Sat, 12 October 2024
Your Visitor Number :-   7231776
SuhisaverSuhisaver Suhisaver

‘ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ’ -ਸੁਕੀਰਤ

Posted on:- 03-03-2016

suhisaver

ਲੰਘੇ ਸਾਤੇ, ਜਦੋਂ ਹਰਿਆਣੇ ਵਿਚ ਅੱਗਜ਼ਨੀ ਅਤੇ ਲੁਟ ਖਸੋਹ ਦੀਆਂ ਘਟਨਾਵਾਂ ਨੇ ਸੂਬੇ ਹੀ ਨਹੀਂ, ਦੇਸ ਦੀ ਰਾਜਧਾਨੀ ਨੂੰ ਵੀ ਹਿਲਾ ਕੇ ਰਖ ਦਿਤਾ ਹੋਵੇ, ਜਦੋਂ ਬਸਤਰ ਦੀ ਵੀਰਾਂਗਣਾ ਸੋਨੀ ਸੋਰੀ ਉਤੇ ਵਹਿਸ਼ੀਆਨਾ ਹਮਲਾ ਕੀਤਾ ਗਿਆ ਹੋਵੇ, ਜਦੋਂ ਛਤੀਸਗੜ੍ਹ ਦੇ ਮਾਓਵਾਦ-ਪ੍ਰਭਾਵਤ ਇਲਾਕਿਆਂ ਦਾ ਜਾਇਜ਼ਾ ਲੈਣ ਆਏ ਪੱਤਰਕਾਰਾਂ ਅਤੇ ਵਕੀਲਾਂ ਨੂੰ ਪ੍ਰਸ਼ਾਸਨ ਨੇ ਉੱਥੋਂ ਜ਼ਬਰਦਸਤੀ ਖਦੇੜਿਆ ਗਿਆ ਹੋਵੇ, ਜਦੋਂ ਦਿੱਲੀ ਦੀ ਅਦਾਲਤ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਹੁਣ ਅਲਾਹਬਾਦ ਵਿਚ ਵੀ ‘ਅਣਪਛਾਤੇ’ ਭਾਜਪਾਈ ਵਕੀਲਾਂ ਰਾਹੀਂ ਖੱਬੇ-ਪੱਖੀ ਵਕੀਲਾਂ ਅਤੇ ਕਾਰਕੁਨਾਂ ਦੇ ਸ਼ਾਂਤ ਗਰੁਪ ਉਤੇ ਹਮਲਾ ਕੀਤਾ ਗਿਆ ਹੋਵੇ: ਅਫ਼ਸੋਸ ਦੀ ਗੱਲ ਸਾਡਾ ਧਿਆਨ ਇਨ੍ਹਾਂ ਗੰਭੀਰ ਮੁਦਿਆਂ ਨੂੰ ਵਿਚਾਰਨ ਦੀ ਥਾਂ ਸਮ੍ਰਿਤੀ ਇਰਾਨੀ ਦੇ ਪਾਰਲੀਮੈਂਟ ਵਿਚ ਦਿਤੇ ਗਏ ਨਿਹਾਇਤ ਨਾਟਕੀ ਭਾਸ਼ਣ ਵਲ ਕੇਂਦਰਤ ਹੈ।

ਕਿਉਂ? ਕਿਉਂਕਿ ਰੋਹਿਤ ਵੇਮੁਲਾ-ਜੇ.ਐਨ.ਯੂ.-ਕਨ੍ਹਈਆ ਕੁਮਾਰ-ਉਮਰ ਖਾਲਿਦ ਦੇ ਸੰਦਰਭ ਵਿਚ ਵਾਪਰੀਆਂ ਘਟਨਾਵਾਂ ਕਾਰਨ ਪਾਰਲੀਮੈਂਟ ਵਿਚ ਉਠੇ ਗੰਭੀਰ ਸਵਾਲਾਂ ਦਾ ਜਵਾਬ ਦੇਂਦਿਆਂ ਸਮ੍ਰਿਤੀ ਇਰਾਨੀ ਨੇ ਜੋ ਭਾਸ਼ਣ ਦਿਤਾ , ਉਹ ਇਕ ਪਾਸਿਓਂ ਜੇਕਰ ਜਜ਼ਬਾਤ-ਭੜਕਾਊ ਸਟੇਜੀ ਅਦਾਕਾਰੀ ਦਾ ਬਿਹਤਰੀਨ ਨਮੂਨਾ ਸੀ, ਤਾਂ ਦੂਜੇ ਸਿਰਿਓਂ ਮੁੱਦੇ ਤੋਂ ਭਟਕਾਊ ਭੰਬਲ-ਭੂਸਿਆਂ ਅਤੇ ਸੁਧੇ ਝੂਠਾਂ ਦੇ ਮਿਲਗੋਭੇ ਦੀ ਮਿਸਾਲੀ ਵਰਤੋਂ।

ਆਪਣਾ ਜੋ ਰੂਪ ਉਸ ਦਿਨ ਲੋਕ ਸਭਾ ਵਿਚ ਸਮ੍ਰਿਤੀ ਇਰਾਨੀ ਨੇ ਪੇਸ਼ ਕੀਤਾ, ਉਸ ਨਾਲ ਹਰ ਸੋਚਵਾਨ ਦੇ ਸਿਰ ਵਿਚ ਖਤਰੇ ਦੇ ਘੜਿਆਲ ਵਜਣੇ ਚਾਹੀਦੇ ਹਨ। ਇਹ ਰੂਪ ਭਾਜਪਾ (ਤੇ ਇਸਦੇ ਪਿਛੇ ਲੁਕੇ ਸੰਘ-ਪਰਵਾਰ) ਦੇ ਹਮਲਾਵਰ, ਸਭ ਨੂੰ ਲਿਤਾੜੂ, ਅਤੇ ਗੱਜ-ਵੱਜ ਕੇ ਆਪਣੇ ਏਜੰਡੇ ਨੂੰ ਅਗਾਂਹ ਧੱਕਣ ਦੀ ਨੰਗੀ-ਚਿੱਟੀ ਕੋਸ਼ਿਸ਼ ਕਰਨ ਦਾ ‘ਦਿਲ-ਹਿਲਾਊ’ ਰੂਪ ਹੈ। ਲੇਸਲੀ ਭਾਵੁਕਤਾ, ਫ਼ਿਲਮੀ ਦੇਸ਼-ਪ੍ਰੇਮ, ਅਤੇ ਨਕਲੀ ਰੋਹ ਦੀ ਖਿਚੜੀ ਨੂੰ ਸਮ੍ਰਿਤੀ ਇਰਾਨੀ ਨੇ ਸੋਚੀ ਸਮਝੀ ਗਲਤ-ਬਿਆਨੀ ਦਾ ਅਜਿਹਾ ਤੜਕਾ ਲਾਇਆ ਹੋਇਆ ਸੀ, ਕਿ ਪਹਿਲੀ ਨਜ਼ਰੇ ਬਹੁਤ ਸਾਰੇ ਸਰੋਤਿਆਂ ਦੇ ਦਿਲ ਪੰਘਰ ਗਏ। ਉਸ ਦੀ ਇਸ ਲੱਛੇਦਾਰ ਲੱਫ਼ਾਜ਼ੀ ਨੇ ਹੋਰ ਕੁਝ ਸਿਧ ਕੀਤਾ ਨਾ ਕੀਤਾ, ਇਹ ਜ਼ਰੂਰ ਸਿਧ ਕਰ ਦਿਤਾ ਕਿ ਭਾਜਪਾ ਕੋਲ ਮੋਦੀ ਵਰਗਾ ਇਕ ਹੋਰ ‘ਕੀਲਵਾਂ’ ਬੁਲਾਰਾ ਆ ਗਿਆ ਹੈ ਜੋ ਨਾ ਸਿਰਫ਼ ਤੱਥ ਮਰੋੜਨੇ ਜਾਣਦਾ ਹੈ, ਬਲਕਿ ਜਜ਼ਬਾਤ ਉਛਾਲਣੇ ਵੀ ਜਾਣਦਾ ਹੈ।

ਸਮ੍ਰਿਤੀ ਇਰਾਨੀ ਕੋਲੋਂ ਪੁਛਿਆ ਇਹ ਗਿਆ ਸੀ ਕਿ ਉਸਨੇ ਹੈਦਰਾਬਾਦ ਯੂਨੀਵਰਸਟੀ ਦੇ ਵੀ ਸੀ ਨੂੰ ਤਾਬੜਤੋੜ ਖਤ ਕਿਉਂ ਲਿਖੇ, ਜਿਨ੍ਹਾਂ ਕਾਰਨ ਰੋਹਿਤ ਵੇਮੁਲਾ ਨੂੰ ਉੱਥੋਂ ਕੱਢਿਆ ਗਿਆ। ਜਵਾਬ ਵਿਚ ਮੰਤਰੀ ਜੀ ਨੇ ਤਾਬੜਤੋੜ ਉਹ ਖਤ ਪੜ੍ਹਨੇ ਸ਼ੁਰੂ ਕਰ ਦਿਤੇ ਜੋ ਪਿਛਲੇ ਦੋ ਸਾਲਾਂ ਵਿਚ ਅੱਡੋ-ਅੱਡ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੇ ਉਸ ਨੂੰ ਕਿਸੇ ਦੀ ਸਿਫ਼ਾਰਿਸ਼, ਕਿਸੇ ਦੀ ਬਦਲੀ ਲਈ ਲਿਖੇ ਹੋਣਗੇ, ਤੇ ਜਿਨ੍ਹਾਂ ਦੇ ਉਸਨੇ ਜਵਾਬ ਦਿਤੇ। ਇਹ ਸਾਬਤ ਕਰਨ ਲਈ ਕਿ ਮੈਂ ਤਾਂ ਹਰ ਖਤ ਦਾ ਜਵਾਬ ਦੇਂਦੀ ਹਾਂ ਅਤੇ ਬਹੁਤ ਸਾਰੇ ਖਤ ਲਿਖਦੀ ਹਾਂ। ਮੂਲ ਸਵਾਲ ਦਾ ਜਵਾਬ ਤਾਂ ਕੀ ਦੇਣਾ ਸੀ, ਇਹ ਭੰਬਲਭੂਸਾ ਪਾਕੇ ਉਹ ਫਟਾਫਟ ਡਰਾਮੇ ਦੇ ਅਗਲੇ ਸੀਨ ਵੱਲ ਤੁਰ ਪਈ।

ਹੁਣ ਵਾਰੀ ‘ਮਾਂ’ ਦਾ ਪੱਤਾ ਖੇਡਣ ਦੀ ਸੀ। ਸਮ੍ਰਿਤੀ ਇਰਾਨੀ ਨੇ ਆਪਣੇ ਮੰਤਰੀ-ਰੂਪ ਨੂੰ ਤਿਆਗਦਿਆਂ ਔਰਤ ਦਾ ਪਹਿਰਾਵਾ ਪਹਿਨ ਲਿਆ: ‘ਮੈਂ ਵੀ ਆਪਣੀ ਕੁਖ ਤੋਂ ਬੱਚਿਆਂ ਨੂੰ ਜਨਮ ਦਿਤਾ ਹੈ, ਕੋਈ ਜਨਨੀ ਹੀ ਆਪਣੇ ਬਾਲ ਨੂੰ ਗੁਆਉਣ ਦੀ ਪੀੜ ਸਮਝ ਸਕਦੀ ਹੈ, ਪਰ ਏਥੇ ਤਾਂ ਉਸ ‘ਬੱਚੇ’ ਦੀ ਮੌਤ ਉਤੇ ਰਾਜਨੀਤੀ ਹੋ ਰਹੀ ਹੈ’। ਭਾਸ਼ਣਨੁਮਾ ਨਾਟਕ ਦੇ ਇਸ ਸੀਨ ਦੌਰਾਨ ਸਮ੍ਰਿਤੀ ਇਰਾਨੀ ਨੇ 28 ਵਰ੍ਹਿਆਂ ਦੇ ਰੋਹਿਤ ਲਈ ਕੋਈ ਪੰਦਰਾਂ ਵਾਰ ‘ਬੱਚਾ’ ‘ਬੱਚਾ’ ਸ਼ਬਦ ਵਰਤਿਆ, ਤਾਂ ਜੋ ਇਸ ‘ਮਾਂ’ ਦੇ ਦਿਲੀ ਦਰਦ ਦੀ ਹੂਕ ਹਰ ਦਰਸ਼ਕ ਦੇ ਦਿਲ ਨੂੰ ਜਾ ਵਿੰਨ੍ਹੇ। ਪਰ ਪਾਰਲੀਮੈਂਟ ਦੇ ਅੰਦਰ ਸਿਰਜੇ ਗਏ ਇਸ ਸਾਰੇ ਅਭਿਨੈ-ਕਾਂਡ ਦੌਰਾਨ ਨਾ ਉਸਨੇ ਚਿਤਾਰਿਆ, ਅਤੇ ਨਾ ਹੀ ਮੰਤਰ-ਮੁਗਧ ਦਰਸ਼ਕਾਂ ਨੂੰ ਖਿਆਲ ਆਇਆ ਕਿ ਐਨ ਉਸੇ ਸਮੇਂ, ਪਾਰਲੀਮੈਂਟ ਤੋਂ ਬਾਹਰ ਰੋਹਿਤ ਦੀ ਅਸਲੀ ਮਾਂ (ਸਮ੍ਰਿਤੀ ਇਰਾਨੀ ਦੇ ਸ਼ਬਦਾਂ ਵਿਚ ਕਹਾਂ ਤਾਂ ‘ਉਸ ਬੱਚੇ ਦੀ ਮਾਂ’) ਉਸ ਲਈ ਇਨਸਾਫ਼ ਮੰਗਣ ਵਿਦਿਆਰਥੀਆਂ ਨਾਲ ਦਿਲੀ ਦੀਆਂ ਸੜਕਾਂ ਉਤੇ ਮੁਜ਼ਾਹਰਾ ਕਰ ਰਹੀ ਸੀ।

ਹੁਣ ‘ਮਾਂ’ ਸਮ੍ਰਿਤੀ ਇਰਾਨੀ ਨੇ ਫੇਰ ਰੰਗ ਬਦਲਿਆ ਅਤੇ ਸਿਆਸੀ ਨੇਤਾ ਦਾ ਰੂਪ ਧਾਰਨ ਕਰ ਲਿਆ। ‘ਇਕ ਬੱਚਾ ਮਰ ਗਿਆ ਹੈ, ਪਰ ਉਸਦੇ ਦਲਿਤ ਹੋਣ ਨੂੰ ਉਛਾਲਿਆ ਜਾ ਰਿਹਾ ਹੈ, ਉਸਦੀ ਮੌਤ ਦਾ ਰਾਜਨੀਤੀਕਰਣ ਹੋ ਰਿਹਾ ਹੈ’। ਪਰ ਘਾਗ ਸਿਆਸੀ ਨੇਤਾ ਇਸ ਗੱਲ ਨੂੰ ਖਾ ਗਈ ਕਿ ਪਹਿਲੋਂ ਉਸਦੇ ਖਤਰਨਾਕ ਅੰਬੇਡਕਰਵਾਦੀ ਹੋਣ ਦਾ ਰੌਲਾ ਵੀ ਉਸੇ ਦੀ ਪਾਰਟੀ ਨੇ ਪਾਇਆ ਸੀ, ਅਤੇ ਉਸਦੀ ਮੌਤ ਤੋਂ ਬਾਅਦ ਇਹ ਸਿਧ ਕਰਨ ਲਈ ਵੀ ਉਸੇ ਦੀ ਪਾਰਟੀ ਵਾਲਿਆਂ ਨੇ ਅੱਡੀਆਂ ਚੁਕ-ਚੁਕ ਜ਼ੋਰ ਲਾਇਆ ਸੀ ਕਿ ਉਹ ਦਲਿਤ ਸੀ ਹੀ ਨਹੀਂ। ਉਹ ਇਸ ਗੱਲ ਤੋਂ ਧਿਆਨ ਲਾਂਭੇ ਲੈ ਗਈ ਕਿ ਰੋਹਿਤ ਵੇਮੁਲਾ ਨੂੰ ਮੌਤ ਵਲ ਧਕਣ ਦਾ ਅਸਲ ਕਾਰਨ ਉਸਨੂੰ ਵਿਦਿਆਰਥੀ ਦੀ ਥਾਂ ਖਤਰਨਾਕ ਦੇਸ਼-ਵਿਰੋਧੀ ਸਾਬਤ ਕਰਨ ਦੇ ਉਪਰਾਲੇ ਸਨ, ਜਿਨ੍ਹਾਂ ਨੂੰ ਬਲ ਵੀ ਉਸਦੀਆਂ ਆਪਣੀਆਂ ਹਿਦਾਇਤਾਂ ਨੇ ਹੀ ਬਖਸ਼ਿਆ ਸੀ। ਅਤੇ ਉਹੀ ਉਪਰਾਲੇ, ਉਹੀ ਹਥਕੰਡੇ ਅਜ ਵੀ ਕਨ੍ਹਈਆ ਨੂੰ, ਉਮਰ ਖਾਲਿਦ ਨੂੰ, ਅਨਿਰਬਾਨ ਨੂੰ ਅਤੇ ਹੋਰਨਾਂ ਕਈਆਂ ਨੂੰ ਦੇਸ਼-ਧਰੋਹੀ ਸਾਬਤ ਕਰਨ ਲਈ ਵਰਤੇ ਜਾ ਰਹੇ ਹਨ।

ਇਸਤੋਂ ਅਗਲਾ ਸੀਨ ਸੁਧੇ ਝੂਠ ਦਾ ਸੀ। ਸਮ੍ਰਿਤੀ ਇਰਾਨੀ ਨੇ ਇੰਕਸ਼ਾਫ਼ ਹੀ ਨਾ ਕੀਤਾ, ਇਕ ਕਿਸਮ ਨਾਲ ਇਲਜ਼ਾਮ ਵੀ ਲਾਇਆ ਕਿ ਰੋਹਿਤ ਦੀ ਮੌਤ ਤੋਂ ਬਾਅਦ ਉਸਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੀ ਨਾ ਕੀਤੀ ਗਈ , ਉਸਨੂੰ ਦੇਖਣ ਕੋਈ ਡਾਕਟਰ ਨਾ ਆਇਆ, ਤੇ ਨਾ ਹੀ ਅਗਲੇ ਦਿਨ ਤਕ ਪੁਲਸ ਨੂੰ ਬੁਲਾਇਆ ਗਿਆ। ਇਸ ਕਹਿਣ ਪਿਛੇ ਜੋ ਅਣਕਿਹਾ ਸੀ ਉਹ ਇਹ ਕਿ ਸ਼ਾਇਦ ਰੋਹਿਤ ਨੂੰ ਬਚਾਇਆ ਜਾ ਸਕਦਾ ਸੀ , ਪਰ ਰਾਜਨੀਤਕ ਕਾਰਨਾਂ ਕਰਕੇ ਅਜਿਹੀ ਕੋਸ਼ਿਸ਼ ਕੀਤੀ ਹੀ ਨਾ ਗਈ। ਮੰਤਰੀ ਦੇ ਇਹੋ ਜਿਹੇ ਹਿਰਦੇ-ਵੇਧਕ ਇਲਜ਼ਾਮ ਨੂੰ ਸੁਣ ਕੇ ਭਲਾ ਕਿਹੜੇ ਮਾਂ-ਬਾਪ ਦਾ ਖੂਨ ਨਾ ਖੌਲਿਆ ਹੋਵੇਗਾ ! ਭਾਵੇਂ ਇਸ ਝੂਠੇ ਇਲਜ਼ਾਮ ਦੀ ਪੋਲ ਬਹੁਤ ਛੇਤੀ ਖੁਲ੍ਹ ਵੀ ਗਈ, ਜਦੋਂ ਯੂਨੀਵਰਸਟੀ ਦੀ ਡਾਕਟਰ ਪੀ.ਰਾਜਸ਼੍ਰੀ ਨੇ ਦੱਸਿਆ ਕਿ ਰੋਹਿਤ ਦੇ ਕਮਰੇ ਨੂੰ ਖੋਲ੍ਹਣ ਉਪਰੰਤ ਜਦੋਂ ਉਸਦੇ ਫਾਸੀ ਲੈ ਚੁਕੇ ਹੋਣ ਦੀ ਗੱਲ ਸਾਹਮਣੇ ਆਈ ਤਾਂ ਤਿੰਨ-ਚਾਰ ਮਿਨਟ ਦੇ ਅੰਦਰ ਹੀ ਉਹ ਉਥੇ ਪਹੁੰਚ ਗਈ ਸੀ। ਸਰੀਰ ਦੇ ਅਕੜਾਅ, ਅਤੇ ਹੋਰ ਮੁਆਇਨੇ ਦੇ ਆਧਾਰ ਉਤੇ ਉਸਨੇ ਹੀ ਪੁਲਸ ਦੇ ਪੰਚਨਾਮੇ ਵਿਚ ਦਰਜ ਕਰਇਆ ਕਿ ਮੌਤ ਦੋ ਘੰਟੇ ਪਹਿਲਾਂ ਹੋ ਚੁਕੀ ਸੀ। ਪਰ ਡਾ. ਰਾਜਸ਼੍ਰੀ ਦਾ ਬਿਆਨ ਤਾਂ ਅਗਲੇ ਦਿਨ ਮਿਲਿਆ, ਸਮ੍ਰਿਤੀ ਇਰਾਨੀ ਦਾ ਝੂਠ ਵਿਚ ਡੁੱਬਾ ਤੀਰ ਉਦੋਂ ਤਕ ਆਪਣੀ ਲੋੜੀਂਦੀ ਮਾਰ ਕਰ ਚੁੱਕਾ ਸੀ । ਪਤਾ ਨਹੀਂ, ਪਾਰਲੀਮੈਂਟ ਦੇ ਪਟਲ ਤੋਂ ਦੇਸ਼ ਭਰ ਅੱਗੇ ਝੂਠ ਬੋਲਣ ਵਾਲਿਆਂ ਲਈ ਵੀ ਸਾਡੇ ਸੰਵਿਧਾਨ ਵਿਚ ਕੋਈ ਸਜ਼ਾ ਹੈ ਜਾ ਨਹੀਂ!

ਪਰ ਇਸ ਭਾਸ਼ਣੀ ਨਾਟਕ ਦਾ ਡ੍ਰਾਪ-ਸੀਨ ਅਜੇ ਬਾਕੀ ਸੀ। ਹੁਣ ਮੰਤਰੀ ਜੀ ਨੇ ਧਾਰਮਕ ਭਾਵਨਾਵਾਂ ਭੜਕਾਉਣ ਦਾ ਪੱਤਾ ਖੇਡਿਆ । ਕਿਸੇ ਪੁਰਾਣੀ ਰਿਪੋਰਟ ਨੂੰ, ਜਿਸਦਾ ਹਥਲੇ ਮਾਮਲੇ ਨਾਲ ਕੋਈ ਸਬੰਧ ਹੀ ਨਹੀਂ ਸੀ, ਆਧਾਰ ਬਣਾਕੇ ਉਸਨੇ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਜੇ.ਐਨ.ਯੂ. ਵਿਚ ਦੁਰਗਾ ਨਾਂ ਦੀ ਦੇਵੀ ਨੂੰ ਦੁਰਕਾਰਿਆ ਜਾਂਦਾ ਹੈ ਅਤੇ ਮਹਿਸਾਸੁਰ ਨਾਂ ਦੇ ਰਾਖਸ਼ ਨੂੰ ਵਡਿਆਇਆ ਜਾਂਦਾ ਹੈ। ਇਸ ਸੀਨ ਦੌਰਾਨ ਨਾ ਸਿਰਫ਼ ਸਮ੍ਰਿਤੀ ਇਰਾਨੀ ਨੇ ਆਪਣੇ ਦੁਰਗਾ-ਮਾਂ ਦੇ ਭਗਤ ਹੋਣ ਬਾਰੇ ਦਸਿਆ, ਬਲਕਿ ਬਾਂਗਲਾ ਬੋਲ ਬੋਲ ਕੇ ਬੰਗਾਲ ਦੇ ਪਾਰਲੀਮੈਂਟ ਮੈਂਬਰਾਂ ਨੂੰ ਚੁਣੌਤੀ ਵੀ ਦਿਤੀ ਕਿ ਉਹ ਉਸ ਨਾਲ ਕਲਕੱਤੇ ਦੀਆਂ ਸੜਕਾਂ ਉਤੇ ਉਤਰ ਕੇ ਇਸ ਗੱਲ ਬਾਰੇ ਬਹਿਸ ਕਰ ਲੈਣ ਕਿ ਕੀ ਮਾਂ ਦੁਰਗਾ ਨੂੰ ਪੂਜਣ ਵਾਲੀ ਬੰਗਾਲੀ ਕੌਮ ਉਸਦੀ ਇਸ ਬੇਹੁਰਮਤੀ ਨੂੰ ਸਹਿਣ ਕਰ ਲਵੇਗੀ? ਸਪਸ਼ਟ ਸੀ ਕਿ ਸਮ੍ਰਿਤੀ ਇਰਾਨੀ ਬੰਗਾਲ ਵਿਚ ਅਗਲੇਰੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਬਿਗਲ ਵਜਾ ਰਹੀ ਹੈ। ਭਾਰਤ ਦੀ ਪਾਰਲੀਮੈਂਟ ਵਿਚ ਕਿਸੇ ਕੈਬਿਨਟ ਮੰਤਰੀ ਵੱਲੋਂ ਕਿਸੇ ਖਿਤੇ ਜਾਂ ਫ਼ਿਰਕੇ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦੀ ਇਹੋ ਜਿਹੀ ਨੰਗੀ-ਚਿਟੀ ਅਤੇ ਘਿਨਾਉਣੀ ਕੋਸ਼ਿਸ਼ ਪਹਿਲੋਂ ਕਦੇ ਨਹੀਂ ਹੋਈ।

ਰੋਹਿਤ ਵੇਮੁਲਾ ਦੀ ਮੌਤ ਦੇ ਤੱਥਾਂ ਨੂੰ ਤੋੜ-ਭੰਨ ਕੇ ਪਾਰਲੀਮੈਂਟ ਦੇ ਮੰਚ ਉਤੇ ਖੇਡੇ ਗਏ ਇਸ ਨਿਹਾਇਤ ਨਿੰਦਣਯੋਗ ਨਾਟਕ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਜੇ. ਐਨ. ਯੂ. ਦੀਆਂ ਘਟਨਾਵਾਂ ਤੋਂ ਉਠੇ ਮਹੱਤਵਪੂਰਨ ਸਵਾਲ ਖਲਤ-ਮਲਤ ਹੋ ਗਏ। ਪੂਰੀ ਅਤੇ ਨਿਤਾਰਵੀਂ ਬਹਿਸ ਹੋ ਹੀ ਨਾ ਸਕੀ। ਪਿਛਲ-ਝਾਤ ਮਾਰਿਆਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਨੂੰ ਇਹ ਗੱਲ ਮੰਨਣੀ ਹੀ ਨਹੀਂ ਸੀ ਚਾਹੀਦੀ ਕਿ ਰੋਹਿਤ ਵੇਮੁਲਾ ਦੀ ਮੌਤ ਅਤੇ ਜੇ. ਐਨ. ਯੂ. ਦੀਆਂ ਘਟਨਾਵਾਂ ਨੂੰ ਇਕੋ ਸਮੇਟਵੀਂ ਬਹਿਸ ਵਿਚ ਵਿਚਾਰਿਆ ਜਾਵੇ। ਬਾਅਦ ਵਿਚ ਰਾਜ ਸਭਾ ਵਿਚ ਮਾਇਆਵਤੀ ਨੇ ਇਸ ਗੱਲ ਦੀ ਮੰਗ ਵੀ ਕੀਤੀ ਹੈ ਕਿ ਦੋਵੇਂ ਮੁਦਿਆਂ ਉਤੇ ਅੱਡੋ ਅਡ ਬਹਿਸ ਹੋਵੇ। ਸ਼ਾਇਦ ਹੋਵੇਗੀ ਵੀ, ਪਰ ਹਾਲ ਦੀ ਘੜੀ ਕਨ੍ਹਈਆ ਅਤੇ ਉਮਰ ਖਾਲਿਦ ਵਾਲੇ ਸਵਾਲ ਨਕਲੀ ‘ਰਾਸ਼ਟਰਵਾਦ’ ਦੇ ਨਾਅਰਿਆਂ ਦੀ ਦਹਾੜ ਵਿਚ ਦੱਬੇ ਗਏ ਹਨ। ਨਾ ਰੋਹਿਤ ਵੇਮੁਲਾ ‘ਬੱਚਾ’ ਸੀ, ਤੇ ਨਾ ਇਹ ਵਿਦਿਆਰਥੀ ‘ਬੱਚੇ’ ਹਨ। ਸਗੋਂ ਇਹ ਹੀ ਤਾਂ ਦੇਸ ਪ੍ਰਤੀ ਚਿੰਤਾਵਾਨ, ਦੇਸ ਬਾਰੇ ਚਿੰਤਨ ਕਰਨ ਵਾਲੇ ਹੋਣਹਾਰ ਅਸਲੀ ਦੇਸ਼ਭਗਤ ਨੌਜਵਾਨ ਹਨ। ‘ਦੇਸ਼ਭਗਤੀ’ ਦੇ ਡੰਡੇ ਫੜੀ ਸੜਕਾਂ-ਅਦਾਲਤਾਂ ਵਿਚ ਕੁਟ-ਮਾਰ ਕਰਨ ਲਈ ਉਤਰਨ ਵਾਲੇ ਗੁੰਡੇ ਇਸ ਦੇਸ ਦਾ ਭਵਿਖ ਨਹੀਂ ਹੋ ਸਕਦੇ; ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿਖ ਜੇ.ਐਨ. ਯੂ ਵਰਗੀਆਂ ਯੂਨੀਵਰਸਟੀਆਂ ਵਿਚੋਂ ਨਿਕਲਣ ਵਾਲੇ ਵਿਦਿਆਰਥੀ ਹਨ, ਜਿਨ੍ਹਾਂ ਨੂੰ ਨਿਆਂ ਦੁਆਉਣ ਲਈ ਸਾਨੂੰ ਸਭ ਨੂੰ ਆਪਣੀ ਜੱਦੋ-ਜਹਿਦ ਜਾਰੀ ਰਖਣੀ ਪਵੇਗੀ। ਸ਼ਾਇਦ ਲੰਮੇ ਸਮੇਂ ਲਈ । ਸੰਿਮ੍ਰਤੀ ਇਰਾਨੀ ਦਾ ਹਮਲਾਵਰੀ ਭਾਸ਼ਣ ਏਸ ਗਲ ਵੱਲ ਇਸ਼ਾਰਾ ਹੀ ਨਹੀਂ, ਸਗੋਂ ਚੁਣੌਤੀ ਵੀ ਹੈ। ਇਸ ਚੁਣੌਤੀ ਨੂੰ ਇਕਮੁਠ ਹੋ ਕੇ ਕਬੂਲਣਾ ਸਾਡੀ ਇਤਿਹਾਸਕ ਜ਼ਿੰਮੇਵਾਰੀ ਹੈ।

Comments

Surinder Sidhu

ਦੂਸਰਿਆਂ ਦੇ ਘਰ ਲਗੀ ਅਗ ਤਾ ਬਸੰਤਰ ਦੇਵਤਾ ਹੀ ਲਗਦੀ ਹੈ ਅਗ ਤਾਂ ਉਸ ਸਮੇਂ ਹੀ ਮਹਿਸੂਸ ਹੁੰਦੀ ਹੈ ਜਦੋਂ ਸੇਕ ਆਪ ਨੂੰ ਲਗਦਾ ਹੈ ਪਰ ਇਹ ਲੀਡਰਾਂ ਨੂੰ ਤਾਂ ਸ਼ਾਇਦ ਆਪਣੇ ਬਚਿਆਂ ਤੋਂ ਜਿਆਦਾ ਆਪਣੀ ਕੁਰਸੀ ਹੀ ਪਿਆਰੀ ਹੁੰਦੀ ਹੈ Like · Reply · 2 mi

iqbal somian

Vdhia likhea par hor jyada changa likhea ja skda c

Harjap singh

That is fascism There prime duty is to create hate among the society on the basis of cast and religion Rohit was forced to commit suicide and Kanahyia Kumar is being punished although he has been freed Be United

owedehons

play slots online casino online slots <a href=" http://onlinecasinouse.com/# ">online casino gambling </a> slots games http://onlinecasinouse.com/# - big fish casino

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ