Sat, 05 October 2024
Your Visitor Number :-   7229300
SuhisaverSuhisaver Suhisaver

ਨੈਤਿਕ ਕਦਰਾਂ ਕੀਮਤਾਂ ਦੇ ਨਾਂ ਹੇਠ ਧਾਰਮਿਕ ਮੂਲਵਾਦ ਦੀ ਪੁਨਰ-ਸੁਰਜੀਤੀ ਪਿੱਛੇ ਲੁਕੇ ਮਨਸੂਬੇ - ਯਸ਼ਪਾਲ

Posted on:- 22-05-2015

suhisaver

ਯਸ਼ਪਾਲ ਹੁਰਾਂ ਇਹ ਲੇਖ ਕੁਝ ਮਹੀਨੇ ਪਹਿਲਾਂ ਲਿਖਿਆ ਸੀ ਮੋਦੀ ਸਰਕਾਰ ਵੱਲੋਂ ਜਿਸ ਢੰਗ ਨਾਲ ਸਿੱਖਿਆ ਦੇ ਭਗਵੇਂਕਰਨ ਦੀ ਨੀਤੀ ਨੂੰ ਅੱਗੇ ਵਧਿਆ ਜਾ ਰਿਹਾ ਹੈ, ਉਸ ਬਾਬਤ ਲੇਖ ਬੜਾ ਜਾਣਕਾਰੀ ਭਰਪੂਰ ਹੈ। ਲੇਖ ਭਾਵੇਂ 5-6 ਮਹੀਨੇ ਪੁਰਾਣਾ ਹੈ, ਪਰ ਇਹਦੀ ਸਾਰਥਿਕਤਾ ਹਾਲੇ ਵੀ ਉਨੀ ਹੀ ਹੈ, ਕਿਉਂਕਿ ਉਸ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ, ਜਿਸ ਤੋਂ ਮੋਦੀ ਸਰਕਾਰ ਦੀ ਸਿੱਖਿਆ ਦੇ ਖੇਤਰ `ਚ ਭਗਵੀਂ ਨੀਤੀ ਸਪੱਸ਼ਟ ਰੂਪ `ਚ ਸਾਹਮਣੇ ਆਉਂਦੀ ਹੈ। (ਸੰਪਾਦਕ )

ਨਿਰੋਲ
ਭਾਜਪਾ ਬਹੁਮੱਤ ਵਾਲੀ ਮੋਦੀ ਸਰਕਾਰ ਦੀ ਮਾਨਵ ਸਰੋਤ ਵਿਕਾਸ ਮੰਤਰੀ (ਸਿੱਖਿਆ ਮੰਤਰੀ) ਸ਼੍ਰੀਮਤੀ ਈਰਾਨੀ ਵੱਲੋਂ ਪਿਛਲੇ ਦਿਨੀਂ ਕੇਂਦਰੀ ਸਕੂਲਾਂ ਅੰਦਰ 6ਵੀਂ ਤੋਂ 8ਵੀਂ ਸ਼੍ਰੇਣੀ ਦੇ 70000 ਵਿਦਿਆਰਥੀਆਂ ਲਈ ਸੈਸ਼ਨ ਦੇ ਅੱਧ ਵਿਚਕਾਰ ਹੀ ਤੀਜੀ ਭਾਸ਼ਾ ਵੱਲੋਂ ਪੜ੍ਹੀ ਜਾ ਰਹੀ ਜਰਮਨ ਭਾਸ਼ਾ ਦੀ ਥਾਂ ’ਤੇ ਸੰਸਕ੍ਰਿਤ ਭਾਸ਼ਾ ਲਾਗੂ ਕਰਨ ਦਾ ਇੱਕ ਬਿਆਨ ਜਾਰੀ ਕੀਤਾ ਗਿਆ। ਫਿਰ ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਉਪੇਂਦਰ ਕੁਸ਼ਵਾਹਾ ਦਾ ਇਸ ਫੈਸਲੇ ਨੂੰ ਸੀ.ਬੀ.ਐਸ.ਈ.ਅਧੀਨ ਚਲ ਰਹੇ 11000 ਦੇ ਲਗਭਗ ਪ੍ਰਾਈਵੇਟ ਸਕੂਲਾਂ ਅੰਦਰ ਅਗਲੇ ਸੈਸ਼ਨ ਤੋਂ ਲਾਗੂ ਕਰਨ ਦਾ ਇੱਕ ਹੋਰ ਬਿਆਨ ਲੱਗਿਆ। ਇਨ੍ਹਾਂ ਦੋਹਾਂ ਐਲਾਨਾਂ/ਬਿਆਨਾਂ ਨੇ ਮੁਲਕ ਭਰ ਦੇ ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ ਤੇ ਸਿਆਸੀ ਹਲਕਿਆਂ ਅੰਦਰ ਇੱਕ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ।


ਵੱਖ-ਵੱਖ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਤੇ ਮੀਡੀਏ ਦੀ ਭਰਪੂਰ ਤਾਕਤ ਦੇ ਸਹਾਰੇ ਅਤੇ ਭਾਜਪਾ ਦੀ ਸਿਧਾਂਤਕ ਰਹਿਬਰ ਸੰਸਥਾ ਆਰ.ਐਸ.ਐਸ. ਦੇ ਮੋਢਿਆਂ ’ਤੇ ਸਵਾਰ ਹੋ ਕੇ ਰਾਜਗੱਦੀ ਤੇ ਕਾਬਜ ਹੋਈ ਮੌਜੂਦਾ ਮੋਦੀ ਸਰਕਾਰ ਦੇ ਇਨ੍ਹਾਂ ਬਿਆਨਾਂ ਨੂੰ ਭਾਜਪਾ ਦੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਦੀ ਅਤੇ ਆਰ.ਐਸ.ਐਸ. ਦੀ ‘ਸਿੱਖਿਆ ਦੇ ਭਗਵੇਂਕਰਨ’ ਦੀ ਲੰਬੇ ਸਮੇਂ ਤੋਂ ਚੱਲ ਰਹੀ ਐਲਾਨੀਆ ਨੀਤੀ ਦੇ ਜੜੁੱਤ ਚੌਖਟੇ ’ਚ ਰੱਖ ਕੇ ਹੀ ਸਮਝਿਆ ਜਾ ਸਕਦਾ ਹੈ।

\

ਇਸ ਨੀਤੀ ਨੂੰ ਭਾਜਪਾ ਵੱਲੋਂ ‘ਤੇਜ ਵਿਕਾਸ ਤੇ ਸੁਸ਼ਾਸਨ’ ਵਜੋਂ ਅਤੇ ਆਰ.ਐਸ.ਐਸ. ਵੱਲੋਂ ਮਿਥਿਆ/ਪਾਠਕ੍ਰਮ ਨੂੰ ‘ਵਧੇਰੇ ਭਾਰਤੀਕਰਨ, ਵਧੇਰੇ ਰਾਸ਼ਟਰੀਕਨ ਤੇ ਵਧੇਰੇ ਅਧਿਆਤਮੀਕਰਨ’ ਦੇ ਪਰੀਪੇਖ (Perspective) ’ਚ ਰੱਖ ਕੇ ਢਾਲਣ ਦੇ ਲਬਾਦੇ ’ਚ ਲਪੇਟ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼੍ਰੀਮਤੀ ਈਰਾਨੀ ਨੇ ਵੀ ਇਸ ਨੂੰ ਆਰ.ਐਸ.ਐਸ. ਦੇ ਹੂਬਹੂ ਇਨ੍ਹਾਂ ਸ਼ਬਦਾਂ ਰਾਹੀਂ ਦੁਹਰਾਇਆ ਹੈ। ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾਂ ਸਵਰਾਜ ਵੱਲੋਂ ਵੀ ਤੱਤ-ਭੜੱਥੇ ਹਿੰਦੂ ਧਾਰਮਿਕ ਗ੍ਰੰਥ ‘ਗੀਤਾ’ ਨੂੰ ਰਾਸ਼ਟਰੀ ਗ੍ਰੰਥ’ ਦਾ ਦਰਜਾ ਦੇਣ ਦੀ ਵਜਾਰਤ ਕਰਨ ਅਤੇ ਆਰ.ਐਸ.ਐਸ. ਦੇ ਮੁੱਖੀ ਸ਼੍ਰੀ ਭਾਗਵਤ ਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ/ਸ਼ਖਾਵਾਂ ਦੇ ਹੋਰ ਕਈ ਆਗੂਆਂ ਵੱਲੋਂ ਭਾਰਤ ਨੂੰ ‘ਹਿੰਦੂ ਰਾਸ਼ਟਰ’ ਵਜੋਂ ਪ੍ਰੀਭਾਸ਼ਤ ਕਰਨ ਤੇ ਇਸ ਨੂੰ 2021ਤੱਕ ਸੰਪੂਰਨ ‘ਹਿੰਦੂ ਰਾਸ਼ਟਰ’ ਬਣਾਉਣ ਵਰਗੇ ਦਿੱਤੇ ਗਏ ਬਿਆਨਾਂ ਨੇ ਅਤੇ ਚਲਾਈ ਜਾ ਰਹੀ ‘ਧਰਮਾਂਤਰਣ’ ਤੇ ‘ਘਰ ਵਾਪਸੀ’ ਮੁਹਿੰਮ ਨੇ ਇਸ ਵਾਦ-ਵਿਵਾਦ ਨੂੰ ਹੋਰ ਗਰਮਾ ਦਿੱਤਾ ਹੈ।

ਸਿੱਖਿਆ ਦੇ ਭਗਵੇਂਕਰਨ ਦਾ ਇਹ ਪਰੀਪੇਖ ਕੀ ਹੈ?
    ਮੋਟੇ ਤੌਰ ’ਤੇ ਤਾਂ ਇਸ ਨੀਤੀ ਨੂੰ ਆਰ.ਐਸ. ਐਸ. ਵੱਲੋਂ ਇਉਂ ਪੇਸ਼ ਕੀਤਾ ਜਾਂਦਾ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈਆ ਜਾਂਦੀਆਂ ਇਤਿਹਾਸ ਦੀਆਂ ਪੁਸਤਕਾਂ ਨੂੰ ਇਸ ਦਿਸ਼ਾ ’ਚ ਸੋਧਣ ਦੀ ਜ਼ਰੂਰਤ ਹੈ ਜਿਸ ਨਾਲ ਉਹ ਪੁਰਾਤਨ ਭਾਰਤ ਦੇ ‘ਹਿੰਦੂ ਸੁਨਹਿਰੀ ਯੁੱਗ’ ਨੂੰ ਜਾਣ ਸਕਣ ਤੇ ਉਸ ਉਪਰ ਮਾਣ ਕਰ ਸਕਣ। ਪਰੰਤੂ ਸਿੱਖਿਆ ਦੇ ਇਸ ‘ਭਾਰਤੀਕਰਨ ਰਾਸ਼ਟਰੀਕਰਨ ਤੇ ਅਧਿਆਤਮੀਕਰਨ’ ਦਾ ਇਹ ਪਰੀਪੇਖ ਅਸਲ ’ਚ ਹੈ ਕੀ? ਇਸ ਦੀ ਆਧਾਰ ਸਿਲਾ ਕੀ ਹੈ? ਤੇ ਇਸੇ ਪਰੀਪੇਖ ਦੇ ਅਸਲ ਮਨਸੇ-ਮਨਸੂਬੇ ਕੀ ਹਨ? ਇਨ੍ਹਾਂ ਨੂੰ ਸਮਝਣ ਲਈ ਸਾਨੂੰ ਪਿਛਲੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ.ਦੀ ਵਾਜਪਾਈ ਸਰਕਾਰ (1998-2004) ਦੇ ਕਾਰਜਕਾਲ ਸਮੇਂ ਸਿੱਖਿਆ ਮੰਤਰੀ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਵੱਲੋਂ ਇਸੇ ਦਿਸ਼ਾ ’ਚ ਪੁੱਟੇ ਗਏ ਕਦਮਾਂ ਦੀ ਪੈੜ-ਚਾਲ ਫੜਨੀ ਹੋਵੇਗੀ। ਇਹ ਇਸ ਲਈ ਕਿਉਂਕਿ ਮੌਜੂਦਾ ਸਿੱਖਿਆ, ਮੰਤਰੀ ਸ਼੍ਰੀਮਤੀ ਸਮਿ੍ਰਤੀ ਈਰਾਨੀ ਨੇ ਵੀ ਇਸੇ ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ ਦੀ ਤੰਦ ਨੂੰ ਉੱਥੋਂ ਹੀ ਫੜਿਆ ਹੈ, ਜਿੱਥੇ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਨੇ ਛੱਡਿਆ ਸੀ। ਉਸ ਸਮੇਂ ਗੱਠਜੋੜ ਸਰਕਾਰ ਦੀਆਂ ਪੇਚੀਦਗੀਆਂ ਤੇ ਮਜ਼ਬੂਰੀਆਂ ਕਾਰਨ, ਉਹ ਇਸ ਨੀਤੀ ਨੂੰ ਲਾਗੂ ਨਹੀਂ ਸੀ ਕਰਵਾ ਸਕੇ। ਉਸ ਸਮੇਂ ਸੰਸਕ੍ਰਿਤ ਯੂਨੀਵਰਸਿਟੀ ਦੀ ਸਥਾਪਨਾ ਤੇ ਯੂਨੀਵਰਸਟੀਆਂ ਦੇ ਪਾਠਕ੍ਰਮ ਅੰਦਰ ਜੋਤਿਸ਼ ਵਿਦਿਆ ਦਾ ਵਿਸ਼ਾ ਲਾਗੂ ਕਰਨ ਦੀਆਂ ਯੋਜਨਾਵਾਂ ਇਸੇ ਨੀਤੀ ਦਾ ਹੀ ਹਿੱਸਾ ਸਨ।
    
ਉਸ ਸਮੇਂ ਨਵੰਬਰ 1998 ’ਚ ਸ਼੍ਰੀ ਜੋਸ਼ੀ ਵੱਲੋਂ ਸਿੱਖਿਆ ਦੇ ਸੁਧਾਰ ਸਬੰਧੀ ਸਮੂਹ ਰਾਜਾਂ ਦੇ ਸਿੱਖਿਆ ਮੰਤਰੀਆਂ ਦੀ ਬੁਲਾਈ ਗਈ ਇੱਕ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੌਰਾਨ ਹੀ ਸਰਕਾਰੀ ਏਜੰਡੇ ਦੇ ਨਾਲ-ਨਾਲ ਇੱਕ ‘ਮਾਹਰਾਂ ਦੇ ਗਰੁੱਪ’ ਵੱਲੋਂ ਤਿਆਰ ਕੀਤਾ ਗਿਆ ਇੱਕ ਗੈਰ ਸਰਕਾਰੀ ਏਜੰਡਾ ਵੀ ਪੇਸ਼ ਕੀਤਾ ਗਿਆ ਸੀ। ਭਾਵੇਂ ਉਹ ਗੈਰ ਸਰਕਾਰੀ ਏਜੰਡਾ ਬਹੁਗਿਣਤੀ ਰਾਜਾਂ ਦੇ ਸਿੱਖਿਆ ਮੰਤਰੀਆਂ ਵੱਲੋਂ ਵਿਰੋਧ ਕਰਨ ਉਪਰੰਤ ਵਾਪਸ ਲੈਣਾ ਪਿਆ ਸੀ ਪਰੰਤੂ ਉਸ ਏਜੰਡੇ ਦੇ ਬਾਹਰ ਆਉਣ ਨਾਲ ਜਿਸਨੂੰ ਮਾਨਵੀ ਸਰੋਤ ਵਿਕਾਸ ਮੰਤਰਾਲੇ ਦੀ ਥਾਪਣਾ ਤੇ ਮਾਨਤਾ ਮਿਲੀ ਹੋਈ ਸੀ। ਮੁਲਕ ਭਰ ਦੇ ਬੁੱਧੀਜੀਵੀਆਂ ਤੇ ਸਿੱਖਿਆ ਸ਼ਾਸਤਰੀਆਂ ਦੇ ਕੰਨ ਖੜ੍ਹੇ ਹੋ ਗਏ ਸਨ। ਉਸ ਏਜੰਡੇ ਦਾ ਸਾਰ ਤੱਤ ਇਹ ਸੀ ਕਿ ਭਾਜਪਾ ਪੂਰੇ ਮੁਲਕ ਦੀ ਸਿੱਖਿਆ ਦਾ ‘ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ’ ਕਰਨਾ ਚਾਹੁੰਦੀ ਹੈ ਜੋ ਕਿ ਭਾਜਪਾ ਦੀ ਸਿਧਾਂਤਕ ਰਹਿਬਰ ਸੰਸਥਾ ਆਰ.ਐਸ.ਐਸ. ਦਾ ਲੰਬੇ ਸਮੇਂ ਤੋਂ ਚੱਲ ਰਿਹਾ ਮੂਲ ਏਜੰਡਾ ਹੈ। ਇਸ ਏਜੰਡੇ ਦੀ ਸੇਧ ’ਚ ਹੀ ‘ਮਾਹਰਾਂ ਦੇ ਗਰੁੱਪ’ ਵੱਲੋਂ ਸਕੂਲੀ ਪਾਠਕ੍ਰਮ ’ਚ ਭਾਰਤੀ ਵੇਦਾਂ, ਪੁਰਾਣਾ ਉਪਨਿਸ਼ਦਾਂ ਤੇ ਹਿੰਦੂ ਧਾਰਮਿਕ ਗ੍ਰੰਥਾਂ ਰਮਾਇਣ ਤੇ ਮਹਾਂਭਾਰਤ ਨੂੰ ਸ਼ਾਮਿਲ ਕਰਨ ਅਤੇ ਸੰਸਕ੍ਰਿਤ ਭਾਸ਼ਾ ਨੂੰ ਪਹਿਲੀ ਸ਼੍ਰੇਣੀ ਤੋਂ ਲਾਗੂ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਸ ਤੋਂ ਬਿਨ੍ਹਾਂ ਲੜਕੀਆਂ ਨੂੰ ਉਨ੍ਹਾਂ ਦੀ ਸਰੀਰਕ ਮਨੋਵਿਗਿਆਨਕ ਤੇ ਸਮਾਜਿਕ ਲੋੜਾਂ ਅਨੁਸਾਰ (ਭਾਵ ਘਰ ਦੀ ਸਾਂਭ ਸੰਭਾਲ) ਲੜਕਿਆਂ ਨਾਲੋਂ ਵੱਖਰੇ ਸਿਲੇਬਸ ਵੱਜੋਂ ਗ੍ਰਹਿ-ਵਿਗਿਆਨ ਦਾ ਵਿਸ਼ਾ ਮੁੱਢ ਤੋਂ ਹੀ ਪੜ੍ਹਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ ਸੀ। ਇਸ ਕਾਨਫਰੰਸ ਦਾ ਉਦਘਾਟਨ ਵੀ ‘ਸਰਸਵਤੀ ਵੰਦਨਾ’ ਨਾਲ ਕੀਤਾ ਗਿਆ ਸੀ ਜਿਸ ਦਾ ਪੰਜਾਬ ਸਮੇਤ ਕਈ ਰਾਜਾਂ ਦੇ ਸਿੱਖਿਆ-ਮੰਤਰੀਆਂ ਵੱਲੋਂ ਇਸ ਦਾ ‘ਧਰਮ ਵਿਸ਼ੇਸ਼’ ਨਾਲ ਜੁੜੇ ਹੋਣ ਕਾਰਨ, ਵਾਕ ਆੳੂਟ ਕਰਕੇ ਬਾਈਕਾਟ ਕੀਤਾ ਗਿਆ ਸੀ।
    
ਉਂਝ ਉਸ ਸਮੇਂ ਇਸੇ ਦਿਸ਼ਾ ’ਚ ਪਹਿਲਾਂ ਹੀ ਭਾਜਪਾ ਦੀ ਅਗਵਾਈ ਹੇਠਲੀਆਂ ਰਾਜਸਥਾਨ ਤੇ ਉਤਰ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਸਕੂਲੀ ਪਾਠਕ੍ਰਮ ਅੰਦਰ ਆਰ.ਐਸ.ਐਸ. ਦੇ ਸਿਧਾਂਤਕਾਰਾਂ ਦੀਆਂ ਰਚਨਾਵਾਂ ਤੇ ਜੀਵਨੀਆਂ ਸ਼ਾਮਲ ਕਰਨ ਦੇ ਨਾਲ, ਕੇਂਦਰ ਦੀ ਇਤਿਹਾਸ ਲਿਖਣ ਸਬੰਧੀ ਕੌਂਸਲ ਦਾ ਪੁਨਰਗਠਨ ਕਰਕੇ ਉਸ ਅੰਦਰ ਆਰ.ਐਸ.ਐਸ. ਤੇ ਭਾਜਪਾ ਪੱਖੀ ਸਿਧਾਂਤਕਾਰਾਂ ਨੂੰ ਵਾੜਨ ਨਾਲ ਅਤੇ ਆਰ.ਐਸ.ਐਸ. ਦੀ ਸਰਪ੍ਰਸਤੀ ਹੇਠ 1977 ਤੋਂ ਸਥਾਪਿਤ ‘ਵਿਦਿਆ ਭਾਰਤੀ ਸੰਸਥਾਨ’ ਵੱਲੋਂ ਚਲਾਏ ਜਾ ਰਹੇ ਹਜ਼ਾਰਾਂ ‘ਸਰਵ ਹਿਤਕਾਰੀ’ ਸਕੂਲਾਂ ਅੰਦਰ (ਪੰਜਾਬ ਅੰਦਰ ਵੀ 150 ਦੇ ਲਗਭਗ) ਪਾਠਕ੍ਰਮ ’ਚ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਕਾਰ ਸੇਵਕਾਂ ਦੀ ਮਹਿਮਾਂ ਗਾਉਂਦੇ ਪਾਠ ਸ਼ਾਮਿਲ ਕਰਨ ਨਾਲ, ਸਿੱਖਿਆ ਦੇ ਇਸ ‘ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ’ ਦਾ ਮੂੰਹ ਮਹਾਂਦਰਾ ਤਾਂ ਸਾਫ਼ ਹੀ ਦਿਸਣ ਲੱਗ ਗਿਆ ਸੀ।
    
ਇਸ ਤੋਂ ਬਿਨ੍ਹਾਂ ਵਾਜਪਾਈ ਸਰਕਾਰ ਸਮੇਂ ਵੀ ਤੇ ਮੌਜੂਦਾ ਮੋਦੀ ਸਰਕਾਰ ਸਮੇਂ ਵੀ ਰਾਜ ਕਰਨ ਵਾਲੀ ਪਾਰਟੀ ਭਾਜਪਾ ਅਤੇ ਇਸਦੀ ਸਿਧਾਂਤਕ ਰਹਿਬਰ ਸੰਸਥਾ ਆਰ.ਐਸ.ਐਸ. ਦੀਆਂ ਲਿਖਤਾਂ ਤੇ ਆਗੂਆਂ ਦੀਆਂ ਤਕਰੀਰਾਂ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਇਹ ਭਾਰਤ ਨੂੰ ਵੱਖ-ਵੱਖ ਧਰਮਾਂ ਭਾਸ਼ਾਵਾਂ ਅਤੇ ਸੱਭਿਆਚਾਰਕ ਤੌਰ ਤੇ ਵੱਖਰੀਆਂ ਕੌਮੀਅਤਾਂ ਦੇ ਸੰਗਠਨ ਦੀ ਬਜਾਇ ਇਕੋ ਧਰਮ (ਹਿੰਦੂ), ਇਕੋ ਨਸਲ (ਕੌਮ) ਹਿੰਦੂ, ਇੱਕੋ ਹੀ ਹਿੰਦੂ ਰਾਸ਼ਟਰ ਭਾਸ਼ਾ (ਸੰਸਕ੍ਰਿਤ) ਅਤੇ ਇਕੋ ਹੀ ਸੱਭਿਆਚਾਰ (ਹਿੰਦ ਸੰਸਕ੍ਰਿਤੀ ਤੇ ਰਵਾਇਤਾਂ) ਵਾਲਾ ਮੁਲਕ ਤਸੱਵਰ ਕਰਦੇ ਹਨ ਅਤੇ ਉਸੇ ਹੀ ਧਰਮ, ਕੌਮ, ਨਸਲ, ਭਾਸ਼ਾ ਤੇ ਸੱਭਿਆਚਾਰ ਦੀ ਪ੍ਰਮੁਖਤਾ ਕਾਇਮ ਕਰਨੀ ਚਾਹੁੰਦੇ ਹਨ। ਹੋਰਨਾਂ ਉਪਰ ਉਸ ਨੂੰ ਠੋਸਣਾ ਚਾਹੁੰਦੇ ਹਨ। ਪੁਰਾਤਨ ਮੱਧ ਯੁੱਗੀ ਜਗੀਰੂ ਰੂੜੀਵਾਦੀ ਭਾਰਤੀ ਸੰਸਕ੍ਰਿਤੀ/ਸੱਭਿਆਚਾਰ ਅਤੇ ਜੀਵਨ ਸ਼ੈਲੀ ਅਪਨਾਉਣ ਨੂੰ ਹੀ ਉਹ ‘ਭਾਰਤੀਕਰਨ ਤੇ ਰਾਸ਼ਟਰੀਕਰਨ’ ਦਾ ਨਾਂ ਦਿੰਦੇ ਹਨ ਤੇ ਇਸੇ ਧਾਰਨਾ ਤੇ ਸਮਝ ਨੂੰ ਸਿੱਖਿਆ ਅੰਦਰ ਨੈਤਿਕ ਕਦਰਾਂ ਕੀਮਤਾਂ ਦੇ ਨਾਂ ਹੇਠ ਘੁਸੇੜ ਕੇ ਵਿਦਿਆਰਥੀਆਂ- ਨੌਜਵਾਨਾਂ ਦੇ ਕੋਮਲ ਮਨਾਂ ਨੂੰ ਇਸ ਦਿਸ਼ਾ ’ਚ ਵਿਚਲਤ ਕਰਨਾ ਚਾਹੁੰਦੇ ਹਨ।
    
ਇਸ ਖ਼ਤਰਨਾਕ ਧਾਰਨਾ ਸਬੰਧੀ ਇਥੇ ਆਰ.ਐਸ.ਦੇ ਦੂਜੇ ਮੋਢੀ ਸਿਧਾਂਤਕਾਰ ਮੰਨੇ ਜਾਂਦੇ ਸ਼੍ਰੀ ਗੋਲਵਾਲਰ (1906-1973) ਵੱਲੋਂ ਲਿਖੀ ਗਈ ਪੁਸਤਕ ਵਿੱਚ ਕਹੇ ਗਏ ਸ਼ਬਦਾਂ ਦੀ ਇੱਕੋਂ ਹੀ ਮਿਸਾਲ ਦੇਣੀ ਢੁਕਵੀਂ ਉਚਿਤ ਤੇ ਕਾਫੀ ਹੋਵੇਗੀ। ਸ਼੍ਰੀ ਗੋਲਵਾਲਕਰ ਅਨੁਸਾਰ ‘‘... ਹਿੰਦੁਸਤਾਨ ਅੰਦਰ ਰਹਿ ਰਹੀਆਂ ਹੋਰ ਵਿਦੇਸ਼ੀ ਨਸਲਾਂ ਲਈ ਜਾਂ ਤਾਂ ਲਾਜ਼ਮੀ ਹਿੰਦੂ ਸੱਭਿਆਚਾਰ ਤੇ ਭਾਸ਼ਾ (ਭਾਵ ਸੰਸਕ੍ਰਿਤ) ਨੂੰ ਆਪਨਾਉਣਾ ਹੋਵੇਗਾ, ਹਿੰਦੂ ਨਸਲ ਤੇ ਸੱਭਿਆਚਾਰ ਤੋਂ ਇਲਾਵਾ ਹੋਰ ਕਿਸੇ ਵੀ ਨਸਲ ਤੇ ਸੱਭਿਆਚਾਰ ਦੀ ਉਸਤਤ ਜਾਂ ਮਹਿਮਾ ਕਰਨ ਦਾ ਖਿਆਲ ਦਿਮਾਗ ’ਚੋ ਕੱਢਣਾ ਹੋਵੇਗਾ ਅਤੇ ਆਪਣੀ ਵੱਖਰੀ ਹੋਂਦ/ਪਹਿਚਾਣ ਨੂੰ ਲਾਂਭੇ ਰੱਖਕੇ ਆਪਣੇ ਆਪ ਨੂੰ ਹਿੰਦੂ ਨਸਲ ’ਚ ਵਿਲੀਨ ਕਰਨਾ ਹੋਵੇਗਾ। ਨਹੀਂ ਤਾਂ ਫਿਰ ਇਸ ਮੁਲਕ ਅੰਦਰ ਪੂਰੀ ਤਰ੍ਹਾਂ ਹਿੰਦੂ ਕੌਮ ਦੇ ਮਾਤਹਿਤ (ਅਧੀਨ) ਹੋ ਕੇ ਰਹਿਣਾ ਹੋਵੇਗਾ। ਅਤੇ ਉਹ ਵੀ ਬਗੈਰ ਕਿਸੇ ਉਚੇਚੇ ਹੱਕ, ਰਿਆਇਤ ਜਾਂ ਕਿਸੇ ਵਿਸ਼ੇਸ ਤਰਜੀਹੀ ਲਿਹਾਜ ਦਾ ਦਾਅਵਾ ਜਾਂ ਮੰਗ ਕਰੇ-ਇੱਥੋਂ ਤੱਕ ਕਿ ਨਾਗਰਿਕਤਾ ਦੇ ਅਧਿਕਾਰ ਦਾ ਦਾਅਵਾ ਵੀ ਨਹੀਂ’’ (ਅਸੀਂ ਜਾਂ ਸਾਡੀ ਪਰੀਭਾਸ਼ਤ ਕੌਮੀਅਤ)।
    
ਜਦ ਕਿ ਸ਼੍ਰੀ ਗੋਲਵਾਲਕਰ ਦੀ ਇਸ ਧਾਰਨਾ ਨੂੰ ਇਸ ਤੋਂ ਢੇਰ ਸਮਾਂ ਪਹਿਲਾਂ, ਭਾਰਤੀ ਕੌਮੀ ਸਵੈਮਾਨ ਦੇ ਅਸਲੀ ਬਾਨੀ ਦੇ ਤੌਰ ਤੇ ਜਾਣੇ ਜਾਂਦੇ ਵੇਦਾਂਤੀ ਹਿੰਦੂ ਦਾਰਸ਼ਨਿਕ ਸਵਾਮੀ ਵਿਵੇਕਾਨੰਦ (1863-1902) ਵੱਲੋਂ (ਜਿਸਦੀ ਸ਼੍ਰੀ ਮੋਦੀ ਨੇ ਵੀ ਲੋਕ ਸਭਾ ਲਈ ਆਪਣੇ ਚੋਣ ਪ੍ਰਚਾਰ ਅੰਦਰ ਖੂਬਸੂਰਤ ਵਰਤੋਂ ਕੀਤੀ ਸੀ) ਪੂਰੀ ਤਰ੍ਹਾਂ ਨਕਾਰਿਆ ਗਿਆ ਸੀ। ਵਿਵੇਕਾਨੰਦ ਅਨੁਸਾਰ, ‘‘ਪੂਰਵਲੇ ਸਮਿਆਂ ’ਚ ਸ਼ਬਦ ਹਿੰਦੂ’ ਤੋਂ ਭਾਵ ਉਨ੍ਹਾਂ ਲੋਕਾਂ ਤੋਂ ਸੀ ਜਿਹੜੇ ਇੰਦੁਸ (ਸਿੰਧੂ) ਦਰਿਆ ਦੇ ਦੂਜੇ (ਪੂਰਬੀ) ਕੰਢੇ ’ਤੇ ਰਹਿੰਦੇ ਸਨ। ਉਸ ਸਮੇਂ ’ਤੇ ਤਾਂ ਇਸ ਸ਼ਬਦ ਦੀ ਕੋਈ ਸਾਰਥਿਕਤਾ ਬਣਦੀ ਸੀ ਪਰੰਤੂ ਹੁਣ ਇਸ ਸਮੇਂ ਇਸਦਾ ਕੋਈ ਅਰਥ ਨਹੀਂ ਰਹਿ ਗਿਆ ਹੈ। ਅੱਜ ਅਸੀਂ ਇਸ ਸ਼ਬਦ ਦਾ ਨਾਂ ਹਿੰਦੂ ਨਸਲ ਅਤੇ ਨਾ ਹੀ ਹਿੰਦੂ ਧਰਮ ਵੱਜੋਂ ਉਲੇਖ ਕਰ ਸਕਦੇ ਹਾਂ। ਇਹ ਇਸ ਕਰਕੇ ਕਿ ਹੁਣ ਇੰਦੁਸ (ਸਿੰਧੂ) ਦਰਿਆ ਦੇ ਪੂਰਬੀ ਕੰਢੇ ’ਤੇ ਵੱਖੋਂ-ਵੱਖਰੇ ਧਰਮਾਂ ਅਤੇ ਵੱਖੋ ਵੱਖਰੀਆਂ ਕੋਮਾਂ ਦੇ ਲੋਕ ਇੱਕਠੇ ਮਿਲਕੇ ਰਹਿ ਰਹੇ ਹਨ।’’ (ਸੰਕਲਿਤ ਰਚਨਾ ਗ੍ਰੰਥ 5-ਪੰਨਾ 265)
    
ਵਿਵੇਕਾਨੰਦ ਨੇ ਤਾਂ ਗੋਲਵਾਲਕ ਦੀ ਧਾਰਨਾ ਦੇ ਉਲਟ ਇਹ ਵੀ ਕਿਹਾ ਸੀ ਕਿ ‘‘ਈਸਾਈਆਂ ਨੂੰ ਬੋਧੀ ਬਣਨ ਦੀ ਕੋਈ ਜਰੂਰਤ ਨਹੀਂ ਹੈ ਅਤੇ ਨਾ ਹੀ ਮੁਸਲਮਾਨਾਂ ਨੂੰ ਹਿੰਦੂ ਬਣਨ ਦੀ ਜਰੂਰਤ ਹੈ। ਸਗੋਂ ਹਰੇਕ ਧਰਮ ਆਪਣੀ ਨਿਵੇਕਲੀ ਪਹਿਚਾਨ ਨੂੰ ਕਾਇਮ ਰੱਖਦਿਆਂ ਆਪਣੇ ਸੁਭਾਅ ਮੁਤਾਬਕ ਹੋਰਨਾਂ ਧਰਮਾਂ ਦੇ ਮੂਲ-ਤੱਤ ਨੂੰ ਆਪਣੇ ਧਰਮ ਅੰਦਰ ਜਜ਼ਬ ਕਰਕੇ ਤਕੜਾ ਹੋਵੇਗਾ.... ਜੇ ਕੋਈ ਨਿਰੋਲ ਆਪਣੇ ਹੀ ਧਰਮ ਦੇ ਤਾਂ ਸੁਪਨੇ ਪਾਲਦਾ ਹੈ ਪਰ ਦੂਜਿਆਂ ਦੇ ਧਰਮ ਨੂੰ ਤਬਾਹ ਕਰਨ ਦੀ ਗੱਲ ਕਰਦਾ ਹੈ ਤਾਂ ਮੈਨੂੰ ਉਸ ’ਤੇ ਦਿਲੋਂ ਤਰਸ ਆਉਂਦਾ ਹੈ...।’’ (11 ਸਤੰਬਰ 1893 ਨੂੰ ਸ਼ਿਕਾਗੋ ਵਿਖੇ ‘ਸੰਸਾਰ ਧਰਮ ਸੰਸਦ’ ਅੰਦਰ ਕੀਤੀ ਤਕਰੀਰ)

‘ਮਾਹਰਾਂ’ ਦੀ ਵਿਚਾਰਧਾਰਾ ਤੇ ਖੁਰਾ-ਖੋਜ-
    ਇਸ ਤੋਂ ਬਿਨਾਂ ਉਸ ਸਮੇਂ ਗੈਰ ਸਰਕਾਰੀ ਏਜੰਡਾ ਪੇਸ਼ ਕਰਨ ਵਾਲੇ ‘ਮਾਹਰਾਂ’ ਦਾ ਪਿਛੋਕੜ ਤੇ ਉਨ੍ਹਾਂ ਦੀ ਵਿਚਾਰ ਧਾਰਾ ਅਤੇ ਖੁਰਾ-ਖੋਜ ਵੀ ਸਿਖਿਆ ਦੇ ਇਸ ‘ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ’ ਦੀ ਧਾਰਨਾ ਤੇ ਪਰੀਪੇਖ ਨੂੰ ਸਮਝਣ ਦਾ ਆਧਾਰ ਬਣ ਸਕਦਾ ਹੈ। ਜਦ ਅਸੀਂ ਉਨ੍ਹਾਂ ‘ਮਾਹਰਾਂ’ ਦੇ ਗਰੁੱਪ ਦਾ ਖੁਰਾ-ਖੋਜ ਲੱਭਣ ਤੁਰਦੇ ਹਾਂ ਤਾਂ ਉਨ੍ਹਾਂ ਵਿੱਚੋਂ ਇੱਕ ਉਭਰਵਾਂ ਨਾਂ ਸ਼੍ਰੀ ਕਿਰੀਤ ਜੋਸ਼ੀ ਦਾ ਹੈ ਜਿਹੜਾ ਉਸ ਸਮੇਂ ‘ਧਰਮ ਹਿੰਦੂਜ ਕੌਮਾਂਤਰੀ ਕੇਂਦਰ’ ਦੇ ਪ੍ਰਧਾਨ ਸੀ ਅਤੇ ਜਿਸਨੂੰ ਉਸ ਸਮੇਂ ਭਾਜਪਾ ਦੀ ਕੇਂਦਰ ਸਰਕਾਰ ਨੇ ਸ਼ਿਮਲਾ ਸਥਿਤ ‘ਭਾਰਤੀ ਉਚੇਰੀ ਸਿੱਖਿਆ ਸੰਸਥਾ’ ਦੀ ‘ਗਵਰਨਿੰਗ ਕੌਸ਼ਲ’ ਵਿੱਚ ਸ਼ਾਮਲ ਕੀਤਾ ਹੋਇਆ ਸੀ। ਉਸ ‘ਮਾਹਰਾਂ ਦੇ ਗਰੁੱਪ’ ਨਾਲ ਜੁੜਿਆ ਇਕ ਨਾਂ ਹੋਰ ਸਾਹਮਣੇ ਆਇਆ ਹੈ ਜਿਹੜਾ ਉਸ ਸਮੇਂ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਦੀਆਂ ਵਿਦਿਅਕ ਯੋਜਨਾਵਾਂ ਪਿੱਛੇ ਅਸਲੀ ਦਿਮਾਂਗ ਮੰਨਿਆ ਜਾਂਦਾ ਸੀ, ਉਹ ਹੈ ਸ਼੍ਰੀ ਦੀਨਾ ਨਾਥ ਬੱਤਰਾ ਦਾ ਜਿਹੜਾ ਆਰ.ਐਸ.ਐਸ. ਦਾ ਸਿਧਾਂਤਕ ਪ੍ਰਚਾਰਕ ਹੈ, ਸੰਘ ਪ੍ਰੀਵਾਰ ਵੱਲੋਂ ਸਥਾਪਿਤ ‘ਸ਼ਿਕਸ਼ਾ ਬਚਾਓ ਅੰਦੋਲਨ ਸਮਿਤੀ’ ਦਾ ਕਨਵੀਨਰ ਹੈ ਅਤੇ ਸੰਘ ਵੱਲੋਂ ਹੀ ਸੰਚਾਲਿਤ ‘ਵਿਦਿਆ ਭਾਰਤੀ ਸੰਸਥਾਨ’ ਦੀ ਕੌਮੀ ਕਾਰਜਕਾਰਨੀ ਦਾ ਮੈਂਬਰ ਹੈ ਅਤੇ ਜਿਸ ਦੀਨਾ ਨਾਥ ਬਤਰਾ ਦੀਆਂ ਹਿੰਦੀ ’ਚ ਲਿਖੀਆਂ ਨੌਂ ਪੁਸਤਕਾਂ ‘ਵਿਦਿਆ ਭਾਰਤੀ ਸੰਸਥਾਨ’ ਦੇ ਸਕੂਲਾਂ ਅੰਦਰ ਪੜ੍ਹਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਗੁਜਰਾਤੀ ’ਚ ਤਰਜਮਾਂ ਕਰਕੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਦੇ ਪਾਠਕ੍ਰਮਾਂ ’ਚ ਇਹ ਲਾਜ਼ਮੀ ਕੀਤੀਆਂ ਹੋਈਆਂ ਹਨ।
    
ਦੀਨਾ ਨਾਥ ਬਤਰਾ ਵੱਲੋਂ ਲਿਖੀਆਂ ਹੋਈਆਂ ਪੁਸਤਕਾਂ ‘ਸਿੱਖਿਆ ਦਾ ਭਾਰਤੀਕਰਨ’ ‘ਚਮਕਦਾ ਭਾਰਤ’ ‘ਪ੍ਰੇਰਣਾ ਦੀਪ’ ਆਦਿ ਅੰਦਰ ਹਿੰਦੂ ਧਰਮ ਦੇ ਗ੍ਰੰਥਾਂ ‘ਰਮਾਇਣ’ ਤੇ ‘ਮਹਾਂਭਾਰਤ’ ਅੰਦਰਲੇ ਮਿਥਿਹਾਸ ਨੂੰ ਇਤਿਹਾਸ ਵੱਜੋਂ ਪੇਸ਼ ਕਰਕੇ, ਉਸਦੇ ਆਧਾਰ ਤੇ ਪੁਰਾਤਨ ਭਾਰਤ ਅੰਦਰ ‘ਹਜ਼ਾਰਾਂ ਸਾਲ ਪਹਿਲਾਂ’ (ਭਾਵ ਹਿੰਦੂ ਭਾਰਤ ਅੰਦਰ) ਟੈਲੀਵਿਜ਼ਨ, ਮੋਟਰਕਾਰ, ਹਵਾਈ ਜ਼ਹਾਜ, ਉਪ ਗ੍ਰਹਿ (ਰਾਕਟ) ਆਦਿ ਦੀਆਂ ਖੋਜਾਂ ਅਤੇ ‘ਸਟੈਮ ਸੈਂਲ’ ਵਿਧੀ ਰਾਹੀਂ (ਜਿਹੜੀ ਅਜੇ ਆਧੁਨਿਕ ਵਿਗਿਆਨ ਰਾਹੀਂ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਈ) 100 ਕੌਰਵ ਪੁੱਤਰਾਂ ਨੂੰ ਪੈਦਾ ਕਰਵਾਉਣ ਦਾ ਗਿਆਨ ਹੋਣ ਦਾ ਫੂਹੜ ਦਾਅਵਾ ਕੀਤਾ ਗਿਆ ਹੈ। ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਭੂਟਾਨ, ਤਿੱਬਤ ਸ਼੍ਰੀ ਲੰਕਾ ਬੰਗਲਾ ਦੇਸ਼ ਤੇ ਮੀਆਂਮਾਰ ਮੁਲਕਾਂ ਨੂੰ ‘ਅਖੰਡ ਭਾਰਤ’ ਦਾ ਹਿੱਸਾ ਕਿਹਾ ਗਿਆ ਹੈ। ‘ਅਖੰਡ ਭਾਰਤ’ ਨੂੰ ਇੱਕ ‘ਸਚਾਈ’ ਤੇ ‘ਖੰਡਿਤ ਭਾਰਤ’ ਨੂੰ ‘ਝੂਠ’ ਤੇ ਗੈਰ ਕੁਦਰਤੀ ਵੰਡ ਦੱਸਕੇ ਇਸ ਨੂੰ ਮੁੜ ਇੱਕਠਾ ਕਰਨ ਦੀ ਗੱਲ ਕਹੀ ਗਈ ਹੈ। ਦੀਨਾ ਨਾਥ ਬੱਤਰਾ ਇਨ੍ਹਾਂ ਪੁਸਤਕਾਂ ਅੰਦਰ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਨੂੰ ਪੱਛਮੀ ਸੱਭਿਆਤਾ ਨਾਲ ਜੋੜ ਕੇ ਇਸ ਦੇ ਇਲਾਜ ਲਈ ਪਾਠਕ੍ਰਮ ਅੰਦਰ ਸੰਸਕ੍ਰਿਤ ਭਾਸ਼ਾ ਅਤੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੰਦਾ ਹੈ। ਉਹ ਇਹ ਵੀ ਦਸਦਾ ਹੈ ਕਿ ਕਿਵੇਂ ‘ਗਊ ਸੇਵਾ’ ਕਰਨ ਨਾਲ ਇਕ ਬੇਔਲਾਦ ਜੋੜੇ ਦੇ ਬੱਚੇ ਪੈਦਾ ਹੋ ਗਏ ਅਤੇ ਅਜਿਹਾ ਕਿੰਨਾ ਹੀ ਕੂੜ-ਕਬਾੜ ਤੇ ਫੂਹੜ ਗਿਆਨ ਦੀਨਾ ਨਾਥ ਬੱਤਰਾ ਦੀਆਂ ਇਨ੍ਹਾਂ ਪੁਸਤਕਾਂ ਅੰਦਰ ਭਰਿਆ ਪਿਆ ਹੈ ਜਿਨ੍ਹਾਂ ਪੁਸਤਕਾਂ ਨੂੰ ਐਨ.ਸੀ.ਈ. ਆਰ.ਟੀ. 1996 ’ਚ ਹੀ ‘ਧਾਰਮਿਕ ਕੱਟੜਪੰਥੀ ਤੇ ਤੰਗ ਨਜ਼ਰੀ’ ਨੂੰ ਉਤਸ਼ਾਹਿਤ ਕਰਨ ਵਾਲੀਆਂ ਪੁਸਤਕਾਂ ਕਰ ਚੁੱਕੀ ਹੈ ਤੇ ਇਹੋ ਦੀਨਾ ਨਾਥ ਬੱਤਰਾ ਹੁਣ ਵੀ ਮੋਦੀ ਸਰਕਾਰ ਸਮੇਂ ਮੁੜ ਸਰਗਰਮ ਹੋਇਆ ਹੈ।

ਭਾਜਪਾ ਦੀ ਹਰਿਆਣਾ ਦੀ ‘ਖੱਟਰ’ ਸਰਕਾਰ ਵੱਲੋਂ ਇਸ ਬੱਤਰਾ ਨੂੰ ਸਿੱਖਿਆ ਸਲਾਹਕਾਰ ਬਣਾ ਦਿੱਤਾ ਹੈ। ਇਸ ਨੇ ਸ਼੍ਰੀਮਤੀ ਈਰਾਨੀ ਨਾਲ ਮੁਲਾਕਾਤ ਕਰਕੇ ਮੁਲਕ ਭਰ ਅੰਦਰ ਪਾਠ ਕ੍ਰਮ ਦੀ ਆਪਣੀ ਉਕਤ ਧਾਰਨਾ ਤੇ ਦਿਸ਼ਾ ਅਨੁਸਾਰ ਸੋਧ ਕਰਨ ਦਾ ਭਰੋਸਾ ਵੀ ਹਾਸਲ ਕਰ ਲਿਆ ਹੈ। ਬੱਤਰਾ ਦੀ ਅਗਵਾਈ ਹੇਠ ਚਲਣ ਵਾਲੀ ‘ਸ਼ਿਕਸ਼ਾ ਬਚਾਓ ਅੰਦੋਲਨ ਸਮਿਤੀ’ ਭਾਰਤ ਦੀਆਂ ਤਿੰਨ ਯੂਨੀਵਰਸਿਟੀਆਂ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਾਲੀਦਾਸ ਸੰਸਕ੍ਰਿਤ ਯੂਨੀਵਰਸਿਟੀ ਨਾਗਪੁਰ ਤੇ ਵਾਜਪਾਈ ਹਿੰਦੀ ਯੂਨੀਵਰਸਿਟੀ ਭੂਪਾਲ ਨਾਲ ਅਗਲੇ ਸਾਲ ਫਰਵਰੀ 15 ਤੋਂ ‘ਵੈਦਿਕ ਗਣਿਤ’ ਸਿਖਾਉਣ ਦਾ ਇਕ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਦਾ ਸਹਿਮਤੀ ਸਮਝੌਤਾ ਵੀ ਸਹੀ ਬੰਦ ਕਰ ਚੁੱਕੀ ਹੈ। ਤਾਜਾ ਖ਼ਬਰਾਂ ਮੁਤਾਬਕ ਹਰਿਆਣਾ ਦੇ ਸਿੱਖਿਆ ਮੰਤਰੀ ਪ੍ਰੋ. ਰਾਮ ਬਿਲਾਸ ਵੱਲੋਂ ਕੁਰੂਕਸ਼ੇਤਰ ਵਿਖੇ ਜਾਰੀ ਕੀਤੇ ਗਏ ਇੱਕ ਐਲਾਨ ਅਨੁਸਾਰ ਹਰਿਆਣਾ ਅੰਦਰ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ‘ਗੀਤਾ ਦੇ ਅਧਿਆਏ ਪੜ੍ਹਾਏ ਜਾਣਗੇ, ਕਿਉਂ ਕਿ ਗੀਤਾ ਦੇ ਗਿਆਨ ਬਿਨ੍ਹਾਂ ਜੀਵਨ ਸਫ਼ਲ ਨਹੀਂ ਬਣਾਇਆ ਜਾ ਸਕਦਾ।’
    
ਹੁਣ ਆਪਾਂ ਆਉਂਦੇ ਹਾਂ ‘ਮਾਹਰਾਂ ਦੇ ਗਰੁੱਪ’ ਦੇ ਮੋਢੀ ਸ਼੍ਰੀ ਕਿਰੀਤ ਜੋਸ਼ੀ ਵੱਲ। ਇਹ ਉਹੀ ਕਿਰੀਤ ਜੋਸ਼ੀ ਹੈ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਾਰਜਕਾਲ ਸਮੇਂ ਵੀ ਸਿੱਖਿਆ ਸਲਾਹਕਾਰ ਸੀ ਅਤੇ ਜਿਸ ਦੀ ਅਗਵਾਈ ਹੇਠ ਉਸ ਸਮੇਂ ਵੀ ਇਸੇ ਤਰ੍ਹਾਂ ਦਾ ਹੀ ਇੱਕ ‘ਵਰਕਿੰਗ ਗਰੁੱਪ’ ਬਣਾਇਆ ਗਿਆ ਸੀ। ‘ਸਿੱਖਿਆ ਸੁਧਾਰ’ ਸਬੰਧੀ ਗਠਿਤ ਕੀਤੇ ਇਸ ‘ਵਰਕਿੰਗ ਗਰੁੱਪ’ ਵੱਲੋਂ 1983 ’ਚ ਪੇਸ਼ ਕੀਤੀ ਗਈ ਰਿਪੋਰਟ ‘ਕਦਰਾਂ ਕੀਮਤਾਂ ਦੀ ਸੇਧ ਸਬੰਧੀ ਅਧਿਆਪਕ ਸਿਖਲਾਈ ਪ੍ਰੋਗਰਾਮ’ ਭਾਰਤ ਸਰਕਾਰ ਵੱਲੋਂ ਛਪਵਾਈ ਗਈ ਸੀ। ਇਸੇ ਰਿਪੋਰਟ ਦੇ ਆਧਾਰ ਤੇ ਹੀ 1985 ਦਾ ਚਟੋਪਧਿਆਏ ਸਿਖਿਆ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਤੇ ਸਿਫ਼ਾਰਸ਼ ਤੇ ਹੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਕਾਰਜਕਾਲ ਸਮੇਂ ਉਸਨੂੰ ਲਾਗੂ ਕੀਤਾ ਗਿਆ ਸੀ। 1986 ਦੀ ‘ਨਵੀ ਸਿਖਿਆ ਨੀਤੀ (NEP) ਆਧਾਰ-ਸ਼ਿਲਾ ਬਣੀ’ ਤੇ ਜਿਸ ਨੀਤੀ ਨੇ ਜਿਥੇ ਸਿੱਖਿਆ ਦੇ ‘ਨਿਜੀਕਰਨ ਤੇ ਵਪਾਰੀਕਰਨ’ ਦੀ ਨਕਸ਼-ਤਬਦੀਲੀ (Paradigm Shift) ਕਰਨ ਦਾ ਮੁੱਢ ਬੰਨ੍ਹਿਆ ਉੱਥੇ ਭਾਰਤ ਦੀਆਂ ‘ਪੁਰਾਤਨ ਕਦਰਾਂ-ਕੀਮਤਾਂ ਅਤੇ ਤਕਨੌਲੋਜੀ ਦਾ ਸੁਮੇਲ’ ਕਰਨ ਦੀ ਦਿਸ਼ਾ ਸੇਧ ਵੀ ਸੁਝਾਈ। ਵੈਸੇ ਤਾਂ 1949 ਦੇ ਰਾਧਾ ਕ੍ਰਿਸ਼ਨਨ ਸਿੱਖਿਆ ਕਮਿਸ਼ਨ ਅਤੇ 1964-66 ਦੇ ਕੋਠਾਰੀ ਕਮਿਸ਼ਨ ਨੇ ਵੀ ਆਪਣੀਆਂ ਰਿਪੋਰਟਾਂ ’ਚ ਪਾਠਕ੍ਰਮ ਅੰਦਰ ਧਾਰਮਿਕ ਸਿੱਖਿਆ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ ਕਿਉਂਕਿ ਉਨ੍ਹਾਂ ਅਨੁਸਾਰ ਵੀ ‘ਸਮਾਜ ਅੰਦਰ ਖੁਰ ਰਹੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਧਰਮ ਤੋਂ ਬਿਨ੍ਹਾਂ ਸੰਭਵ ਨਹੀਂ ਹੈ’ ਪਰੰਤੂ ਕਿਰੀਤ ਜੋਸ਼ੀ ਦੀ ਅਗਵਾਈ ਹੇਠਲੇ ਵਰਕਿੰਗ ਦੀ ਉਕਤ ਰਿਪੋਰਟ ਅੰਦਰ ਤਾਂ ਨੈਤਿਕ ਕਦਰਾਂ-ਕੀਮਤਾਂ ਤੇ ਅਧਿਆਤਮਿਕ ਕਦਰਾਂ ਦਾ ਵਖਰੇਵਾ ਵੀ ਕੀਤਾ ਗਿਆ ਸੀ। ਅਧਿਆਤਮਿਕਤਾ (Spirtuality) ਨੂੰ ਨੈਤਿਕਤਾ (Morality) ਨਾਲੋਂ ਉਚੇਚੀ ਤੇ ਉੱਤੰਮ ਅਵਸਥਾ ਕਿਹਾ ਗਿਆ ਸੀ ਤੇ ਉਸ ਅੰਦਰ ਕਿਰੀਤ ਜੋਸ਼ੀ ਦੀ ਅਧਿਆਤਮਿਕਤਾ ਸਿਰਫ਼ ਕਿਸੇ ਧਰਮ ਦੀ ਵਿਆਖਿਆ ਜਾਂ ਉਪਦੇਸ਼ਾਂ ਤੱਕ ਹੀ ਸੀਮਿਤ ਨਹੀਂ ਸੀ ਜਿਵੇਂ ਕਿ ਕੋਠਾਰੀ ਕਮਿਸ਼ਨ ਦੀ ਰਿਪੋਰਟ ਅੰਦਰ ‘ਸਭਨਾਂ ਧਰਮਾਂ ਦਾ ਸਹਿਜ ਅਧਿਐਨ’ ਕਰਨ ਦੀ ਗੱਲ ਕਹੀ ਗਈ ਸੀ ਸਗੋਂ ਕਿਰੀਤ ਜੋਸ਼ੀ ਦੀ ਰਿਪੋਰਟ ਅੰਦਰ ਤਾਂ ਭਾਰਤੀ ਸੰਵਿਧਾਨ ਅੰਦਰ ਦਰਜ ਧਰਮ ਨਿਰਪੱਖਤਾ (Secularism) ਸ਼ਬਦ ਦਾ ਵੀ ‘ਭਾਰਤੀਕਰਨ’ ਇਸ ਤਰ੍ਹਾਂ ਕੀਤਾ ਗਿਆ ਸੀ, ਜਿਸ ਦੇ ਅਰਥ ਇੰਨੇ ਵਿਸ਼ਾਲ ਤੇ ਮੋਕਲੇ ਹੋ ਜਾਂਦੇ ਹਨ ਕਿ ਉਸ ਅੰਦਰ ਭੂਤ-ਪ੍ਰੇਤ, ਵਿਦਿਆ, ਜੋਤਿਸ਼-ਵਿਦਿਆ, ਨਰਕ-ਸਵਰਗ, ਆਕਾਸ਼-ਪਾਤਾਲ ਲੋਕ, ਜਾਦੂ-ਟੂਣੇ, ਝਾੜ-ਫੂਕ ਆਦਿ ਸਭ ਕੂੜ-ਕਬਾੜ ਸਮਾਂ ਸਕਦੇ ਹਨ ਤੇ ਜਿਨ੍ਹਾਂ ਨੂੰ ਉਸ ‘ਭਾਰਤੀਕਰਨ’ ਦੇ ਅਰਥ ਅਨੁਸਾਰ ਪਾਠਕ੍ਰਮਾਂ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਸੇ ਸਭ ਕੁਝ ਨੂੰ ਹੀ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਵੱਲੋਂ ਯੂਨੀਵਰਸਟੀਆਂ ਦੇ ਪਾਠਕ੍ਰਮ ਅੰਦਰ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਸੀ।

ਧਰਮ ਨਿਰਪੱਖਤਾ (Secularism) ਦੇ ਸੰਕਲਪ ਦਾ ‘ਭਾਰਤੀਕਰਨ’
    ਜਦ ਇਹ ਸੁਆਲ ਖੜ੍ਹਾ ਹੁੰਦਾ ਹੈ ਕਿ ਭਾਰਤੀ ਸੰਵਿਧਾਨ ਅੰਦਰ ਦਰਜ ਧਰਮ ਨਿਰਪੱਖਤਾ; ਧਰਮ ਨਿਰਪੱਖ ਰਾਜ ਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਪ੍ਰਤੀ ਵਚਨਬੱਧਤਾ ਦਾ ਕੀਤੇ ਗਏ ਉਲੇਖ ਨਾਲ ਸਿਖਿਆ ਅੰਦਰ ਧਾਰਮਿਕ ਦਖਲਅੰਦਾਜੀ ਪੁਰਾਤਨ ਸੰਸਕ੍ਰਿਤੀ/ਰਵਾਇਤਾਂ ਦਾ ਸੁਮੇਲ ਅਤੇ ਕਿਸੇ ਦਿਨ ਧਰਮ ਵਿਸ਼ੇਸ਼ ਦੀ ਪੁੱਗਤ ਕਿਵੇਂ ਚਲ ਸਕਦੀ ਹੈ ਤਾਂ ਕਿਰੀਤ ਜੋਸ਼ੀ ਆਪਣੀ ਰਿਪੋਰਟ ’ਚ ਅਧਿਆਧਤਮਿਕਤਾ ਦੇ ਧਰਮ ਨਿਰਪੱਖਤਾ ਦੇ ਇਸ ਸੁਮੇਲ ਦੀ ਵਾਜ਼ਬੀਅਤ ਜਚਾਉਣ ਲਈ ਧਰਮ ਨਿਰਪੱਖਤਾ (Secularism) ਦੇ ਸਰਵਪ੍ਰਵਾਨਿਤ ਸੰਕਲਪ ਨੂੰ ਪੱਛਮੀ ਸੰਕਲਪ ਕਹਿੰਦਾ ਹੈ। ਉਸ ਅਨੁਸਾਰ ਧਰਮ ਨਿਰਪੱਖਤਾ ਦਾ ਭਾਰਤੀ ਸੰਕਲਪ ਪੱਛਮੀ ਸੰਕਲਪ ਨਾਲੋਂ ਵੱਖਰਾ ਹੈ। ਪੱਛਮੀ ਸੰਕਲਪ ਹਰ ਕਿਸਮ ਦੇ ਧਾਰਮਿਕ ਵਿਸ਼ਵਾਸ ਤੇ ਪਾਠ-ਪੂਜਾ ਨੂੰ ਰੱਦ ਕਰਦਾ ਹੈ ਜਦਕਿ ਭਾਰਤੀ ਸੰਕਲਪ ਅਨੁਸਾਰ ‘ਧਰਮ ਨਿਰਪੱਖਤਾ ਦਾ ਭਾਵ ਸਭਨਾਂ ਧਰਮਾਂ ਦਾ ਸਮਾਨਤਾ, ਸਭਨਾਂ ਦਾ ਮਾਨ ਸਤਿਕਾਰ ਤੇ ਸਾਮਾਨ ਸੁਰੱਖਿਆ ਹੈ’ ਇਸੇ ‘ਭਾਰਤੀ ਸੰਕਲਪ’ ਦੀ ਆੜ ’ਚ ਹੀ ਅਸਲ ’ਚ ਸਾਡੀਆਂ ਸਾਰੀਆਂ ਹਾਕਮ ਪਾਰਟੀਆਂ ਲੰਬੇ ਸਮੇਂ ਤੋਂ ਹੀ ਸਿਧਾਂਤਕ ਪੱਖੋਂ ਇਸੇ ‘ਬਹੁ ਧਰਮਵਾਦ’ ਦੇ ਨਾਂ ਤੇ ਪਰੰਤੂ ਵਿਹਾਰਕ ਤੌਰ ਤੇ ਰਾਜ ਤੇ ਸਿਖਿਆ ਨੂੰ ਧਰਮ ਨਾਲੋਂ ਅਲਹਿਦਾ ਰੱਖਕੇ ਚਲਣ ਦੀ ਬਜਾਇ ਸਗੋਂ ਰਾਜ ਭਾਗ ਚਲਾਉਣ ਲਈ ਧਰਮ ਦੀ ਖੁੱਲ੍ਹੀ ਵਰਤੋਂ ਤੇ ਦਖ਼ਲ ਅੰਦਾਜ਼ੀ ਕਰ ਰਹੀਆਂ ਹਨ ਅਤੇ ਮੌਜੂਦਾ ਪ੍ਰਸੰਗ ’ਚ ਸਿਖਿਆ ਦੇ ‘ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ ਦੇ ਲਬਾਂਦੇ ਹੇਠ ਇਕ ਧਰਮ ਵਿਸ਼ੇਸ਼ ਦਾ ਖੁੱਲਾ ਪ੍ਰਚਾਰ-ਪਸਾਰ ਕਰਨ ਦੀ ਨੀਤੀ ਕਾਰਜਸ਼ੀਲ ਹੈ। ਜਦ ਕਿ ‘ਧਰਮ-ਨਿਰਪੱਖ ਰਾਜ ਤੇ ਧਰਮ ਨਿਰਪੱਖ ਸਿਖਿਆ ਦੇ ਸਰਵ ਪ੍ਰਵਾਨਿਤ ਸੰਕਲਪ ਅਨੁਸਾਰ ਧਾਰਮਿਕ ਪੂਜਾ ਪਾਠ ਤੇ ਵਿਸ਼ਵਾਸ਼ ਨਿਰੋਲ ਨਿਜੀ ਇੱਛਾ ਤੇ ਨਿੱਜੀ ਜੀਵਨ ਤਕ ਹੀ ਰਹਿਣੇ ਚਾਹੀਦੇ ਹਨ। ਰਾਜ ਸਿੱਖਿਆ ਤੇ ਜਨਤਕ ਜੀਵਨ ਅੰਦਰ ਇਸ ਦਾ ਕੋਈ ਦਖ਼ਲ ਨਹੀਂ ਚਾਹੀਦਾ।
    
ਪਰ ਜਦ ਅਸੀਂ ਮੌਜੂਦਾ ਹਕੂਮਤੀ ਪਾਰਟੀ ਬੀਜੇਪੀ ਤੇ ਉਸਦੀ ਸਿਧਾਂਤਕ ਰਹਿਬਰ ਸੰਸਥਾ ਆਰ.ਐੱਸ.ਐੱਸ. ਦੇ ਸਿੱਖਿਆ ਦੇ ਇਸ ‘ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ’ ਦੀ ਨੀਤੀ ਅਧੀਨ ਪਾਠਕ੍ਰਮਾਂ ’ਚ ਧਾਰਮਿਕ ਸਿੱਖਿਆ ਸ਼ਾਮਲ ਕਰਨ ਦੀ ਆਪਣੇ ਸਮੇਂ ਦੇ ਵਿਦਵਾਨ ਕਵੀ ਰਾਬਿੰਦਰ ਨਾਥ ਟੈਗੋਰ (ਜੋ ਖੁਦ ਵੀ ਧਾਰਮਿਕ ਆਸਥਾ ਰੱਖਦਾ ਸੀ) ਦੇ ‘ਧਰਮ ਤੇ ਆਧੁਨਿਕ ਸਿੱਖਿਆ’ ਸਬੰਧੀ ਕਹੇ ਗਏ ਸ਼ਬਦਾਂ ਦੀ ਕਸਵੱਟੀ ਤੇ ਵੀ ਰੱਖਕੇ ਦੇਖਦੇ ਹਾਂ ਤਾਂ ਇਸ ਨੀਤੀ ਦੇ ਪਰਖਚੈ ਉਡਦੇ ਨਜ਼ਰ ਆਉਂਦੇ ਹਨ। ਟੈਗੋਰ ਵੱਲੋਂ ਆਪਣੇ ਇੱਕ ਲੇਖ ਅੰਦਰ ਕਹੇ ਗਏ ਹੇਠ ਲਿਖੇ ਸ਼ਬਦਾਂ ਦੀ ਮੌਜੂਦਾ ਪ੍ਰਸੰਗ ਤੇ ਸਥਿਤੀ ਅੰਦਰ ਵੀ ਬੇਹੱਦ ਪ੍ਰਸੰਗਿਕਤਾ ਤੇ ਸਾਰਥਿਕਤਾ ਬਣਦੀ ਹੈ। ਟੈਗੋਰ ਨੇ ਕਿਹਾ ਸੀ, ‘‘...ਬਦਲੀਆਂ ਹੋਈਆਂ ਸਥਿਤੀਆਂ ਅੰਦਰ ਹੁਣ ਧਾਰਮਿਕ ਸੱਤਾਧਾਰੀਆਂ ਵੱਲੋਂ ਖਿੱਚੀਆਂ ਗਈਆਂ ਲਕੀਰਾਂ ਤੇ ਹੱਦ ਬੰਦੀਆਂ ਅੰਦਰ ਬੰਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਤਿਹਾਸ ਦਰਸਾਉਂਦਾ ਹੈ ਕਿ ਜਿੱਥੇ ਕਿਸੇ ਸਮੇਂ ਇਨ੍ਹਾਂ ਧਾਰਮਿਕ ਪੁਜਾਰੀਆਂ ਨੇ ਸਿੱਖਿਆ ਦੇ ਅਮਲ ਨੂੰ ਉਗਾਸਾ ਦਿੱਤਾ ਸੀ ਉੱਥੇ ਬਾਅਦ ’ਚ ਜਾ ਕੇ ਉਹੋ ਹੀ ਸਿੱਖਿਆ ਦੇ ਰਾਹ ’ਚ ਮੁੱਖ ਰੋੜਾ ਬਣ ਗਏ... ਜਿਉਂ-ਜਿਉਂ ਗਿਆਨ ਦਾ ਪਸਾਰਾ ਹੁੰਦਾ ਜਾਂਦਾ ਹੈ ਤਿਉਂ-ਤਿਉਂ ਉਹ ਪ੍ਰੰਪਰਾਗਤ ਧਾਰਮਿਕ ਗ੍ਰੰਥਾਂ ਰਾਹੀ ਮਿੱਥੀਆਂ ਹੱਦਬੰਦੀਆਂ ਨੂੰ ਉਲੰਘਦਾ ਜਾਂਦਾ ਹੈ। ਜਦ ਇਹ ਨਾ ਸਿਰਫ਼ ਇਤਿਹਾਸ ਤੇ ਬ੍ਰਹਿਮੰਡ ਸਬੰਧੀ ਹੀ ਪ੍ਰੰਪਰਾਗਤ ਧਾਰਮਿਕ ਵਿਸ਼ਵਾਸ ਤੇ ਧਾਵਾ ਬੋਲਦਾ ਹੈ, ਸਗੋਂ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੰਦਾ ਹੈ ਜਿੱਥੇ ਸਦਾਚਾਰ ਦੇ ਨਵੇਰੇ ਅਰਥ ਪੁਰਾਤਨ ਸੰਸਾਰ ਅੰਦਰਲੇ ਕਥਨਾਂ/ਉਪਦੇਸ਼ਾਂ ਨਾਲ ਵੀ ਟਕਰਾਉ, ’ਚ ਆ ਖੜ੍ਹਦੇ ਹਨ। ਅਜਿਹੀ ਸਥਿਤੀ ’ਚ ਧਾਰਮਿਕ ਸਿੱਖਿਆ ਨੂੰ ਗਲਤ ਮੰਨਣਾ ਹੀ ਪੈਣਾ ਹੈ ਜਾਂ ਫਿਰ ਨਵਾਂ ਗਿਆਨ ਬਗਾਵਤ ਕਰਕੇ ਸਫ਼ਲ ਹੋ ਜਾਂਦਾ ਹੈ। (ਜਿਸ ਤਰ੍ਹਾਂ ਤਾਰਾ ਵਿਗਿਆਨੀ ਗੈਲੀਲੀਓ ਨੂੰ ਉਸ ਦੇ ਇਸ ਕਥਨ ਬਦਲੇ ਕਿ ‘ਧਰਤੀ ਸੂਰਜ ਦੁਆਲੇ ਘੁੰਮਦੀ ਹੈ’ ਸਜਾ ਦੇਣ ਵਾਲੀ ਚਰਚ ਨੂੰ 300 ਸਾਲ ਬਾਅਦ ਜਾ ਕੇ ਉਸ ਨੂੰ ਖੁੱਲ੍ਹੇ ਤੌਰ ਤੇ ਸਵੀਕਾਰ ਕਰਨਾ ਪਿਆ-ਲੇਖਕ) ਦੋਹਾਂ ਦਾ ਸੁਮੇਲ ਨਹੀਂ ਹੋ ਸਕਦਾ .... ਪਰੰਤੂ ਸਮੱਸਿਆ ਇਹ ਹੈ ਕਿ ਜੇ ਧਰਮ ਇੱਕ ਦਫ਼ਾ ਇਹ ਸਵੀਕਾਰ ਕਰ ਲੈਂਦਾ ਹੈ ਕਿ ਜੋ ਕੁਝ ਉਸ ਨੇ ਪ੍ਰਚਾਰਿਆ/ਸਿਖਾਇਆ ਹੈ ਉਸ ਦੇ ਕੁਝ ਪਹਿਲੂ ਸੰਪੂਰਨ ਨਹੀਂ ਸਨ ਜਾਂ ਗਲਤ ਸਨ ਤਾਂ ਉਸ ਦੀ (ਧਰਮ ਦੀ) ਸਤਾ ਡੋਲਦੀ ਹੈ ਕਿਉਂਕਿ ਧਰਮ ਦਾ ਦਾਅਵਾ ਹੈ ਕਿ ਜੋ ਕੁਝ ਵੀ ਉਸ ਵੱਲੋਂ ਪ੍ਰਚਾਰਿਆ ਗਿਆ ਹੈ, ਉਹ ਇਲਾਹੀ ਗਿਆਨ ਹੈ ਅਤੇ ਸਾਰੇ ਧਾਰਮਿਕ ਗ੍ਰੰਥਾਂ ਉਪਰ ਖੁਦ ਉਸ ਜਾਣੀ-ਜਾਣ ‘ਰੱਬ’ ਦੀ ਮੋਹਰ ਲੱਗੀ ਹੋਈ ਹੈ। ਇਸੇ ਉਪਰ ਹੀ ਉਸ ਦੀ ਸਤਾ ਟਿਕੀ ਹੋਈ ਹੈ। ਆਧੁਨਿਕ ਗਿਆਨ ਇਸ ਸੰਸਾਰ ਦੀ ਹਕੀਕਤ ਉਪਰ ਟਿਕਿਆ ਹੋਇਆ ਹੈ ਜਦ ਕਿ ਧਰਮ ਆਪਣੇ ਪੁਰਾਤਨ ਗ੍ਰੰਥਾਂ ਦੇ ਸਹਾਰੇ ਖੜ੍ਹਾ ਹੈ- ਇਸ ਹਾਲਤ ’ਚ ਧਰਮ ਤੇ ਆਧੁਨਿਕ ਸਿੱਖਿਆ ਦਾ ਸੁਮੇਲ ਕਰਨਾ ਦੰਭ ਤੇ ਮੂਰਖਤਾ ਤੋਂ ਸਿਵਾਏ ਹੋਰ ਕੁਝ ਨਹੀਂ ਹੋਵੇਗਾ।’’ (ਧਾਰਮਿਕ ਸਿੱਖਿਆ-ਸੰਕਲਿਤ ਰਚਨਾ ਗ੍ਰੰਥ 4 ਪੰਨਾ 608-09 -ਬੰਗਾਲੀ)
    
ਅਗਲੀਆਂ-ਪਿਛਲੀਆਂ ਸਭ ਹਾਕਮ ਪਾਰਟੀਆਂ ਤੇ ਨੀਤੀ ਘਾੜਿਆ ਵੱਲੋਂ ਧਰਮ ਨਿਰਪੱਖਤਾ ਦੇ ਇਸ ਵਿਗਾੜੇ ਗਏ ਸੰਕਲਪ ਨੂੰ ਲਾਗੂ ਕਰਨ ਕਾਰਨ ਹੀ ਵਿਦਿਆਰਥੀਆਂ-ਨੌਜੁਆਨਾਂ ਤੇ ਸਮਾਜ ਦੇ ਹੋਰਨਾਂ ਹਿੱਸਿਆਂ ਅੰਦਰ ਨਾ ਸਿਰਫ਼ ਅੰਧਵਿਸ਼ਵਾਸ, ਧਾਰਮਿਕ ਜਨੂੰਨ ਤੇ ਅਤਰਕਸ਼ੀਲ ਤੇ ਗੈਰਵਿਗਿਆਨਕ ਸੋਚ ਦਾ ਪਸਾਰਾ ਹੋਇਆ ਹੈ, ਸਗੋਂ ਉਨ੍ਹਾਂ ਅੰਦਰ ਫਿਰਕੂ ਤੇ ਜਾਤੀਵਾਦੀ ਨਜ਼ਰੀਏ ਨੇ ਵੀ ਜੜ ਫੜੀ ਹੈ ਜਿਹੜਾ ਅਕਸਰ ਹੀ ਫਿਰਕੂ ਜਾਂ ਜਾਤੀਵਾਦੀ ਦੰਗਿਆਂ ਦੀ ਮੁਲਕ ਅੰਦਰ ਹੋ ਰਹੀ ਭਰਮਾਰ ’ਚ ਝਲਕ ਰਿਹਾ ਹੈ ਪਰ ਹਾਕਮ ਪਾਰਟੀਆਂ ਨੂੰ ਇਹ ਖੂਬ ਰਾਸ ਬੈਠਦਾ ਹੈ। ਉਹ ਇਸ ਨੂੰ ਆਪਣੀ ਰਾਜ ਗੱਦੀ ਹਥਿਆਉਣ ਜਾਂ ਬਚਾਉਣ ਖਾਤਰ ਚੋਣਾਂ ਦੌਰਾਨ ਖੂਬ ਵਰਤਦੇ ਹਨ। ਅੱਗੋਂ ਪਿੱਛੋਂ ਵੀ ਆਪਣੀਆਂ ਲੁਟੇਰੀਆਂ ਲੋਕ ਵਿਰੋਧੀ ਨੀਤੀਆਂ ਤੇ ਪਰਦਾ ਪਾਉਣ ਤੇ ਉਨ੍ਹਾਂ ਵਲੋਂ ਲੋਕਾਂ ਦਾ ਧਿਆਨ ਪਰ੍ਹੇ ਤਿਲਕਾਉਣ ਖਾਤਰ ਵੀ ਵਰਤਦੀਆਂ ਹਨ ਤੇ ਇਸੇ ਨੂੰ ਹੀ ਮੌਜੂਦਾ ਹਾਕਮ ਪਾਰਟੀ ਹੁਣ ਸਿੱਖਿਆ ਦੇ ‘ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ’ ਦੇ ਨਾਂ ਹੇਠ ਹੋਰ ਉਗਾਸਾ ਦੇਣਾ ਚਾਹੁੰਦੀਆਂ ਹਨ। ਖੁਦ ਵੀ ਸਾਡੇ ਇਹ ਹਾਕਮ (ਵਿਧਾਇਕਾਂ ਤੋਂ ਲੈ ਕੇ ਰਾਸ਼ਟਰਪਤੀ ਤੱਕ) ਧਾਰਮਿਕ ਰਸਮਾਂ-ਰਿਵਾਜ਼ਾਂ, ਯੱਗਾਂ-ਹਵਨਾਂ-ਮਹੂਰਤਾਂ ਤੇ ਮੇਲਿਆਂ-ਸਮਾਗਮਾਂ ਦੇ ਉਦਘਾਟਨ ਕਰਨ ਜਾਂਦੇ ਹਨ। ਜੋਤਸ਼ੀਆਂ ਤੋਂ ਆਪਣੀਆਂ ਜਨਮ ਪੱਤਰੀਆਂ ਬਣਵਾਉਂਦੇ ਹਨ ਤੇ ਹੱਥ ਦੀਆਂ ਰੇਖਾਵਾਂ ਪੜ੍ਹਾਉਂਦੇ ਹਨ (ਸਿੱਖਿਆ ਮੰਤਰੀ ਸ਼੍ਰੀਮਤੀ ਈਰਾਨੀ ਦੀ ਤਾਜਾ ਘਟਨਾ ਮੀਡੀਏ ਦੀ ਚਰਚਾ ਦਾ ਵਿਸ਼ਾ ਬਣੀ ਹੀ ਹੋਈ ਹੈ।) ਉਥੇ ਰੱਖੇ ਗਏ ਗੈਬੀ ਦੇਵੀ-ਦੇਵਤਿਆਂ ਨੂੰ ਪੂਜਦੇ ਹਨ, ਤਰ੍ਹਾਂ ਤਰ੍ਹਾਂ ਦੇ ਬਾਬਿਆਂ, ਸੰਤਾਂ -ਸਾਧਾਂ ਤਾਂਤਰਿਕਾਂ, ਸਵਾਮੀਆਂ ਦਾ ਆਸ਼ੀਰਵਾਦ ਲੈਂਦੇ ਹਨ ਤੇ ਉਨ੍ਹਾਂ ਨੂੰ ਆਪਣਾ ਧੰਦਾ ਚਲਾਉਣ ਲਈ ਥਾਪੜਾ ਵੀ ਦਿੰਦੇ ਹਨ (ਜਿਨ੍ਹਾਂ ਵਿੱਚੋਂ ਕਿੰਨੇ ਹੀ ਆਪਣੇ ਕੁਕਰਮਾਂ ਕਾਰਨ ਅੱਜ ਕਲ੍ਹ ਜੇਲ੍ਹ ਦੀ ਹਵਾ ਵੀ ਖਾ ਰਹੇ ਹਨ)। ਇੱਥੋਂ ਤੱਕ ਕਿ ਸਾਡੇ ਪੁਲਾੜ ਵਿਗਿਆਨੀ ਵੀ ਲੰਬੀਆਂ ਵਿਗਿਆਨਕ ਖੋਜਾਂ ਤੋਂ ਬਾਅਦ ਤਿਆਰ ਕੀਤੇ ਗਏ ਰਾਕਟਾਂ ਨੂੰ ਪੁਲਾੜ ’ਚ ਦਾਗਣ ਤੋਂ ਪਹਿਲਾਂ ਉਨ੍ਹਾਂ ਦੇ ਸਫ਼ਲ ਪੁਲਾੜੀ-ਮਿਸ਼ਨ ਲਈ ਧਾਰਮਿਕ ਸਥਾਨਾਂ (ਵਿਸ਼ੇਸ਼ ਕਰਕੇ ਮੰਦਿਰਾਂ) ’ਚ ਜਾ ਕੇ ਨਾਰੀਅਲ ਤੋੜਨ ਦੀ ਧਾਰਮਿਕ ਰਸਮ ਅਦਾ ਕਰਦੇ ਹਨ ਅਤੇ ਇਉਂ ਕਰਕੇ ਸਾਡੇ ਇਹ ਹਾਕਮ ਤੇ ਨੀਤੀ ਘਾੜੇ ਰਾਜਭਾਗ ਚਲਾਉਣ ਲਈ ਧਰਮ ਦੀ ਖੁਲ੍ਹੀ ਦਖ਼ਲ ਅੰਦਾਜ਼ੀ ਕਰਦੇ ਹਨ ਤੇ ਖੁੱਲ੍ਹੀ ਵਰਤੋਂ ਵੀ ਕਰਦੇ ਹਨ।

ਨੈਤਿਕਤਾ ਨੂੰ ਧਰਮ ਨਾਲ ਜੋੜਨਾ-ਹਾਕਮਾਂ ਦੀ ਮਜ਼ਬੂਰੀ ਤੇ ਡੂੰਘੀ ਸਾਜ਼ਿਸ਼-
    ਇਹ ਸੁਆਲ ਵੀ ਡੂੰਘੀ ਸੋਚ-ਵਿਚਾਰ ਦੀ ਮੰਗ ਕਰਦਾ ਹੈ ਕਿ ਮੌਜੂਦਾ ਦੌਰ ਅੰਦਰ ਨੈਤਿਕਤਾ ਨੂੰ ਧਰਮ ਨਾਲ ਜੋੜਨ ਤੇ ‘ਨੈਤਿਕ ਕਦਰਾਂ ਕੀਮਤਾਂ ਦੇ ਸੰਕਟ ਨੂੰ ਹੱਲ ਕਰਨ ਲਈ ਪਾਠਕ੍ਰਮਾਂ ਅੰਦਰ ਧਾਰਮਿਕ ਸਿੱਖਿਆ ਸ਼ਾਮਲ ਕਰਨ ਦੀ ਸੁਰ ਕਿਉਂ ਉੱਚੀ ਹੋ ਰਹੀ ਹੈ ਸਾਡੇ ਹਾਕਮਾਂ ਦੀ। ਪਰ ਇਸ ਨੂੰ ਸਮਝਣ ਲਈ ਜ਼ਰੂਰੀ ਹੈ ਇਹ ਜਾਨਣਾ ਕਿ ਨੈਤਿਕ ਕਦਰਾਂ-ਕੀਮਤਾਂ ਦਾ ਇਹ ਸੰਕਟ ਕੀ ਹੈ? ਇਸ ਦਾ ਜਿੰਮੇਵਾਰ ਕੌਣ ਹੈ? ਜਦ ਅਸੀਂ ਅਜੋਕੇ ਸਮਾਜਿਕ-ਆਰਥਿਕ ਤੇ ਸਿਆਸੀ ਭੂ ਦਿ੍ਰਸ਼ ਉਪਰ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਘੋਰ ਗਰੀਬੀ, ਬੇਰੁਜ਼ਗਾਰੀ ਰਿਸ਼ਵਤਖੋਰੀ, ਭਿ੍ਰਸ਼ਟਾਚਾਰ, ਕੁਨਬਾਪ੍ਰਵਰੀ, ਭਾਈਭਤੀਜਾਵਾਦ, ਜ਼ੋਰਾ-ਜ਼ਬਰੀ ਤੇ ਲੁੱਟਮਾਰ ਹੱਦਾਂ ਬੰਨ੍ਹੇ ਟੱਪ ਚੁੱਕੇ ਦਿਸਦੇ ਹਨ। ਅਸੀਂ ਦੇਖਦੇ ਹਾਂ ਰਾਜਗੱਦੀ ਦੀ ਹਵਸ ਖ਼ਾਤਰ ਸਾਡੀਆਂ ਹਕੂਮਤੀ ਪਾਰਟੀਆਂ ਦੇ ਵਿਧਾਇਕ ਤੇ ਵਜ਼ੀਰ ਵੀ ਵਿਕਾਊ ਬਣ ਚੁੱਕੇ ਹਨ, ਪਾਰਟੀਆਂ ਆਪਣਾ ਦੀਨ-ਈਮਾਨ, ਸਿਧਾਂਤ, ਅਸੂਲ ਸਭ ਕੁਝ ਤਿਆਗ ਚੁੱਕੀਆਂ ਹਨ ਤੇ ਮੌਕਾਪ੍ਰਸਤੀ ਦੀ ਡੂੰਘੀ ਖੱਡ ’ਚ ਡਿੱਗ ਚੁਕੀਆਂ ਹਨ ਤੇ ਇਸ ਆਰਥਿਕ ਸਮਾਜਿਕ ਤੇ ਸਿਆਸੀ ਸੰਕਟ ਲਈ (ਜਿਹੜਾ ਉਨ੍ਹਾਂ ਲਈ ਕਿਸੇ ਨੈਤਿਕਤਾ ਦੇ ਜਾਂ ਨੈਤਿਕ ਕਦਰਾਂ ਕੀਮਤਾਂ ਦੇ ਘੇਰੇ ’ਚ ਨਹੀਂ ਆਉਂਦਾ) ਆਮ ਸਾਧਾਰਨ ਲੋਕ ਜ਼ਿੰਮੇਵਾਰ ਨਹੀਂ ਹਨ ਸਗੋਂ ਇਨ੍ਹਾਂ ਹਾਕਮ ਪਾਰਟੀਆਂ ਦੀਆਂ ਕਾਰਪੋਰੇਟ ਘਰਾਣਿਆਂ ਤੇ ਜਗੀਰੂ ਧਨਾਢਾਂ ਪੱਖੀ ਨੀਤੀਆਂ ਹੀ ਜਿੰਮੇਵਾਰ ਹਨ ਤੇ ਇਨ੍ਹਾਂ ਵਲੋਂ ਪੈਦਾ ਕੀਤਾ ਗਿਆ ਇਹੋ ਆਰਥਿਕ-ਸਮਾਜਿਕ ਤੇ ਸਿਆਸੀ ਸੰਕਟ ਹੀ ਨੈਤਿਕ ਕਦਰਾਂ ਕੀਮਤਾਂ ਦੇ ਨਿਘਾਰ ਦੇ ਸੰਕਟ ਦਾ ਜਨਮ ਦਾਤਾ ਹੈ ਤੇ ਇਸ ਸੰਕਟ ਲਈ ਇਹੋ ਪਾਰਟੀਆਂ ਹੀ ਜਿੰਮੇਵਾਰ ਹਨ। ਅਜੋਕੇ ਸਾਮਰਾਜੀ ਵਿਸ਼ਵੀਕਰਨ ਦੇ ਮੌਜੂਦਾ ਦੌਰ ਅੰਦਰ ਇਨ੍ਹਾਂ ਹਾਕਮ ਪਾਰਟੀਆਂ ਵੱਲੋਂ ਲਾਗੂ ਕੀਤੇ ਜਾ ਰਹੇ ‘ਖੁੱਲ੍ਹੀ ਮੰਡੀ-ਖੁੱਲ੍ਹਾ ਵਪਾਰ’ ਦੇ ਸੰਸਾਰ ਬੈਂਕ-ਮੁਦਰਾ ਕੋਸ਼ ਦੇ ਨਵਉਦਾਰਵਾਦੀ ਏਜੰਡੇ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਇਸ ਏਜੰਡੇ ਤਹਿਤ ਹੋਰਨਾਂ ਜਨਤਕ ਖੇਤਰਾਂ ਨੂੰ ਨਿੱਜੀਕਰਨ ਦੇ ਘੇਰੇ ’ਚ ਲਿਆ ਕੇ ਮੰਡੀ ਨਾਲ ਜੋੜਨ ਵਾਂਗ ਸਿੱਖਿਆ ਨੂੰ ਵੀ ਇਸਦੇ ਮਨੁੱਖੀ ਨਿਰਮਾਣ, ਸਮਾਜਿਕ ਭਲਾਈ ਤੇ ਪਰਉਪਕਾਰ ਦੇ ਮੂਲ ਉਦੇਸ਼ਾਂ ਨਾਲੋਂ ਤੋੜ ਕੇ ਇੱਕ ਖਰੀਦੀ-ਵੇਚੀ ਜਾਣ ਵਾਲੀ ਜਿਨਸ ਬਣਾ ਕੇ ਕਾਰਪੋਰੇਟ ਘਰਾਣਿਆਂ ਲਈ ਮੁਨਾਫ਼ੇ ਤੇ ਲੁੱਟ ਦਾ ਇੱਕ ਧੰਦਾ ਬਣਾ ਦਿੱਤਾ ਹੈ।
    
ਤੇ ਜਿੱਥੇ ਇਸ ਹਕੀਕਤ ਤੋਂ ਅਣਜਾਣ ਕਿ ਨੈਤਿਕ ਕਦਰਾਂ ਕੀਮਤਾਂ ਦੇ ਸੰਕਟ ਲਈ ਜਿੰਮੇਵਾਰ ਸਾਡੀ ਸਿੱਖਿਆ ਪ੍ਰਣਾਲੀ ਨਹੀਂ ਸਗੋਂ ਸਾਡੀ ਹਾਕਮ ਪਾਰਟੀਆਂ ਦੀਆਂ ਉਕਤ ਨੀਤੀਆਂ ਜਿੰਮੇਵਾਰ ਹਨ, ਸਾਡੇ ਵਿਦਿਅਕ ਮਾਹਰ ਤੇ ਬੁੱਧੀਜੀਵੀ ਸਾਡੀਆਂ ਸਿੱਖਿਆ ਪ੍ਰਣਾਲੀ/ਪਾਠਕ੍ਰਮਾਂ ਅੰਦਰ ਧਾਰਮਿਕ ਸਿੱਖਿਆ ਸ਼ਾਮਲ ਕਰਕੇ ਇਸ ਸੰਕਟ ਨੂੰ ਟਾਲਣ ਦਾ ਇੱਕ ਭਰਮ ਪਾਲ ਰਹੇ ਹਨ। ਉੱਥੇ ਕਾਰਪੋਰੇਟ ਘਰਾਣਿਆਂ ਤੇ ਜਗੀਰੂ ਧਨਾਢਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਮੌਜੂਦਾ ਹਾਕਮ ਪਾਰਟੀਆਂ ਨੈਤਿਕਤਾ ਤੇ ਨੈਤਿਕ ਕਦਰਾਂ ਕੀਮਤਾਂ ਦੇ ਇਸ ਸੰਕਟ ਨੂੰ ਧਰਮ ਨਾਲ ਜੋੜ ਕੇ ਸੋਚੀ ਸਮਝੀ ਸਾਜਿਸ਼ ਤਹਿਤ ਇਸੇ ਹਕੀਕਤ ਤੋਂ ਆਮ ਲੁਟੇ ਜਾ ਰਹੇ ਲੋਕਾਂ ਦਾ ਧਿਆਨ ਪਰ੍ਹੇ ਹਟਾ ਕੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਦੂਜੇ ਪਾਸੇ ਸਿੱਖਿਆ ਪ੍ਰਣਾਲੀ ਅੰਦਰ ਧਾਰਮਿਕ ਸਿੱਖਿਆ ਸ਼ਾਮਲ ਕਰਨ ਦੇ ਨਾਂ ਤੇ ਪੁਰਾਤਨ ਮੱਧਯੁਗੀ ਜਾਗੀਰੂ-ਰੂੜੀਵਾਦੀ ਸੰਸਕਾਰ-ਰਵਾਇਤਾਂ ਤੇ ਅੰਧਵਿਸ਼ਵਾਸ ਨੂੰ ਮੁੜ ਸੁਰਜੀਤ ਕਰਕੇ ਵਿਦਿਆਰਥੀਆਂ-ਨੌਜੁਆਨਾਂ ਨੂੰ ਵਿਗਿਆਨਕ, ਤਰਕਸ਼ੀਲ ਤੇ ਆਲੋਚਨਾਤਮਿਕ ਦਿ੍ਰਸ਼ਟੀਕੋਣ ਵਿਕਸਤ ਕਰਨ ਤੋਂ ਵਿਰਵੇ ਕਰਨ ਇੱਕ ਹੋਰ ਡੂੰਘੀ ਸਾਜਿਸ ਰਚ ਰਹੀਆਂ ਹਨ ਤਾਂ ਜੋ ਉਹ ਇਨ੍ਹਾਂ ਦੀ ਲੁੱਟ ਪਿੱਛੇ ਕੰਮ ਕਰਦੀ ਇਸ ਹਕੀਕਤ ਨੂੰ ਸਮਝਣ ਤੇ ਇਸ ਨੂੰ ਬਦਲਣ ਦੀ ਸਮਰਥਾ ਗੁਆ ਬੈਠਣ ਤੇ ਇਸ ਕਾਰਜ ਲਈ ਸਿੱਖਿਆ ਦੇ ਹਥਿਆਰ ਤੋਂ ਵਧੇਰੇ ਕਾਰਗਰ ਹਥਿਆਰ ਹੋਰ ਕਈ ਨਹੀਂ ਹੋ ਸਕਦਾ ਜਿਸਨੂੰ ਹਰ ਦੌਰ ਅੰਦਰ ਹਾਕਮ ਪਾਰਟੀਆਂ ਆਪਣੇ ਉਦੇਸ਼ਾਂ ਤੇ ਹਿੱਤਾਂ ਦੀ ਪੂਰਤੀ ਲਈ ਵਰਤਦੀਆਂ ਆਈਆਂ ਹਨ। ਇਸ ਤੋਂ ਬਿਨ੍ਹਾਂ ਇਨ੍ਹਾਂ ਹਾਕਮ ਜਮਾਤਾਂ ਦੀ ਹੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਟੈਲੀਵਿਜ਼ਨ, ਸਿਨੇਮਾ ਤੇ ਇਲੈਕਟ੍ਰਾਨਿਕ ਮੀਡੀਏ ਰਾਹੀ ਪਰੋਸਿਆ ਜਾ ਰਿਹਾ ‘ਪੁਰਾਤਨ ਜਾਗੀਰੂ ਸੱਭਿਆਚਾਰ’ ਅਤੇ ਨੰਗੇਜ ਭਰਪੂਰ ‘ਖਾਓ-ਪੀਓ, ਹੰਢਾਓ’ ਦੇ ਖਪਤਕਾਰੀ ਸੱਭਿਆਚਾਰ ਦਾ ਸੁਮੇਲ ਵੀ ਇਸੇ ਡੂੰਘੀ ਸਾਜ਼ਿਸ਼ ਦਾ ਹੀ ਹਿੱਸਾ ਹੈ।
    
ਭਾਜਪਾ ਦੀ ਅਗਵਾਈ ਹੇਠਲੀ ਵਾਜਪਾਈ ਸਰਕਾਰ ਸਮੇਂ ਬਾਦਲ ਸਰਕਾਰ ਦੇ ਪੰਜਾਬ ਦੇ ਉਚੇਰੀ ਸਿੱਖਿਆ ਦੇ ਮੰਤਰੀ ਸ਼੍ਰੀ ਮਨਜੀਤ ਸਿੰਘ ਕਲਕੱਤਾ ਜਦ ‘‘ਕੌਮੀ ਤੇ ਨੈਤਿਕ ਕਦਰਾਂ-ਕੀਮਤਾਂ ਦੇ ਨਿਘਾਰ ਦਾ ਮੁੱਖ ਕਾਰਨ ਸਿੱਖਿਆ ਦੇ ਧਰਮ ਨਾਲੋਂ ਟੁਟਣ’’ ’ਚ ਦੇਖਦੇ ਹਨ, ਸਕੂਲੀ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਇਸ ਗਿਰਾਵਟ ਨੂੰ ਮੁੰਡੇ-ਕੁੜੀਆਂ ਦੀ 8ਵੀਂ ਸ਼੍ਰੇਣੀ ਤੋਂ ਬਾਅਦ ਸਹਿ ਸਿੱਖਿਆ ਵਾਲੇ ਸਾਂਝੇ ਸਕੂਲ ਬੰਦ ਕਰਕੇ ਦੂਰ ਕਰਨ ਦਾ ਸੁਝਾਅ ਦਿੰਦੇ ਹਨ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਹਾਕਮਾਂ ਦੇ ਉਕਤ ਦੰਭ ਤੇ ਹਕੀਕਤ ਨੂੰ ਨੰਗਾ ਕਰਨ ਵਾਲੇ ਉੱਘੇ ਮਰਹੂਮ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਉਪਰ ਸਿੱਖਿਆ ਸੰਸਥਾਵਾਂ ਅੰਦਰ ਪਾਬੰਦੀ ਲਾਉਣ ਦੀ ਧਮਕੀ ਦਿੰਦੇ ਹਨ ਤਾਂ ਉਹ ਵੀ ਉਸ ਸਮੇਂ ਇਸੇ ਕੁਟਲ ਨੀਤੀ ਦੀ ਪੈਰਵੀ ਕਰ ਰਹੇ ਸਨ। ਮੌਜੂਦਾ ਮੋਦੀ ਸਰਕਾਰ ਦੇ ਗ੍ਰਹਿ ਮੰਤਰੀ ਸ਼੍ਰੀ ਰਾਜ ਨਾਥ ਦੀ ਜਦ ਪਿਛਲੇ ਦਿਨੀਂ ਸੋਨੀਪਤ ਵਿਖੇ ‘ਹਿੰਦੂ ਸਿੱਖਿਆ, ਧਰਮਾਰਥ ਸੰਸਥਾ’ ਦੇ ਇੱਕ ਪ੍ਰੋਰਗਾਮ ’ਚ ਇਹ ਤਕਰੀਰ ਕਰਦੇ ਹਨ ਕਿ ‘‘ਹਿੰਦੂ ਮਹਿਜ਼ ਇੱਕ ਧਰਮ ਨਹੀਂ ਹੈ- ਇਹ ਤਾਂ ਇੱਕ ਜੀਵਨ ਸ਼ੈਲੀ ਹੈ-ਨਕਸਲਾਈਟ ਪੜ੍ਹੇ ਲਿਖੇ ਹਨ ਪਰ ਉਨ੍ਹਾਂ ਨੇ ਕਦਰਾਂ ਕੀਮਤਾਂ ਦੀ ਘਾਟ ਕਾਰਨ ਹੀ ਹਥਿਆਰ ਚੁੱਕੇ ਹੋਏ ਹਨ-ਨੌਜੁਆਨਾਂ ਨੂੰ ਕਦਰਾਂ-ਕੀਮਤਾਂ ਦੀ ਸਿੱਖਿਆ ਦੇਣ ਦੀ ਲੋੜ ਹੈ...।’ ਤਾਂ ਉਹ ਵੀ ਇਸੇ ਧਾਰਨਾ ਤੇ ਸੱਚ ਦੀ ਤਰਜਮਾਨੀ ਕਰ ਰਹੇ ਹਨ।

ਸਦੀਵੀ ਤੇ ਅਮੂਰਤ ਸਦਾਚਾਰ-ਨੈਤਿਕਤਾ ਦਾ ਕੋਈ ਸਰੂਪ ਨਹੀਂ ਹੈ-
    ਮਨੁੱਖੀ ਸਭਿਅਤਾ ਤੇ ਸੱਭਿਆਚਾਰ ਦਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਸਦਾਚਾਰ-ਨੈਤਿਕਤਾ ਅਤੇ ਹੱਕਾਂ-ਫਰਜ਼ਾਂ ਦੇ ਸੰਕਲਪ ਵੱਖੋ ਵੱਖਰੇ ਸਮਿਆਂ ਦੀਆਂ ਵੱਖੋਂ ਵੱਖਰੀਆਂ ਆਰਥਿਕ ਸਮਾਜਿਕ ਤੇ ਰਾਜਸੀ ਹਾਲਤਾਂ ਦੀ ਤਰਜ਼ਮਾਨੀ ਹੀ ਕਰਦੇ ਹਨ। ਇਨ੍ਹਾਂ ਹਾਲਤਾਂ ਦੇ ਬਦਲਣ ਨਾਲ ਇਹ ਵੀ ਬਦਲਦੇ ਰਹੇ ਹਨ। ਸਦੀਵੀਂ ਤੇ ਅਮੂਰਤ ਸਦਾਚਾਰ ਨੈਤਿਕਤਾ ਦਾ ਕੋਈ ਸਰੂਪ ਨਹੀਂ ਹੈ। ਪੁਰਾਤਨ ਕਬੀਲਾ ਤੇ ਸਮਾਜਿਕ ਸੱਭਿਆਚਾਰ ਦੀ ਆਪਣੀ ਨੈਤਿਕਤਾ ਤੇ ਸਦਾਚਾਰ ਜਾਗੀਰੂ ਸਮਾਜਿਕ-ਸੱਭਿਆਚਾਰ ਦੀ ਆਪਣੀ ਸੀ ਪਰੰਤੂ ਜੋ ਸਦਾਚਾਰ ਅਤੇ ਨੈਤਿਕਤਾ ਕਿਸੇ ਸਮੇਂ ਸਮਾਜ ਤੇ ਸੱਭਿਅਤਾ ਦੇ ਵਿਕਾਸ ’ਚ ਸਹਾਈ ਹੋਇਆ ਸੀ ਉਹੋ ਹੀ ਬਦਲੀਆ ਹੋਈਆਂ ਆਰਥਿਕ-ਸਮਾਜਿਕ ਤੇ ਰਾਜਸੀ ਹਾਲਤਾਂ ਅੰਦਰ ਸਮਾਜ ਤੇ ਸੱਭਿਅਤਾ ਦੇ ਵਿਕਾਸ ’ਚ ਰੋੜਾ ਬਣਦਾ ਰਿਹਾ ਹੈ। ਉਸਨੂੰ ਬਦਲਣ ਦੀ ਅਤੇ ਨਵਾਂ ਸਦਾਚਾਰ-ਨੈਤਿਕਤਾ ਪੈਦਾ ਕਰਨ ਦੀ ਲੋੜ ਸਦਾ ਹੀ ਬਣਦੀ ਰਹੀ ਹੈ ।
    
ਜਿਸ ਤਰ੍ਹਾਂ ਯੂਰਪ ਅੰਦਰ ਸਰਮਾਏਦਾਰੀ ਦੇ ਆਗਮਨ ਸਮੇਂ ਬਦਲੇ ਹੋਏ ਆਰਥਿਕ-ਸਮਾਜਿਕ ਤੇ ਰਾਜਸੀ ਸੰਦਰਭ ਦੀ ਲੋੜ ਅਨੁਸਾਰ ਵਿਗਿਆਨਕ ਤੇ ਸਨਅਤੀ ਇਨਕਲਾਬ ਤੋਂ ਪਹਿਲਾਂ ਇੱਕ ਸਮਾਜਿਕ-ਸੱਭਿਆਚਾਰਕ ਉਭਾਰ ਆਇਆ ਜਿਹੜਾ ਪੁਨਰ ਜਾਗਰਣ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਨੇ ਪੁਰਾਤਨ ਜਾਗੀਰੂ ਧਾਰਮਿਕ ਰੂੜੀਵਾਦੀ ਕਦਰਾਂ-ਕੀਮਤਾਂ ਨੂੰ ਢਾਹ ਕੇ ਜਮਹੂਰੀਅਤ, ਮਾਨਵਤਾ, ਸਮਾਨਤਾ, ਧਰਮ ਨਿਰਪੱਖਤਾ ਤੇ ਕੌਮੀਅਤ ਤੇ ਆਧਾਰਿਤ ਨਵੀਆਂ ਕਦਰਾਂ-ਕੀਮਤਾਂ ਦਾ ਪੂਰ ਉਸਾਰਿਆ। ਉਸ ਸਮੇਂ ਜਿਹੜੇ ਲੋਕ ਸਮਾਜ ਰਾਜਨੀਤੀ ਤੇ ਸਿੱਖਿਆ ਅੰਦਰ ਇਨ੍ਹਾਂ ਕਦਰਾਂ ਕੀਮਤਾਂ ਲਈ ਲੜੇ ਉਨ੍ਹਾਂ ਨੇ ਨਾਲ ਹੀ ਨਵੀਂ ਤੇ ਉਚੇਰੀ ਨੈਤਿਕਤਾ ਤੇ ਸਦਾਚਾਰ ਵਾਲੇ ਰੂਸੋ ਤੇ ਵੋਲਟੈਅਰ ਵਰਗੇ ਪਾਤਰ ਵੀ ਪੈਦਾ ਕੀਤੇ। ਸਾਡੇ ਮੁਲਕ ਭਾਰਤ ਅੰਦਰ ਵੀ ਆਜਾਦੀ ਦੀ ਲਹਿਰ ਦੌਰਾਨ ‘ਭਾਰਤੀ ਪੁਨਰ ਜਾਗਰਣ’ ਦੀ ਮਹਾਨ ਸਖਸ਼ੀਅਤ, ਸੰਸਕ੍ਰਿਤ ਭਾਸ਼ਾ ਤੇ ਗ੍ਰੰਥਾਂ ਦੇ ਵੱਡੇ ਵਿਦਵਾਨ ਈਸ਼ਵਰ ਚੰਦਰ ਵਿਦਿਆ ਸਾਗਰ (1820-1891) ਨੇ ਵੀ ਹਿੰਦੂ ਵੇਦਾਂਤ ਦਰਸ਼ਨ ਨੂੰ ਇੱਕ ਭਰਮਾਊ ਦਰਸ਼ਨ ਦੱਸ ਕੇ ਪਾਠਕ੍ਰਮ ਅੰਦਰ ਆਸਤਿਕ ਦਾਰਸ਼ਨਿਕ ਬਰਕਲੇ ਦੀ ਪੁਸਤਕ ‘ਤਹਿਕੀਕਾਤ’ (Enquiry) ਦੀ ਜਗ੍ਹਾ ਮਨੁੱਖੀ ਆਜਾਦੀ ਦੇ ਝੰਡਾ ਬਰਦਾਰ ਜੇ.ਐਸ.ਮਿੱਲ ਦੀ ਪੁਸਤਕ ‘ਤਰਕ’ (Logic) ਨੂੰ ਸ਼ਾਮਲ ਕਰਨ ਦੀ ਵਕਾਲਤ ਕੀਤੀ ਅਤੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ, ਰਸਾਇਣਕ ਵਿਗਿਆਨ, ਭੂਗੋਲ, ਇਤਿਹਾਸ, ਗਣਿਤ, ਜੁਮੈਟਰੀ, ਕੁਦਰਤੀ ਵਿਗਿਆਨ, ਨੈਤਿਕ ਦਰਸ਼ਨ ਤੇ ਰਾਜਨੀਤਿਕ ਆਰਥਿਕ ਵਿਸ਼ਿਆ ਦਾ ਗਿਆਨ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੁਦ ਵੀ ਕਿਸੇ ਕਿਸਮ ਦੀ ਧਾਰਮਿਕ ਰੰਗਤ ਤੇ ਲੱਗ ਲਪੇਟ ਤੋਂ ਨਿਰਲੇਪ ਵਿਗਿਆਨਕ ਤੇ ਧਰਮ ਨਿਰਪੱਖ ਸਿੱਖਿਆ ਦਾ ਸੰਚਾਰ ਕਰਨ ਵਾਲੇ ਅਨੇਕਾਂ ਹੀ ਆਦਰਸ਼ ਸਕੂਲਾਂ ਦੀ ਸਥਾਪਨਾ ਵੀ ਕੀਤੀ। ਸ਼ਹੀਦੇ ਆਜਮ ਭਗਤ ਸਿੰਘ ਵਰਗਾ ਇਨਕਲਾਬੀ ਕੌਮੀ ਨਾਇਕ ਜਿਹੜਾ ਕਿਸੇ ਵੀ ਧਾਰਮਿਕ ਅਕੀਦੇ ’ਚ ਵਿਸ਼ਵਾਸ਼ ਨਹੀਂ ਸੀ ਰਖਦਾ ਅਤੇ ਜਿਸਨੇ ਫਾਂਸੀ ਲੱਗਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ‘ਮੈਂ ਨਾਸਤਿਕ ਹਾਂ’ ਅਤੇ ਇਸ ਦੀ ਵਿਆਖਿਆ ਲਈ ਇੱਕ ਪੁਸਤਕ ‘ਮੈਂ ਨਾਸਤਿਕ ਕਿਉਂ ਹਾਂ?’ ਲਿਖੀ ਸੀ ਕੀ ਉਚੇਰੀ ਸਦਾਚਾਰ ਤੇ ਨੈਤਿਕਤਾ ਦੀ ਜਿੳੂਦੀ ਜਾਗਦੀ ਮਿਸਾਲ ਨਹੀਂ ਸੀ। ਇਸ ਤੋਂ ਬਿਨਾਂ ਕੀ ਰੂਸ, ਚੀਨ, ਵੀਅਤਨਾਮ ਆਦਿ ਮੁਲਕਾਂ ਦੇ ਲੋਕ ਇਨਕਲਾਬਾਂ ਅੰਦਰ ਕਮਿਊਨਿਸਟ ਪਾਰਟੀਆਂ (ਜਿਨ੍ਹਾਂ ਨੂੰ ਨਾਸਤਿਕ ਸਮਝਿਆ ਜਾਂਦਾ ਹੈ) ਦੀ ਅਗਵਾਈ ਹੇਠ ਆਪਣੇ ਮੁਲਕ/ਕੌਮ ਦੀ ਅਜਾਦੀ ਖਾਤਰ ਅਥਾਹ ਕੁਰਬਾਨੀਆਂ ਕਰਨ ਵਾਲੇ ਅਤੇ ਅਜੇ ਵੀ ਆਪਣੀ ਕੌਮੀ ਮੁਕਤੀ ਲਈ ਜੂਝ ਰਹੇ ਹੋਰਨਾਂ ਮੁਲਕਾਂ ਦੇ ਅਜਿਹੇ ਲੋਕਾਂ ਨੂੰ ਨੈਤਿਕਤਾ ਤੋਂ ਸੱਖਣੇ ਕਿਹਾ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੇ ਆਦਰਸ਼ ਦੀ ਪੂਰਤੀ ਲਈ ਧਰਮ ਤੋਂ ਪ੍ਰੇ੍ਰਰਣਾ ਨਹੀਂ ਸੀ ਲਈ ਸਗੋਂ ਧਰਮ ਤੋਂ ਅਲਹਿਦਾ ਹੋ ਕੇ ਲੜੇ ਸਨ ਜਾਂ ਲੜ ਰਹੇ ਹਨ।

ਤੇ ਅਜੋਕੀਆਂ ਬਦਲੀਆਂ ਹੋਈਆ ਹਾਲਤਾਂ ਅੰਦਰ, ਸੰਕਟ ਹੇਠ ਆਈ ਸਰਮਾਏਦਾਰੀ ਵੀ ਜਿਹੜੀ ਕਿਸੇ ਸਮੇਂ ਆਪਣੇ ਵਿਕਾਸ ਖਾਤਰ ਜਾਗੀਰੂ, ਧਾਰਮਿਕ ਰੂੜੀਵਾਦੀ ਕਦਰਾਂ ਕੀਮਤਾਂ ਵਿਰੁੱਧ ਧਰਮ ਨਿੱਰਪੱਖਤਾ ਤੇ ਵਿਗਿਆਨਿਕ ਸੋਚ, ਖਾਤਰ ਲੜੀ ਸੀ ਖੁਦ ਆਪਣੇ ਸੰਕਟ ਨੂੰ ਟਾਲਣ ਲਈ ਅਤੇ ਆਪਣੇ ਢਹਿੰਦੇ ਕਿੰਗਾਰਿਆਂ ਨੂੰ ਬਚਾਉਣ ਖਾਤਰ ਲੋਕਾਂ ਅੰਦਰ ਵਿਗਿਆਨਿਕ ਤੇ ਤਰਕਸ਼ੀਲ ਵਿਚਾਰਧਾਰਾ ਦੇ ਫੈਲਣ ਤੋਂ ਤ੍ਰਹਿ ਰਹੀ ਹੈ। ਇੰਗਲੈਂਡ, ਫਰਾਂਸ, ਅਮਰੀਕਾ ਵਰਗੇ ਵਿਕਸਤ ਸਰਮਾਏਦਾਰ ਮੁਲਕਾਂ ਅੰਦਰ ਜਿਨ੍ਹਾਂ ਮੁਲਕਾਂ ਦਾ ਧਰਮ ਨਿੱਰਪਖਤਾ ਦੀ ਲਹਿਰ ਦਾ ਇਕ ਅਮੀਰ ਵਿਰਸਾ ਹੈ, ਨਿੱਜੀ ਤੇ ਰਾਜਕੀ ਸੰਸਥਾਵਾਂ ਵਲੋਂ ਧਾਰਮਿਕ ਪੁਨਰ ਸੁਰਜੀਤੀ ਨੂੰ ਉਭਾਰਿਆ ਜਾ ਰਿਹਾ ਹੈ। ਡਾਰਵਿਨ ਦੇ ਵਿਗਿਆਨਕ ਵਿਕਾਸਵਾਦ ਦੇ ਸਿਧਾਂਤ ਨੂੰ ਰੱਦ ਕਰਨ ਤੇ ਰੱਬੀ ਹੁਕਮ ਦੇ ਸਿਧਾਂਤ ਨੂੰ ਪ੍ਰਚਾਰਨ ਦੀਆਂ ਲਹਿਰਾਂ ਨੂੰ ਉਗਾਸਾ ਦਿੱਤਾ ਜਾ ਰਿਹਾ ਹੈ। ਕਿਉਂਕਿ ਮੌਜੂਦਾ ਬਦਲੀਆਂ ਹੋਈਆਂ ਹਾਲਤਾਂ ਅੰਦਰ ਜਮਹੂਰੀਅਤ ਮਾਨਵਤਾ, ਸਮਾਨਤਾ ਤੇ ਧਰਮ ਨਿਰਪੱਖਤਾ ਵਰਗੀਆਂ ਕਦਰਾਂ-ਕੀਮਤਾਂ ਉਨ੍ਹਾਂ ਦੇ ਉਦੇਸ਼ਾਂ ਤੇ ਮਨਸੂਬਿਆਂ ਦੀ ਪੂਰਤੀ ਦੇ ਰਾਹ ’ਚ ਰੋੜਾ ਬਣ ਰਹੀਆਂ ਹਨ ਇਸੇ ਲਈ ਸਗੋਂ ਇਨ੍ਹਾਂ ਨੂੰ ਛਾਂਗਿਆ-ਤਰਾਸ਼ਿਆ ਜਾ ਰਿਹਾ ਹੈ।

ਫ਼ਾਸ਼ੀਵਾਦ ਵੱਲ ਜਾਂਦਾ ਰਾਹ
    ਉਕਤ ਸਾਰੀ ਵਿਚਾਰ ਚਰਚਾ ਦੇ ਪ੍ਰਸੰਗ ’ਚ 1964-66 ਦੇ ਕੋਠਾਰੀ ਸਿੱਖਿਆ ਕਮਿਸ਼ਨ ਵਲੋਂ ਆਪਣੀ ਰਿਪੋਰਟ ਵਿੱਚ ਕਹੇ ਇਨ੍ਹਾਂ ਸ਼ਬਦਾਂ ਨੂੰ ‘‘ਵਿਗਿਆਨ ਤੇ ਤਕਨੋਲੋਜੀ ਰਾਹੀ ਹਾਸਲ ਕੀਤੇ ਗਿਆਨ ਤੇ ਕਲਾ-ਕੁਸ਼ਲਤਾ ਨੂੰ ਸਦਾਚਾਰ ਦੀ ਧਾਰਨਾ ਨਾਲ ਜੁੜੀਆਂ ਕਦਰਾਂ-ਕੀਮਤਾਂ ਤੇ ਧਰਮ ਨਾਲ ਮੇਲਣਾ ਜ਼ਰੂਰੀ ਹੈ..।’’ ਆਪਣੇ ਸਮੇਂ ਦੇ ਮਹਾਨ ਦਾਰਸ਼ਨਿਕ ਵਿਦਵਾਨ ਬਰਟਰੰਡ ਰਸਲ ਵਲੋਂ ਲਿਖੇ ਗਏ ਆਪਣੇ ਇਕ ਲੇਖ ਵਿੱਚ ਕਹੀਆਂ ਗੱਲਾਂ ਦੇ ਸੰਦਰਭ ’ਚ ਰੱਖਕੇ ਦੇਖਣਾ ਚਾਹੀਦਾ ਹੈ ਜਿਸ ਮੁਤਾਬਕ ਅਜਿਹੇ ਯਤਨ ‘‘ਵਿਦਿਆਰਥੀਆਂ ਨੂੰ ਸੋਚਣ ਦੀ ਆਦਤ ਤੋਂ ਵਿਰਵੇ ਕਰਨ’’ ਦਾ ਸਾਧਨ ਹਨ। ਕਿਉਂਕਿ ਰਸਲ ਅਨੁਸਾਰ ‘ਸਰਮਾਏਦਾਰ, ਫੌਜੀ ਜੁੰਡਲੀਆਂ ਤੇ ਧਾਰਮਿਕ ਉਪਦੇਸ਼ਕ, ਸਿੱਖਿਆ ਅੰਦਰ ਇੱਕ ਦੂਜੇ ਦੇ ਸਹਿਯੋਗੀ ਹਨ ਕਿਉਂਕਿ ਇਹ ਸਾਰੇ ਹੀ ਆਪਣੀ ਸਤਾ ਖ਼ਾਤਰ ਭਾਵਕੁਤਾ ਉਪਰ ਤੇ ਆਲੋਚਨਾਤਮਿਕ ਸੋਚਣੀ ਦੀ ਅਣਹੋਂਦ ਉਪਰ ਹੀ ਨਿਰਭਰ ਕਰਦੇ ਹਨ।’’’(ਮੈਂ ਈਸਾਈ ਕਿਉਂ ਨਹੀਂ ਹਾਂ-ਪੰਨਾ 56)
    
ਇਸ ਤੋਂ ਬਿਨਾਂ ਪਾਠਕ੍ਰਮ ਅੰਦਰ ਧਾਰਮਿਕ ਸਿੱਖਿਆ ਸ਼ਾਮਲ ਕਰੇ ਬਿਨ੍ਹਾਂ ਵੀ ਇਸ ’ਚ ਭਾਸ਼ਾ, ਸਾਹਿਤ, ਸਮਾਜ ਵਿਗਿਆਨ ਇਤਿਹਾਸ, ਫਿਲਾਸਫੀ, ਕੁਦਰਤੀ ਵਿਗਿਆਨ ਵਰਗੇ ਬੁਨਿਆਦੀ ਵਿਸ਼ਿਆਂ ਨੂੰ ਹੌਲੀ ਹੋਲੀ ਕੱਢਕੇ (ਜਿਹੜੇ ਵਿਸ਼ੇ ਗਿਆਨ ਤੇ ਆਜਾਦਾਨਾ ਚਿੰਤਨ ਦਾ ਸੋਮਾ ਹਨ) ਉਨ੍ਹਾਂ ਦੀ ਜਗ੍ਹਾ ਪੇਸ਼ਾਵਰਾਨਾ ਯੋਗਤਾ ਵਧਾਉਣ ਵਾਲੇ ਸਮਾਜਿਕ ਤੌਰ ਤੇ ਉਪਯੋਗੀ ਵਿਸ਼ਿਆ ਨੂੰ ਸ਼ਾਮਲ ਕਰਨਾ ਵੀ ਇਸੇ ਸਾਜਿਸ਼ ਦਾ ਹਿੱਸਾ ਹੈ। ਕਾਂਗਰਸੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਕਾਰਜ ਕਾਲ ਸਮੇਂ 1986 ਦੀ ਨਵੀਂ ਸਿੱਖਿਆ ਨੀਤੀ ਸਮੇਂ ਭਾਰਤ ਦਾ ਕਿੱਤਾਕਕਰਨ ’ਤੇ ਮੌਜੂਦਾ ਭਾਜਪਾ ਦੀ ਮੋਦੀ ਸਰਕਾਰ ਸਮੇਂ ‘ਭਾਰਤ ਦਾ ਹੁਨਰ (Skilling of India) ਦਾ ਨਾਹਰਾ ਵੀ ਹਾਕਮਾਂ ਵੱਲੋਂ ਭਾਰਤ ਅੰਦਰ ਮੌਜੂਦ ਕਰੋੜਾਂ ਲੋਕਾਂ ਦੀ ਬੇਰੁਜਗਾਰੀ ਨੂੰ ਮੌਜੂਦਾ ਆਰਥਿਕ-ਸਮਾਜਿਕ ਢਾਂਚੇ ਨਾਲੋਂ ਤੋੜ ਕੇ ਕੇਵਲ ਸਿੱਖਿਆ ਪ੍ਰਣਾਲੀ ਅੰਦਰ ਇਸ ਕਿਸਮ ਦੀ ਸਿਖਲਾਈ ਦੀ ਘਾਟ ਨਾਲ ਜੋੜ ਕੇ ਪੇਸ਼ ਕਰਨਾ ਵੀ ਇਨ੍ਹਾਂ ਲੁਟੇਰੀਆਂ ਹਾਕਮ ਜਮਾਤਾਂ ਦੀ ਹੀ ਹਿਤਪੂਰਤੀ ਕਰਦਾ ਹੈ। ਬੁੱਧੀਮਾਨ ਤੇ ਚਿੰਤਨਸ਼ੀਲ ਮਨੁੱਖ ਦੇ ਨਿਰਮਾਣ ਦੀ ਜਗ੍ਹਾਂ ਹਾਕਮ ਜਮਾਤਾਂ ਦੇ ਹਿੱਤਾਂ ਤੇ ਉਦੇਸ਼ਾਂ ਦੇ ਹੱਕਾਂ ’ਚ ਭੁਗਤਣ ਵਾਲੇ ਇੱਕ ਮਸ਼ੀਨੀ ਮਨੁੱਖ ਪੈਦਾ ਕਰਨ ਦੀ ਭੂਮਿਕਾ ਵੀ ਨਿਭਾਉਂਦੇ ਹਨ ਅਜਿਹੇ ਸਿਖਲਾਈ ਕੋਰਸ।
    
ਤੇ ਦੂਜੇ ਪਾਸੇ ਸਿੱਖਿਆ ਦੇ ਭਾਰਤੀਕਰਨ, ਰਾਸ਼ਟਰੀਕਰਨ ਤੇ ਅਧਿਆਤਮੀਕਰਨ ਦੇ ਨਾਂ ਹੇਠ ਰਾਸ਼ਟਰੀ ਵਿਰਸੇ ਦੀ ਆੜ ’ਚ ਕੌਮੀ ਸ਼ਾਵਨਵਾਦ (ਹੰਕਾਰਵਾਦ) ਦਾ ਪਸਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਆੜ ’ਚ ਪੁਰਾਤਨ ਧਾਰਮਿਕ ਰੂੜੀਵਾਦ ਰਵਾਇਤਾਂ ਦਾ ਪੁਨਰ ਸੁਰਜੀਤੀਕਰਨ ਇਹ ਇਕੋ ਸਿੱਕੇ ਦੇ ਹੀ ਦੋ ਪਾਸੇ ਹਨ ਇੱਕੋਂ ਹੀ ਉਦੇਸ਼ ਪੂਰਤੀ ਦਾ ਸਾਧਨ ਹਨ। ਫਾਸ਼ੀਵਾਦ ਵੀ ਇਸੇ ਰਾਹੀਂ ਆਉਂਦਾ ਹੈ।
    
ਭਾਵੇਂ ਸਿੱਖਿਆ ਦੇ ਮੂਲ ‘ਕਲਿਆਣਕਾਰੀ ਤੇ ਪਰ ਉਪਕਾਰੀ ਉਦੇਸ਼ ਤਾਂ ਮੌਜੂਦਾ ਆਰਥਿਕ-ਸਮਾਜਿਕ ਢਾਂਚੇ ਦੇ ਲੋਕ ਕਲਿਆਣਕਾਰੀ ਬਣਨ ਨਾਲ ਹੀ ਹੋ ਸਕਣਗੇ ਪਰੰਤੂ ਮੌਜੂਦਾ ਦੌਰ ਅੰਦਰ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਵਿਰੁੱਧ ਸੰਘਰਸ਼ੀਲ ਰਹਿੰਦੇ ਹੋਏ ਇਸ ਨੂੰ ਨਾ ਸਿਰਫ ਉਕਤ ਮੂਲਵਾਦੀ ਹਮਲੇ ਤੋਂ ਬਚਾਉਣਾ ਹੀ ਬੇਹੱਦ ਜ਼ਰੂਰੀ ਹੈ, ਸਗੋਂ ਇਸ ਨੂੰ ਜਮਹੂਰੀ ਧਰਮ ਨਿਰਪੱਖ ਤੇ ਵਿਗਿਆਨਕ ਲੀਹਾਂ ਤੇ ਪਾਉਣ ਲਈ ਵੀ ਜੋਰਦਾਰ ਉਪਰਾਲੇ ਕਰਨ ਦੀ ਬੇਹੱਦ ਲੋੜ ਹੈ।

ਸੰਪਰਕ: +91 98145 35005

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ