Tue, 10 September 2024
Your Visitor Number :-   7220274
SuhisaverSuhisaver Suhisaver

ਨਿਸਫਲ ਹੱਡ -ਲਵੀਨ ਕੌਰ ਗਿੱਲ

Posted on:- 19-04-2012

suhisaver

ਕੁਝ ਸਾਲ ਪਹਿਲਾਂ ਮੈਨੂੰ ਇੱਕ ਬਿਰਧ ਨਾਗਰਿਕ ਸੰਸਥਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਇਹ ਕੰਮ ਲੈ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਜਾਣਦੀ ਸੀ ਕਿ ਭਵਿੱਖ ਵਿੱਚ ਮੇਰੇ ਮੈਡੀਕਲ ਖੇਤਰ ਦੇ ਰੁਜ਼ਗਾਰ ਵਿੱਚ ਇਹ ਇੱਕ ਤਜਰਬੇ ਦੇ ਹਵਾਲੇ ਦੇ ਰੂਪ ਵਿੱਚ ਫਾਇਦੇ-ਮੰਦ ਸਾਬਿਤ ਹੋਵੇਗਾ ।

ਮੇਰਾ ਪਹਿਲਾ ਦਿਨ, ਸ਼ੁਰੂਆਤੀ ਸਰਦੀਆਂ ਦੀ ਸਵੇਰ ਸੀ, ਸ਼ਿਫਟ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਦੂਸਰੀ ਮੰਜ਼ਿਲ ਦੇ ਸਾਰੇ ਕਮਰੇ ਘੋਖਣ ਲਈ ਕਿਹਾ ਗਿਆ । ਪੂਰੀ ਮੰਜ਼ਿਲ ਬਜ਼ੁਰਗ ਲੋਕਾਂ ਨਾਲ ਭਰੀ ਪਈ ਸੀ। ਹਰ ਕਮਰੇ ਵਿੱਚ ਇੱਕ ਬਜ਼ੁਰਗ ਸੀ । ਇਹ ਬਜ਼ੁਰਗ ਇੱਥੇ ਤਾਂ ਰਹਿੰਦੇ ਸਨ ਕਿਉਂਕਿ ਕੁਝ ਕੁ ਦੇ ਤਾਂ ਕੋਈ ਪਰਿਵਾਰ ਹੀ ਨਹੀਂ ਸੀ ਜਾਂ ਘਰ ਹੀ ਨਹੀਂ ਸੀ, ਪਰ ਕਈ ਬਜ਼ੁਰਗ ਇਸ ਪਿੰਜਰੇ ਵਿੱਚ ਅਜਿਹੇ ਸਨ ਜਿਨ੍ਹਾਂ ਦੇ ਪਰਿਵਾਰਾਂ ਕੋਲ ਉਹਨਾਂ ਲਈ ਕੋਈ ਸਮਾਂ, ਕੋਈ ਜਗ੍ਹਾ ਹੀ ਨਹੀਂ ਸੀ ਇਹਨਾਂ ਬੁੱਢੜੇ ਹੱਡਾਂ ਲਈ । ਇਸ ਪੂਰੀ ਮੰਜ਼ਿਲ ’ਤੇ ਸਿਰਫ ਇੱਕ ਬਜ਼ੁਰਗ ਤੋਂ ਇਲਾਵਾ ਕੋਈ ਵੀ ਭਾਰਤੀ ਬੋਲੀ ਨਹੀਂ ਬੋਲਦਾ ਸੀ । ਉਹ ਆਮ ਤੌਰ ’ਤੇ ਚੁੱਪ-ਗੜੁੱਪ ਰਹਿੰਦਾ ਸੀ, ਕਿਉਂਕਿ ਅੰਗਰੇਜ਼ੀ ਨਾ ਆਉਣ ਕਰਕੇ ਉਹ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਸਕਦਾ ਸੀ । ਉਹਦੀਆਂ ਅੱਖਾਂ ਸ਼ਾਇਦ ਉਹਦੇ ਬੁੱਲ੍ਹਾਂ ਨਾਲੋਂ ਜ਼ਿਆਦਾ ਕਹਿ ਲੈਂਦੀਆਂ ਸਨ, ਕਿਉਂਕਿ ਅੱਖਾਂ ਨੂੰ ਬੋਲੀ ਦੀ ਲੋੜ ਨਹੀਂ ਹੁੰਦੀ ।

ਜਦ ਵੀ ਮੈਂ ਉਸਨੂੰ ਦੇਖਦੀ ਉਹ ਸ਼ਾਂਤ, ਮੌਨ-ਧਾਰੀ ਹੁੰਦਾ ਤੇ ਉਹ ਹਮੇਸ਼ਾ ਉਸੇ ਤਰ੍ਹਾਂ ਕਰਦਾਂ ਜਿਸ ਤਰ੍ਹਾਂ ਕਰਨ ਨੂੰ ਨਰਸਾਂ ਉਸ ਨੂੰ ਕਹਿੰਦੀਆਂ । ਉਹ ਬਸ ਇਸ਼ਾਰਿਆਂ ਦੇ ਨਾਲ ਨਾਲ ਚਲਦਾ ਤੇ ਬਿਨਾਂ ਸ਼ੱਕ ਉਸ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ।

ਇੱਕ ਦਿਨ ਜਦੋਂ ਮੈਨੂੰ ਉਸਦੇ ਸਣੇ ਕੁਝ ਬਜ਼ੁਰਗਾਂ ਨੂੰ ਨਹਾਉਣ ਵਿੱਚ ਨਰਸਾਂ ਦੀ ਮਦਦ ਕਰਨ ਲਈ ਕਿਹਾ ਗਿਆ ਤਾਂ ਮੈਂ ਉਸ ਕੋਲ ਸੂਚੀ ਦੇ ਕਰਮ ਅਨੁਸਾਰ ਗਈ । ਇਸ ਤੋਂ ਪਹਿਲਾਂ ਕੇ ਮੈ ਉਸ ਨੂੰ ਇੱਕ ਵੀ ਸ਼ਬਦ ਕਹਿੰਦੀ ਉਸ ਨੇ ਹੌਲੀ ਜਿਹੇ ਆਪਣੇ ਸਿਰ ਤੋਂ ਪੱਗੜੀ ਉਤਾਰ ਦਿੱਤੀ ਕਿਉਂਕਿ ਉਹਨੂੰ ਨਿਤਨੇਮ ਦਾ ਪਤਾ ਸੀ ।

"ਤੁਹਾਡੇ ਧੋਤੇ ਹੋਏ ਕੱਪੜੇ ਕਿੱਥੇ ਨੇ ਬਾਬਾ ਜੀ?" ਮੈਂ ਪੁੱਛਿਆ । ਮੈਂ ੳਸਨੂੰ 'ਬਾਬਾ ਜੀ' ਕਹਿ ਕੇ ਬੁਲਾਇਆ ਸੀ ਕਿਉਂਕਿ ਇੱਕ ਭਾਰਤੀ ਮੂਲ ਦੀ ਹੋਣ ਕਰਕੇ ਮੈਨੂੰ ਇਹ ਅਸਧਾਰਣ ਸਿੱਖਿਆ ਦਿੱਤੀ ਗਈ ਸੀ ਕਿ ਕਿਸੇ ਵੀ ਬਜ਼ੁਰਗ ਨੂੰ ਨਾਂ ਲੈ ਕੇ ਨਹੀਂ ਬੁਲਾਉਣਾ ਚਾਹੀਦਾ ਚਾਹੇ ਉਹ ਅਜਨਬੀ ਹੀ ਕਿਉਂ ਨਾ ਹੋਵੇ । ਇਸ ਤਰ੍ਹਾਂ 'ਬਾਬਾ ਜੀ' ਕੋਈ ਵੀ ਬਜ਼ੁਰਗ ਹੋ ਸਕਦਾ ਹੈ ਜੋ ਮੇਰੇ ਦਾਦਾ ਜੀ ਦੀ ਉਮਰ ਦਾ ਹੋਵੇ ਜਾਂ ਦਾਦਾ ਜੀ ਆਪ ਵੀ ਹੋ ਸਕਦੇ ਨੇ ।

"ਜਸ, ਕਲਾੱਦ, ਬਾੱਕਸ" ਉਹਨੇ ਪੂਰੇ ਵਾਕ ਵਿਚੋਂ ਟੁੱਟੇ-ਫੁੱਟੇ ਅੰਗਰੇਜ਼ੀ ਦੇ ਕੁਝ-ਇੱਕ ਸ਼ਬਦ ਬੋਲਦੇ ਹੋਏ ਉਂਗਲ ਨਾਲ ਅਲਮਾਰੀ ਵੱਲ ਇਸ਼ਾਰਾ ਕੀਤਾ । ਭਾਵੇਂ ਇੰਝ ਲਗਦਾ ਸੀ ਕਿ ਉਸ ਕੋਲ ਕਹਿਣ ਨੂੰ ਦਿਲ ਵਿੱਚ ਬਹੁਤ ਕੁਝ ਹੈ, ਤੇ ਸ਼ਾਇਦ ਉਸਨੇ ਇਹ ਸੋਚਿਆ ਕਿ ਮੈਂ ਵੀ ਹੋਰਨਾਂ ਨਰਸਾਂ ਵਰਗੀ ਹਾਂ ਜੋ ਉਸ ਨਾਲ ਸਿਰਫ ਅੰਗਰੇਜ਼ੀ ਵਿੱਚ ਹੀ ਗੱਲ ਕਰਦੀਆਂ ਨੇ ।

"ਮੈਂ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਸਕਦੀ ਹਾਂ ਬਾਬਾ ਜੀ" ਮੈਂ ਉਸਨੂੰ ੳਸੇ ਦੀ ਬੋਲੀ ਵਿੱਚ ਦੁਬਾਰਾ ਕਿਹਾ । ਉਹਨੇ ਮੇਰੇ ਵੱਲ ਹੈਰਾਨੀ ਤੇ ਉਮੜਦੀਆਂ ਭਾਵਨਾਵਾਂ ਨਾਲ ਦੇਖਿਆ ਜੋ ਮੈਨੂੰ ਉਸ ਪਲ ਜ਼ਿਆਦਾ ਕੁਝ ਨਾ ਸਮਝ ਆਇਆ । ਮੈਂ ਕੁਝ ਪਲ ਹੋਰ ਉਸ ਕੋਲ ਰੁਕੀ ਜਦੋਂ ਤਕ ਕਿ ਸੂਚੀ ਵਿਚਲੇ ਅਗਲੇ ਬਾਸ਼ਿੰਦੇ ਦੀ ਵਾਰੀ ਨਾ ਆਈ । ਤਾਜ਼ੇ ਨਿੱਘੇ ਇਸ਼ਨਾਨ ਤੋਂ ਬਆਦ ਉਸ ਨੇ ਮੇਰੇ ਨਾਲ ਅਪਣੀ ਜ਼ਿੰਦਗੀ ਬਾਰੇ, ਅਪਣੇ ਪੜੇ-ਲਿਖੇ ਬੱਚਿਆਂ ਬਾਰੇ, ਅਪਣੇ ਸੋਹਣੇ ਘਰ ਬਾਰੇ ਜੋ ਕਦੇ ਉਹਦਾ ਹੁੰਦਾ ਸੀ, ਬਹੁਤ ਗੱਲਾਂ ਕੀਤੀਆਂ । ਇੰਝ ਲਗਦਾ ਸੀ ਜਿਵੇਂ ਉਹ ਦੁਨੀਆਂ ਦਿਆਂ ਸਾਰੀਆਂ ਗੱਲਾਂ ਉਸੇ ਘੰਟੇ ਵਿਚ ਉਗਲ ਦੇਣਾ ਚਾਹੁੰਦਾ ਸੀ । ਇਹ ਗੱਲ ਇੱਥੇ ਜ਼ਿਕਰਯੋਗ ਹੈ ਕਿ ਉਸ ਦੀ ਵੇਰਵੇ ਸਾਰਣੀ ਮੁਤਾਬਿਕ ਉਹ ਬਹੁਤ ਸ਼ਾਂਤ ਬੰਦਾ ਸੀ ਜੋ ਉੱਥੋਂ ਦੇ ਕਿਸੇ ਹੋਰ ਬਾਸ਼ਿੰਦੇ ਨਾਲ ਕਿਸੇ ਵੀ ਕਾਰਜ ਵਿੱਚ ਹਿੱਸਾ ਨਹੀਂ ਲੈਂਦਾ ਸੀ ।

"ਮੇਰੇ ਵੱਡੇ ਮੁੰਡੇ ਦਾ ਘਰ ਮਹਿਲਾਂ ਵਰਗਾ ਆ" ਇੱਕ ਦਿਨ ਜੇਤੂਆਂ ਵਾਲੀ ਮੁਸਕਾਨ ਲਈ ਉਹ ਆਦਮੀ  ਮੈਨੂੰ ਦੱਸ ਰਿਹਾ ਸੀ, ਭਾਵੇਂ ਉਸ ਨੂੰ ਅਪਣੇ ਮੁੰਡੇ ਦੇ ਇਸ ਮਹਲ ਵਿੱਚ ਇੱਕ ਕੋਨਾਂ ਵੀ ਹਿੱਸੇ ਨਈ ਆਇਆ ਸੀ । ਅਸਲ ਗੱਲ ਤਾਂ ਇਹ ਸੀ ਕਿ ਮੈਂ ਉਸ ਨੂੰ ਕਦੇ ਵੀ ਅਪਣੇ ਬੱਚਿਆਂ ਬਾਰੇ ਜਾਂ ਇਸ ਜਗ੍ਹਾ ’ਤੇ ਛੱਡੇ ਜਾਣ ਬਾਰੇ ਸ਼ਿਕਾਇਤ ਕਰਦਿਆਂ ਨਹੀਂ ਸੁਣਿਆਂ ਸੀ ।

"ਕੀ ਤੁੰ ਇੱਥੇ ਰੋਜ਼ ਆਇਆ ਕਰੇਂਗੀ?" ਉਸਨੇ ਮੈਨੂੰ ਜਗਿਆਸਾ ਨਾਲ ਪੁੱਛਿਆ ।
"ਨਹੀਂ, ਕਦੇ ਕਦੇ ਆਇਆ ਕਰੂੰਗੀ " ਮੈਂ ਜਵਾਬ ਦਿੱਤਾ । "ਜਦੋਂ ਤੂੰ ਆਉਂਦੀ ਏ ਤਾਂ ਚੰਗਾ ਲਗਦਾ" ਹੰਝੂਆਂ ਚ ਭਿੱਜੀਆਂ ਅੱਖਾਂ ’ਤੇ ਮੁਸਕੁਰਾਉਂਦੇ ਚਿਹਰੇ ਨਾਲ ਉਹਨੇ ਮੇਰਾ ਹੱਥ ਫੜਦਿਆਂ ਅੱਗੇ ਕਿਹਾ ।

ਮੇਰੇ 200 ਘੰਟੇ ਦੇ ਕੰਮ ਦੌਰਾਨ ਮੈਂ ਉਸ ਸੰਸਥਾ ਵਿਚ ਰੋਜ਼ ਜਾਂਦੀ ਸੀ ਤੇ ਉਹ ਹਮੇਸ਼ਾਂ ਮੈਨੂੰ ਦੇਖ ਕੇ ਖੁਸ਼ ਹੋਇਆ ਕਰਦਾ । ਉਸਨੂੰ ਹਮੇਸ਼ਾਂ ਮੇਰੇ ਦੁਬਾਰਾ ਆਉਣ ਦੀ ਤਾਂਘ ਲੱਗੀ ਰਹਿੰਦੀ ਸੀ ਕਿਉਂਕਿ ਮੈਂ ਉਸ ਲਈ ਉਹ ਰਿਵਾਇਤੀ ਭੋਜਨ ਲੈ ਕੇ ਆਉਂਦੀ ਸੀ ਜੋ ਉਹ ਸਾਰੀ ਉਮਰ ਖਾਂਦਾ ਰਿਹਾ ਸੀ, ਤੇ ਮੈਂ ਉਸ ਨੂੰ ਇਹ ਖਾਣਾ ਖਾਂਦਿਆਂ ਤੇ ਅਨੰਦ ਮਾਣਦਿਆਂ ਦੇਖਦੀ ਹੁੰਦੀ ਸੀ ।

"ਮੈਂ ਇੱਕ ਨਿੱਕੀ ਜਿਹੀ ਕੁੜੀ ਦੇਖੀ ਜੋ ਬਿਲਕੁੱਲ ਮੇਰੀ ਪੋਤੀ ਵਰਗੀ ਦਿਸਦੀ ਸੀ। ਉਹ ਅਪਣੀ ਮਾਂ ਨਾਲ ਇੱਥੇ ਕਿਸੇ ਨੂੰ ਮਿਲਣ ਆਈ ਸੀ", ਉਹਨੇ ਮੈਨੂੰ ਦੱਸਿਆ ਜਦੋਂ ਮੈਂ ਸਵੇਰ ਨੂੰ ਕੰਮ ਅਜੇ ਸ਼ੁਰੂ ਹੀ ਕਰਨ ਲੱਗੀ ਸੀ ।

"ਸੱਚੀਂ ! ਤਾਂ ਫਿਰ ਤੁਸੀਂ ਅਪਣੀ ਪੋਤੀ ਨੂੰ ਯਾਦ ਕਰਦੇ ਹੋ ?" ਮੈਂ ਸਵਾਲ ਕੀਤਾ ।

"ਉਹ ਮੈਨੂੰ ਕਿਤੇ-ਕਿਤੇ ਮਿਲਣ ਆਉਂਦੀ ਹੁੰਦੀ ਆ, ਮੈਨੂੰ ਪਤਾ ਉਹ ਜ਼ਰੂਰ ਅਪਣੀ ਮਾਂ ਕੋਲ ਮੈਨੂੰ ਰੋਜ ਮਿਲਣ ਆਉਣ ਦੀ ਜ਼ਿਦ ਕਰਦੀ ਹੋਣੀ ਆ, ਉਹ ਮੇਰਾ ਬੜਾ ਮੋਹ ਕਰਦੀ ਆ ਪਤਾ "

"ਇਹ ਤਾਂ ਬੜੀ ਚੰਗੀ ਗੱਲ ਆ" ਮੈਂ ਝੂਠੇ ਤੇ ਰਸਮੀ ਜਹੇ ਹਾਸੇ ਨਾਲ ਜਵਾਬ ਦਿੱਤਾ ਕਿਉਂਕਿ ਮੈਨੂੰ ਉਸ ਦੀ ਵੇਰਵਾ ਸਾਰਣੀ ਤੋਂ ਪਤਾ ਸੀ ਕਿ ਪਿਛਲੇ ਦੋ ਸਾਲਾਂ ਤੋਂ ਕੋਈ ਵੀ ਉਹਨੂੰ ਮਿਲਣ ਨਹੀਂ ਆਇਆ ਸੀ । ਕਿਉਂਕਿ ਬੱਚੇ ਜਰੂਰ ਆਪੋ- ਅਪਣੀ ਜ਼ਿੰਦਗੀ, ਬੱਚਿਆਂ ਤੇ ਅਪਣੇ ਬੁਢਾਪੇ ਲਈ ਦੌਲਤ ਇਕੱਠੀ ਕਰਨ 'ਚ ਮਸਰੂਫ ਹੋਣੇਗੇ । ਉਸ ਦਿਨ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਕਿ ਉਮਰ ਦੇ ਇਸ ਮੁਕਾਮ ’ਤੇ ਪਰਿਵਾਰ ਦਾ ਪਿਆਰ ਤੇ ਹਿਫਾਜ਼ਤ ਹੀ ਅਸਲ ਸੰਤੁਲਿਤ ਖੁਰਾਕ ਹੈ ।

ਸਮਾਂ ਗੁਜ਼ਰਿਆ ਤੇ ਮੇਰਾ ਉਸ ਸੰਸਥਾ ਵਿਚ ਕੰਮ ਖਤਮ ਹੋ ਗਿਆ ਤੇ ਮੈਂ ਅਜੇ ਵੀ ਉਸ ਨੂੰ ਮਿਲਣ ਜਾਂਦੀ ਸੀ ਪਰ ਪਹਿਲਾਂ ਜਿੰਨਾ ਨਹੀਂ । ਜਦੋਂ ਮੈਂ ਕਿਸੇ ਹੋਰ ਕੰਮ ਵਿੱਚ ਵਿਅਸਤ ਹੋਣ ਕਾਰਣ ਕਿਸੇ ਦਿਨ ਨਾ ਜਾ ਸਕਦੀ ਤਾਂ ਉਹ ਦੂਸਰੇ ਦਿਨ ਮੈਨੂੰ ਸ਼ਿਕਾਇਤ ਕਰਦਾ ਤੇ ਕੁਝ ਪਲਾਂ ਲਈ ਮੇਰੇ ਨਾਲ ਗੁੱਸੇ ਹੋ ਜਾਂਦਾ । ਫਿਰ ਕੁਝ ਪਲਾਂ ਬਆਦ ਹੀ ਉਹ ਮੈਨੂੰ ਉਹੀ ਪੁਰਾਣੀਆਂ ਕਈ ਵਾਰ ਦੁਹਰਾਈਆਂ ਹੋਈਆਂ ਕਹਾਣੀਆਂ ਬਿਨਾਂ ਕਿਸੇ ਲੜੀ ਦੇ ਸੁਨਾਉਣ ਲੱਗ ਪੈਂਦਾ । ਪਰ ਮੈਨੂੰ ਉਸ ਨੂੰ ਖੁੱਸ਼ ਦੇਖ ਕੇ ਅਜੀਬ ਤਸੱਲੀ ਹੁੰਦੀ ਸੀ ।

ਮੈਂ ਅਪਣੇ ਫੁੱਲ-ਟਾਇਮ ਸਕੂਲ ਤੇ ਪਾਰਟ-ਟਾਇਮ ਕੰਮ ਵਿੱਚ ਹੋਰ ਜ਼ਿਆਦਾ ਮਸਰੂਫ ਹੋ ਗਈ ਸੀ ਤੇ ਮੈਂ ਫਿਰ ਵੀ ਮਹੀਨੇ ਦੋ ਮਹੀਨੇ ਬਆਦ ਉਹ ਨੂੰ ਦੇਖਣ ਜਾਂਦੀ ਰਹੀ, ਹਰ ਵਾਰ ਮੈਨੂੰ ਉਹ ਪਹਿਲਾਂ ਨਾਲੋਂ ਹੋਰ ਜ਼ਿਆਦਾ ਕਮਜ਼ੋਰ ਤੇ ਡੂੰਘੀ ਚੁੱਪ ਦਾ ਸਤਾਇਆ ਹੋਇਆ ਲਗਦਾ !

ਫਿਰ ਮੈਂ 5 ਕੁ ਮਹੀਨਿਆਂ ਲਈ ਉਸਨੂੰ ਮਿਲਣ ਬਿਲਕੁਲ ਹੀ ਨਾ ਜਾ ਸਕੀ ਤੇ ਇਹ ਇੱਕ ਬਹੁਤ ਵੱਡਾ ਵਕਫਾ ਸੀ । ਜਦੋਂ ਮੈਂ ਅਖੀਰ ਇੱਕ ਦਿਨ ਉਸ ਸੰਸਥਾ ਵਿੱਚ ਪਹੁੰਚੀ, ਉਸੇ ਤਰਾਂ ਦੇ ਸਵਾਗਤ ਅਤੇ ਮੋਹ ਦੀ ਆਸ ਵਿੱਚ, ਪਰ ਇਸ ਵਾਰ ਇਹ ਵਖਰਾ ਸੀ । ਮੈਨੂੰ ਵੱਡੀ ਨਰਸ ਨੇ ਦੱਸਿਆ ਕਿ ਉਹ ਇੱਕ ਹਫਤਾ ਪਹਿਲਾਂ ਹੀ ਚੱਲ-ਵਸਿਆ ਸੀ । ਮੈਂ ਸਦਮੇ ਨਾਲ ਸੁੰਨ ਹੋ ਗਈ, ਮੇਰੇ ਕੋਲ ਕਹਿਣ-ਸੁਣਨ ਜਾਂ ਬਿਆਨ ਕਰਨ ਨੂੰ ਕੋਈ ਸ਼ਬਦ ਨਹੀਂ ਸਨ । ਉਹ ਚੱਲ-ਵਸਿਆ ਸੀ; ਕੋਈ ਨਹੀਂ ਜਾਣਦਾ ਸੀ ਕਿ ਉਸਦੇ ਦਿਲ ਦੀਆਂ ਡੂੰਘਾਈਆਂ ਵਿੱਚ ਕਹਿਣ ਨੂੰ ਕਿੰਨਾ ਕੁਝ ਸੀ !

Comments

Maninder Sidhu

Very emotional.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ