Sat, 05 October 2024
Your Visitor Number :-   7229290
SuhisaverSuhisaver Suhisaver

ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ : ਯੋਗਦਾਨ ਬਗੈਰ ਸਰਕਾਰ ਦੀ ਚੌਧਰ -ਕੁਲਦੀਪ ਚੰਦ

Posted on:- 11-10-2014

ਦੇਸ਼ ਵਿੱਚ ਕੁਦਰਤੀ ਆਫਤ ਅਤੇ ਮੁਸੀਬਤ ਵੇਲੇ ਲੋਕਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਬਣਾਇਆ ਗਿਆ ਹੈ। ਸੰਨ 1948 ਵਿੱਚ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਪੀਲ ਤੇ ਜਨਤਾ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦੀ ਸਥਾਪਨਾ ਕੀਤੀ ਗਈ ਸੀ। ਹੁਣ ਇਸ ਦੀ ਵਰਤੋਂ ਕੁਦਰਤੀ ਆਫਤਾਂ ਜਿਵੇਂ ਕਿ ਚੱਕਰਵਰਤੀ ਤੂਫਾਨ, ਹੜ੍ਹ, ਭੂਚਾਲ, ਸੁਨਾਮੀ, ਸੋਕਾ, ਵੱਡੀਆਂ ਦੁਰਘਟਨਾਵਾਂ ਅਤੇ ਦੰਗਿਆਂ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਦੀ ਮੱਦਦ ਲਈ ਕੀਤੀ ਜਾਂਦੀ ਹੈ। ਇਸ ਫੰਡ ਵਿੱਚੋਂ ਦਿਲ ਦੇ ਅਪਰੇਸ਼ਨ, ਕਿਡਨੀ ਬਦਲਣ ਅਤੇ ਕੈਂਸਰ ਦੇ ਇਲਾਜ ਲਈ ਲੋੜਵੰਦ ਮਰੀਜ਼ਾਂ ਦੀ ਆਰਥਿਕ ਸਹਾਇਤਾ ਕਰਨ ਦਾ ਵੀ ਪ੍ਰਬੰਧ ਹੈ। ਇਹ ਫੰਡ ਦੇਸ਼ ਦੀ ਆਮ ਜਨਤਾ ਦੇ ਸਹਿਯੋਗ ਨਾਲ ਹੀ ਚਲਾਇਆ ਜਾਂਦਾ ਹੈ ਅਤੇ ਇਸ ਵਿੱਚ ਸਰਕਾਰੀ ਬਜਟ ਵਿੱਚੋਂ ਕੋਈ ਵੀ ਹਿੱਸਾ ਨਹੀਂ ਪਾਇਆ ਜਾਂਦਾ ਹੈ।



ਇਸ ਫੰਡ ਦੀ ਰਾਸ਼ੀ ਨੂੰ ਬੈਂਕ ਵਿੱਚ ਫਿਕਸਡ ਡਿਪਾਜਿਟ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ। ਇਹ ਫੰਡ ਆਮਦਨ ਕਰ 1961 ਦੀ ਧਾਰਾ 10 (23) (ਸੀ) ਅਧੀਨ ਰਜਿਸਟਰਡ ਹੈ। ਇਹ ਫੰਡ ਆਮਦਨ ਕਰ ਦੀ ਧਾਰਾ 80-ਜੀ ਅਧੀਨ ਵੀ ਰਜਿਸਟਰਡ ਹੈ ਅਤੇ ਇਸ ਫੰਡ ਵਿੱਚ ਦਾਨ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਨੂੰ ਆਮਦਨ ਕਰ ਦੀ ਧਾਰਾ 80-ਜੀ ਅਧੀਨ ਆਮਦਨ ਕਰ ਤੋਂ ਛੋਟ ਮਿਲਦੀ ਹੈ।

ਜਾਣਕਾਰੀ ਅਨੁਸਾਰ ਇਸ ਫੰਡ ਅਧੀਨ ਪੈਸੇ ਖਰਚਣ ਅਤੇ ਦੇਣ ਦਾ ਅਧਿਕਾਰ ਪ੍ਰਧਾਨ ਮੰਤਰੀ ਕੋਲ ਹੈ ਅਤੇ ਇਸ ਫੰਡ ਵਿਚੋਂ ਪੈਸੇ ਸਿਰਫ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੀ ਦਿਤੇ ਜਾ ਸਕਦੇ ਹਨ। ਇਸ ਫੰਡ ਸਬੰਧੀ ਆਡਿਟ ਵੀ ਇੱਕ ਪ੍ਰਾਈਵੇਟ ਆਡਿਟਰ ਵਲੋਂ ਹੀ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦਾ ਪਰਮਾਨੈਂਟ ਅਕਾਊਂਟ ਨੰਬਰ ਏ ਏ ਏ ਜੀ ਪੀ 0033 ਐਮ ਹੈ।

ਦੇਸ਼ ਦੇ 28 ਬੈਂਕਾਂ ਵਿੱਚ ਪ੍ਰਧਾਨ ਮੰਤਰੀ ਰਾਹਤ ਕੋਸ਼ ਲਈ ਰਾਸ਼ੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਹਨਾਂ 28 ਬੈਂਕਾਂ ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਦੇ ਲਈ ਖਾਤੇ ਖੁਲਵਾਏ ਗਏ ਹਨ। ਇਹ ਫੰਡ ਵੀ ਸਾਡੀ ਸਰਕਾਰ ਲਈ ਕਮਾਈ ਦਾ ਸਾਧਨ ਬਣ ਚੁੱਕਿਆ ਹੈ। ਇਸ ਸਾਲ ਮਈ ਦੀ 16 ਤਰੀਕ ਤੱਕ ਇਸ ਫੰਡ ਵਿੱਚ 6.82 ਕਰੋੜ ਰੁਪਏ ਪ੍ਰਾਪਤ ਹੋਏ ਅਤੇ 9.63 ਕਰੋੜ ਰੁਪਏ ਜਾਰੀ ਕੀਤੇ ਜਦਕਿ 2038.31 ਕਰੋੜ ਰੁਪਏ ਬਕਾਇਆ ਪਏ ਹਨ।

ਹੈਰਾਨੀ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚ ਸਿਰਫ ਆਮ ਜਨਤਾ ਹੀ ਹਿੱਸਾ ਪਾਉਂਦੀ ਹੈ, ਜਦਕਿ ਲੱਖਾਂ ਕਰੋੜ ਰੁਪਏ ਦਾ ਬਜਟ ਰੱਖਣ ਵਾਲੀ ਸਰਕਾਰ ਇਸ ਫੰਡ ਵਿੱਚ ਕੋਈ ਵੀ ਹਿੱਸਾ ਨਹੀਂ ਪਾਉਂਦੀ ਹੈ। ਇਸ ਤੋਂ ਵੱਧ ਹੈਰਾਨੀ ਦੀ ਗੱਲ ਹੈ ਕਿ ਆਮ ਜਨਤਾ ਹਰ ਸਾਲ ਸਰਕਾਰ ਨੂੰ ਲੱਖਾਂ ਕਰੋੜ ਰੁਪਏ ਟੈਕਸ ਦਿੰਦੀ ਹੈ ਪਰ ਜਦੋਂ ਦੇਸ਼ ਵਿੱਚ ਕੋਈ ਹੜ, ਭੂਚਾਲ ਜਾਂ ਕੋਈ ਹੋਰ ਕੁਦਰਤੀ ਆਫਤ ਆਉਂਦੀ ਹੈ ਤਾਂ ਸਰਕਾਰ ਆਮ ਜਨਤਾ ਨੂੰ ਹੀ ਅਪੀਲ ਕਰਦੀ ਹੈ ਕਿ ਪੀੜਤਾਂ ਦੀ ਮੱਦਦ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚ ਦਾਨ ਦਿੱਤਾ ਜਾਵੇ, ਜਦਕਿ ਜਨਤਾ ਵੱਲੋਂ ਦਿੱਤੇ ਗਏ ਲੱਖਾਂ ਕਰੋੜ ਰੁਪਏ ਦੇ ਟੈਕਸ ਵਿੱਚੋਂ ਸਰਕਾਰ ਆਮ ਜਨਤਾ ਦੀ ਕੋਈ ਮੱਦਦ ਨਹੀਂ ਕਰਦੀ ਹੈ।

ਕੁਦਰਤੀ ਆਫਤਾਂ ਦੇ ਪੀੜਤਾਂ ਦੀ ਮੱਦਦ ਲਈ ਕਈ ਲੋਕ ਰੁਪਏ ਤੋਂ ਇਲਾਵਾ ਰਾਸ਼ਨ ਅਤੇ ਕੱਪੜਾ ਆਦਿ ਵੀ ਇਕੱਠਾ ਕਰ ਲੈਂਦੇ ਹਨ ਅਤੇ ਕਈ ਵਾਰ ਇਹ ਸਮਾਨ ਲੋੜਵੰਦਾਂ ਤੱਕ ਨਹੀਂ ਪਹੁੰਚਦਾ ਅਤੇ ਬਾਜ਼ਾਰਾਂ ਵਿੱਚ ਵਿਕਦਾ ਹੈ। ਸਾਡੇ ਦੇਸ਼ ਦੇ ਵਿਧਾਇਕ ਅਤੇ ਸੰਸਦ ਕਦੀ ਵੀ ਆਪਣੀ ਜੇਬ ਵਿੱਚੋਂ ਕੁਦਰਤੀ ਆਫਤਾਂ ਦੇ ਪੀੜਿਤਾਂ ਲਈ ਕੋਈ ਦਾਨ ਨਹੀਂ ਦਿੰਦੇ ਅਤੇ ਆਮ ਜਨਤਾ ਨੂੰ ਹੀ ਅਪੀਲਾਂ ਕਰਦੇ ਹਨ ਕਿ ਕੁਦਰਤੀ ਆਫਤ ਦੇ ਪੀੜਿਤਾਂ ਦੀ ਮੱਦਦ ਕੀਤੀ ਜਾਵੇ ਜਦਕਿ ਹਰ ਵਿਧਾਇਕ ਅਤੇ ਸੰਸਦ ਮੈਂਬਰ ਹਜ਼ਾਰਾਂ ਕਰੋੜ ਦੇ ਮਾਲਕ ਹੁੰਦੇ ਹਨ। ਇਸ ਫੰਡ ਲਈ ਕਦੇ ਕਦੇ ਕੁੱਝ ਰਾਜਨੀਤੀਵਾਨ, ਵਿਧਾਇਕ ਅਤੇ ਸੰਸਦ ਮੈਂਬਰ ਅਪਣੇ ਇੱਕ ਦਿਨ ਜਾਂ ਕਦੇ ਕਦੇ ਇੱਕ ਮਹੀਨੇ ਦੀ ਤਨਖਾਹ ਇਸ ਫੰਡ ਲਈ ਦੇਣ ਦਾ ਵਾਅਦਾ ਵੀ ਕਰਦੇ ਹਨ। ਇਸ ਫੰਡ ਲਈ ਕਈ ਵਾਰ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਪਣੇ ਜੇਬ ਖਰਚ ਵਿਚੋਂ ਚੰਦਾ ਇੱਕਠਾ ਕਰਦੇ ਹਨ ਅਤੇ ਗਲੀਆਂ ਬਜ਼ਾਰਾਂ ਵਿੱਚ ਘੁੰਮਕੇ ਲੋਕਾਂ ਤੋਂ ਚੰਦਾ ਇਕੱਠਾ ਕਰਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ