ਅਛੂਤ ਦਾ ਸਵਾਲ” ਸਿਰਲੇਖ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਲੇਖ ਛਪਿਆ ਜੋ ਅਜੋਕੇ ਪ੍ਰਸੰਗ ‘ਚ ਵੀ ਵਿਸ਼ੇਸ਼ ਤਵੱਜੋ ਦੀ ਮੰਗ ਕਰਦਾ ਹੈ। 85-86 ਸਾਲ ਪਹਿਲਾਂ ਇਹ ਲੇਖ 30 ਕਰੋੜ ਭਾਰਤੀਆਂ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਅੱਜ ਵੀ 125 ਕਰੋੜ ਭਾਰਤੀਆਂ ਸਾਹਮਣੇ ਫਿਨ ਫੈਲਾਈ ਜ਼ਹਰੀਲੇ ਨਾਗ ਵਾਂਗ ਖੜਾ ਹੈ। ਉਹਨਾਂ ਉਸ ਸਮੇਂ ਦੀਆਂ ਪ੍ਰਸਥਿਤੀਆਂ ਅਤੇ ਮੁਲਕ ਦੇ ਬੁਨਿਅਦੀ ਸਮਾਜਿਕ ਤਬਦੀਲੀ ਦੇ ਅਮਲ ਅੰਦਰ ਜਾਤਪਾਤ ਦੇ ਇਸ ਸਵਾਲ ਨੂੰ ਕਿੰਨੀ ਸ਼ਿਦੱਤ, ਫਿਕਰਮੰਦੀ ਅਤੇ ਸੰਵੇਦਨਸ਼ੀਲਤਾ ਨਾਲ ਉਠਾਇਆ।

“ਜਿੰਨੀ ਭੈੜੀ ਹਾਲਤ ਸਾਡੇ ਮੁਲਕ ਦੀ ਐ-ਨਹੀਂ ਹੋਣੀ ਕਿਸੇ ਹੋਰ ਮੁਲਕ ਦੀ ਐਸੀ ਭੈੜੀ ਹਾਲਤ। ਅਜੀਬ ਤੋਂ ਅਜੀਬ ਸਵਾਲ ਪੈਦਾ ਹੋਏ ਹੁੰਦੇ ਐਥੇ। ਇਕ ਬੜਾ ਭਾਰੀ ਸਵਾਲ ਅਛੂਤ ਦਾ ਐ। ਸਵਾਲ ਪਤਾ ਕੀ ਕੀਤਾ ਜਾਂਦੈ, ਅਖੇ ਇਸ 30 ਕਰੋੜ ਅਬਾਦੀ ਵਾਲੇ ਮੁਲਕ ‘ਚ, ਜੋ 6 ਕਰੋੜ ਆਦਮੀ ਰਹਿੰਦੇ ਐ, ਜਿਹਨਾਂ ਨੂੰ ਅਛੂਤ ਕਿਹਾ ਜਾਂਦੈ- ਉਹਨਾਂ ਨੂੰ ਛੂਹਣ ਨਾਲ ਧਰਮ ਤਾਂ ਨਹੀਂ ਭਿੱਟਿਆ ਜਾਊ? ਜੇ ਕਿਤੇ ਉਹਨਾਂ ਨੂੰ ਮੰਦਰਾਂ ‘ਚ ਵੜਨ ਦਿੱਤਾ, ਕਿਤੇ ਦੇਵਤੇ ਤਾਂ ਨੀਂ ਰੁੱਸ ਜਾਣਗੇ? ਝੇ ਉਹਨਾਂ ਖੂਹ ‘ਚੋਂ ਪਾਣੀ ਕੱਢ ਲਿਆ, ਕਿਤੇ ਖੂਹ ਪਲੀਤ ਤਾਂ ਨ੍ਹੀਂ ਹੋਜੂ? ਇਹ ਸਵਾਲ ਕੀਤੇ ਜਾ ਰਹੇ ਐ, ਤੇ ਕੀਤੇ ਵੀ ਜਾ ਰਹੇ ਐ 20ਵੀਂ ਸਦੀ ‘ਚ। ਸ਼ਰਮ ਆਉਂਦੀ ਐ ਐਸੇ ਸਵਾਲਾਂ ਨੂੰ ਸੁਣਦਿਆਂ। ਸਾਡਾ ਮੁਲਕ ਤਾਂ ਬੜਾ ਈ ਅਧਿਆਤਮਵਾਦੀ ਯਾਨੀ ਕਿ ਰੂਹਾਨੀਅਤ ਪਸੰਦ ਮੁਲਕ ਐ, ਪਰ ਅਸੀ…… ਅਸੀ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋ ਵੀ ਝਕਦੇ ਆ ਔਰ ਉਹ ਯੂਰਪ ਜੀਹਨੂੰ ਸਾਰੇ ਈ ਕਹਿੰਦੇ ਆਂ, ਕਿ ਉਹ ਤਾਂ ਭਈ ਮਾਇਆਵਾਦੀ ਐ…ਉਹਨਾਂ ਨੇ ਸਦੀਆਂ ਤੋਂ ਬਰਾਬਰੀ ਅਤੇ ਇਕਸਾਰਤਾ ਦਾ ਐਲਾਨ ਕੀਤਾ ਹੋਇਐ।”

ਸ਼ਹੀਦੇ ਆਜ਼ਮ ਦੇ ਕਰੀਬੀ ਮਿਤੱਰਾਂ ਨੇ ਆਪਣੇ ਲੇਖਾਂ ‘ਚ ਗਵਾਹੀ ਦਿੰਦਿਆਂ ਕਿਹਾ ਹੈ ਕਿ ਭਗਤ ਸਿੰਘ ਬਹੁਤ ਪੜਦਾ ਸੀ, ਉਸਦੀ ਜੇਬ ਜਾਂ ਹਥ ਹਰ ਵੇਲੇ ਕੋਈ ਨਾ ਕੋਈ ਕਿਤਾਬ ਹੁੰਦੀ ਸੀ। ਇਸ ਲਈ ਉਹ ਹਰ ਮਸਲੇ ਨੂੰ ਗੰਬੀਰਤਾ ਨਾਲ ਵਿਗਿਆਨਕ ਅਤੇ ਤੁਲਨਾਤਮਕ ਸੋਚਦਾ ਸੀ। ਉਹਨਾਂ ਨੇ ਸਥਾਪਤੀ ਦੀ ਇਸ ਪਿਛਾਖੜੀ ਦੀ ਵਿਚਾਰਧਾਰਾ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਲਈ ਅਛੂਤ ਦੇ ਮਸਲੇ ਤੇ ਭਾਰਤੀ ਅਧਿਆਤਮਵਾਦ ਅਤੇ ਰੂਹਾਨੀਵਾਦ ‘ਚ ਮਨੁੱਖਾਂ ਦੀ ਦਰਜਾਬੰਦੀ ਨੂੰ ਪੜਦਿਆਂ ਉਹਨਾਂ ਨੇ ਯੁਰੋਪ ਦੀ ਇਕਸਾਰਤਾ ਅਤੇ ਬਰਾਬਰੀ ਦੀ ਤਰੀਫ ਕੀਤੀ ਹੈ ਅਤੇ ਅਸੀ ਅਜੇ ਵੀ ਛੂਤ- ਅਛੂਤ ਦੇ ਰੇੜਕੇ ‘ਚ ਧਰਮ ਨੂੰ ਰਿੜਕ ਰਹੇ ਹਾਂ ਜਾਂ ਧਰਮ ਦੇ ਰੇੜਕੇ ‘ਚ ਛੂਤ- ਅਛੂਤ ਰਿੜਕ ਰਹੇ ਹਾਂ।

ਵਰਗ ਵੰਡ ਦੇ ਭਾਰਤੀ ਸਮਾਜ ‘ਚ ਹਿੰਦੂ ਆਪਣੇ ਆਪ ਨੂੰ ਸਵਰਨ ਮਨੰਦੇ ਹੋਏ, ਆਪਣੇ ਇਸ ਕਟੜਵਾਦ ‘ਚ ਜਿਸਨੂੰ ਛੂਹਣ ਨਾਲ ਧਰਮ ਭੱਟਿਆ ਜਾਵੇ, ਉਸਨੂੰ ਅਛੂਤ ਮਨੰਦੇ ਸਨ। ਹਜਾਰਾਂ ਸਾਲਾਂ ਤੋਂ ਇਸ ਕੁਰੀਤੀ ਨੇ ਕਰੌੜਾਂ ਲੋਕਾਂ ਨੂੰ ਵਖ-ਵਖ ਤਰ੍ਹਾਂ ਦੇ ਮਾਨਸਿਕ ਅਤੇ ਸ਼ਰੀਰਕ ਤਸੀਹੇ ਦੇ ਦੇ ਮਾਰਿਆ। ਸਮਾਜ ਦਾ ਐਨਾ ਵਡਾ ਵਿਗਾੜ ਕੇ ਉਹਨਾਂ ਹਕ ਵਿਹੁਣੇ ਲੋਕਾਂ ਦੇ ਕੰਨਾਂ ਚ ਗਰਮ ਸਿੱਕਾ ਪਾਉਣਾਂ, ਮਗਰ ਪੁਛਲ ਛਾਪੇ ਬਨੰਣਾ, ਗਾਲੀ ਗਲੋਚ ਅਤੇ ਮਾਰ ਕੁਟ ਉਹਨਾਂ ਦੀ ਜਿੰਦਗੀ ਦਾ ਹਿਸਾ ਬਣਾ ਦਿਤਾ। ਇਹ ਪੜ ਸੁਣ ਕੇ ਹਰ ਇਕ ਬੰਦੇ ਨੂੰ ਅਜ ਵੀ ਨਫਰਤ ਪੈਦਾ ਹੁੰਦੀ ਹੈ। ਭਗਤ ਸਿੰਘ ਆਪਣੀ ਲਿਖਤ “ਮੈਂ ਨਾਸਤਿਕ ਕਿਉਂ ਹਾਂ” ਵਿਚ ਕਹਿੰਦਾ ਹੈ ਕਿ ਰਬ ਦੀ ਹੋਂਦ ਨੂੰ ਮੈਂ ਉਸਦੇ ਨਾਂ ਉਤੇ ਸ਼ੋਸ਼ਣ ਕਰਨ ਵਾਲਿਆਂ ਦੀ ਹੀ ਕਾਢ ਮੰਨਦਾ ਹਾਂ, ਜਿਹੜੇ ਲੋਕ ਮਨੁਖਾਂ ਨੂੰ ਆਪਣੀ ਗੁਲਾਮੀ ਦੇ ਜਾਲ ਹੇਠ ਰਖਣਾ ਚਾਹੁੰਦੇ ਹਨ।

ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਗੁਰੂਆਂ, ਪੈਗੰਬਰਾਂ, ਭਗਵਾਨਾਂ ਆਦਿ ਜਿਹਨਾਂ ਨੂੰ ਅਸੀਂ ਮੰਨਦੇ ਅਤੇ ਪੂਜਦੇ ਹਾਂ ਉਹਨਾਂ ਨੇ ਆਪਣੇ ਸਮੇਂ ਦੀਆਂ ਪ੍ਰਸਥਿਤੀਆਂ ਦੇ ਉਲਟ ਸਮਾਜ ਚ ਸ਼ਰੇ ਆਮ ਛੂਤ-ਛਾਤ ਦਾ ਵਿਰੋਧ ਕੀਤਾ ਅਤੇ ਅਛੂਤਾਂ ਨਾਲ ਰਹਿ ਕੇ, ਉਹਨਾਂ ਵਿਚ ਜੀਵਨ ਵਿਚਰ ਕੇ ਇਸ ਕੁਰੀਤੀ ਦਾ ਟੋਟਲ ਖੰਡਨ ਕੀਤਾ ਅਤੇ ਮਨੁਖਾਂ ਵਿਚ ਬਰਾਬਰੀ ਅਤੇ ਇਕਸਾਰਤਾ ਦਾ ਸੰਦੇਸ਼ ਦਿੱਤਾ। ਸ਼੍ਰੀ ਰਾਮ ਜੀ ਨੇ ਇਕ ਆਦਰਸ਼ ਰਾਜਾ ਹੁੰਦਿਆਂ, ਇਕ ਗਰੀਬ ਭੀਲਣੀ ਔਰਤ ਦੇ ਜੂਠੇ ਬੇਰ ਖਾਦੇ, ਭਗਵਾਨ ਸ਼੍ਰੀ ਕ੍ਰਿਸ਼ਨ ਸੁਦਾਮੇ ਤੋਂ ਆਪਣੀ ਜਾਨ ਵਾਰਦੇ ਸਨ, ਭਗਵਾਨ ਸ਼ਿਵ ਜੀ ਦੇ ਨਾਲ ਹਰ ਤਰ੍ਹਾਂ ਦੇ ਪਛੂ ਪੰਛੀ ਅਤੇ ਜੀਵ ਸਨ, ਯੀਸ਼ੂ ਮਸੀਹ ਨੇ ਆਪ ਅਛੂਤਾਂ ਦੀ ਬਸਤੀ ‘ਚ ਜਾ ਕੇ ਇਕ ਸਾਮਰੀ ਜਾਤ ਦੀ ਔਰਤ ਤੋਂ ਆਪ ਪਾਣੀ ਮੰਗ ਕੇ ਪੀਤਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਹਰ ਵੇਲੇ ਬਾਲਾ ਅਤੇ ਮਰਦਾਨਾ ਰਹਿੰਦੇ ਸਨ ਅਤੇ ਸੰਗਤ ਕਰਦੇ ਸਨ। ਮੁਹੰਮਦ ਸਾਹਿਬ ਖੁਦ ਆਪ ਮਜ਼ਲੂਮਾਂ ਅਤੇ ਗਰੀਬਾਂ ‘ਚ ਰਿਹ ਕੇ ਸੇਵਾ ਕਰਦੇ ਰਹੇ ਅਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ ਵੱਖ ਜਾਤਾਂ ‘ਚੋਂ ਪੰਜ ਪਿਆਰਿਆਂ ਦੀ ਸਥਾਪਨਾ ਕਰਕੇ ਸਿਖ ਧਰਮ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਅਤੇ ਜਾਤਪਾਤ ਨੂੰ ਮੁੱਢੋਂ ਖਤੱਮ ਕੀਤਾ। ਮਹਾਤਮਾ ਬੁੱਧ ਨੂੰ ਹਰ ਵੇਲੇ ਅਛੂਤਾਂ ਨਾਲ ਹੋ ਰਿਹਾ ਅਪਮਾਨ ਸਤਾਉਂਦਾ ਰਹਿੰਦਾ ਸੀ। ਬੁਲੇਸ਼ਾਹ, ਬਾਬਾ ਫਰੀਦ, ਕਬੀਰ ਅਤੇ ਰਹੀਮ ਆਦਿ ਨੇ ਏਸ ਕੁਰੀਤੀ ਦਾ ਤਿੱਖਾ ਵਿਰੋਧ ਕੀਤਾ।

ਸ਼ਹੀਦੇ ਆਜ਼ਮ ਭਗਤ ਸਿੰਘ ਜੀ ਨੇ ਜੇਲ ਵਿਚ ਆਪਣੀ ਫਾਂਸੀ ਦੇ ਆਖਰੀ ਵੇਲੇ ਜੇਲ ‘ਚ ਪਖਾਨਿਆਂ ਦੀ ਸਫਾਈ ਕਰਨ ਵਾਲੀ ਅਛੂਤ ਬਜ਼ੂਰਗ ਔਰਤ ਨੂੰ ਮਾਂ ਦਾ ਦਰਜਾ ਦੇ ਕੇ ਉਸਦੇ ਹੱਥ ਦੀ ਬਣੀ ਰੋਟੀ ਖਾਣ ਦੀ ਆਖਰੀ ਇਛਾ ਜਤਾਈ ਅਤੇ ਇਹ ਵੀ ਕਿਹਾ ਕਿ ਜੇ ਗੰਦ ਚੁੱਕਣਾ ਅਛੂਤ ਦਾ ਹੀ ਕੰਮ ਹੈ ਤਾਂ ਮੇਰੀ ਮਾਂ ਜਿਸਨੇ ਮੇਰਾ ਗੰਦ ਚੁੱਕਿਆ ਹੈ ਉਹ ਵੀ ਅਛੂਤ ਹੈ ਅਤੇ ਹਰ ਉਹ ਮਾਂ ਅਛੂਤ ਹੈ ਜੋ ਆਪਣੀ ਔਲਾਦ ਦਾ ਗੰਦ ਸਾਫ ਕਰਦੀ ਹੈ। ਸ਼ਹੀਦੇ ਆਜ਼ਮ ਇਸ ਮਨੂਖੀ ਬੇਇੰਸਾਫੀ ‘ਤੇ ਹੋਰ ਘੋਰ ਤਿੱਖੀ ਟਿਪਣੀ ਕਰਦੇ ਹਨ ਕਿ ਕੁੱਤੇ ਨੂੰ ਤਾਂ ਅਸੀ ਝੁਮਦੇ ਚਟਦੇ ਅਤੇ ਝੋਲੀ ਵਿਚ ਬਿਠਾਉਂਦੇ ਹਾਂ, ਪਰ ਆਦਮੀ ਦੇ ਛੂਹਣ ਨਾਲ ਸਾਡਾ ਧਰਮ ਭਟਿਆ ਜਾਂਦਾ ਹੈ……ਫਿਰ ਇਹ ਸਾਡਾ ਦੋਗਲਾ ਵਤੀਰਾ ਹੀ ਹੋਇਆ ਜਾਂ ਫਿਰ ਬਹੂਮਖੌਟਿਆਂ ਵਾਲਾ ਚਿਹਰਾ ਹੋਇਆ ਕਿ ਅਸੀ ਜਿਨ੍ਹਾਂ ਨੂੰ ਮੰਨਦੇ ਅਤੇ ਪੂਜਦੇ ਹਾਂ ਉਹਨਾਂ ਦੀਆਂ ਸਿਖਿਆਵਾਂ ਦੇ ਉਲਟ ਅਸੀ ਅਸੀ ਮਨੁੱਖ ਦੀ ਦਰਜਾਬੰਦੀ ਕਰਕੇ, ਉਸਦੀ ਛੂਹ ਨਾਲ ਧਰਮ ਭਟਿਆ ਜਾਂਦਾ ਹੈ, ਜਦੋਂ ਕਿ ਉਹ ਸਾਰੇ ਭਗਵਾਨ ਉਹਨਾਂ ਨਾਲ ਵਿਚਰ ਕੇ ਜੀਵਨ ਵਤੀਤ ਕਰਦੇ ਰਹੇ ਹਨ।

ਸ਼ਹੀਦੇ ਆਜ਼ਮ ਦੇ ਇਸ ਲੇਖ ਤੋਂ ਇਹ ਵੀ ਸਿਧ ਹੁੰਦਾ ਹੈ ਕਿ ਭਾਰਤ ਵਿਚ ਨਵੇਂ ਧਰਮਾਂ ਦਾ ਬਣਨਾਂ ਅਤੇ ਧਰਮ ਪਰਿਵਰਤਨ ਵੀ ਇਸੇ ਸੌੜੀ, ਕੌੜੀ ਅਤੇ ਭੈੜੀ ਸੋਚ ਦਾ ਹੀ ਨਤੀਜਾ ਸੀ ਅਤੇ ਹੈ। ਮਨੋਵਿਗਿਆਨ ਕਹਿੰਦਾ ਹੈ ਕਿ ਕੋਈ ਵੀ ਆਦਮੀ ਭਾਵੇਂ ਉਹ ਗ਼ਰੀਬ ਤੋਂ ਗ਼ਰੀਬ ਹੋਵੇ, ਪਲੀਤ ਤੋਂ ਪਲੀਤ ਹੋਵੇ ਅਤੇ ਉਹ ਵਿਤੱਕਰਿਆਂ ਵਿਚ ਜੀ ਰਿਹਾ ਹੋਵੇ.... ਅਜਿਹੇ ਜੀਵਨ ਦਾ ਹਮੇਸ਼ਾ ਵਿਰੋਧ ਹੋਵੇਗਾ। ਕਿਉਂਕੀ ਕੁਦਰਤੀ ਤੌਰ ‘ਤੇ ਆਦਮੀ ਆਜ਼ਾਦ ਹੈ। ਜਦੋਂ ਕੁਦਰਤ ਹਰੇਕ ਇਨੰਸਾਨ ਨੂੰ ਸਭ ਕੁੱਝ ਬਰਾਬਰ ਵੰਡਦੀ ਹੈ ਤਾਂ ਇਨੰਸਾਨ ਕੌਣ ਹੈ ਵਿਤੱਕਰਾ ਕਰਨ ਵਾਲਾ। ਉਹਨਾਂ ਨੂੰ ਜਿੱਥੇ ਬਰਾਬਰਤਾ, ਇਕਸਾਰਤਾ ਅਤੇ ਭੇਦਭਾਵ ਰਹਿਤ ਲੋਕ ਮਿਲੇ, ਉਹਨਾਂ ਓੁਹੀ ਧਰਮ ਅਪਣਾ ਲਿਆ। ਇਹੀ ਕਾਰਨ ਸੀ ਕੇ ਭਾਰਤ ਵਿਚ ਲੋਕ ਸਿਖ , ਮੁਸਲਮਾਨ ਅਤੇ ਇਸਾਈ ਬਣੇ।

ਕੁਝ ਚੰਗੇ ਨੇਤਾਵਾਂ, ਬੁੱਧੀਜੀਵੀਆਂ, ਲੇਖਕਾਂ ਅਤੇ ਅਫਸਰਾਂ ਦੇ ਪੱਕੇ ਇਰਾਦਿਆਂ ਅਤੇ ਚੰਗੀ ਸੋਚ ਸਦਕਾ ਸਾਡਾ ਸੰਵਿਧਾਨ ਨਿਰਪਖਤਾ ਅਤੇ ਬਰਾਬਰੀ ਦਾ ਮੁਜੱਸਮਾ ਹੈ। ਸਖਤ ਕਨੂੰਨਾ ਰਾਹੀਂ ਅਛੂਤ ਦੀ ਇਸ ਧਾਰਨਾ ਨੂੰ ਸਖਤ ਸਜ਼ਾਵਾਂ ਨਾਲ ਖਤਮ ਕੀਤਾ ਗਿਆ ਹੈ, ਪਰ ਅੱਜ ਵੀ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਦਿਆਂ ਅਛੂਤ ਦਾ ਇਹ ਪ੍ਰਸ਼ਨ ਅੱਜ ਵੀ ਫਿਨ ਖਲਾਰੀ ਸਾਹਮਣੇ ਖੜਾ ਹੈ।

ਅਜੋਕੇ ਭਾਰਤ ‘ਚ ਅੱਜ ਜਿਨੇ੍ਹ ਵੀ ਰਾਜਨੀਤੀਕ, ਸਮਾਜਿਕ, ਆਰਥਿਕ, ਧਾਰਮਿਕ, ਸਭਿਆਚਾਰਕ ਅਤੇ ਅਲੱਗਵਾਦ ਜਿਹੇ ਦਰਪੇਸ਼ ਮਸਲੇ ਹਨ, ਉਹਨਾਂ ਦੀ ਵੱਡੀ ਵਜਾ ਅੱਜ ਵੀ ਛੂਤ ਛਾਤ, ਜਾਤ-ਪਾਤ, ਫਿਰਕਾਪ੍ਰਸਤੀ, ਨਸਲ, ਰੰਗ ਅਤੇ ਵਰਗ-ਵਰਣ ਹਨ। ਭਾਵੇਂ ਸੰਵਿਧਾਨਿਕ ਅਤੇ ਕਨੂੰਨਣ ਤੌਰ ‘ਤੇ ਇਹ ਮਸਲਾ ਦੋਸ਼ ਮੰਨ ਕੇ ਸਜਾ ਦੇਣ ਵਾਲਾ ਹੈ। ਪਰ ਅੱਜ ਵੀ ਇਹ ਪਥੱਰ ਮਖਮਲ ‘ਚ ਲਪੇਟ ਕੇ ਮਾਰਿਆ ਜਾਂ ਪਰੋਸਿਆ ਜਾ ਰਿਹਾ ਹੈ। ਅੱਜ ਵੀ ਉਹਨਾਂ ਲੋਕਾਂ ਦੇ ਨਾਂਵਾਂ , ਘਰਾਂ ਅਤੇ ਮੁਹਲਿਆਂ ਨੂੰ ਜਾਤੀ ਸੂਚਕ ਨਾਵਾਂ ਨਾਲ ਭਿਟਿਆ ਜਾਂਦਾ ਹੈ ਅਤੇ ਆਪਣੇ ਆਪ ਨੂੰ ਸਵਰਨ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਵੀ ਕਈ ਘਰਾਂ ‘ਚ ਉਹ ਕੱਪ ਜਾਂ ਗਿਲਾਸ ਤੋੜ ਦਿੱਤਾ ਜਾਂਦਾ ਹੈ, ਜਿਸ ਵਿਚ ਇਹ ਅਛੂਤ ਜਾਤ ਨਾਲ ਸਬੰਧਤ ਲੋਕ ਚਾਹ ਜਾਂ ਪਾਣੀ ਪੀ ਕੇ ਉਹਨਾਂ ਦੇ ਘਰੋਂ ਬਾਹਰ ਨਿਕਲਦਾ ਹੈ। ਧਾਰਮਿਕ ਅਜ਼ਾਦੀ ਨੂੰ ਸਿਹਤਮੰਦ ਸਮਾਜ ਬਣਾਉਣ ਲਈ ਵਰਤੀਏ ਨਾ ਕਿ ਭਾਈਚਾਰਾ ਤੋੜਨ ਲਈ। ਇਸੇ ਲਈ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਵੀ ਕਿਹਾ ਹੈ, “ ਸਮਾਜਿਕ ਇਨਕਲਾਬ ਲਈ ਉਠੋ।

ਉਮਰ ਭਰ ਹਮ ਏਕ ਹੀ ਗ਼ਲਤੀ ਕਰਤੇ ਰਹੇ
ਧੂਲ ਚੇਹਰੇ ਪੇ ਥੀ ਹਮ ਆਈਨਾ ਸਾਫ ਕਰਤੇ ਰਹੇ


ਸੰਪਰਕ: +91 98782 61522

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ