Mon, 14 October 2024
Your Visitor Number :-   7232415
SuhisaverSuhisaver Suhisaver

ਭਾਰਤ ਬਹੁਧਰੁਵੀ ਸੰਸਾਰ ਦੀ ਉਸਾਰੀ ’ਚ ਹਿੱਸਾ ਪਾਵੇ ਨਾ ਕਿ ਅਮਰੀਕਾ ਦਾ ਤਾਬੇਦਾਰ ਬਣੇ -ਸੀਤਾਰਾਮ ਯੇਚੁਰੀ

Posted on:- 06-10-2014

suhisaver

ਨਿਊਜ਼ ਏਜੰਸੀ ਪੀਟੀਆਈ ਦੇ ਕਹਿਣ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਨਿਊਯਾਰਕ ਅਤੇ ਵਸ਼ਿੰਗਟਨ ਦੀ ਯਾਤਰਾ ਇਕ ਰਾੱਕ ਸਟਾਰ ਦਾ ਸ਼ੋਅ ਬਣ ਕੇ ਰਹਿ ਗਈ ਹੈ। ਉਸ ਦੇ ਮੈਡੀਸਨ ਸਕੁਅੇਰ ਪਾਰਕ ਵਿੱਚ ਅਤੇ ਸਾਲਾਨਾ ਰਾੱਕ ਸਟਾਰ ਮੇਲੇ ਮੌਕੇ ਦਿੱਤੇ ਭਾਸ਼ਣਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਜੇ ਚੋਣ ਮੁਹਿੰਮ ਵੇਲੇ ਦੀ ਮਾਨਸਿਕ ਪ੍ਰਸਥਿਤੀ ਤੋਂ ਸੁਰਖੁਰੂ ਨਹੀਂ ਹੋਏ। ਪਹਿਲਾਂ ਲਾਲ ਕਿਲ੍ਹਾ ਫ਼ਿਰ ਟੋਕੀਓ ਤੇ ਹੁਣ ਨਿਊਯਾਰਕ। ਪ੍ਰਧਾਨ ਮੰਤਰੀ ਦਾ ਪੁਰਾਣਾ ਭਾਸ਼ਣ ਜਾਰੀ ਹੈ।

ਮਨਮੋਹਨ ਸਿੰਘ ਵੱਲੋਂ ਸ਼ੁਰੂ ਕੀਤਾ ਹੋਇਆ ਵਿਦੇਸ਼ ਯਾਤਰਾਵਾਂ ਦਾ ਸਿਲਸਲਾ ਮੋਦੀ ਜੀ ਵੀ ਜਾਰੀ ਰੱਖ ਰਹੇ ਹਨ ਪਰ ਕਿਹਾ ਇਹ ਜਾ ਰਿਹਾ ਹੈ ਕਿ ਯੂਪੀਏ ਰਾਜ ਦੌਰਾਨ ਆਈ ਹੋਈ ਖੜੋਤ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕਿਤੇ ਪ੍ਰਧਾਨ ਮੰਤਰੀ ਉੱਪਰ ਇਹ ਦੋਸ਼ ਨਾ ਲੱਗ ਜਾਵੇ ਕਿ ਵਿਦੇਸ਼ੀ ਸੈਰਾਂ ਕਰਕੇ ਮੋਦੀ ਦੇਸ਼ ਦੇ ਲੋਕਾਂ ਨੂੰ ਭੁੱਲ ਗਿਆ ਹੈ, ਸਰਕਾਰ ਵੱਲੋਂ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਜੀ ਗਾਂਧੀ ਜੈਯੰਤੀ ਮੌਕੇ ਕੌਮ ਦੇ ਨਾਂ ਸੰਦੇਸ਼ ਦੇਣਗੇ। ਗਾਂਧੀ ਜੈਯੰਤੀ ਤਾਂ ਦੋ ਅਕਤੂਬਰ ਨੂੰ ਸੀ ਪਰ ਰੇਡੀਓ ਤੋਂ ਪ੍ਰਧਾਨ ਮੰਤਰੀ ਦਾ ਸੰਦੇਸ਼ ਤਿੰਨ ਅਕਤੂਬਰ ਨੂੰ ਪ੍ਰਸਾਰਤ ਹੋਇਆ, ਦੁਸਿਹਰੇ ਵਾਲੇ ਦਿਨ। ਇਹ ਦਿਨ ਰਾਸ਼ਟਰੀ ਸਵਾਇਮ ਸੇਵਕ ਸੰਘ ਦਾ ਸਥਾਪਨਾ ਦਿਵਸ ਹੈ। ਸੰਘ ਵੱਲੋਂ ਇਹ ਦਿਨ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਸੰਘ ਦਾ ਮੁਖੀ, ਸਰਸੰਘਚਾਲਕ, ਇਸ ਦਿਨ ਸਵੈਮ ਸੇਵਕਾਂ (ਅੱਜ ਦੇ ਸੰਦਰਭ ਵਿਚ ਦੇਖੀਏ ਤਾਂ ਕੌਮ) ਨੂੰ ਸੰਬੋਧਨ ਕਰਦਾ ਹੈ।

ਜਿਵੇਂ ਇਹ ਲੇਖ ਪਰੈਸ ਵਿਚ ਜਾ ਰਿਹਾ ਹੈ ਭਾਰਤ ਅਮਰੀਕਾ ਦਾ ਸਾਂਝਾ ਐਲਾਨਨਾਮਾ ਜਾਰੀ ਕਰ ਦਿੱਤਾ ਗਿਆ ਹੈ। ਦੋਸਤੀ ਦੀਆਂ ਰਵਾਇਤੀ ਗੱਲਾਂ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਬਾਰੇ ਨੌਂ ਵਖਰੇ ਬਿਆਨ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ਬਿਆਨਾਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਹੋਏ ਸਮਝੋਤਿਆਂ ਵਿਚ ਕੁਝ ਵੀ ਨਵਾਂ ਨਹੀਂ ਹੈ। ਇਕੋ ਲਕੀਰ ਜ਼ਰੂਰ ਨਜ਼ਰ ਆਉਂਦੀ ਹੈ ਕਿ ਅਮਰੀਕਾ ਭਾਰਤ ਨੂੰ ਆਪਣੇ ਖੇਮੇ ਵਿਚ ਖਿਚਣ ਲਈ ਪੂਰਾ ਦਬਾਅ ਪਾ ਰਿਹਾ ਹੈ। 28 ਸਤੰਬਰ ਦੇ ਵਸ਼ਿੰਗਟਨ ਪੋਸਟ ਵਿਚ ਨਿਕੋਲਸ ਬਰਨਜ਼ ਲਿਖਦਾ ਹੈ, ‘‘ਯੁਧਨੀਤਕ ਦਿ੍ਰਸ਼ਟੀਕੋਣ ਤੋਂ ਅਮਰੀਕਾ ਦੇ ਲਈ ਬਹੁਤ ਘੱਟ ਦੇਸ਼ ਹਨ ਜੋ ਭਾਰਤ ਨਾਲੋਂ ਜ਼ਿਆਦਾ ਮਹਤੱਵਪੂਰਨ ਹੋ ਸਕਦੇ ਹਨ। ਭਾਰਤ , ਜੋ ਹਿੰਦ ਮਹਾਂ ਸਾਗਰ ਖ਼ੇਤਰ ਦੀ ਪ੍ਰਮੁੱਖ ਸ਼ਕਤੀ ਹੈ, ਅਤੇ ਜਪਾਨ, ਜੋ ਅਮਰੀਕਾ ਦਾ ਏਸ਼ੀਆ ਵਿਚਲਾ ਸਭ ਤੋਂ ਕਰੀਬ ਦਾ ਸਾਥੀ ਹੈ, ਦੋਵੇਂ ਮਿਲ ਕੇ ਹੀ ਇਸ ਖ਼ੇਤਰ ਵਿਚ ਚੀਨ ਦੀ ਪ੍ਰਮੁੱਖਤਾ ਨੂੰ ਠੱਲ ਪਾ ਸਕਦੇ ਹਨ। ਠੰਡੀ ਜੰਗ ਦੇ ਖ਼ਾਤਮੇ ਤੋਂ ਬਾਅਦ ਅਮਰੀਕਾ ਦੀ ਵਿਦੇਸ਼ ਨੀਤੀ ਦਾ ਮੁੱਖ ਮਕਸਦ ਚੀਨ ਦੀ ਵਧਦੀ ਸ਼ਕਤੀ ਨੂੰ ਨਕੇਲ ਪਾਉਣਾ ਹੀ ਹੈ। ਮੋਦੀ ਦੇ ਦੌਰੇ ਦਾ ਇਕ ਮਕਸਦ, ਵਸ਼ਿੰਗਟਨ ਪੋਸਟ ਅਨੁਸਾਰ, ‘‘ਵਸ਼ਿੰਗਟਨ ਦੇ ਨਾਲ ਨਵੇਂ ਰਿਸ਼ਤੇ ਕਾਇਮ ਕਰਨਾ ਹੈ।” ਇਸ ਗੱਲ ਦੀ ਗਵਾਹੀ ਵਸ਼ਿੰਗਟਨ ਪੋਸਟ ’ਚ ਛਾਪਿਆ ਗਿਆ ਮੋਦੀ-ਓਬਾਮਾ ਦਾ ਸਾਝਾਂ ਸੰਪਾਦਕੀ (ਚਲੇਂ ਸਾਥ ਸਾਥ) ਤੋਂ ਵੀ ਮਿਲਦੀ ਹੈ। ਚਲੇਂ ਸਾਥ-ਸਾਥ, ਮਾਰਟਿਨ ਲੂਥਰ ਕਿੰਗ ਵੱਲੋਂ ਪ੍ਰਸਿੱਧ ਕੀਤੇ ਗੀਤ ‘ਵੀ ਸ਼ੈਲ ਓਵਰਕਮ’ ਦਾ ਹਿੰਦੀ ਅਨੁਵਾਦ ਹੈ ; ਇਹ ਲਾਈਨਾਂ ਐਮਰਜੈਂਸੀ ਮੌਕੇ ਸੰਜੇ ਗਾਂਧੀ ਵੱਲੋਂ ਵੀ ਬਹੁਤ ਮਸ਼ਹੂਰ ਕੀਤੀਆਂ ਗਈਆਂ ਸਨ ਜਦ ਦੇਸ਼ ਵਿਚ ਜਮਹੂਰੀਅਤ ਦਾ ਗਲਾ ਘੁਟਿਆ ਗਿਆ ਸੀ।
ਅਪਾਣੇ ਭਾਸ਼ਣਾਂ ਵਿਚ ਮੋਦੀ ਨੇ ਕਈ ਵਾਰ ਕਿਹਾ ਕਿ ਭਾਰਤ ਅੱਤਵਾਦ ਨੂੰ ਖ਼ਤਮ ਕਰਨ ਦੇ ਲਈ ਦਿ੍ਰੜ-ਸੰਕਲਪ ਹੈ, ਅਸੀਂ ਚੰਗੇ ਤੇ ਮੰਦੇ ਅੱਤਵਾਦ ਵਿਚ ਫ਼ਰਕ ਨਹੀਂ ਕਰਦੇ। ਇਸ ਤੋਂ ਕੁਝ ਦੇਰ ਬਾਦ ਹੀ ਮੋਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਮਿਲਿਆ ਜੋ ਹੁਣੇ ਜਿਹੇ ਹੀ ਸੈਂਕੜੇ ਮਾਸੂਮ ਬੱਚਿਆਂ ਦਾ ਕਤਲ ਕਰ ਕੇ ਹਟਿਆ ਹੈ। ਇਹ ਇਕ ਅਸ਼ੁਭ ਸੰਕੇਤ ਹੈ।

ਜੋ ਲੋਕ ਇਹ ਆਸ ਕਰ ਰਹੇ ਸਨ ਕਿ ਹਿੰਦ-ਅਮਰੀਕਾ ਦੇ ਸਾਂਝਾ ਐਲਾਨਨਾਮਾ ਅਤੀਤ ਤੋਂ ਬਹੁਤ ਵੱਖਰਾ ਹੋਵੇਗਾ, ਉਨ੍ਹਾਂ ਨੂੰ ਅਗਾਊਂ ਚੇਤਾਵਨੀ ਦਿੰਦਿਆਂ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਸੀ ਕਿ ਇਸ ਸਿਖ਼ਰ ਸੰਮੇਲਨ ਦੇ ਤਿੰਨ ਮੁੱਖ ਉਦੇਸ਼ ਹਨ-ਇਕ ਦੂਸਰੇ ਨਾਲ ਜੁੜਣਾ, ਰਿਸ਼ਤਿਆਂ ਦਾ ਦਿ੍ਰਸ਼ਟੀਕੋਣ ਅਤੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਕਰਨਾ। ਸਾਫ਼ ਹੈ ਕਿ ਹਿੰਦ-ਅਮਰੀਕਾ ਦਰਮਿਆਨ ਯੁੱਧਨੀਤਕ ਤੇ ਰਣਨੀਤਕ ਸਹਿਯੋਗ ਨੂੰ ਵਧਾ ਕੇ ਦੇਸ਼ ਨੂੰ ਅਮਰੀਕਾ ਦਾ ਤਾਬੇਦਾਰ ਸਾਥੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਐਲਾਨਨਾਮੇ ਵਿਚ ਕਿਹਾ ਗਿਆ ਹੈ, ‘‘ਭਾਰਤ ਤੇ ਅਮਰੀਕਾ ਦੋਵੇਂ ਸਥਾਈ ਤੇ ਭਰੋਸੇਯੋਗ ਦੋਸਤੀ ਸਥਾਪਤ ਕਰਨਗੇ ਜੋ ਸੁਰੱਖਿਆ ਤੇ ਸਥਿਰਤਾ, ਗਲੋਬਲ ਅਰਥਚਾਰੇ ਦੇ ਵਿਕਾਸ ਅਤੇ ਸਾਰੀ ਦੁਨੀਆਂ ਦੇ ਲੋਕਾਂ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਵੇਗੀ।”

ਇਸ ਵਿਦੇਸ਼ ਦੌਰੇ ਦਾ ਮੂਲ ਮਕਸਦ ਸੰਯੁਕਤ ਰਾਸ਼ਟਰ ਦੀ ਜਨਰਲ ਅਸੰਬਲ਼ੀ ਵਿਚ ਸ਼ਿਰਕਤ ਕਰਨਾ ਸੀ। ਭਾਰਤ ਦੇ ਪ੍ਰਧਾਨ ਮੰਤਰੀ ਦੇ ਭਾਸ਼ਨ ਨੇ ਕੋਈ ਠੋਸ ਯੋਗਦਾਨ ਨਹੀਂ ਪਾਇਆ। ਇਸ ਤੋਂ ਇਲਾਵਾ ਮੀਡੀਆ ਵਿਚ ਰਿਪੋਰਟ ਛਪੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪਲੇਠੇ ਭਾਸ਼ਣ ਮੌਕੇ ਜਨਰਲ ਅਸੈਂਬਲੀ ਦੇ ਪ੍ਰਧਾਨ ਤੇ ਉਪ ਪ੍ਰਧਾਨ ਭਾਰਤੀ ਪ੍ਰਤੀਨਿਧੀ ਮੰਡਲ ਦੇ ਵਿਵਹਾਰ ਤੋਂ ਨਾਰਾਜ਼ ਸਨ।

ਹੋਰ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਓਬਾਮਾ ਤੇ ਮੋਦੀ ਸਿਖ਼ਰ ਸੰਮੇਲਨ ਦੌਰਾਨ ਦੋਹਾਂ ਨੇ ਗਿਆਨ-ਸਹਿਯੋਗ ਤੋਂ ਲੈ ਕੇ ਊਰਜ਼ਾ ਦੇ ਨਵੇਂ ਸੋਮਿਆਂ ਤੇ ਪ੍ਰਮਾਣੂ ਊਰਜ਼ਾ ਤੱਕ ਦੇ ਅਣਗਿਣਤ ਮਸਲਿਆਂ ਤੇ ਵਿਚਾਰ ਕਰਨੀ ਸੀ।” ਪਰ ਦੋਹਾਂ ਦੇਸ਼ਾਂ ਦਰਮਿਆਨ ਮੁੱਖ ਮਸਲਿਆਂ ਬਾਰੇ ਕੋਈ ਸਾਰਥਕ ਗੱਲਬਾਤ ਨਹੀਂ ਹੋਈ।

ਹਾਂ, ਫ਼ੌਜ਼ੀ ਸਾਜ਼ੋ-ਸਾਮਾਨ ਦੀ ਖਰੀਦਦਾਰੀ ’ਚ ਨਵੇਂ ਸਮਝੌਤਿਆਂ ਨਾਲ ਅਮਰੀਕਾ ਰੂਸ ਨੂੰ ਪਛਾੜ ਕੇ ਪਹਿਲਾਂ ਦੇਸ਼ ਬਣ ਗਿਆ ਹੈ। ਭਾਰਤ ਇਜ਼ਰਾਈਲ ਦੇ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਇਸ ਤਰ੍ਹਾਂ ਭਾਰਤ ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦੇ ਕੀਤੇ ਜਾ ਰਹੇ ਕਤਲੇਆਮ ਨੂੰ ਵਿੱਤੀ ਸਹਾਇਤਾ ਦੇ ਰਿਹਾ ਹੈ।

ਇਸ ਦੌਰੇ ਦਾ ਇੱਕ ਮੁੱਖ ਪਹਿਲੂ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੀਆਂ ਸਕੀਮਾਂ ’ਚ ਇਕ ਮਹਤੱਵਪੂਰਨ ਤਬਦੀਲੀ ਲਿਆਂਦੀ ਹੈ। ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਤੋਂ ਬੋਲਦਿਆਂ ਮੋਦੀ ਨੇ ਕਿਹਾ ਸੀ ਕਿ ਭਾਰਤ ਨੂੰ ਸਨਅਤ ਦਾ ਕੇਂਦਰ ਬਣਾਇਆ ਜਾਵੇਗਾ ਅਤੇ ਨਾਲ ਹੀ ‘ਮੇਡ ਇਨ ਇੰਡੀਆ’, ਦਾ ਨਾਅਰਾ ਦਿੱਤਾ ਗਿਆ। ਅਮਰੀਕਾ ’ਚ ਉਸ ਨੇ ਵਾਰ-ਵਾਰ ‘ਮੇਕ ਇਨ ਇੰਡੀਆ’ ਦਾ ਫ਼ਰਮਾਨ ਦਿੱਤਾ ਹੈ। ਪਹਿਲੇ ਨਾਅਰੇ ਦਾ ਮਕਸਦ ਸ਼ਾਇਦ ਦੇਸ਼ ਦੇ ਸਨਅਤੀ ਆਧਾਰ ਨੂੰ ਮਜ਼ਬੂਤ ਕਰਨਾ ਸੀ ਅਤੇ ਦੂਸਰੇ ਦਾ ਵਿਦੇਸ਼ੀ ਸਰਮਾਏਦਾਰਾਂ ਨੂੰ ਨਿਵੇਸ਼ ਦਾ ਖੁੱਲ੍ਹਾ ਸੱਦਾ ਹੈ ਕਿ ਆਓ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ। ਕਾਰਪੋਰੇਟ ਜਗਤ ਬਹੁਤ ਖੁਸ਼ ਹੈ ਕਿ ਦੇਸ਼ ਦੇ ਅਰਥਚਾਰੇ ਨੂੰ ਹੋਰ ਵੀ ਅਮੀਰ ਪੱਖੀ ਬਣਾਇਆ ਜਾ ਰਿਹਾ ਹੈ।

ਇਸ ਤਰ੍ਹਾਂ, ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਮੋਦੀ ਦੀ ਇਹ ਅਮਰੀਕਾ ਫ਼ੇਰੀ ਸ਼ਾਇਦ ਭਾਰਤ ਨੂੰ ਅਮਰੀਕਾ ਦਾ ਤਾਬੇਦਾਰ ਸਾਥੀ ਬਣਾਉਣ ਦੀ ਪ੍ਰਕਿਰਿਆ ਵਿਚ ਸਹਾਈ ਹੋਵੇਗੀ। ਇਹ ਭਾਰਤ ਦੀ ਆਜ਼ਾਦ ਹੈਸੀਅਤ ਤੇ ਨਿਰਪੱਖ ਵਿਦੇਸ਼ ਨੀਤੀ ਦੀ ਰਵਾਇਤ ਦੇ ਲਈ ਸ਼ੁਭ ਸੰਕੇਤ ਨਹੀਂ ਹੈ। ਕੌਮਾਂਤਰੀ ਸਿਆਸੀ ਮੰਚ ’ਤੇ ਭਾਰਤ ਨੇ ਹਮੇਸ਼ਾਂ ਗੁੱਟ ਨਿਰਲੇਪ ਦੇਸ਼ ਵਜੋਂ ਆਪਣੀ ਭੂਮਿਕਾ ਨਿਭਾਈ ਹੈ ਅਤੇ ਦੇਸ਼ ਵਿਕਾਸਸ਼ੀਲ਼ ਦੇਸ਼ਾਂ ਦੇ ਨੇਤਾ ਵਜੋਂ ਦੇਖਿਆ ਜਾਂਦਾ ਰਿਹਾ ਹੈ। ਇਸ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ। ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਦੀ ਕੀਮਤ ਤੇ ਅਮਰੀਕਾ ਦੇ ਯੁੱਧਨੀਤਕ ਉਦੇਸ਼ਾਂ ਨੂੰ ਹਮਾਇਤ ਦੇਣੀ ਕੋਈ ਚੰਗੀ ਕੂਟਨੀਤੀ ਨਹੀਂ ਹੈ। ਬਿਨਾਂ ਸ਼ੱਕ, ਸਵੈ-ਸੁਰੱਖਿਆ ਤੇ ਪ੍ਰਭੂਸੱਤਾ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਹੋ ਸਕਦਾ। ਇਹ ਧਿਆਨ ’ਚ ਰੱਖਦੇ ਹੋਏ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਆਜ਼ਾਦਾਨਾ ਸਬੰਧ ਸਥਾਪਤ ਕਰਨੇ ਚਾਹੀਦੇ ਹਨ। ਠੰਡੀ ਜੰਗ ਦੇ ਖ਼ਾਤਮੇ ਤੋਂ ਬਾਅਦ ਵਿਸ਼ਵ ਦੀ ਦੋ ਧਰੁਵੀ ਸਿਆਸਤ ਦਾ ਵੀ ਅੰਤ ਹੋ ਗਿਆ ਹੈ । ਹੁਣ ਬਹੁ-ਧਰੁਵੀ ਵਿਸ਼ਵ ਦੀ ਉਸਾਰੀ ਦਾ ਵਕਤ ਹੈ ਅਤੇ ਭਾਰਤ ਨੂੰ ਇਸ ਉਦੇਸ਼ ਦੀ ਪੂਰਤੀ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ