Tue, 10 September 2024
Your Visitor Number :-   7220281
SuhisaverSuhisaver Suhisaver

ਸਾਕਾ ਨੀਲਾ ਤਾਰਾ: ਕੀ ਜ਼ਿੰਮੇਵਾਰ ਧਿਰਾਂ ਕਦੇ ਅੰਤਰ ਝਾਤ ਮਾਰਨਗੀਆਂ? (ਭਾਗ- ਦੂਜਾ) -ਹਰਚਰਨ ਸਿੰਘ ਪ੍ਰਹਾਰ

Posted on:- 01-07-2021

ਸਿੱਖ ਚਿੰਤਕ ਅਜਮੇਰ ਸਿੰਘ ਨੌਜਵਾਨਾਂ ਨੂੰ ਭੜਕਾ ਕੇ ਆਖਿਰ ਚਾਹੁੰਦਾ ਕੀ ਹੈ?

ਦੁਨੀਆਂ
ਦਾ ਇਤਿਹਾਸ ਵੱਡੇ ਦੁਖਾਂਤਾਂ, ਜੰਗਾਂ, ਯੁੱਧਾਂ ਨਾਲ਼ ਭਰਿਆ ਪਿਆ ਹੈ।ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਤੋਂ ਅਸੀਂ ਚੰਗੇ-ਮਾੜੇ ਸਬਕ ਤਾਂ ਸਿੱਖ ਸਕਦੇ ਹਾਂ, ਪਰ ਜੀਣਾ ਅਸੀਂ ਆਪਣੇ ਅੱਜ ਦੇ ਹਾਲਾਤਾਂ ਤੇ ਸਮਰੱਥਾ ਅਨੁਸਾਰ ਹੀ ਹੁੰਦਾ ਹੈ।ਲੋਕ ਆਪਣੇ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵੱਧਦੇ, ਤਰੱਕੀ ਕਰਦੇ ਹਨ ਤੇ ਅਜਿਹੇ ਯਤਨ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।ਜਿਸ ਤਰ੍ਹਾਂ ਪਿਛਲ਼ੀ ਸਦੀ ਵਿੱਚ ਹੋਈਆਂ ਦੋ ਸੰਸਾਰ ਜੰਗਾਂ ਤੋਂ ਬਾਅਦ ਬੇਸ਼ਕ ਕਈ ਦੇਸ਼ ਆਰਥਿਕ ਤਰੱਕੀ ਦੇ ਨਾਲ਼-ਨਾਲ਼ ਵਿਨਾਸ਼ਕਾਰੀ ਨੁਕਲੀਅਰ ਹਥਿਆਰਾਂ ਵਿੱਚ ਵੀ ਬਹੁਤ ਸ਼ਕਤੀਸ਼ਾਲੀ ਹੋਏ ਹਨ।ਪਰ ਇਸ ਸਭ ਦੇ ਬਾਵਜੂਦ ਸਾਰਿਆਂ ਨੇ ਪਿਛਲੇ ਸੰਸਾਰ ਯੁੱਧਾਂ ਤੋਂ ਬਾਅਦ ਸਿੱਖੇ ਸਬਕਾਂ ਤੋਂ ਬਾਅਦ ਪਿਛਲੇ 80 ਸਾਲਾਂ ਵਿੱਚ ਠੰਡੀ ਜੰਗ ਚੱਲਦੀ ਰਹਿਣ ਦੇ ਬਾਵਜੂਦ ਤੀਜੀ ਸੰਸਾਰ ਜੰਗ ਨਹੀਂ ਹੋਣ ਦਿੱਤੀ? ਪੱਛਮੀ ਦੇਸ਼ਾਂ ਨੇ ਆਪਣੇ ਦੇਸ਼ਾਂ ਦਾ ਸਾਂਝਾ ਭਾਈਚਾਰਾ ਉਸਾਰਨ ਦਾ ਵੀ ਪੂਰਾ ਯਤਨ ਕੀਤਾ।

ਪਿਛਲੇ ਮਹੀਨੇ ਸਿੱਖ ਭਾਈਚਾਰੇ ਵਲੋਂ 37 ਸਾਲ ਪਹਿਲਾਂ ਜੂਨ 84 ਦੀਆਂ ਮੰਦਭਾਗੀਆਂ ਘਟਨਾਵਾਂ ਦੀ ਵਰ੍ਹੇਗੰਢ ਮਨਾਈ ਗਈ ਤਾਂ ਜੋ ਕੁਝ ਦੇਖਣ-ਸੁਣਨ ਨੂੰ ਮਿਲਿਆ, ਉਸ ਤੋਂ ਇਹੀ ਸਮਝ ਬਣਦੀ ਹੈ ਕਿ ਅਸੀਂ 37 ਸਾਲ ਬਾਅਦ ਵੀ ਕੀ ਤੇ ਕਿਵੇਂ ਹੋਇਆ ਨੂੰ ਹੀ ਸੁਣੀ-ਸੁਣਾਈ ਜਾਂਦੇ ਹਾਂ, ਅਜੇ ਵੀ ਅਸੀਂ ਇਸ ਸਬੰਧੀ ਚਰਚਾ ਕਰਨ ਨੂੰ ਤਿਆਰ ਨਹੀਂ ਕਿ ਜੂਨ 84 ਕਿਉਂ ਹੋਇਆ? ਹਰ ਸਾਲ ਨਵੀਆਂ ਨਵੀਆਂ ਕਹਾਣੀਆਂ ਬੜੇ ਸਨਸਨੀਖੇਜ਼ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ।ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਆਪਣੀ ਟੀ ਆਰ ਪੀ ਵਧਾਉਣ ਲਈ ਇਨ੍ਹਾਂ ਘਟਨਾਵਾਂ ਨੂੰ ਬੜੇ ਮਸਾਲੇ ਲਗਾ ਕੇ ਪੇਸ਼ ਕਰਦੇ ਹਨ।ਬੇਸ਼ਕ ਸਾਡੇ ਬਹੁਤੇ ਵਿਦਵਾਨਾਂ ਦਾ ਜ਼ੋਰ ਜੂਨ 84 ਰਾਹੀਂ ਸਿੱਖਾਂ ਨੂੰ ਪੀੜ੍ਹਤ ਧਿਰ ਬਣਾ ਕੇ ਦੁਨੀਆਂ ਸਾਹਮਣੇ ਪੇਸ਼ ਕਰਨਾ ਰਿਹਾ ਹੈ।ਪਰ ਇਥੇ ਵੀ ਉਹ ਮਾਰ ਖਾ ਜਾਂਦੇ ਹਨ, ਜਦੋਂ ਇੱਕ ਪਾਸੇ ਕਹਿੰਦੇ ਹਨ ਕਿ ਭਾਰਤ ਦੀ ਸ਼ਕਤੀਸ਼ਾਲੀ ਫੌਜ ਨੇ ਇੱਕ ਛੋਟੀ ਜਿਹੀ ਘੱਟ-ਗਿਣਤੀ ਦੇ ਧਾਰਮਿਕ ਅਸਥਾਨ ਤੇ ਟੈਂਕਾਂ ਤੋਪਾਂ ਨਾਲ਼ ਹਮਲਾ ਕਰਕੇ ਸਿੱਖਾਂ ਦਾ ਨਸਲਘਾਤ ਕੀਤਾ, ਫਿਰ ਨਾਲ਼ ਹੀ ਆਪਣੀ ਬਹਾਦਰੀ ਤੇ ਮੋਰਚਾਬੰਦੀ ਦੇ ਕਿੱਸੇ ਸ਼ੁਰੂ ਕਰ ਦਿੰਦੇ ਹਨ ਕਿ ਕਿਵੇਂ ਸਿੰਘਾਂ ਦੀ ਮੋਰਚਾਬੰਦੀ ਦੇਖ ਕੇ ਫੌਜ ਵੀ ਹੈਰਾਨ ਰਹਿ ਗਈ, ਕਿਵੇਂ ਹਜਾਰਾਂ ਫੌਜੀਆਂ ਦੇ ਸਿੰਘਾਂ ਨੇ ਸੱਥਰ ਵਿਛਾ ਦਿੱਤੇ, ਸਿੰਘਾਂ ਨੇ ਫੌਜੀ ਟੈਂਕ ਵੀ ਉਡਾ ਦਿੱਤੇ ਆਦਿ।ਸਾਡੇ ਵਿਦਵਾਨਾਂ ਦੇ ਇਹ ਦੋਨੋਂ ਆਪਾ ਵਿਰੋਧੀ ਕਿੱਸੇ ਸੁਣ ਕੇ ਕੌਣ ਮੰਨੇਗਾ ਕਿ ਨਿਹੱਥੇ ਸਿੱਖਾਂ ਨਾਲ਼ ਭਾਰਤੀ ਫੌਜ ਨੇ ਧੱਕਾ ਕੀਤਾ ਸੀ?

ਅੱਜ ਦੀ ਇਸ ਲਿਖਤ ਦਾ ਮੁੱਖ ਵਿਸ਼ਾ ਸਿੱਖ ਰਾਜਨੀਤੀ ਦੇ ਵਿਸ਼ਲੇਸ਼ਕ ਅਤੇ ਖਾਲਿਸਤਾਨੀ ਮੂਵਮੈਂਟ ਦੇ ਸਿਧਾਂਤਕ ਵਿਆਖਿਆਕਾਰ ਅਜਮੇਰ ਸਿੰਘ ਵਲੋਂ ਜੂਨ ਦੇ ਪਹਿਲੇ ਹਫਤੇ ਲਗਾਤਾਰ ਕਈ ਵੀਡੀਉ ਯੂ ਟਿਊਬ ਤੇ ਪਾਈਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਜੂਨ 84 ਦੀਆਂ ਘਟਨਾਵਾਂ ਨੂੰ ਪਲ-ਪਲ ਦੀ ਜਾਣਕਾਰੀ ਅਨੁਸਾਰ 1 ਜੂਨ ਤੋਂ 7 ਜੂਨ ਤੱਕ ਦੱਸਣ ਦਾ ਦਾਅਵਾ ਕੀਤਾ ਹੈ।ਜਿਥੇ ਉਨ੍ਹਾਂ ਨੇ ਬਹੁਤ ਸਾਰੀਆਂ ਆਪਾ-ਵਿਰੋਧੀ ਗੱਲਾਂ ਕੀਤੀਆਂ ਹਨ, ਉਥੇ ਬਹੁਤ ਸਾਰੀਆਂ ਗੱਲਾਂ ਨੂੰ ਮੰਨਿਆ ਹੈ, ਜੋ ਹੁਣ ਤੱਕ ਇਸ ਪਾਲ਼ੇ ਦੇ ਵਿਦਵਾਨ ਸਰਕਾਰ ਦੇ ਵਿਰੋਧ ਵਿੱਚ ਵਰਤਦੇ ਸਨ।ਸਾਡੀ ਇਸ ਲਿਖਤ ਦਾ ਮਕਸਦ ਉਸ ਵਕਤ 'ਧਰਮ ਯੁੱਧ ਮੋਰਚੇ' ਵਿੱਚ ਸ਼ਾਮਿਲ ਧਿਰਾਂ ਜਾਂ ਸਰਕਾਰ ਦੇ ਹੱਕ ਜਾਂ ਵਿਰੋਧ ਵਿੱਚ ਭੁਗਤਣਾ ਨਹੀਂ, ਸਗੋਂ ਇਨ੍ਹਾਂ ਘਟਨਾਵਾਂ ਦਾ ਨਿਰਪੱਖ ਵਿਸ਼ਲੇਸ਼ਣ ਕਰਨਾ ਹੈ ਤੇ ਕੁਝ ਸਵਾਲ ਖੜੇ ਕਰਨਾ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਜੂਨ 84 ਦਾ ਘੱਲੂਘਾਰਾ ਕਿਉਂ ਵਾਪਰਿਆ ਤੇ ਉਸ ਵਕਤ ਕੀ ਹਾਲਾਤ ਸਨ? ਅਜਮੇਰ ਸਿੰਘ ਦੇ ਆਪਣੇ ਕਥਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਅਤੇ ਸਿੱਖਾਂ ਦੀਆਂ ਕੁਝ ਮੰਗਾਂ ਨੂੰ ਅਧਾਰ ਬਣਾ ਕੇ 1982 ਵਿੱਚ ਪੂਰਨ ਤੌਰ ਤੇ ਸ਼ਾਂਤਮਈ 'ਧਰਮ ਯੁੱਧ' ਮੋਰਚਾ ਆਰੰਭਿਆ ਸੀ ਤੇ ਉਨ੍ਹਾਂ ਨੇ ਅਖੀਰ ਤੱਕ ਆਪਣੇ ਇਸ ਸਿਧਾਂਤਕ ਪੱਖ ਤੇ ਸਖਤੀ ਨਾਲ਼ ਪਹਿਰਾ ਦਿੱਤਾ ਕਿ ਇਹ ਮੋਰਚਾ ਕਿਸੇ ਵੀ ਢੰਗ ਨਾਲ਼ ਹਿੰਸਕ ਨਾ ਹੋਵੇ ਤਾਂ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਜ਼ਿਆਦਤੀ ਕਰਨ ਦਾ ਮੌਕਾ ਨਾ ਮਿਲ਼ੇ।ਪਰ ਫਿਰ ਵੀ ਸਰਕਾਰ ਨੂੰ ਜ਼ਿਆਦਤੀਆਂ ਕਰਨ ਦਾ ਮੌਕਾ ਕਿਉਂ ਮਿਲ਼ਿਆ? ਦਰਬਾਰ ਸਾਹਿਬ ਤੇ ਫੌਜੀ ਹਮਲਾ ਕਿਉਂ ਕਰਨਾ ਪਿਆ? ਇਸ ਬਾਰੇ ਅਜਮੇਰ ਸਿੰਘ ਜੀ ਚੁੱਪ ਧਾਰ ਲੈਂਦੇ ਹਨ? ਉਹ ਨਹੀਂ ਦੱਸਦੇ ਕਿ ਸ਼ਾਂਤਮਈ ਢੰਗ ਨਾਲ਼ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੇ ਸੰਘਰਸ਼ ਵਿੱਚ ਹਿੰਸਾ ਕਿਸਨੇ ਤੇ ਕਿਉਂ ਵਾੜੀ? ਉਹ ਕਿਹੜੇ ਕਾਰਨ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਸ਼ਾਂਤਮਈ ਮੋਰਚੇ ਵਿੱਚ ਹਥਿਆਰ ਚੁੱਕਣੇ ਪਏ? ਖਾੜਕੂਆਂ ਨੂੰ ਡੀ ਆਈ ਜੀ ਅਟਵਾਲ ਦਾ ਕਤਲ ਹਰਿਮੰਦਰ ਸਾਹਿਬ ਦੀਆਂ ਬਰੂਹਾਂ ਤੇ ਕਰਨ ਦੀ ਕੀ ਮਜਬੂਰੀ ਸੀ? ਜਦੋਂ ਇਹ ਕਤਲ ਹੋਇਆ ਸੀ ਤਾਂ ਸੰਤ ਭਿੰਡਰਾਂਵਾਲਿਆਂ ਸਮੇਤ ਅਕਾਲੀ ਲੀਡਰਸ਼ਿਪ ਨੇ ਕਿਹਾ ਸੀ ਕਿ ਸਿੱਖਾਂ ਨੂੰ ਬਦਨਾਮ ਕਰਨ ਦਾ ਇਹ ਏਜੰਸੀਆਂ ਦਾ ਕਾਰਾ ਹੈ? ਪਰ ਹੁਣ ਇਸ ਸਬੰਧੀ ਪਿਛਲ਼ੇ ਦਿਨੀਂ ਜੂਨ 10, 1984 ਨੂੰ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ ਖਾੜਕੂ ਮੇਜਰ ਸਿੰਘ ਨਾਗੋਕੇ ਦੇ ਇੰਗਲੈਂਡ ਰਹਿੰਦੇ ਪੁੱਤਰ ਅਜੈਪਾਲ ਸਿੰਘ ਨਾਗੋਕੇ ਨੇ ਆਪਣੀ ਇੰਟਵਿਊ ਵਿੱਚ ਕਿਹਾ ਹੈ ਕਿ ਉਸਦੀ ਮਾਂ ਨੇ ਦੱਸਿਆ ਸੀ ਕਿ ਡੀ ਆਈ ਜੀ ਅਟਵਾਲ ਦਾ ਕਤਲ ਉਸਦੇ ਪਿਤਾ ਨੇ ਕੀਤਾ ਸੀ? ਮੇਜਰ ਸਿੰਘ ਨਾਗੋਕੇ ਸੰਤ ਭਿੰਡਰਾਂਵਾਲ਼ਿਆਂ ਦਾ ਖਾਸ ਚਹੇਤਾ ਸੀ।ਇਸ ਤੋਂ ਕੀ ਸਮਝਿਆ ਜਾਵੇ ਕਿ ਦਰਬਾਰ ਸਾਹਿਬ ਬੈਠੇ ਖਾੜਕੂ ਏਜੰਸੀਆਂ ਲਈ ਕੰਮ ਕਰਦੇ ਸਨ?

2 ਜੂਨ, 1984 ਨੂੰ ਭਾਰਤ ਸਰਕਾਰ ਵਲੋਂ ਪੰਜਾਬ ਵਿੱਚ ਫੌਜ ਭੇਜਣ, ਸਾਰੇ ਪੰਜਾਬ ਦੀ ਘੇਰਾਬੰਦੀ ਕਰਨ, ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਅਜਮੇਰ ਸਿੰਘ ਜੀ ਆਪਣੀ ਵੀਡੀਉ ਵਿੱਚ ਦੱਸਦੇ ਹਨ ਕਿ ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਪਲੈਨ ਲੰਬਾ ਸਮਾਂ ਪਹਿਲਾਂ ਬਣਾ ਲਈ ਸੀ, ਭਾਰਤੀ ਫੌਜ ਨੇ 1983 ਦੇ ਅਖੀਰ ਵਿੱਚ ਚਕਰਾਤਾ ਤੇ ਸਰਸਾਵਾ ਨਾਮ ਦੇ ਸਥਾਨਾਂ ਤੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਦਾ ਮਾਡਲ ਬਣਾ ਕੇ ਹਮਲੇ ਦੀ ਰੀਹੈਸਲ ਵੀ ਕੀਤੀ ਸੀ।ਫਿਰ ਉਸੇ ਵਕਤ ਆਪ ਹੀ ਅਜਮੇਰ ਸਿੰਘ ਇਹ ਕਹਿੰਦੇ ਹਨ ਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਉਸਨੂੰ ਵੱਡਾ ਹਮਲਾ ਕਰਨਾ ਪਵੇ, ਇਸ ਲਈ ਉਨ੍ਹਾਂ ਨੇ ਆਖਰੀ ਹਮਲੇ ਤੋਂ ਪਹਿਲਾਂ ਕਈ ਯੋਜਨਾਵਾਂ ਬਣਾਈਆਂ? ਪਹਿਲਾਂ ਫਰਵਰੀ, 1984 ਵਿੱਚ ਸਰਕਾਰ ਨੇ ਦਰਬਾਰ ਸਾਹਿਬ ਕਮਾਂਡੋ ਭੇਜ ਕੇ ਲੰਗਰ ਹਾਲ ਦੀ ਬਿਲਡਿੰਗ ਤੋਂ ਲੈਕਚਰ ਕਰਦੇ ਸੰਤ ਭਿੰਡਰਾਂਵਾਲ਼ੇ ਨੂੰ ਚੁੱਕ ਲਿਆਉਣ ਦੀ ਸਕੀਮ ਬਣਾਈ ਸੀ ਤਾਂ ਕਿ ਬਿਨਾਂ ਕਿਸੇ ਵੱਡੇ ਖੂਨ ਖਰਾਬੇ ਦੇ ਸੰਤ ਭਿੰਡਰਾਂਵਾਲ਼ੇ ਨੂੰ ਗ੍ਰਿਫਤਾਰ ਕਰ ਲਿਆ ਜਾਵੇ।ਇਸ ਸਬੰਧੀ ਭਾਰਤੀ ਖੁਫੀਆ ਏਜੰਸੀ ਰਾਅ ਦੇ ਸੀਨੀਅਰ ਅਫਸਰ ਜੀ ਬੀ ਸਿੱਧੂ ਦੀ ਕਿਤਾਬ 'ਖਾਲਿਸਤਾਨ ਕੌਨਸੀਪੀਰੇਸੀ' ਅਨੁਸਾਰ ਸੰਤ ਭਿੰਡਰਾਂਵਾਲ਼ੇ ਨੂੰ ਕਮਾਂਡੋ ਐਕਸ਼ਨ ਨਾਲ਼ ਚੁੱਕ ਕੇ ਲਿਆਉਣ ਦੀ ਕਾਰਵਾਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਲਈ ਮੁਲਤਵੀ ਕਰ ਦਿੱਤੀ ਸੀ ਕਿਉਂਕਿ ਇਸ ਐਕਸ਼ਨ ਨਾਲ਼ ਦਰਬਾਰ ਸਾਹਿਬ ਵਿੱਚ 20-25 ਵਿਅਕਤੀ ਮਰਨ ਦਾ ਖਤਰਾ ਸੀ, ਸਰਕਾਰ ਅਜਿਹਾ ਖਤਰਾ ਮੁੱਲ ਲੈ ਕੇ ਸਿੱਖਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਸੀ।ਅੱਗੇ ਜਾ ਕੇ ਅਜਮੇਰ ਸਿੰਘ ਕਹਿੰਦੇ ਹਨ ਕਿ ਸਰਕਾਰ ਨੇ ਜਨਵਰੀ ਤੋਂ ਜੂਨ 84 ਤੱਕ ਦਰਬਾਰ ਸਾਹਿਬ ਅੰਦਰ ਸੰਤ ਭਿੰਡਰਾਂਵਾਲ਼ਿਆਂ ਦੀ ਅਗਵਾਈ ਵਾਲ਼ੇ ਖਾੜਕੂਆਂ ਨੂੰ ਕੱਢਣ ਲਈ ਕਈ ਹੋਰ ਸਕੀਮਾਂ ਬਣਾਈਆਂ, ਜੋ ਕਿ ਸਿਰੇ ਨਹੀਂ ਚੜ੍ਹ ਸਕੀਆਂ।ਫਿਰ ਕਿਸ ਅਧਾਰ ਤੇ ਅਜਮੇਰ ਸਿੰਘ ਜਾਂ ਹੋਰ ਵਿਦਵਾਨ ਇਹ ਕਹਿੰਦੇ ਹਨ ਕਿ ਇੰਦਰਾ ਸਰਕਾਰ ਨੇ 'ਸਿੱਖਾਂ ਨੂੰ ਸਬਕ ਸਿਖਾਉਣ' ਲਈ ਲੰਬਾ ਸਮਾਂ ਪਹਿਲਾਂ ਤਿਆਰੀ ਕਰ ਲਈ ਸੀ? ਜਿਸ ਬਾਰੇ ਇੱਕ ਹੋਰ ਸਿੱਖ ਵਿਦਵਾਨ ਤੇ ਮਹਾਂ ਕਵੀ ਹਰਿੰਦਰ ਸਿੰਘ ਮਹਿਬੂਬ ਜੀ ਆਪਣੀ ਇੱਕ ਇੰਟਰਵਿਊ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ: 'ਖਾਲਸੇ ਦੇ ਸਵੈਮਾਣ ਨੂੰ ਹਮੇਸ਼ਾਂ ਲਈ ਤੋੜਨ ਵਾਸਤੇ ਭਾਰਤ ਸਰਕਾਰ ਨੇ ਹਰਿਮੰਦਰ ਸਾਹਿਬ ਦੁਆਲ਼ੇ ਤੀਜਾ ਵੱਡਾ ਘੱਲੂਘਾਰਾ ਵਰਤਾਇਆ ਸੀ'? ਇਸੇ ਤਰ੍ਹਾਂ ਪਿਛਲੇ ਦਿਨੀਂ ਸਿੱਖ ਇਤਿਹਾਸਕਰ ਡਾ. ਸੁੱਖਦਿਆਲ ਸਿੰਘ ਆਪਣੀ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ ਸੰਤ ਭਿੰਡਰਾਂਵਾਲ਼ਿਆਂ ਨੂੰ ਫੜਨ ਲਈ ਫੌਜ ਦਰਬਾਰ ਸਾਹਿਬ ਨਹੀਂ ਵੜੀ ਸੀ, ਸਗੋਂ ਸਿੱਖਾਂ ਦੀ ਅਣਖ ਨੂੰ ਦਰੜਨ ਵਾਸਤੇ ਫੌਜ ਦਰਬਾਰ ਸਾਹਿਬ ਵੜੀ ਸੀ? ਸਾਬਕਾ ਆਈ ਏ ਐਸ ਤੇ ਸਿੱਖ ਵਿਦਵਾਨ ਗੁਰਤੇਜ ਸਿੰਘ ਅਨੁਸਾਰ ਸਰਕਾਰ ਨੇ ਦਰਬਾਰ ਸਾਹਿਬ ਫੌਜ ਤਾਂ ਭੇਜੀ ਸੀ ਕਿਉਂਕਿ ਸੰਤ ਭਿੰਡਰਾਂਵਾਲ਼ੇ ਸਿੱਖਾਂ ਨੂੰ ਜਗਾ ਰਹੇ ਸਨ ਕਿ ਤੁਸੀਂ ਭਾਰਤ ਵਿੱਚ ਗੁਲਾਮ ਹੋ? ਹਰ ਸਾਲ ਜੂਨ ਦੇ ਪਹਿਲੇ ਹਫਤੇ ਸਿੱਖ ਵਿਦਵਾਨਾਂ ਦੀਆਂ ਅਜਿਹੀਆਂ ਅਨੇਕਾਂ ਆਪਾ ਵਿਰੋਧੀ ਟਿਪੱਣੀਆਂ ਪੜ੍ਹਨ-ਸੁਣਨ ਨੂੰ ਮਿਲ਼ਦੀਆਂ ਹਨ, ਜਿਥੇ ਕੋਈ ਕੁਝ ਕਹਿ ਰਿਹਾ ਤੇ ਕੋਈ ਕੁਝ? ਇਨ੍ਹਾਂ ਕੋਲ਼ ਆਪਣੀ ਗੱਲ ਕਹਿਣ ਲਈ ਕੋਈ ਪ੍ਰਮਾਣਿਕ ਤੱਥ ਨਹੀਂ ਹੁੰਦਾ? ਜਦੋਂ ਵਿਦਵਾਨ ਅਜਿਹੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਤਾਂ ਇਸ ਪਿਛੇ ਉਨ੍ਹਾਂ ਦਾ ਆਧਾਰ ਕੀ ਹੈ, ਬਾਰੇ ਗੱਲ ਨਹੀਂ ਕਰਦੇ? ਨਾ ਹੀ ਉਹ ਉਨ੍ਹਾਂ ਹਾਲਾਤਾਂ ਬਾਰੇ ਗੱਲ ਕਰਨ ਨੂੰ ਤਿਆਰ ਹਨ, ਜਿਨ੍ਹਾਂ ਕਾਰਨ ਇਹ ਮੰਦਭਾਗਾ ਭਾਣਾ ਵਾਪਰਿਆ, ਜੋ ਕਿ ਕਦੇ ਵੀ ਨਹੀਂ ਵਾਪਰਨਾ ਚਾਹੀਦਾ ਸੀ।

ਅਜਮੇਰ ਸਿੰਘ ਆਪਣੀ ਇੱਕ ਹੋਰ ਵੀਡੀਉ ਵਿੱਚ ਇਹ ਇੰਕਸ਼ਾਫ ਵੀ ਕਰਦੇ ਹਨ ਕਿ ਭਾਰਤ ਸਰਕਾਰ ਨੇ ਫੌਜੀ ਕਾਰਵਾਈ ਤੋਂ ਪਹਿਲਾਂ ਕਈ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਤੋਂ ਸਲਾਹ ਵੀ ਲਈ ਸੀ ਕਿ ਘੱਟੋ ਤੋਂ ਘੱਟ ਖੂਨ ਖਰਾਬੇ ਦੇ ਦਰਬਾਰ ਸਾਹਿਬ ਅੰਦਰ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਬਾਹਰ ਕੱਢਿਆ ਜਾ ਸਕੇ? ਇਸ ਸਬੰਧੀ ਉਹ ਇੰਗਲੈਂਡ, ਸੋਵੀਅਤ ਯੂਨੀਅਨ, ਇਜ਼ਰਾਈਲ ਕੋਲ਼ ਤਰਲੇ ਮਾਰ ਰਹੀ ਸੀ ਕਿ ਕੋਈ ਅਜਿਹਾ ਰਸਤਾ ਸੁਝਾਇਆ ਜਾਵੇ, ਜਿਸ ਨਾਲ਼ ਪੰਜਾਬ ਵਿੱਚ ਵਧ ਰਹੀ ਹਿੰਸਾ ਨੂੰ ਰੋਕਣ ਲਈ ਘੱਟ ਤੋਂ ਘੱਟ ਖੂਨ ਖਰਾਬੇ ਵਾਲ਼ਾ ਰਾਹ ਨਿਕਲ਼ ਸਕੇ? ਇਸ ਸਬੰਧੀ ਇੰਗਲੈਂਡ ਦੀ ਏਅਰ ਫੋਰਸ ਦੇ ਕੁਝ ਅਫਸਰ ਹਾਲਾਤ ਦਾ ਜਾਇਜਾ ਲੈਣ ਦਰਬਾਰ ਸਾਹਿਬ ਵੀ ਆਏ ਸਨ।ਇਹ ਸਾਰੀਆਂ ਗੱਲਾਂ ਅਜਮੇਰ ਸਿੰਘ ਤੇ ਹੋਰ ਸਿੱਖ ਵਿਦਵਾਨਾਂ ਵਲੋਂ ਬਣਾਈਆਂ ਧਾਰਨਾਵਾਂ ਦੇ ਉਲਟ ਹਨ ਕਿ ਭਾਰਤ ਸਰਕਾਰ ਸਿੱਖਾਂ ਨੂੰ ਫੌਜੀ ਹਮਲੇ ਰਾਹੀਂ ਸਬਕ ਸਿਖਾਉਣਾ ਚਾਹੁੰਦੀ ਸੀ? ਇਨ੍ਹਾਂ ਬੁੱਧੀਜੀਵੀਆਂ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਹੀ ਭਾਰਤ ਸਰਕਾਰ ਹਰ ਸੰਭਵ ਤਰੀਕਾ ਅਪਨਾ ਰਹੀ ਸੀ ਤਾਂ ਕਿ ਸੰਤ ਭਿੰਡਰਾਂਵਾਲ਼ੇ ਤੇ ਉਸਦੇ ਹਥਿਆਰਬੰਦ ਖਾੜਕੂ ਬਿਨਾਂ ਖੂਨ ਖਰਾਬੇ ਦੇ ਆਤਮ ਸਮਰਪਣ ਕਰ ਦੇਣ ਜਾਂ ਕਮਾਂਡੋ ਐਕਸ਼ਨ ਨਾਲ਼ ਘੱਟ ਤੋਂ ਘੱਟ ਜਾਨੀ-ਮਾਲੀ ਨੁਕਸਾਨ ਰਾਹੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢ ਲਿਆ ਜਾਵੇ?

ਇਸ ਵੀਡੀਉ ਲੜੀ ਵਿੱਚ ਅੱਗੇ ਜਾ ਕੇ ਅਜਮੇਰ ਸਿੰਘ ਕਹਿੰਦੇ ਹਨ ਕਿ ਬੇਸ਼ਕ ਦੋ ਜੂਨ ਨੂੰ ਫੌਜ ਪੰਜਾਬ ਆਉਣੀ ਸ਼ੁਰੂ ਹੋ ਗਈ ਸੀ, ਪਰ ਫਾਈਨਲ ਹਮਲੇ ਦਾ ਫੈਸਲਾ ਬਹੁਤ ਅਖੀਰ ਵਿੱਚ 4 ਜੂਨ ਨੂੰ ਲਿਆ ਗਿਆ।ਇਸ ਸਬੰਧੀ ਉਹ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਦੀ ਕਿਤਾਬ 'ਉਪਰੇਸ਼ਨ ਬਲਿਊ ਸਟਾਰ: ਟਰੂ ਸਟੋਰੀ' ਦੇ ਹਵਾਲੇ ਨਾਲ਼ ਦੱਸਦੇ ਹਨ ਕਿ ਜਨਰਲ ਬਰਾੜ ਅਖੀਰ ਤੱਕ ਨਹੀਂ ਚਾਹੁੰਦਾ ਸੀ ਕਿ ਫੌਜੀ ਹਮਲਾ ਕੀਤਾ ਜਾਵੇ, ਇਸ ਲਈ ਉਸਨੇ ਅਕਾਲੀ ਲੀਡਰਾਂ, ਅਕਾਲ ਤਖਤ ਦੇ ਜਥੇਦਾਰ ਤੱਕ ਰਾਬਤਾ ਕੀਤਾ ਕਿ ਜੇ ਖਾੜਕੂ ਬਿਨਾਂ ਕਿਸੇ ਖੂਨ ਖਰਾਬੇ ਦੇ ਆਤਮ ਸਮਰਪਣ ਕਰਨ ਦੇਣ।ਉਸਨੂੰ 5 ਜੂਨ ਦੀ ਰਾਤ ਤੱਕ ਆਸ ਸੀ ਕਿ ਸ਼ਾਇਦ ਫੌਜ ਦੇ ਟੈਂਕਾਂ ਤੇ ਵੱਡੇ ਦਿਲ ਦੈਹਿਲਾ ਦੇਣ ਵਾਲ਼ੇ ਬੰਬਾਂ ਦੇ ਖੜਾਕੇ ਨਾਲ਼ ਖਾੜਕੂ ਆਤਮ ਸਮਰਪਣ ਕਰ ਦੇਣਗੇ? ਪਰ ਉਹ ਅਜਿਹੇ ਯਤਨਾਂ ਵਿੱਚ ਸਫਲ ਨਹੀਂ ਹੋਇਆ ਕਿਉਂਕਿ ਸੰਤ ਭਿੰਡਰਾਂਵਾਲ਼ੇ ਤੇ ਸਾਬਕਾ ਮੇਜਰ ਜਨਰਲ ਸ਼ੁਬੇਗ ਸਿੰਘ ਕਿਸੇ ਵੀ ਕੀਮਤ ਤੇ ਹਥਿਆਰ ਸੁੱਟਣ ਲਈ ਤਿਆਰ ਨਹੀਂ ਸਨ। ਅਜਮੇਰ ਸਿੰਘ ਅਨੁਸਾਰ ਸੰਤ ਤੇ ਉਨ੍ਹਾਂ ਦੇ 60-70 ਜੁਝਾਰੂ ਸਾਥੀਆਂ ਨੇ ਹਰ ਹਾਲਤ ਵਿੱਚ ਅਕਾਲ ਤਖਤ ਤੇ ਸ਼ਹੀਦੀਆਂ ਪਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਤਾਂ ਹੀ ਸਿੱਖ ਕੌਮ ਨੂੰ ਹਲੂਣਾ ਵੱਜਣਾ ਸੀ ਤੇ ਸਿੱਖਾਂ ਨੂੰ ਭਾਰਤ ਵਿੱਚ ਗੁਲਾਮੀ ਦਾ ਅਹਿਸਾਸ ਹੋਣਾ ਸੀ? ਅਜਮੇਰ ਸਿੰਘ ਅਨੁਸਾਰ ਸ਼ਹੀਦੀਆਂ ਪਾਉਣ ਵਾਲ਼ੇ 60-70 ਜੁਝਾਰੂ ਅਕਾਲ ਤਖਤ ਤੇ ਵੱਖਰੀ ਜਗ੍ਹਾ ਬੈਠ ਕੇ ਸਾਰਾ ਦਿਨ 'ਵਾਹਿਗੁਰੂ' ਦਾ ਸਿਮਰਨ ਹੀ ਕਰਦੇ ਸਨ ਤਾਂ ਕਿ ਕਿਤੇ ਉਹ ਸ਼ਹੀਦੀ ਪਾਉਣ ਵੇਲੇ ਡੋਲ ਨਾ ਜਾਣ? ਇਸ ਤੋਂ ਇਲਾਵਾ ਉਹ ਜ਼ਿਕਰ ਕਰਦੇ ਹਨ ਕਿ ਜਨਰਲ ਬਰਾੜ ਨੇ ਗੱਲਬਾਤ ਦੇ ਸਾਰੇ ਰਸਤੇ ਬੰਦ ਹੋਣ ਤੋਂ ਬਾਅਦ, ਫੌਜ ਭੇਜਣ ਦੀ ਥਾਂ ਪਹਿਲਾਂ ਕਮਾਂਡੋ ਭੇਜਣ ਦਾ ਫੈਸਲਾ ਕੀਤਾ ਤਾਂ ਕਿ ਅਕਾਲ ਤਖਤ ਤੇ ਜਹਿਰੀਲੀ ਗੈਸ ਛੱਡ ਕੇ ਖਾੜਕੂਆਂ ਨੂੰ ਕਾਬੂ ਕੀਤਾ ਜਾ ਸਕੇ, ਪਰ ਬਦਕਿਸਮਤੀ ਨਾਲ਼ ਹਵਾ ਉਲਟ ਦਿਸ਼ਾ ਵਿੱਚ ਚੱਲਣ ਕਾਰਨ, ਜਿਥੇ ਗੈਸ ਵਾਲ਼ਾ ਐਕਸ਼ਨ ਕਾਮਯਾਬ ਨਹੀਂ ਹੋਇਆ, ਉਥੇ ਜਦੋਂ ਕਮਾਂਡੋਆਂ ਦੇ ਪਹਿਲੇ ਦਸਤੇ ਪ੍ਰਕਰਮਾ ਵਿੱਚ ਦਾਖਲ ਹੋਣ ਲੱਗੇ ਤਾਂ ਪ੍ਰਕਰਮਾ ਦੇ ਕਮਰਿਆਂ ਵਿੱਚੋਂ ਇਤਨੀ ਭਾਰੀ ਫਾਇਰਿੰਗ ਹੋਈ ਕਿ ਕਮਾਂਡੋ ਅੱਗੇ ਨਹੀਂ ਵਧ ਸਕੇ, ਕਈ ਮਾਰੇ ਗਏ ਤੇ ਕਈ ਫੱਟੜ ਹੋ ਗਏ, ਜਿਸ ਕਰਕੇ ਕਮਾਂਡੋ ਪਲਾਨ ਵੀ ਮੁਲਤਵੀ ਕਰਨਾ ਪਿਆ।ਸਾਰੇ ਯਤਨ ਫੇਲ੍ਹ ਹੋਣ ਤੋਂ ਬਾਅਦ ਬਖਤਰਬੰਦ ਗੱਡੀਆਂ ਵਿੱਚੋਂ ਧਮਾਕੇ ਨਾਲ਼ ਡਰਾਉਣ ਵਾਲ਼ੇ ਬੰਬ ਸੁੱਟੇ ਗਏ ਤਾਂ ਕਿ ਅਕਾਲ ਤਖਤ ਦੀ ਇਮਾਰਤ ਨੂੰ ਨੁਕਸਾਨੇ ਬਿਨਾਂ ਖਾੜਕੂ ਬਾਹਰ ਕੱਢੇ ਜਾ ਸਕਣ।ਅਖੀਰ ਵਿੱਚ ਟੈਂਕ ਲਿਆਉਣ ਦਾ ਫੈਸਲਾ ਲਿਆ ਗਿਆ।ਅਜਮੇਰ ਸਿੰਘ ਹੋਰਾਂ ਦੀ ਉਪਰਲੀ ਸਾਰੀ ਵਾਰਤਲਾਪ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਜੇ ਫੌਜ ਆਖਰੀ ਸਮੇਂ ਤੱਕ ਵੱਖ-ਵੱਖ ਢੰਗ ਅਪਨਾਉਂਦੀ ਰਹੀ ਤਾਂ ਫਿਰ ਉਹ ਕਿਸ ਅਧਾਰ ਤੇ ਪਿਛਲੇ 37 ਸਾਲ ਤੋਂ ਕਹਿ ਰਹੇ ਹਨ ਕਿ ਸਰਕਾਰ ਨੇ ਸਾਜ਼ਿਸ਼ ਕਰਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਟੈਂਕਾਂ ਤੋਪਾਂ ਨਾਲ਼ ਹਮਲਾ ਕੀਤਾ ਸੀ?

ਅਜਮੇਰ ਸਿੰਘ ਫੌਜੀ ਹਮਲੇ ਦੀ ਤਿਆਰੀ ਤੋਂ ਪਹਿਲਾਂ ਸਰਕਾਰ ਵਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਬਾਰੇ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਸਰਕਾਰ ਵਲੋਂ ਅਕਾਲੀਆਂ ਨਾਲ਼ ਸਮਝੌਤਾ ਕਰਕੇ ਮਸਲਾ ਹੱਲ ਕਰਨ ਲਈ ਜਨਵਰੀ, 1983 ਤੋਂ ਜੂਨ, 1984 ਤੱਕ 25-30 ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਰਕਾਰ ਤੇ ਅਕਾਲੀਆਂ ਦੀਆਂ ਸਿੱਧੀਆਂ ਮੀਟਿੰਗਾਂ, ਸਰਕਾਰ, ਅਕਾਲੀਆਂ ਤੇ ਆਪੋਜ਼ੀਸ਼ਨ ਲੀਡਰਾਂ ਦੀਆਂ ਤਿੰਨ ਧਿਰੀ ਮੀਟਿੰਗਾਂ ਅਤੇ ਵੱਖ-ਵੱਖ ਸਿੱਖ ਲੀਡਰਾਂ ਨਾਲ਼ ਗੁਪਤ ਮੀਟਿੰਗਾਂ ਸ਼ਾਮਿਲ ਸਨ।ਉਹ ਇਹ ਵੀ ਮੰਨਦੇ ਹਨ ਕਿ ਸਰਕਾਰ ਤੇ ਆਪੋਜ਼ੀਸ਼ਨ ਲੀਡਰ ਇਹ ਚਾਹੁੰਦੇ ਸਨ ਕਿ ਅਕਾਲੀ ਸਮਝੌਤਾ ਕਰਕੇ ਮੋਰਚਾ ਵਾਪਿਸ ਲੈ ਲੈਣ ਤਾਂ ਕਿ ਸੰਤ ਭਿੰਡਰਾਂਵਾਲਿਆਂ ਤੇ ਉਸਦੇ ਖਾੜਕੂਆਂ ਨੂੰ ਅੱਲਗ-ਥਲੱਗ ਕਰਕੇ ਦਰਬਾਰ ਸਾਹਿਬ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ।ਅਜਮੇਰ ਸਿੰਘ ਆਪ ਹੀ ਮੰਨਦੇ ਹਨ ਕਿ ਸੰਤ ਅਕਾਲੀਆਂ ਨੂੰ ਮੀਟਿੰਗਾਂ ਵਿੱਚ ਜਾਣ ਤੋਂ ਪਹਿਲਾਂ ਕਹਿ ਦਿੰਦੇ ਸਨ ਕਿ ਮੀਟਿੰਗਾਂ, ਜਿਤਨੀਆਂ ਮਰਜੀ ਕਰੋ, ਪਰ ਜੇ ਸਮਝੌਤਾ ਅਨੰਦਪੁਰ ਦੇ ਮਤੇ ਤੋਂ ਘੱਟ ਕੀਤਾ ਤਾਂ ਫਿਰ ਮੈਂ ਇਥੇ ਬੈਠਾਂ? ਇਸਦਾ ਅਰਥ ਭਲਾ ਕੀ ਸਮਝਿਆ ਜਾਵੇ? ਕੀ ਇਸ ਤੋਂ ਅਕਾਲੀ ਲੀਡਰਸ਼ਿਪ ਦੇ ਰਾਜਸੀ ਦੀਵਾਲੀਏਪਨ ਦਾ ਕੋਈ ਹੋਰ ਸਬੂਤ ਰਹਿ ਜਾਂਦਾ ਹੈ? ਅਜਮੇਰ ਸਿੰਘ ਜੀ ਇਹ ਵੀ ਦੱਸਦੇ ਹਨ ਕਿ ਸਰਕਾਰ ਨੇ ਅਕਾਲੀਆਂ ਤੇ ਇਹ ਦਬਾਅ ਵੀ ਪਾਇਆ ਸੀ ਕਿ ਸੰਤ ਭਿੰਡਰਾਂਵਾਲ਼ੇ ਖਿਲਾਫ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਸਿੱਖ ਜਗਤ ਤੋਂ ਨਿਖੇੜ ਦਿੱਤਾ ਜਾਵੇ ਤਾਂ ਉਸਨੂੰ ਬਾਹਰ ਕੱਢਣਾ ਆਸਾਨ ਹੋਵੇਗਾ।ਇੱਕ ਮੌਕੇ ਤੇ ਅਕਾਲੀਆਂ ਨੇ ਅਜਿਹਾ ਯਤਨ ਕੀਤਾ ਵੀ ਸੀ ਤੇ ਅਕਾਲ ਤਖਤ ਦੇ ਜਥੇਦਾਰ ਤੋਂ ਅਸਿੱਧੇ ਢੰਗ ਨਾਲ਼ ਹੁਕਮਨਾਮਾ ਜਾਰੀ ਕਰਵਾ ਦਿੱਤਾ ਸੀ ਕਿ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਮੱਥਾ ਟੇਕਣ ਨਾ ਆਵੇ ਤੇ ਕੰਪਲੈਕਸ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਨਾ ਕੀਤਾ ਜਾਵੇ ਤਾਂ ਕੁਝ ਦਿਨਾਂ ਲਈ ਸੰਤ ਭਿੰਡਰਾਂਵਾਲ਼ੇ ਤੇ ਸਾਥੀਆਂ ਨੇ ਇਹ ਹੁਕਮ ਮੰਨ ਕੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣਾ ਬੰਦ ਕਰ ਦਿੱਤਾ ਸੀ, ਪਰ ਕੁਝ ਦਿਨਾਂ ਬਾਅਦ ਫਿਰ ਉਹੀ ਕੁਝ ਹੋਣ ਲੱਗਾ ਸੀ।ਇਸੇ ਤਰ੍ਹਾਂ ਜਦੋਂ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਤੇ ਸਿੱਖ ਧਰਮ ਬਾਰੇ 22 ਕਿਤਾਬਾਂ ਦੇ ਲੇਖਕ ਗਿਆਨੀ ਪ੍ਰਤਾਪ ਸਿੰਘ ਨੇ ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਤੇ ਹਥਿਆਰਾਂ ਦੇ ਖੁੱਲ੍ਹੇਆਮ ਪ੍ਰਦਰਸ਼ਨ ਦਾ ਵਿਰੋਧ ਕੀਤਾ ਤਾਂ ਕੁਝ ਦਿਨਾਂ ਬਾਅਦ ਹੀ ਅੰਮ੍ਰਿਤਸਰ ਵਿੱਚ 10 ਮਈ, 1984 ਨੂੰ ਖਾੜਕੂ ਦਇਆ ਸਿੰਘ ਤੇ ਉਸਦੇ ਸਾਥੀ ਸਿੰਘ ਨੇ 80 ਸਾਲਾ ਬਜ਼ੁਰਗ ਜਥੇਦਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।ਜਿਸ ਨਾਲ਼ ਦਹਿਸ਼ਤ ਦਾ ਇੱਕ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਸੀ ਕਿ ਕੋਈ ਵਿਰੋਧ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਸੀ।ਪਰ ਅਜਮੇਰ ਸਿੰਘ ਦੀ ਸਾਰੀ ਰੌਚਕ ਸਟੋਰੀ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਨੇ ਹਰ ਵਾਜਿਬ ਢੰਗ ਨਾਲ਼ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਖੂਨ ਖਰਾਬੇ ਤੋਂ ਬਿਨਾਂ ਮਸਲਾ ਸੁਲਝ ਜਾਵੇ, ਪਰ ਅਕਾਲ ਤਖਤ ਤੇ ਬੈਠੇ ਖਾੜਕੂ ਹਰ ਹਾਲਤ ਵਿੱਚ ਅਜਿਹੇ ਹਾਲਾਤ ਬਣਾਉਣਾ ਚਾਹੁੰਦੇ ਸਨ ਕਿ ਜੂਨ ਚੁਰਾਸੀ ਵਾਲ਼ਾ ਮੰਦਭਾਗਾ ਭਾਣਾ ਵਰਤ ਜਾਵੇ, ਕਿਉਂਕਿ ਉਨ੍ਹਾਂ ਦੀ ਸੋਚ ਅਨੁਸਾਰ ਜਦੋਂ ਸਿੱਖਾਂ ਤੇ ਸਰਕਾਰ ਦੀ ਸਖਤੀ ਵਧੇਗੀ ਤਾਂ ਸਿੱਖਾਂ ਨੂੰ ਭਾਰਤ ਵਿੱਚ ਆਪਣੀ ਗੁਲਾਮੀ ਦਾ ਅਹਿਸਾਸ ਹੋਵੇਗਾ?

ਅਜਮੇਰ ਸਿੰਘ ਆਪਣੀ ਇੰਟਰਵਿਊ ਲੜੀ ਵਿੱਚ ਇੱਕ ਬੜੀ ਦਿਲਚਸਪ ਘਟਨਾ ਦਾ ਜ਼ਿਕਰ ਕਰਦੇ ਹਨ ਕਿ ਦੇਸ਼ ਭਰ ਦੀਆਂ ਕਾਮਰੇਡਾਂ ਸਮੇਤ ਕਾਂਗਰਸ ਵਿਰੋਧੀ ਪਾਰਟੀਆਂ ਇੰਦਰਾ ਗਾਂਧੀ ਨੂੰ ਫੈਡਰਲ ਢਾਂਚੇ ਨੂੰ ਲਾਗੂ ਕਰਨ ਤੇ ਹੋਰ ਮੰਗਾਂ ਵਾਸਤੇ ਘੇਰਨ ਲਈ ਫਾਰੂਕ ਅਬਦੁੱਲਾ ਦੀ ਅਗਵਾਈ ਵਿੱਚ ਸ੍ਰੀ ਨਗਰ ਇੱਕ ਮੀਟਿੰਗ ਕਰ ਰਹੀਆਂ ਸਨ ਕਿ ਇੱਕ ਦਿਨ ਪਹਿਲਾਂ 5 ਅਕਤੂਬਰ, 1983 ਦੀ ਰਾਤ ਨੂੰ ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਪਿੰਡ ਕੋਲ਼ 4 ਖਾੜਕੂਆਂ ਨੇ 6 ਬੇਗੁਨਾਹ ਹਿੰਦੂਆਂ ਨੂੰ ਬੱਸ ਵਿੱਚੋਂ ਲਾਹ ਕੇ ਮਾਰ ਦਿੱਤਾ ਸੀ।ਇਸ ਤੋਂ ਅਗਲੇ ਦਿਨ ਹੀ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਭੰਗ ਕਰਕੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।ਅਜਮੇਰ ਸਿੰਘ ਅਨੁਸਾਰ ਇਸ ਘਟਨਾ ਨੇ ਸਾਰੇ ਦੇਸ਼ ਦਾ ਮਾਹੌਲ ਹੀ ਬਦਲ ਦਿੱਤਾ ਸੀ।ਜਿਹੜੀਆਂ ਵਿਰੋਧੀ ਪਾਰਟੀਆਂ ਇੰਦਰਾ ਗਾਂਧੀ ਤੇ ਇਹ ਦਬਾਅ ਪਾਉਂਦੀਆਂ ਸਨ ਕਿ ਸਰਕਾਰ ਗੱਲਬਾਤ ਰਾਹੀਂ ਮਸਲਾ ਕਰਨ ਵਿੱਚ ਦੇਰੀ ਕਿਉਂ ਕਰ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਉਹੀ ਪਾਰਟੀਆਂ ਮੰਗ ਕਰਨ ਲੱਗੀਆਂ ਸਨ ਕਿ ਸਰਕਾਰ ਨੂੰ ਪੰਜਾਬ ਵਿੱਚ ਵਧ ਰਹੀ ਹਿੰਸਾ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।ਇਸੇ ਘਟਨਾ ਨੇ ਜੂਨ 84 ਲਈ ਮਾਹੌਲ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।ਇਸ ਸਬੰਧੀ ਇੰਟਰਵਿਊ ਕਰਤਾ ਵਲੋਂ ਸਵਾਲ ਪੁੱਛਣ ਤੇ ਅਜਮੇਰ ਸਿੰਘ ਨੇ ਦੱਸਿਆ ਕਿ ਸੰਤਾਂ ਨੇ ਇਸ ਘਟਨਾ ਦੀ ਨਾ ਹਮਾਇਤ ਕੀਤੀ ਸੀ ਤੇ ਨਾ ਹੀ ਵਿਰੋਧ ਕੀਤਾ ਸੀ ਕਿਉਂਕਿ ਅਜਿਹੀਆਂ ਘਟਨਾਵਾਂ ਸੰਤਾਂ ਨੂੰ ਆਪਣਾ ਨਿਸ਼ਾਨਾ ਹਾਸਿਲ ਕਰਨ ਵਿੱਚ ਸਹਾਈ ਹੋ ਰਹੀਆਂ ਸਨ? ਫਿਰ ਇਥੇ ਸਵਾਲ ਪੈਦਾ ਹੈ ਕਿ ਕੀ ਅਕਾਲ ਤਖਤ ਤੇ ਹਮਲਾ ਕਰਾਉਣਾ ਤੇ ਸ਼ਹੀਦੀ ਪਾਉਣੀ ਹੀ ਸੰਤਾਂ ਦਾ ਨਿਸ਼ਾਨਾ ਸੀ? ਜੇ ਸੰਤਾਂ ਦਾ ਇਹੀ ਨਿਸ਼ਾਨਾ ਸੀ ਤਾਂ ਫਿਰ ਸਿੱਖ ਵਿਦਵਾਨ ਸਰਕਾਰ ਨੂੰ 37 ਸਾਲ ਤੋਂ ਦੋਸ਼ ਕਿਸ ਆਧਾਰ ਤੇ ਦੇ ਰਹੇ ਹਨ ਕਿ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਜਾਂ ਸਿੱਖਾਂ ਦੀ ਅਣਖ ਖਤਮ ਕਰਨ ਲਈ ਯੋਜਨਾਬੱਧ ਢੰਗ ਨਾਲ਼ ਹਮਲਾ ਕੀਤਾ ਸੀ? ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ ਸੀਨੀਅਰ ਪੱਤਰਕਾਰ ਤੇ ਸੰਤ ਭਿੰਡਰਾਂਵਾਲ਼ੇ ਦੇ ਨਜ਼ਦੀਕੀ ਰਹੇ ਜਗਤਾਰ ਸਿੰਘ ਨੇ ਆਪਣੀ ਨਵੀਂ ਕਿਤਾਬ 'ਰਿਵਰਜ਼ ਔਨ ਫਾਇਰ' ਦੇ ਚੈਪਟਰ 5 'ਘਾਤਕ ਬੱਸ ਜਰਨੀ' ਵਿੱਚ ਪੰਨਾ 118 ਤੋਂ 173 ਤੱਕ 'ਢਿੱਲਵਾਂ ਤੋਂ ਉਪਰੇਸ਼ਨ ਬਲੂ ਸਟਾਰ ਤੱਕ', ਹੈਡਿੰਗ ਹੇਠ ਢਿੱਲਵਾਂ ਕਾਂਡ ਵਿੱਚ ਸ਼ਾਮਿਲ ਇੱਕ ਸਾਬਕਾ ਖਾੜਕੂ ਸੁੱਖਾ ਕੱਕੜ ਦੇ ਹਵਾਲੇ ਨਾਲ ਜ਼ਿਕਰ ਕੀਤਾ ਹੈ ਕਿ ਸੰਤਾਂ ਦੇ ਖਾਸ 4 ਖਾੜਕੂਆਂ ਸੁਰਿੰਦਰ ਸਿੰਘ ਸੋਢੀ, ਜਨਰਲ ਲਾਭ ਸਿੰਘ, ਸੁੱਖਾ ਕੱਕੜ ਤੇ ਉਸਦਾ ਤੋਤੀ ਨਾਂ ਦਾ ਚੇਲਾ ਦਰਬਾਰ ਸਾਹਿਬ ਵਿੱਚੋਂ ਹਿੰਦੂਆਂ ਨੂੰ ਬੱਸ ਵਿੱਚੋਂ ਲਾਹ ਕੇ ਮਾਰਨ ਲਈ ਗਏ ਸਨ ਤੇ ਉਥੇ ਹੀ ਵਾਪਿਸ ਆ ਗਏ ਸਨ। ਸੁੱਖੇ ਕੱਕੜ ਅਨੁਸਾਰ ਸੰਤਾਂ ਦੇ ਅਸਲਾ ਇੰਚਾਰਜ ਭਾਈ ਰਾਮ ਸਿੰਘ ਨੇ ਉਨ੍ਹਾਂ ਨੂੰ ਹਥਿਆਰ ਦੇ ਕੇ ਇਹ ਕੰਮ ਕਰਨ ਲਈ ਤੋਰਿਆ ਸੀ।ਸੁੱਖੇ ਕੱਕੜ ਨੇ ਇਸ ਇੰਟਰਵਿਊ ਵਿੱਚ ਇਹ ਵੀ ਇੰਕਸ਼ਾਫ ਕੀਤਾ ਸੀ ਕਿ ਪ੍ਰੀਤਲੜੀ ਮੈਗਜ਼ੀਨ ਦੇ ਐਡੀਟਰ ਸੁਮੀਤ ਸਿੰਘ ਨੂੰ ਲੋਪੋਕੇ ਪ੍ਰੀਤ ਨਗਰ ਕਸਬੇ ਕੋਲ਼ ਸੁੱਖੇ ਕੱਕੜ ਤੇ ਉਸਦੇ ਸਾਥੀਆਂ ਨੇ ਹੀ ਮਾਰਿਆ ਸੀ।ਸਥਿਤੀ ਦਾ ਵਿਅੰਗ ਦੇਖੋ ਕਿ ਸੁਮੀਤ ਸਿੰਘ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਪਾਣੀਪਤ ਹਰਿਆਣਾ ਵਿੱਚ ਭੜਕੀ ਸਿੱਖ ਵਿਰੋਧੀ ਹਿੰਸਾ ਵਿੱਚ ਦਿੱਲੀ ਤੋਂ ਆ ਰਹੇ ਸੁਮੀਤ ਸਿੰਘ ਨੂੰ ਭੀੜ ਨੇ ਵਾਲ਼ ਕੱਟੇ ਹੋਣ ਕਰਕੇ ਹਿੰਦੂ ਸਮਝ ਕੇ ਜਾਨ ਬਖਸ਼ ਦਿੱਤੀ ਸੀ ਅਤੇ ਪੰਜਾਬ ਵਿੱਚ ਖਾੜਕੂਆਂ ਨੇ ਇਕੱਲੇ ਜਾ ਰਹੇ ਸੁਮੀਤ ਸਿੰਘ ਨੂੰ ਵੱਲ਼ ਕੱਟੇ ਹੋਣ ਕਰਕੇ ਹਿੰਦੂ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਸਨ।ਖਾੜਕੂ ਸੁੱਖੇ ਕੱਕੜ ਅਨੁਸਾਰ ਭਾਈ ਰਾਮ ਸਿੰਘ ਨੇ ਹੀ ਉਨ੍ਹਾਂ ਨੂੰ ਪਾਣੀਪਤ ਦੀ ਸਿੱਖ ਵਿਰੋਧੀ ਹਿੰਸਾ ਦੇ ਜਵਾਬ ਵਿੱਚ ਬਦਲਾ ਲੈਣ ਲਈ ਲੋਪੋਕੇ ਹਿੰਦੂ ਕਤਲ ਕਰਨ ਲਈ ਭੇਜਿਆ ਸੀ।ਜਦਕਿ ਹੁਣ ਤੱਕ ਅਜਿਹੀਆਂ ਸਾਰੀਆਂ ਕਾਰਵਾਈਆਂ ਪਿਛੇ ਏਜੰਸੀਆਂ ਦਾ ਹੱਥ ਪ੍ਰਚਾਰਿਆ ਜਾਂਦਾ ਰਿਹਾ ਹੈ? ਇਹ ਵੀ ਕਿਹਾ ਜਾਂਦਾ ਸੀ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਤੇ ਜੂਨ 84 ਦੇ ਹਮਲੇ ਦੀ ਤਿਆਰੀ ਵਜੋਂ ਇਹ ਕਾਰੇ ਏਜੰਸੀਆਂ ਤੋਂ ਕਰਾਏ ਗਏ ਸਨ।ਅਜਮੇਰ ਸਿੰਘ ਸਮੇਤ ਖਾੜਕੂ ਲਹਿਰ ਦੀਆਂ ਵਾਰਿਸ ਧਿਰਾਂ ਨੂੰ ਨਿਮਰਤਾ ਸਾਹਿਤ ਸਵਾਲ ਹੈ ਕਿ ਫਿਰ ਕੀ ਹੁਣ ਇਹ ਮੰਨਿਆ ਜਾਵੇ ਕਿ ਦਰਬਾਰ ਸਾਹਿਬ ਅੰਦਰ ਬੈਠੇ ਖਾੜਕੂ ਏਜੰਸੀਆਂ ਲਈ ਕੰਮ ਕਰਦੇ ਸਨ?

ਅਜਮੇਰ ਸਿੰਘ ਆਪਣੀ ਇਸ ਵੀਡੀਉ ਲੜੀ ਵਿੱਚ ਮੰਨਦੇ ਹਨ ਕਿ ਸਾਰੇ ਦੇਸ਼ ਵਿੱਚ ਵਿਰੋਧੀ ਪਾਰਟੀਆਂ ਸਮੇਤ ਲੋਕਾਂ ਦਾ ਇੰਦਰਾ ਗਾਂਧੀ ਤੇ ਦਬਾਅ ਸੀ ਕਿ ਪੰਜਾਬ ਵਿੱਚ ਰੋਜ਼ਾਨਾ ਹੋ ਰਹੇ ਕਤਲਾਂ ਨੂੰ ਰੋਕਣ ਲਈ ਸਰਕਾਰ ਕੋਈ ਸਖਤ ਕਦਮ ਕਿਉਂ ਨਹੀਂ ਉਠਾ ਰਹੀ ਤੇ ਪੰਜਾਬ ਵਿੱਚ ਫੌਜ ਦੀ ਮੰਗ ਵੀ ਉਠਣ ਲੱਗੀ ਸੀ।ਅਜਮੇਰ ਸਿੰਘ ਅਨੁਸਾਰ ਸਰਕਾਰ ਨੇ ਸਥਿਤੀ ਦਾ ਫਾਇਦਾ ਉਠਾ ਕੇ ਦੇਸ਼ ਭਰ ਵਿੱਚ ਸਿੱਖਾਂ ਖਿਲਾਫ ਮਾਹੌਲ ਸਿਰਜਿਆ ਤਾਂ ਕਿ ਫੌਜੀ ਹਮਲੇ ਦੀ ਸੂਰਤ ਵਿੱਚ ਲੋਕ ਵਿਰੋਧ ਵਿੱਚ ਨਾ ਖੜਨ।ਅਜਮੇਰ ਸਿੰਘ ਵਾਰ-ਵਾਰ ਮੰਨਦੇ ਹਨ ਕਿ ਅਕਾਲੀਆਂ ਨੇ ਖਾੜਕੂਆਂ ਦੀ ਭੜਕਾਹਟ ਦੇ ਬਾਵਜੂਦ ਵੀ ਸ਼ਾਂਤਮਈ ਸੰਘਰਸ਼ ਵਾਲਾ ਆਪਣਾ ਸਿਧਾਂਤਕ ਪੈਂਤੜਾ ਨਹੀਂ ਛੱਡਿਆ, ਪਰ ਉਹ ਸੰਤ ਭਿੰਡਰਾਂਵਾਲ਼ਿਆਂ ਦੇ ਖਾੜਕੂਆਂ ਦੀ ਵਧ ਰਹੀ ਹਿੰਸਾ ਅੱਗੇ ਬੇਵੱਸ ਹੋ ਗਏ ਸਨ।ਅਜਮੇਰ ਸਿੰਘ ਅਨੁਸਾਰ ਪੰਜਾਬ ਵਿੱਚ ਰੋਜ਼ਾਨਾ ਵਾਪਰ ਰਹੀਆਂ ਹਿੰਸਕ ਕਾਰਵਾਈਆਂ ਨਾਲ਼ ਹਿੰਦੂਆਂ ਵਿੱਚ ਵੀ ਗੁੱਸਾ ਵਧਣ ਲੱਗਾ ਸੀ, ਜਿਸਦੇ ਨਤੀਜੇ ਵਜੋਂ ਫੌਜੀ ਕਾਰਵਾਈ ਦੇ ਬਣਦੇ ਮਾਹੌਲ ਵਿੱਚ ਮਾਰਚ 1984 ਤੋਂ ਸੰਤਾਂ ਨੇ ਵੱਧ ਤੋਂ ਵੱਧ ਹਥਿਆਰ ਜਮ੍ਹਾਂ ਕਰਨੇ ਅਤੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਸੀ।ਇਸ ਤੋਂ ਇਹੀ ਸਪੱਸ਼ਟ ਹੁੰਦਾ ਹੈ ਕਿ ਦਰਬਾਰ ਸਾਹਿਬ ਵਿੱਚ ਮੋਰਚਾਬੰਦੀ ਮਹਿਜ ਡਰ ਵਿੱਚੋਂ ਕੀਤੀ ਗਈ ਕਿ ਸਰਕਾਰ ਹਮਲਾ ਨਾ ਕਰ ਦੇਵੇ? ਜਦਕਿ ਅਜਮੇਰ ਸਿੰਘ ਅਨੁਸਾਰ ਹਮਲੇ ਦਾ ਫੈਸਲਾ ਬਹੁਤ ਲੇਟ ਲਿਆ ਗਿਆ ਸੀ?

ਅਜਮੇਰ ਸਿੰਘ ਦੀ ਇਸ ਇੰਟਰਵਿਊ ਲੜੀ ਵਿੱਚ ਕੁਝ ਹੋਰ ਵਿਚਾਰਨਯੋਗ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਹੁਣ ਤੱਕ ਸਿੱਖ ਵਿਦਵਾਨ ਸਰਕਾਰ ਦੇ ਵਿਰੋਧ ਵਿੱਚ ਵਰਤਦੇ ਸਨ।ਜਿਸ ਤਰ੍ਹਾਂ ਹੁਣ ਤੱਕ ਕਿਹਾ ਜਾਂਦਾ ਸੀ ਕਿ ਸਰਕਾਰ ਨੇ ਜੂਨ 3 ਦਾ ਦਿਨ ਇਸ ਲਈ ਚੁਣਿਆ ਤਾਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਤੇ ਇਕੱਠੇ ਹੋਏ ਸਿੱਖਾਂ ਦਾ ਵੱਧ ਤੋਂ ਵੱਧ ਕਤਲੇਆਮ ਕੀਤਾ ਜਾ ਸਕੇ? ਪਰ ਹੁਣ ਉਹ ਮੰਨਦੇ ਹਨ ਕਿ 3 ਜੂਨ ਨੂੰ ਧਰਮ ਯੁੱਧ ਮੋਰਚੇ ਦੀ ਅਗਲੀ ਕਾਰਵਾਈ ਵਜੋਂ ਪੰਜਾਬ ਵਿੱਚ ਭਾਰਤ ਸਰਕਾਰ ਖਿਲਾਫ 'ਸਿਵਲ ਨਾ ਫੁਰਮਾਨੀ' ਸ਼ੁਰੂ ਕਰਨ ਦਾ ਐਲਾਨ ਹੋ ਚੁੱਕਾ ਸੀ, ਜਿਸਦਾ ਭਾਵ ਸਰਕਾਰ ਖਿਲਾਫ ਸਿੱਧੀ ਬਗਾਵਤ ਹੋਣਾ ਸੀ।ਇਹ ਵੀ ਕਿਹਾ ਜਾਂਦਾ ਸੀ ਕਿ ਸਰਕਾਰ ਨੇ ਮੱਥਾ ਟੇਕਣ ਗਏ ਸ਼ਰਧਾਲੂਆਂ ਨੂੰ ਬਾਹਰ ਕੱਢਣ ਲਈ ਕੋਈ ਯਤਨ ਨਹੀਂ ਕੀਤਾ, ਅਜਮੇਰ ਸਿੰਘ ਇਹ ਵੀ ਮੰਨਦੇ ਹਨ ਕਿ ਸਰਕਾਰ ਨੇ ਫੌਜੀ ਐਕਸ਼ਨ ਇਸੇ ਕਰਕੇ 3 ਜੂਨ ਦੀ ਥਾਂ 5 ਜੂਨ ਤੱਕ ਡਿਲੇਅ ਕੀਤਾ ਅਤੇ ਸਪੀਕਰਾਂ ਰਾਹੀਂ ਅਨਾਊਂਸਮੈਂਟਾਂ ਕੀਤੀਆਂ ਕਿ ਲੋਕ ਬਾਹਰ ਆ ਜਾਣ? ਪਰ ਉਹ ਕਹਿੰਦੇ ਹਨ ਕਿ ਹੋ ਸਕਦਾ ਬਹੁਤ ਲੋਕਾਂ ਨੇ ਅਨਾਊਸਮੈਂਟਾਂ ਨਾ ਸੁਣੀਆਂ ਹੋਣ ਜਾਂ ਸੋਚ ਲਿਆ ਹੋਵੇ ਕਿ ਦੋਨੋਂ ਪਾਸਿਉਂ ਗੋਲੀ ਚੱਲ ਰਹੀ ਹੈ, ਹੁਣ ਅੰਦਰ ਹੀ ਬੈਠੇ ਰਹੋ, ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊ ਦੇਖੀ ਜਾਊ? ਇਸੇ ਤਰ੍ਹਾਂ ਅਜਮੇਰ ਸਿੰਘ ਨੇ ਵੀਡੀਉ ਲੜੀ ਵਿੱਚ ਨਵਾਂ ਖੁਲਾਸਾ ਕੀਤਾ ਹੈ ਕਿ ਫੌਜ ਨੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਕਈ 2-3 ਜੂਨ ਨੂੰ ਕਈ ਘੰਟੇ ਕਰਫਿਊ ਵਿੱਚ ਢਿੱਲ ਵੀ ਦਿੱਤੀ ਸੀ।ਉਹ ਜਨਰਲ ਬਰਾੜ ਦੀ ਕਿਤਾਬ ਦੇ ਹਵਾਲੇ ਨਾਲ਼ ਇਹ ਵੀ ਮੰਨਦੇ ਹਨ ਕਿ ਬਹੁਤ ਲੋਕ ਬਾਹਰ ਨਿਕਲ ਵੀ ਆਏ ਸਨ ਅਤੇ ਅੰਦਰ ਸਿਰਫ 1500-2000 ਲੋਕ ਹੀ ਸਨ।ਇਸ ਨਾਲ਼ ਸਿੱਖ ਵਿਦਵਾਨਾਂ ਦੀ ਇਸ ਧਾਰਨਾ ਤੇ ਵੀ ਪ੍ਰਸ਼ਨ ਚਿੰਨ੍ਹ ਲਗਦਾ ਹੈ ਕਿ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੌਰਾਨ 20-25 ਹਜ਼ਾਰ ਬੰਦਾ ਮਾਰਿਆ ਗਿਆ ਸੀ ਅਤੇ ਕੂੜਾ ਸੁੱਟਣ ਵਾਲ਼ੇ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਸ਼ਮਸ਼ਾਨ ਘਾਟਾਂ ਨੂੰ ਲਿਜਾਈਆਂ ਗਈਆਂ ਸਨ? ਸਾਡੇ ਵਿਦਵਾਨ ਬਹੁਤ ਸਾਰੀਆਂ ਗੱਲਾਂ ਬਿਨਾਂ ਤੱਥਾਂ ਤੋਂ ਬੜੇ ਦਾਅਵੇ ਨਾਲ਼ ਪੇਸ਼ ਕਰਦੇ ਹਨ।ਇਸਦੀ ਮਿਸਾਲ ਇਥੋਂ ਮਿਲਦੀ ਹੈ ਕਿ ਸਾਬਕਾ ਆਈ ਏ ਐਸ ਤੇ ਸਿੱਖ ਵਿਦਵਾਨ ਸ. ਗੁਰਤੇਜ ਸਿੰਘ, 'ਸਿੱਖ ਸਟੂਡੈਂਟਸ ਫੈਡਰੇਸ਼ਨ' ਵਲੋਂ 'ਸਾਕਾ ਨੀਲਾ ਤਾਰਾ' ਸਬੰਧੀ ਕਰਵਾਏ ਇੱਕ ਸੈਮੀਨਾਰ ਵਿੱਚ ਬੋਲਦੇ ਹੋਏ ਕਹਿੰਦੇ ਹਨ ਕਿ ਸਿੱਖਾਂ ਨੇ 'ਧਰਮ ਯੁੱਧ ਮੋਰਚੇ' ਵਿੱਚ ਢਾਈ ਲੱਖ ਸ਼ਹੀਦੀਆਂ ਦਿੱਤੀਆਂ, ਜਿਸਦੀ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਗਵਾਹੀ ਨਹੀਂ ਮਿਲ਼ਦੀ।ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਸਾਬਕਾ ਆਈ ਏ ਐਸ ਨ੍ਰਿਪਇੰਦਰ ਰਤਨ (ਜੋ ਜੂਨ 84 ਵਿੱਚ ਜਲੰਧਰ ਵਿੱਚ ਡੀ ਸੀ ਲੱਗਾ ਹੋਇਆ ਸੀ) ਦੀ ਅਨੇਕਾਂ ਪ੍ਰਮਾਣਿਕ ਤੱਥਾਂ ਅਧਾਰਿਤ ਕਿਤਾਬ 'ਉਪਰੇਸ਼ਨ ਬਲਿਊ ਸਟਾਰ 84' ਅਨੁਸਾਰ ਦਰਬਾਰ ਸਾਹਿਬ ਦੇ ਫੌਜੀ ਹਮਲੇ ਮੌਕੇ ਸਿਰਫ 79 ਫੌਜੀ ਮਾਰੇ ਗਏ ਸਨ ਅਤੇ 700-750 ਦੇ ਕਰੀਬ ਆਮ ਲੋਕ ਮਰੇ ਸਨ, ਜਿਨ੍ਹਾਂ ਵਿੱਚ 100-125 ਦੇ ਕਰੀਬ ਖਾੜਕੂ ਹੋ ਸਕਦੇ ਹਨ? ਸਵਾਲ ਪੈਦਾ ਹੁੰਦਾ ਹੈ ਕਿ ਜੇ ਫੌਜ ਨੇ ਹਜ਼ਾਰਾਂ ਬੇਗੁਨਾਹ ਲੋਕ ਅੰਦਰ ਜਾਣ-ਬੁੱਝ ਕੇ ਮਾਰ ਦਿੱਤੇ ਸਨ ਤਾਂ ਫਿਰ ਸੰਤਾਂ ਦੇ ਬਹੁਤ ਨਜ਼ਦੀਕੀ ਜਨਰਲ ਲਾਭ ਸਿੰਘ, ਹਰਮਿੰਦਰ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਜਸਵੀਰ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ, ਅਨੋਖ ਸਿੰਘ ਉਬੋਕੇ ਜਾਂ ਭਾਈ ਅਮਰੀਕ ਸਿੰਘ, ਮੇਜਰ ਸਿੰਘ ਨਾਗੋਕੇ ਵਰਗੇ ਅਨੇਕਾਂ ਖਾੜਕੂਆਂ ਦੇ ਪਰਿਵਾਰ ਉਥੋਂ ਸਹੀ ਸਲਾਮਤ ਬਚ ਕੇ ਬਾਹਰ ਕਿਵੇਂ ਆ ਗਏ ਸਨ? ਇਥੋਂ ਤੱਕ ਕਿ ਬੱਬਰ ਖਾਲਸਾ ਦੇ ਸਿੰਘ ਤਾਂ ਸਾਰੇ ਹੀ ਬਚ ਕੇ ਨਿਕਲ਼ ਗਏ ਸਨ?

ਇੱਕ ਗੱਲ ਪਿਛਲੇ 37 ਸਾਲਾਂ ਤੋਂ ਕਹੀ ਜਾਂਦੀ ਸੀ ਕਿ ਚਲੋ ਮੰਨ ਲਿਆ, ਸੰਤ ਭਿੰਡਰਾਂਵਾਲ਼ੇ ਤੇ ਉਸਦੇ ਹਥਿਆਰਬੰਦ ਖਾੜਕੂਆਂ ਨੂੰ ਕੱਢਣ ਲਈ ਅਕਾਲ ਤਖਤ ਤੇ ਹਮਲਾ ਕੀਤਾ ਗਿਆ, ਪਰ ਪੰਜਾਬ ਦੇ ਹੋਰ 37 ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ ਗਿਆ? ਉਥੇ ਤਾਂ ਕੋਈ ਖਾੜਕੂ ਨਹੀਂ ਸਨ? ਦੂਸਰਾ ਖਾੜਕੂ ਤਾਂ ਸਿਰਫ ਅਕਾਲ ਤਖਤ ਤੇ ਸਨ, ਫਿਰ ਸਾਰੇ ਪੰਜਾਬ ਦੀ ਘੇਰਾਬੰਦੀ ਕਿਉਂ ਕੀਤੀ ਗਈ? ਇਸ ਤੋਂ ਸਾਬਿਤ ਹੁੰਦਾ ਕਿ ਫੌਜੀ ਕਾਰਵਾਈ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਸੀ ਕਿ ਉਹ ਹਿੰਦੂ ਭਾਰਤ ਵਿੱਚ ਗੁਲਾਮ ਬਣ ਕੇ ਰਹਿਣ, ਨਹੀਂ ਤਾਂ ਉਨ੍ਹਾਂ ਦਾ ਇਹੀ ਹਸ਼ਰ ਹੋਵੇਗਾ? ਸ. ਅਜਮੇਰ ਸਿੰਘ ਨੇ ਆਪਣੀ ਇਸ ਵੀਡੀਉ ਲੜੀ ਵਿੱਚ ਇਹ ਮੰਨਿਆ ਹੈ ਕਿ ਬਹੁਤ ਸਾਰੇ ਖਾੜਕੂ ਵੱਖ-ਵੱਖ ਗੁਰਦੁਆਰਿਆਂ ਵਿੱਚ ਹਥਿਆਰਾਂ ਨਾਲ਼ ਲੈਸ ਬੈਠੇ ਸਨ।ਵਿਦਵਾਨ ਸਾਹਿਬ ਕਹਿੰਦੇ ਹਨ ਕਿ ਗੁਰਦੁਆਰਿਆਂ ਵਿੱਚ ਹਥਿਆਰਾਂ ਸਮੇਤ ਸ਼ਰਣ ਲੈਣੀ ਸਾਡੀ ਧਾਰਮਿਕ ਪ੍ਰੰਪਰਾ ਹੈ, 18ਵੀਂ ਸਦੀ ਵਿੱਚ ਵੀ ਸਿੱਖ ਅਜਿਹਾ ਕਰਦੇ ਰਹੇ ਸਨ, ਇਸ ਵਿੱਚ ਕੁਝ ਵੀ ਗਲਤ ਨਹੀਂ ਸੀ? ਦੂਸਰਾ ਉਨ੍ਹਾਂ ਮੰਨਿਆ ਹੈ ਕਿ ਸੰਤ ਅਕਸਰ ਆਪਣੇ ਲੈਕਚਰਾਂ ਵਿੱਚ ਕਹਿੰਦੇ ਸਨ ਕਿ ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਵਿੱਚ ਪੈਰ ਰੱਖਿਆ ਤਾਂ ਤੁਸੀਂ ਕਿਸੇ ਹੁਕਮ ਦੀ ਉਡੀਕ ਨਾ ਕਰਿਉ, ਜੋ ਹਥਿਆਰ ਹੱਥ ਆਉਂਦਾ ਲੈ ਕੇ ਦਰਬਾਰ ਸਾਹਿਬ ਵੱਲ ਕੂਚ ਕਰ ਦਿਉ? ਇਸ ਸਬੰਧੀ ਇੱਕ ਸਾਬਕਾ ਖਾੜਕੂ ਕੁਲਜਿੰਦਰ ਸਿੰਘ ਢਿੱਲੋਂ, ਜੋ ਕਿ ਫੌਜੀ ਹਮਲੇ ਦੌਰਾਨ ਅੰਦਰੋਂ ਫੜਿਆ ਗਿਆ ਸੀ ਤੇ ਬਾਅਦ ਵਿੱਚ ਹਸਪਤਾਲ਼ ਤੋਂ ਬਚ ਕੇ ਨਿਕਲ਼ ਗਿਆ ਸੀ, ਅਨੁਸਾਰ ਸੰਤਾਂ ਦੇ ਹੁਕਮਾਂ ਅਨੁਸਾਰ ਉਹ ਕੁਝ ਸਿੰਘ ਕੁਝ ਗੁਰਦੁਆਰਿਆਂ ਵਿੱਚ ਹਥਿਆਰ ਦੇਣ ਗਏ ਸੀ ਤੇ ਪਲਾਨ ਇਹ ਸੀ ਕਿ ਜਦੋਂ ਹਮਲਾ ਹੋਇਆ ਤਾਂ ਬਾਹਰੋਂ ਵੱਖ-ਵੱਖ ਥਾਵਾਂ ਤੋਂ ਬਗਾਵਤ ਕਰ ਦਿੱਤੀ ਜਾਵੇ? ਅਜਮੇਰ ਸਿੰਘ ਇਹ ਵੀ ਮੰਨਦੇ ਹਨ ਕਿ ਜੇ ਫੌਜ ਪੰਜਾਬ ਦੀ ਇਸ ਤਰ੍ਹਾਂ ਸਖਤ ਘੇਰਾਬੰਦੀ ਨਾ ਕਰਦੀ ਤਾਂ ਫਿਰ ਪੰਜਾਬ ਦਾ ਪਤਾ ਨੀ ਕੀ ਬਣਨਾ ਸੀ ਤੇ ਕਿਤਨਾ ਕਤਲੇਆਮ ਹੋਣਾ ਸੀ? ਇਸਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਸਰਕਾਰ ਵਲੋਂ ਪੂਰੇ ਪੰਜਾਬ ਦੀ ਘੇਰਾਬੰਦੀ ਕਰਨੀ, ਸ਼ੱਕੀ ਗੁਰਦੁਆਰਿਆਂ ਦੀ ਤਲਾਸ਼ੀ ਲੈਣੀ ਗਲਤ ਨਹੀਂ ਸੀ? ਸਰਕਾਰ ਦੇ ਅਜਿਹੇ ਯਤਨਾਂ ਕਰਕੇ ਹੀ ਪੰਜਾਬ ਵਿੱਚ ਵੱਡਾ ਖੂਨ ਖਰਾਬਾ ਹੋਣ ਤੋਂ ਬਚ ਗਿਆ, ਹੋ ਸਕਦਾ 1947 ਵਾਲ਼ੇ ਹਾਲਾਤ ਬਣ ਜਾਂਦੇ ਤੇ ਹਿੰਦੂ-ਸਿੱਖ ਆਪਸ ਵਿੱਚ ਇੱਕ ਦੂਜੇ ਦਾ ਵਢਾਂਗਾ ਕਰਦੇ?

ਖਾੜਕੂ ਕੁਲਜਿੰਦਰ ਸਿੰਘ ਢਿਲੋਂ ਨੇ ਆਪਣੀ ਇੱਕ ਇੰਟਵਿਊ ਵਿੱਚ ਡਾ. ਵਿਸ਼ਵਾਨਾਥ ਤਿਵਾੜੀ, ਐਮ ਪੀ ਦੀ ਹੱਤਿਆ ਦਾ ਜੋ ਇੰਕਸ਼ਾਫ ਕੀਤਾ ਹੈ, ਉਹ ਵੀ ਇਸ ਘਟਨਾਕਰਮ ਨੂੰ ਸਮਝਣ ਲਈ ਮੁੱਲਵਾਨ ਹੈ।ਯਾਦ ਰਹੇ ਉਸਨੂੰ 3 ਅਪਰੈਲ, 1984 ਨੂੰ ਉਸਦੇ ਘਰ ਵਿੱਚ ਹੀ ਖਾੜਕੂਆਂ ਨੇ ਕਤਲ ਕਰ ਦਿੱਤਾ ਸੀ, ਜਿਸ ਬਾਰੇ ਸੰਤ ਭਿੰਡਰਾਂਵਾਲ਼ਿਆਂ ਤੇ ਅਕਾਲੀਆਂ ਨੇ ਕਿਹਾ ਸੀ ਕਿ ਇਹ ਏਜੰਸੀਆਂ ਦਾ ਕੰਮ ਹੈ, ਜਦਕਿ ਉਨ੍ਹਾਂ ਦੇ ਆਪਣੇ ਖਾੜਕੂਆਂ ਨੇ ਇਹ ਕਤਲ ਕੀਤਾ ਸੀ ਕਿਉਂਕਿ ਡਾ. ਤਿਵਾੜੀ, ਅਕਾਲੀਆਂ ਤੇ ਸਰਕਾਰ ਵਿੱਚ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਇੱਕ ਕੜੀ ਸੀ।

ਅਜਮੇਰ ਸਿੰਘ ਇਸੇ ਵੀਡੀਉ ਲੜੀ ਵਿੱਚ ਇੱਕ ਜਗ੍ਹਾ ਕਹਿੰਦੇ ਹਨ ਕਿ ਕੁਝ ਲੋਕ ਤਰਕ ਦਿੰਦੇ ਹਨ ਕਿ ਸੰਤਾਂ ਨੂੰ ਅਕਾਲ ਤਖਤ ਤੇ ਹਥਿਆਰ ਨਹੀਂ ਜਮ੍ਹਾਂ ਕਰਨੇ ਚਾਹੀਦੇ ਸਨ ਜਾਂ ਘੱਟੋ-ਘੱਟ ਜਦੋਂ ਫੌਜ ਆ ਗਈ ਸੀ ਤਾਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਦੀ ਤਬਾਹੀ ਤੇ ਬੇਅਦਬੀ ਰੋਕਣ ਲਈ ਉਥੋਂ ਬਾਹਰ ਆ ਜਾਣਾ ਚਾਹੀਦਾ ਸੀ, ਜਿਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਮੁਗਲਾਂ ਨਾਲ਼ ਪਹਿਲੀ ਲੜਾਈ ਮੌਕੇ ਅੰਮ੍ਰਿਤਸਰ ਤੋਂ ਬਾਹਰ ਚਲੇ ਗਏ ਸਨ ਤਾਂ ਕਿ ਦਰਬਾਰ ਸਾਹਿਬ ਨੂੰ ਆਂਚ ਨਾ ਆਵੇ? ਇਸ ਬਾਰੇ ਆਪਣਾ ਸਿਧਾਂਤਕ ਤਰਕ ਪੇਸ਼ ਕਰਦੇ ਹੋਏ ਅਜਮੇਰ ਸਿੰਘ ਕਹਿੰਦੇ ਹਨ ਕਿ ਸੰਤਾਂ ਦੀ ਲੜਾਈ ਕੋਈ ਮੰਗਾਂ (ਆਨੰਦਪੁਰ ਦੇ ਮਤੇ ਦੀਆਂ) ਦੀ ਨਹੀਂ ਸੀ, ਉਹ ਤਾਂ ਧਰਮ ਨੂੰ ਬਚਾਉਣ ਦੀ ਲੜਾਈ ਲੜ ਰਹੇ ਸਨ, ਉਹ ਤਾਂ ਸਿੱਖੀ ਬਚਾਉਣ ਦੀ ਲੜਾਈ ਲੜ ਰਹੇ ਸਨ? ਉਹ ਤਾਂ ਆਏ ਹੀ ਅਕਾਲ ਤਖਤ ਤੇ ਸ਼ਹੀਦੀ ਪਾਉਣ ਸਨ? ਉਨ੍ਹਾਂ ਦੀ ਸ਼ਹੀਦੀ ਦਾ ਸਫਰ ਉਸ ਦਿਨ ਸ਼ੁਰੂ ਹੋ ਗਿਆ ਸੀ, ਜਿਸ ਦਿਨ ਉਹ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਪਹੁੰਚ ਗਏ ਸਨ? ਸੰਤ ਜੀ ਅਕਸਰ ਕਹਿੰਦੇ ਸਨ ਕਿ ਜੇ ਧਰਮ ਨੂੰ ਬਚਾਉਣਾ ਹੈ, ਸਿੱਖੀ ਨੂੰ ਬਚਾਉਣਾ ਹੈ ਤਾਂ ਸਿਰ ਦੇਣੇ ਪੈਣਗੇ ਤੇ ਸਿਰ ਵੀ ਅਕਾਲ ਤਖਤ ਅਤੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੀ ਦੇਣੇ ਪੈਣਗੇ।ਇਥੇ ਦਿੱਤੀ ਸ਼ਹਾਦਤ ਦਾ ਅਸਰ ਹੀ ਹੋਰ ਹੈ? ਸੰਤਾਂ ਨੂੰ ਸਪੱਸ਼ਟ ਸੀ ਕਿ ਸਾਡੀ ਲੜਾਈ ਮੰਗਾਂ ਦੀ ਨਹੀਂ, ਦੋ ਤਖਤਾਂ ਦੀ ਲੜਾਈ ਹੈ? ਹਿੰਦੂ ਹਾਕਮਾਂ ਤੇ ਸਿੱਖਾਂ (ਜਿਨ੍ਹਾਂ ਨੂੰ  ਭੁੱਲ ਚੁੱਕਾ ਸੀ ਕਿ ਅਸੀਂ ਵੀ ਤਖਤਾਂ ਦੇ ਮਾਲਕ ਹਾਂ) ਨੂੰ ਅਹਿਸਾਸ ਤਾਂ ਹੀ ਹੋਣਾ ਸੀ ਕਿ ਸਾਡਾ ਵੀ ਕੋਈ ਤਖਤ ਹੈ, ਜੇ ਸ਼ਹੀਦੀ ਅਕਾਲ ਤਖਤ ਤੇ ਪਾਈ ਜਾਂਦੀ? ਗੱਲ ਅੱਗੇ ਕਰਨ ਤੋਂ ਪਹਿਲਾਂ ਇਸ ਸਬੰਧੀ ਸ਼੍ਰੋਮਣੀ ਸਿੱਖ ਵਿਦਵਾਨ ਪ੍ਰੋ: ਪੂਰਨ ਸਿੰਘ ਦੇ 100 ਕੁ ਸਾਲ ਪਹਿਲਾਂ ਲਿਖੇ ਇੱਕ ਲੇਖ 'ਸ੍ਰੀ ਦਰਬਾਰ ਸਾਹਿਬ' ਦਾ ਹਵਾਲਾ ਦੇਣਾ ਵਾਜ਼ਿਬ ਰਹੇਗਾ, ਜਿਸ ਵਿੱਚ ਉਹ ਲਿਖਦੇ ਹਨ: 'ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ, ਪਰ ਸ੍ਰੀ ਅੰਮ੍ਰਿਤਸਰ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਨੂੰ ਕਦੇ ਸਿਆਸਤ ਦਾ ਕੇਂਦਰ ਨਹੀਂ ਬਣਾਇਆ? ਉਨ੍ਹਾਂ ਨੇ ਧਰਮ ਨੂੰ ਸਿਆਸਤ ਤੋਂ ਹਮੇਸ਼ਾਂ ਉਚਾ ਰੱਖਿਆ? ਗੁਰੂ ਸਾਹਿਬ ਚਾਹੁੰਦੇ ਸਨ ਕਿ ਦਰਬਾਰ ਸਾਹਿਬ ਕਦੇ ਜੰਗ ਦਾ ਅਖਾੜਾ ਨਾ ਬਣੇ, ਪੁਲੀਟੀਕਲ ਕੰਮ ਇਥੋਂ ਦੂਰ ਹੋ ਕੇ ਕੀਤੇ ਜਾਣ? ਜਦੋਂ ਦੁਬਾਰਾ ਅੰਮ੍ਰਿਤਸਰ ਵਿੱਚ ਜੰਗ ਦਾ ਮਾਹੌਲ ਬਣਨ ਲੱਗਾ ਤਾਂ ਗੁਰੂ ਸਾਹਿਬ ਮਾਝੇ ਨੂੰ ਛੱਡ ਦੂਰ ਪਹਾੜਾਂ ਵਿੱਚ ਕੀਰਤਪੁਰ ਆ ਵਸੇ ਤਾਂ ਕਿ ਇਹ ਸਰਬ ਸਾਂਝਾ ਥਾਂ ਕਦੇ ਜੰਗਾਂ-ਯੁੱਧਾਂ ਦਾ ਅਖਾੜਾ ਨਾ ਬਣੇ? ਪ੍ਰੋ ਪੂਰਨ ਸਿੰਘ ਅੱਗੇ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰੂਆਂ ਦੀ ਇਸੇ ਸੋਚ ਅਨੁਸਾਰ, 'ਖਾਲਸਾ ਰਾਜ' ਦੀ ਰਾਜਧਾਨੀ ਅੰਮ੍ਰਿਤਸਰ ਦੀ ਥਾਂ ਲਾਹੌਰ ਬਣਾਉਣਾ ਬਿਹਤਰ ਸਮਝਿਆ ਤਾਂ ਕਿ ਦਰਬਾਰ ਸਾਹਿਬ ਨੂੰ ਸਿਆਸਤ ਅਤੇ ਯੁੱਧਾਂ ਤੋਂ ਦੂਰ ਰੱਖਿਆ ਜਾਵੇ।' ਇਸ ਤੋਂ ਸਪੱਸ਼ਟ ਹੈ ਕਿ ਗੁਰੂਆਂ ਦੀ ਮੀਰੀ-ਪੀਰੀ ਸੋਚ ਦਾ ਅਰਥ ਇਹੀ ਸੀ ਕਿ ਸਿਆਸਤ ਧਰਮ ਅਧੀਨ ਰਹੇ ਭਾਵ ਸਿਆਸੀ ਲੋਕ ਧਰਮੀ ਹੋਣ ਨਾ ਕਿ ਧਰਮ ਨੂੰ ਸਿਆਸਤ ਲਈ ਵਰਤਿਆ ਜਾਵੇ, ਜਿਸ ਤਰ੍ਹਾਂ ਅਕਾਲੀ ਤੇ ਹੁਣ ਖਾਲਿਸਤਾਨੀ ਆਪਣੀਆਂ ਰਾਜਸੀ ਇਛਾਵਾਂ ਲਈ ਧਰਮ ਤੇ ਗੁਰਦੁਆਰਿਆਂ ਨੂੰ ਵਰਤਦੇ ਹਨ? ਅਜਮੇਰ ਸਿੰਘ ਜੀ ਦੇ ਉਪਰਲੇ ਪ੍ਰਵਚਨਾਂ ਦਾ ਭਾਵ ਤਾਂ ਇਹੀ ਬਣਦਾ ਹੈ ਕਿ ਸੰਤ ਜੀ ਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਇਤਿਹਾਸ ਵਿੱਚ ਆਪਣਾ ਖਾਸ ਸਥਾਨ ਬਣਾਉਣ ਲਈ ਅਕਾਲ ਤਖਤ ਤੇ ਸ਼ਹੀਦੀਆਂ ਪਾਉਣ ਦਾ ਰਸਤਾ ਚੁਣਿਆ ਤੇ ਅਜਿਹੇ ਹਾਲਾਤ ਬਣਾਏ ਕਿ ਸਰਕਾਰ ਦਰਬਾਰ ਸਾਹਿਬ ਤੇ ਹਮਲਾ ਕਰਨ ਵਰਗੀ ਘਿਨਾਉਣੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਏ? ਕੀ ਅਜਮੇਰ ਸਿੰਘ ਜੀ ਸਿੱਖ ਪੰਥ ਨੂੰ ਤੱਥਾਂ ਅਧਾਰਿਤ ਕਦੇ ਦੱਸਣਗੇ ਕਿ ਭਾਰਤ ਤੇ ਦੁਨੀਆਂ ਭਰ ਵਿੱਚ ਖੁਸ਼ਹਾਲ ਵਸਦੇ ਸਿੱਖ ਭਾਈਚਾਰੇ ਦੀ ਉਹ ਕਿਹੜੀ ਸਿੱਖੀ ਹੋਂਦ ਸੀ, ਜੋ ਖਤਮ ਕੀਤੀ ਜਾ ਰਹੀ ਸੀ ਜਾਂ ਸਿੱਖ ਧਰਮ ਨੂੰ ਅਜਿਹਾ ਕਿਹੜਾ ਖਤਰਾ ਖੜਾ ਹੋ ਗਿਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਤੇ ਉਨ੍ਹਾਂ ਦੇ 60-70 ਸਾਥੀਆਂ ਦੇ ਅਕਾਲ ਤਖਤ ਤੇ ਸ਼ਹੀਦੀ ਪਾਏ ਬਿਨਾਂ ਨਹੀਂ ਟਲਣਾ ਸੀ? ਕੀ ਅਜੋਕੇ ਮਾਡਰਨ ਵਰਲਡ ਵਿੱਚ ਕੁਝ ਵਿਅਕਤੀਆਂ ਦੇ ਸ਼ਹੀਦੀ ਪਾਉਣ ਨਾਲ਼ ਧਰਮ ਦਾ ਪ੍ਰਸਾਰ ਹੋ ਸਕਦਾ ਹੈ? ਫਿਰ ਸਾਡੇ ਵਿਦਵਾਨਾਂ ਦਾ ਇਹ ਤਰਕ ਕਿਤਨਾ ਕੁ ਵਾਜ਼ਿਬ ਰਹਿ ਜਾਂਦਾ ਹੈ ਕਿ ਸਰਕਾਰ ਨੇ ਸਿੱਖੀ ਦੀ ਹੋਂਦ ਖਤਮ ਕਰਨ ਤੇ ਪੰਜ ਸਦੀਆਂ ਦਾ ਵੈਰ ਕੱਢਣ ਲਈ ਫੌਜੀ ਹਮਲਾ ਕੀਤਾ ਸੀ?

ਅੱਜ ਅਸੀਂ ਇਕੀਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਵਿਚਰ ਰਹੇ ਹਾਂ ਤੇ ਦੁਨੀਆਂ ਭਰ ਦੇ ਚਿੰਤਕ ਅੱਜ ਦੇ ਸੰਦਰਭ ਵਿੱਚ ਭਵਿੱਖ ਵਿੱਚ ਮਨੁੱਖਤਾ ਨੂੰ ਆਉਣ ਵਾਲੇ ਖਤਰਿਆਂ ਤੇ ਚੈਲਿੰਜਾਂ ਸਬੰਧੀ ਵਿਚਾਰਾਂ ਕਰ ਰਹੇ ਹਨ।ਪਰ ਸਾਡੇ ਵਿਦਵਾਨ ਸਿੱਖਾਂ ਦੇ ਹਰ ਮਸਲੇ ਦਾ ਹੱਲ 17ਵੀਂ-18ਵੀਂ ਸਦੀ ਵਿੱਚੋਂ ਲੱਭਦੇ ਹਨ? ਉਨ੍ਹਾਂ ਨੂੰ ਭੁੱਲ ਜਾਂਦਾ ਹੈ ਕਿ 17ਵੀਂ-18ਵੀਂ ਸਦੀ ਵਾਲ਼ੇ ਦਿਨ ਬਹੁਤ ਸਮਾਂ ਪਹਿਲਾਂ ਖਤਮ ਹੋ ਚੁੱਕੇ ਹਨ, ਅੱਜ ਦੀਆਂ ਸਮੱਸਿਆਵਾਂ ਨੂੰ ਅੱਜ ਦੇ ਸੰਦਰਭ ਤੇ ਅੱਜ ਦੇ ਢੰਗ ਤਰੀਕਿਆਂ ਨਾਲ਼ ਹੀ ਹੱਲ ਕੀਤਾ ਜਾ ਸਕਦਾ ਹੈ? ਦੁਨੀਆਂ ਦੇ ਪ੍ਰਮੁੱਖ ਸੂਝਵਾਨ ਵਿਅਕਤੀਆਂ ਵਿੱਚ ਗਿਣੇ ਜਾਂਦੇ, ਇਤਿਹਾਸ ਦੇ ਪ੍ਰੋਫੈਸਰ ਤੇ ਲੇਖਕ ਜ਼ੁਵਾਲ ਹਰਾਰੀ ਆਪਣੀ ਨਵੀਂ ਕਿਤਾਬ '21 Lessons for the 21st Century’ (21 ਵੀਂ ਸਦੀ ਲਈ 21 ਸਬਕ) ਵਿੱਚ 'ਰਾਸ਼ਟਰਵਾਦ' ਬਾਰੇ ਲਿਖਦੇ ਹਨ ਕਿ ਅੱਜ ਗਲੋਬਲਾਈਜ਼ੇਸ਼ਨ ਦੇ ਦੌਰ ਵਿੱਚ ਜਦੋਂ ਸਾਰਾ ਸੰਸਾਰ ਗਲੋਬਲ ਵਿਲੇੇਜ਼ ਬਣ ਚੁੱਕਾ ਹੈ ਤਾਂ ਸਾਡੀਆਂ ਸਮੱਸਿਆਵਾਂ ਵੀ ਗਲੋਬਲ ਬਣ ਚੁੱਕੀਆਂ ਹਨ ਤੇ ਇਨ੍ਹਾਂ ਦੇ ਹੱਲ ਵੀ ਹੁਣ ਕੌਮਾਂ ਜਾਂ ਦੇਸ਼ਾਂ ਦੇ ਨਜ਼ਰੀਏ ਤੋਂ ਨਹੀਂ, ਸਗੋਂ ਮਨੁੱਖਤਾ ਦੇ ਨਜ਼ਰੀਏ ਤੋਂ ਕਰਨੇ ਪੈਣਗੇ ਤਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟ ਟੈਕਨੌਲ਼ੋਜ਼ੀ, ਵਿਨਾਸ਼ਕਾਰੀ ਪ੍ਰਮਾਣੂ ਹਥਿਆਰ, ਗਲੋਬਲ ਵਾਰਮਿੰਗ, ਆਰਥਿਕ ਮੰਦਵਾੜੇ, ਸਾਰੀ ਦੁਨੀਆਂ ਦੀ ਦੌਲਤ ਦਾ ਕੁਝ ਕਾਰਪੋਰੇਸ਼ਨਾਂ ਦੇ ਹੱਥ ਆ ਜਾਣਾ, ਧਾਰਮਿਕ ਕੱਟੜਵਾਦ ਅਧਾਰਿਤ ਅੱਤਵਾਦ ਆਦਿ ਨਾਲ਼ ਭਵਿੱਖ ਵਿੱਚ ਪੈਦਾ ਹੋਣ ਵਾਲ਼ੀਆਂ ਚੁਣੌਤੀਆਂ ਨੂੰ ਗਲੋਬਲ ਸੰਦਰਭ ਵਿੱਚ ਹੀ ਹੱਲ ਕੀਤਾ ਜਾ ਸਕੇਗਾ? ਜਦਕਿ ਸਾਡੇ ਵਿਦਵਾਨ 17ਵੀਂ-18ਵੀਂ ਸਦੀ ਵਾਲ਼ੇ ਕੌਮਾਂ ਦੇ ਸੰਕਲਪਾਂ ਵਿੱਚ ਫਸੇ ਹੋਏ ਹਨ? ਅੱਜ ਸਿੱਖ ਸਾਰੀ ਦੁਨੀਆਂ ਵਿੱਚ ਵੱਸ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੁਣ ਸਿਰਫ ਪੰਜਾਬ ਤੱਕ ਸੀਮਤ ਨਹੀਂ, ਸਗੋਂ ਗਲੋਬਲ ਬਣ ਚੁੱਕੀਆਂ ਹਨ? ਇਤਿਹਾਸਕਾਰਾਂ ਦਾ ਕੰਮ ਇਤਿਹਾਸ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਸੁਣਾਉਣਾ ਨਹੀਂ, ਸਗੋਂ ਉਸ ਵਿੱਚੋਂ ਭਵਿੱਖ ਉਸਾਰਨਾ ਹੁੰਦਾ ਹੈ? ਕੀ ਸਾਡੇ ਵਿਦਵਾਨ ਕਦੇ ਇਸ ਪਾਸੇ ਵੀ ਧਿਆਨ ਮਾਰਨਗੇ?

ਇਥੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਇੱਕ ਦਸ ਸਾਲ ਪਹਿਲਾਂ ਲਿਖੀ ਕਿਤਾਬ ‘Khalistan Struggle: A Non Movement’ ਦੇ 'ਬਦਲਾ' ਸਿਰਲੇਖ ਹੇਠਲੇ ਨੌਵੇਂ ਚੈਪਟਰ ਦੇ ਪੰਨਾ 201 ਦਾ ਜ਼ਿਕਰ ਕਰਨਾ ਜਰੂਰੀ ਬਣਦਾ ਹੈ, ਜੋ ਉਨ੍ਹਾਂ ‘Times of India’ ਦੇ 1 ਨਵੰਬਰ, 1984 ਦੇ ਅੰਕ ਤੋਂ ਲਈ ਹੈ, ਜਿਸ ਵਿੱਚ ਉਹ ਦੱਸਦੇ ਹਨ ਕਿ 31 ਅਕਤੂਬਰ, 1984 ਦੀ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਜੂਨ 84 ਬਾਰੇ ਬੋਲਦੇ ਹੋਏ ਕਿਹਾ ਸੀ: 'ਇਸ ਵਿੱਚ ਸਿਰਫ ਉਨ੍ਹਾਂ (ਸਰਕਾਰ ਜਾਂ ਫੌਜ) ਦਾ ਹੀ ਦੋਸ਼ ਨਹੀਂ ਸੀ, ਸਾਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ।ਸਾਨੂੰ (ਖਾੜਕੂਆਂ) ਕਿਸਨੇ ਕਿਹਾ ਸੀ ਕਿ ਬੱਸਾਂ ਵਿੱਚੋਂ ਲਾਹ ਕੇ ਬੇਗੁਨਾਹ ਬੰਦੇ ਮਾਰੇ ਜਾਣ? ਕਿਸਨੇ ਕਿਹਾ ਸੀ ਕਿ ਪਿੰਡਾਂ ਵਿੱਚੋਂ ਘੜੀਸ ਕੇ ਬੇਗੁਨਾਹ ਲੋਕ ਮਾਰੇ ਜਾਣ? ਸਾਨੂੰ ਇਸਦੀ ਜ਼ਿੰਮੇਵਾਰੀ ਲੈਣੀ ਪਵੇਗੀ, ਜੋ ਅੱਜ ਵਾਪਰਿਆ (ਉਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ), ਉਸਨੂੰ ਇਸੇ ਸੰਦਰਭ ਵਿੱਚ ਸਮਝਣਾ ਪਵੇਗਾ? ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਿਮਲੇ ਵਿਖੇ ਚੈਲ ਫਾਰਮ ਵਿੱਚ ਗੌਲਫ ਖੇਡ ਰਿਹਾ ਸੀ, ਜਦੋਂ ਉਸਨੂੰ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦੀ ਖ਼ਬਰ ਮਿਲ਼ੀ।ਉਹ ਬੇਚੈਨ ਹੋ ਕੇ, ਇਤਨਾ ਤੜਫ ਉਠਿਆ ਕਿ ਉਸੇ ਵਕਤ ਦਿੱਲ਼ੀ ਇੰਦਰਾ ਨਿਵਾਸ ਜਾ ਕੇ ਰੋਸ ਵਜੋਂ ਕਾਂਗਰਸ ਪਾਰਟੀ ਅਤੇ ਐਮ ਪੀ ਤੋਂ ਅਸਤੀਫਾ ਦੇ ਦਿੱਤਾ।ਜਦੋਂ ਕਿ ਉਹ ਉਸ ਵਕਤ ਰਾਜੀਵ ਗਾਂਧੀ ਤੇ ਇੰਦਰਾ ਪਰਿਵਾਰ ਦੇ ਬਹੁਤ ਨੇੜੇ ਸੀ।ਇੰਦਰਾ ਗਾਂਧੀ ਨੇ ਉਸਨੂੰ ਅਜਿਹਾ ਨਾ ਕਰਨ ਲਈ ਬਹੁਤ ਰੋਕਿਆ ਵੀ ਸੀ, ਪਰ ਉਹ ਨਹੀਂ ਮੰਨਿਆ ਸੀ। ਬੇਸ਼ਕ ਕੈਪਟਨ ਅਮਰਿੰਦਰ ਸਿੰਘ ਵਰਗੇ ਲੱਖਾਂ ਸਿੱਖਾਂ ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਭਾਰੀ ਦੁੱਖ ਹੋਇਆ ਸੀ, ਪਰ ਉਨ੍ਹਾਂ ਦੇ ਮਨਾਂ ਵਿੱਚ ਵੀ ਇਹ ਸਵਾਲ ਸਨ ਕਿ ਇਹ ਹਮਲਾ ਕਿਉਂ ਹੋਇਆ? ਇਸ ਬਾਰੇ ਜ਼ਿੰਮੇਵਾਰ ਧਿਰਾਂ ਤੋਂ ਜਾਨਣਾ ਸਿੱਖਾਂ ਦਾ ਹੱਕ ਹੈ?

ਕੀ ਸਾਡੇ ਵਿਦਵਾਨ ਤੇ ਲੀਡਰ ਕਦੇ 1978-1995 ਦੇ ਦੌਰ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਕਦੇ ਇਸ ਪੱਖ ਤੋਂ ਵੀ ਵਿਚਾਰਨਗੇ ਕਿ ਇਸ ਵਿੱਚ ਸਾਡਾ ਵੀ ਕਿਤੇ ਕੋਈ ਮਾੜਾ ਮੋਟਾ ਦੋਸ਼ ਸੀ? ਅੱਜ ਤੱਥਾਂ ਅਧਾਰਿਤ ਬਹੁਤ ਸਚਾਈਆਂ ਸਾਹਮਣੇ ਆ ਰਹੀਆਂ ਹਨ, ਕੀ ਕਦੇ ਉਨ੍ਹਾਂ ਤੇ ਵਿਚਾਰ ਵੀ ਹੋਵੇਗੀ? ਕੀ ਕਦੇ ਸਾਡੇ ਵਿਦਵਾਨ ਬੇਮੁਹਾਰੀ ਹਥਿਆਰਬੰਦ ਲਹਿਰ ਵਿੱਚ ਹੋਈ ਤਬਾਹੀ ਨੂੰ ਕਦੇ ਨਿਰਪੱਖਤਾ ਨਾਲ਼ ਵਿਚਾਰਨਗੇ ਅਤੇ ਹਜ਼ਾਰਾਂ ਬੇਗੁਨਾਹਾਂ ਦੇ ਕਤਲਾਂ ਲਈ ਮੁਆਫੀ ਮੰਗਣਗੇ? ਉਸ ਸਮੇਂ ਜੋ ਵਾਪਰਿਆ ਤੇ ਜੋ ਅੱਜ ਵਾਪਰ ਰਿਹਾ ਹੈ, ਇਸਦੇ ਕਾਰਨਾਂ ਬਾਰੇ ਅੰਤਰ ਝਾਤੀ ਮਾਰਨ ਦੀ ਬੇਹੱਦ ਲੋੜ ਹੈ? ਕੀ ਸ. ਅਜਮੇਰ ਸਿੰਘ, ਸ. ਗੁਰਤੇਜ ਸਿੰਘ, ਪੱਤਰਕਾਰ ਕਰਮਜੀਤ ਸਿੰਘ, ਪੱਤਰਕਾਰ ਸੁਖਦੇਵ ਸਿੰਘ ਵਰਗੇ ਕੌਮ ਦੇ ਰਹਿਬਰ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਅਜੇ ਵੀ ਨੌਜਵਾਨਾ ਨੂੰ ਭੜਕਾਉਣ ਪਿਛੇ ਕੀ ਮਕਸਦ ਹੈ? ਕਦੇ ਉਹ ਦੱਸਣਗੇ ਕਿ 1989 ਦੀਆਂ ਚੋਣਾਂ ਵਿੱਚ ਲੱਖਾਂ ਵੋਟਾਂ ਦੇ ਫਰਕ ਨਾਲ਼ ਜਿੱਤਣ ਵਾਲ਼ੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਵਲੋਂ ਸ਼ੁਰੂ ਕੀਤੀ ਖਾੜਕੂ ਲਹਿਰ ਦੇ ਵਾਰਿਸ ਸਿਮਰਨਜੀਤ ਸਿੰਘ ਮਾਨ, ਅਤਿੰਦਪਾਲ ਸਿੰਘ, ਮੈਡਮ ਰਜਿੰਦਰ ਕੌਰ ਬੁਲਾਰਾ ਵਰਗੇ ਮੁੜ ਕੇ ਕਦੇ ਜਮਾਨਤਾਂ ਵੀ ਕਿਉਂ ਨਹੀਂ ਬਚਾ ਸਕੇ?

Tel.: 403-681-8689
Email: [email protected]


Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ