Mon, 09 December 2024
Your Visitor Number :-   7279164
SuhisaverSuhisaver Suhisaver

ਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ - ਮਿੰਟੂ ਬਰਾੜ ਆਸਟ੍ਰੇਲੀਆ

Posted on:- 17-02-2020

suhisaver

ਦਿੱਲੀ 'ਚ ਕੰਮ ਦੀ ਜਿੱਤ ਹੋਈ ਤੇ ਨਫ਼ਰਤ ਦੀ ਹਾਰ। ਭਾਜਪਾ ਨੇ ਆਪਣੀ ਸਾਰੀ ਤਾਕਤ ਝੋਕ ਕੇ ਚੋਣਾਂ ਦੇ ਅਖੀਰਲੇ ਦਿਨਾਂ 'ਚ ਹਰ ਇਕ ਨੂੰ ਸੋਚੀਂ ਪਾ ਦਿੱਤਾ ਸੀ। ਪਰ ਇਕੱਲੇ ਮਨੋਜ ਤਿਵਾੜੀ ਤੋਂ ਬਿਨਾਂ ਕਿਸੇ ਹੋਰ ਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਕੇਜਰੀਵਾਲ ਅਗਲੇ ਮੁੱਖਮੰਤਰੀ ਨਹੀਂ ਬਣ ਸਕਦੇ। ਬੱਸ ਹਰ ਇਕ ਦੀ ਸੋਚ ਸੀ ਕਿ ਦੇਖੋ ਕਿੰਨੀਆਂ ਸੀਟਾਂ ਲੈ ਕੇ ਆਪ ਤੀਜੀ ਬਾਰ ਸੱਤਾ 'ਚ ਆਉਂਦੀ ਹੈ। ਭਾਵੇਂ ਸਰਵੇ ਕੇਜਰੀਵਾਲ ਨੂੰ ਪੰਜਾਹ ਤੋਂ ਵੱਧ ਸੀਟਾਂ ਦਿੰਦੇ ਰਹੇ ਪਰ ਬੁੱਧੀਜੀਵੀ ਵਰਗ ਅਮਿਤ ਸ਼ਾਹ ਦੀਆਂ ਚਾਲਾਂ ਤੋਂ ਭੈਭੀਤ ਦਿਸ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕੁਝ ਵੀ ਹੋ ਸਕਦਾ। ਪਰ ਅਖੀਰ 'ਚ 62 ਸੀਟਾਂ ਤੇ ਜਿੱਤ ਦਰਜ ਕਰ ਕੇ ਆਪ ਨੇ ਸਭ ਨੂੰ ਹੈਰਾਨ ਕਰ ਦਿੱਤਾ ਤੇ ਨਾਲੇ ਸੋਚੀ ਪਾ ਦਿੱਤਾ ਕਿ ਹੁਣ ਸਹੀ ਸਮਾਂ ਹੈ ਆਪ ਦਾ ਦਿੱਲੀ ਤੋਂ ਬਾਹਰ ਖੰਭ ਖਿਲਾਰਨ ਦਾ।  ਜਦੋਂ ਇਹ ਗੱਲ ਉੱਠਦੀ ਹੈ ਤਾਂ ਸਭ ਤੋਂ ਪਹਿਲਾਂ ਅੱਖ ਪੰਜਾਬ 'ਤੇ ਆਉਂਦੀ ਹੈ।

ਇਕ ਵੇਲਾ ਸੀ ਜਦੋਂ ਪੰਜਾਬ ਨੇ ਵੀ ਆਪ ਨੂੰ ਅੱਖੀਂ ਬਿਠਾ ਲਿਆ ਸੀ। ਪਰ ਨੋਸਿਖਿਆ ਵੱਲੋਂ ਹੋਈਆਂ ਬੱਜਰ ਗ਼ਲਤੀਆਂ ਕਾਰਨ ਪੰਜਾਬ 'ਚ ਆਉਂਦਿਆਂ ਅੱਸੀ ਤੋਂ ਵੀ ਵੱਧ ਸੀਟਾਂ ਵੀਹ 'ਚ ਸਿਮਟ ਕੇ ਰਹਿ ਗਈਆਂ ਸਨ। ਜੋ ਬਾਅਦ 'ਚ ਹੋਰ ਵੀ ਖੇਰੂੰ-ਖੇਰੂੰ ਹੋ ਗਈਆਂ ਸਨ।
ਪਿਛੋਕੜ ਦੀਆਂ ਹੋਈਆਂ ਗ਼ਲਤੀਆਂ ਤੋਂ ਸਿੱਖ ਕੇ ਜੇ ਹੁਣ ਵੀ ਆਪ ਕੁਝ ਵੱਡੇ ਫ਼ੈਸਲੇ ਕਰ ਲਵੇ ਤਾਂ ਹੋ ਸਕਦਾ ਪੰਜਾਬ ਵੀ ਜਿੱਤ ਲਵੇ। ਜੋ ਕੋਈ ਅਸੰਭਵ ਕੰਮ ਨਹੀਂ ਦਿਸ ਰਿਹਾ। ਨਵਜੋਤ ਸਿੱਧੂ ਅੱਜ ਵੀ ਚੌਰਾਹੇ ਤੇ ਖੜ੍ਹਾ। ਉਨ੍ਹਾਂ ਦੀ ਕਾਬਲੀਅਤ ਤੇ ਭਰੋਸਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਨਾ ਕਿ ਸਟਾਰ ਪ੍ਰਚਾਰਕ ਬਲਕਿ ਮੁੱਖਮੰਤਰੀ ਦਾ ਚਿਹਰਾ ਬਣਾ ਕੇ ਆਪ ਅੱਧੇ ਯੁੱਧ ਨੂੰ ਜਿੱਤ ਸਕਦੀ ਹੈ।  ਸਿੱਧੂ ਨਾਲ ਹੋਣਹਾਰ ਪਰਗਟ ਸਿੰਘ ਤੇ ਹੋ ਸਕਦਾ ਬੈਂਸ ਭਰਾ ਵੀ ਆ ਜਾਣ। ਡਾ ਧਰਮਵੀਰ ਗਾਂਧੀ ਜਿਹੇ ਬੇਦਾਗ਼ ਇਨਸਾਨਾਂ ਨੂੰ ਮਨਾਇਆ ਜਾ ਸਕਦਾ ਹੈ।  ਸੁਖਪਾਲ ਸਿੰਘ ਖਹਿਰਾ ਵੀ ਬੱਸ ਬਹਾਨਾ ਹੀ ਭਾਲਦਾ ਕਿ ਕੇਜਰੀਵਾਲ ਉਨ੍ਹਾਂ ਨੂੰ ਕਹਿਣ ਕਿ ਤੁਹਾਡਾ ਆਪ 'ਚ ਦੁਆਰਾ ਸੁਆਗਤ ਹੈ। ਮੇਰੇ ਹਿਸਾਬ ਨਾਲ ਤਾਂ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਵਾਪਸ ਬੁਲਾਇਆ ਜਾ ਸਕਦਾ ਹੈ।

ਆਪ ਪਾਰਟੀ ਲਈ ਭਗਵੰਤ ਮਾਨ ਦੀ ਕੁਰਬਾਨੀ ਵੱਡੀ ਹੈ ਤੇ ਵੱਡੀ ਰਹੇਗੀ। ਪਰ ਉਨ੍ਹਾਂ ਨੂੰ ਵੀ ਇਕ ਟੀਮ ਪਲੇਅਰ ਵਾਲੀ ਭੂਮਿਕਾ 'ਚ ਆਉਣਾ ਪਵੇਗਾ। ਕਿਉਂਕਿ ਪਿਛਲੇ ਵਾਰ ਇਹ ਦੋਸ਼ ਲੱਗਿਆ ਸੀ ਕਿ ਭਗਵੰਤ ਮਾਨ ਨੇ ਵੱਡੇ ਦਿੱਗਜਾਂ ਨੂੰ ਜਾਣ ਬੁੱਝ ਕੇ ਆਪ 'ਚ  ਨਹੀਂ ਆਉਣ ਦਿੱਤਾ। ਸ਼ਾਇਦ ਉਨ੍ਹਾਂ ਨੂੰ ਮੁੱਖਮੰਤਰੀ ਦੀ ਕੁਰਸੀ ਦਿਸਣ ਲੱਗ ਪਈ ਸੀ।

ਸੁਣਨ 'ਚ ਤਾਂ ਇਹ ਵੀ ਆ ਰਿਹਾ ਸੀ ਕਿ ਹੋ ਸਕਦਾ ਕੇਜਰੀਵਾਲ ਦਿੱਲੀ ਦੀ ਡੋਰ ਮਨੀਸ਼ ਸਿਸੋਦੀਆ ਨੂੰ ਫੜਾ ਕੇ ਖ਼ੁਦ ਆਪਣਾ ਰਥ ਪੰਜਾਬ ਵੱਲ ਕਰ ਲੈਣ। ਪਰ ਇਨ੍ਹਾਂ ਕੁ ਤਾਂ ਤਹਿ ਹੈ ਕਿ ਲੰਮੇ ਵਕਫ਼ੇ ਮਗਰੋਂ ਕੇਜਰੀਵਾਲ ਪੰਜਾਬ 'ਚ ਰੋਡ ਸ਼ੋਅ ਕਰਨ ਆ ਰਹੇ ਹਨ। ਜੇ ਕਰ ਉਹ ਸੱਚੀ ਆ ਰਹੇ ਹਨ, ਤਾਂ ਮੇਰਾ ਮੰਨਣਾ ਹੈ ਇਕ ਉਨ੍ਹਾਂ ਨੂੰ ਪਹਿਲਾਂ ਉਪਰੋਕਤ ਦਿੱਗਜਾਂ ਨੂੰ ਖ਼ੁਦ ਸੰਪਰਕ ਕਰਨਾ ਚਾਹੀਦਾ ਹੈ ਤੇ ਇਸ ਰੋਡ ਸ਼ੋਅ ਨੂੰ ਇਸ ਤਰ੍ਹਾਂ ਉਲੀਕਿਆ ਜਾਵੇ ਕਿ ਇਸ ਦੌਰਾਨ ਚੰਗੇ ਲੋਕਾਂ ਨੂੰ ਤੇ ਲੀਡਰਾਂ ਨੂੰ ਆਪ 'ਚ ਭਾਰਤੀ ਕੀਤਾ ਜਾਵੇ।

ਪਟਿਆਲੇ ਸਿੱਧੂ ਅਤੇ ਗਾਂਧੀ ਕੇਜਰੀਵਾਲ ਦੀ ਉਡੀਕ 'ਚ ਖੜ੍ਹੇ ਹੋਣ, ਲੁਧਿਆਣੇ ਬੈਂਸ ਤੇ ਖਹਿਰਾ, ਮੁਹਾਲੀ ਕੰਵਰ ਸੰਧੂ, ਗੁਰਦਾਸਪੁਰ 'ਚ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਘੁੱਗੀ, ਅਤੇ ਜਲੰਧਰ 'ਚ ਪਰਗਟ ਸਿੰਘ ਹੱਥ 'ਚ ਫੁੱਲਾਂ ਦਾ ਹਾਰ ਲਈ ਖੜ੍ਹੇ ਹੋਣ। ਭਾਵੇਂ ਪਹਿਲਾਂ ਲੱਖ ਮਨਮੁਟਾਅ ਹੋ ਗਏ ਹੋਣ ਪਰ ਸੱਚ ਇਹੀ ਹੈ ਕਿ ਉਪਰੋਕਤ ਸਾਰੇ ਨਾਵਾਂ ਉੱਤੇ ਪੰਜਾਬ ਦੀ ਜਨਤਾ ਹਾਲੇ ਵੀ ਭਰੋਸਾ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬੀ ਕਦੇ ਵੀ ਬਾਹਰਲੀਆਂ ਦੀ ਚੌਧਰ ਸਵੀਕਾਰ ਨਹੀਂ ਕਰਦੇ।

ਜੇ ਇਹ ਸਾਰੇ 2017 ਦਿਆਂ ਚੋਣਾ 'ਚ ਇਕੱਠੇ ਹੋ ਜਾਂਦੇ ਤਾਂ ਨਤੀਜੇ ਕੁੱਝ ਹੋਰ ਹੀ ਹੋਣੇ ਸਨ। ਪਰ ਡੁੱਲ੍ਹੇ ਬੇਰ ਹਾਲੇ ਵੀ ਚੁੱਕਣ ਦੇ ਕਾਬਿਲ ਹਨ। ਪੰਜਾਬ ਦੀ ਜਨਤਾ ਕੋਲ ਹੁਣ ਬੱਸ ਇਹ ਆਖ਼ਰੀ ਆਸ ਬਚੀ ਹੈ। ਕੇਜਰੀਵਾਲ ਜੇ ਪਹਿਲ ਕਰ ਲਵੇ ਝੁਕਣ ਦੀ, ਤਾਂ ਫਲ ਵੀ ਉਸੇ ਦੇ ਲੱਗੂ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸਾਰੇ ਇਕੱਠੇ ਤਾਂ ਲੱਖ ਦੇ ਹੋ ਸਕਦੇ ਹਨ ਪਰ ਇਕੱਲਾ ਇਕੱਲਾ ਤਾਂ ਰੋਲ ਕੇ ਰੱਖ ਦਿੱਤਾ ਹੈ ਘਾਣ ਸਿਆਸਤਦਾਨਾਂ ਨੇ। ਭਾਵੇਂ ਉਹ ਸਿੱਧੂ ਹੋਵੇ ਭਾਵੇਂ ਖਹਿਰਾ। ਬੈਂਸ ਭਰਾਵਾਂ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜਾਨ ਲੜਾ ਰੱਖੀ ਹੈ ਪਰ ਉਹ ਵੀ ਇਕੱਲੇ ਪੰਜਾਬ ਦੀ ਕਿਸਮਤ ਨਹੀਂ ਬਦਲ ਸਕਦੇ।  ਹਾਲ ਦੀ ਘੜੀ ਪਿਛਲੀ ਤਿੰਨ ਸਾਲ ਦੀ ਕੈਪਟਨ ਦੀ ਕਾਰਗੁਜ਼ਾਰੀ ਦੁਬਾਰਾ ਜਿੱਤਣ ਵਾਲੀ ਨਹੀਂ ਦਿਖਾਈ ਦੇ ਰਹੀ। ਟਕਸਾਲੀ ਅਕਾਲੀ ਸੁਖਬੀਰ ਥੱਲੇ ਲੱਗਣ ਨੂੰ ਤਿਆਰ ਨਹੀਂ। ਸੋ ਭਾਵੇਂ ਆਪ ਨੇ ਪਿਛਲੇ ਸਾਲਾਂ 'ਚ ਪੰਜਾਬ 'ਚ ਆਪਣਾ ਆਧਾਰ ਗੁਆਇਆ ਹੀ ਹੈ।  ਪਰ ਫੇਰ ਵੀ ਜੇ ਉਪਰੋਕਤ ਤਰੀਕੇ ਦਾ ਇਕ ਰੋਡ ਸ਼ੋਅ ਹੁਣ ਕੇਜਰੀਵਾਲ ਕਰਦੇ ਹਨ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਦਸ ਕੁ ਦਿਨਾਂ 'ਚ ਕੇਜਰੀਵਾਲ ਦੇ ਬਰਾਬਰ ਪੰਜਾਬ ਦੇ ਹਾਲੇ ਵੀ ਚਹੇਤੇ ਉਪਰੋਕਤ ਨੇਤਾ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹ ਸਕਦੇ ਹਨ।

ਇੱਥੇ ਮਤਲਬ ਕੇਜਰੀਵਾਲ ਦੇ ਮਗਰ ਲੱਗਣ ਦਾ ਨਹੀਂ ਹੈ ਬੱਸ ਇਕ ਬਹਾਨਾ ਹੈ ਚੰਗੀ ਸੋਚ ਅਤੇ ਚੰਗੇ ਅਤੇ ਬੇਦਾਗ਼ ਲੋਕਾਂ ਨੂੰ ਮੂਹਰੇ ਲਿਆਉਣ ਦਾ। ਪੰਜਾਬ 'ਚ 2022 ਦੀ ਇਬਾਰਤ ਲਿਖਣ ਦਾ ਹੁਣ ਸੁਨਹਿਰੀ ਮੌਕਾ ਹੈ। ਲੋਹਾ ਗਰਮ ਆ, ਹਥੌੜਾ ਤਿਆਰ ਪਿਆ, ਬੱਸ ਲੋੜ ਹੈ ਹੌਮੇ ਤਿਆਗ ਕੇ ਇਕ ਜ਼ੋਰਦਾਰ ਸੱਟ ਮਾਰਨ ਦੀ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ