Mon, 09 December 2024
Your Visitor Number :-   7279242
SuhisaverSuhisaver Suhisaver

ਯੂਰਪੀ ਯੂਨੀਅਨ ਦਾ ਸੰਕਟ -ਮਨਦੀਪ

Posted on:- 08-07-2016

suhisaver

23 ਜੂਨ ਨੂੰ ਬਰਤਾਨੀਆਂ ਦੇ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਨਤੀਜੇ ਨੇ ਦੁਨੀਆਂ ਭਰ ਦੇ ਸਿਆਸੀ ਅਤੇ ਆਰਥਿਕ ਪਿੜ ਵਿਚ ਨਵੇਂ ਸੁਆਲ ਖੜੇ ਕਰ ਦਿੱਤੇ ਹਨ। ਬਰਤਾਨੀਆਂ 1973 ’ਚ ਯੂਰਪੀਅਨ ਯੂਨੀਅਨ ’ਚ ਸ਼ਾਮਲ ਹੋਇਆ ਸੀ ਅਤੇ 1975 ’ਚ ਇਸਨੇ ਇਸਦੀ ਮੈਂਬਰਸ਼ਿਪ ਹਾਸਲ ਕਰ ਲਈ ਸੀ। ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਕੁੱਲ 28 ਮੁਲਕਾਂ ਵਿਚੋਂ ਬਰਤਾਨੀਆਂ ਕਾਫੀ ਦੇਰੀ ਨਾਲ ਇਸਦਾ ਭਾਈਵਾਲ ਬਣਿਆ ਸੀ। ਬਰਤਾਨੀਆਂ ਆਪਣੇ ਸਾਮਰਾਜੀ ਅਤੀਤ ਕਾਰਨ ਯੂਰਪੀਅਨ ਯੂਨੀਅਨ ’ਚ ਆਪਣੀਆਂ ਸ਼ਰਤਾਂ ’ਤੇ ਸ਼ਾਮਲ ਹੋਣ ਅਤੇ ਇਸ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਦਬਦਬਾ ਬਣਾਈ ਰੱਖਣ ਦੇ ਹਮੇਸ਼ਾ ਯਤਨ ਕਰਦਾ ਰਿਹਾ।

ਬਰਤਾਨੀਆਂ ਨੇ ਯੂਰਪੀਅਨ ਯੂਨੀਅਨ ਦੀ ਸਾਂਝੀ ਮੁਦਰਾ ‘ਯੁਰੋ’ ਦੇ ਬਾਵਜੂਦ ਆਪਣੇ ਪੌਂਡ ਨੂੰ ਹੀ ਅਪਣਾਈ ਰੱਖਿਆ। ਯੂਰਪੀ ਗੁੱਟ ’ਚ ਉਸਨੇ ਅੰਗਰੇਜ਼ੀ ਨੂੰ ਆਪਣੀ ਅਧਿਕਾਰਤ ਭਾਸ਼ਾ ਵਜੋਂ ਦਰਜ ਕਰਵਾਇਆ। ਬਰਤਾਨੀਆਂ ਨੇ ਯੂਰਪ ਦੀਆਂ ਦੋ ਵੱਡੀਆਂ ਆਰਥਿਕਤਾਵਾਂ ਅਤੇ ਆਪਣੇ ਪੁਰਾਣੇ ਦੁਸ਼ਮਣ ਫਰਾਂਸ ਤੇ ਜਰਮਨ ਦੇ ਵਿਰੋਧ ਦਾ ਸਾਹਮਣਾ ਕਰਦਿਆਂ ਇਕ ਰੀਫਰੈਂਡਮ ਜ਼ਰੀਏ ਯੂਰਪੀਅਨ ਯੂਨੀਅਨ ਦੀ ਮਾਨਤਾ ਹਾਸਲ ਕੀਤੀ ਸੀ।

ਬਰਤਾਨੀਆਂ ਦੇ ਯੂਰਪੀ ਯੂਨੀਅਨ ’ਚ ਸ਼ਾਮਲ ਹੋਣ ਬਾਅਦ ਇਸਨੇ ਬੜੀ ਤੇਜੀ ਨਾਲ ਯੂਰਪ ਦੇ ਕਮਜ਼ੋਰ ਮੁਲਕਾਂ ’ਚ ਲਗਭਗ 50 ਫੀਸਦੀ ਨਿਰਯਾਤ ਕਰਕੇ ਆਪਣੀ ਠੁੱੱਕ ਬਣਾਈ ਰੱਖੀ। 2008 ਦੀ ਆਰਥਿਕ ਮੰਦੀ ਤੋਂ ਬਾਅਦ ਯੂਰੋ ਦੇ ਸੰਕਟਗ੍ਰਸਤ ਹੋਣ ਨਾਲ ਇੱਕ ਤੋਂ ਬਾਅਦ ਇੱਕ ਯੂਰਪ ਦੇ ਕਈ ਦੇਸ਼ਾਂ ਦੀ ਆਰਥਿਕਤਾ ਲੜਖੜਾਉਣ ਲੱਗੀ ਤਦ ਸ਼ੁਰੂ ਸ਼ੁਰੂ ’ਚ ਬਰਤਾਨੀਆਂ ਸਮੇਤ ਫਰਾਂਸ ਤੇ ਜਰਮਨ ਦੀ ਆਰਥਿਕਤਾ ਉਪਰ ਮੰਦੀ ਦਾ ਉਹ ਅਸਰ ਦੇਖਣ ਨੂੰ ਨਹੀਂ ਸੀ ਮਿਲਿਆ ਜੋ ਯੂਨਾਨ, ਪੁਰਤਗਾਲ, ਸਈਪ੍ਰਸ, ਆਇਰਲੈਂਡ, ਸਪੇਨ ਆਦਿ ਮੁਲਕਾਂ ਦੀ ਆਰਥਿਕਤਾ ਉੱਪਰ ਵੇਖਣ ਨੂੰ ਮਿਲਿਆ ਸੀ। ਪ੍ਰੰਤੂ ਆਰਥਿਕ ਮੰਦਵਾੜੇ ਦੇ ਇਹ ਬੱਦਲ ਤੇਜੀ ਨਾਲ ਫਰਾਂਸ, ਜਰਮਨ ਅਤੇ ਬਰਤਾਨੀਆਂ ਉੱਪਰ ਵੀ ਛਾਉਣ ਲੱਗੇ। ਅਜਿਹੇ ’ਚ ਬਰਤਾਨੀਆਂ ਲਈ ਜਿੱਥੇ ਆਰਥਿਕ ਤੌਰ ’ਤੇ ਕਮਜ਼ੋਰ ਯੂਰਪੀ ਮੁਲਕ ਵਪਾਰਕ ਪੱਖੋਂ ਚੋਖੀ ਕਮਾਈ ਦਾ ਸਾਧਨ ਸਨ ਉਥੇ ਯੂਰਪੀ ਯੂਨੀਅਨ ਦੇ ਅਨੁਸ਼ਾਸ਼ਨ ਕਾਰਨ ਇਹ ਕਮਜ਼ੋਰ ਮੁਲਕ ਉਸ ਲਈ ਵੱਡੀ ਸਿਰਦਰਦੀ ਵੀ ਸਨ। ਲਗਾਤਾਰ ਵੱਧ ਰਹੇ ਯੂਰਪੀ ਅਤੇ ਵਿਸ਼ਵ ਆਰਥਿਕਤਾ ਦੇ ਸੰਕਟ ਕਾਰਨ ਬਰਤਾਨੀਆਂ ਵਰਗੇ ਵਿਕਸਿਤ ਪੂੰਜੀਵਾਦੀ ਮੁਲਕਾਂ ਉੱਪਰ ਇਸਦੇ ਅਸਰ ਪੈ ਰਹੇ ਹਨ। ਉਥੋਂ ਦੀ ਸਥਾਨਕ ਵਸੋਂ ਦਾ ਵੱਡਾ ਹਿੱਸਾ ਸੋਚਦਾ ਹੈ ਕਿ ਯੂਰਪ ਮੰਦੀ ਦੇ ਅਸਰ ਹੇਠ ਹੈ ਅਤੇ ਬਰਤਾਨੀਆਂ ਦੀ ਭਲਾਈ ਯੂਰਪੀ ਯੂਨੀਅਨ ’ਚੋਂ ਬਾਹਰ ਆਉਣ ’ਚ ਹੀ ਹੈ। ਇਸ ਲਈ 23 ਜੂਨ ਨੂੰ ਹੋਈ ਰਾਇਸ਼ੁਮਾਰੀ ਵਿੱਚ 51.1 ਫੀਸਦੀ ਲੋਕਾਂ ਨੇ ਯੂਰਪੀ ਯੂਨੀਅਨ ਚੋਂ ਬਾਹਰ ਆਉਣ ਦੇ ਹੱਕ ’ਚ ਆਪਣਾ ਫੈਸਲਾ ਦੇ ਦਿੱਤਾ।

ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਹੱਕ ’ਚ ਮੁਹਿੰਮ ਚਲਾਉਣ ਵਾਲਿਆਂ ਦਾ ਤਰਕ ਹੈ ਕਿ ਬਰਤਾਨੀਆਂ ਦੇ ਯੂਰਪੀ ਯੂਨੀਅਨ ’ਚ ਰਹਿਣ ਨਾਲ ਇਹ ਵੀ ਆਰਥਿਕ ਮੰਦੀ ਦੇ ਅਸਰ ਤੋਂ ਬੇਲਾਗ ਨਹੀਂ ਰਹੇਗਾ। ਦੂਸਰਾ ਉਹ ਸਮਝਦੇ ਹਨ ਕਿ ਯੂਰਪੀ ਯੂਨੀਅਨ ’ਚ ਸ਼ਾਮਲ ਹੋਣ ਨਾਲ ਬਾਕੀ ਦੇ ਦੇਸ਼ਾਂ ਦੇ ਮੂਲ ਨਿਵਾਸੀ ਅਤੇ ਏਸ਼ੀਅਨ ਮੁਲਕਾਂ ਤੋਂ ਆਏ ਪ੍ਰਵਾਸੀ ਦੂਸਰੇ ਯੂਰਪੀ ਮੁਲਕਾਂ ਰਾਹੀਂ ਦਾਖਲ ਹੋ ਕੇ ਇੰਗਲੈਂਡ ਵਿਚ ਆ ਵਸਦੇ ਹਨ ਅਤੇ ਇਹ ਬਾਹਰੋਂ ਆਏ ਲੋਕ ਉਹਨਾਂ ਦੀਆਂ ਨੌਕਰੀਆਂ ਖੋਹ ਰਹੇ ਹਨ। ਤੀਸਰਾ ਬਰਤਾਨੀਆਂ ਦੀ ਕਰੰਸੀ ਪੌਂਡ ਹੋਣ ਕਾਰਨ ਯੂਰਪੀ ਯੂਨੀਅਨ ਦੀ ਫੀਸ ਦੇਣ ਅਤੇ ਯੂਰਪੀ ਯੂਨੀਅਨ ’ਚ ਸ਼ਾਮਲ ਦੇਸ਼ਾਂ ਨਾਲ ਵਪਾਰ ਕਰਨ ਸਮੇਂ ਉਸਨੂੰ ਹਫਤਾਵਾਰੀ 350 ਮਿਲੀਅਨ ਪੌਂਡ ਦਾ ਵਾਧੂ ਬੋਝ ਝੱਲਣਾ ਪੈ ਰਿਹਾ ਹੈ। ਬਰਤਾਨੀਆਂ ਸਰਹੱਦੀ ਅਸੁਰੱੱਖਿਆ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵੀ ਚਿੰਤਾ ’ਚ ਸੀ। ਯੂਰਪੀ ਯੂਨੀਅਨ ਤੋਂ ਵੱਖ ਹੋਣ ਵਾਲੇ ਸਮਝਦੇ ਹਨ ਕਿ ਯੂਰਪੀ ਯੂਨੀਅਨ ਉਹਨਾਂ ਦੀ ਆਜ਼ਾਦੀ ਅਤੇ ਵਿਦੇਸ਼ ਨੀਤੀ ਦੇ ਰਾਹ ਵਿਚ ਰੋੜਾ ਹੈ। ਇਸ ਤਰ੍ਹਾਂ ਉਹਨਾਂ ਦਾ ਮੰਨਣਾ ਹੈ ਕਿ ਬਰਤਾਨੀਆਂ ਯੂਰਪੀ ਯੂਨੀਅਨ ਤੋਂ ਵੱਖ ਹੋ ਕੇ ਵਪਾਰ ਅਤੇ ਵਿਦੇਸ਼ ਨੀਤੀ ਸਬੰਧੀ ਸਵੈ-ਨਿਰਣੇ ਲੈਣ ਲਈ ਅਜਾਦ ਹੋ ਜਾਵੇਗਾ ਅਤੇ ਵਿਕਾਸ ਦੀਆਂ ਲੀਹਾਂ ਤੇ ਚੱਲ ਪਵੇਗਾ।

ਦੂਸਰੇ ਪਾਸੇ ਬਰਤਾਨਵੀ ਹਾਕਮ ਅਤੇ ਉਥੋਂ ਦੀ ਸਰਮਾਏਦਾਰੀ ਜਮਾਤ ਦਾ ਵੱਡਾ ਹਿੱਸਾ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਹੱਕ ਵਿਚ ਨਹੀਂ ਹੈ। ਯੂਰਪੀ ਯੂਨੀਅਨ ਵਿਸ਼ਵ ਦੀ ਇਕ ਵੱਡੀ ਤਾਕਤ ਅਤੇ ਮੰਡੀ ਰਿਹਾ ਹੈ। ਇਹ ਇਕ ਅਜਿਹੇ ਇਤਿਹਾਸਕ ਦੌਰ ’ਚ ਹੋਂਦ ਆਇਆ ਸੀ ਜਦੋਂ ਦੁਨੀਆਂ ਦੋ ਖੇਮਿਆਂ ’ਚ ਵੰਡੀ ਹੋਈ ਸੀ। ਇਕ ਪਾਸੇ ਸਮਾਜਵਾਦੀ ਸੋਵੀਅਤ ਯੂਨੀਅਨ ਜੋ ਪੂੰਜੀਵਾਦੀ ਫਾਸ਼ੀਵਾਦੀ ਤਾਕਤਾਂ ਨੂੰ ਟੱਕਰ ਦੇ ਕੇ ਦੁਨੀਆਂ ਭਰ ਦੇ ਲੋਕਾਂ ਅੱਗੇ ਸਵੈ-ਨਿਰਭਰ ਸਮਾਜਵਾਦੀ ਰਾਜਨੀਤਿਕ ਆਰਥਿਕਤਾ ਦਾ ਮਾਡਲ ਪੇਸ਼ ਕਰ ਰਿਹਾ ਸੀ ਅਤੇ ਦੂਸਰੇ ਪਾਸੇ ਅਮਰੀਕਾ ਇਕ ਵੱਡੀ ਸਾਮਰਾਜੀ ਤਾਕਤ ਵਜੋਂ ਦੁਨੀਆਂ ਭਰ ’ਚ ਪੂੰਜੀਵਾਦੀ ਆਰਥਿਕਤਾ ਦਾ ਝੰਡਾਬਰਦਾਰ ਬਣਕੇ ਸਾਹਮਣੇ ਆ ਰਿਹਾ ਸੀ। ਅਜਿਹੇ ’ਚ ਯੂਰਪੀ ਮੁਲਕਾਂ ਨੇ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੋਵਾਂ ਵਿਚੋਂ ਇੱਕ ਧੜੇ ਨਾਲ ਖੜਣ ਦੀ ਬਜਾਏ ਆਪਣਾ ਵੱਖਰਾ ਸੰਘ ਬਣਾਕੇ ਸੰਸਾਰ ਸ਼ਕਤੀ ਵਜੋਂ ਉਭਰਨ ਦਾ ਨਿਰਣਾ ਕੀਤਾ। ਇਹ ਸੋਵੀਅਤ ਯੂਨੀਅਨ ਅਤੇ ਅਮਰੀਕਾ ਦੇ ਆਪਸੀ ਭੇੜ ਦਾ ਲਾਹਾ ਖੱਟਣਾ ਚਾਹੁੰਦਾ ਸੀ ਅਤੇ ਇਹ ਉਸਨੇ ਖੱੱਟਿਆ ਵੀ ਹੈ। 1953 ’ਚ ਫਰਾਂਸ, ਜਰਮਨੀ, ਇਟਲੀ, ਬੈਲਜੀਅਮ, ਨੀਦਰਲੈਂਡ ਅਤੇ ਲਕਸਮਬਰਗ ਨੇ ਯੂਰਪੀਅਨ ਸੰਘ ਦੀ ਨੀਂਹ ਰੱਖੀ। ਬਾਅਦ ’ਚ ਇੱਕ ਤੋਂ ਬਾਅਦ ਇੱਕ ਹੋਰ ਯੂਰਪੀ ਮੁਲਕ ਇਸਦਾ ਅੰਗ ਬਣਦੇ ਚਲੇ ਗਏ। ਇਨ੍ਹਾਂ ਮੁਲਕਾਂ ਨੇ ਆਪਸੀ ਵਪਾਰਕ ਰਿਸ਼ਤਿਆਂ ਵਿੱਚ ਕਈ ਰਿਆਇਤਾਂ ਸਥਾਪਿਤ ਕੀਤੀਆਂ।

ਯੂਰਪੀ ਗੁੱਟ ’ਚ ਸ਼ਾਮਲ ਮੁਲਕਾਂ ਨੇ ਇੱਕ ਦੂਸਰੇ ਦੇਸ਼ਾਂ ’ਚ ਆਪਣਾ ਮਾਲ ਭੇਜਣ ਲਈ ਕਸਟਮ ਡਿਊਟੀ ਅਦਾ ਨਾ ਕਰਨ, ਸਾਂਝੀ ਵੱਡੀ ਮੰਡੀ ’ਚ ਸਾਂਝਾ ਨਿਵੇਸ਼ ਕਰਨ ਦੀ ਖੁੱਲ੍ਹ, ਇੱਕ ਦੂਜੇ ਦੀ ਸੁਰੱਖਿਆ ਤੇ ਭਲਾਈ ਕਰਨ ਅਤੇ ਸੰਸਾਰ ਵਪਾਰਕ ਸਬੰਧਾਂ ’ਚ ਸੰਯੁਕਤ ਤਾਕਤ ਦੀ ਵਰਤੋਂ ਕਰਨ ਆਦਿ ਜਿਹੇ ਕਈ ਆਰਥਿਕ ਸਮਾਜਿਕ ਸਮਝੌਤਿਆਂ ਤੇ ਸਹਿਮਤੀ ਦਰਜ ਕਰਵਾਈ ਸੀ। ਇਹ ਗੁੱਟ ਲੰਮਾ ਸਮਾਂ ਮਿਲਕੇ ਕੰਮ ਕਰਦਾ ਰਿਹਾ ਪ੍ਰੰਤੂ ਇਸਦਾ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਇਆ। ਵਿਸ਼ਵ ਮੰਚ ਤੇ ਇਸਦੀ ਇੱਕ ਭੂਮਿਕਾ ਹੋਣ ਦੇ ਬਾਵਜੂਦ ਇਹ ਹਮੇਸ਼ਾ ਆਪਸੀ ਕਾਟੋ ਕਲੇਸ਼ ਦਾ ਅਖਾੜਾ ਹੀ ਬਣਿਆ ਰਿਹਾ। ਸਮੇਂ ਸਮੇਂ ਤੇ ਇਹ ਕਾਟੋ ਕਲੇਸ਼ ਗੁੱਟ ’ਚ ਸ਼ਾਮਲ ਮੁਲਕਾਂ ਦੀ ਚੌਧਰ ਦੇ ਸਵਾਲ ਨੂੰ ਲੈ ਕੇ ਹੁੰਦਾ ਰਿਹਾ ਹੈ। ਸਮਾਜਵਾਦੀ ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਤੋਂ ਬਾਅਦ ਰੂਸ ਪੂੰਜੀਵਾਦੀ ਲੀਹ ਉੱਤੇ ਚੱਲ ਪਿਆ ਅਤੇ ਅਮਰੀਕਾ ਇੱਕ ਮਹਾਂਸ਼ਕਤੀ ਵਜੋਂ ਉੱਭਰਕੇ ਸਾਹਮਣੇ ਆਇਆ। ਉਧਰ ਚੀਨ ਸਾਮਰਾਜੀ ਤਾਕਤ ਬਣਕੇ ਉੱਭਰਨ ਲੱਗਾ। ਇਸ ਤਰ੍ਹਾਂ ਵਿਸ਼ਵ ਮੰਚ ਤੇ ਕੋਈ ਸਮਾਜਵਾਦੀ ਸ਼ਰੀਕ ਨਾ ਹੋਣ ਕਾਰਨ ਸਰਮਾਏ ਦੀ ਦੌੜ ਦੇ ਨਵੇਂ ਖਿਡਾਰੀ ਮੁਕਾਬਲੇ ’ਚ ਆਉਣ ਲੱਗੇ। ਅਮਰੀਕਾ ਵੀ ਸਮਾਜਵਾਦੀ ਸੋਵੀਅਤ ਯੂਨੀਅਨ ਵਾਲੇ ਪਾਸਿਓਂ ਵਿਹਲਾ ਹੋ ਚੁੱਕਾ ਸੀ ਤੇ ਉਹ ਵਿਸ਼ਵ ਮੰਡੀ ’ਚ ਆਪਣੇ ਆਰਥਿਕ ਹਿੱਤਾਂ ਵੱਲ ਹੋਰ ਵੱਧ ਧਿਆਨ ਕੇਂਦਰਿਤ ਕਰਨ ਲੱਗਾ। ਯੂਰਪੀ ਗੁੱਟ ਦਾ ਆਰਥਿਕ ਮਾਡਲ ਪੂੰਜੀਵਾਦੀ ਆਰਥਿਕਤਾ ਹੋਣ ਕਾਰਨ ਸਾਮਰਾਜੀ ਮੁਲਕਾਂ ਦਾ ਆਪਸੀ ਭੇੜ ਦਿਨੋ ਦਿਨ ਵੱਧ ਰਿਹਾ ਹੈ। ਇਸ ਭੇੜ ਦੇ ਸਿੱਟੇ ਵਜੋਂ ਸਾਮਰਾਜੀ ਤੇ ਸਰਮਾਏਦਾਰ ਮੁਲਕ ਆਪਣੇ ਸੰਕਟ ਦਾ ਬੋਝ ਕਮਜ਼ੋਰ ਮੁਲਕਾਂ ਉੱਪਰ ਸੁੱਟ ਰਹੇ ਹਨ। ਪੂੰਜੀਵਾਦੀ ਆਰਥਿਕਤਾ ’ਚ ਨੈਤਿਕਤਾ ਦੇ ਅਜਿਹੇ ਕੋਈ ਅਸੂਲ ਨਹੀਂ ਹਨ ਜੋ ਦੂਸਰੇ ਮੁਲਕ ਦੀ ਸੁਰੱਖਿਆ ਤੇ ਭਲਾਈ ਦੀ ਜਾਮਨੀ ਕਰਦੇ ਹੋਣ ਬਲਕਿ ਪੂੰਜੀਵਾਦੀ ਸਰਮਾਏ ਦੀ ਪ੍ਰਵਿਰਤੀ ਸੁਪਰ ਮੁਨਾਫੇ ਅਤੇ ਆਪਣੇ ਪਸਾਰ ਲਈ ਕਬਜਾਕਰੂ ਨੀਤੀਆਂ ਤੇ ਟਿਕੀ ਹੁੰਦੀ ਹੈ। ਯੂਰਪੀਅਨ ਯੂਨੀਅਨ ’ਚ ਸ਼ਾਮਲ ਮੁਲਕ ਵੀ ਇਸ ਪ੍ਰਵਿਰਤੀ ਤੋਂ ਬੇਦਾਗ ਨਹੀਂ ਹਨ।

ਦਰਅਸਲ ਬਰਤਾਨਵੀ ਹਾਕਮ ਜਾਣਦੇ ਹਨ ਕਿ ਯੂਰਪੀ ਯੂਨੀਅਨ ਤੋਂ ਵੱਖ ਹੋ ਕੇ ਉਹ ਹੋਰ ਮੁਸੀਬਤਾਂ ਵਿੱਚ ਘਿਰ ਜਾਣਗੇ। ਮੌਜੂਦਾ ਸਮੇਂ ’ਚ ਤਿੰਨ ਲੱਖ ਬਿ੍ਰਟਿਸ਼ ਕੰਪਨੀਆਂ ਅਤੇ 74 ਫੀਸਦੀ ਦੇ ਕਰੀਬ ਬਿ੍ਰਟਿਸ਼ ਨਿਰਯਾਤਕਰਤਾਵਾਂ ਦੀ ਨਿਰਭਰਤਾ ਯੂਰਪੀ ਮੰਡੀ ਉੱਪਰ ਬਣੀ ਹੋਈ ਹੈ। ਯੂਰਪੀ ਮੰਡੀ ਦੇ ਅਹਿਮ ਅੰਗ ਵਜੋਂ ਏਸ਼ੀਆਈ ਅਤੇ ਅਮਰੀਕੀ ਨਿਵੇਸ਼ਕਰਤਾਵਾਂ ਨੇ ਬਰਤਾਨੀਆਂ ਵਿੱਚ ਆਪਣਾ ਨਿਵੇਸ਼ ਕੀਤਾ ਹੋਇਆ ਹੈ। ਇਸ ਨਿਵੇਸ਼ ਪਿਛਲਾ ਕਾਰਕ ਬਰਤਾਨੀਆਂ ਦਾ ਯੂਰਪੀ ਮੰਡੀ ਨਾਲ ਜੁੜਿਆ ਹੋਣਾ ਹੈ। ਇਸ ਰਿਸ਼ਤੇ ਦੇ ਟੁੱਟਣ ਨਾਲ ਜਿੱਥੇ ਪੁਰਾਣੇ ਵਪਾਰਕ ਸਬੰਧ ਟੁੱਟਣ ਦੇ ਅਸਾਰ ਹਨ ਉਥੇ ਨਵੇਂ ਪੈਦਾ ਹੋਣ ਵਾਲੇ ਸ਼ਰੀਕਾਂ ਨਾਲ ਨਵੀਆਂ ਸ਼ਰਤਾਂ ਤਹਿਤ ਨਵੇਂ ਵਪਾਰਕ ਸਬੰਧ ਬਣਾਉਣ ਦੇ ਹਰਜਿਆਂ ਦੇ ਖਤਰੇ ਵੀ ਦਰਪੇਸ਼ ਹਨ। ਲਾਜਮੀ ਹੀ ਇਹ ਖਤਰੇ ਜਿੱਥੇ ਬਰਤਾਨਵੀ ਹਕੂਮਤ ਲਈ ਗੋਡੇਟੇਕੂ ਸਾਬਤ ਹੋਣਗੇ ਉਥੇ ਇਸਦਾ ਪ੍ਰਭਾਵ ਬਰਤਾਨੀਆਂ ਦੇ ਆਮ ਲੋਕਾਂ ਅਤੇ ਸਭ ਤੋਂ ਵੱਧ ਮਜਦੂਰ ਜਮਾਤ ਉਤੇ ਅਸਰਅੰਦਾਜ ਹੋਵੇਗਾ। ਬਰਤਾਨੀਆਂ ਸਰਮਾਏਦਾਰਾਂ ਲਈ ਪ੍ਰਵਾਸੀ ਮਜਦੂਰਾਂ ਦੇ ਰੂਪ ’ਚ ਸਸਤੀ ਲੇਬਰ ਦੀ ਵੱਡੀ ਖੇਪ ਹੈ।

ਦੂਸਰਾ ਸਨਅਤੀ ਮੁਲਕ ਬਰਤਾਨੀਆਂ ਨੂੰ ਸਨਅਤ ਲਈ ਕੱਚਾ ਮਾਲ ਯੂਰਪ ਦੇ ਖੇਤੀਬਾੜੀ ਨਾਲ ਜੁੜੇ ਹੋਰ ਮੁਲਕਾਂ ਤੋਂ ਪ੍ਰਾਪਤ ਹੁੰਦਾ ਹੈ ਅਤੇ ਬਦਲੇ ਵਿਚ ਤਿਆਰ ਮਾਲ ਇਨ੍ਹਾਂ ਮੁਲਕਾਂ ’ਚ ਨਿਰਯਾਤ ਹੂੰਦਾ। ਬਰਤਾਨੀਆਂ ਦੇ ਵੱਖ ਹੋਣ ਨਾਲ ਲਾਜਮੀ ਹੀ ਇਹ ਸਬੰਧ ਸੁਖਾਵੇਂ ਅਤੇ ਲਾਹੇਵੰਦ ਨਹੀਂ ਰਹਿਣ ਵਾਲੇ। ਸੰਸਾਰ ਆਰਥਿਕਤਾ ਦਾ ਅੰਗ ਹੋਣ ਕਰਕੇ ਵਾਧੂ ਪੈਦਾਵਾਰ ਦੇ ਮੌਜੂਦਾ ਸੰਕਟ ਦੇ ਦੌਰ ’ਚ ਸਰਮਾਏਦਾਰ ਜਮਾਤਾਂ ਮੁਕਾਬਲੇਬਾਜ਼ੀ ਦੀ ਸਰਪਟ ਦੌੜ ਚ ਦਾਖਲ ਹੋ ਚੁੱਕੀਆਂ ਹਨ। ਇਸ ਦੌੜ ਚੋਂ ਅੱਗੇ ਨਿਕਲਣ ਲਈ ਉਹ ਸਰਕਾਰੀ ਜਬਰ ਤੋਂ ਲੈ ਕੇ ਕਿਰਤ ਕਾਨੂੰਨਾਂ ਨੂੰ ਆਪਣੀ ਮਨਮਰਜੀ ਨਾਲ ਤੋੜ ਮਰੋੜ ਕੇ ਆਪਣੇ ਸੰਕਟ ਦਾ ਬੋਝ ਮਜਦੂਰ ਜਮਾਤ ਉੱਪਰ ਪਾ ਰਹੀਆਂ ਹਨ। ਭਵਿੱਖ ਵਿੱਚ ਇਹ ਵਰਤਾਰਾ ਬਰਤਾਨੀਆਂ ਅੰਦਰ ਵੀ ਦੁਹਰਾਇਆ ਜਾਣਾ ਲਗਭਗ ਤੈਅ ਹੈ। ਇਨ੍ਹਾਂ ਨੀਤੀਆਂ ਦੇ ਫਲਸਰੂਪ ਯੂਰਪ ਅੱਜ ਇੱਕ ਅਹਿਮ ਇਤਿਹਾਸਕ ਮੋੜ ਵਿਚੋਂ ਦੀ ਲੰਘ ਰਿਹਾ ਹੈ। ਜਿੱਥੇ ਇਹ ਪੂੰਜੀਵਾਦੀ ਲੁੱਟ ਖਸੁੱਟ ਦਾ ਨਮੂਨਾ ਬਣ ਰਿਹਾ ਹੈ ਉਥੇ ਇਹ ਬੇਮਿਸਾਲ ਮਜਦੂਰ ਸੰਘਰਸ਼ਾਂ ਦੀ ਮਿਸਾਲ ਵੀ ਬਣ ਰਿਹਾ ਹੈ। ਬਰਤਾਨੀਆਂ ਦਾ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਯੂਰਪੀ ਸੰਕਟ ਦਾ ਨਤੀਜਾ ਹੈ। ਯੂਰਪੀ ਸੰਕਟ ਪੂੰਜੀਵਾਦੀ ਆਰਥਿਕਤਾ ਜਾਂ ਵਾਧੂ ਪੈਦਾਵਾਰ ਦਾ ਸੰਕਟ ਹੈ। ਇਹ ਸੰਕਟ ਇਸ ਕਦਰ ਵਧ ਚੁੱੱਕਾ ਹੈ ਕਿ ਯੂਰਪੀ ਗੁੱਟ ਮਿਲਕੇ ਜੋਰ ਲਾਉਣ ਦੇ ਬਾਵਜੂਦ ਵੀ ਇਹ ਯੂਰਪ ਨੂੰ ਸੰਕਟ ਮੁਕਤ ਨਹੀਂ ਕਰ ਪਾ ਰਹੇ।

ਟਿੱਪਣੀ
“ਗੁੱਡ ਬਾਏ” ਲੈਨਿਨ
ਸ਼ਾਨਾਮੱੱਤੇ ਇਤਿਹਾਸ ਨੂੰ ਦਫਨਾਉਣ ਦੀ ਕੋਝੀ ਕੋਸ਼ਿਸ਼

ਯੂਕਰੇਨ ਅੱਜ ਕੱਲ “ਗੁੱਡ ਬਾਏ” ਲੈਨਿਨ ਮੁਹਿੰਮ ਵਿੱਚ ਜੁੱੱਟਿਆ ਹੋਇਆ ਹੈ। ਯੂਕਰੇਨ ਦੇ ਮੌਜੂਦਾ ਹਾਕਮ ਲੈਨਿਨ ਸਮੇਤ ਹੋਰ ਅਨੇਕਾਂ ਕਮਿਊਨਿਸਟ ਯੋਧਿਆਂ ਦੇ ਬੁੱਤ ਢਾਹ ਕੇ ਕਮਿਊਨਿਸਟ ਅਤੀਤ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਹ ਸ਼ਹਿਰਾਂ ਦੇ ਹਰ ਗਲੀ ਮੁਹੱਲੇ ਦਾ ਮੁਹਾਂਦਰਾਂ ਤੇ ਇਸ ਨਾਲ ਜੁੜੀਆਂ ਯਾਦਾਂ ਤੇ ਵੀਰ ਗਥਾਵਾਂ ਨੂੰ ਮਿਟਾਉਣ ਦੀਆਂ ਮੁਹਿੰਮਾਂ ਚਲਾ ਰਹੇ ਹਨ। ਕੁੱਝ ਸਮਾਂ ਪਹਿਲਾਂ ਯੂਕਰੇਨ ਦੀ ਪਾਰਲੀਮੈਂਟ ਵਿਚ “ਕਮਿਊਨਿਸਟ ਅਤੇ ਨਾਜੀ ਸੱਤਾ ਦੀ ਤਾਨਾਸ਼ਾਹੀ” ਵੇਲੇ ਦੇ ਪ੍ਰਚਾਰ ਅਤੇ ਯਾਦਗਰਾਂ ’ਤੇ ਪਾਬੰਧੀ ਲਗਾਉਣ ਲਈ ਕਾਨੂੰਨ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ ਜਿਸ ਵਿਚ ਕਮਿਊਨਿਸਟ ਲੀਡਰਾਂ ਦੀ ਯਾਦ ’ਚ ਗਲੀਆਂ ਦੇ ਨਾਮ, ਝੰਡੇ ਅਤੇ ਸਮਾਰਕਾਂ ਨੂੰ ਹਟਾਉਣ ਦੀਆਂ ਤਜਵੀਜ਼ਾਂ ਦਰਜ ਸਨ। ਇਨ੍ਹੀਂ ਦਿਨੀਂ ਇਸ ਕਾਨੂੰਨ ’ਤੇ ਅਮਲ ਕੀਤਾ ਜਾ ਰਿਹਾ ਅਤੇ 1917 ਦੇ ਅਕਤੂਬਰ ਇਨਕਲਾਬ ਦੀ ਜਿੱਤ ਤੋਂ ਬਾਅਦ ਰੂਸ ਅੰਦਰ ਅਕਤੂਬਰ ਇਨਕਲਾਬ ਦੇ ਮਹਾਨ ਨੇਤਾ ਲੈਨਿਨ ਸਮੇਤ ਰੂਸੀ ਇਨਕਲਾਬ ਲਈ ਕੁਰਬਾਨੀਆਂ ਕਰਨ ਵਾਲੇ ਅਨੇਕਾਂ ਸੂਰਵੀਰਾਂ ਦੀ ਯਾਦ ’ਚ ਪੂਰੇ ਦੇਸ਼ ਅੰਦਰ ਕਮਿਊਨਿਸਟ ਲੀਡਰਾਂ ਦੇ ਨਾਵਾਂ ’ਤੇ ਪਾਰਕਾਂ, ਚੌਂਕਾ, ਗਲੀਆਂ, ਪਿੰਡਾਂ, ਸ਼ਹਿਰਾਂ, ਝੀਲਾਂ, ਡੈਮਾਂ ਆਦਿ ਦੇ ਨਾਵਾਂ ਨੂੰ ਮਿਟਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਇਨਕਲਾਬ ਦੇ ਉਨ੍ਹਾਂ ਰਹਿਬਰਾਂ ਦੀ ਸਿਮਰਤੀ ’ਚ ਉਸਾਰੇ ਸੈਂਕੜੇ ਹਜਾਰਾਂ ਬੁੱਤਾਂ ਨੂੰ ਵੀ ਹਟਾਇਆ ਜਾ ਰਿਹਾ ਹੈ। ਨਵੇਂ ਹਾਕਮਾਂ ਨੇ ਗਲੀਆਂ ਮੁੱਹਲਿਆਂ ਦੇ ਨਵੇਂ ਨਾਮ ਚੁਣਨ ਲਈ ਸਪੈਸ਼ਲ ਕਮਿਸ਼ਨ ਤਾਇਨਾਤ ਕਰ ਦਿੱਤੇ ਹਨ। ਵਿਰੋਧ ਕਰਨ ਵਾਲਿਆਂ ਨੂੰ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੰਝ ਯੂਕਰੇਨੀ ਹਾਕਮ ਸ਼ਾਨਾਮੱਤੇ ਅਤੀਤ ਦੇ ਹਰ ਪ੍ਰੇਰਨਾਮਈ ਪ੍ਰਛਾਵੇਂ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ। ਆਖਰਕਾਰ, ਉਹ ਅਜਿਹਾ ਕਿਉਂ ਕਰ ਰਹੇ ਹਨ?

ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋਣ ਤੋਂ ਬਾਅਦ ਇਕ ਅਜ਼ਾਦ ਫੈਡਰੇਸ਼ਨ ਬਣਿਆ ਯੂਕਰੇਨ ਲੰਮੇ ਸਮੇਂ ਤੋਂ ਆਰਥਿਕ ਸੰਕਟ ਦੀ ਮਾਰ ਹੇਠ ਆਇਆ ਹੋਇਆ ਹੈ। ਯੂਕਰੇਨ ਦਾ ਇਹ ਆਰਥਿਕ ਸੰਕਟ ਸੰਸਾਰ ਸਾਮਰਾਜੀ ਤਾਕਤਾਂ ’ਚ ਕਾਟੋ ਕਲੇਸ਼ ਦਾ ਕਾਰਨ ਬਣਿਆ ਹੋਇਆ ਹੈ। ਪਿਛਲੇ ਲੰਮੇ ਅਰਸੇ ਤੋਂ ਇਹ ਕਾਟੋ ਕਲੇਸ਼ ਖਾਸਕਰ ਰੂਸੀ ਅਤੇ ਅਮਰੀਕੀ ਸਾਮਰਾਜੀਆਂ ਵਿਚਕਾਰ ਚੱਲ ਰਿਹਾ ਹੈ। ਪਿਛਲੇ ਸਮੇਂ ਤੋਂ ਯੂਕਰੇਨ ਦੇ ਹਾਕਮ ਇਨ੍ਹਾਂ ਦੋਵਾਂ ਸਾਮਰਾਜੀ ਤਾਕਤਾਂ ਦੀਆਂ ਘੁਰਕੀਆਂ ਸਹਿ ਰਹੇ ਹਨ। ਮੌਜੂਦਾ ਸਮੇਂ ’ਚ ਯੂਕਰੇਨ ’ਚ ਸੱਜ ਪਿਛਾਖੜੀ ਅਤੇ ਪੱਛਮੀ ਯੂਰਪ ਪੱਖੀ ਸਰਕਾਰ ਸੱਤਾਸੀਨ ਹੈ। ਅਜਿਹੇ ਸਮੇਂ ਇਸਦੇ ਰੂਸੀ ਸਾਮਰਾਜੀਆਂ ਪ੍ਰਤੀ ਤੇਵਰ ਕੁਝ ਕੁਝ ਬਦਲੇ ਹੋਏ ਹਨ।

ਦੂਸਰਾ ਯੂਕਰੇਨ ਅਮਰੀਕਾ ਦਾ ਕਰਜਈ ਹੋਣ ਕਾਰਨ ਉਸਦਾ ਅਹਿਸਾਨਮੰਦ ਹੈ ਅਤੇ ਇਸਦੇ ਹਾਕਮਾਂ ਦੀ ਸੁਰ ਰੂਸ ਵਿਰੋਧੀ (ਯੂਕਰੇਨ ਰੂਸ ਦੇ ਦਬਾਅ ਤੋਂ ਪੂਰੀ ਤਰ੍ਹਾਂ ਮੁਕਤ ਨਾ ਹੋਣ ਦੇ ਬਾਵਜੂਦ) ਹੈ। ਭਾਵੇਂ ਰੂਸ ਦੇ ਹਾਕਮਾਂ ਦਾ ਲੈਨਿਨ ਅਤੇ ਉਸਦੀ ਵਿਚਾਰਧਾਰਾ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੈ ਫਿਰ ਵੀ ਰੂਸ ਸਮਾਜਵਾਦੀ ਹੋਣ ਦੇ ਪਾਖੰਡੀ ਦਾਅਵੇ ਕਰਦਾ ਹੈ ਅਤੇ ਉਹ ਯੂਕਰੇਨ ਦੀ “ਗੁੱਡ ਬਾਏ” ਲੈਨਿਨ ਮੁਹਿੰਮ ਦਾ ਰਸਮੀ ਵਿਰੋਧ ਕਰਦਾ ਹੈ। ਅਸਲ ਵਿਚ ਰੂਸ ਦੇ ਹਾਕਮਾਂ ਨੂੰ ਲੈਨਿਨ ਤੇ ਉਸਦੇ ਸਾਥੀਆਂ ਦੀਆਂ ਯਾਦਗਰਾਂ ਮਿਟਾਉਣ ਨਾਲੋਂ ਜਿਆਦਾ ਫਿਕਰ ਯੁਕਰੇਨ ਦਾ ਬਾਗੀ ਹੋਣ ਅਤੇ ਉਸਦਾ ਪੱਲੜਾ ਅਮਰੀਕੀ ਜਾਂ ਹੋਰ ਸਾਮਰਾਜੀ ਤਾਕਤ ਵੱਲ ਹੋਣ ਦਾ ਹੈ। “ਗੁੱਡ ਬਾਏ” ਲੈਨਿਨ ਮੁਹਿੰਮ ਦਾ ਰਸਮੀ ਵਿਰੋਧ ਤਾਂ ਸਿਰਫ ਯੂਕਰੇਨ ਨੂੰ ਘੁਰਕੀ ਦੇਣ ਜਾਂ ਆਪਣੀ ਹੋਂਦ ਚੇਤੇ ਕਰਾਉਣ ਦਾ ਬਹਾਨਾ ਮਾਤਰ ਹੈ। ਅਸਲ ਵਿਚ ਜਦੋਂ ਤੋਂ ਯੂਕਰੇਨ ਸਮਾਜਵਾਦੀ ਵਿਚਾਰਧਾਰਾ ਨੂੰ “ਗੁੱਡਬਾਏ” ਕਹਿਕੇ ਪੂੰਜੀਵਾਦੀ ਲੀਹ ’ਤੇ ਚੜਿਆ ਹੈ ਉਦੋਂ ਤੋਂ ਹੀ ਇਸਦੀ ਆਰਥਿਕਤਾ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ ਜੋ ਅੱਜ ਮਰਨ ਕੰਢੇ ਪਈ ਹੈ ਅਤੇ ਸਾਮਰਾਜੀ ਮੁਲਕਾਂ ਦੇ ਹਾੜੇ ਕੱਢ ਰਹੀ ਹੈ। ਯੂਕਰੇਨ ਦੀ ਅਜਿਹੀ ਸਥਿਤੀ ’ਚ ਸਾਮਰਾਜੀ ਮੁਲਕ ਯੂਕਰੇਨੀ ਹਾਕਮਾਂ ਨੂੰ ਆਪਣੀਆਂ ਕੱਠਪੁਤਲੀਆਂ ਸਮਝ ਕੇ ਆਪਣੇ ਇਸ਼ਾਰਿਆਂ ’ਤੇ ਨਚਾ ਰਹੇ ਹਨ। ਸਾਮਰਾਜੀਆਂ ਦੇ ਦਲਾਲ ਯੂਕਰੇਨੀ ਹਾਕਮਾਂ ਦੀਆਂ ਸਾਮਰਾਜੀ ਸਰਮਾਏਦਾਰੀ ਪੱਖੀ ਨੀਤੀਆਂ ਕਾਰਨ ਯੁਕਰੇਨ ਦੀ ਵਸੋਂ ਦਾ ਵੱਡਾ ਹਿੱਸਾ ਇਹਨਾਂ ਨੀਤੀਆਂ ਤੋਂ ਦੁਖੀ ਹੈ। ਸਾਮਰਾਜੀ ਤਾਕਤਾਂ ਸਮੇਤ ਯੂਕਰੇਨੀ ਹਾਕਮਾਂ ਨੂੰ ਚਿੰਤਾ ਹੈ ਕਿ ਯੂਕਰੇਨ ਅਤੇ ਉਥੇ ਵਸਦੇ ਵੱਡਾ ਹਿੱਸਾ ਰੂਸੀ ਲੋਕ ਪਿਛਲੇ ਸਮੇਂ ਤੋਂ ਲੈਨਿਨ ਅਤੇ ਸਟਾਲਿਨ ਨੂੰ ਬੜੀ ਸ਼ਿਦਤ ਨਾਲ ਯਾਦ ਕਰ ਰਹੇ ਹਨ। ਲੋਕ ਵੱਡੀ ਗਿਣਤੀ ’ਚ ਕਮਿਊਨਿਸਟ ਵਿਰਾਸਤ ਦੇ ਵਰੇਗੰਢ ਦਿਵਸਾਂ ’ਚ ਵੱਡੀ ਪੱਧਰ ’ਤੇ ਇਕੱਠੇ ਹੋਣ ਲੱਗੇ ਹਨ।

ਉਹ ਪੂੰਜੀਵਾਦੀ ਵਿਵਸਥਾ ਦੇ ਸੰਕਟਾਂ ਨੂੰ ਆਪਣੇ ਪਿੰਡੇ ’ਤੇ ਸਹਾਰਦੇ ਹੋਏ ਆਪਣੇ ਗੌਰਵਮਈ ਕਮਿਊਨਿਸਟ ਵਿਰਸੇ ਨੂੰ ਯਾਦ ਕਰ ਰਹੇ ਹਨ। ਅੱਕੇ ਹੋਏ ਲੋਕ ਇਤਿਹਾਸ ਨੂੰ ਮੁੜ ਨਾ ਦੁਹਰਾਅ ਦੇਣ, ਇਹ ਹੈ ਸਾਮਰਾਜੀ ਤੇ ਯੂਕਰੇਨੀ ਹਾਕਮਾਂ ਦੀ ਮੁੱਖ ਚਿੰਤਾ। ਇਸ ਲਈ ਉਹ ਕਮਿਊਨਿਸਟ ਵਿਰਾਸਤ ਦੀ ਹਰ ਯਾਦ ਨੂੰ ਤਬਾਹ ਕਰ ਦੇਣਾ ਚਾਹੁੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਇੰਝ ਸ਼ਾਨਦਾਰ ਅਤੀਤ ਦੇ ਭੂਤ ਤੋਂ ਛੁਟਕਾਰਾ ਹਾਸਲ ਨਹੀਂ ਕੀਤਾ ਜਾ ਸਕਦਾ। ਸ਼ਾਇਦ ਉਨ੍ਹਾਂ ਨੂੰ ਇਹ ਵੀ ਭਰਮ ਹੈ ਕਿ ਬੁੱਤਾਂ ਨੂੰ ਤੋੜਕੇ ਵਿਚਾਰਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਕਿੰਨੇ ਡਰਪੋਕ ਨੇ ਹਾਕਮ ਜੋ ਸੋਚਦੇ ਨੇ ਕਿ ਇਤਿਹਾਸ ਬੁੱਤਾਂ ’ਚ ਛੁਪਿਆ ਹੋਇਆ ਹੈ ਤੇ ਇਹ ਕੋਈ ਪਾਣੀ ’ਤੇ ਲੀਕ ਵਰਗੀ ਸ਼ੈਅ ਹੈ। ਅਸਲ ਵਿਚ ਯੂਕਰੇਨ ਸਮੇਤ ਪੂਰੀ ਦੁਨੀਆਂ ਵਿਚ ਪੂੰਜੀਵਾਦੀ ਵਿਵਸਥਾ ਸੰਕਟ ਮੂੰਹ ਆਈ ਹੋਈ ਹੈ ਅਤੇ ਦੁਨੀਆਂ ਭਰ ਦੇ ਲੋਕ ਇਸਨੂੰ “ਗੁੱਡ ਬਾਏ” ਕਹਿ ਰਹੇ ਹਨ ਅਤੇ ਸੰਸਾਰ ਪੂੰਜੀਵਾਦੀ ਜਮਾਤਾਂ ਆਪਣੇ ਅੰਦਰੂਨੀ ਸੰਕਟ ਨੂੰ ਕੱਜਣ ਲਈ ਅਜਿਹੀਆਂ ਮੁਹਿੰਮਾਂ ਚਲਾਕੇ ਕਮਿਊਨਿਸਟ ਵਿਚਾਰਧਾਰਾ ਨੂੰ ਬਦਨਾਮ ਕਰਨ ਜਾਂ ਇਹ ਭਰਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ ਕਿ ਅੱਜ ਦੇ ਸਮੇਂ ’ਚ ਦੁਨੀਆਂ ਭਰ ਦੇ ਲੋਕ ਕਮਿਊਨਿਜਮ ਵਿਚਾਰਧਾਰਾ ਨੂੰ ਨਕਾਰ ਰਹੇ ਹਨ। ਦੁਨੀਆ ਵਿਚ ਅਜਿਹੀ ਕੋਈ ਟਾਇਮ ਮਸ਼ੀਨ ਨਹੀਂ ਹੈ ਜੋ ਅਤੀਤ ’ਚ ਪ੍ਰਵੇਸ਼ ਕਰਕੇ ਸ਼ਾਨਾਮੱਤੇ ਕਮਿਊਨਿਸਟ ਵਿਰਸੇ ਨੂੰ ਖਤਮ ਕਰ ਸਕੇ ਜਾਂ ਆਪਣੀ ਇੱਛਾ ਮੁਤਾਬਕ ਇਸਨੂੰ ਬਦਲ ਸਕੇ। ਯੂਕਰੇਨ ਸਮੇਤ ਸੰਸਾਰ ਪੂੰਜੀਪਤੀ ਜਮਾਤ ਇਤਿਹਾਸ ਜੋ ਸਿਰਜਿਆ ਜਾ ਚੁੱਕਾ ਹੈ ਉਸਨੂੰ ਕਦੇ ਵੀ ਮਿਟਾ ਨਹੀਂ ਸਕਦੀ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ