Sun, 13 October 2024
Your Visitor Number :-   7232271
SuhisaverSuhisaver Suhisaver

ਦਿੱਲੀ ਚੋਣਾਂ ਦੇ ਨਤੀਜੇ ਦੇ ਰਹੇ ਨੇ ਨਵੇਂ ਸੰਕੇਤ - ਗੁਰਚਰਨ ਪੱਖੋਕਲਾਂ

Posted on:- 25-12-2013

ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਫਲਤਾ ਨੇ ਲੋਕਰੋਹ ਦੀ ਤਸਵੀਰ ਨੂੰ ਪੇਸ਼ ਕੀਤਾ ਹੈ। ਵਰਤਮਾਨ ਸਮੇਂ ਵਿੱਚ ਸਰਕਾਰਾਂ ਨੇ ਜਿਸ ਤਰ੍ਹਾਂ ਲੋਕਾਂ ਦੀਆਂ ਜੇਬਾਂ ਨੂੰ ਲੁੱਟਣ ਲਈ ਹੱਥ ਪਾ ਲਿਆ ਹੈ ਤੋਂ ਲੋਕ ਡਾਢੇ ਦੁਖੀ ਹੋਏ ਪਏ ਹਨ। ਵਰਤਮਾਨ ਰਾਜ ਕਰਦੀਆਂ ਪਾਰਟੀਆਂ ਲੋਕ ਮਸਲਿਆਂ ਤੋਂ ਪਾਸਾ ਵੱਟਕੇ ਬਿਨਾਂ ਸ਼ਰਮ ਕੀਤਿਆਂ ਆਪਣੀਆਂ ਅਤੇ ਆਪਣਿਆਂ ਦੇ ਹੀ ਖਜ਼ਾਨੇ ਭਰਨ ਲੱਗੀਆਂ ਹੋਈਆਂ ਹਨ।

ਦੂਸਰਾ ਮੁਲਾਜ਼ਮ ਵਰਗ ਤਾਂ ਹਰ ਸਾਲ ਮਹਿੰਗਾਈ ਦੇ ਵੱਧਣ ਦੀ ਦਰ ਨਾਲ ਆਪਣੀਆਂ ਤਨਖਾਹਾਂ ਵਧਾਈ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਆਮ ਲੋਕ ਹਰ ਸਾਲ ਆਪਣੀ ਆਮਦਨ ਨੂੰ ਘੱਟਦਿਆਂ ਹੋਇਆਂ ਦੇਖਦੇ ਹਨ ਅਤੇ ਸਰਕਾਰਾਂ ਆਮ ਲੋਕਾਂ ਦੀ ਆਮਦਨ ਵਧਾਉਣ ਪ੍ਰਤੀ ਕੋਈ ਵੀ ਹੀਲਾ ਨਹੀਂ ਕਰਦੀਆਂ । ਸਮਾਜ ਦੇ ਸਾਰੇ ਵਰਗਾਂ ਦੀ ਆਮਦਨ ਇੱਕੋ ਅਧਾਰ ਤੇ ਵੱਧਣੀ ਚਾਹੀਦੀ ਹੈ । ਜੇ ਦੇਸ਼ ਦੇ ਵਪਾਰੀ ,ਮੁਲਾਜ਼ਮ ਵਰਗ ਅਤੇ ਰਾਜਨੀਤਕਾਂ ਦੀ ਆਮਦਨ ਵੱਧ ਰਹੀ ਹੈ ਤਦ ਆਮ ਲੋਕਾਂ ਦੀ ਆਮਦਨ ਵੀ ਉਸ ਦਰ ਅਤੇ ਹਿਸਾਬ ਨਾਲ ਵੱਧਣੀ ਚਾਹੀਦੀ ਹੈ। ਜਿੰਨਾਂ ਚਿਰ ਸਾਰੇ ਲੋਕਾਂ ਦੀ ਆਮਦਨ ਇੱਕ ਰਫਤਾਰ ਨਾਲ ਨਹੀਂ ਵੱਧੇਗੀ ਸਮਾਜ ਦੇ ਵਿੱਚ ਅਸਾਵਾਂਪਣ ਵੱਧਦਾ ਜਾਵੇਗਾ।

ਦੇਸ਼ ਦੇ ਆਮ ਲੋਕ,  ਮੁਲਾਜਜ਼ ਵਰਗ ,ਵਪਾਰੀ ਅਤੇ ਰਾਜਨੀਤਕਾਂ ਨਾਲੋਂ ਕਈ ਗੁਣਾਂ ਜ਼ਿਆਦਾ ਮਿਹਨਤ ਕਰਦੇ ਹਨ ਪਰ ਉਨ੍ਹਾਂ ਦੀ ਆਮਦਨ ਗਰਾਫ ਵੱਧਣ ਦੀ ਬਜਾਇ ਘੱਟਦਾ ਹੀ ਜਾ ਰਿਹਾ ਹੈ। ਆਮ ਲੋਕ ਜੇ ਤੀਹ ਕੁ ਰੁਪਏ ਰੋਜ਼ਾਨਾ ਖਰਚਣ ਦੀ ਸਮੱਰਥਾ ਰੱਖਦਾ ਹੈ ਨੂੰ ਅਮੀਰ ਐਲਾਨ ਦਿੱਤਾ ਜਾਂਦਾ ਹੈ ਅਤੇ ਉਸਨੂੰ ਸਹੂਲਤਾਂ ਦੇ ਉੱਪਰ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਦੂਸਰੇ ਪਾਸੇ ਅਮੀਰ ਤਬਕੇ ਦੇ ਕੁੱਝ ਲੋਕ ਰੋਜ਼ਾਨਾ ਕਰੋੜ ਵੀ ਖਰਚਣ ਵਾਲੇ ਹੋਣ ਤਦ ਵੀ ਉਹਨਾਂ ਵੱਲ ਸਰਕਾਰੀ ਖਜ਼ਾਨੇ ਦੇ ਮੂੰਹ ਖੁੱਲੇ ਰਹਿੰਦੇ ਹਨ।

ਦੇਸ਼ ਦੇ ਕਰੋੜਪਤੀ ਵੀ ਵਿਧਾਨਕਾਰ ਜਾਂ ਮੈਂਬਰ ਪਾਰਲੀਮੈਂਟ ਬਣਕੇ ਤਨਖਾਹਾਂ ਤੋਂ ਵੱਖਰੇ ਲੱਖਾ ਦੇ ਰੋਜ਼ਾਨਾ ਭੱਤੇ ਲੈਂਦੇ ਹਨ । ਮੁਲਾਜ਼ਮ ਵਰਗ ਮਹਿੰਗਾਈ ਦੇ ਨਾ ਤੇ ਅਨੇਕਾਂ ਭੱਤੇ ਲੈਂਦਾ ਹੈ। ਕਿਸੇ ਹੋਰ ਸਰਕਾਰੀ ਕੰਮ ਵਿੱਚ ਸਹਾਇਤਾ ਕਰਨ ਤੇ ਸਰਕਾਰੀ ਮੁਲਾਜ਼ਮ ਨੂੰ ਦੂਹਰੀ ਤਨਖਾਹ ਦਿੱਤੀ ਜਾਂਦੀ ਹੈ ਪਰ ਆਮ ਲੋਕਾਂ ਵਾਰੀ ਸਾਰੀਆਂ ਸਹੂਲਤਾਂ ਦਾ ਗਲ ਘੁੱਟ ਦਿੱਤਾ ਜਾਂਦਾ ਹੈ।
                             
ਕੀ ਦੇਸ ਦੇ ਆਮ ਵਿਅਕਤੀ ਦੀ ਹਾਲਤ ਸਿਰਫ ਗੁਲਾਮਾਂ ਵਾਲੀ ਹੈ । ਉਸਨੂੰ ਜਿਊਂਦਾ ਰੱਖਣ ਲਈ ਵੀ ਸਰਕਾਰਾਂ ਆਪਣਾ ਫਰਜ਼ ਨਹੀਂ ਸਮਝਦੀਆਂ । ਇਲਾਜ ਤਾਂ ਛੱਡੋ ਦੇਸ ਦੇ ਲੋਕ ਅੰਨ ਵੀ ਖਰੀਦਣ ਦੀ ਸਥਿਤੀ ਵਿੱਚ ਨਹੀਂ ਹਨ । ਸਰਕਾਰ ਨੇ ਸਬਸਿਡੀ ਤੇ ਅੰਨ ਖਰੀਦਣ ਵਾਲੇ 67 ਕਰੋੜ ਲੋਕਾਂ ਦੀ ਪਛਾਣ ਕੀਤੀ ਹੈ। ਕੀ ਹਾਲੇ ਸਾਡੇ ਦੇਸ਼ ਵਾਸੀ ਅੰਨ ਖਰੀਦਣ ਦੇ ਵੀ ਯੋਗ ਨਹੀਂ ਹੋਏ ਜਦੋਂ ਕਿ ਉਦਯੋਗਪਤੀ ਜ਼ੀਰੋ ਤੋਂ ਹੀਰੋ ਬਣ ਗਏ ਹਨ। ਅਮੀਰ ਲੋਕ ਤਾਂ ਹੁਣ ਵਿਦੇਸਾਂ ਵਿੱਚ ਵੀ ਵਪਾਰ ਕਰਨ ਲਈ ਦੇਸ ਦਾ ਅਥਾਹ ਧਨ ਹੜੱਪੀ ਬੈਠੇ ਹਨ ਅਤੇ ਬਹੁਰਾਸ਼ਟਰੀ ਕੰਪਨੀਆਂ ਬਣ ਗਏ ਹਨ, ਪਰ ਦੇਸ ਦਾ ਆਮ ਵਿਅਕਤੀ ਰੋਟੀ ਤੋਂ ਵੀ ਮੁਥਾਜ ਹੁੰਦਾ ਜਾ ਰਿਹਾ ਹੈ।

ਦਿੱਲੀ ਚੋਣਾਂ ਵਿੱਚ ਜਿੱਤਿਆ ਕੇਜਰੀਵਾਲ ਕੋਈ ਲੋਕਾਂ ਦਾ ਹੀਰੋ ਨਹੀਂ ਲੋਕਾਂ ਦੀ ਮਜਬੂਰੀ ਹੇ। ਆਮ ਲੋਕਾਂ ਨੇ ਸਿਰਫ ਰਾਜ ਕਰਦੀਆਂ ਦੋਵੇਂ ਧਿਰਾਂ ਬੀਜੇਪੀ ਅਤੇ ਕਾਂਗਰਸ ਨੂੰ ਸੁਨੇਹਾ ਦਿੱਤਾ ਹੈ ਕਿ ਸਾਨੂੰ ਮੰਦਰ ਮਸਜਦਾਂ ਦੇ ਝਗੜੇ ਨਹੀਂ ਚਾਹੀਦੇ ਅਤੇ ਨਾ ਹੀ ਸਾਨੂੰ ਉਦਯੋਗਿਕ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣੇ ਸਾਨੂੰ ਰੋਟੀ ਚਾਹੀਦੀ ਹੈ। ਸਾਨੂੰ ਮੁੱਢਲੀਆਂ ਸਹੂਲਤਾਂ ਚਾਹੀਦੀਆਂ ਹਨ। ਸਾਨੂੰ ਭਿ੍ਰਸਟ ਮੁਲਾਜ਼ਮਾਂ ਤੋਂ ਛੁਟਕਾਰਾ ਚਾਹੀਦਾ ਹੈ। ਸਾਨੂੰ ਲੁੱਟਣ ਅਤੇ ਕੁੱਟਣ ਵਾਲੀ ਪੁਲੀਸ ਅਤੇ ਸੁਰੱਖਿਆਂ ਫੋਰਸਾਂ ਨਹੀਂ ਰਾਖੀ ਕਰਨ  ਵਾਲੀਆਂ ਚਾਹੀਦੀਆਂ ਹਨ। ਕੇਜਰੀਵਾਲ ਨੇ ਆਮ ਲੋਕਾਂ ਦੇ ਆਮ ਮੁੱਦੇ ਚੁਕੇ ਹਨ ਅਤੇ ਇਸ ਕਾਰਨ ਹੀ ਉਸਨੂੰ ਵੋਟ ਪਾਕੇ ਲੋਕਾਂ ਨੇ ਸੰਕੇਤ ਕੀਤਾ ਹੈ ਕਿ ਅਸੀਂ ਉਸਨੂੰ ਹੀ ਵੋਟ ਪਾਵਾਂਗੇ ਜੋ ਸਾਡੇ ਜਿਉਣ ਦੀਅਤੇ ਸਾਡੇ ਆਮ ਦੁੱਖਾਂ ਦੀ ਗੱਲ ਕਰੇਗਾ।

ਦੇਸ਼ ਦੇ ਕਿਰਤੀ ਲੋਕਾਂ ਦੀ ਸਭ ਤੋਂ ਮਿਹਨਤੀ ਲੋਕਾਂ ਵਾਲੀ ਪੰਜਾਬ ਸਟੇਟ ਵਿੱਚ ਜਿਸ ਤਰਾਂ ਇੱਕ ਰੁਪਏ ਕਿਲੋ ਅੰਨ ਖਰੀਦਣ ਵਾਲੇ ਲੋਕਾਂ ਦੀ ਭੀੜ ਨੀਲੇ ਕਾਰਡ ਬਣਾਉਣ ਲਈ ਭੱਜ ਤੁਰੀ ਹੈ ਤੋਂ ਲੱਗਦਾ ਹੈ। ਜਿਸ ਤਰ੍ਹਾਂ ਪੰਜਾਬ ਦੇ ਲੋਕ ਵੀ ਗਰੀਬੀ ਅਤੇ ਮਜਬੂਰੀਆਂ ਦੇ ਗੁਲਾਮ ਹਨ । ਜੇ ਪੰਜਾਬ ਵਰਗੇ ਸੂਬੇ ਵਿੱਚ ਲੱਖਾਂ ਲੋਕ ਮੁਫਤ ਅੰਨ ਭਾਲਣ ਦੀ ਸਥਿਤੀ ਵਿੱਚ ਹਨ ਤਦ ਦੇਸ਼ ਦੇ ਦੂਸਰੇ ਸੂਬਿਆਂ ਦਾ ਹਾਲ ਤਾਂ ਸੋਚ ਕੇ ਹੀ ਰੂਹ ਕੰਬ ਜਾਵੇਗੀ।

ਆਮ ਲੋਕ ਇਸ ਅਖੌਤੀ ਵਿਕਾਸ ਅਤੇ ਖਪਤਕਾਰੀ ਯੁੱਗ ਨੇ ਰਗੜ ਕੇ ਰੱਖ ਦਿੱਤੇ ਹਨ । ਆਮ ਲੋਕਾਂ ਨੂੰ ਨਵੇਂ ਜ਼ਮਾਨੇ ਦੀ ਚਕਾਚੌਂਧ ਨੇ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਤੇ ਮਜਬੂਰ ਕੀਤਾ ਹੈ। ਦੇਸ਼ ਦੀਆਂ ਰਾਜਨੀਤਕ ਧਿਰਾਂ ਨੂੰ ਹਾਲੇ ਵੀ ਸੋਚਣਾਂ ਚਾਹੀਦਾ ਹੈ ਨਹੀਂ ਤਾਂ ਸਾਇਦ ਦੇਰ ਹੋ ਜਾਵੇਗੀ। ਆਮ ਵਿਅਕਤੀ ਨੂੰ ਜ਼ਿੰਦਗੀ ਜਿਉਣ ਲਈ ਵਰਤਮਾਨ ਸਮੇਂ ਦੇ ਨਾਲ ਪੈਰ ਮੇਚਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਰਕਾਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੇ।

ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ