Wed, 18 September 2024
Your Visitor Number :-   7222569
SuhisaverSuhisaver Suhisaver

ਰਾਜਸੱਤਾ ਸਿਆਸਤ ਵਿੱਚੋਂ, ਧਰਮ ਸੱਤਾ ਸੱਚ ਵਿੱਚੋਂ ਪੈਦਾ ਹੁੰਦੀ ਹੈ - ਗੁਰਚਰਨ ਸਿੰਘ ਪੱਖੋਕਲਾਂ

Posted on:- 26-09-2016

ਮਨੁੱਖੀ ਸੰਸਾਰ ਹਮੇਸਾਂ ਦੋ ਹੁਕਮਾਂ ਦੇ ਅਧੀਨ ਹੀ ਵਿਚਰਦਾ ਹੈ, ਪਹਿਲਾ ਰਾਜਸੱਤਾ ਦਾ ਹੁਕਮ ਦੂਸਰਾ ਧਰਮ ਸੱਤਾ ਦਾ ਹੁਕਮ । ਰਾਜਸੱਤਾ ਦੇ ਮਾਲਕ ਬਣਨ ਲਈ ਹੁਕਮ ਚਲਾਉਣ ਵਾਲੀ ਕੁਰਸੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਸਾਰਾ ਸੰਸਾਰ ਹੀ ਦੌੜ ਲਾ ਰਿਹਾ ਹੈ। ਦੂਸਰੇ ਪਾਸੇ ਧਰਮ ਸੱਤਾ ਵਾਸਤੇ ਸਾਰੀਆਂ ਸੰਸਾਰਕ ਦੌੜਾਂ ਰੋਕਣੀਆਂ ਪੈਂਦੀਆਂ ਹਨ। ਸੰਸਾਰਕ ਦੌੜਾਂ ਉਹੀ ਮਨੁੱਖ ਰੋਕ ਸਕਦਾ ਹੈ, ਜਿਸ ਵਿੱਚ ਅਟੱਲ ਕੁਦਰਤ ਦੇ ਪੰਜ ਜਮਦੂਤ ਕਾਮ (ਇਛਾਵਾਂ), ਕਰੋਧ, ਲੋਭ , ਮੋਹ ਅਤੇ ਹੰਕਾਰ ਨੂੰ ਵਸ ਵਿੱਚ ਕਰਨ ਦੀ ਤਾਕਤ ਹੋਵੇ। ਇਸ ਅਵੱਸਥਾ ਵਾਲਾ ਮਨੁਖ ਸੱਚ ਦੇ ਰਾਹ ਤੇ ਹੀ ਤੁਰਦਾ ਹੈ। ਇਹ ਰਾਹ ਈਸਾ ਮਸੀਹ ਨੂੰ ਸੂਲੀ , ਮੁਹੰਮਦ ਸਾਹਿਬ ਨੂੰ ਕਰਬਲਾਂ ਦੀ ਜੰਗ, ਗੁਰੂ ਅਰਜਨ ਦੇਵ ਨੂੰ ਤੱਤੀ ਤਵੀ, ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਤੱਕ ਲੈ ਜਾਂਦਾ ਹੈ। ਵਰਤਮਾਨ ਸਮਿਆਂ ਵਿੱਚ ਵੀ ਬਹੁਤ ਸਾਰੇ ਮਰਦ ਅਗੰਮੜੇ ਪੈਦਾ ਹੁੰਦੇ ਰਹਿੰਦੇ ਹਨ।

ਕਰਤਾਰ ਸਰਾਭੇ, ਸਹੀਦ ਭਗਤ ਸਿੰਘ, ਸੰਤ ਜਰਨੈਲ ਸਿੰਘ ਵਰਗੇ ਲੋਕ ਵਰਤਮਾਨ ਸਮਿਆ ਦੀ ਹੀ ਦੇਣ ਹਨ ਜਿਹਨਾਂ ਆਪਣੀਆਂ ਜਾਨਾਂ ਦੀ ਅਹੂਤੀ ਦੇਕੇ ਧਰਮ ਸਤਾ ਦੀ ਹੋਂਦ ਦਿਖ਼ਾਈ ਹੈ। ਸੰਸਾਰ ਦੇ ਦੂਸਰੇ ਹਿੱਸਿਆਂ ਵਿੱਚ ਵੀ ਅਸੰਖ ਲੋਕ ਹਨ ਜੋ ਕੁਰਬਾਨੀਆਂ ਸ਼ਹੀਦੀਆਂ ਦੇਕੇ ਆਪੋ ਆਪਣੇ ਮੁਲਕਾਂ ਸੂਬਿਆਂ ਵਿੱਚ ਸੱਚ ਤੇ ਪਹਿਰਾ ਦੇਕੇ ਆਪਣੇ ਨੇੜੇ ਦੇ ਲੋਕਾਂ ਨੂੰ ਧਰਮ ਸੱਤਾ ਦੇ ਦਰਸ਼ਨ ਕਰਵਾਉਂਦੇ ਹਨ।

ਇਹੋ ਜਿਹੇ ਕੁਰਬਾਨੀ ਦੇ ਪੁੰਜ ਲੋਕ ਹੀ ਧਰਮ ਸੱਤਾ ਦੇ ਪਰਤੀਕ ਹੁੰਦੇ ਹਨ, ਜਿਹਨਾਂ ਦੀ ਹੋਂਦ ਲੋਕਾਂ ਦੇ ਦਿਲਾਂ ਵਿੱਚ ਹੁੰਦੀ ਹੈ ਜਦੋਂ ਕਿ ਦੂਸਰੇ ਦਰਜੇ ਤੇ ਰਹਿਣ ਵਾਲੀ ਰਾਜਸੱਤਾ ਲੋਕਾਂ ਦੇ ਸਿਰਾਂ ਤੇ ਹੁਕਮ ਚਲਾਉਣ ਵਾਲੀ ਹੁੰਦੀ ਹੈ। ਰਾਜਸੱਤਾ ਦੀ ਕੁਰਸੀ ਆਪਣੀ ਹੋਂਦ ਬਣਾਈ ਰੱਖਣ ਲਈ ਧਰਮ ਸੱਤਾ ਦੇ ਰਾਹੀ ਲੋਕਾਂ ਦੇ ਸਿਰ ਵੀ ਕਤਲ ਕਰਕੇ ਆਪਣੀ ਲੰਬੀ ਉਮਰ ਲਈ ਕੁਰਸੀ ਦੇ ਪਾਵਿਆਂ ਥੱਲੇ ਚਿਣਨ ਤੋਂ ਗੁਰੇਜ ਨਹੀਂ ਕਰਦੀ। ਹਰ ਸਮੇਂ ਦੀ ਰਾਜਸੱਤਾ ਹੁਕਮ ਮੰਨਵਾਕੇ ਹੀ ਚੱਲਦੀ ਰਹੀ ਹੈ ਅਤੇ ਹੁਕਮ ਨਾ ਮੰਨਣ ਵਾਲਿਆਂ ਨੂੰ ਕਤਲ ਕਰਵਾ ਦੇਣਾ ਹੀ ਇਸਦੀ ਹੋਂਦ ਦਾ ਜਾਮਨ ਬਣਦਾ ਹੈ।
                      
ਵਰਤਮਾਨ ਸਮਿਆ ਵਿੱਚ ਆਮ ਲੋਕਾ ਨੂੰ ਰਾਜਸੱਤਾ ਧਰਮ ਸੱਤਾ ਦੀ ਨਕਲੀ ਹੋਂਦ ਦੇ ਘੇਰੇ ਵਿੱਚ ਫਸਾਕੇ ਗੁੰਮਰਾਹ ਕਰ ਰਹੀ ਹੈ। ਅਖੌਤੀ ਵਿਦਿਆਂ ਜੋ ਗਿਆਨ ਵਿਹੂਣੀ ਵਪਾਰਕ ਅਤੇ ਨਿੱਜੀ ਹਿਤਾ ਵਾਲੀ ਹੈ ਰਾਂਹੀ ਵਰਤਮਾਨ ਪੀੜੀ ਦੇ ਦਿਮਾਗ ਧੋਣ  ਲਈ ਵਰਤੀ ਜਾ ਰਹੀ ਹੈ। ਇਹ ਪੀੜੀ ਰਾਜਸੱਤਾ ਦੇ ਗੁਲਾਮ ਅਤੇ ਪੈਦਾਇਸ਼ ਅਖੌਤੀ ਧਾਰਮਿਕ ਸਥਾਨਾਂ, ਧਾਰਮਿਕ ਆਗੂਆਂ ਨੂੰ ਹੀ ਧਰਮ ਦੇ ਪਰਤੀਕ ਮੰਨ ਰਹੀ ਹੈ। ਧਾਰਮਿਕ ਸਥਾਨ ਉਹ ਹੁੰਦਾਂ ਹੈ ਜਿੱਥੇ ਮੌਤ ਦੇ ਡਰ ਤੋਂ ਬਿਨਾਂ ਸੱਚ ਬੋਲਿਆ ਜਾਂਦਾ ਹੋਵੇ। ਧਾਰਮਿਕ ਆਗੂ ਉਹ ਹੁੰਦਾਂ ਹੈ ਜੋ ਸੱਚ ਬੋਲਣ ਲਈ ਸਿਆਸਤ ਦੀ ਸਰਦਲ ਤੇ ਆਪਣਾ ਸਿਰ ਕਟਵਾ ਸਕਦਾ ਹੋਵੇ। ਵਰਤਮਾਨ ਸਮੇਂ ਦੇ ਸਿਆਸਤਦਾਨਾਂ ਦੇ ਬਣਾਏ ਧਾਰਮਿਕ ਆਗੂ ਸਿਆਸਤ ਮੂਹਰੇ ਡੰਡੋਤ ਬੰਧਨਾਂ ਕਰਦੇ ਰਹਿੰਦੇ ਹਨ।

ਦੁਨੀਆਂ ਦੇ ਹਰ ਧਰਮ ਹਰ ਦੇਸ਼ ਵਿੱਚ ਇਹੋ ਜਿਹੇ ਰਾਜਨੀਤਕਾਂ ਦੇ ਗੁਲਾਮ ਆਗੂਆਂ ਦੀ ਜੋ ਅਸਲ ਵਿੱਚ ਸਿਅਸਤਦਾਨ ਹੀ ਹਨ ਕੋਈ ਥੋੜ ਨਹੀਂ ਹੈ।  ਦੁਨੀਆਂ ਦੇ ਅਸਲੀ ਧਾਰਮਿਕ ਰਹਿਬਰਾਂ ਨੂੰ ਜਿਹੜੇ ਕਦੇ ਵੀ ਮਰਦੇ ਨਹੀਂ ਹੁੰਦੇ ਨੂੰ ਵਰਤਮਾਨ ਸਿਆਸਤ ਨੇ ਧਾਰਮਿਕ ਸਥਾਨ ਅਤੇ ਧਰਮ ਬਣਾਕਿ ਅਤੇ ਉਹਨਾਂ ਦੀ ਸੋਚ ਉਸ ਵਿੱਚ ਜੇਲ ਕਰਕੇ ਮਾਰਨ ਦੀ ਕੋਸਿਸ ਕੀਤੀ ਹੈ। ਦੁਨੀਆਂ ਦੇ ਵੱਡੇ ਅਵਤਾਰੀ ਪੁਰਸਾਂ ਦੇ ਨਾਮ ਤੇ ਹੀ ਧਰਮ ਚਲਾਕਿ ਉਹਨਾਂ ਦੀ ਸੋਚ ਨੂੰ ਆਪਣੇ ਗੁਲਾਮਾਂ ਰਾਹੀਂ ਮਾਰਨ ਦੀ ਪੂਰੀ ਕੋਸਿਸ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਸਿਰੀ ਲੰਕਾ ਦੇ ਗਿਆਨਵਾਨ ਇਬਰਾਹੀਮ ਟੀ ਕਾਵੂਰ ਵਰਗੇ ਬੰਦੇ ਦੇ ਨਾਂ ਤੇ ਵੀ ਤਰਕਸ਼ੀਲ ਨਾਂ ਦਾ ਧਾਰਮ ਖੜਾ ਕਰ ਲਿਆ ਗਿਆ ਹੈ ਜਿਸ ਨੂੰ ਸਿਆਸਤ ਦਾਨਾਂ ਦਾ ਗੁਲਾਮ ਅਮੀਰ ਵਰਗ ਤਰਕਾਂ ਦੇ ਸਹਾਰੇ ਚਲਾ ਰਿਹਾ ਹੈ ਅਤੇ ਇਹਨਾਂ ਦੀ ਦੁਕਾਨਦਾਰੀ ਵੀ ਵਧੀਆ ਚੱਲ ਰਹੀ ਹੈ। ਅਸਲ ਵਿੱਚ ਸਮੁੱਚੀ ਦੁਨੀਆਂ ਦਾ ਧਰਮ ਇੱਕ ਹੀ ਹੀ ਹੁੰਦਾਂ ਹੈ ਇਨਸਾਨੀਅਤ ਜੋ ਕਿ ਗਿਆਨ ਵਿੱਚੋਂ ਪੈਦਾ ਹੁੰਦਾਂ ਹੈ। ਭਗਤ ਕਬੀਰ ਜੀ ਦਾ ਫੁਰਮਾਨ ਜਹਾਂ ਗਿਆਨ ਤਹਾਂ ਧਰਮ ਇਸਦੀ ਗਵਾਹੀ ਪਾਉਂਦਾਂ ਹੈ। ਭਗਤ ਨਾਮਦੇਵ ਜੀ ਵੀ ਦੁਨੀਆਂ ਦੇ ਦੂਸਰੇ ਅਵਤਾਰੀ ਯੁੱਗ ਪੁਰਸ਼ਾਂ ਵਾਗ ਧਾਰਮਿਕ ਜਨਸਮੂਹਾਂ ਨੂੰ ਅੰਨੇ ਕਾਣੇ ਹੋਣ ਦਾ ਖਿਤਾਬ ਬਖਸ਼ਦੇ ਹਨ ਜਦੋਂ ਕਿ ਗਿਆਨਵਾਨ ਮਨੁੱਖ ਨੂੰ ਸਿਆਣਾ ਅਤੇ ਧਰਮੀ ਹੋਣ ਦਾ ਖਿਤਾਬ ਬਖਸਦੇ ਹਨ। ਸਿਆਸਤ ਦੀ ਪੈਦਾਵਾਰ ਰਾਜਸੱਤਾ ਗਿਆਨਵਾਨ ਮਨੁੱਖ ਨੂੰ ਹਮੇਸਾਂ ਗੁਲਾਮ ਬਨਾਉਣਾ ਲੋਚਦੀ ਹੈ ਅਤੇ ਗੁਲਾਮ ਨਾਂ ਬਨਣ ਤੇ ਕਤਲ ਵੀ ਕਰਦੀ ਹੈ।
                            
ਲੋਕਾਂ ਨੂੰ ਇਨਸਾਫ ਦੇ ਨਾ ਬੇਇਨਸਾਫੀਆਂ ਦੇਣ ਵਾਲੀ ਰਾਜਸੱਤਾ ਹਮੇਸ਼ਾਂ ਜਾਲਮ ਰੂਪ ਹੀ ਹੁੰਦੀ ਹੈ। ਦੁਨੀਆਂ ਦੀ ਹਰ ਰਾਜਸੱਤਾ ਨੇ ਆਪਣੀ ਹੋਂਦ ਬਣਾਈ ਰੱਖਣ ਲਈ ਤਾਕਤ ਦਾ ਸਹਾਰਾ ਲਿਆ ਹੈ। ਹਮਲਾਵਰ ਸਿਆਸਤ ਦੀ ਇਹ ਤਾਕਤ ਤੀਰਾਂ , ਤਲਵਾਰਾਂ ਤੋਂ ਬੰਦੂਕ ਦੀ ਨਾਲੀ ਵਿੱਚੋਂ ਨਿਕਲਣ ਤੱਕ ਲੰਬਾਂ ਸਫਰ ਤਹਿ ਕਰ ਚੁੱਕੀ ਹੈ । ਵਰਤਮਾਨ ਸਮਿਆਂ ਵਿੱਚ ਹਵਾਈ ਜਹਾਜਾਂ ਤੋਂ ਮਿਜਾਈਲਾਂ ਤੱਕ ਦੇ ਸਫਰ ਤਹਿ ਕਰ ਚੁੱਕੀ ਹੋਈ ਐਟਮ ਬੰਬਾਂ ਨਾਲ ਸ਼ਿੰਗਾਰੀ ਗਈ ਹੈ। ਇਹ ਸਭ ਕੁਝ ਕੁਝ ਗਿਆਨ ਵਿਹੂਣੇ ਲੋਕਾਂ ਦੀ ਅਨੇਕ ਤਰ੍ਹਾਂ ਦੀ ਹੱਵਸ਼ ਵਿੱਚੋਂ ਪੈਦਾ ਹੋ ਰਹੀ ਹੈ। ਇਹ ਲੋਕ ਆਪਣੀ ਲੁੱਟ  ਦੀ ਕਮਾਈ ਨਾਲ ਲੁੱਟ ਬਰਕਰਾਰ ਰੱਖਣ ਲਈ ਅਤੇ ਹੋਰ ਲੁੱਟ ਕਰਨ ਲਈ ਅਣਗਿਣਤ ਅਮਰੀਕੀ ਉਬਾਮੇ, ਅਫਗਾਨੀ ਉਸਾਮੇ, ਭਾਰਤੀ ਮਨਮੋਹਨ, ਮੋਦੀ ਅਤੇ ਧਾਰਮਿਕ ਅਖੌਤੀ ਆਗੂ ਪੈਦਾ ਕਰਦੇ ਹਨ। ਇਹਨਾਂ ਤੋਂ ਬਾਅਦ ਵੀ ਦੂਸਰੀ ਲਾਈਨ ਦੇ ਭਵਿੱਖ ਲਈ ਨਵੇਂ ਜਮੂਰੇ ਵੀ ਸਿੰਗਾਰ ਕੇ ਰੱਖਦੇ ਹਨ ਜਿਹਨਾਂ ਵਿੱਚ ਅਮਰੀਕੀ ਹਿਲੇਰੀਆਂ , ਭਾਰਤੀ ਕੇਜਰੀਵਾਲਾਂ, ਪੰਜਾਬੀ ਭੰਢਾਂ ਦੀ ਕੋਈ ਥੋੜ ਨਹੀਂ ਹੁੰਦੀ। ਸਿਆਸਤ  ਦੀ ਰਾਜਸੱਤਾ ਕਦੇ ਵੀ ਆਪਣੇ ਭੇਤ ਜਾਹਰ ਨਹੀਂ ਕਰਦੀ ਕਿਉਂਕਿ ਲੋੜ ਅਨੁਸਾਰ ਧਾਰਮਿਕ ਚੋਗੇ  ਵੀ ਪਹਿਨਦੀ ਹੈ ਅਤੇ ਜਾਲਮ ਰੂਪ ਹੋਕੇ ਧਾਰਮਿਕ ਸਥਾਨ ਅਤੇ ਧਾਰਮਿਕ ਲੋਕਾਂ ਨੂੰ ਵੀ ਢਾਹ ਦਿੰਦੀ ਹੈ। ਆਮ ਲੋਕ ਜਦ ਤੱਕ ਇਸ ਨੂੰ ਸਮਝਦੇ ਹਨ ਤਦ ਤੱਕ ਇਹ ਗਿਰਗਿਟ ਰੂਪੀ ਸਿਆਸਤ ਆਪਣੇ ਨਵੇਂ ਰੰਗਾਂ ਵਿੱਚ ਪਹੁੰਚ ਜਾਂਦੀ ਹੈ।
                       
ਅਸਲ ਵਿਚ ਆਮ ਲੋਕ ਸੱਚ ਧਰਮ ਦੇ ਰਾਹੀ ਹੁੰਦੇ ਹਨ ਅਤੇ ਚੁੱਪ ਚੁਪੀਤੇ ਹੀ ਰਾਜਸੱਤਾ ਦੀ ਸਰਦਲ ਤੇ ਆਪਣੇ ਖੂਨ ਪਸੀਨੇ ਦੀ ਮਿਹਨਤ ਵਿੱਚੋ ਉਪਜੀ ਕਿਰਤ ਦਾ ਮੁੱਲ ਕੁਰਬਾਨ ਕਰਦੇ ਰਹਿੰਦੇ ਹਨ। ਇਸ ਕਿਰਤ ਦੇ ਪੈਸੇ ਨੂੰ ਸਿਆਸਤਦਾਨਾਂ ਅਤੇ ਉਹਨਾਂ ਦੇ ਟੁੱਕੜਬੋਚ ਖਾਦੇ ਰਹਿੰਦੇ ਹਨ । ਆਮ ਲੋਕ ਆਪਣੇ ਦੁੱਖ ਦਰਦਾਂ ਦੀ ਦਵਾਈ ਨਹੀਂ ਸਿਰਫ ਦੁਆ ਹੀ ਮੰਗਦੇ ਰਹਿੰਦੇ ਹਨ। ਇਹ ਦੁਆ ਸੱਚ ਧਰਮ ਦੇ ਰਾਹੀਆਂ ਦੀ ਜ਼ਿੰਦਗੀ ਨੂੰ ਦੇਖਕੇ ਹੀ ਸਬਰ ਸੰਤੋਖ ਵਾਲੇ ਬਣਨਾਂ ਹੀ ਉਹਨਾਂ ਦੀ ਕਿਸਮਤ ਹੁੰਦਾ ਹੈ। ਦੁੱਖਾਂ ਅਤੇ ਜੁਲਮਾਂ ਦੀ ਇੰਤਹਾਂ ਹੋਣ ਤੇ ਇਹਨਾਂ ਆਮ ਲੋਕਾਂ ਦੇ ਹੱਥ ਦੁਆ ਲਈ ਕਦੇ ਗੁਰੂ ਨਾਨਕ ਵੱਲ ,ਕਦੇ ਮੱਕੇ ਮਦੀਨਿਆਂ ਦੀ ਦਰਗਾਹਾਂ ਵਿੱਚ ਮੁਹੰਮਦ ਸਾਹਿਬ ਵੱਲ ਕਦੇ ਸੂਲੀ ਚੜੇ ਈਸਾ ਮਸੀਹ ਵੱਲ, ਜਾਂ ਕਿਸੇ ਮੰਦਰ ਵੱਲ ਹੀ ਉੱਠ ਜਾਦੇ ਹਨ। ਲੁੱਟ ਦੇ ਉੱਪਰ ਕਾਬਜ ਇੱਕ ਵਰਗ ਨੂੰ ਛੱਡਕੇ ਦੁਨੀਆਂ ਦੀ ਅਬਾਦੀ ਦਾ ਵੱਡਾ ਹਿੱਸਾ ਰਾਜ ਸੱਤਾ ਦੀਆਂ ਕੁਰਸੀਆਂ ਅੱਗੇ ਨਹੀਂ  ਖੁਦਾਈ ਤਾਕਤਾਂ ਜਾਂ ਮਰ ਚੁੱਕੇ ਧਾਰਮਿਕ ਰਹਿਬਰਾਂ ਅੱਗੇ ਹੀ ਦੁਆ ਲਈ ਝੋਲੀ ਅੱਡਦਾ ਹੈ। ਰਾਜਸੱਤਾ ਦੀ ਜਾਲਮ ਕੁਰਸੀ ਨਾਲੋਂ ਧਾਰਮ ਸੱਤਾ ਦੀ ਸੱਚ ਵਿੱਚੋਂ ਪੈਦਾ ਹੋਈ ਕੁਰਸੀ ਆਮ ਲੋਕਾਂ ਲਈ ਅੱਜ ਵੀ ਵੱਡੀ ਅਤੇ ਪੂਜਣ ਯੋਗ ਹੈ। ਜਦ ਤੱਕ ਮਨੁੱਖੀ ਸੰਸਾਰ ਵਿੱਚ ਜਬਰ ਜੁਲਮ ,ਲੁੱਟ ਖਸੁੱਟ ਦਾ ਪਹਿਰਾ ਰਹੇਗਾ, ਤਦ ਤੱਕ ਦੁਨੀਆਂ ਵਿੱਚ ਦੋ ਸੱਤਾਵਾਂ ਰਾਜ ਸੱਤਾ ਤੇ ਧਰਮ ਸੱਤਾ ਜਿਉਂਦੀਆਂ ਰਹਿਣਗੀਆਂ। ਇਹ ਵਕਤ ਦੱਸੇਗਾ ਕਿ ਰਾਜਸੱਤਾ ਦੀ ਤਾਕਤ ਦੁਨੀਆਂ ਨੂੰ ਕਦ ਤਬਾਹ ਕਰੇਗੀ ਜਿਸ ਤੋਂ ਬਾਅਦ ਫਿਰ ਧਰਮ ਸੱਤਾ ਦੀ ਕੁਰਸੀ ਇਕੱਲੀ ਰਹਿ ਜਾਵੇਗੀ। ਹੋ ਸਕਦਾ ਹੈ ਇਹ ਉਸ ਵਕਤ ਆਧੁਨਿਕ ਤਰੱਕੀ ਯਾਫਤਾ ਭੁੱਖਾ,ਲੁਟੇਰਾ, ਜਾਲਮ ਵਰਤਮਾਨ ਮਨੁੱਖ ਨਹੀਂ ਹੋਵੇਗਾ।

 ਸੰਪਰਕ: +91 94177 27245
                         

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ