Thu, 03 October 2024
Your Visitor Number :-   7228739
SuhisaverSuhisaver Suhisaver

ਮੁਕਤੀ ਸੰਗਰਾਮ ਦੇ ਇਤਿਹਾਸ ਨੂੰ ਬਦਲਣ ਦੀ ਵੱਡੀ ਸਾਜ਼ਿਸ਼ - ਸੁਧੀਰ ਵਿਦਿਆਰਥੀ

Posted on:- 27-09-2015

suhisaver

ਅਨੁਵਾਦ: ਮਨਦੀਪ
ਈ-ਮੇਲ: [email protected]


 (ਨੋਟ-ਲੋਕ ਵਿਰੋਧੀ ਪਿਛਾਖੜੀ ਤਾਕਤਾਂ ਵੱਲੋਂ ਦੇਸ਼ ਅੰਦਰ 1857 ਦੇ ਪਹਿਲੇ ਮੁਕਤੀ ਸੰਗਰਾਮ ਦੇ ਬਾਗੀਆਂ ਤੋਂ ਲੈ ਕੇ ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਅਤੇ ਸ਼ਹੀਦ ਊਧਮ ਸਿੰਘ ਸਮੇਤ ਅਨੇਕਾਂ ਇਨਕਲਾਬੀਆਂ ਨੂੰ ਜਾਤ-ਪਾਤ, ਗੋਤ, ਵੰਸ਼, ਧਰਮ ਤੇ ਫਿਰਕਿਆਂ ਦੇ ਅਧਾਰ ਤੇ ਵੰਡਣ ਦੀਆਂ ਕੋਸ਼ਿਸ਼ਾਂ ਇਤਿਹਾਸ ਵਿਚ ਸਦਾ ਹੁੰਦੀਆਂ ਚੱਲੀਆਂ ਆ ਰਹੀਆਂ ਹਨ। ਸੱਤਾ ਦੀ ਪੌੜੀ ਚੜ੍ਹਨ ਲਈ ਅਖੌਤੀ ਵੋਟ ਪਾਰਟੀਆਂ ਇਕ ਪਾਸੇ ਨਵੀਂ ਪੀੜੀ ਦੇ ਮਨਾਂ ਅੰਦਰ ਸ਼ਹੀਦਾਂ ਦੇ ਵਿਚਾਰਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਦੂਜੇ ਪਾਸੇ ਉਨ੍ਹਾਂ ਸ਼ਹੀਦਾਂ ਦੀ ਕੁਝ ਕੁ ਟੂਕਾਂ ਨੂੰ ਰੱਟ ਕੇ ਤੇ ਉਨ੍ਹਾਂ ਵਰਗਾ ਭੇਸ ਧਾਰਕੇ ਨਵੀਂ ਪੀੜ੍ਹੀ ਤੇ ਕਿਰਤੀ ਲੋਕਾਂ ਨੂੰ ਵਰਗਲਾਉਣ ਦੀਆਂ ਕੋਝੀਆਂ ਚਾਲਾਂ ਚੱਲਦੀਆਂ ਰਹਿੰਦੀਆਂ ਹਨ। ਹਰ ਨਵੀਂ ਅਖੌਤੀ ਵੋਟ ਪਾਰਟੀ ਸ਼ਹੀਦਾਂ ਦੀ ਵਿਰਾਸਤ ਤੇ ਪਹਿਰਾ ਦੇਣ ਦਾ ਦਾਅਵਾ ਕਰਦੀ ਹੋਈ ਸੱਤਾ ਦੇ ਗਲਿਆਰਿਆਂ ’ਚ ਪਹੁੰਚਕੇ ਆਪਣਾ ਲੋਕ ਵਿਰੋਧੀ ਅਤੇ ਪੂੰਜੀਪਤੀ ਪੱਖੀ ਚਿਹਰਾ ਵਿਖਾਉਣ ਲੱਗ ਜਾਂਦੀ ਹੈ।

ਮੌਜੂਦਾ ਦੌਰ ਵਿਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਦੇ ਸੱਤਾ ’ਚ ਆਉਣ ਨਾਲ ਇਤਿਹਾਸ, ਸਾਹਿਤ, ਕਲਾ ਤੇ ਸਿੱੱਖਿਆ ਆਦਿ ਨੂੰ ਹਿੰਦੂਤਵੀ ਲੀਹਾਂ ਤੇ ਬੜੀ ਤੇਜ਼ੀ ਨਾਲ ਢਾਲਿਆ ਜਾ ਰਿਹਾ ਹੈ। ਮੋਦੀ ਦੇ ਸੱਤਾਸੀਨ ਹੋਣ ਤੋਂ ਬਾਅਦ ਦੀਨਾ ਨਾਥ ਬੱਤਰਾ ਵਰਗੇ ਫਿਰਕੂ ਫਾਸੀਵਾਦੀ ਨੂੰ ਨੈਸਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਦਾ ਮੁੱਖੀ ਥਾਪਣ, ਸੁਦਰਸ਼ਨ ਰਾਓ ਨੂੰ ਭਾਰਤੀ ਇਤਿਹਾਸ ਖੋਜ ਸੰਸਥਾ ਦਾ ਮੁੱਖੀ ਬਣਾਉਣ, ਪਟਿਆਲਾ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਚ ਹਿੰਦੂ ਧਰਮ ਦੇ ਮਿਥਿਹਾਸਕ ਪਾਤਰ ਪਰਸ਼ੂਰਾਮ ਦੀ ਚੇਅਰ ਸਥਾਪਿਤ ਕਰਨ ਅਤੇ ਹਾਲੀਆਂ ਗਜਿੰਦਰ ਚੌਹਾਨ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆਂ ਦੇ ਚੇਅਰਮੈਨ ਵਜੋਂ ਨਿਯੁਕਤ ਕਰਨ ਦੇ ਕਦਮ ਚੁੱਕਣੇ ਫਾਸੀਵਾਦੀ ਤਾਨਾਸ਼ਾਹੀ ਰਾਜ ਵੱਲ ਨੂੰ ਵੱਧਣ ਵਾਲੇ ਕਦਮ ਚਿੰਨ੍ਹ ਹਨ।

 

ਆਰ ਐਸ ਐਸ ਦੇ ਮੁੱਖੀ ਮੋਹਨ ਭਗਵਤ ਸਮੇਤ ਹਿੰਦੂਤਵੀ ਪ੍ਰਚਾਰਕਾਂ ਦੇ ਆਏ ਦਿਨ ਗੈਰ ਵਿਗਿਆਨਕ ਤੇ ਫਿਰਕੂ ਬਿਆਨ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ। ਸੰਘੀ ਗੁੰਢਿਆਂ ਦੁਆਰਾ ਹਥਿਆਰਬੰਦ ਮੁਜਾਹਰੇ ਕਰਨ ਤੋਂ ਲੈ ਕੇ ਅਗਾਂਹਵਧੂ ਬੁੱਧੀਜੀਵੀਆਂ ਦੇ ਕਤਲ ਤੱਕ ਕੀਤੇ ਜਾ ਰਹੇ ਹਨ। ਦੇਸ਼ ਦੇ ਘੱਟਗਿਣਤੀ ਫਿਰਕਿਆਂ ਨੂੰ ਦਹਿਸ਼ਤਯਦਾ ਕਰਦਿਆਂ ਫਿਰਕੂ ਜ਼ਹਿਰ ਫੈਲਾਈ ਜਾ ਰਹੀ ਹੈ। ਜਿੱਥੇ ਮੋਦੀ ਦੀ ਸਾਜ਼ਿਸ਼ੀ ਖਾਮੋਸ਼ੀ ਹੇਠ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਉਣ ਵਿਚ ਤੇਜ਼ੀ ਵਿਖਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਕਾਰਪੋਰੇਟ ਪੂੰਜੀ ਦੇ ਹਿੱਤਾਂ ਤੇ ਨੀਤੀਆਂ ਨੂੰ ਵੀ ਪੂਰੀ ਤੇਜ਼ੀ ਨਾਲ ਲਾਗੂ ਕੀਤਾ ਤੇ ਕਰਵਾਇਆ ਜਾ ਰਿਹਾ ਹੈ।

ਦਹਿਸ਼ਤ, ਲੁੱਟ ਤੇ ਜਬਰ ਦੇ ਅਜਿਹੇ ਫਾਸੀਵਾਦੀ ਦੌਰ ਅੰਦਰ ਜਿੱਥੇ ਦੇਸ਼ ਦੀਆਂ ਅਗਾਂਹਵਧੂ ਤਾਕਤਾਂ ਆਰਥਿਕ, ਸਿਆਸੀ ਤੇ ਸਮਾਜਿਕ ਮੁਹਾਜ ਤੇ ਆਪਣੇ ਵਿੱਤ ਮੁਤਾਬਕ ਲੜਾਈ ਦੇ ਰਹੀਆਂ ਹਨ ਉੱਥੇ ਦੇਸ਼ ਦੇ ਅਗਾਂਹਵਧੂ ਬੁੱਧੀਜੀਵੀ, ਲੇਖਕ ਤੇ ਕਲਾਕਾਰ ਵੀ ਆਪਣੀ ਇਤਿਹਾਸਕ ਜ਼ੁੰਮੇਵਾਰੀ ਅਦਾ ਕਰ ਰਹੇ ਹਨ। ਇਸੇ ਯਤਨ ਵਜੋਂ ਇੱਥੇ ਪਾਕਿਸਤਾਨੀ ਬੁੱਧੀਜੀਵੀ ਸੁਧੀਰ ਵਿਦਿਆਰਥੀ ਦੇ ਇਕ ਅਹਿਮ ਲੇਖ ਦਾ ਅਨੁਵਾਦ ਪਾਠਕਾਂ ਲਈ ਦੇ ਰਹੇਂ ਹਾਂ। (ਅਨੁਵਾਦਕ)

***

ਦੇਸ਼ ਦੇ ਮੁਕਤੀ ਸੰਗਰਾਮ ਦੇ ਇਤਿਹਾਸ ਨੂੰ ਬਦਲਣ ਦੀ ਸਾਜ਼ਿਸ਼ ’ਚ ਤੇਜ਼ੀ ਆਈ ਹੈ। ਜਦਕਿ ਇਹ ਛੜਯੰਤਰ ਕਾਫੀ ਪਹਿਲਾਂ ਤੋਂ ਜਾਰੀ ਹੈ ਜਿਸ ਵੱਲ ਅਸੀਂ ਅਕਸਰ ਅੱਖਾਂ ਬੰਦ ਕਰ ਲੈਂਦੇ ਹਾਂ। ਪਰ ਹੁਣ ਪਾਣੀ ਸਿਰ ਦੇ ਉਪਰ ਦੀ ਵਗਣ ਲੱਗਾ ਹੈ। ਸਾਲ 1977 ਦੀ ਗੱਲ ਹੈ ਜਦੋਂ ਪ੍ਰਵੀਨ ਪ੍ਰਕਾਸ਼ਨ, ਮਹਰੌਲੀ, ਨਵੀਂ ਦਿੱਲੀ ਤੋਂ ਕਾਕੋਰੀ ਕਾਂਢ ਦੇ ਅਮਰ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦੀਆਂ ਰਚਨਾਵਾਂ ਦਾ ਸੰਗ੍ਰਹਿ ‘ਸਰਫਰੋਸ਼ੀ ਕੀ ਤਮੰਨਾ’ ਸਿਰਲੇਖ ਵਾਲੀ ਪੁਸਤਕ ਚਾਰ ਭਾਗਾਂ ’ਚ ਪ੍ਰਕਾਸ਼ਿਤ ਹੋਈ ਸੀ। ਇਸਦਾ ਸੰਗ੍ਰਹਿ, ਖੋਜ ਅਤੇ ਸੰਪਾਦਨ ਮਦਨ ਲਾਲ ਵਰਮਾ ‘ਕ੍ਰਾਂਤ’ ਨੇ ਕੀਤਾ ਸੀ ਅਤੇ ਭੂਮਿਕਾ ‘ਆਸ਼ੀਰਵਾਦ’ ਦੇ ਰੂਪ ’ਚ ਪ੍ਰੋ. ਰਾਜਿੰਦਰ ਸਿੰਘ ਉਰਫ ਰਾਜੂ ਭਇਆ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਚਾਲਕ ਨੇ ਲਿਖੀ ਸੀ ਜਦਕਿ ਉਨ੍ਹਾਂ ਦਿਨਾਂ ’ਚ ਮੰਮਥਨਾਥ ਗੁਪਤਾ, ਵਿਸ਼ਣੂ ਸ਼ਰਨ ਦੁਬਲਿਸ਼, ਰਾਮਕ੍ਰਿਸ਼ਨ ਖੱਤਰੀ, ਪ੍ਰੇਮ ਕ੍ਰਿਸ਼ਨ ਖੰਨਾ ਅਤੇ ਸ਼ਿਵ ਵਰਮਾ ਸਰੀਖੇ ਬਿਸਮਿਲ ਦੇ ਇਨਕਲਾਬੀ ਸਾਥੀ ਜੀਵਤ ਸਨ ਪਰ ਇਹਨਾਂ ਵਿਚੋਂ ਕਿਸੇ ਨੂੰ ਵੀ ਸੰਪਾਦਕ ਨੇ ਆਪਣੀ ਪੁਸਤਕ ਦੀ ਭੂਮਿਕਾ ਲਿਖਣ ਦੇ ਯੋਗ ਨਹੀਂ ਸੀ ਸਮਝਿਆ। ਇਸਦਾ ਰਾਜ ਇਸੇ ਪੁਸਤਕ ਦੇ ਪੰਨਿਆਂ ਤੋਂ ਤਦ ਖੁੱਲ੍ਹ ਜਾਂਦਾ ਹੈ ਜਦ ਸੰਪਾਦਕ ਪੰਨਾ 69 (ਭਾਗ-1) ਤੇ ਲਿਖਦੇ ਹਨ, ‘ਅੱਜ ਬਿਸਮਿਲ ਦੀ ਕੌਮ ਤੋਂ ਵਾਕਿਫ ਲੋਕਾਂ ਦੀ ਇਕ ਚੰਗੀ ਭਲੀ ਜਮਾਤ ਸਾਡੇ ਮੁਲਕ ਵਿੱਚ ਖੜੀ ਹੈ। ਇਹ ਵੱਖਰੀ ਗੱਲ ਹੈ ਕਿ ਉਸ ਜਮਾਤ ਦਾ ਜ਼ਮਾਨਾ ਨਹੀਂ ਆਇਆ। ਸ਼ਾਇਦ ਆਉਣ ਵਾਲੇ ਕੱਲ੍ਹ ਨੂੰ ਉਨ੍ਹਾਂ ਨੂੰ ਪਹਿਚਾਣਨ ਵਾਲਾ ਕੋਈ ਹੋਵੇ, ਰਾਸ਼ਟਰੀ ਸਵੈਮ ਸੇਵਕ ਸੰਘ ਦੇ ਲੋਕਾਂ ’ਚ ਬਿਸਮਿਲ ਦੀ ਰੂਹ ਦੀ ਝਲਕ ਤੁਹਾਨੂੰ ਮਿਲ ਸਕਦੀ ਹੈ।’

ਸੰਪਾਦਕ ਹੁਣ ਦੇਖਕੇ ਖੁਸ਼ ਹੋਣਗੇ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਲੋਕ ਦੇਸ਼ ਦੀ ਸੱਤਾ ਦੇ ਕੇਂਦਰ ’ਚ ਬਿਰਾਜਮਾਨ ਹਨ, ਅਤੇ ਸ਼ਾਇਦ ਇਹੀ ਕਾਰਨ ਹੈ ਕਿ ਇਸ ਸੰਪਾਦਕ ਸਾਹਿਬ ਦੀ ਉਕਤ ‘ਸਰਫਰੋਸ਼ੀ ਕੀ ਤਮੰਨਾ’ ਸਿਰਲੇਖ ਹੇਠ ਪ੍ਰਕਾਸ਼ਿਤ ਪੁਸਤਕ ‘ਬਿਸਮਿਲ ਰਚਨਾਵਲੀ’ ਦੇ ਬਦਲਵੇਂ ਨਾਮ ਹੇਠ ਸਾਹਿਤ ਅਕਾਦਮੀ ਜਿਹੀ ਸੰਸਥਾ ਵਿੱਚ ਮੁੜ ਪ੍ਰਕਾਸ਼ਿਤ ਹੋਣ ਲਈ ਪਹੁੰਚ ਚੁੱਕੀ ਹੈ ਜਿਸਦੀ ਸੂਚਨਾ ਮੈਨੂੰ ਸਾਹਿਤ ਅਕਾਦਮੀ ਦੇ ਸਹਿ ਸਕੱਤਰ ਦੇ ਇਕ ਫੋਨ ਤੋਂ ਮਿਲੀ ਜਦ ਉਨ੍ਹਾਂ ਨੇ ‘ਬਿਸਮਿਲ ਰਚਨਾਵਲੀ’ ਨੂੰ ਮੈਨੂੰ ਭੇਜਕੇ ਮੈਥੋਂ ਆਪਣੀ ਸਹਿਮਤੀ ਭੇਜਣ ਦੀ ਬੇਨਤੀ ਕੀਤੀ ਜਿਸਤੇ ਮੈਂ ਤੁਰੰਤ ਆਪਣੇ ਇਤਰਾਜ ਦੱਸਦੇ ਹੋਏ ਅਸਵਿਕਾਰ ਕਰ ਦਿੱਤਾ। ਮੇਰਾ ਕਹਿਣਾ ਸੀ ਕਿ ਇਹ ਪੁਸਤਕ ਹਰ ਤਰ੍ਹਾਂ ਦੇ ਗੈਰ ਵਿਗਿਆਨਕ ਨਜ਼ਰੀਏ ਤੋਂ ਹੀ ਨਹੀਂ, ਬਲਕਿ ਅਤੀਅੰਤ ਛਲ ਕਪਟ ਨਾਲ ਤਿਆਰ ਕੀਤੀ ਗਈ ਹੈ ਤਾਂ ਕਿ ਬਿਸਮਿਲ ਨੂੰ ਦੱਖਣਪੰਥੀ ਖੇਮੇ ਵਿੱਚ ਸ਼ਾਮਿਲ ਕੀਤਾ ਜਾ ਸਕੇ। ਇਸ ਪੁਸਤਕ ਵਿੱਚ ਬਿਸਮਿਲ ਦੀਆਂ ਰਚਨਾਵਾਂ ਦੇ ਨਾਂ ਤੇ ਬਹੁਤ ਸਾਰੀ ਸਮੱਗਰੀ ਨੂੰ ਅਤਿਅੰਤ ਅਪ੍ਰਮਾਣਿਕ ਅਤੇ ਅਤਾਰਕਿਕ ਢੰਗ ਨਾਲ ਜੋੜਿਆ ਤੇ ਇਕੱਠਾ ਕੀਤਾ ਗਿਆ ਹੈ। ਭੂਮਿਕਾ ਦੇ ਹੀ 16 ਸਫੇ ਤੇ ਸੰਪਾਦਕ ਨੇ ਅੰਕਿਤ ਕੀਤਾ ਹੈ ਕਿ ‘ਮੈਂ ਗੋਰਖਨਾਥ ਮੰਦਿਰ ਦੇ ਮਹੰਤ ਅਵੈਦਨਾਥ ਜੀ ਨੂੰ ਮਿਲਿਆ। ਉਨ੍ਹਾਂ ਨੇ ਗੋਰਖਪੁਰ ਤੋਂ ਪ੍ਰਕਾਸ਼ਿਤ ਹਫਤਾਵਾਰੀ ਪੱਤਰ ‘ਬਿਸਮਿਲ’ ਦੇ ਸੰਪਾਦਕ ਤੇ ਪੱਤਰਕਾਰ ਸ਼੍ਰੀਯੁਤ ਸ਼ਿਆਮਾਨੰਦ ਜੀ ਨਾਲ ਭੇਂਟ ਕਰਨ ਨੂੰ ਕਿਹਾ। ਸ਼ਿਆਮਾਨੰਦ ਜੀ ਨੇ ਮੇਰੀ ਇਸ ਸਾਧਨਾ ਵਿੱਚ ਬੜੀ ਸਹਾਇਤਾ ਕੀਤੀ। ਹਫਤਾਵਾਰੀ ‘ਬਿਸਮਿਲ’ ਦੇ ਪੁਰਾਣੇ ਅੰਕ ਅਤੇ ਜਬਤਸ਼ੁਦਾ ਪੁਸਤਕ ‘ਕਾਕੋਰੀ ਦੇ ਸ਼ਹੀਦ’ ਮੈਨੂੰ ਵੇਖਣ ਨੂੰ ਦਿੱਤੀਆਂ। ਸ਼ਿਆਮਾਨੰਦ ਜੀ ‘ਬਿਸਮਿਲ’ ਦੇ ਹਰੇਕ ਅੰਕ ’ਚ ਹਰ ਇਕ ਪੰਨੇ ਦੇ ਹੇਠ ਬਿਸਮਿਲ ਦੀ ਕਵਿਤਾ ਦੀ ਕੋਈ ਨਾ ਕੋਈ ਸਤਰ ਜਰੂਰ ਹੀ ਛਾਪਦੇ ਰਹੇ ਹਨ ਅਤੇ ਇਨ੍ਹਾਂ ਸਤਰਾਂ ਨੂੰ ਇਕ-ਇਕ ਕਰਕੇ ਜੋੜਕੇ ਮੈਂ ਉਨ੍ਹਾਂ ਦੀਆਂ ਸਾਰੀਆਂ ਹਾਸਲ ਰਚਨਾਵਾਂ ਨੂੰ ਸੰਪੂਰਨ ਕੀਤਾ। ਕਿਤੇ-ਕਿਤੇ ਖੁਦ ਵੀ ਇਕ ਅੱਧੀ ਸਤਰ ਜੋੜ ਕੇ ਉਨ੍ਹਾਂ ਦੀਆਂ ਗਜ਼ਲਾਂ ਪੂਰੀਆਂ ਕਰਨੀਆਂ ਪਈਆਂ। ਮੂਲ ’ਚ ਕਿੰਨੀ ਸਮਾਨਤਾ ਰਹੀ ਹੋਵੇਗੀ ਇਹ ਤਾਂ ਪ੍ਰਮਾਤਮਾ ਹੀ ਜਾਣੇ। ਕਰਮ ਕਰਨਾ ਮੇਰਾ ਧਰਮ ਸੀ, ਸੋ ਪ੍ਰਮਾਤਮਾ ਨੂੰ ਪਰਿਣਾਮ ਸੌਂਪਦੇ ਹੋਏ ਕਰ ਦਿੱਤਾ।’

ਹੁਣ ਸੰਪਾਦਕ ਦੇ ਇਸ ਕਥਨ ਤੇ ਕੀ ਤਰਕ ਕੀਤਾ ਜਾਵੇ ਜਿਸਨੇ ਇਕ ਇਨਕਲਾਬੀ ਸ਼ਹੀਦ ਦੀਆਂ ਰਚਨਾਵਾਂ ਨਾਲ ਜੋ ਕੁਝ ਕੀਤਾ ਉਸਦੀ ਜ਼ਿੰਮੇਵਾਰੀ ਪ੍ਰਮਾਤਮਾ ਦੇ ਵਹੀਖਾਤੇ ਦਰਜ ਕਰਵਾ ਦਿੱਤੀ। ਇਹ ਵੀ ਸਵਾਲ ਕੀਤਾ ਜਾ ਸਕਦਾ ਹੈ ਕਿ ਸ਼ਿਆਮਾਨੰਦ ਜੀ ਆਪਣੇ ਅਖਬਾਰ ’ਚ ਬਿਸਮਿਲ ਦੀਆਂ ਜਿੰਨ੍ਹਾਂ ਕਾਵਿ-ਸਤਰਾਂ ਨੂੰ ਪ੍ਰਕਾਸ਼ਿਤ ਕਰਦੇ ਸਨ ਉਨ੍ਹਾਂ ਦੀ ਪ੍ਰਮਾਣਿਕਤਾ ਕੀ ਹੈ ਕਿ ਉਹ ਸਾਰੀਆਂ ਬਿਸਮਿਲ ਦੀਆਂ ਰਚੀਆਂ ਹੋਈਆਂ ਹਨ ਅਤੇ ਆਪਣੇ ਵੱਲੋਂ ਸੁਯੋਗ ਸੰਪਾਦਕ ਨੇ ਜੋ ਸਤਰਾਂ ਜੋੜੀਆਂ ਉਹ ਕਿਹੜੀਆਂ ਹਨ ਅਤੇ ਕਿਥੇ-ਕਿਥੇ ਹਨ, ਇਹਨਾਂ ਨੂੰ ਜਾਣਨ ਦਾ ਕੋਈ ਵੀ ਜਰੀਆ ਸਾਡੇ ਕੋਲ ਨਹੀਂ ਹੈ। ਪਰ ਸੰਪਾਦਕ ਸਾਹਿਬ ਅਜਿਹਾ ਕਰਦੇ ਹੀ ਕਿਉਂ ਹਨ। ਉਹ ਤਾਂ ਪੁਸਤਕ ਦੇ ਇਸੇ ਖੰਡ ਦੇ ਪੰਨਾ ਨੰਬਰ 79 ਤੇ ਜੋ ਕੁੱਝ ਲਿਖਦੇ ਹਨ ਉਹ ਹੋਰ ਵੀ ਹੈਰਾਨੀ ’ਚ ਪਾਉਣ ਵਾਲਾ ਹੈ, ‘ਮੇਰਾ ਜਨਮ ਬਿਸਮਿਲ ਦੀ ਮੌਤ ਤੋਂ ਠੀਕ ਵੀਹ ਸਾਲ ਬਾਅਦ 20 ਦਸੰਬਰ 1947 ਨੂੰ ਸ਼ਾਹਜਹਾਂਪੁਰ ’ਚ ਹੋਇਆ, ਤਾਂ ਕੀ ਉਨ੍ਹਾਂ ਦੀ (ਬਿਸਮਿਲ ਦੀ) ਆਤਮਾ ਪੂਰੇ ਵੀਹ ਸਾਲ ਭਟਕਦੀ ਰਹੀ? ਇਸਦਾ ਉੱਤਰ ਕੋਈ ਦੂਰਅੰਦੇਸ਼ੀ ਵਾਲਾ ਹੀ ਦੇ ਸਕਦਾ ਹੈ। ਮੇਰੀ ਪਿੱਠ ਤੇ ਹਾਲੇ ਵੀ ਨੀਲਾ ਨਿਸ਼ਾਨ ਹੈ। ਲੋਕ ਕਹਿੰਦੇ ਹਨ ਕਿ ਇਹ ਨਿਸ਼ਾਨ ਤਾਂ ਉਸੇ ਬੱਚੇ ਦਾ ਹੁੰਦਾ ਹੈ ਜਿਸਦਾ ਪੁਨਰ-ਜਨਮ ਹੋਇਆ ਹੋਵੇ।’

ਭਾਵ ਸਪੱਸ਼ਟ ਹੈ ਕਿ ਇਸ ਪੁਸਤਕ ਦੇ ਸੰਪਾਦਕ ਦੇ ਰੂਪ ’ਚ ਬਿਸਮਿਲ ਦਾ ਪੁਨਰ-ਜਨਮ ਹੋਇਆ ਹੈ ਅਤੇ ਅਜਿਹੀ ਹਾਲਤ ’ਚ ਸ਼ਹਾਦਤ ਤੋਂ ਪਹਿਲਾਂ ਬਿਸਮਿਲ ਦੀਆਂ ਅਧੂਰੀਆਂ ਰਹੀਆਂ ਰਚਨਾਵਾਂ ਨੂੰ ਪੂਰੀਆਂ ਕਰਨ ਦਾ ਸਿਹਰਾ ਉਹਨਾਂ ਨੂੰ ਹੀ ਹਾਸਿਲ ਹੋ ਜਾਂਦਾ ਹੈ। ਪੂਰੀ ਕਿਤਾਬ ਗੈਰ ਵਿਗਿਆਨਕ ਤਰਕਾਂ ਨਾਲ ਲੱਦੀ ਹੋਈ ਹੈ ਜਿਸ ਵਿੱਚ ਉਹ ਕਦੀ ਗਣੇਸ਼ ਸ਼ੰਕਰ ਵਿਦਿਆਰਥੀ ਨੂੰ ਵਕੀਲ ਲਿਖਦੇ ਹਨ ਅਤੇ ਕਦੀ ਕਿਸੇ ਦੂਸਰੇ ਦੀ ਰਚਨਾ ਨੂੰ ਰਾਮ ਪ੍ਰਸਾਦ ਬਿਸਮਿਲ ਦੀ ਦੱਸਦੇ ਹੋਏ ਉਸਦਾ ਜ਼ਿਕਰ ਕਰਨ ਤੋਂ ਨਹੀਂ ਹਿਚਕਚਾਉਂਦੇ। ਉਹ ਕਿਉਂ ਮੰਨਣਗੇ ਕਿ ‘ਸਰਫਰੋਸ਼ੀ ਕੀ ਤਮੰਨਾ’ ਗਜ਼ਲ ਸਿਰਲੇਖ ਰਾਮ ਪ੍ਰਸਾਦ ਬਿਸਮਿਲ ਦੇ ਨਾਮ ਨਾਲ ਮਸ਼ਹੂਰ ਹੋਈ ਅਤੇ ਕਾਕੋਰੀ ਦੇ ਮੁਕੱਦਮੇ ’ਚ ਉਹ ਇਸਨੂੰ ਆਪਣੇ ਸਾਥੀਆਂ ਨਾਲ ਜੇਲ੍ਹ ਤੋਂ ਅਦਾਲਤ ਜਾਂਦੇ ਸਮੇਂ ਗਾਇਆ ਕਰਦੇ ਸਨ, ਪਰ ਰਾਮ ਪ੍ਰਸਾਦ ਬਿਸਮਿਲ ਨੇ ਕਦੇ ਇਸਦੇ ਆਪਣੀ ਰਚਨਾ ਹੋਣ ਦਾ ਦਾਅਵਾ ਨਹੀਂ ਕੀਤਾ, ਬਲਕਿ ਉਨ੍ਹਾਂ ਦੇ ਇਨਕਲਾਬੀ ਸਾਥੀ ਮੰਮਥਨਾਥ ਗੁਪਤਾ ਇਸਨੂੰ ਬਿਸਮਿਲ ਅਜੀਮਾਬਾਦੀ ਦੀ ਰਚਨਾ ਮੰਨਦੇ ਸਨ। ਬਿਸਮਿਲ ਨੇ ਇਕ ਸਮੇਂ ਆਪਣੇ ਇਨਕਲਾਬੀ ਸਾਥੀ ਸ਼ਚੀਂਦਰ ਨਾਥ ਬਖਸ਼ੀ ਨੂੰ ਖੁਦ ਦੱਸਿਆ ਸੀ ਕਿ ਇਹ ਰਚਨਾ ਬਿਸਮਿਲ ਅਜੀਮਾਬਾਦੀ ਦੀ ਹੈ। ‘ਮਿਟ ਗਿਆ ਜਬ ਮਿਟਨੇ ਵਾਲਾ ਫਿਰ ਸਲਾਮ ਆਇਆ ਤੋ ਕਿਆ’ ਜਿਸਨੂੰ ਰਾਮ ਪ੍ਰਸਾਦ ਬਿਸਮਿਲ ਦੀ ਗਜ਼ਲ ਕਿਹਾ ਗਿਆ ਹੈ ਉਹ ਵੀ ਉਹਨਾਂ ਦੀ ਨਹੀਂ, ਬਲਕਿ ਦਿਲ ਸ਼ਾਹਜਹਾਂਪੁਰੀ ਦੀ ਰਚਨਾ ਹੈ। ਰਾਮ ਪ੍ਰਸਾਦ ਬਿਸਮਿਲ ਨੇ ਗੋਰਖਪੁਰ ਜੇਲ੍ਹ ’ਚ ਫਾਂਸੀ ਤੋਂ ਠੀਕ ਪਹਿਲਾਂ ਪੂਰੀ ਕੀਤੀ ਗਈ ਆਪਣੀ ਆਤਮਕਥਾ ਦੇ ਅੰਤ ਵਿੱਚ ‘ਚੰਦਰ ਰਾਸ਼ਟਰੀ ਅਸ਼ਆਰ ਅਤੇ ਕਵਿਤਾਵਾਂ’ ਸਿਰਲੇਖ ਹੇਠ ਲਿਖਿਆ ਹੈ ਕਿ, ‘ਮੇਰੀ ਇਹ ਇਛਾ ਹੋ ਰਹੀ ਹੈ ਕਿ ਮੈਂ ਉਨ੍ਹਾਂ ਕਵਿਤਾਵਾਂ ’ਚੋਂ ਵੀ ਕੁਝ ਕੁ ਦਾ ਜ਼ਿਕਰ ਕਰ ਦੇਵਾਂ, ਜੋ ਕਿ ਮੈਨੂੰ ਪਿਆਰੀਆਂ ਲੱਗਦੀਆਂ ਹਨ ਅਤੇ ਮੈਂ ਸਮੇਂ ਸਮੇਂ ਤੇ ਕੰਠ ਕੀਤੀਆਂ ਸਨ।’ ਇਨ੍ਹਾਂ ਰਚਨਾਵਾਂ ਨੂੰ ਉਨ੍ਹਾਂ ਨੇ ਆਪਣਾ ਨਹੀਂ ਦੱਸਿਆ ਜਿਸ ਵਿੱਚ ਮੱਖਣ ਲਾਲ ਚਤੁਰਵੇਦੀ, ਬਹਾਦੁਰ ਸ਼ਾਹ ਜਫਰ ਅਤੇ ਰਸਖਾਨ ਦੀਆਂ ਕਵਿਤਾਵਾਂ ਵੀ ਹਨ। ‘ਸਰਫਰੋਸ਼ੀ ਕੀ ਤਮੰਨਾ’ ਰਚਨਾ ਦਾ ਇਸ ਵਿੱਚ ਜ਼ਿਕਰ ਨਹੀਂ ਹੈ।

ਰਾਮ ਪ੍ਰਸਾਦ ਬਿਸਮਿਲ ਤੇ ‘ਕ੍ਰਾਂਤ’ ਦੀ ਚਾਰ ਭਾਗਾਂ ਦੀ ਕਿਤਾਬ ’ਚ ਉਹ ਖੁਦ ਲਿਖਦੇ ਹਨ, ‘ਰਾਮ ਪ੍ਰਸਾਦ ਬਿਸਮਿਲ ਅਸਲ ’ਚ ਸ਼ਾਹਜਹਾਂਪੁਰ ਦੇ ਨਿਵਾਸੀ ਸਨ ਜੋ ਬੁਦੇਲਖੰਡ ਜ਼ਿਲ੍ਹੇ ਦੇ ਅੰਤਰਗਤ ਆਉਂਦਾ ਹੈ ਅਜਿਹੇ ’ਚ ਉਨ੍ਹਾਂ ਦੀ ਲੇਖਣੀ ਉਪਰ ਆਂਚਲਿਕ ਪ੍ਰਭਾਵ ਹੋਣਾ ਸੁਭਾਵਿਕ ਸੀ। ਮੈਂ ਵੀ ਅਸਲ ’ਚ ਉਸੇ ਜ਼ਿਲ੍ਹੇ ’ਚ ਪੈਦਾ ਹੋਇਆਂ’ (ਭੂਮਿਕਾ ਪੰਨਾ 8)। ਸੰਪਾਦਕ ਦੇ ਗਿਆਨ ਨੂੰ ਕੀ ਕਿਹਾ ਜਾਵੇ ਜੋ ਸ਼ਾਹਜਹਾਂਪੁਰ ਨੂੰ ਬੁਦੇਲਖੰਡ ਨਾਲ ਜੋੜਦੇ ਹਨ ਅਤੇ ਉਹ ਵੀ ਉਦੋਂ ਜਦੋਂ ਉਹ ਖੁਦ ਵੀ ਉਸੇ ਜ਼ਿਲ੍ਹੇ ’ਚ ਪੈਦਾ ਹੋਏ ਹੋਣ।

ਇਸ ਪੁਸਤਕ ਉੱਤੇ ਕੁਝ ਹੋਰ ਟਿੱਪਣੀਆਂ ਕਰਨਾ ਬੇਲੋੜੀਆਂ ਮੰਨ ਕੇ ਮੈਂ ਹੁਣ ਕੁਝ ਦੂਜੇ ਬਿੰਦੂਆਂ ਉੱਤੇ ਆਉਂਦਾ ਹਾਂ ਜੋ ਭਗਤ ਸਿੰਘ ਨਾਲ ਜੁੜੇ ਹੋਏ ਹਨ। 1857 ਤੋਂ ਵੀ ਬਹੁਤ ਪਹਿਲਾਂ ਤੋਂ ਚੱਲੇ ਦੇਸ਼ ਦੇ ਅਜ਼ਾਦੀ ਸੰਗਰਾਮ ’ਚ ਗਾਂਧੀ ਦੇ 1921 ਦੇ ਨਾ-ਮਿਲਵਰਤਣ ਅੰਦੋਲਨ ਦੀ ਅਸਫਲਤਾ ਦੇ ਬਾਅਦ ਇਕ ਪੜਾਅ ਅਜਿਹਾ ਵੀ ਆਇਆ ਜਦ ਦੇਸ਼ ਦੇ ਇਨਕਲਾਬੀਆਂ ਨੇ ਅੱਗੇ ਵੱਧ ਕੇ ‘ਹਿੰਦੁਸਤਾਨ ਪਰਜਾਤੰਤਰ ਸੰਘ’ ਜਿਹੀ ਸਰਬ ਭਾਰਤੀ ਸੰਸਥਾ ਦਾ ਨਿਰਮਾਣ ਕੀਤਾ ਅਤੇ ਉਸਦਾ ਇਕ ਸੰਵਿਧਾਨ ਘੜਿਆ ਜਿਸਨੂੰ ‘ਪੀਲਾ ਪੱਤਰ’ ਕਿਹਾ ਗਿਆ। 1922-23 ਤੋਂ ਲੈ ਕੇ ਇਸ ਇਨਕਲਾਬੀ ਸੰਗਠਨ ਨੇ ਦੇਸ਼ ਵਿੱਚ ਬ੍ਰਿਟਿਸ਼ ਹਕੂਮਤ ਉੱਤੇ ਅਨੇਕਾਂ ਹਮਲੇ ਕੀਤੇ ਜਿਸ ਵਿੱਚ ਨਾ ਜਾਣੇ ਕਿੰਨੇ ਲੋਕ ਜੇਲ੍ਹ ਗਏ ਅਤੇ ਕਈਆਂ ਨੂੰ ਫਾਂਸੀ ਦੇ ਫੰਦੇ ਤੇ ਝੂਲਣਾ ਪਇਆ। 9 ਅਗਸਤ 1925 ਦਾ ‘ਕਾਕੋਰੀ ਕਾਂਢ’ ਇਨ੍ਹਾਂ ਵਿੱਚੋਂ ਪ੍ਰਮੁੱਖ ਹੈ। ਬਾਅਦ ’ਚ 1928 ’ਚ ‘ਹਿੰਦੁਸਤਾਨੀ ਸਮਾਜਵਾਦੀ ਪਰਜਾਤੰਤਰ ਸੰਘ’ ’ਚ ਇਸਦਾ ਰੁਪਾਂਤਰਣ ਹੋਇਆ ਜੋ ‘ਚੰਦਰ ਸ਼ੇਖਰ ਅਜਾਦ ਦੇ ਸੈਨਾਪਤੀ ਅਤੇ ਭਗਤ ਸਿੰਘ ਦੀ ਬੌਧਿਕ ਅਗਵਾਈ ’ਚ ਭਾਰਤੀ ਰਾਜਨੀਤੀ ’ਚ ਸੱਚਮੁੱਚ ਇਕ ਗੁਣਾਤਮਕ ਪਰਿਵਰਤਨ ਸੀ ਜਿਸਨੇ ਲੰਮੀ ਯਾਤਰਾ ਤੈਅ ਕੀਤੀ। ਇਹ ਇਤਿਹਾਸਕ ਤੱਥ ਹੈ ਕਿ ਆਰਐਸਐਸ ਆਪਣੇ ਜਨਮ ਤੋਂ ਲੈ ਕੇ 1947 ਤੱਕ ਕਿਤੇ ਵੀ ਦੇਸ਼ ਦੇ ਮੁਕਤੀ ਸੰਗਰਾਮ ’ਚ ਹਿੱਸੇਦਾਰ ਨਹੀਂ ਬਣਿਆ। ਕੋਈ ਇਕ ਇਨਕਲਾਬੀ ਵੀ ਇਸ ਖੇਮੇ ਵਿੱਚੋਂ ਨਿਕਲ ਕੇ ਅੱਗੇ ਨਹੀਂ ਆਇਆ। ਬਾਅਦ ’ਚ ਭਲੇ ਹੀ ਕਈ ਇਨਕਲਾਬੀਆਂ ਨੂੰ ਆਪਣੇ ਵਿੱਚ ਖਿਚਣ ਦਾ ਅਸਫਲ ਯਤਨ ਕਰਦੇ ਰਹੇ ਹੋਣ। ਕੁਝ ਵਰ੍ਹੇ ਪਹਿਲਾਂ ਭਾਰਤੀ ਜਨਤਾ ਪਾਰਟੀ ਭਗਤ ਸਿੰਘ ਦੇ ਭਤੀਜੇ ਯਾਦਵਿੰਦਰ ਸਿੰਘ ਸੰਧੂ ਨੂੰ ਆਪਣੇ ਨਾਲ ਲੈ ਕੇ ਘੁੰਮਣ ਦਾ ਨਾਟਕ ਕਰਦੀ ਰਹੀ ਜੋ ਜਗ੍ਹਾ-ਜਗ੍ਹਾ ਇਹ ਪ੍ਰਚਾਰ ਕਰਦਾ ਸੀ ਕਿ ਭਗਤ ਸਿੰਘ ਨਾਸਤਿਕ ਨਹੀਂ ਸਨ ਕਿਉਂਕਿ ਉਨ੍ਹਾਂ ਦੀ ਡਾਇਰੀ ਵਿੱਚ ਦੋ ਸ਼ੇਅਰ ਲਿਖੇ ਹੋਏ ਹਨ ਇਸਨੂੰ ਦੱਸਣ ਦੀ ਉਹ ਜ਼ਰੂਰਤ ਹੀ ਮਹਿਸੂਸ ਨਹੀਂ ਕਰਦੇ। ਇਹ ਕੀ ਕਿਸੇ ‘ਛੜਯੰਤਰ ਤੋਂ ਘੱਟ ਹੈ ਕਿ ਆਖਰੀ ਸਮੇਂ ਜੇਲ੍ਹ ਅੰਦਰ ਭਗਤ ਸਿੰਘ ਨੇ ਖੁਦ ਦੇ ਲਿਖੇ ਤਰਕਪੂਰਨ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਨੂੰ ਜਾਣਬੁੱਝ ਕੇ ਛਪਵਾਕੇ ਉਸਦੇ ਵਿਗਿਆਨਕ ਚਿੰਤਨ ਤੇ ਪਰਦਾ ਪਾਇਆ ਜਾ ਰਿਹਾ ਹੈ। ਇਹ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੀ ਮਾਰਕਸਵਾਦੀ ਚੇਤਨਾ ਦੀ ਖੁਲ੍ਹੇਆਮ ਹੱਤਿਆ ਹੈ ਜਿਸਦੇ ਲਈ ਮਾਫ ਨਹੀਂ ਕੀਤਾ ਜਾ ਸਕਦਾ।

ਹੁਣ ਦੂਸਰਾ ਕਿੱਸਾ ਸੁਣੋ। ਦੋ ਸਾਲ ਪਹਿਲਾਂ ਦੀ ਘਟਨਾ ਹੈ। ਦਿੱਲੀ ਯੂਨੀਵਰਸਿਟੀ ਨਾਲ ਜੁੜੇ ਅਧਿਆਪਕ ਹਰਿੰਦਰ ਸ਼੍ਰੀਵਾਸਤਵ ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਨੇ ਸਾਵਰਕਰ ਬਾਰੇ ਥੀਸਸ ਲਿਖਿਆ ਹੈ, ਉਹ ਬਰੇਲੀ ਅਤੇ ਸ਼ਾਹਜਹਾਂਪੁਰ ਸ਼ਹਿਰ ’ਚ ਭਾਸ਼ਣ ਦੇਣ ਆਏ। ਉਨ੍ਹਾਂ ਨੇ ਉਥੇ ਜਿਸ ਗਲਪ ਨਾਲ ਕਿਹਾ ਉਹ ਇਸ ਪ੍ਰਕਾਰ ਹੈ , ‘ਭਗਤ ਸਿੰਘ ਜਦ ਪੰਜ ਸਾਲ ਦੇ ਸਨ ਤਦ ਉਨ੍ਹਾਂ ਨੂੰ ਆਪਣੇ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਉਣ ਲਈ ਲਿਜਾਇਆ ਗਿਆ। ਉੱੱਥੇ ਉਨ੍ਹਾਂ ਤੋਂ ਦਾਖਲੇ ਦਾ ਫਾਰਮ ਭਰਵਾਇਆ ਗਿਆ ਜਿਸ ਵਿੱਚ ਮਾਂ ਦੇ ਨਾਮ ਵਾਲੀ ਜਗ੍ਹਾ ਉਨ੍ਹਾਂ ਨੇ ਖੁਦ ਹੀ ਆਪਣੀ ਮਾਂ ਦੇ ਪੰਜ ਨਾਮ ਦਰਜ ਕੀਤੇ - ਧਰਤੀ ਮਾਤਾ, ਭਾਰਤ ਮਾਤਾ, ਗੰਗਾ ਮਾਤਾ, ਗਊ ਮਾਤਾ ਅਤੇ ਆਪਣੀ ਮਾਤਾ ਵਿਦਿਆਵਤੀ।’ ਹੁਣ ਦੱਸੋ ਇਸਦਾ ਤੁਸੀਂ ਕੀ ਕਰੋਗੇ ਕਿ ਭਗਤ ਸਿੰਘ ਜਨਮ ਤੋਂ ਹੀ ਆਰਐਸਐਸ ਦੀ ਦਿਸ਼ਾ ਵੱਲ ਰੁਚਿਤ ਸਨ ਅਤੇ ਉਹ ਪਹਿਲੇ ਦਰਜੇ ’ਚ ਜਾਣ ਤੋਂ ਪਹਿਲਾਂ ਹੀ ਐਨੇ ਪੜ੍ਹੇ ਲਿਖੇ ਸਨ ਕਿ ਮਾਂ ਦੇ ਨਾਮ ਵਾਲੀ ਜਗ੍ਹਾ ਤੇ ਆਪਣੇ ਹੱਥ ਨਾਲ ਪੰਜ ਨਾਮ ਅੰਕਿਤ ਕਰ ਸਕੇ। ਉਨ੍ਹਾਂ ਦੇ ਭਾਸ਼ਣ ਸਮੇਂ ਭਰੀ ਸਭਾ ਵਿੱਚ ਕੋਈ ਇਹ ਵੀ ਪੁੱਛਣ ਦੀ ਹਿਮਾਕਤ ਨਹੀਂ ਕਰ ਸਕਿਆ ਕਿ ਪੰਜ ਸਾਲ ਦੀ ਉਮਰ ’ਚ 1912 ’ਚ ਜਦ ਭਗਤ ਸਿੰਘ ਨੂੰ ਸਕੂਲ ਦਾਖਲ ਕਰਵਾਉਣ ਲਈ ਲਿਜਾਇਆ ਗਿਆ ਤਦ ਦਾਖਲੇ ਲਈ ਨਾ ਤਾਂ ਕੋਈ ਫਾਰਮ ਹੁੰਦੇ ਸਨ ਅਤੇ ਮਾਂ ਦਾ ਨਾਮ ਲਿਖਣ ਦੀ ਜਗ੍ਹਾ ਵੀ ਉਨ੍ਹੀਂ ਦਿਨੀਂ ਨਿਰਧਾਰਿਤ ਨਹੀਂ ਹੋਈ ਸੀ। ਬਾਅਦ ’ਚ ਜਦ ਮੈਂ ਇਸਦਾ ਵਿਰੋਧ ਕੀਤਾ ਤਦ ਅਖਬਾਰਾਂ ਨੇ ਮੇਰੀ ਤੁਲਨਾ ਪਾਕਿਸਤਾਨੀ ਕੱਟਪੰਥੀਆਂ ਨਾਲ ਕੀਤੀ।

ਭਗਤ ਸਿੰਘ ਜੇਹੀ ਵਿਗਿਆਨਕ ਚੇਤਨਾ ਵਾਲੇ ਸ਼ਹੀਦ ਨੂੰ ਉਸਦੇ ਜਨਮ ਸ਼ਤਾਬਦੀ ਵਰ੍ਹੇ 2007 ਦੇ ਸਮੇਂ ਤੋਂ ਹੀ ਜਾਤੀ ਅਤੇ ਧਰਮ ਦੇ ਸਾਂਚੇ ’ਚ ਢਾਲਣ ਦੀਆਂ ਸਾਜਿਸ਼ਾਂ ਬਹੁਤ ਬੇਸ਼ਰਮੀ ਭਰੇ ਢੰਗ ਨਾਲ ਸ਼ੁਰੂ ਹੋ ਗਈਆਂ ਸਨ। ਆਖਿਰ ਉਸ ਸ਼ਹੀਦ ਦੇ ਸਿਰ ਪੱਗ ਰੱਖ ਹੀ ਦਿੱਤੀ ਗਈ ਜਿਸਨੂੰ ਉਸਨੇ ਆਪਣੀ ਵਿਗਿਆਨਕ ਪ੍ਰਗਤੀਸ਼ੀਲ ਸੋਚ ਤੇ ਚੱਲਦਿਆਂ ਨਕਾਰਿਆ ਸੀ। ਅਜਿਹਾ ਸਿਰਫ ਆਰਐਸਐਸ ਵਾਲਿਆਂ ਨੇ ਹੀ ਨਹੀਂ, ਬਲਕਿ ਉਨ੍ਹਾਂ ਲੋਕਾਂ ਨੇ ਵੀ ਕੀਤਾ ਜੋ ਭਗਤ ਸਿੰਘ ਦੇ ਨਾਮ ਤੇ ਉਨ੍ਹਾਂ ਦੇ ਦਸਤਾਂਵੇਜਾਂ ਦਾ ਸੰਗ੍ਰਹਿ ਕਰਕੇ ਆਪਣੀ ਪਛਾਣ ਬਣਾਉਣ ਵਿੱਚ ਲਿਪਤ ਸਨ। ਸੰਸਦ ਵਿਚ ਪੱਗੜੀਧਾਰੀ ਭਗਤ ਸਿੰਘ ਇਸੇ ਮੁਹਿੰਮ ਦੇ ਚੱਲਦੇ ਸਥਾਪਿਤ ਹੋ ਗਏ। ਹੋਰ ਦੇਖੋ ਕਿ ਪੰਜਾਬ ਵਿਚ ਸੀਪੀਆਈ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਰਬਤ ਅਤੇ ਲੰਗਰ ਦਾ ਆਯੋਜਨ ਕਰਨ ਲੱਗੀ ਹੈ। ਅੰਨਾ ਹਜ਼ਾਰੇ, ਅਰਵਿੰਦ ਕੇਜਰੀਵਾਲ ਅਤੇ ਦੂਸਰੇ ਥੜ੍ਹਿਆਂ ਉਪਰ ਵੀ ਪੱਗੜੀਧਾਰੀ ਭਗਤ ਸਿੰਘ ਹੀ ਸ਼ੁਸ਼ੋਭਿਤ ਹੋਣ ਲੱਗਾ। ਨਤੀਜਾ ਇਹ ਨਿਕਲਿਆ ਕਿ ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਸ਼ੰਕਰਨਗਰ ਚੌਂਕ ’ਚ ਹੈਟ ਵਾਲੇ ਭਗਤ ਸਿੰਘ ਦੀ ਗਰਦਨ ਘੋਸ਼ਿਤ ਰੂਪ ’ਚ ਕੱਟ ਲਈ ਜਾਂਦੀ ਹੈ ਅਤੇ ਉਥੇ ਪੱਗੜੀ ਵਾਲਾ ਭਗਤ ਸਿੰਘ ਖੜਾ ਕਰ ਦਿੱਤਾ ਜਾਂਦਾ ਹੈ। ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਹੈ ਇਸ ਲਈ ਉਸ ਵਿਰੋਧ ਦਾ ਕੋਈ ਸਿੱਟਾ ਨਹੀਂ ਨਿਕਲਦਾ ਜੋ ਭਗਤ ਸਿੰਘ ਨੂੰ ਜਾਤੀ ਅਤੇ ਧਰਮ ’ਚ ਬੰਨਣ ਦੇ ਖਿਲਾਫ ਪੂਰੀ ਤਰ੍ਹਾਂ ਨਾਲ ਖੜੇ ਹੋ ਕੇ ਉਸ ਸ਼ਹੀਦ ਨੂੰ ਉਸਦੀ ਸੰਪੂਰਨ ਇਨਕਲਾਬੀ ਚੇਤਨਾ ਨਾਲ ਯਾਦ ਕਰਨਾ ਚਾਹੁੰਦੇ ਹਨ। (ਇਕ ਨਾਮਵਰ ਪ੍ਰਕਾਸ਼ਕ ਭਗਤ ਸਿੰਘ ਉਪਰ ਮੇਰੀ ਇਕ ਸਾਜਿਲਦ ਪੁਸਤਕ ਦਾ ਪੇਪਰ ਬੈੱਕ ਐਡੀਸ਼ਨ ਬਿਨਾਂ ਕਿਸੇ ਸੂਚਨਾ ਦੇ ਛਾਪ ਲੈਂਦਾ ਹੈ ਜਿਸ ਉਤੇ ਪੱਗੜੀਧਾਰੀ ਭਗਤ ਸਿੰਘ ਹੁੰਦੇ ਹਨ। ਮੇਰੇ ਨੋਟਿਸ ਦਾ ਵੀ ਉਸ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ)

ਆਪਾਂ ਥੋੜਾ ਹੋਰ ਅੱਗੇ ਵੱਧਦੇ ਹਾਂ। ਇਸ ਬਾਰ 9 ਅਗਸਤ ‘ਕਾਕੋਰੀ ਦਿਵਸ’ ਤੋਂ ਕਰੀਬ ਇਕ ਮਹੀਨਾ ਪਹਿਲਾਂ ਸੰਜੇ ਗੁਪਤਾ ਨਾਮ ਦੇ ਇਕ ਵਿਅਕਤੀ ਨੇ ਮੈਨੂੰ ਫੋਨ ਤੇ ਦੱਸਿਆ ਕਿ ਉਹ ਇਸ ਤਰੀਕ ਨੂੰ ਸ਼ਾਹਜਹਾਂਪੁਰ ’ਚ ‘ਕਾਕੋਰੀ ਸ਼ਹੀਦ ਦਿਵਸ’ ਮਨਾਉਣਾ ਚਾਹੁੰਦੇ ਹਨ ਜਿਸ ਵਿਚ ਉਨ੍ਹਾਂ ਨੇ ਕਾਕੋਰੀ ਸ਼ਹੀਦਾਂ ਲਈ ਸ਼ਾਸ਼ਨ ਤੋਂ ਕੀਤੀਆਂ ਜਾਣ ਵਾਲੀਆਂ ਮੰਗਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਮੈਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਬੇਨਤੀ ਵੀ ਕੀਤੀ। ਆਯੋਜਨ ਤੋਂ ਹਫਤਾ ਭਰ ਪਹਿਲਾਂ ਉਹਨਾਂ ਨੇ ਮੇਰੇ ਭਰਾ ਰਾਹੀਂ ਪਰਚੇ ਭੇਜੇ ਉਹ ਸੱਚਮੁੱਚ ਹੈਰਾਨ ਕਰਨ ਵਾਲੇ ਸਨ। ਉਸ ਵਿਚ ਸ਼ਹੀਦ ਰਾਮ ਪ੍ਰਸਾਦ ਬਿਸਮਿਲ ਦਾ ਜੋ ਚਿੱਤਰ ਛਾਪਿਆ ਗਿਆ ਸੀ ਉਸ ਵਿਚ ਉਹਨਾਂ ਨੂੰ ਭਗਤ ਸਿੰਘ ਵਾਲਾ ਹੈਟ ਅਤੇ ਭਗਤ ਸਿੰਘ ਦੀ ਲੰਬੇ ਕਾਲਰ ਵਾਲੀ ਕਮੀਜ ਪਹਿਣਾਈ ਗਈ ਸੀ। ਪੁੱਛਣ ਤੇ ਉਸ ਵਿਅਕਤੀ ਨੇ ਦੱਸਿਆ ਕਿ ਇਸੇ ਹੈਟ ਨੂੰ ਪਹਿਣ ਕੇ ਬਿਸਮਿਲ ਡਾਕਾ ਮਾਰਨ ਜਾਂਦੇ ਸਨ ਅਤੇ ਅੰਤਿਮ ਸਮੇਂ ਬਿਸਮਿਲ ਆਪਣਾ ਇਹੀ ਹੈਟ ਭਗਤ ਸਿੰਘ ਨੂੰ ਦੇ ਗਏ ਸਨ। ਮੈਂ ਕਿਹਾ ਕਿ ਇਹ ਚਿੱਤਰ ਤਾਂ ਮੈਂ ਪਹਿਲੀ ਵਾਰ ਵੇਖਿਆ ਹੈ ਅਤੇ ਕਿ 1925 ਵਿਚ ਬਿਸਮਿਲ ਜੇਲ੍ਹ ਚਲੇ ਗਏ ਸਨ ਅਤੇ ਭਗਤ ਸਿੰਘ ਨਾਲ ਉਹਨਾਂ ਦੀ ਕੋਈ ਮੁਲਾਕਾਤ ਨਹੀਂ ਹੋਈ। ਸੰਜੇ ਗੁਪਤਾ ਦੇ ਕੋਲ ਇਸ ਤਰਕ ਦਾ ਕੋਈ ਉਤਰ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਗੱਲਾਂ ਦਾ ਜਿਸ ਨੂੰ ਉਨ੍ਹਾਂ ਨੇ ਆਪਣੇ ਦੋ ਤਿੰਨ ਪਰਚਿਆਂ ’ਚ ਛਾਪਿਆ ਸੀ। ਜਾਣਨ ਯੋਗ ਹੈ ਕਿ ਉਨ੍ਹਾਂ ਨੇ ‘ਸਰਫਰੋਸ਼ੀ ਕੀ ਤਮੰਨਾ’ ਅਤੇ ‘ਮਿਟ ਗਿਆ ਜਬ ਮਿਟਨੇ ਵਾਲਾ’ ’ਚ ਸ਼ਹਰਯਾਰ ਦੀ ਮਸ਼ਹੂਰ ਰਚਨਾ ‘ਦਿਲ ਚੀਜ ਕਿਆ ਹੈ ਆਪ ਮੇਰੀ ਜਾਨ ਲੀਜੀਏ, ਬਸ ਏਕ ਬਾਰ ਮੇਰਾ ਕਹਾ ਮਾਨ ਲੀਜੀਏ’ ਨੂੰ ਵੀ ਰਾਮ ਪ੍ਰਸਾਦ ਬਿਸਮਿਲ ਦੀ ਲਿਖੀ ਕਵਿਤਾ ਦੱਸਿਆ ਸੀ। ਉਨ੍ਹਾਂ ਨੇ ਇਹ ਵੀ ਝੂਠ ਘੜਿਆ ਕਿ ਲਖਨਊ ਜੇਲ੍ਹ ਤੋਂ ਅਦਾਲਤ ਜਾਂਦੇ ਸਮੇਂ ਬਸੰਤ ਪੰਚਮੀ ਦੇ ਦਿਨ ਬਿਸਮਿਲ ਅਤੇ ਦੂਸਰੇ ਇਨਕਲਾਬੀ ਸਾਥੀ ਉਨ੍ਹਾਂ ਦੇ ਕਹਿਣ ਤੇ ਗਲੇ ’ਚ ਪੀਲੇ ਰੁਮਾਲ ਅਤੇ ਸਿਰ ਉਤੇ ਪੀਲੀ ਟੋਪੀ ਪਹਿਣਕੇ ਗਏ ਸਨ ਅਤੇ ਉਸੇ ਦਿਨ ਲਈ ਬਿਸਮਿਲ ਨੇ ਆਪਣੇ ਸਾਥੀਆਂ ਦੇ ਕਹਿਣ ਤੇ ‘ਮੇਰਾ ਰੰਗ ਦੇ ਬਸੰਤੀ ਚੋਲਾ’ ਦੀ ਰਚਨਾ ਕੀਤੀ। ਆਪਣੇ ਪਰਚੇ ’ਚ ਉਨ੍ਹਾਂ ਨੇ ਲਾਲ ਬਹਾਦੁਰ ਸ਼ਾਸ਼ਤਰੀ ਨੂੰ ਸ਼ਾਸ਼ਤਰ ਕ੍ਰਾਂਤੀ ਦਾ ਸੈਨਿਕ ਦੱਸਿਆ ਅਤੇ ਇਹ ਵੀ ਲਿਖਿਆ ਕਿ ਰਾਮ ਪ੍ਰਸਾਦ ਬਿਸਮਿਲ ਦੇ ਡੈਥ ਵਰੰਟ ’ਚ ਸਪੱਸ਼ਟ ਲਿਖਿਆ ਗਿਆ ਸੀ - ਟੂ ਬੀ ਹੈਂਗਡ ਟਿਲ ਡੈਥ ਕਿਉਂਕਿ ਅੰਗਰੇਜ ਇਹ ਗੱਲ ਭਲੀ ਭਾਂਤ ਜਾਣਦੇ ਸਨ ਕਿ ਰਾਮ ਪ੍ਰਸਾਦ ਬਿਸਮਿਲ ਜੇਲ੍ਹ ਵਿੱਚ ਹਰ ਰੋਜ ਯੋਗ ਅਭਿਆਸ ਕਰਦੇ ਹਨ ਇਸ ਲਈ ਇਕ ਝਟਕੇ ਵਿੱਚ ਉਨ੍ਹਾਂ ਦੇ ਪ੍ਰਾਣ ਨਿਕਲਣ ਵਾਲੇ ਨਹੀਂ। ਆਪਣੇ ਇਸੇ ਕੁਤਰਕ ਦੇ ਅਧਾਰ ਤੇ ਉਹਨ੍ਹਾਂ ਨੇ ਸ਼ਾਹਜਹਾਂਪੁਰ ਵਿੱਚ ਇਕ ‘ਰਾਮਪ੍ਰਸਾਦ ਬਿਸਮਿਲ ਯੋਗ/ਅਯੂਰਵੇਦ ਸੰਸਥਾਨ’ ਖੋਲਣ ਦੀ ਮੰਗ ਪੇਸ਼ ਕਰਨ ਦੇ ਨਾਲ ਹੀ 50 ਹਜਾਰ ਗਊਆਂ ਦੀ ਇਕ ਗਊਸ਼ਾਲਾ ਬਣਾਏ ਜਾਣ ਦਾ ਪ੍ਰਸਤਾਵ ਦੀ ਕੀਤਾ।

ਪੱਤਰ ’ਚ ਇਕ ਹੋਰ ਤੱਥ ਨੂੰ ਝੂਠ ਦਾ ਜਾਮਾ ਪਹਿਣਾਇਆ ਗਿਆ ਕਿ ਰਾਮ ਪ੍ਰਸਾਦ ਬਿਸਮਿਲ ਮੈਨਪੁਰੀ ਕਾਂਢ ਦੇ ਬਾਅਦ ਗ੍ਰੇਟਰ ਨੋਇਡਾ ਦੇ ਬੀੜ ਜੰਗਲਾਂ ’ਚ ਭੂਮੀਗਤ ਰਹੇ ਸਨ ਇਸ ਲਈ ਉੱਥੇ ‘ਰਾਮ ਪ੍ਰਸਾਦ ਬਿਸਮਿਲ ਰਾਜਨੀਤਿਕ ਪ੍ਰਯੋਗ ਯੂਨੀਵਰਸਿਟੀ’ ਦੀ ਸਥਾਪਨਾ ਕੀਤੀ ਜਾਵੇ।

ਮੈਨੂੰ ਨਹੀਂ ਪਤਾ ਕਿ 9 ਅਗਸਤ ’ਚ ਕਾਕੋਰੀ ਕਾਂਢ ਦੇ ਸ਼ਹੀਦਾਂ ਖਾਸ ਕਰਕੇ ਰਾਮ ਪ੍ਰਸਾਦ ਬਿਸਮਿਲ ਦੀ ਯਾਦ ’ਚ ਹੋਣ ਵਾਲੇ ਇਸ ਆਯੋਜਨ ਦਾ ਕੀ ਹੋਇਆ। ਹਾਂ, ਇਹ ਜਰੂਰ ਪਤਾ ਹੈ ਕਿ ਉਸ ਵਿੱਚ ਇਨਕਲਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਜੋੜਨ ਦੀ ਜੋ ਕਵਾਇਦ ਕੀਤੀ ਗਈ ਸੀ, ਉਹ ਅਧੂਰੀ ਰਹਿ ਗਈ। ਕਾਕੋਰੀ ਕੇਸ ਦੇ ਇਨਕਲਾਬੀ ਰਾਮਕ੍ਰਿਸ਼ਨ ਖੱਤਰੀ, ਸ਼ਚੀਂਦਰ ਨਾਥ ਬਖਸ਼ੀ ਅਤੇ ਸ਼ਹੀਦ ਅਸ਼ਫਾਕ ਉੱਲਾ ਦੇ ਪਰਿਵਾਰ ਤੋਂ ਕੋਈ ਮੈਂਬਰ ਉਸ ਪ੍ਰੋਗਰਾਮ ’ਚ ਸ਼ਾਮਿਲ ਨਹੀਂ ਹੋਇਆ।

ਦੇਖਿਆ ਜਾਵੇ ਤਾਂ ਇਹ ਸਭ ਸ਼ਹੀਦਾਂ ਅਤੇ ਇਨਕਲਾਬੀਆਂ ਦੇ ਇਤਿਹਾਸ ਨੂੰ ਬਦਲਣ ਵਾਲੀ ਵੱਡੀ ਸਾਜ਼ਿਸ਼ ਹੈ ਜੋ ਉਸ ਇਨਕਲਾਬੀ ਚੇਤਨਾ ਅਤੇ ਵਿਚਾਰ ਨੂੰ ਨਸ਼ਟ ਕਰਨਾ ਚਾਹੁੰਦੀ ਹੈ ਜਿਸਦੇ ਲਈ ਮੁਕਤੀ ਸੰਗਰਾਮ ’ਚ ਅਨੇਕਾਂ ਸ਼ਹਾਦਤਾਂ ਦਿੱਤੀਆਂ ਗਈਆਂ ਅਤੇ ਜੋ ਸੰਘਰਸ਼ ਸਿਆਸੀ ਆਜ਼ਾਦੀ ਦੇ ਆਪਣੇ ਵੱਡੇ ਉਦੇਸ਼ ਨਾਲ ਅੱਗੇ ਵੱਧਕੇ ਸਮਾਜਵਾਦ ਦੀ ਸਥਾਪਨਾ ਲਈ ਸਪਰਪਿਤ ਹੋ ਚੁੱਕਾ ਸੀ ਅਤੇ ਜੋ ਲੜਾਈ ਅਧੂਰੀ ਰਹਿਕੇ ਅੱਜ ਵੀ ਆਪਣੇ ਏਜੰਡੇ ਉੱਤੇ ਹੈ। ਲੇਖਕ ਹੰਸਰਾਜ ਰਹਿਬਰ ਕਿਹਾ ਕਰਦੇ ਸਨ ਕਿ ਭਗਤ ਸਿੰਘ ਅਤੇ ਚੰਦਰ ਸ਼ੇਖਰ ਅਜਾਦ ਦੀ ਸ਼ਹਾਦਤ ਅਤੇ ‘ਹਿੰਦੁਸਤਾਨ ਸਮਾਜਵਾਦੀ ਪਰਜਾਤੰਤਰ ਸੰਘ’ ਦੇ ਟੁੱਟਣ ਨਾਲ ਭਾਰਤੀ ਰਾਜਨੀਤੀ ’ਚ ਜੋ ਘਾਟਾ ਪਇਆ ਉਸਦੀ ਭਰਪਾਈ ਦਾ ਕਾਰਜ ਦੇਸ਼ ਦੇ ਕਮਿਊਨਿਸਟ ਦਲਾਂ ਉਪਰ ਸੀ ਜਿਸਨੂੰ ਉਹ ਪੂਰਾ ਨਹੀਂ ਕਰ ਪਾਏ ਅਤੇ ਇਹ ਉਨ੍ਹਾਂ ਦਾ ਵਿਸ਼ਵਾਸ਼ਘਾਤ ਹੈ। ਇਹ ਦੁਖਦ ਹੈ ਕਿ ਅਸੀਂ ਆਪਣੀ ਇਨਕਲਾਬੀ ਵਿਰਾਸਤ ਨੂੰ ਬਹੁਤ ਨਿਰਲੱਜਤਾ ਨਾਲ ਛੱਡਦੇ ਚਲੇ ਜਾ ਰਹੇ ਹਾਂ। ਕਦੇ ਵਿਦੇਸ਼ ’ਚ ਬਣੀ ਇਨਕਲਾਬੀਆਂ ਦੀ ਅੰਤਿਮ ਸਰਕਾਰ ਦੇ ਪਹਿਲੇ ਰਾਸ਼ਟਰਪਤੀ ਮਹੇਂਦਰ ਪ੍ਰਤਾਪ ਜੋ ਸਮਾਜਵਾਦੀ ਵਿਚਾਰਧਾਰਾ ਨਾਲ ਲੈਸ ਸਨ, ਉਨ੍ਹਾਂ ਨੂੰ ਅਸੀਂ ਕਦੇ ਯਾਦ ਕਰਨ ਦਾ ਕੰਮ ਹੀ ਨਹੀਂ ਕੀਤਾ ਪਰ ਜਦੋਂ ਅਲੀਗੜ ਯੂਨੀਵਰਸਿਟੀ ਵਿਚ ਸੰਘ ਅਤੇ ਭਾਜਪਾ ਦੇ ਲੋਕ ਉਨ੍ਹਾਂ ਨੂੰ ਯਾਦ ਕਰਨ ਦੇ ਨਾਮ ਤੇ ਹੰਗਾਮਾ ਖੜਾ ਕਰਦੇ ਹਨ ਤਦ ਵੀ ਅਸੀਂ ਆਪਣੇ ਇਨਕਲਾਬੀ ਇਤਿਹਾਸ ਦੇ ਅਗਵਾ ਹੋਣ ਪ੍ਰਤੀ ਬਿਲਕੁਲ ਚਿੰਤਤ ਨਹੀਂ ਹੁੰਦੇ। ਸਾਡੀ ਇਸ ਇਤਿਹਾਸਕ ਵਿਮੁੱਖਤਾ ਨੇ ਸਾਥੋਂ ਬਹੁਤ ਕੁੱੱਝ ਖੋਹ ਲਿਆ ਹੈ ਜਿਸਦੀ ਨਵੇਂ ਸ਼ੋਸ਼ਣ ਰਹਿਤ ਸਮਾਜਵਾਦੀ ਸਮਾਜ ਦੇ ਨਿਰਮਾਣ ਲਈ ਸਾਨੂੰ ਬਹੁਤ ਵੱਡੀ ਜਰੂਰਤ ਸੀ। ਮੋਦੀ ਸ਼ਿਆਮਜੀ ਕ੍ਰਿਸ਼ਨਾ ਵਰਮਾ ਤੋਂ ਲੈ ਕੇ ਰਾਣੀ ਗਾਦਿਨਲਯੂ ਦਾ ਦਿਨ ਮਨਾ ਕੇ ਸਾਰੇ ਇਨਕਲਾਬੀ ਪ੍ਰਤੀਕਾਂ ਨੂੰ ਇਕ-ਇਕ ਕਰਕੇ ਸਾਥੋਂ ਹਥਿਆਉਂਦੇ ਚਲੇ ਜਾ ਰਹੇ ਹਨ ਅਤੇ ਅਸੀਂ ਹਾਂ ਕਿ ਨੰਗੀ ਅੱਖ ਨਾਲ ਸਭ ਕੁਝ ਵੇਖਦੇ ਹੋਏ ਵੀ ਸੁੰਨ ਹਾਂ। ਇਹ ਜਕੜ ਸਾਨੂੰ ਕਦ ਛੱਡੇਗੀ। ਇਸ ਸਮੇਂ ਭਗਵਤੀ ਚਰਨ ਵਰਮਾ ਦੀ ਪ੍ਰਸਿੱਧ ਕਹਾਣੀ ‘ਮੁਗਲਾਂ ਨੇ ਸਲਤਨਤ ਬਖਸ਼ ਦਿੱਤੀ’ ਮੈਨੂੰ ਯਾਦ ਆਉਂਦੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਅੰਗਰੇਜਾਂ ਨੇ ਮੁਗਲਾਂ ਤੋਂ ਸਲਤਨਤ ਖੋਹੀ ਨਹੀਂ ਸੀ, ਬਲਕਿ ਮੁਗਲਾਂ ਨੇ ਇਹ ਉਨ੍ਹਾਂ ਨੂੰ ਖੁਦ ਸੌਂਪ ਦਿੱਤੀ ਸੀ। ਕੀ ਆਪਣੀ ਇਨਕਲਾਬੀ ਵਿਰਾਸਤ ਪ੍ਰਤੀ ਸਾਡਾ ਉਹੀ ਮੁਗਲਾਂ ਵਾਲਾ ਨਜਰਿਆ ਤਾਂ ਨਹੀਂ ਜਿਸਨੂੰ ਅਸੀਂ ਖੁਸ਼ੀ-ਖੁਸ਼ੀ ਆਪਣੇ ਹੱਥੀਂ ਦੱਖਣਪੰਥੀ ਤਾਕਤਾਂ ਦੇ ਭਰੋਸੇ ਛੱਡ ਦਿੱਤਾ ਹੈ ਕਿ ਉਹ ਉਸਦਾ ਜਿਵੇਂ ਚਾਹੁਣ ਮੁਰੱਬਾ ਬਣਾਉਣ। ਖੱਬੇਪੱਖੀ ਤਾਕਤਾਂ ਦੀ ਅੰਤਰ-ਮੁਗਧਤਾ ਵੀ ਇਸਦੇ ਲਈ ਘੱਟ ਜਿੰਮੇਦਾਰ ਨਹੀਂ ਹੈ। ਫਿਰ ਵੀ ਬਕੌਲ ਇਕ ਸ਼ਾਇਰ ਦੇ, ‘ਅਬ ਵੀ ਕੋਈ ਬਣਾ ਲੇ ਤੋ ਬਿਗੜੀ ਨਹੀਂ ਹੈ ਬਾਤ।’

ਸਮਕਾਲੀਨ ਤੀਸਰੀ ਦੁਨੀਆ’ ’ਚੋਂ ਧੰਨਵਾਦ ਸਹਿਤ

Comments

Mandeep

ਫੋਟੋ ਕੈਪਸ਼ਨ- 1 ਪ੍ਰਬੰਧਕ ਦਾ ਕਹਿਣਾ ਸੀ ਕਿ ਬਿਸਮਿਲ ਨੇ ਹੀ ਇਹ ਹੈਟ ਭਗਤ ਸਿੰਘ ਨੂੰ ਦਿੱਤਾ ਸੀ ਜਦ ਕਿ ਦੋਨਾਂ ਵਿਚਕਾਰ ਕਦੇ ਮੁਲਾਕਾਤ ਹੀ ਨਹੀਂ ਹੋਈ। ਫੋਟੋ ਕੈਪਸ਼ਨ- 2 ਇਸ ਵਾਰ 8 ਅਗਸਤ 'ਕਾਕੋਰੀ ਦਿਵਸ' ਤੋਂ ਕਰੀਬ ਇਕ ਮਹੀਨਾ ਪਹਿਲਾਂ ਕੁੱਝ ਲੋਕਾਂ ਨੇ ਕਾਕੋਰੀ ਸ਼ਹੀਦ ਦਿਵਸ ਮਨਾਉਣ ਦੀ ਇੱਛਾ ਦੇ ਨਾਲ ਕੁੱਝ ਪਰਚੇ ਵੰਡੇ ਜਿਨ੍ਹਾਂ ਵਿੱਚ ਸ਼ਹੀਦਾਂ ਬਾਰੇ ਅਜਿਹੇ ਤੱਥ ਪੇਸ਼ ਕੀਤੇ ਗਏ ਸਨ ਜਿੰਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਇਨ੍ਹਾਂ ਸ਼ਹੀਦਾਂ ਦੇ ਨਾਮ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਤਰ੍ਹਾਂ-ਤਰ੍ਹਾਂ ਦੇ ਝੂਠ ਦਾ ਸਹਾਰਾ ਲਿਆ ਗਿਆ ਸੀ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ