Sun, 08 December 2024
Your Visitor Number :-   7278730
SuhisaverSuhisaver Suhisaver

ਸਿਆਸੀ ਰੰਗਕਰਮੀ ਹੋਣ ਦੀ ਸਜ਼ਾ

Posted on:- 19-12-2014

suhisaver

ਨਾਗਪੁਰ ਸੈਂਟਰਲ ਜੇਲ੍ਹ ਤੋਂ ਹੇਮ ਮਿਸ਼ਰਾ ਦਾ ਖ਼ਤ

(ਨੋਟ :- ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀ ਤੇ ਉੱਘੇ ਨੌਜਵਾਨ ਰੰਗਕਰਮੀ ਹੇਮ ਮਿਸ਼ਰਾ ਨੂੰ ਮਹਾਂਰਾਸ਼ਟਰ ਪੁਲਿਸ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਅਗਵਾ ਕਰਕੇ, ਤਿੰਨ ਦਿਨ ਤੱਕ ਪੁਲਿਸ ਹਿਰਾਸਤ ‘ਚ ਅੰਨ੍ਹਾ ਤਸ਼ੱਦਦ ਢਾਹ ਕੇ ਅਤੇ ਯੂ. ਏ. ਪੀ. ਏ. ਵਰਗੀਆਂ ਸੰਗੀਨ ਧਰਾਵਾਂ ਲਾ ਕੇ ਇਕ ਵਾਰ ਫੇਰ ਇਹ ਦਿਖਾ ਦਿੱਤਾ ਗਿਆ ਹੈ ਕਿ ਇਹ ਮੌਜੂਦਾ ਪ੍ਰਬੰਧ ਇਸ ਕਦਰ ਖੋਖਲਾ ਹੋ ਚੁਕਿਆ ਹੈ ਕਿ ਉਹ ਲੋਕਪੱਖੀ ਸੱਭਿਆਚਾਰ ਨੂੰ ਬਰਦਾਸਤ ਕਰਨ ਦੀ ਵੀ ਸਮਰੱਥਾ ਨਹੀਂ ਰੱਖਦਾ। ਇਸ ਤੋਂ ਪਹਿਲਾਂ ਲੋਕ ਸੰਘਰਸ਼ਾਂ ਦੇ ਕਿਸੇ ਨਾ ਕਿਸੇ ਰੂਪ ‘ਚ ਸਮਰਥਕ ਰਹੇ ਕਬੀਰ ਕਲਾ ਮੰਚ ਦੇ ਕਲਾਕਾਰ ਜਤਿਨ ਮਰਾਂਡੀ, ਸ਼ੀਤਲ ਸਾਠੇ, ਉੱਘੇ ਪੱਤਰਕਾਰ ਪ੍ਰਫੁਲ ਝਾਅ, ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਡਾ. ਬਿਨਾਇਕ ਸੇਨ, ਪ੍ਰਸ਼ਾਂਤ ਰਾਹੀ, ਸੀਮਾ ਅਜਾਦ, ਪ੍ਰੋ. ਜੀ ਐਨ ਸਾਈਬਾਬਾ, ਸੁਧੀਰ ਡਵਲੇ, ਅਰੁਣ ਫਰੇਰਾ ਆਦਿ ਅਨੇਕਾਂ ਜਮਹੂਰੀ ਹੱਕਾਂ ਲਈ ਲੜ੍ਹਨ ਵਾਲੇ ਕਾਰਕੁੰਨਾਂ ਉਪਰ ਝੂਠੇ ਕੇਸ ਮੜ੍ਹਨ, ਜੇਲ੍ਹਾਂ ‘ਚ ਸੁੱਟਣ ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਕੇ ਜਮਹੂਰੀ ਹੱਕਾਂ ਦੀ ਅਵਾਜ ਨੂੰ ਬੰਦ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਭਾਰਤ ਦੇ ਵੱਖ-ਵੱਖ ਹਿੱਸਿਆਂ ‘ਚ ਜਲ, ਜੰਗਲ, ਜਮੀਨ ਤੇ ਹੋਰ ਸਮਾਜਿਕ ਲੁੱਟ-ਜਬਰ ਤੇ ਦਾਬੇ ਖਿਲਾਫ ਚੱਲ ਰਹੇ ਹੱਕੀ ਤੇ ਜਾਇਜ ਸੰਘਰਸ਼ਾਂ ਦੇ ਨਾਲ-ਨਾਲ ਜਮਹੂਰੀ ਹੱਕਾਂ ਦੀ ਅਵਾਜ ਨੂੰ ਬੰਦ ਕਰਨ ਵਾਲੇ ਕਾਲੇ ਕਾਨੂੰਨਾਂ ਤੇ ਗੈਰਕਾਨੂੰਨੀ ਢੰਗ ਨਾਲ ਲੋਕ ਲਹਿਰਾਂ ‘ਚ ਸਰਗਰਮ ਕਾਰਕੁੰਨਾਂ ਨੂੰ ਜੇਲ੍ਹੀਂ ਬੰਦ ਕਰਨ ਦੀ ਹਾਕਮ ਜਮਾਤਾਂ ਦੀ ਹਰ ਕਾਰਵਾਈ ਦਾ ਜੋਰਦਾਰ ਵਿਰੋਧ ਹੋਣਾ ਚਾਹੀਦਾ ਹੈ। ਸਮਾਜਿਕ ਜਮਹੂਰੀ ਕਾਰਕੁੰਨਾਂ ਨੂੰ ਕਿਵੇਂ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ ਇਸਦਾ ਖੁਲਾਸਾ ਕਰਦਾ ਹੋਇਆ ਨੌਜਵਾਨ ਰੰਗਕਰਮੀ ਹੇਮ ਮਿਸ਼ਰਾ ਦਾ ਨਾਗਪੁਰ ਦੀ ਜੇਲ੍ਹ ‘ਚੋਂ ਲਿਖਿਆ ਖਤ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਅਨੁਵਾਦਕ)

ਦੋਸਤੋ,

ਪਿਛਲੇ ਮਹੀਨੇ ਦੀ ਅਗਸਤ ਦੀ 20 ਤਾਰੀਕ ਤੋਂ ਮਹਾਂਰਾਸ਼ਟਰ ਦੀ ਪੁਲਿਸ ਦੁਆਰਾ ਮੇਰੀ ਗ੍ਰਿਫਤਾਰੀ ਕੀਤੇ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਕ ਰੰਗਕਰਮੀ ਅਤੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਮੇਰੇ ਤੇ ਯੂ. ਏ. ਪੀ. ਏ. (ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਦੀਆਂ ਵੱਖ-ਵੱਖ ਧਰਾਵਾਂ ਲਾਈਆਂ ਗਈਆਂ ਹਨ। ਅਤੇ ਨਾਗਪੁਰ ਸੈਂਟਰਲ ਜੇਲ੍ਹ ਦੇ ਅਤੀ ਸੁਰੱਖਿਆ ਵਿਭਾਗ (੍ਹਗਿਹ ਸ਼ੲਚੁਰਟਿੇ ਛੲਲਲ) ‘ਆਂਡਾ ਸੈੱਲ’ ਦੀ ਇਕੱਲਤਾ ‘ਚ ਰੱਖਿਆ ਗਿਆ ਹੈ। ਮਹਾਂਰਾਸ਼ਟਰ ਦੀ ਗੜਚਿਰੌਲੀ ਅਦਾਲਤ ਨੇ 6 ਸਤੰਬਰ 2014 ਨੂੰ ਮੇਰੀ ਜਮਾਨਤ ਦੀ ਅਰਜੀ ਵੀ ਖਾਰਜ ਕਰ ਦਿੱਤੀ ਹੈ। ਨਾਗਪੁਰ ਸੈਂਟਰਲ ਜੇਲ੍ਹ ਦੀਆਂ ਇਨ੍ਹਾਂ ਬੰਦ ਦੀਵਾਰਾਂ ਵਿਚ ਮੈਨੂੰ ਅਦਾਲਤ ਦੇ ਨਿਆਂ ਦੀ ਕਿਰਨ ਜਾਗਣ ਦੀ ਉਮੀਦ ਸੀ। ਪਰ ਅਦਾਲਤ ਨੇ ਮੇਰੀ ਜਮਾਨਤ ਜਾਚਿਕਾ ਖਾਰਿਜ ਕਰਕੇ ਮੇਰੀਆਂ ਇਨ੍ਹਾਂ ਉਮੀਦਾਂ ’ਤੇ ਰੋਕ ਲਾ ਦਿੱਤੀ।

ਅਦਾਲਤ ਦਾ ਇਹ ਹੁਕਮ ਕੁਦਰਤ ਦੁਆਰਾ ਮੈਨੂੰ ਖੁਲ੍ਹੀ ਹਵਾ ‘ਚ ਜਿਊਣ ਦੇ ਦਿੱਤੇ ਗਏ ਅਧਿਕਾਰ ਦੇ ਖਿਲਾਫ ਜਾਂਦਾ ਹੈ। ਅੱਜ ਲੋਕਤੰਤਰ ਤੇ ਨਿਆਂਪਸੰਦ ਲੋਕਾਂ ਦੇ ਸੰਘਰਸ਼ ਦੀ ਬਦੌਲਤ ਸੱਤਾ ਦੇ ਸ਼ਿਕਾਰ ਜੇਲ੍ਹਾਂ ‘ਚ ਬੰਦ ਹਜਾਰਾਂ ਲੋਕਾਂ ਦੀ ਜਮਾਨਤ ਜਲਦੀ ਤੋਂ ਜਲਦੀ ਸੁਨਿਸ਼ਚਤ ਕੀਤੇ ਜਾਣ ਦੇ ਅਧਿਕਾਰ ਦਾ ਸਵਾਲ ਇਕ ਭਖਦਾ ਮੁੱਦਾ ਬਣਿਆ ਹੋਇਆ ਹੈ। ਜਿਸਦੇ ਚੱਲਦੇ ਸਰਵਉੱਚ ਅਦਾਲਤ ਵੀ ਇਸ ਨਤੀਜੇ ਤੇ ਪਹੁੰਚੀ ਹੈ ਕਿ ਸਾਰੇ ਨਿਆਂ ਅਧੀਨ ਬੰਦੀਆਂ ਦੀ ਜਮਾਨਤ ਦੇ ਇਸ ਅਧਿਕਾਰ ਨੂੰ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ। ਅਤੇ ਸਮੇਂ-ਸਮੇਂ ਤੇ ਉਹ ਆਪਣੇ ਅਧੀਨ ਅਦਾਲਤਾਂ ਨੂੰ ਇਸ ਸਬੰਧ ‘ਚ ਦਿਸ਼ਾ-ਨਿਰਦੇਸ਼ ਵੀ ਦਿੰਦੀ ਰਹੀ ਹੈ। ਇਸ ਦੇ ਬਾਵਯੂਦ ਵੀ ਹੇਠਲੀ ਅਦਾਲਤ ਨੇ ਮੈਨੂੰ ਜਮਾਨਤ ਦੇਣ ਤੋਂ ਇਨਕਾਰ ਕਰਕੇ ਮੈਥੋਂ ਇਹ ਅਧਿਕਾਰ ਖੋਹ ਲਿਆ ਹੈ। ਅਤੇ ਮੇਰੇ ਵਰਗੇ ਰੰਗਕਰਮੀ ਨੂੰ ਜੇਲ੍ਹ ਦੀਆਂ ਇਨ੍ਹਾਂ ਬੰਦ ਦੀਵਾਰਾਂ ਦੀਆਂ ਤਨਹਾਈਆਂ ਵਿਚਕਾਰ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ।

ਪਿਛਲੇ ਸਾਲ ਅਗਸਤ ਮਹੀਨੇ ‘ਚ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਮੈਂ ਨਵੀਂ ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਯੂਨੀਵਰਸਿਟੀ ਦੀ ਪੜ੍ਹਾਈ ਦੇ ਨਾਲ-ਨਾਲ, ਦੇਸ਼-ਦੁਨੀਆ ਦੇ ਭਖਦੇ ਵਿਸ਼ਿਆਂ ਤੇ ਹੋਣ ਵਾਲੇ ਸੈਮੀਨਾਰਾਂ, ਜਨਤਕ ਮੀਟਿੰਗਾਂ, ਚਰਚਾਵਾਂ, ਵਿਦਿਆਰਥੀਆਂ ਦੇ ਜਮਹੂਰੀ ਅਧਿਕਾਰਾਂ ਲਈ ਸੰਘਰਸ਼ ਤੇ ਜਾਤੀ ਦਾਬੇ, ਕਾਰਖਾਨੇ ‘ਚ ਮਜ਼ਦੂਰਾਂ ਦੇ ਸੋਸ਼ਣ, ਜਮੀਨ ਅਧਿਗ੍ਰਹਿਣ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਜਮੀਨਾਂ ਤੋਂ ਬੇਦਖਲ ਕੀਤੇ ਜਾਣ, ਔਰਤਾਂ ਤੇ ਹੋ ਰਹੇ ਅੱਤਿਆਚਾਰ, ਲੋਕਪੱਖੀ ਸੰਘਰਸ਼ਾਂ ’ਤੇ ਦਮਨ ਅਤੇ ਸਾਮਰਾਜ ਦੁਆਰਾ ਲੋਕਾਂ ਤੇ ਥੋਪੀ ਜਾ ਰਹੀ ਜੰਗ ਖਿਲਾਫ ਹੋਣ ਵਾਲੇ ਸੰਘਰਸ਼ਾਂ ‘ਚ ਹਿੱਸੇਦਾਰੀ ਮੇਰੇ ਵਿਦਿਆਰਥੀ ਜੀਵਨ ਦਾ ਹਿੱਸਾ ਸੀ। ਵਿਦਿਆਰਥੀਆਂ ਦੇ ਇਨ੍ਹਾਂ ਸੰਘਰਸ਼ਾਂ ‘ਚ ਸੱਭਿਆਚਾਰਕ ਵਿਰੋਧ ਨੂੰ ਲਾਜਮੀ ਮੰਨਦੇ ਹੋਏ ਇਕ ਰੰਗਕਰਮੀ ਦੇ ਰੂਪ ‘ਚ ਲੋਕਾਂ ਦੇ ਸੰਘਰਸ਼ ‘ਚ ਗੀਤਾਂ ਤੇ ਨਾਟਕਾਂ ਰਾਹੀਂ ਮੇਰੀ ਹਿੱਸੇਦਾਰੀ ਰਹਿੰਦੀ ਸੀ।

ਇਕ ਰੰਗਕਰਮੀ ਦੇ ਰੂਪ ‘ਚ ਮੇਰੇ ਇਸ ਸਫਰ ਦੀ ਸ਼ੁਰੂਆਤ ਉਤਰਾਖੰਡ ਰਾਜ ਦੇ ਅਲਮੋੜਾ ਸ਼ਹਿਰ ਤੋਂ ਹੋਈ। ਮੈਨੂੰ ਯਾਦ ਹੈ ਕਿ ਜਦ ਮੈਂ ਅਲਮੋੜਾ ਤੋਂ ਤਕਰੀਬਨ 30 ਕਿਲੋਮੀਟਰ ਦੂਰ ਇਕ ਅਤੀਅੰਤ ਪੱਛੜੇ ਹੋਏ ਆਪਣੇ ਪਿੰਡ ਤੋਂ ਸਕੂਲ ਦੀ ਪੜ੍ਹਾਈ ਲਈ ਸ਼ਹਿਰ ‘ਚ ਆਇਆ ਸੀ, ਤਦ ਅਲੱਗ ਉਤਰਾਖੰਡ ਰਾਜ ਬਣਾਉਣ ਲਈ ਸੰਘਰਸ਼ ਚੱਲ ਰਿਹਾ ਸੀ। ਸੰਘਰਸ਼ ‘ਚ ਸ਼ਾਮਲ ਨੌਜਵਾਨ ਅਕਸਰ ਸਕੂਲਾਂ ਨੂੰ ਵੀ ਬੰਦ ਕਰਵਾ ਕੇ ਹਜ਼ਾਰਾਂ ਦੀ ਗਿਣਤੀ ‘ਚ ਸਕੂਲੀ ਵਿਦਿਆਰਥੀਆਂ ਦੀਆਂ ਰਾਜਕੀ ਅੰਦੋਲਨਆਂ ਦੀਆਂ ਰੈਲੀਆਂ ‘ਚ ਹਿੱਸੇਦਾਰੀ ਕਰਵਾਉਂਦੇ ਸਨ। ਇਸ ਤਰ੍ਹਾਂ ਮੈਂ ਵੱਖਰਾ ਰਾਜ ਬਣਾਉਣ ਲਈ ਚੱਲ ਰਹੀ ਇਸ ਲੜਾਈ ਦਾ ਅੰਤਿਮ ਦੌਰ ‘ਚ ਅੰਗ ਬਣ ਗਿਆ। ਉਸ ਅੰਦੋਲਨ ‘ਚ ਸਮਾਜ ਦੇ ਹਰ ਤਬਕੇ ਦੇ ਲੋਕ ਸ਼ਾਮਲ ਸਨ। ਵਿਦਿਆਰਥੀ, ਅਧਿਆਪਕ, ਕਰਮਚਾਰੀ, ਔਰਤਾਂ, ਮਜ਼ਦੂਰ, ਕਿਸਾਨ, ਲੇਖਕ, ਪੱਤਰਕਾਰ, ਵਕੀਲ ਅਤੇ ਰੰਗਕਰਮੀ ਇਸ ਅੰਦੋਲਨ ‘ਚ ਵੱਧ ਚੜ੍ਹਕੇ ਭਾਗ ਲੈ ਰਹੇ ਸਨ। ਵਿਕਾਸ ਤੋਂ ਕੋਹਾਂ ਦੂਰ ਉਤਰਾਖੰਡ ਦੀਆਂ ਔਰਤਾਂ ਦੇ ਦਰਦ, ਨੌਜਵਾਨਾਂ ਦੀ ਬੇਰੁਜਗਾਰੀ ਦੀ ਪੀੜਾ, ਪ੍ਰਵਾਸ, ਬਰਾਬਰੀ ’ਤੇ ਅਧਾਰਿਤ ਸਮਾਜ ਦੇ ਸੁਪਨੇ ਅਤੇ ਲੋਕਪੱਖੀ ਉੱਤਰਾਖੰਡ ਦੇ ਨਿਰਮਾਣ ਦੀ ਰੂਪਰੇਖਾ ਨੂੰ ਆਪਣੇ ਗੀਤਾਂ ‘ਚ ਸਮੋਏ ਹੋਏ ਮਸ਼ਹੂਰ ਰੰਗਕਰਮੀ ਗਿਰੀਸ਼ ਤਿਵਾੜੀ ਗ੍ਰਿਧਾ ਨੂੰ ਹਜ਼ਾਰਾਂ ਲੋਕਾਂ ਵਿਚਕਾਰ ਗਾਉਂਦੇ ਹੋਏ ਵੇਖਣਾ ਮੈਨੂੰ ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਵੱਲ ਖਿੱਚ ਲਿਆਇਆ।

ਸਕੂਲੀ ਪੜ੍ਹਾਈ ਦੇ ਬਾਅਦ ਜਦ ਮੈਂ ਉੱਚ ਸਿੱਖਿਆ ਲਈ ਕਾਲਜ ‘ਚ ਆਇਆ ਮੈਂ ਵੇਖਿਆ ਕਿ ਕਾਲਜ ‘ਚ ਉੱਤਰਾਖੰਡ ਰਾਜ ਅੰਦੋਲਨ ਤੋਂ ਪ੍ਰੇਰਿਤ ਕਈ ਨੌਜਵਾਨ ਆਪਣੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਹੱਕ ਦੀ ਲੜ੍ਹਾਈ ਤੇ ਇਕ ਲੋਕਤੰਤਰੀ ਉਤਰਾਖੰਡ ਦੇ ਨਿਰਮਾਣ ਦੀ ਲੜ੍ਹਾਈ ‘ਚ ਹਿੱਸੇਦਾਰੀ ਕਰ ਰਹੇ ਸਨ। ਬਰਾਬਰਤਾ ’ਤੇ ਅਧਾਰਿਤ ਲੁੱਟ ਰਹਿਤ ਸਮਾਜ ਦਾ ਸੁਪਨਾ ਲੈ ਕੇ, ਇਨ੍ਹਾਂ ਵਿਦਿਆਰਥੀਆਂ ਨਾਲ ਮੈਂ ਵੀ ਉਨ੍ਹਾਂ ਸੰਘਰਸ਼ਾਂ ‘ਚ ਹਿੱਸਾ ਲੈਣ ਲੱਗਿਆ। ਲੋਕਗੀਤ, ਨਾਟਕ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਇਨ੍ਹਾਂ ਸੰਘਰਸ਼ਾਂ ਦਾ ਮੁੱਖ ਹਿੱਸਾ ਬਣ ਗਈਆਂ ਸਨ, ਜਿਸਦੇ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕਾਂ ਤੇ ਸਮਾਜ ਦੇ ਚਾਰੇ ਪਾਸੇ ਹੋ ਰਹੇ ਸ਼ੋਸ਼ਣ, ਅਨਿਆਂ ਤੇ ਦਾਬੇ ਬਾਰੇ ਚੇਤੰਨ ਕਰਦੇ ਸਾਂ।

ਵੱਖਰੇ ਰਾਜ ਬਣ ਜਾਣ ਦੇ ਬਾਅਦ ਵੀ ਉਤਰਾਖੰਡ ਦੇ ਪਹਾੜਾਂ ‘ਚ ਕੁਝ ਵੀ ਨਹੀਂ ਬਦਲਿਆ। ਵੱਡੀਆਂ-ਵੱਡੀਆਂ ਮੁਨਾਫਾਖੋਰ ਕੰਪਨੀਆਂ ਦੁਆਰਾ ਇੱਥੋਂ ਦੇ ਕੁਦਰਤੀ ਸਾਧਨਾਂ ਦੀ ਲੁੱਟ-ਖਸੁੱਟ, ਲੋਕਾਂ ਨੂੰ ਉਨ੍ਹਾਂ ਦੀ ਜਮੀਨ ਤੋਂ ਬੇਦਖਲ ਕੀਤਾ ਜਾਣਾ, ਸਰਕਾਰਾਂ ਦੁਆਰਾ ਵੱਡੀਆਂ-ਵੱਡੀਆਂ ਯੋਜਨਾਵਾਂ ਤਿਆਰ ਕਰਕੇ ਨਦੀਆਂ ਨੂੰ ਦੇਸੀ-ਬਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦੇਣਾ, ਵਾਤਾਵਰਨ ਦੇ ਨਾਮ ਤੇ ਵੱਡੇ ਪਾਰਕ ਬਣਾਕੇ ਲੋਕਾਂ ਨੂੰ ਉਨ੍ਹਾਂ ਦੇ ਜੰਗਲਾਂ ਤੇ ਅਧਿਕਾਰਾਂ ਤੋਂ ਲਾਂਭੇ ਕੀਤਾ ਜਾਣਾ, ਪੜ੍ਹੇ-ਲਿਖੇ ਨੌਜਵਾਨਾਂ ਦਾ ਬੇਰੁਜਗਾਰੀ ਦੇ ਚੱਲਦੇ ਪ੍ਰਵਾਸ, ਔਰਤਾਂ ’ਤੇ ਅੱਤਿਆਚਾਰ, ਜਾਤੀ ਦਾਬਾ, ਪ੍ਰਾਈਵੇਟ ਕੰਪਨੀਆਂ ‘ਚ ਮਜ਼ਦੂਰਾਂ ਦੀ ਕਿਰਤ ਦੀ ਲੁੱਟ, ਇਹ ਸਭ ਕੁਝ ਪਹਿਲਾਂ ਦੀ ਤਰ੍ਹਾਂ ਜਾਰੀ ਰਿਹਾ। ਰਾਜਾਂ ‘ਚ ਵੱਡੇ-ਵੱਡੇ ਭੋਂ-ਮਾਫੀਆ, ਸ਼ਰਾਬ ਦੇ ਤਸਕਰ, ਦਿਨ ਦੂਣੀ ਤੇ ਰਾਤ ਚੌਗੁਣੀ ਤੇਜੀ ਨਾਲ ਪੈਦਾ ਹੋਣ ਲੱਗੇ। ਸੱਤਾ ਦੇ ਨਸ਼ੇ ‘ਚ ਚੂਰ ਸਰਕਾਰਾਂ ਲੋਕਾਂ ਦੇ ਦੁੱਖ-ਦਰਦਾਂ ਤੋਂ ਦੂਰ ਬੇਖਬਰ ਹੀ ਰਹੀਆਂ। ਉਤਰਾਖੰਡ ਰਾਜ ਸੰਘਰਸ਼ ਦੌਰਾਨ ਖਟੀਮਾ, ਮਾਸੂਰੀ ਤੇ ਮੁਜੱਫਰਾਨਗਰ ‘ਚ ਅੰਦੋਲਨਕਾਰੀਆਂ ’ਤੇ ਗੋਲੀਆਂ ਚਲਾਉਣ ਤੇ ਔਰਤਾਂ ਨਾਲ ਬਲਾਤਕਾਰ ਕਰਵਾਉਣ ਵਾਲੇ ਜਿੰਮੇਵਾਰ ਅਧਿਕਾਰੀਆਂ ਦਾ ਕੁਝ ਨਹੀਂ ਹੋਇਆ ਬਲਕਿ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ।

ਇਸ ਸਭ ਤੋਂ ਪੈਦਾ ਹੋਏ ਅੰਸੰਤੋਸ਼ ਦੇ ਕਾਰਨ ਇਨ੍ਹਾਂ ਸਵਾਲਾਂ ਨੂੰ ਲੈ ਕੇ ਫਿਰ ਤੋਂ ਵੱਖ-ਵੱਖ ਸੰਘਰਸ਼ ਹੋਣ ਲੱਗੇ। ਮੇਰਾ ਵੀ ਇਨ੍ਹਾਂ ਸੰਘਰਸ਼ਾਂ ‘ਚ ਹਿੱਸਾ ਲੈਣਾ ਜਾਰੀ ਰਿਹਾ। ਉਨ੍ਹਾਂ ਹੀ ਸੰਘਰਸ਼ਾਂ ਦੌਰਾਨ ਕਈ ਵਿਦਿਆਰਥੀ ਸਾਥੀਆਂ ਤੇ ਸਮਾਜਿਕ ਕਾਰਕੁੰਨਾ, ਬੇਜਮੀਨੇ ਕਿਸਾਨਾਂ, ਮਜ਼ਦੂਰਾ ਤੇ ਔਰਤਾਂ ਨੂੰ ਰਾਜ ਧ੍ਰੋਹ ਜਿਹੇ ਕਾਲੇ ਕਾਨੂੰਨਾਂ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਸਾਥੀਆਂ ਦੀ ਰਿਹਾਈ ਲਈ ਹੋਏ ਸੰਘਰਸ਼ਾਂ ‘ਚ ਵੀ ਮੈਂ ਬਰਾਬਰ ਭਾਗ ਲਿਆ।

ਉਤਰਾਖੰਡ ਦੇ ਕੁਮਾਊ ਯੂਨੀਵਰਸਿਟੀ ਦੇ ਗਣਿਤ ਵਿਸ਼ੇ ਨਾਲ ਸਨਾਤਕ ਤੇ ਪੱਤਰਕਾਰਤਾ ਅਤੇ ਜਨਸੰਚਾਰ ‘ਚ ਪੀ. ਜੀ. ਡਿਪਲੋਮਾ ਕਰਨ ਤੋਂ ਬਾਅਦ ਮੈਂ ਸਾਲ 2010 ‘ਚ ਚੀਨੀ ਭਾਸ਼ਾ ਦੀ ਪੜ੍ਹਾਈ ਕਰਨ ਲਈ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਆ ਗਿਆ। ਜੇ. ਐਨ. ਯੂ. ‘ਚ ਪੜ੍ਹਾਈ ਦੌਰਾਨ ਮੈਨੂੰ ਮਸ਼ਹੂਰ ਚਕਿਤਸਿਕ ਡਾ. ਪ੍ਰਕਾਸ਼ ਆਮਟੇ ਬਾਰੇ ਪਤਾ ਲੱਗਿਆ। ਮਹਾਂਰਾਸ਼ਟਰ ਦੇ ਭੰਵਰਾਗੜ੍ਹ ‘ਚ ਬੇਹੱਦ ਪੱਛੜੇ ਇਲਾਕਿਆਂ ‘ਚ ਆਦੀਵਾਸੀਆਂ ਵਿਚਕਾਰ ਉਨ੍ਹਾਂ ਦੀ ਸਿਹਤ ਦੇ ਖੇਤਰ ਵਿਚ ਕੀਤੇ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਨੂੰ ਮਿਲਣ ਲਈ ਬਹੁਤ ਉਤਸੁਕ ਸੀ।

ਆਪਣੀ ਇਸ ਉਤਸੁਕਤਾ ਦੇ ਚੱਲਦੇ ਮੈਂ 19 ਅਗਸਤ 2013 ਨੂੰ ਉਨ੍ਹਾਂ ਨੂੰ ਮਿਲਣ ਲਈ ਦਿੱਲੀ ਚਲਾ ਆਇਆ। ਅਗਲੇ ਦਿਨ ਯਾਨਿ 20 ਅਗਸਤ 2013 ਨੂੰ ਕਰੀਬ ਸਵੇਰੇ 9.30 ਵਜੇ ਬੱਲਰਸ਼ਾਹ ਰੇਲਵੇ ਸ਼ਟੇਸ਼ਨ ’ਤੇ ਰੇਲ ਤੋਂ ਉਤਰਨ ਬਾਅਦ ਮੈਂ ਭੰਵਰਾਗੜ੍ਹ ਦੇ ਹੇਮਲਕਸਾ ‘ਚ ਸਥਿਤ ਡਾ. ਆਮਟੇ ਦੇ ਹਸਪਤਾਲ ਜਾਣ ਲਈ ਸਾਧਨ ਲੱਭਣ ਲਈ ਸਟੇਸ਼ਨ ਤੋਂ ਬਾਹਰ ਜਾਣ ਹੀ ਵਾਲਾ ਸੀ ਤਦ ਹੀ ਕਿਸੇ ਨੇ ਅਚਨਕ ਮੇਰੇ ਪਿੱਛੋਂ ਦੀ ਆ ਕੇ ਮੈਨੂੰ ਆਪਣੇ ਹੱਥਾਂ ਨਾਲ ਮਜ਼ਬੂਤੀ ਨਾਲ ਫੜ ਲਿਆ ਇਸਤੋਂ ਪਹਿਲਾਂ ਕਿ ਮੈਂ ਕੁਝ ਸਮਝ ਪਾਉਂਦਾ ਕਿ ਮੈਨੂੰ ਕੋਈ ਇਸ ਤਰ੍ਹਾਂ ਕਿਉਂ ਫੜ ਰਿਹਾ ਹੈ ਇਕ ਤੋਂ ਬਾਅਦ ਇਕ ਦਸ-ਬਾਰ੍ਹਾਂ ਹੋਰ ਲੋਕ ਆ ਕੇ ਮੇਰੇ ’ਤੇ ਝਪਟ ਪਏ। ਇਸੇ ਹਾਲਤ ‘ਚ ਮੈਂ ਆਪਣੇ ਨਾਲ ਕੁਝ ਬੁਰਾ ਹੋਣ ਵਾਲਾ ਸੋਚਕੇ ਮੈਂ ਜੋਰ-ਜੋਰ ਨਾਲ ਰੌਲਾ ਪਾਉਣ ਲੱਗਿਆ ਤਾਂ ਕਿ ਆਲੇ-ਦੁਆਲੇ ਤੋਂ ਕੋਈ ਮੇਰੀ ਮਦਦ ਲਈ ਆ ਜਾਵੇ। ਮੇਰੇ ਰੌਲਾ ਪਾਉਣ ਤੋਂ ਆਪਣੇ ਆਪ ਨੂੰ ਖਤਰਾ ਸਮਝ ਕੇ ਇਨ੍ਹਾਂ ਲੋਕਾਂ ਨੇ ਆਪਣੇ ਹੱਥਾਂ ਨਾਲ ਮੇਰਾ ਮੂੰਹ ਬੰਦ ਕਰ ਦਿੱਤਾ ਤੇ ਮੈਨੂੰ ਕੁਝ ਕਦਮਾਂ ਦੀ ਦੂਰੀ ਤੇ ਖੜੀ ਟਾਟਾ ਸੂਮੋ ‘ਚ ਸੁੱਟਕੇ ਉਥੋਂ ਲੈ ਗਏ। ਮੈਨੂੰ ਪਤਾ ਨਹੀਂ ਸੀ ਕਿ ਇਹ ਲੋਕ ਕੌਣ ਹਨ ਅਤੇ ਮੈਨੂੰ ਇਸ ਤਰ੍ਹਾਂ ਅਗਵਾ ਕਰਕੇ ਕਿੱਥੇ ਲੈ ਕੇ ਜਾ ਰਹੇ ਹਨ। ਕੁਝ ਹੀ ਦੇਰ ‘ਚ ਮੇਰੀਆਂ ਅੱਖਾਂ ਸਮੇਤ ਮੇਰੇ ਪੂਰੇ ਚਿਹਰੇ ਨੂੰ ਇਕ ਕਾਲੇ ਕੱਪੜੇ ਨਾਲ ਬੰਨ੍ਹ ਦਿੱਤਾ ਗਿਆ। ਉਨ੍ਹਾਂ ‘ਚੋਂ ਇਕ ਨੇ ਮੇਰੇ ਦੋਵੇਂ ਹੱਥਾਂ ਨੂੰ ਘੁੱਟ ਕੇ ਫੜ ਲਿਆ ਤਾਂ ਕਿ ਨਾ ਮੈਂ ਵੇਖ ਸਕਾਂ ਕਿ ਮੈਨੂੰ ਕਿੱਥੇ ਲੈ ਕੇ ਜਾ ਰਹੇ ਹਨ ਤੇ ਨਾ ਹੀ ਆਪਣੇ ਹੱਥਾਂ ਨਾਲ ਉਨ੍ਹਾਂ ਦੀਆਂ ਲੱਤਾਂ-ਮੁੱਕੀਆਂ ਦਾ ਬਚਾ ਕਰ ਪਾਵਾਂ। ਚਲਦੇ ਹੋਏ ਵਾਹਨ ‘ਚ ਮੈਨੂੰ ਇਸ ਤਰ੍ਹਾਂ ਫੜ ਲਏ ਜਾਣ ਅਤੇ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਇਹ ਜਾਣਨ ਦੀ ਕੋਸ਼ਿਸ਼ ਕਰਨ ਤੇ ਜਵਾਬ ‘ਚ ਗਾਲਾਂ, ਧਮਕੀਆਂ ਅਤੇ ਘਸੁੰਨ-ਮੁੱਕਿਆਂ ਨਾਲ ਕੁੱਟ ਪੈਂਦੀ।
ਇਸੇ ਤਰ੍ਹਾਂ ਲਗਭਗ ਇਕ ਘੰਟੇ ਬਾਅਦ ਇਕ ਨੇ ਮੇਰੇ ਚਿਹਰੇ ਤੋਂ ਕਾਲੇ ਕੱਪੜੇ ਨੂੰ ਹਟਾ ਕੇ ਆਪਣਾ ਆਈ ਕਾਰਡ ਵਿਖਾਇਆ ਤਦ ਮੈਨੂੰ ਪਤਾ ਲਗਿਆ ਕਿ ਮੈਨੂੰ ਇਸ ਤਰ੍ਹਾਂ ਅਗਵਾ ਕਰਨ ਵਾਲੇ ਗੜਚਿਰੌਲੀ ਪੁਲਿਸ ਸਟੇਸ਼ਨ ਬਰਾਂਚ ਦੇ ਲੋਕ ਸਨ। ਮੈਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਮੈਨੂੰ ਹਾਲੇ ਵੀ ਇਸਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸਦੇ ਲਗਭਗ ਦੋ ਘੰਟਿਆਂ ਬਾਅਦ ਗੱਡੀ ਤੋਂ ਲਾਹ ਕੇ ਕਾਲੀ ਪੱਟੀ ਉਤਾਰ ਦਿੱਤੀ ਗਈ।

ਕਾਲੀ ਪੱਟੀ ਹਟਾ ਦਿਤੇ ਜਾਣ ਬਾਅਦ ਮੈ ਵੇਖਿਆ ਮੇਰੇ ਖੱਬੇ ਪਾਸੇ ਵੱਡੇ ਮੈਦਾਨ ‘ਚ ਇਕ ਹੈਲੀਕਾਪਟਰ ਖੜਾ ਹੈ ਤੇ ਉਸਦੇ ਆਲੇ-ਦੁਆਲੇ ਕੁਝ ਪੁਲਿਸ ਦੇ ਸਿਪਾਹੀ ਗਸ਼ਤ ਕਰ ਰਹੇ ਹਨ। ਮੇਰੇ ਸੱਜੇ ਪਾਸੇ ਕੁਝ ਸਰਕਾਰੀ ਇਮਾਰਤਾਂ ਤੇ ਮੇਰੇ ਸਾਹਮਣੇ ਵੱਲ ਵੀ ਕੁਝ ਇਮਾਰਤਾਂ ਸਨ। ਉਨ੍ਹਾਂ ਵਿਚੋਂ ਇਕ ਇਮਾਰਤ ਦੀ ਪਹਿਲੀ ਮੰਜਿਲ ਤੇ ਮੈਨੂੰ ਲਿਜਾਇਆ ਗਿਆ ਅਤੇ ਕਮਰੇ ‘ਚ ਥੋੜੀ ਦੇਰ ਰੱਖਣ ਤੋਂ ਬਾਅਦ ਇਕ ਹੋਰ ਕਮਰੇ ਵਿਚ ਲਿਜਾਇਆ ਗਿਆ। ਉਸ ਕਮਰੇ ‘ਚ ਲਿਜਾਂਦੇ ਸਮੇਂ ਮੇਰੀ ਨਜ਼ਰ ਉਸ ਕਮਰੇ ਦੇ ਬਾਹਰ ਲੱਗੀ ਇਕ ਨਾਮ ਪਲੇਟ ਤੇ ਪਈ। ਤਾਂ ਕਿਤੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਮੈਨੂੰ ਗੜਚਿਰੌਲੀ ਪੁਲਿਸ ਹੈਡਕੁਆਟਰ ‘ਚ ਤਤਕਾਲੀ ਐਸ ਪੀ ਸੁਵੈਜ ਹੱਕ ਦੇ ਕੈਬਿਨ ‘ਚ ਲਿਜਾਇਆ ਜਾ ਰਿਹਾ ਹੈ। ਕੈਬਿਨ ਵਿਚ ਇਕ ਆਲੀਸ਼ਾਨ ਕੁਰਸੀ ਤੇ ਬੈਠੇ ਸੁਵੈਜ ਹੱਕ ਨੂੰ ਮੈਂ ਆਪਣੀ ਬਾਰੇ ਦੱਸਿਆ। ਅਤੇ ਮੈਨੂੰ ਬਿਨਾਂ ਕਾਰਨ ਇਸ ਤਰ੍ਹਾਂ ਗੈਰ-ਕਾਨੂੰਨੀ ਤਰੀਕੇ ਨਾਲ ਫੜੇ ਜਾਣ ਦਾ ਕਾਰਨ ਪੁੱਛਿਆ। ਸੁਵੈਜ ਹੱਕ ਵੀ ਖੁਦ ਮੈਨੂੰ ਧਮਕੀਆਂ ਦੇਣ ਲੱਗਿਆ। ਥੋੜੀ ਹੀ ਦੇਰ ਬਾਅਦ ਦੋ ਸਥਾਨਕ ਪੇਂਡੂ ਨੌਜਵਾਨਾਂ ਨੂੰ ਉੱਥੇ ਲਿਆਂਦਾ ਗਿਆ। ਦਰਅਸਲ, ਇਨ੍ਹਾਂ ਨੌਜਵਾਨਾਂ ਨੂੰ ਮੇਰੇ ਵਾਂਗ ਹੀ ਕਿਤੋਂ ਫੜਕੇ ਇੱਥੇ ਲਿਆਂਦਾ ਗਿਆ ਸੀ। ਇਹ ਉਹੀ ਆਦੀਵਾਸੀ ਨੌਜਵਾਨ ਹਨ ਜਿਨ੍ਹਾਂ ਨੂੰ ਪੁਲਿਸ ਮੇਰੇ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਮੇਰੇ ਸਾਹਮਣੇ ਉਨ੍ਹਾਂ ਨੌਜਵਾਨਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਸੀ ਉਸਤੋਂ ਮੈਂ ਸਮਝ ਗਿਆ ਸੀ ਕਿ ਪੁਲਿਸ ਦੁਆਰਾ ਮੈਨੂੰ ਇਸ ਤਰ੍ਹਾਂ ਫੜਨ ਪਿੱਛੇ ਕੀ ਇਰਾਦੇ ਹਨ।

ਇਸ ਤੋਂ ਬਾਅਦ ਮੈਨੂੰ ਦੂਸਰੇ ਕਮਰੇ ਵਿਚ ਲਿਜਾਇਆ ਗਿਆ ਉੱਥੇ ਅਗਲੇ ਤਿੰਨ ਦਿਨਾਂ ਤੱਕ ਮੇਰੇ ਉੱਤੇ ਪੁਲਸੀ ਤਸ਼ੱਦਦ ਦੇ ਸਾਰੇ ਤਰੀਕੇ ਵਰਤੇ ਗਏ। ਬਾਜੀਰਾਵ (ਜਿਸ ਨੂੰ ਮਾਰਨ ਨਾਲ ਸਰੀਰ ਤੇ ਬਹੁਤ ਜਿਆਦਾ ਚੋਟ ਲਗਦੀ ਹੈ ਪਰ ਜਖਮ ਦਿਖਾਈ ਨਹੀਂ ਦਿੰਦੇ) ਨਾਲ ਮਾਰਿਆ ਗਿਆ। ਪੈਰਾਂ ਦੀਆਂ ਤਲੀਆਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਲੱਤਾਂ-ਘਸੁੰਨਾਂ ਨਾਲ ਕੁੱਟਿਆ ਗਿਆ ਅਤੇ ਹੱਥਾਂ ਨਾਲ ਪੂਰੇ ਸਰੀਰ ਨੂੰ ਨੋਚਿਆ ਜਾਂਦਾ। ਉਨ੍ਹਾਂ ਸਾਰਿਆਂ ਤਰੀਕਿਆਂ ਨਾਲ ਤਿੰਨ ਦਿਨ ਤੱਕ ਬੇਹੋਸ਼ੀ ਦੀ ਹਾਲਤ ਤੱਕ ਹਰ ਰੋਜ ਕੁੱਟਿਆ ਜਾਂਦਾ ਸੀ। ਇਨ੍ਹਾਂ ਤਿੰਨਾ ਦਿਨਾਂ ‘ਚ ਇਕ ਪਲ ਲਈ ਵੀ ਸੌਣ ਨਹੀਂ ਦਿੱਤਾ ਗਿਆ। ਇਨ੍ਹਾਂ ਕਾਰੂਰ ਤਸੀਹਿਆਂ ਭਰੇ ਤਿੰਨ ਦਿਨਾਂ ਤੱਕ ਗੈਰ-ਕਾਨੂੰਨੀ ਹਿਰਾਸਤ ‘ਚ ਰੱਖਣ ਤੋਂ ਬਾਅਦ ਮੈਨੂੰ ਮਿਤੀ 23/8/2013 ਨੂੰ ਆਹੇਰੀ ਪੁਲਿਸ ਥਾਣੇ ਦੀ ਹਾਵਾਲਾਤ ‘ਚ ਲਿਆ ਸੁੱਟਿਆ। ਇਸ ਤਰ੍ਹਾਂ ਫੜੇ ਜਾਣ ਦੇ ਲਗਭਗ ਅੱਸੀ ਘੰਟਿਆਂ ਦੇ ਬਾਅਦ ਆਹੇਰੀ ਦੇ ਮਜਿਸਟਰੇਟ ਕੋਰਟ ‘ਚ ਪੇਸ਼ ਕੀਤਾ ਗਿਆ। ਮੇਰੇ ਦੁਆਰਾ ਵਾਰ-ਵਾਰ ਕਹਿਣ ਦੇ ਬਾਵਯੂਦ ਪੁਲਿਸ ਨੇ ਹੁਣ ਤੱਕ ਮੇਰੇ ਘਰ ਮੇਰੇ ਫੜੇ ਜਾਣ ਦੀ ਸੂਚਨਾ ਵੀ ਨਹੀਂ ਦਿੱਤੀ ਸੀ। ਜਦੋਂ ਮੈ ਅਦਾਲਤ ‘ਚ ਜੱਜ ਨੂੰ ਖੁਦ ਮੇਰੇ ਘਰ ਸੂਚਨਾ ਦੇਣ ਦੀ ਗੱਲ ਕਹੀ ਤਾਂ ਪੁਲਿਸ ਨੂੰ ਅਦਾਲਤ ਤੋਂ ਹੀ ਮੇਰੇ ਸਬੰਧੀਆਂ ਨੂੰ ਸੂਚਨਾ ਦੇਣੀ ਪਈ। ਇਸ ਦਿਨ ਮਜਿਸਟਰੇਟ ਅਦਾਲਤ ਤੋਂ ਮੈਨੂੰ ਦਸ ਦਿਨ ਲਈ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ। ਮੈਨੂੰ 20 ਅਗਸਤ 2013 ਨੂੰ ਬੱਲਰਸ਼ਾਹਾ ਰੇਲਵੇ ਸਟੇਸ਼ਨ ਤੋਂ ਫੜ ਕੇ ਤਿੰਨ ਦਿਨਾਂ ਤੱਕ ਗੈਰਕਾਨੂੰਨੀ ਤੌਰ ਤੇ ਪੁਲਿਸ ਹਿਰਾਸਤ ਵਿਚ ਰੱਖਣ ਬਾਅਦ ਪੁਲਿਸ ਨੇ ਅਦਾਲਤ ਅਤੇ ਮੀਡੀਆ ਨੂੰ ਮੈਨੂੰ ਬੱਲਰਸ਼ਾਹ ਤੋਂ ਲਗਭਗ ਤਿੰਨ ਸੌ ਕਿਲੋਮੀਟਰ ਦੂਰ ਆਹੇਰੀ ਬੱਸ ਸਟੈਂਡ ਕੋਲੋਂ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ। ਦਰਅਸਲ, ਪੂਰੀ ਤਰ੍ਹਾਂ ਨਾਲ ਝੂਠੇ ਇਸ ਦਾਅਵੇ ਦਾ ਮਕਸਦ ਤਿੰਨ ਦਿਨ ਤੱਕ ਮੈਨੂੰ ਗੈਰਕਾਨੂੰਨੀ ਹਿਰਾਸਤ ‘ਚ ਰੱਖੇ ਜਾਣ ਨੂੰ ਅਦਾਲਤ ਅਤੇ ਮੀਡੀਆ ਰਾਹੀਂ ਦੁਨੀਆਂ ਸਾਹਮਣੇ ਮੇਰੇ ਗ੍ਰਿਫਤਾਰੀ ਨੂੰ ਕਾਨੂੰਨੀ ਦਿਖਾਉਣਾ ਸੀ।

2 ਸਤੰਬਰ 2013 ਨੂੰ ਪੁਲਿਸ ਦੁਆਰਾ ਅਦਾਲਤੀ ਪੇਸ਼ੀ ‘ਚ ਜੱਜ ਨੇ ਮੇਰੀ ਪੁਲਿਸ ਹਿਰਾਸਤ ਨੂੰ 14 ਦਿਨ ਲਈ ਹੋਰ ਵਧਾ ਦਿੱਤਾ। ਇਸ ਤਰ੍ਹਾਂ ਕੁਲ 24 ਦਿਨਾਂ ਤੱਕ ਮੈਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ। ਇਨ੍ਹਾਂ 24 ਦਿਨਾਂ ਤੱਕ ਮੈਨੂੰ ਆਹੇਰੀ ਪੁਲਿਸ ਥਾਣੇ ਦੇ ਇਕ ਬਹੁਤ ਹੀ ਬਦਬੂ ਭਰੀ ਹਾਵਾਲਾਤ ਵਿਚ ਰੱਖਿਆ ਗਿਆ। ਹਾਵਾਲਾਤ ਵਿਚ ਮੈਨੂੰ ਸਿਰਫ ਜਿਊਂਦਾ ਰੱਖਣ ਲਈ ਖਾਣਾ ਦਿੱਤਾ ਜਾਂਦਾ ਸੀ। ਪਹਿਲੇ ਦਸ ਦਿਨ ਤੱਕ ਨਾ ਤਾਂ ਮੈਨੂੰ ਨਹਾਉਣ ਦਿੱਤਾ ਗਿਆ ਤੇ ਨਾ ਹੀ ਮੈਨੂੰ ਬੁਰਸ਼ ਕਰਨ ਦਿੱਤਾ ਗਿਆ। ਮੇਰੇ ਤੋਂ ਮੇਰੇ ਕੱਪੜੇ, ਬੁਰਸ਼, ਪੈਸੇ, ਆਈ ਕਾਰਡ ਸਭ ਕੁਝ ਗ੍ਰਿਫਤਾਰੀ ਦੇ ਸਮੇਂ ਹੀ ਖੋਹ ਲਿਆ ਗਿਆ ਸੀ। 2 ਸਤੰਬਰ ਨੂੰ ਅਦਾਲਤੀ ਪੇਸ਼ੀ ਦੇ ਦਿਨ ਮੇਰੇ ਪਿਤਾ ਅਤੇ ਦੋਸਤਾਂ ਦੁਆਰਾ ਕੱਪੜੇ, ਬੁਰਸ਼, ਸਾਬਣ ਅਤੇ ਰੋਜ਼ਾਨਾ ਜਰੂਰਤ ਦੀਆਂ ਚੀਜਾਂ ਦਿੱਤੀਆਂ ਗਈਆਂ ਤਾਂ ਕਿਤੇ ਜਾ ਕੇ ਨਹਾਉਣਾ, ਬੁਰਸ਼ ਕਰਨਾ ਅਤੇ ਐਨੇ ਦਿਨਾਂ ਤੋਂ ਪਸੀਨੇ ਨਾਲ ਭਿੱਜ ਚੁੱਕੇ ਗੰਦੇ ਕੱਪੜਿਆਂ ਨੂੰ ਬਦਲਣਾ ਨਸੀਬ ਹੋਇਆ।

ਪੁਲਿਸ ਹਿਰਾਸਤ ਦੇ 24 ਦਿਨਾਂ ਵਿਚ ਮਹਾਂਰਾਸ਼ਟਰ ਪੁਲਿਸ, ਐਸ. ਟੀ. ਐਸ, ਆਈ. ਬੀ. ਅਤੇ ਦਿੱਲੀ, ਉਤਰਾਖੰਡ, ਯੂ. ਪੀ., ਛਤੀਸ਼ਗੜ੍ਹ, ਆਂਧਰਾ ਪ੍ਰਦੇਸ਼ ਦੀਆਂ ਇੰਟੈਂਲੀਜੈਂਸ ਏਜੰਸੀਆਂ ਮੈਨੂੰ ਠੀਕ ਉਸ ਤਰ੍ਹਾਂ ਸਰੀਰਕ ਤੇ ਮਾਨਸਿਕ ਤਸੀਹੇ ਦਿੰਦੀਆਂ ਰਹੀਆਂ ਜਿਸ ਤਰ੍ਹਾਂ ਤਿੰਨ ਦਿਨਾਂ ਦੀ ਗੈਰ-ਕਾਨੂੰਨੀ ਹਿਰਾਸਤ ਵਿਚ ਦਿੱਤੀਆਂ ਗਈਆਂ। ਪੁਲਿਸ ਦੁਆਰਾ ਮੇਰੇ ਫੇਸਬੁਕ, ਜੀਮੇਲ, ਰੈਡਫਮੇਲ ਦੀ ਆਈ ਡੀ ਲੈ ਕੇ ਇਸਦਾ ਪਾਸਵਰਡ ਵੀ ਟਰੇਸ ਕਰ ਲਿਆ ਗਿਆ। ਮੈਨੂੰ ਪੂਰਾ ਯਕੀਨ ਹੈ ਕਿ ਪੁਲਿਸ ਤੇ ਇੰਟੈਂਲੀਜੈਂਸ ਏਜੰਸੀਆਂ ਹੁਣ ਵੀ ਮੇਰੇ ਫੇਸਬੁਕ ਤੇ ਈਮੇਲ ਅਕਾਂਊਟ ਦਾ ਦੁਰਉਪਯੋਗ ਕਰ ਰਹੀਆਂ ਹਨ। ਪੂਰੇ ਦੇਸ਼ ਤੇ ਦੁਨੀਆਂ ‘ਚ ਮੇਰੀ ਗ੍ਰਿਫਤਾਰ ਦਾ ਵਿਰੋਧ ਹੋਣ ਦੇ ਬਾਵਯੂਦ ਵੀ ਮੈਨੂੰ ਪੁਲਿਸ ਹਿਰਾਸਤ ਵਿਚ ਤਸੀਹੇ ਦੇਣ ਦਾ ਕੰਮ ਜਾਰੀ ਰਿਹਾ। ਇਨ੍ਹਾਂ ਹੀ ਨਹੀਂ ਪੁਲਿਸ ਦੀ ਯੋਜਨਾ ਵਿਚ ਮੈਨੂੰ ਹੋਰ ਵੀ ਜਿਆਦਾ ਪੁਲਿਸ ਹਿਰਾਸਤ ਵਿਚ ਰੱਖਣਾ ਸੀ। ਅਤੇ ਇਸ ਲਈ ਉਨ੍ਹਾਂ ਨੇ 16 ਸਤੰਬਰ 2013 ਨੂੰ ਮੇਰੀ ਅਦਾਲਤੀ ਪੇਸ਼ੀ ਦੌਰਾਨ ਕੋਸ਼ਿਸ਼ ਵੀ ਕੀਤੀ ਪਰ ਮੇਰੇ ਵਕੀਲ ਦੁਆਰਾ ਦਖਲ ਦੇਣ ਤੇ ਕਿਤੇ ਜਾ ਕੇ ਇਨ੍ਹਾਂ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ। ਉਸ ਦਿਨ ਜੱਜ ਨੇ ਮੈਨੂੰ ਇਸ ਤਸੀਹਾ ਕੇਂਦਰ (ਪੁਲਿਸ ਹਿਰਾਸਤ) ‘ਚ ਨਾ ਭੇਜ ਕੇ ਨਿਆਂਇਕ ਹਿਰਾਸਤ ‘ਚ ਸੈਂਟਰਲ ਜੇਲ੍ਹ ਭੇਜ ਦਿੱਤਾ।

ਨਾਗਪੁਰ ਸੈਂਟਰਲ ਜੇਲ੍ਹ ਤੇ ਮੈਨੂੰ ਜੇਲ੍ਹ ਦੀ ਬੈਰਕ ਸੰਖਿਆ-8 ‘ਚ ਭੇਜ ਦਿੱਤਾ ਗਿਆ। ਇਹ ਉਹੀ ਬੈਰਕ ਹੈ ਜਿੱਥੇ ਮੇਰੇ ਵਾਂਗ ਹੀ ਦੇਸ਼-ਧ੍ਰੋਹ ਅਤੇ ਯੂ. ਏ. ਪੀ. ਏ. ਵਾਂਗ ਲੋਕ ਵਿਰੋਧੀ ਕਾਨੂੰਨਾਂ ‘ਚ ਗ੍ਰਿਫਤਾਰ ਕੀਤੇ ਗਏ ਮਹਾਂਰਾਸ਼ਟਰ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨ ਵਾਲੇ ਵਿਦਿਆਰਥੀ ਕਾਰਕੁੰਨਾਂ, ਦਲਿਤ ਅਤੇ ਲਗਭਗ 40 ਆਦੀਵਾਸੀ ਨੌਜਵਾਨਾਂ ਨੂੰ ਰੱਖਿਆ ਗਿਆ ਸੀ। ਝੂਠੇ ਮਾਮਲਿਆਂ ‘ਚ ਫਸਾਏ ਗਏ ਇਨ੍ਹਾਂ ਆਦੀਵਾਸੀ ਨੌਜਵਾਨਾਂ ਦੀ ਗਿਣਤੀ ਸਮੇਂ ਦੇ ਨਾਲ-ਨਾਲ ਘੱਟਦੀ-ਵੱਧਦੀ ਰਹਿੰਦੀ ਹੈ। ਜੇਲ੍ਹ ਵਿਚ ਹੌਲੀ-ਹੌਲੀ ਸਮਾਂ ਬੀਤਣ ਤੇ ਮੈਨੂੰ ਇਨ੍ਹਾਂ ਆਦੀਵਾਸੀ ਨੌਜਵਾਨਾਂ ਨਾਲ ਗੱਲਬਾਤ ਦੇ ਦੌਰਾਨ, ਇਨ੍ਹਾਂ ਨੂੰ ਮਹੀਨਿਆਂ ਤੱਕ ਪੁਲਿਸ ਹਿਰਾਸਤ ਵਿਚ ਅਣਮਨੁੱਖੀ ਤੇ ਕਾਰੂਰ ਤਰੀਕੇ ਨਾਲ ਦਿੱਤੇ ਗਏ ਤਸੀਹਿਆਂ ਦੀ ਕਹਾਣੀ ਸੁਣਨ ਨੂੰ ਮਿਲੀ।
ਕਾਨੂੰਨ ਦੀਆਂ ਕਿਤਾਬਾਂ ਵਿਚ ਤੇਜ ਗਤੀ ਨਾਲ ਟਰਾਇਲ (ਸ਼ਪੲੲਦੇ ਠਰੳਿਲ) ਚਲਾਏ ਜਾਣ ਦਾ ਅਧਿਕਾਰ ਦਿੱਤਾ ਗਿਆ ਹੈ, ਪਰ ਇਨ੍ਹਾਂ ਆਦੀਵਾਸੀਆਂ ਵਿਚੋਂ ਕੋਈ ਦੋ, ਕੋਈ ਤਿੰਨ ਅਤੇ ਕੋਈ ਪੰਜਾਂ ਸਾਲਾਂ ਤੋਂ ਜੇਲ੍ਹ ਵਿਚ ਤਸੀਹੇ ਝੱਲਣ ਲਈ ਮਜ਼ਬੂਰ ਹਨ। ਘੱਟ ਤੋਂ ਘੱਟ ਛੇ ਤੋਂ ਲੈ ਕੇ ਵੱਧ ਤੋਂ ਵੱਧ 40 ਮਾਮਲਿਆਂ ਵਿਚ ਜੇਲ੍ਹ ‘ਚ ਬੰਦ ਕੀਤੇ ਇਨ੍ਹਾਂ ਨੌਜਵਾਨਾਂ ਲਈ ਜਮਾਨਤ ਦੀ ਆਸ ਕਰਨੀ ਤਾਂ ਬੇਈਮਾਨੀ ਹੋਵੇਗੀ। ਅਦਾਲਤ ਵਿਚ ਇਨ੍ਹਾਂ ਦੀ ਕਈ ਮਹੀਨਿਆਂ ਤੱਕ ਪੇਸ਼ੀ ਨਹੀਂ ਹੁੰਦੀ। ਕਦੇ ਇਕ-ਦੋ ਪੇਸ਼ੀਆਂ ਸਮੇਂ ’ਤੇ ਹੋ ਵੀ ਜਾਣ ਅਗਲੀ ਪੇਸ਼ੀ ਕਦੋਂ ਹੋਵੇਗੀ ਇਸਦਾ ਕੁਝ ਪਤਾ ਨਹੀਂ ਲਗਦਾ। ਇਨ੍ਹਾਂ ‘ਚੋਂ ਜਿਆਦਾਤਰ ਨੌਜਵਾਨਾਂ ਦੇ ਕੇਸ ਗੜਚਿਰੌਲੀ ਸ਼ੈਸ਼ਨ ਕੋਰਟ ਵਿਚ ਚੱਲ ਰਹੇ ਹਨ। ਮੇਰਾ ਕੇਸ ਵੀ ਇਸੇ ਅਦਾਲਤ ਵਿਚ ਚੱਲ ਰਿਹਾ ਹੈ। ਇਸ ਅਦਾਲਤ ਵਿਚ ਪ੍ਰਤੱਖ ਅਦਾਲਤੀ ਪੇਸ਼ੀ ਦੀ ਸੁਵਿਧਾ ਬੰਦ ਕਰ ਦਿੱਤੀ ਗਈ ਹੈ। ਪ੍ਰਤੱਖ ਅਦਾਲਤੀ ਪੇਸ਼ੀ ਦੀ ਜਗ੍ਹਾ ਵੀਡੀਓ ਕਾਨਫਰੰਸ ਜਰੀਏ ਅਦਾਲਤੀ ਪੇਸ਼ੀ ਕੀਤੀ ਜਾਂਦੀ ਹੈ ਜਿਸਦੇ ਚੱਲਦੇ ਕੈਦੀਆਂ ਨੂੰ ਨਾ ਤਾਂ ਆਪਣੇ ਕੇਸ ਦੇ ਸਬੰਧ ਵਿੱਚ ਆਪਣੇ ਵਕੀਲ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ ਤੇ ਨਾ ਹੀ ਜੱਜ ਨਾਲ।


ਇਸ ਢੰਗ ਨਾਲ ਹੋਣ ਵਾਲੀ ਅਦਾਲਤੀ ਪੇਸ਼ੀ ਨਾਲ ਅਗਲੀ ਹੋਣ ਵਾਲੀ ਅਦਾਲਤੀ ਪੇਸ਼ੀ ਦੀ ਤਰੀਕ ਦਾ ਪਤਾ ਹੀ ਲੱਗਦਾ ਹੈ। ਅਕਸਰ ਤਕਨੀਕੀ ਖਰਾਬੀ ਰਹਿਣ ਨਾਲ ਇਹ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ। ਵੀਡੀਓ ਕਾਨਫਰੰਸ ਰਾਹੀਂ ਨਿਰਪੱਖ ਟਰਾਇਲ (ਢੳਰਿ ਠਰੳਿਲ) ਸੰਭਵ ਨਹੀਂ ਹੈ ਜਿਸਦੇ ਸਿੱਟੇ ਵਜੋਂ ਇੰਨ੍ਹੀ ਦਿਨੀਂ ਦੋ ਆਦੀਵਾਸੀਆਂ ਨੂੰ ਸਜਾ ਵੀ ਹੋ ਗਈ ਹੈ।

ਜੇਲ੍ਹ ਵਿਚ ਬੰਦ ਕੈਦੀਆਂ ਲਈ ਆਪਣੇ ਸਬੰਧੀਆਂ ਤੇ ਜਾਂ ਆਪਣੇ ਵਕੀਲ ਨਾਲ ਮੁਲਾਕਾਤ ਜਾਲੀ ਲੱਗੀ ਖਿੜਕੀ ਰਾਹੀਂ ਹੁੰਦੀ ਹੈ। ਜੇਲ੍ਹ ਅੰਦਰ ਆ ਕੇ ਕੈਦੀਆਂ ਨਾਲ ਮੁਲਾਕਾਤ ਦੀ ਕੋਈ ਸਹੂਲਤ ਨਾ ਹੋਣ ਕਾਰਨ ਜਾਲੀ ਲੱਗੀ ਇਸ ਅਤੀਅੰਤ ਭੀੜ-ਭਾੜ ਵਾਲੀ ਇਸ ਖਿੜਕੀ ਰਾਹੀਂ 15-20 ਮਿੰਟ ਦੇ ਸਮੇਂ ਵਿਚ ਕੈਦੀਆਂ ਦੀ ਦੂਰ-ਦੂਰ ਤੋਂ ਆਉਣ ਵਾਲੇ ਸਬੰਧੀਆਂ ਤੇ ਆਪਣੇ ਵਕੀਲਾਂ ਨਾਲ ਕੇਸ ਦੇ ਸਬੰਧ ਵਿਚ ਵਿਸਥਾਰਪੂਰਵਕ ਚਰਚਾ ਹੋਣੀ ਬਿਲਕੁਲ ਵੀ ਸੰਭਵ ਨਹੀਂ ਹੈ।

ਇਸ ਸਾਲ 31 ਜਨਵਰੀ ਤੋਂ ਜੇਲ੍ਹ ਵਿੱਚ ਤਰ੍ਹ੍ਹਾਂ-ਤਰ੍ਹਾਂ ਦੇ ਤਸੀਹੇ ਝੱਲ ਰਹੇ 169 ਜੇਲ੍ਹ ਕੈਦੀਆਂ ਨੇ ਆਪਣੀ ਚਾਰ ਨੁਕਾਤੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਤੱਕ ਭੁੱਖ ਹੜਤਾਲ ਕੀਤੀ। ਇਸ ਸੰਘਰਸ਼ ਵਿਚ ਯੂ. ਏ. ਪੀ. ਏ., ਮਾਕੋਕਾ, ਅਤੇ ਕਤਲ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਵਿਚਾਰ ਅਧੀਨ ਕੈਦੀ ਸ਼ਾਮਲ ਸੀ। ਇਸ ਅੰਦੋਲਨ ਵਿਚ ਯੂ. ਏ. ਪੀ. ਏ. ਦੇ ਕੇਸ ਝੱਲ ਰਹੀਆਂ ਸੱਤ ਔਰਤਾਂ ਨੇ ਵੀ ਹਿੱਸਾ ਲਿਆ। ਸੰਘਰਸ਼ ਦੀਆਂ ਮੰਗਾਂ ਤੇਜ ਗਤੀ ਨਾਲ ਟਰਾਇਲ ਚਲਾਏ ਜਾਣ, ਵਿਚਾਰ ਅਧੀਨ ਕੈਦੀਆਂ ਦੀਆਂ ਪ੍ਰਤੱਖ ਅਦਾਲਤੀ ਪੇਸ਼ੀਆਂ ਕੀਤੇ ਜਾਣ, ਜਮਾਨਤ ਦੇ ਸੰਦਰਭ ਵਿਚ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ‘ਬੇਲ ਨਾਟ ਜੇਲ੍ਹ’ ਨੂੰ ਲਾਗੂ ਕਰਕੇ ਸਾਰੇ ਵਿਚਾਰ ਅਧੀਨ ਕੈਦੀਆਂ ਨੂੰ ਜਲਦ ਤੋਂ ਜਲਦ ਜਮਾਨਤ ਦਿੱਤੇ ਜਾਣ ਦੀਆਂ ਮੰਗਾਂ ਸ਼ਾਮਲ ਸਨ। ਸੰਘਰਸ਼ ਦੇ ਪਹਿਲੇ ਦਿਨ ਸੰਘਰਸ਼ ਵਿਚ ਭਾਗ ਲੈ ਰਹੇ ਯੂ. ਏ. ਪੀ. ਏ. ਦੇ ਕੇਸ ਵਾਲੇ ਕੈਦੀਆਂ ਨੂੰ ਜੇਲ੍ਹ ਦੇ ਅੱਤ ਸੁੱਰਖਿਆ ਵਿਭਾਗ ਆਂਡਾ ਸੈੱਲ ਵਿਚ ਭੇਜ ਦਿੱਤਾ ਗਿਆ। ਜਿਨ੍ਹਾਂ ਵਿਚ ਸੱਤ ਬੰਦੀਆਂ (ਜਿਨ੍ਹਾਂ ਵਿਚ ਇਕ ਮੈਂ ਵੀ ਹਾਂ) ਨੂੰ ਸੱਤ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਹੁਣ ਤੱਕ ਆਂਡਾ ਸੈੱਲ ਵਿਚ ਹੀ ਰੱਖਿਆ ਗਿਆ ਹੈ। ਸਾਡੇ ਕੋਲ ਜੇਲ੍ਹ ਅੰਦਰ ਹੋਰ ਕੈਦੀਆਂ ਨੂੰ ਮਿਲਣ ਦਾ ਕੋਈ ਸਮਾਂ ਨਹੀਂ ਹੈ। ਆਂਡਾ ਸੈੱਲ ਦੇ ਅੰਦਰ ਬੰਦ ਦੀਵਾਰਾਂ ਵਿਚ ਬਣੇ ਅਤੀਅੰਤ ਛੋਟੇ-ਛੋਟੇ ਬੈਰਕ ਅਤੇ ਉਨ੍ਹਾਂ ਵਿਚ ਚਾਲੀ ਮੀਟਰ ਘੁੰਮਣ ਦੀ ਜਗ੍ਹਾਂ ਹੀ ਸਾਡਾ ਸੰਸਾਰ ਹੈ।

ਪਿਛਲੇ ਇਕ ਸਾਲ ਤੋਂ ਪੁਲਿਸ ਹਿਰਾਸਤ ਦੇ ਤਸੀਹੇ ਅਤੇ ਜੇਲ੍ਹ ਦੀ ਇਕੱਲਤਾ ਦੇ ਅਨੁਭਵ ਅਤੇ ਮੇਰੀ ਤਰ੍ਹਾਂ ਜੇਲ੍ਹ ਵਿਚ ਬੰਦ ਹੋਰ ਲੋਕਾਂ ਦੀਆਂ ਕਹਾਣੀਆਂ ਜਾਣ ਕੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਹ ਸਾਰੀਆਂ ਸਿਆਸੀ ਅਤੇ ਸੱਭਿਆਚਾਰਕ ਗਤੀਵਿਧੀਆਂ ਸਮਾਜ ਅਤੇ ਮੇਰੇ ਹੀ ਤਰ੍ਹਾਂ ਜੇਲ੍ਹ ਵਿਚ ਬੰਦ ਕੈਦੀਆਂ ਦੀ ਰਿਹਾਈ ਲਈ ਕਿੰਨੀਆਂ ਜਰੂਰੀ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਮੇਰੀ ਅਤੇ ਹੋਰ ਜੇਲ੍ਹਾਂ ‘ਚ ਹਜਾਰਾਂ ਦੀ ਗਿਣਤੀ ਵਿਚ ਬੰਦ ਆਦੀਵਾਸੀਆਂ, ਦਲਿਤਾਂ, ਔਰਤਾਂ, ਗਰੀਬ ਮਜ਼ਦੂਰ-ਕਿਸਾਨਾਂ, ਕਾਰਕੁੰਨਾਂ ਦੀ ਰਿਹਾਈ ਲਈ ਅਵਾਜ ਉਠਾਵੋਂ।

ਇਸੇ ਵਿਸ਼ਵਾਸ ਨਾਲ
ਹੇਮ ਮਿਸ਼ਰਾ
ਯੂ. ਟੀ. ਐਨ. 56, ਅਤੀ ਸੁਰੱਖਿਆ ਵਿਭਾਗ
ਆਂਡਾ ਸੈੱਲ, ਨਾਗਪੁਰ ਸੈਂਟਰਲ ਜੇਲ੍ਹ, ਨਾਗਪੁਰ, ਮਹਾਂਰਾਸ਼ਟਰ।


‘ਸਮਕਾਲੀ ਤੀਸਰੀ ਦੁਨੀਆ’ ‘ਚੋਂ ਧੰਨਵਾਦ ਸਹਿਤ

ਅਨੁਵਾਦ: ਮਨਦੀਪ
ਸੰਪਰਕ: +91 98764 42052


Comments

Sumeet Shammi

Eh modi sarkaar di shuruaat hai.... pr ehna nu eh nhi pta k jinna eh lok pakhi awaza nu dbaunge ohne pressure naal eh awaza bahar aaungia

ਰਾਜ ਗਰੇਵਾਲ

ਸਾਲਿਓ ਇਹ ਪਿਆਰਾ ਜੇਹਾ ਮੁੰਡਾ ਤੁਹਾਨੂੰ ਅੱਤਵਾਦੀ ਲਗਦਾ ਦੁਰ ਫਿੱਟੇ ਮੁਹੰ ਕੁੱਤੀ ਸਰਕਾਰ ਦੇ ...

sunny

Hem Mishra nu slaam zalm sarkaran murdabaad

Harjinder Gulpur

Human rights de hk vich avaj bulnd krda Khtt nshr krn lai dhanvad veer g .

Rajinder Bimal

l ਏਸ ਵਰਤਾਰੇ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ

Lal singh Balloh Mehmi

Isda matlab ajje vi angrej hi raj karde ne..india ch.

Baee Avtar

ਇਹ ਜਬਰ ਹੈ

Attarjeet Kahanikar

ਜਮਹੂਰੀ ਹੱਕਾਂ ਦੀ ਕਾਤਲ ਸਰਕਾਰ ਦਾ ਖੂੰਖਾਰ ਬਾਬਰੀ ਚਿਹਰਾ ਨੰਗਾ ਕਰਨ ਲਈ ਪੁਰਜੋਰ ਆਵਾਜ਼ ਬੁਲੰਦ ਕਰੋ.

Kheewa Brar

veer rh te hona hi hai sach te julam hamesha takronda hai

Kheewa Brar

sach bolan wale ni marde sada jionde ne veero

rupinder singh

salute man .. is it democratic way ?

Gurmeet Hayatpuri

Kuj karna chahida. ....eh ta hnergrdi hai je eh schai hai ta ehde nal jure lok awaj kio nhi utha rehe ? Delhi tak prdrsan hona chahida

Mohinderpal Babbi

ਸਿਤਮਗਰ ਤੁਝ ਸੇ ਉਮੀਦੇ ਰਹਿਮ ਹੋਗਾ ਜਿਨਹੇਂ ਹੋਗਾ,,ਹਮੇਂ ਤੋਂ ਦੇਖਨਾ ਯਹ ਹੈ ਕਿ ਤੂ ਜਾਲਿਮ ਕਹਾਂ ਤੱਕ ਹੈ !

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ