Sat, 12 October 2024
Your Visitor Number :-   7231802
SuhisaverSuhisaver Suhisaver

ਫਿਰਕੂ ਤਾਨਾਸ਼ਾਹੀ ਦੇ ਝੰਡਾਬਰਦਾਰ ਬਾਲ ਠਾਕਰੇ ਨਾਲ ਲੋਕਤੰਤਰੀ ਭਾਰਤੀ ਰਾਜਪ੍ਰਬੰਧ ਦਾ ਜੋੜ-ਮੇਲ -ਮਨਦੀਪ

Posted on:- 11-01-2013

suhisaver

17-18 ਨਵੰਬਰ ਨੂੰ ਹਿੰਦੂ ਫਾਸ਼ੀਵਾਦੀ ਸਰਗਨੇ ਦੇ ਮੋਹਰੀ ਬਾਲ ਠਾਕਰੇ ਦਾ ਦਹਿਸ਼ਤ ਤੇ ਫਿਰਕੂ ਨਫ਼ਰਤ ਪੈਦਾ ਕਰਨ ਵਾਲਾ ਕਰੂਰ ਚਿਹਰਾ ਟੀ ਵੀ ਸਕਰੀਨ ਤੇ ਹਰ ਨਿਉਜ਼ ਚੈਨਲ ਤੋਂ ਦਿਖਾਇਆ ਜਾ ਰਿਹਾ ਸੀ।ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਦੇ ਬਹੁਤ ਸਾਰੇ ਖ਼ਬਰੀਆਂ ਦਾ ਪਿਤਾਮਾ ਮਰ ਗਿਆ ਸੀ।ਸਨਅਤਕਾਰਾਂ,ਫਿਲਮ ਹਸਤੀਆਂ,ਧਾਰਮਿਕ ਮੂਲਵਾਦੀਆਂ ਤੇ ਭਾਰਤੀ ਰਾਜ ਮਸ਼ੀਨਰੀ ਦੇ ਘਾਗ ਸਿਆਸਤਦਾਨਾਂ ਦੇ ਲੱਗੇ ਮਜ੍ਹਮੇ ਨੂੰ ਆਪਣਾ ਜ਼ਹਾਨ ਲੁੱਟਿਆ ਗਿਆ ਜਾਪਿਆ।ਭਗਵਾਂ ਬ੍ਰਿਗੇਡ,ਸ਼ਿਵ ਸੈਨਾ,ਬਜਰੰਗ ਦਲ,ਵਿਸ਼ਵ ਹਿੰਦੂ ਪ੍ਰੀਸ਼ਦ ਤੇ ਮੋਦੀ ਦੇ ਕੇਸਰੀ  ਟੋਲੇ ਸਮੇਤ ਅਨੇਕਾਂ ਫਿਰਕੂ ਕੱਟੜਪੰਥੀ ਵਕਤੀ ਤੌਰ ਤੇ ਠਾਕਰੇ ਦੀ “ਯੋਗ ਅਗਵਾਈ” ਤੋਂ ਵਿਹੂਣੇ ਹੋ ਗਏ।

ਠਾਕਰੇ ਦੀ ਮੌਤ ਉਪਰੰਤ ਮੁੰਬਈ ਬੰਦ ਦਾ ਸੱਦਾ ਦਿੱਤਾ ਗਿਆ।ਸ਼ਿਵ ਸੈਨਾ ਦੇ ਗੜ੍ਹ ਮੁਬੰਈ ਚੋਂ ਇਕ ਨਿੱਕੀ ਜਿਹੀ ਸਧਾਰਨ ਅਵਾਜ਼ ਉੱਠੀ। 21 ਸਾਲਾ ਨੌਜਵਾਨ ਸ਼ਹੀਨ ਨੇ ਫੇਸਬੁੱਕ ਤੇ ਆਪਣਾ ਪ੍ਰਤੀਕਰਮ ਦਿੱਤਾ ਕਿ “ਮੈਂ ਪੂਰੇ ਮਾਣ ਨਾਲ ਕਹਿਣਾ ਚਾਹੁੰਦੀ ਹਾਂ ਕਿ ਹਰ ਰੋਜ਼ ਹਜ਼ਾਰਾਂ ਲੋਕ ਮਰਦੇ ਹਨ ਪਰ ਦੁਨੀਆਂ ਚੱਲਦੀ ਰਹਿੰਦੀ ਹੈ।ਕਿਸੇ ਇਕ ਰਾਜਨੀਤਿਕ ਦੀ ਕੁਦਰਤੀ ਮੌਤ ਤੋਂ ਲੋਕ ਕਿਉਂ ਇੰਨੇ ਪਰੇਸ਼ਾਨ ਹੁੰਦੇ ਹਨ? ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਮਜ਼ਬੂਰੀ ਕਾਰਨ ਨਿਮਰ (ਚੁੱਪ) ਹਾਂ ਨਾ ਕਿ ਆਪਣੀ ਰਜ਼ਾ ਨਾਲ।ਕੀ ਅਸੀਂ ਕਦੇ ਸ਼ਹੀਦ ਭਗਤ ਸਿੰਘ, ਅਜ਼ਾਦ, ਸੁਖਦੇਵ ਜਾਂ ਹੋਰ ਕਿਸੇ ਵਿਅਕਤੀ ਦੇ ਸਨਮਾਣ ’ਚ ਪ੍ਰਦਰਸ਼ਨ ਕੀਤਾ? ਜਾਂ ਦੋ ਮਿੰਟ ਦਾ ਮੋਨ ਰੱਖਿਆ? ਜਦਕਿ ਇਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਹੀ ਅਸੀਂ ਅੱਜ ਅਜ਼ਾਦ ਹਾਂ।ਸਨਮਾਣ ਹਾਸਲ ਕੀਤਾ ਜਾਂਦਾ ਹੈ, ਜਬਰਨ ਲਿਆ ਨਹੀਂ ਜਾਂਦਾ।

ਅੱਜ ਜੇਕਰ ਮੁਬੰਈ ਬੰਦ ਹੈ ਤਾਂ ਕਿਸੇ ਸਨਮਾਣ ਦੀ ਵਜ੍ਹਾ ਕਰਕੇ ਨਹੀਂ ਬਲਕਿ ਡਰ ਦੇ ਕਾਰਨ ਹੈ।” ਇਸ ਟਿੱਪਣੀ ਨੂੰ ਫੇਸਬੁੱਕ ਤੇ ਪਸੰਦ ਕੀਤਾ ਜਾਣ ਲੱਗਾ।ਭਾਰਤੀ ‘ਜਮਹੂਰੀ ਰਾਜ’ ਨੂੰ ਇਸ ‘ਤੇ ਚਿੰਤਾ ਹੋਈ।ਪੁਲਿਸ ਨੇ ‘ਲੋਕਾਂ ਦੀਆਂ ਧਾਰਮਿਕ ਭਾਵਨਾਂ ਨੂੰ ਭੜਕਾਉਣ’ ਕਾਰਨ ਆਈ ਪੀ ਸੀ ਦੀ ਧਾਰਾ 295(ਏ) ਤਹਿਤ ਸ਼ਹੀਨ ਨੂੰ ਗ੍ਰਿਫਤਾਰ ਕਰ ਲਿਆ।ਇਸ ਦਾ ਵਿਰੋਧ ਹੋਇਆ।ਗ੍ਰਿਫਤਾਰੀ ਤੇ ਉੱਠਿਆ ਵਿਰੋਧ ਪ੍ਰਦਰਸ਼ਨ ਇਨਸਾਫ਼ਪਸੰਦ ਲੋਕਾਂ ਦੀ ਆਪਣੇ ਜਮਹੂਰੀ ਹੱਕਾਂ ਲਈ ਲੜਨ,ਫਿਰਕੂ ਰੂੜ੍ਹੀਵਾਦੀ ਤਾਕਤਾਂ ਪ੍ਰਤੀ ਉਹਨਾਂ ਦੇ ਨਜ਼ਰੀਏ ਤੇ ਭਾਰਤੀ ਰਾਜ ਪ੍ਰਬੰਧ ਦੁਆਰਾ ਆਪਣੇ ਨਾਗਰਿਕਾਂ ਨੂੰ ਦਿੱਤੇ ਜਾਂਦੇ ‘ਮੁੱਢਲੇ ਅਧਿਕਾਰਾਂ’ ਦੀ ਮੱਕਾਰੀ ਨੂੰ ਜ਼ਾਹਰ ਕਰਦਾ ਹੈ।

ਤੁਸੀਂ ਦੇਖਿਆ ਇਸ ਵਿਰੋਧ ਦੇ ਉਲਟ ਫਿਲਮ ਇੰਡਸਟਰੀ ਦੇ ਟੁਕੜਬੋਚ ਕਲਾਕਾਰਾਂ ਨੂੰ ਠਾਕਰੇ ਦਾ ਜਹਾਨ ਤੋਂ ਕੂਚ ਕਰਨ ਦਾ ਹੇਰਵਾ ਵੱਢ-ਵੱਢ ਖਾਂਦਾ ਹੈ ਤੇ ਉਹ ਧੜਾ-ਧੜ ਬਿਆਨ ਦਾਗਦੇ ਹਨ।ਲਤਾ ਮੰਗੇਸ਼ਕਰ ਦੇ ਹਿਰਦੇ ਨੂੰ ‘ਅਨਾਥ ਹੋਣ ਦਾ ਅਹਿਸਾਸ’ ਪਸੀਜ਼ ਰਿਹਾ ਹੈ।ਅਜੇ ਦੇਵਗਨ ਨੂੰ ਠਾਕਰੇ ‘ਦੂਰਗਾਮੀ ਸੱਜਣ’ ਪ੍ਰਤੀਤ ਹੁੰਦਾ ਹੈ ਤੇ ਅਮਿਤਾਬ ਬੱਚਨ ਨੂੰ ਉਹ ‘ਦ੍ਰਿੜਤਾ ਦਾ ਮੁਜੱਸਮਾ’ ਜਾਪਦਾ ਹੈ।ਰਾਮ ਗੋਪਾਲ ਵਰਮਾ ਉਸਨੂੰ ‘ਸੱਤਾ ਦਾ ਸੱਚਾ ਪ੍ਰਤੀਕ ‘ ਕਹਿੰਦਾ ਹੈ ਤੇ ਟੀ ਵੀ ਪੇਸ਼ਕਾਰ ਰਾਜਦੀਪ ਸਰਦੇਸਾਈ ਠਾਕਰੇ ਨੂੰ ‘ਮੁਬੰਈ ਨਾਇਕ’ ਦਾ ਆਪੂੰ ਘੜਿਆ ਖਿਤਾਬ ਦਿੰਦਾ ਹੈ।ਵੀਰ ਸੰਗਵੀ ਲਈ ਉਹ ‘ਮੰੁਬਈ ਦਾ ਬੇਤਾਜ਼ ਬਾਦਸ਼ਾਹ’ ਸੀ ਅਤੇ ਅਰਨਵ ਗੋਸੁਆਮੀ ਉਸਦੀ ਮੌਤ ਨੂੰ ‘ਇਤਿਹਾਸਕ ਘਟਨਾ’ ਕਰਾਰ ਦਿੰਦਾ ਹੈ।ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਠਾਕਰੇ ਦੀ ਮੌਤ ‘ਨਾ ਪੂਰਿਆਂ ਜਾ ਸਕਣ ਵਾਲਾ ਜਾਪ’ ਰਹੀ ਹੈ।ਇਸਦੀ ਕੀ ਵਜਾ੍ਹ ਹੈ ਕਿ ਧਾਰਮਿਕ ਮੂਲਵਾਦੀ,ਕਲਾਕਾਰ ਤੇ ਸਿਆਸਤਦਾਨ ਠਾਕਰੇ ਦੀ ਮੌਤ ਤੋਂ ਇੰਨੇ ਵਿਯੋਗੇ ਗਏ ਹਨ ?

ਸ਼ਿਵ ਸੈਨਾ ਦੇ ਉਦੈ ਤੋ ਲੈ ਕੇ ਹੁਣ ਤਕ ਇੰਨਾ ਦਾ ਕਿਰਦਾਰ ਏਹੀ ਜ਼ਾਹਰ ਕਰਦਾ ਹੈ ਕਿ ਮੇਹਨਤਕਸ਼ਾਂ ਦੀ ਲੁੱਟ ਤੇ ਪਲਨ ਵਾਲੀਆਂ ਅਜਿਹੀਆਂ ਪਰਜੀਵੀ ਜਮਾਤਾਂ ਹਮੇਸ਼ਾਂ ਹੀ ਲੋਕ ਵਿਰੋਧੀ ਤਾਕਤਾਂ ਦਾ ਪੱਖ ਪੂਰਦੀਆਂ ਆਈਆਂ ਹਨ।1960ਵਿਆਂ ’ਚ ਸੱਤਾਧਾਰੀ ਕਾਂਗਰਸ  ਨੇ ਕਮਿਊਨਿਸਟਾਂ ਦੇ ਪ੍ਰਭਾਵ ਤੇ ਟਰੇਡ ਯੂਨੀਅਨ ਅੰਦੋਲਨ ਨੂੰ ਕੁਚਲਨ ਲਈ ਸ਼ਿਵ ਸੈਨਾ ਨੂੰ ਪਾਲਣਾ-ਪੋਸ਼ਣਾ ਸ਼ੁਰੂ ਕੀਤਾ।19 ਜੂਨ 1966 ਨੂੰ ਮੁਬੰਈ ਵਿਖੇ ਮਰਾਠਿਆਂ ਨਾਲ ਹੋ ਰਹੇ ਅਨਿਆਂ ਤੇ ਰੁਜ਼ਗਾਰ ਲਈ ਸੰਘਰਸ਼ ਕਰਨ ਦੇ ਮੁਦਿਆਂ ਨੂੰ ਲੈ ਕੇ ਸ਼ਿਵ ਸੈਨਾ ਦੀ ਸਥਾਪਨਾ ਹੋਈ।ਕਾਂਗਰਸ ਨੇਤਾਵਾਂ ਦੇ ਥਾਪੜੇ ਨਾਲ ਸ਼ਿਵ ਸੈਨਾ ਨੇ ‘ਮਾਰਮਿਕ’ ਨਾਂ ਦਾ ਪੇਪਰ ਕੱਢਣਾ ਸ਼ੁਰੂ ਕੀਤਾ,ਜਿਸ ਵਿੱਚ ‘ਕਮਿਊਨਿਸਟਾਂ ਦਾ ਲੱਕ ਤੋੜਨ’ ਦਾ ਐਲਾਨ ਕੀਤਾ ਗਿਆ।ਠਾਕਰੇ ਪੇਪਰ ਵਿਚ ਲਗਾਤਾਰ ਭੜਕਾਊ ਸਮੱਗਰੀ ਪ੍ਰਕਾਸ਼ਿਤ ਕਰਵਾ ਕੇ ਅਨੇਕਾਂ ਫਿਰਕੂ ਦੰਗਿਆਂ ਨੂੰ ਜਨਮ ਦਿੰਦਾ ਰਿਹਾ। ‘ਮਾਰਮਿਕ’ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਭੁੱਲਕੇ ਵੀ ਇਕ ਸ਼ਬਦ ਨਹੀਂ ਲਿਖਿਆ ਉਲਟਾ ਪੇਪਰ ਦੇ ਅਨੇਕਾਂ ਪੰਨੇ ਉੱਚ ਅਧਿਕਾਰੀਆਂ,ਵੱਡੇ ਪੂੰਜੀਪਤੀਆਂ ਤੇ ਸਿਆਸਤਦਤਨਾਂ ਦੀ ਪ੍ਰਸੰਸ਼ਾਂ ਨਾਲ ਭਰੇ ਰਹਿੰਦੇ ਸਨ।

ਪੂੰਜੀਪਤੀ ਨੀਤੀਆਂ ਪੱਖੀ ਹੋਣ ਕਾਰਨ ਸ਼ਿਵ ਸੈਨਾ ਨੇ ਸਨਅਤੀ ਕੇਂਦਰਾਂ ਵਿਚ ਮਜ਼ਦੂਰ ਯੂਨੀਅਨਾਂ ਤੇ ਹੋਰ ਟਰੇਡ ਯੂਨੀਅਨਾਂ ਉੱਪਰ ਹਮਲੇ ਵਿੱਢਣੇ ਸ਼ੁਰੂ ਕਰ ਦਿੱਤੇ।ਸ਼ਿਵ ਸੈਨਾ ਸੁਪਰੀਮੋ ਬਾਲ ਠਾਕਰੇ ਨੇ ਰੁਜ਼ਗਾਰ ਵਿਹੂਣੇ ਨੌਜਵਾਨਾ,ਮਜ਼ਦੂਰਾਂ,ਘੱਟ ਗਿਣਤੀ ਮਰਾਠੇ ਤੇ ਦਲਿਤਾਂ ਨੂੰ ਦਿਲ ਟੁੰਬਵੀਆਂ ਅਪੀਲਾਂ ਕਰਕੇ ਉਨ੍ਹਾਂ ਲਈ ਬੇਰੁਜ਼ਗਾਰੀ ਵਾਲੀ ਹਾਲਤ ਪੈਦਾ ਕਰਨ ਦੇ ਜਿੰਮੇਵਾਰ ਕਾਰਨ ਪਰਵਾਸੀ ਮਜ਼ਦੂਰਾਂ ਤੇ ਮੁਸਲਮਾਨਾਂ ਨੂੰ ਠਹਿਰਾਇਆ।ਠਾਕਰੇ ਬੇਰੁਜ਼ਗਾਰ,ਨਿਰਾਸ਼ ਨੌਜਵਾਨਾਂ ਨੂੰ ਵਰਗਲਾ ਕੇ,ਉਨ੍ਹਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਫਿਰਕੂ ਦਹਿਸ਼ਤ ਫੈਲਾਉਂਦਾ ਰਿਹਾ।ਆਪਣੇ ਸੌੜੇ ਮਨਸੂਬਿਆਂ ਨੂੰ ਹਾਸਲ ਕਰਨ ਲਈ ਵੱਡੀ ਪੱਧਰ ਤੇ ਅਪਰਾਧੀ,ਮਾਫੀਆ ਗਰੋਹ ਤੇ ਤੰਗਨਜ਼ਰ ਧਾਰਮਿਕ ਕੱਟੜਪੰਥੀ ਟੋਲਿਆਂ ਨੂੰ ਸ਼ਿਵ ਸੈਨਾ ਵਿਚ ਭਰਤੀ ਕੀਤਾ ਗਿਆ।ਮਜ਼ਦੂਰ ਯੂਨੀਅਨਾਂ ਦੀਆਂ ਮਜ਼ਦੂਰ ਪੱਖੀ ਮੰਗਾਂ ਵਿੱਚੋਂ ਕੁਝ ਮੰਗਾਂ ਨੂੰ ਲੈ ਕੇ ਉਭਾਰਦਿਆਂ ਸ਼ਿਵ ਸੈਨਾ ਜਿੱਥੇ ਮਜ਼ਦੂਰਾਂ ਦੇ ਇਕ ਹਿੱਸੇ ਨੂੰ ਅਪਣੇ ਵਿਚ ਸ਼ਾਮਲ ਕਰਨ ਵਿਚ ਕਾਮਯਾਬ ਹੋਈ, ਉੱਥੇ ਇਸਨੇ ਕੁਝ ਸਮਾਜਕ ਤੇ ਸੱਭਿਆਚਾਰਕ ਮੁੱਦਿਆਂ ਉਪਰਲੀ ਪਹੁੰਚ ਕਾਰਨ ਭਾਰਤੀ ਮੱਧ ਵਰਗ ਦੇ ਕੁਝ ਹਿੱਸੇ  ਵਿਚ ਆਪਣੀ ਪਹਿਚਾਣ ਬਣਾਉਣ,ਕਮਿਊਨਿਸਟ ਪ੍ਰਭਾਵ ਵਾਲੀਆਂ ਯੂਨੀਅਨਾਂ ਨੂੰ ਤੋੜਨ ਤੇ ਆਪਣੀ ਵੱਖਰੀ ‘ਭਾਰਤੀ ਕਾਮਗਾਰ ਸੈਨਾ’ ਨਾਮ ਦੀ ਟਰੇਡ ਯੂਨੀਅਨ ਬਣਾਉਣ ’ਚ ਸਫਲ ਹੋਈ।ਆਪਣੇ ਪ੍ਰਭਾਵ ਨੂੰ ਹੋਰ ਵਧਾਉਂਦਿਆਂ ਸ਼ਿਵ ਸੈਨਾ ਨੇ ਦੇਸ਼ ਦੇ ਧਾਰਮਿਕ,ਸੱਭਿਆਚਾਰਕ ਤੇ ਸਮਾਜਕ ਸਰੋਕਾਰਾਂ ਨੂੰ ਮੁੱਦਾ ਬਣਾਉਦਿਆਂ ਅਨੇਕਾਂ ਫਿਲਮਾਂ ਦੇ ਪ੍ਰਦਰਸ਼ਨ ਉੱਤੇ ਪਾਬੰਦੀਆਂ,ਜਲੂਸ ਤੇ ਹਮਲੇ ਕੀਤੇ।ਜਬਰੀ ਵਸੂਲੀ ਰੈਕਟ ਬਣਾਏ।ਸਨਅਤਕਾਰਾਂ,ਨਿਰਦੇਸ਼ਕਾਂ,ਉੱਚ ਅਧਿਕਾਰੀਆਂ ਤੇ ਸਿਆਸਤਦਾਨਾਂ ਉੱਤੇ ਦਬਾਅ ਅਤੇ ਸਮਝੌਤੇ ਦੇ ਰਾਹ ਚੱਲਦਿਆਂ ਲੱਖਾਂ ਕਰੋੜਾਂ ਦੀ ਵਸੂਲੀ ਕੀਤੀ।1970 ਚ ਸੀ ਪੀ ਆਈ ਵਿਧਾਇਕ ਕ੍ਰਿਸ਼ਨ ਦੇਸਾਈ ਦੀ ਸ਼ਰੇਆਮ ਹੱਤਿਆ ਕਰਨ ਤੋਂ ਲੈ ਕੇ ਭਿਵੰਡੀ, ਜਲਗਾਉਂ, ਮਰਾਠਾਵਾੜਾ ਤੇ ਬਾਬਰੀ ਮਸਜ਼ਿਦ ਵਰਗੇ ਅਨੇਕਾਂ ਵਹਿਸ਼ੀ ਕਾਂਡਾ ਨੂੰ ਅੰਜਾਮ ਦਿੱਤਾ।ਸ਼ਿਵ ਸੈਨਾ ਦੇ ਗੁਡਿੰਆਂ ਵੱਲੋਂ ਭੜਕਾਏ ਇਹਨਾਂ ਦੰਗਿਆਂ ’ਚ ਸਂੈਕੜੇ ਨਿਰਦੋਸ਼ ਲੋਕਾਂ ਦਾ ਖੂਨ ਵਹਾਇਆ ਗਿਆ,ਪਰੰਤੂ ਭਾਰਤੀ ਨਿਆਂ ਪ੍ਰਣਾਲੀ ਦੁਆਰਾ ਠਾਕਰੇ ਵਰਗੇ ਮੁੱਖ ਦੋਸ਼ੀ (ਜੋ ਸ਼ਰੇਆਮ ਜਨਤਕ ਸਟੇਜਾਂ ਤੋਂ ਭੜਕਾਊ ਭਾਸ਼ਣ ਦਿੰਦਾ ਰਿਹਾ) ਨੂੰ ਬਣਦੀ ਯੋਗ ਸਜ਼ਾ ਨਹੀਂ ਦਿੱਤੀ ਗਈ।ਇੱਥੇ ਇਕ ਸਵਾਲ ਇਹ ਵੀ ਉੱਠਦਾ ਹੈ ਕਿ ਹਿੰਦੂਤਵੀ ਹਿੰਸਾ ਨੂੰ ‘ਦੇਸ਼ ਦੀ ਸੁਰੱਖਿਆ ਲਈ ਚੁਣੌਤੀ’, ‘ਗੈਰ ਵਿਧਾਨਕ’, ‘ਲੋਕ ਵਿਰੋਧੀ’ ਕਿਉਂ ਨਹੀਂ ਮੰਨਿਆ ਜਾਂਦਾ? ਜਦਕਿ ਦੂਜੇ ਪਾਸੇ

ਅਫਸਪਾ,ਪੋਟਾ,ਯੂ ਏ ਪੀ ਏ ਆਦਿ ਕਾਨੂੰਨਾਂ ਰਾਹੀਂ ਲੋਕਪੱਖੀ ਇਨਕਲਾਬੀ ਜਮਹੂਰੀ ਲਹਿਰ ਉੱਪਰ ਕਾਨੂੰਨੀ ਦਹਿਸ਼ਤ ਦਾ ਸਿਕੰਜਾਂ ਲਗਾਤਾਰ ਕਸਿਆ ਜਾ ਰਿਹਾ ਹੈ।ਹਿਟਲਰਸ਼ਾਹੀ ਦਾ ਵੱਡਾ ਹਿਤੈਸ਼ੀ ਬਾਲ ਠਾਕਰੇ 1975 ਵਿਚ ਭਾਰਤ ਵਿਚ ਲੱਗੀ ਐਂਮਰਜੈਂਸੀ ਦਾ ਪੂਰਾ ਸਮਰਥਕ ਰਿਹਾ।“ਅੱਜ ਭਾਰਤ ਨੂੰ ਹਿਟਲਰ ਦੀ ਜਰੂਰਤ ਹੈ” ਦਾ ਜਨਤਕ ਇੱਕਠਾਂ ਵਿਚ ਸ਼ਰੇਆਮ ਐਲਾਨ ਕਰਨ ਵਾਲਾ ਫਿਰਕੂ ਤਾਨਾਸ਼ਾਹੀ ਦਾ ਝੰਡਾਬਰਦਾਰ ਠਾਕਰੇ ਭਾਰਤੀ ਪੂੰਜੀਪਤੀਆਂ ਤੇ ਸਿਆਸੀ ਲੀਡਰਾਂ ਦੀ ਮੱਦਦ ਨਾਲ ਸੱਤਾ ਦੇ ਗਲਿਆਰਿਆਂ ਦਾ  ਵੀ ਲਗਾਤਾਰ ਨਿੱਘ ਮਾਣਦਾ ਰਿਹਾ।ਵੋਟ ਪਾਰਟੀਆਂ ਦੀਆਂ ਆਪਸੀ ਵਿਰੋਧਤਾਈਆਂ ਦੇ ਬਾਵਯੂਦ ਸੱਤਾਧਾਰੀ ਕਾਂਗਰਸ ਤੇ ਭਾਜਪਾ ਨੇ ਬਾਲ ਠਾਕਰੇ ਦੀਆਂ ‘ਸੇਵਾਵਾਂ’ ਲੈਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਖੁੰਝਣ ਦਿੱਤਾ।ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਾਉਣ ਵਾਲੀ ਕਾਂਗਰਸ ਵੀ ਠਾਕਰੇ ਦੇ ਬੋਝੇ ਵਿਚਲੇ ਵੋਟ ਬੈਂਕ ਨੂੰ ਹਾਸਲ ਕਰਨ ਲਈ ਉਸਨੂੰ ਖੁੱਲ੍ਹਾ ਚਰਨ ਦੀ ਖੁੱਲ੍ਹ ਦਿੰਦੀ ਰਹੀ।“ਲੋਕਤੰਤਰੀ ਸਮਾਜਵਾਦੀ ਧਰਮ ਨਿਰਪੱਖ ਗਣਰਾਜ” ਭਾਰਤ ਦਾ ਹਿੰਦੂ ਫਾਸ਼ੀਵਾਦ ਨਾਲ ਇਹ ਗੱਠਜੋੜ ਸ਼ੱਕੀ ਨਹੀਂ ਬਲਕਿ ਸਭ ਬੁਰਕੇ ਪਾੜ ਕੇ ਸਪੱਸ਼ਟ ਦਿਖਾਈ ਦਿੰਦਾ ਹੈ।

ਸ਼ਿਵ ਸੈਨਾ ਦੇ ਔਰਤਾਂ ਪ੍ਰਤੀ  ਨਜ਼ਰੀਏ ਨੂੰ ਰਾਧਾ ਕੁਮਾਰ ਵੱਲੋਂ ਦਿੱਤੀ ਇਕ ਨਿੱਕੀ ਜਿਹੀ ਘਟਨਾਂ ਤੋਂ ਸਹਿਜੇ ਹੀ ਸਮਝਿਆ ਜਾ ਸਕਦਾ ਹੈ।“ ਸੰਨ 1982 ’ਚ ਮਹਾਂਰਾਸ਼ਟਰ ਸ਼ਿਵ ਸੈਨਾ  ਨੇ ਆਪਣੀ ਔਰਤ ਜੱਥੇਬੰਦੀ ਦੀ ਸਥਾਪਨਾ ਕੀਤੀ ਤੇ ਉਨ੍ਹਾਂ ਨੇ ਸੌ ਸਾਲ ਪੁਰਾਣੀ ਧਾਰਨਾ ਦਾ ਸਹਾਰਾ ਲੈਂਦੇ ਹੋਏ ਆਪਣੇ ਅੰਦੋਲਨਾਂ ਨੂੰ ਦਿਸ਼ਾ ਦਿੱਤੀ।ਉਨ੍ਹਾਂ ਦਾ ਤਰਕ ਸੀ ਕਿ ਮੁਸਲਮਾਨਾ  ਦੀ ਜਨਮ ਦਰ ਐਨੀ ਤੇਜੀ ਨਾਲ ਵੱਧ ਰਹੀ ਹੈ ਕਿ ਇਕ ਦਿਨ ਉਨ੍ਹਾਂ ਦੀ ਅਬਾਦੀ ਹਿੰਦੂਆਂ ਨਾਲੋਂ ਵੀ ਜ਼ਿਆਦਾ ਹੋ ਜਾਵੇਗੀ।ਪਰ ਉਹ ਦਿਨ ਕਦੇ ਨਹੀਂ ਆਇਆ।1982-83 ’ਚ ਉਨ੍ਹਾਂ ਸਤੀ ਪ੍ਰਥਾ ਦੀ ਮਹਿਮਾ ਗਾਈ ਤੇ ਸਤੀ ਹੋਣ ਦੇ ਅਧਿਕਾਰ ਦੀ ਮੰਗ ਕੀਤੀ ਤੇ ਸ਼ਰਮਨਾਕ ਗੱਲ ਇਹ ਹੈ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸਦਾ ਸਮਰਥਨ ਕੀਤਾ।(ਰਾਧਾ ਕੁਮਾਰ,ਇਸਤਰੀ ਸੰਘਰਸ਼ ਕਾ ਇਤਿਹਾਸ 1800-1890 ਸਫਾ 313)

ਅੱਜ ਭਾਰਤੀ ਹਾਕਮ ਆਰਥਿਕ ਖੇਤਰ ਦੇ ਸੰਕਟ ਦੇ ਨਾਲ-ਨਾਲ ਸਮਾਜਕ ਤੇ ਸਿਆਸੀ ਸੰਕਟ ਵਿਚ ਵੀ ਫਸੇ ਹੋਏ ਹਨ।ਭਾਰਤੀ ਰਾਜ ਮਸ਼ੀਨਰੀ ਦੇ ਪੁਰਾਣੇ ਰੂਪ ਵੱਧ ਰਹੇ ਲੋਕ ਰੋਹ ਦਾ ਟਾਕਰਾ ਕਰਨ ਦੇ ਪੂਰੀ ਤਰਾਂ੍ਹ ਸਮਰੱਥ ਨਾ ਹੋਣ ਕਾਰਨ ਇਹ ਹਿੰਦੂ ਫਾਸ਼ੀਵਾਦੀ ਤਾਕਤਾਂ ਨਾਲ ਟਕਰਾਅ ਲੈਣ ਦੀ ਥਾਂ ਸਮਝੌਤਾਵਾਦੀ ਰਜ਼ਾਮੰਦੀ ਬਣਾਕੇ ਚਲਦੀ ਹੈ।ਇਸ ਤਰਾਂ੍ਹ ਉਹ ਆਪਣੀ ਸੱਤਾ ਵੀ ਬਚਾਕੇ ਰੱਖਦੀ ਹੈ ਤੇ ਸਾਮਰਾਜੀ ਲੁੱਟ ਨੂੰ ਵੀ ਬਣਾਈ ਰੱਖਣ ਵਿਚ ਵੀ ਸਹਿਯੋਗੀ ਹੋ ਨਿਬੜਦੀ ਹੈ।ਭਾਰਤੀ ਹਾਕਮ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਅਖੌਤੀ ਨਾਅਰੇ ਹੇਠ ਇਕ ਪਾਸੇ ਹਿੰਦੂ ਫਾਸ਼ੀਵਾਦ ਦੇ ਵਧਾਰੇ ਦੇ ਜਿੰਮੇਵਾਰ ਹਨ ਤੇ ਦੂਜੇ ਪਾਸੇ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦੇ।
ਭਾਰਤੀ ਅਖੌਤੀ ਹਿੰਦੂ ਫਾਸ਼ੀਵਾਦ ਦਾ ਹਿਟਲਰ ਦੇ ਫਾਸ਼ੀਵਾਦ ਨਾਲੋਂ ਅੰਤਰ ਹੋਣ ਦੇ ਬਾਵਯੂਦ ਕਾਫੀ ਕੁਝ ਸਾਂਝਾ ਹੈ।ਜਰਮਨੀ ਦਾ ਤਾਨਾਸ਼ਾਹ ਹਿਟਲਰ ਤੇ ਉਸਦਾ ਫਾਸ਼ੀਵਾਦ ਕਮਜ਼ੋਰ ਰਾਸ਼ਟਰਾਂ ਨੂੰ ਗੁਲਾਮ ਬਣਾਉਣ,ਬਸਤੀਵਾਦੀ ਲੁੱਟ-ਜਬਰ ਨੂੰ ਹੋਰ ਤਿੱਖਾ ਕਰਨ ਅਤੇ ਮੰਡੀਆਂ ਹੜੱਪਣ ਲਈ ਸੰਸਾਰ ਜੰਗ ਛੇੜ ਕੇ ਬਸਤੀਆਂ ਦੀ ਮੁੜ-ਵੰਡ ਦੀ ਲੋੜ ਵਿੱਚੋਂ ਪੈਦਾ ਹੋਇਆ ਅਤੇ ਇਹ ਸਾਮਰਾਜਵਾਦੀ ਸੰਕਟ ਦਾ ਸਮੁੱਚਾ ਭਾਰ ਮੇਹਨਤਕਸ਼ਾਂ ਉੱਪਰ ਲੱਦਣ ਲਈ ਅਤੇ ਸੰਕਟ ਵਿਰੁਧ ਮੇਹਨਤਕਸ਼ਾਂ ਦਾ ਉੋਪਜਿਆ ਰੋਹ,ਉਸ ਰੋਹ ਨੂੰ ਅਗਵਾਈ ਦੇ ਰਹੀ ਇਨਕਲਾਬੀ ਲਹਿਰ ਦੇ ਵਧਾਰੇ ਨੂੰ ਰੋਕਣ ਲਈ,ਸੰਸਾਰ ਸਮਾਜਵਾਦ ਦੀ ਮਾਂ-ਭੂਮੀ ਸੋਵੀਅਤ ਯੂਨੀਅਨ ਵਿਰੁਧ ਹਮਲੇ ਨੂੰ ਹੋਰ ਵਧ ਤੇਜ ਕਰਨ ਦੀ ਲੋੜ ਵਿਚੋਂ ਵੀ ਪੈਦਾ ਹੋਇਆ ਸੀ।ਅਜਿਹੇ ’ਚ ਫਾਸ਼ੀਵਾਦ ਲੱਛੇਦਾਰ ਭਾਸ਼ਾ ’ਚ ਆਪਣੇ-ਆਪ ਨੂੰ ਲੋਕ ਹਿਤੈਸ਼ੀ ਹੋਣ ਅਤੇ ਪੂੰਜੀਵਾਦੀ ਵਿਰੋਧੀ ਸਮਝੌਤਾਵਾਦੀ,ਸੁਧਾਰਵਾਦੀ ਸੰਘਰਸ਼ਾਂ ਰਾਹੀਂ ਲੋਕਪੱਖੀ ਹੋਣ ਦਾ ਭਰਮਜਾਲ ਬੁਣਦਾ ਰਿਹਾ।ਜਾਰਜੀ ਦਮਿਤਰੋਫ ਅਨੁਸਾਰ “ਜਰਮਨ ਕਿਸਮ ਦਾ ਫਾਸ਼ੀਵਾਦ ਆਪਣੇ-ਆਪ ਨੂੰ

ਕੌਮੀ-ਸਮਾਜਵਾਦ(National Socialism) ਅਖਵਾਉਣ ਦੀ ਨਿਰਲੱਜਤਾ ਰੱਖਦਾ ਹੈ ਭਾਵੇਂ ਕਿ ਸਮਾਜਵਾਦ ਨਾਲ ਉਸਦਾ ਕੁਝ ਵੀ ਸਾਂਝਾ ਨਹੀਂ ਫਾਸ਼ੀਵਾਦ ਜਮਾਤਾਂ ਤੋਂ ਉਪਰ ਉੱਠੀ ਹੋਈ ਸਰਕਾਰ ਨਹੀਂ ਹੈ,ਨਾ ਹੀ ਇਹ ਇਕ ਨਿੱਕ ਬੁਰਜੂਆਜੀ ਜਾਂ ਹੱਡਰੱਖ ਪ੍ਰੋਲੇਤਾਰੀ ਦੀ ਮਾਲੀ ਪੂੰਜੀ ਉੱਪਰ ਕਾਇਮ ਕੀਤੀ ਸਰਕਾਰ ਹੀ ਹੈ।ਫਾਸ਼ਿਜ਼ਮ ਖੁਦ ਮਾਲੀ ਪੂੰਜੀ ਦੀ ਹੀ ਸੱਤਾ ਹੈ। ਫਾਸ਼ਿਜ਼ਮ ਦਾ ਉਦੇਸ਼ ਜਨ-ਸਮੂਹਾਂ ਦੀ ਸਭ ਤੋਂ ਵੱਧ ਬੇਲਗਾਮ ਲੁੱਟ ਕਰਨਾ ਹੈ,ਪਰੰਤੂ ਉਹ ਸਭ ਤੋਂ ਵੱਧ ਚਲਾਕੀ ਭਰੇ ਢੰਗ ਨਾਲ ਪੂੰਜੀਵਾਦੀ ਵਿਰੋਧੀ ਲੱਛੇਦਾਰ ਭਾਸ਼ਣਬਾਜ਼ੀ ਨਾਲ,ਮੇਹਨਤਕਸ਼ਾਂ ਦੇ ਮਨਾਂ ਵਿਚ ਮੌਜੂਦ ਧਾੜਵੀ ਬੁਰਜੂਆਜੀ,ਬੈਂਕਾਂ,ਟਰੱਸਟਾਂ ਤੇ ਮਾਲੀ ਪੂੰਜੀ ਦੇ ਮਗਰਮੱਛਾਂ (Financial Limagnates) ਪ੍ਰਤੀ ਡੂੰਘੀ ਨਫਰਤ ਦਾ ਲਾਭ ਉਠਾ ਕੇ ਅਤੇ ਨਾਅਰੇ ਜੋ ਇਸ ਨਿਸ਼ਚਿਤ ਸਮੇਂ ਤੇ ਰਾਜਨੀਤਿਕ ਤੌਰ ਤੇ ਪੱਛੜੇ ਹੋਏ ਜਨ-ਸਮੂਹਾਂ ਨੂੰ ਸਭ ਤੋਂ ਵੱਧ ਲੁਭਾਵਣੇ ਲੱਗਦੇ ਹੋਣ,ਪੇਸ਼ ਕਰਕੇ ਅਪੀਲ ਕਰਦਾ ਹੈ।ਜਰਮਨੀ ਵਿਚ ‘ਸ਼ਨਅਤ ਦੀ ਭਲਾਈ,ਵਿਅਕਤੀ ਦੀ ਭਲਾਈ ਤੋਂ ੳਚੇਰੀ ਹੈ’:ਇਟਲੀ ਵਿਚ ‘ਸਾਡਾ ਰਾਜ ਪੂੰਜੀਵਾਦੀ ਨਹੀਂ,ਪਰੰਤੂ ਸਭ ਦਾ ਸਾਂਝਾ ਨਿਗਮਨੁਮਾ (Corporate) ਰਾਜ ਹੈ’:ਜਪਾਨ ਚ, ‘ਲੁੱਟ ਰਹਿਤ ਜਪਾਨ ਲਈ’ ਅਮਰੀਕਾ ’ਚ, ‘ਦੌਲਤ ਨੂੰ ਸਾਂਝੀ ਕਰੋ’ ਆਦਿ।ਫਾਸ਼ੀਵਾਦ ਪੂੰਜੀ ਦਾ ਮੇਹਨਤਕਸ਼ ਜਨ-ਸਮੂਹ ਤੇ ਸਭ ਤੋਂ ਵੱਡਾ ਖੂੰਖਾਰ ਹਮਲਾ ਹੈ।ਇਹ ਬੇਲਗਾਮ ਛਾਵਨਵਾਦ ਅਤੇ ਪਸਾਰਵਾਦੀ ਜੰਗ ਹੈ,ਹਲਕਿਆ ਪਿਛਾਖੜ ਤੇ ਉਲਟ ਇਨਕਲਾਬ ਹੈ।” ਇਸਦੇ ਪਸ਼ੂਪੁਣੇ ਤੇ ਵਹਿਸ਼ੀ ਦਹਿਸ਼ਤਗਰਦੀ ਦੇ ਮਨੁੱਖੀ ਘਾਣ ਦਾ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ ਕਿ “ਹਰ ਰੋਜ਼ ਫਾਸ਼ਿਸ਼ਟ ਜਰਮਨੀ ਦੇ ਬੰਦੀ-ਤਸੀਹਾ ਕੈਪਾਂ ਵਿਚ,ਗੈਸਟੈਪੋ (ਜਰਮਨ ਖੁਫੀਆ ਪੁਲਿਸ) ਦੇ ਸੈੱਲਾਂ ਵਿੱਚ,ਬੈਲਗਰੇਡ ਦੇ ‘ਗਲਾਵਨਿਆਂਚਾ’ ਰੂਮਾਨੀਆਂ ਦੇ ‘ਸਿਗੂਗਜਾਂ’ ਅਤੇ ਇਟਲੀ ਦੇ ਟਾਪੂਆਂ ਤੇ ਮਜ਼ਦੂਰ ਜਮਾਤ ਦੇ ਇਨਕਲਾਬੀ ਕਿਸਾਨਾਂ ਦੇ,ਕਈ ਬੇਹਤਰੀਨ ਸਪੁੱਤਰਾਂ ਨੂੰ,ਮਨੁੱਖਤਾ ਦੇ ਸ਼ਾਨਦਾਰ ਭਵਿੱਖ ਲਈ ਸੰਘਰਸ਼ ਕਰ ਰਹੇ ਯੋਧਿਆਂ ਨੂੰ ਅਜਿਹੇ ਅਣਮਨੁੱਖੀ ਤਸੀਹਿਆਂ ਤੇ ਅਪਮਾਨਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਸਦੇ ਸਾਹਮਣੇ ਜ਼ਾਰ ਦੀ ਖੁਫੀਆ ਪੁਲਿਸ ਦੇ ਸਭ ਤੋਂ ਵੱਧ ਘ੍ਰਿਣਤ ਕਾਰਨਾਮੇ ਵੀ ਫਿੱਕੇ ਪੈ ਜਾਂਦੇ ਹਨ।ਬਦਮਾਸ਼ ਜਰਮਨ ਫਾਸ਼ਿਸ਼ਟ ਪਤੀਆਂ ਨੂੰ ਉਨ੍ਹਾਂ ਦੀਆਂ ਪਤਨੀਆਂ ਸਾਹਮਣੇ ਮਾਰ-ਮਾਰ ਕੇ ਖੂਨ ਨਾਲ ਲੱਥਪੱਥ ਮਲੀਦਾ ਬਣਾ ਦਿੰਦੇ ਹਨ,ਅਤੇ ਕਤਲ ਕੀਤੇ ਪੁੱਤਰਾਂ ਦੀਆਂ ਅਸਥੀਆਂ ਨੂੰ ਪਾਰਸਲ ਰਾਹੀਂ ਉਨ੍ਹਾਂ ਦੀਆਂ ਮਾਵਾਂ ਨੂੰ ਭੇਜ ਦਿੰਦੇ ਹਨ।ਨਸਬੰਦੀ ਨੂੰ ਰਾਜਨੀਤਿਕ ਲੜਾਈ ਦਾ ਇਕ ਢੰਗ ਬਣਾ ਦਿੱਤਾ ਗਿਆ ਹੈ।ਤਸੀਹਾਖਾਨਿਆ ’ਚ ਗ੍ਰਿਫਤਾਰ ਕੀਤੇ ਫਾਸ਼ਿਸ਼ਟ ਵਿਰੋਧੀਆਂ ਨੂੰ ਜ਼ਹਿਰ ਦੇ ਟੀਕੇ ਲਾਏ ਜਾਂਦੇ ਹਨ,ਉਨ੍ਹਾਂ ਨੂੰ ਪੁੱਠਿਆਂ ਟੰਗ ਕੇ ਉਨ੍ਹਾਂ ਅੰਦਰ ਪੰਪ ਰਾਹੀਂ ਪਾਣੀ ਭਰ ਦਿੱਤਾ ਜਾਂਦਾ ਹੈ,ਉਨ੍ਹਾਂ ਦੇ ਜਿਉਂਦੇ ਸਰੀਰ ਤੇ ਫਾਸ਼ੀ ਸਵਾਸਤਿਕ ( ) ਦਾ ਨਿਸ਼ਾਨ ਉਕਰ ਦਿੱਤਾ ਜਾਂਦਾ ਹੈ ।” (ਜਾਰਜੀ ਦਮਿਤਰੋਫ,ਫਾਸਿਜ਼ਮ ਅਤੇ ਮਜ਼ਦੂਰ ਜਮਾਤ ਸਫਾ 2 ਤੋਂ 15)ਇਹੀ ਕਾਂਡ ਪੋਲੈਂਡ,ਇਟਲੀ,ਆਸਟਰੀਆ,ਬੁਲਗਾਰੀਆ ਅਤੇ ਯੂਗੋਸਲਾਵੀਆ ਵਿੱਚ ਰਚਿਆ ਗਿਆ।ਹਿਟਲਰ ਦਾ ਕੌਮੀ-ਸਮਾਜਵਾਦ ਤਾਨਾਸ਼ਾਹ ਰਾਜਨੀਤਿਕ ਇਜਾਰੇਦਾਰੀ ਅਤੇ ਫਾਸ਼ੀਵਾਦੀ ਕਰੂਰ ਬੁਰਜੂਆ ਰਾਸ਼ਟਰਵਾਦ ਹੀ ਸੀ ਜੋ ਪੂੰਜੀਵਾਦੀ ਲੁੱਟ ਤੋਂ ਅੱਗੇ ਬਰਬਰ ਰਾਜਸੱਤਾ ਦਾ ਰੂਪ ਸੀ।ਸੰਸਾਰ ਫਾਸ਼ੀਵਾਦੀ ਤਾਕਤਾਂ ਸਿੱਧੇ-ਅਸਿੱਧੇ ਤੌਰ ਤੇ ਪੂੰਜੀਵਾਦੀ-ਸਾਮਰਾਜੀਆਂ ਦੇ ਹਿੱਤਾਂ ’ਚ ਹੀ ਭੁਗਤਦੀਆਂ ਆਈਆਂ ਹਨ।ਆਪਣੇ ਉਲਟ ਇਨਕਲਾਬੀ ਖਾਸੇ ਕਾਰਨ ਇਸਦਾ ਕਿਰਦਾਰ ਹਮੇਸ਼ਾਂ ਲੋਕ ਵਿਰੋਧੀ ਹੁੰਦਾ ਹੈ।

ਹਿਟਲਰੀ ਫਾਸ਼ੀਵਾਦੀ ਧੌਂਸ ਦੇ ਜਰਮ ਭਾਰਤ ਵਿੱਚ ਭਗਵਾਂ ਬ੍ਰਿਗੇਡ ਤੋਂ ਅੱਗੇ ਸ਼ਿਵ ਸੈਨਾ ਤੇ ਹੋਰ ਅਨੇਕਾਂ ਹਿੰਦੂਤਵੀ ਦਹਿਸ਼ਤਗਰਦ ਸੰਗਠਨਾਂ ਦੇ ਰੂਪ ਵਿੱਚ ਸਾਹਮਣੇ ਆਏ।ਭਾਰਤ ਅੰਦਰ ਨਹਿਰੂ ਵੱਲੋਂ ਘੜੇ ‘ਸਮਾਜਵਾਦ’ ਅੰਦਰ ਇਨ੍ਹਾਂ ਫਾਸ਼ੀਵਾਦੀ ਜ਼ਰਾਸੀਮਾ ਨੂੰ ਫੈਲਣ ਦੀ ਪੂਰੀ ਖੁੱਲ੍ਹ ਦਿੱਤੀ ਗਈ।ਇਸ ਖੁੱਲ੍ਹ ਬਦਲੇ ਵਫਾਦਾਰੀ ਦਾ ਸਬੂਤ ਇਨ੍ਹਾਂ ਫਿਰਕੂ ਤਾਕਤਾਂ ਨੇ ਸਮੇਂ-ਸਮੇਂ ਤੇ ਭਾਰਤੀ ਇਨਕਲਾਬੀ ਜਮਹੂਰੀ ਲਹਿਰ ਉੱਪਰ ਆਪਣਾ ਜਾਬਰ ਹਮਲਾ ਜ਼ਾਰੀ ਰੱਖਦਿਆਂ ਦਿੱਤਾ ਤੇ ਅੱਗੋਂ ਜਾਰੀ ਹੈ।ਭਾਰਤੀ ਰਾਜ ਮਸ਼ੀਨਰੀ ਹਿੰਦੂ ਫਾਸ਼ੀਵਾਦ ਨੂੰ ਸ਼ਹਿ ਦੇ ਕੇ ਧਾਰਮਿਕ ਘੱਟ ਗਿਣਤੀਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ,ਉਨ੍ਹਾਂ ਦੇ ਧਾਰਮਿਕ ਸਥਾਨਾ ਦੀ ਬੇਅਦਬੀ ਕਰਨ ਤੇ ਉਨ੍ਹਾਂ ਦੇ ਜਾਨਮਾਲ ਨੂੰ ਫਿਰਕੂ ਦੰਗਿਆਂ ਦੀ ਭੇਂਟ ਚੜਾਉਣ ਜਾਂ ਸਿੱਧੇ ਤੌਰ ਤੇ ਆਪਣੀਆਂ ਹਥਿਆਰਬੰਦ ਸ਼ਕਤੀਆਂ ਦੀ ਮੱਦਦ ਨਾਲ ਉਨ੍ਹਾਂ ਦੇ ਕਤਲੇਆਮ ਰਚਾਉਣ ਦੇ ਕੁਕਰਮ ਕਰਦੀ ਹੈ।ਇਹ ਹਾਲਤ ਧਾਰਮਿਕ ਘੱਟ ਗਿਣਤੀਆਂ ਵਿੱਚੋਂ ਕੁਝ ਮੂਲਵਾਦੀ ਅਤੇ ਫਿਰਕਾਪ੍ਰਸਤ ਜੱਥੇਬੰਦੀਆਂ ਦੇ ਪੈਦਾ ਹੋਣ ਅਤੇ ਵੱਧਣ-ਫੁੱਲਣ ਵਿਚ ਸਹਾਈ ਹੋ ਰਹੀ ਹੈ।ਆਪਣੀ ਵੋਟ ਸਿਆਸਤ ਦੀਆਂ ਲੋੜਾਂ ਤਹਿਤ ਹਾਕਮ ਜਮਾਤਾਂ ਅਜਿਹੀਆਂ ਜੱਥੇਬੰਦੀਆਂ ਨੂੰ ਕਦੇ ਹੱਲਾਸ਼ੇਰੀ ਦੇਣ ਅਤੇ ਕਦੇ ਕੁਚਲ ਦੇਣ ਦੀ ਦੋ-ਮੂੰਹੀ ਨੀਤੀ ਤੇ ਚੱਲਦੀਆਂ ਹਨ।ਧਾਰਮਿਕ ਹਿੱਤਾਂ ਦੀ ਰਾਖੀ ਦੇ ਨਾਂ ਹੇਠ ਸਿੱਖਾਂ ਤੇ ਮੁਸਲਮਾਨਾਂ ਵਿਚ ਕੁਝ ਕੱਟੜ,ਫਿਰਕੂ ਅਤੇ ਧਾਰਮਿਕ ਮੂਲਵਾਦ ਪੈਦਾ ਕਰਨ ਦਾ ਇਕ ਵੱਡਾ ਸਾਧਨ ਬਣ ਰਹੇ ਹਨ।ਸਾਡੇ ਦੇਸ਼ ਅੰਦਰ ਹਿੰਦੂ ਫਾਸ਼ੀਵਾਦ ਤੇ ਹੋਰ ਫਿਰਕਾਪ੍ਰਸਤ ਤੇ ਧਾਰਮਿਕ ਮੂਲਵਾਦੀ ਤਾਕਤਾਂ ਨੂੰ ਹਾਕਮ ਜਮਾਤਾਂ ‘ਖੁਲ੍ਹੇ ਅੱਤਵਾਦੀ’ ਰੂਪ ਵਿਚ ਆਪਣੇ ਰਾਜ ਭਾਗ ਦੀ ਉਮਰ ਲੰਮੀ ਕਰਨ ਦੇ ਹਿੱਤ ਵਜੋਂ ਵਰਤਦੀਆਂ ਰਹਿੰਦੀਆਂ ਹਨ।

ਫਾਸ਼ੀਵਾਦੀ ਜਾਂ ਭਾਰਤੀ ਕਿਸਮ ਦਾ ਹਿੰਦੂ ਫਾਸ਼ੀਵਾਦੀ ਬੇਹੱਦ ਪਿਛਾਖੜੀ,ਲੋਕ ਵਿਰੋਧੀ,ਵਹਿਸ਼ੀ ਛਾਵਨਵਾਦੀ ਤੇ ਪੂੰਜੀਵਾਦ-ਸਾਮਰਾਜਵਾਦ ਦੀ ਨੰਗੀ ਚਿੱਟੀ ਜਾਬਰ ਫਿਰਕੂ ਤਾਨਾਸ਼ਾਹੀ ਹੈ,ਜਿਸਦਾ ਭਾਰਤੀ ਰਾਜ ਪ੍ਰਬੰਧ ਨਾਲ ਅੰਤਰਵਿਰੋਧਾਂ ਦੇ ਹੁੰਦਿਆਂ ਲੋਕਪੱਖੀ ਇਨਕਲਾਬੀ ਜਮਹੂਰੀ ਲਹਿਰ ਨੂੰ ਢਾਹ ਲਉਣ ਤੇ ਦੇਸ਼ ਦੇ ਕਮਾਊਆਂ ਦੀ ਲੁੱਟ ਕਰਨ ਦਾ ਮਕਸਦ ਸਾਂਝਾ ਹੈ।ਇਸਦਾ ਟਾਕਰਾ ਕਰਨ ਲਈ ਕਾਮਰੇਡ ਲੈਨਿਨ ਸਾਨੂੰ ਹੱਲਾਸ਼ੇਰੀ ਦਿੰਦੇ ਹੋਏ ਸੁਚੇਤ ਕਰਦੇ ਹਨ ਕਿ “ਬੁਰਜੂਆਜੀ ਵਹਿਸ਼ੀ ਦਹਿਸ਼ਤ ਰਾਹੀਂ ਮਿਹਨਤਕਸ਼ਾਂ ਤੇ ਭਾਰੂ ਹੋਣ ਵਿੱਚ,ਇਨਕਲਾਬ ਦੀਆਂ ਵੱਧ ਰਹੀਆਂ ਤਾਕਤਾਂ ਨੂੰ ਕੁਝ ਸਮੇਂ ਲਈ ਰੋਕਣ ਵਿਚ ਭਾਵੇਂ ਸਫਲ ਹੋ ਜਾਵੇ ,ਪਰ ਤਾਂ ਵੀ ,ਇਹ ਉਸਨੂੰ ਉਹਦੀ ਮੌਤ ਨਹੀਂ ਬਚਾ ਸਕਦੀ।ਜੀਵਤ ਤੱਤ ਮਰ ਰਹੇ ਤੱਤਾਂ ਦੇ ਵਿਰੁੱਧ ਜਿੱਤ ਪਾ ਕੇ ਰਹੇਗਾ।ਬੁਰਜੂਆਜੀ ਪਾਗਲਾਂ ਦੀ ਤਰਾਂ੍ਹ ਫਰਾਟੇ ਮਾਰ ਲਵੇ,ਇਹ ਜਾਨੂੰਨ ਖਿਲਾਰ ਲਵੇ,ਅੱਤ ਕਰ ਲਵੇ,ਮੂਰਖਤਾਈਆਂ ਕਰ ਲਵੇ,ਬਾਲਸ਼ਵਿਕਾਂ ਤੋਂ ਅਗੇਤੇ ਬਦਲਾ ਲੈ ਲਵੇ ਅਤੇ ਹਰ ਸੈਂਕੜੇ,ਹਜ਼ਾਰਾਂ,ਲੱਖਾਂ ਦੀ ਗਿਣਤੀ ਵਿਚ ਅੱਜ ਦੇ ਤੇ ਭਵਿੱਖ ਦੇ ਬਾਲਸ਼ਵਿਕਾਂ ਨੂੰ (ਭਾਰਤ,ਹੰਗਰੀ,ਜਰਮਨੀ ਆਦਿ ਵਿੱਚ) ਕਤਲ ਕਰਨ ਦੀ ਕੋਸ਼ਿਸ਼ ਕਰ ਲਵੇ।ਇਸ ਤਰ੍ਹਾਂ ਕਰਕੇ ਬੁਰਜੂਆਜੀ ਕੇਵਲ ਉਹ ਕੁਝ ਹੀ ਕਰ ਰਹੀ ਹੈ ਜੋ ਕੁਝ ਉਨ੍ਹਾਂ ਸਾਰੀਆ ਜਮਾਤਾਂ ਨੇ ਕੀਤਾ ਹੈ,ਜਿੰਨ੍ਹਾਂ ਦੀ ਮੌਤ ਦਾ ਫੈਸਲਾ ਇਤਿਹਾਸ ਨੇ ਕਰ ਦਿੱਤਾ ਸੀ।ਕਮਿਊਨਿਸਟਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਵਿੱਖ ਹਰ ਹਾਲਤ ਵਿਚ ਉਨ੍ਹਾਂ ਦਾ ਹੀ ਹੈ,ਅਤੇ ਇਸ ਕਰਕੇ ਸਾਡੇ ਲਈ ਇਹ ਸੰਭਵ ਹੈ ਕਿ (ਅਤੇ ਸਾਨੂੰ ਇਹ ਚਾਹੀਦਾ ਵੀ ਹੈ) ਕਿ ਅਸੀਂ ਇਸ ਮਹਾਨ ਇਨਕਲਾਬੀ ਸੰਘਰਸ਼ ਵਿਚ ਅਤਿਅੰਤ ਤੀਬਰ ਜੋਸ਼ ਦੇ ਨਾਲ-ਨਾਲ ਬੁਰਜੂਆਜੀ ਦੇ ਜਾਨੂੰਨੀ ਪਾਗਲਾਂ ਵਰਗੇ ਫਰਾਟਿਆਂ ਦਾ ਮੁਲੰਕਣ ਬੇਹੱਦ ਠੰਢੇ ਦਿਮਾਗ ਅਤੇ ਬੇਹੱਦ ਸੰਜੀਦਗੀ ਨਾਲ ਕਰੀਏ।” (ਲੈਨਿਨ,ਖੱਬੇਪੱਖੀ ਕਮਿਊਨਿਜ਼ਮ ਇਕ ਬਚਕਾਨਾ ਰੋਗ)

ਇਸ ਪ੍ਰਕਾਰ ਇਸ ਜੁੰਡਲੀ ਦਾ ਟਾਕਰਾ ਕਰਨ ਲਈ ਸਭਨਾ ਇਨਕਲਾਬੀ ਜਮਹੂਰੀ ਅਤੇ ਲੋਕਪੱਖੀ ਤਾਕਤਾਂ ਨੂੰ ਮਜ਼ਦੂਰ ਜਮਾਤ ਦੀ ਇਨਕਲਾਬੀ ਲਹਿਰ ਨਾਲ ਮਜਬੂਤ ਏਕਤਾ ਉਸਾਰਨ ਵੱਲ ਅੱਗੇ ਵਧਣਾ ਚਾਹੀਦਾ ਹੈ।ਇਸ ਖੂੰਖਾਰ ਪਰ ਅਸਥਿਰ ਪ੍ਰਣਾਲੀ ਦੇ ਖ਼ਿਲਾਫ਼ ਚੇਤੰਨ ਵਿਚਾਰਧਾਰਕ ਸਿਆਸੀ ਸਮਝ ਦੀ ਨਿਸ਼ਾਨਦੇਹੀ ਕਰਨ ਤੇ ਇਸਦਾ ਬੱਝਵਾਂ ਜਵਾਬ ਦੇਣ ਦੀ ਲੋੜ ਦਰਪੇਸ਼ ਹੈ।

ਸੰਪਰਕ : 98764-42052

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ