Sat, 12 October 2024
Your Visitor Number :-   7231772
SuhisaverSuhisaver Suhisaver

ਅਸੀਂ ਜੰਮੇਂ ਹਾਂ ਹੌਕੇ ਦੀ ਲਾਟ ਵਿੱਚੋਂ - ਮਨਦੀਪ

Posted on:- 26-10-2019

suhisaver

ਅੱਤ ਤਪਦੇ ਜੇਠ ਮਹੀਨੇ ਦਾ ਇੱਕ ਆਥਣ ਵੇਲਾ ਸੀ। ਵਿਹੜੇ ਵਿੱਚ ਡਾਹੇ ਮੰਜਿਆਂ ਤੇ ਲੇਟਿਆਂ ਦੇ ਕਾਲਜੇ ਠੰਡੀ ਹਵਾ ਦੇ ਬੁਲ੍ਹੇ ਠੰਢ ਪਾ ਰਹੇ ਸਨ। ਡੁਬਦੇ ਸੂਰਜ ਦੀ ਲਾਲੀ ਵਿੱਚ ਚੱਲਦੇ ਖਰਾਦ ਵਰਗੀ ਇੱਕ ਭਾਰੀ ਤੇ ਖਰਵੀਂ ਅਵਾਜ਼ ਚੜ੍ਹਦੀਕਲਾ ਦਾ ਜਜ਼ਬਾ ਬਿਖੇਰ ਰਹੀ ਸੀ। ਜਿਉਂ-ਜਿਉਂ ਸ਼ਾਮ ਢਲ ਰਹੀ ਸੀ ਹੇਕ ਹੋਰ ਤਿੱਖੀ ਤੇ ਤੇਜ਼ ਹੋ ਰਹੀ ਸੀ।

 ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ,
 ਤੇ ਬਲਦੀ ਚਿਖਾ ਹੁਣ ਠੰਡੀ ਨੀ ਹੋਣ ਦੇਣੀ।
 ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ,
 ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀ।
 ਖੇਡਣ ਜਾਣਦੇ ਹੜ੍ਹਾਂ ਦੀ ਹਿੱਕ ਅੰਦਰ,
 ਤੇ ਸਿਰੀਂ ਜੁਲਮ ਦੀ ਝੰਡੀ ਨੀ ਹੋਣ ਦੇਣੀ।


ਇਹ ਹੇਕ ਕਿਸਾਨ ਆਗੂ ਮਨਜੀਤ ਧਨੇਰ ਦੀ ਸੀ। ਜਾਪਦਾ ਸੀ ਜਿਵੇਂ ਉਸਦੇ ਅੰਦਰ ਸੰਤ ਰਾਮ ਉਦਾਸੀ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ। ਅੱਖੜ ਸੁਭਾਅ ਤੇ ਖਰਵੇਂ ਬੋਲ ਬੋਲਣ ਵਾਲੇ ਦਿਖਦੇ ਕਿਸਾਨ ਆਗੂ ਅੰਦਰ ਲੋਕਾਈ ਦੇ ਦੁੱਖਾਂ-ਦਰਦਾਂ ਦਾ ਵਿਰਾਗ ਭਰਿਆ ਪਿਆ ਸੀ। ਉਸਦੀ ਇਹੀ ਸਾਹਿਤਕ ਸੰਵੇਦਨਾਂ ਲੋਕਾਈ ਦੀ ਸਿਆਸਤ ਨੂੰ ਉਹਨਾਂ ਦੀ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਲੋਕਾਂ ਤੱਕ ਲਿਜਾਣ ਦੀ ਵਾਹਕ ਬਣਦੀ ਹੈ। ਸਿੱਖ ਗੁਰੂਆਂ ਦੀ ਵਿਰਾਸਤ ਅਤੇ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਤੋਂ ਲੈ ਕੇ ਗਦਰ ਲਹਿਰ, ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ ਆਦਿ ਲਹਿਰਾਂ ਦੀ ਪ੍ਰੇਰਨਾ ਉਸਦੀਆਂ ਰਗਾਂ ਵਿੱਚ ਦੌੜਦੀ ਹੈ।

ਜਦੋਂ ਉਹ ਇਸ ਵਿਰਾਸਤ ਨੂੰ ਗੀਤਾਂ ਰਾਹੀਂ ਬਿਅਨਦਾ ਹੈ ਤਾਂ ਜਾਪਦਾ ਹੈ ਜਿਵੇਂ ਉਹ ਚਾਹੁੰਦਾ ਹੋਵੇ ਕਿ ਉਹ ਐਨੀ ਉੱਚੀ ਹੇਕ ਲਾਵੇ ਕਿ ਅੰਬਰਾਂ ਦੀ ਹਿੱਕ ਚੀਰ ਦੇਵੇ, ਅੰਬਰ ਰੋਵੇ ਅਤੇ ਧਰਤੀ ਉੱਤੇ ਵਸਦੇ ਕੰਮੀਆਂ ਦੇ ਦੁੱਖਾਂ-ਦਰਦਾਂ ਨੂੰ ਧੋ ਸੁੱਟੇ। ਉਸਨੂੰ ਮਾਣ ਹੈ ਕਿ ਉਸਨੇ ਆਪਣੀ ਜਵਾਨੀ ਤੋਂ ਅੱਜ ਤੱਕ ਕਦੇ ਘਰ ਨਹੀਂ 'ਬੰਨ੍ਹਿਆ'। ਜਦੋਂ ਉਹ ਜਵਾਨੀ ਵੇਲੇ ਦੇ ਬੱਸ ਕਿਰਾਇਆ ਘੋਲ ਦੀਆਂ ਬਾਤਾਂ ਪਾਉਂਦਾ ਹੈ ਤਾਂ ਉਸਦੀਆਂ ਅੱਖਾਂ ਵਿਚ ਜਵਾਨੀ ਪਹਿਰੇ ਦੀ ਚਮਕ ਦੇਖੀ ਜਾ ਸਕਦੀ ਹੈ। ਸੱਤਰਵਿਆਂ-ਅੱਸਵਿਆਂ ਦੀ ਵਿਦਿਆਰਥੀ ਲਹਿਰ ਦੇ ਦਲੇਰੀ ਭਰੇ ਕਾਰਨਾਮੇ ਅਤੇ ਉਹਨਾਂ ਵਿਚ ਮਨਜੀਤ ਧਨੇਰ ਦੀ ਹਾਜ਼ਰੀ ਉਸਦੀ ਜ਼ਿੰਦਗੀ ਦਾ ਸਰਮਾਇਆ ਹੈ। ਜਦੋਂ ਉਹ 'ਉਹਨਾਂ ਮਿੱਤਰਾਂ ਦੀ ਯਾਦ ਪਿਆਰੀ' ਗਾਉਂਦਾ ਹੈ ਤਾਂ ਉਸਦੀਆਂ ਨਸਾਂ ਉੱਭਰ ਆਉਂਦੀਆਂ ਹਨ ਤੇ ਚਿਹਰੇ ਦੀ ਲਾਲੀ ਝੂਠੇ ਕੇਸਾਂ ਵਿੱਚ ਮਾਰੇ ਨਕਸਲੀ ਸ਼ਹੀਦਾਂ ਦੀ ਜੁਦਾਈ ਦੇ ਗਮ ਨੂੰ ਬਿਆਨ ਕਰਦੀਆਂ ਹਨ। ਸ਼ਾਇਦ ਉਸਦੇ ਇਲਾਕੇ ਦੀ ਮਿੱਟੀ ਹੀ ਬਹੁਤ ਜਰਖੇਜ਼ ਹੈ ਜਿਹੜੀ ਸਿਦਕੀ ਸੂਰਮੇ ਪੈਦਾ ਕਰਦੀ ਹੈ। ਸ਼ਹੀਦ ਨਿਰੰਜਣ ਸਿੰਘ ਅਕਾਲੀ ਕਾਲਸਾਂ, ਬੇਅੰਤ ਮੂੰਮ, ਰਹਿਮਤ ਅਲੀ ਵਜੀਦਕੇ, ਪਿਆਰਾ ਸਿੰਘ ਦੱਦਾਹੂਰ …ਕਤਾਰ ਲੰਮੀ ਹੈ। ਉਹ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦਾ ਦਰਦ ਜਾਣਦਾ ਹੈ। ਖੁਦ ਪੂਰੀ ਜ਼ਿੰਦਗੀ ਕਰਜੇ 'ਚ ਡੁੱਬਿਆ ਰਿਹਾ ਤੇ ਘਰ 'ਜੋੜਣ' ਦਾ 'ਵੱਲ' ਹੀ ਨਹੀਂ ਸਿੱਖਿਆ। ਜ਼ਿੰਦਗੀ ਭਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੀ ਤੰਗਦਸਤੀ ਖਿਲਾਫ ਅਹੁਲਦਾ ਰਿਹਾ। ਬਠਿੰਡਾ ਦੇ ਨਰਮਾ ਪੱਟੀ ਦੇ ਕਿਸਾਨਾਂ ਦਾ ਸੰਘਰਸ਼, ਮਾਝੇ ਦਾ ਬੇਅਬਾਦ ਜ਼ਮੀਨਾਂ ਦਾ ਸੰਘਰਸ਼, ਮਾਲਵੇ ਦਾ ਜ਼ਮੀਨ ਪ੍ਰਾਪਤੀ ਸੰਘਰਸ਼, ਬਿਜਲੀ ਬੋਰਡ ਦਾ ਨਿੱਜੀਕਰਨ, ਬੇਰੁਜ਼ਗਾਰ ਅਧਿਆਪਕਾਂ, ਆਂਗਨਵਾੜੀ ਵਰਕਰਾਂ ਅਤੇ ਦੇਸ਼ ਅਤੇ ਸੂਬੇ ਅੰਦਰ ਹੱਕ ਸੱਚ ਲਈ ਉੱਠਦੀ ਹਰ ਅਵਾਜ਼ ਵਿੱਚ ਇੱਕ ਅਵਾਜ ਮਨਜੀਤ ਧਨੇਰ ਦੀ ਹਮੇਸ਼ਾਂ ਸ਼ਾਮਲ ਰਹੀ ਹੈ। ਉਹ ਆਪਣੀ ਜ਼ਿੰਦਗੀ ਦੇ ਪੰਨ੍ਹੇ ਫਰੋਲਦਾ-ਫਰੋਲਦਾ ਬਿਨਾਂ ਫਰਮਾਇਸ਼ ਦੇ ਸੁਰ ਛੇੜ ਲੈਂਦਾ:

 ਇਕ ਤਲਵਾਰ ਮੇਰੀ ਡੋਲੀ ਵਿਚ ਰੱਖ ਦਿਓ
 ਹੋਰ ਵੀਰੋ ਦੇਈਓ ਨਾ ਵੇ ਦਾਜ
 ਸਾਡੇ ਵੱਲ ਕੈਰੀ ਅੱਖ ਝਾਕ ਨਾ ਵੇ ਸਕੇ
 ਸਾਡਾ ਰਸਮੀਂ ਤੇ ਵਹਿਮੀ ਏ ਸਮਾਜ
ਡੱਕੋ ਨਾ ਵੇ ਵੀਰੋ ਮੇਰੀ ਡਾਰ ਵੇ ਉਡਾਰਨ ਦੀ
ਸਾਡੀਆਂ ਤੇ ਮੰਜਿਲਾਂ ਨੇ ਦੂਰ

ਮਹਿਲਕਲਾਂ ਦੀ ਕਿਰਨਜੀਤ ਨਾਲ ਜਦੋਂ ੧੯੯੭ ਵਿਚ ਬੇਨਿਸਾਫੀ ਹੋਈ ਤਾਂ ਉਸਦੀ ਰੂਹ ਬੁਰੀ ਤਰ੍ਹਾਂ ਜ਼ਖਮੀ ਹੋਈ। ਉਸਨੇ ਆਪਣਾ ਸਭ ਕੁਝ ਇਸ ਸੰਘਰਸ਼ ਵਿਚ ਝੋਕ ਦਿੱਤਾ। ਆਪਣਾ ਪਰਿਵਾਰ ਤੱਕ। ਇਸੇ ਲਈ ਅੱਜ ਇਲਾਕੇ ਦੀਆਂ ਸਭ ਧੀਆਂ-ਭੈਣਾਂ ਉਸਨੂੰ 'ਬਾਪੂ' ਤੇ 'ਵੀਰ ਜੀ' ਦਾ ਦਰਜਾ ਦਿੰਦੀਆਂ ਹਨ ਅਤੇ ਉਹ ਆਪਣੇ ਇਲਾਕੇ ਦੇ ਕਿਰਤੀ ਲੋਕਾਂ ਦਾ ਹਰਮਨਪਿਆਰਾ ਆਗੂ ਹੈ ਤੇ ਅੱਜ ਪੂਰੇ ਪੰਜਬ ਦਾ। ਸੌਂਹ ਖਾ ਕੇ ਵੀ ਉਸਦੀ ਸ਼ਖਸ਼ੀਅਤ ਉੱਤੇ ਕੋਈ ਦਾਗ ਨਹੀਂ ਹੈ।
 
ਸੂਬੇ ਵਿੱਚ ਹੱਕ, ਸੱਚ ਦੇ ਇਨਸਾਫ ਲਈ ਉੱਠੀ ਉਹ ਕਿਹੜੀ ਅਵਾਜ਼ ਹੈ ਜਿੱਥੇ ਧਨੇਰ ਹਾਜ਼ਰ ਨਾ ਹੋਇਆ ਹੋਵੇ ? ਸੂਬਾ ਪੰਜਾਬ ਅੰਦਰ ਔਰਤਾਂ ਦੀ ਮੁਕਤੀ ਲਈ ਅਵਾਜ਼ ਉਠਾਉਣ ਵਿੱਚ ਉਹ ਸਦਾ ਮੂਹਰਲੀਆਂ ਕਤਾਰਾਂ ਵਿੱਚ ਰਿਹਾ। ਸੂਬੇ ਦੇ ਬਹੁਚਰਚਿਤ ਕਿਰਨਜੀਤ ਕਤਲ ਕਾਂਢ ਵਿਚ ਉਸਦੀ ਮੁੱਖ ਭੂਮਿਕਾ ਰਹੀ। ਇਨਸਾਫ ਲਈ ਆਪਣਾ ਸਭ ਕੁਝ ਵਾਰਨ ਦੇ ਇਵਜ ਵਿਚ ਉਸਨੂੰ ਉਮਰ ਕੈਦ ਦੀ ਨਿਹੱਕੀ ਸਜ਼ਾ ਦਾ ਇਨਾਮ ਮਿਲਿਆ। ਅਮਨ, ਸ਼ਾਂਤੀ ਅਤੇ ਨਿਆਂ ਦਾ ਦਾਅਵਾ ਕਰਨ ਵਾਲੀ ਸੂਬਾ ਸਰਕਾਰ ਅੱਖਾ ਮੁੰਦਕੇ ਸਭ ਦੇਖ ਰਹੀ ਹੈ। ਚੋਣ ਮਨੋਰਥ ਪੱਤਰਾਂ ਵਿਚ ਔਰਤਾਂ ਦੀ ਸੁਰੱਖਿਆ ਤੇ ਸ਼ਸ਼ਕਤੀਕਰਨ ਦੇ ਦਾਅਵੇ ਕਰਨ ਵਾਲੇ ਸਿਆਸੀ ਲੋਕਾਂ ਦੀ ਜੁਬਾਨ ਬੰਦ ਹੈ। ਔਰਤਾਂ ਦੇ ਹੱਕ ਲਈ, ਨਿਆਂ ਤੇ ਇਨਸਾਫ ਦੀ ਜਾਨ ਵੀਟਵੀਂ ਲੜਾਈ ਲੜਨ ਵਾਲਾ ਅੱਜ ਸਲਾਖਾਂ ਪਿੱਛੇ ਕੈਦ ਹੈ, ਉਮਰ ਭਰ ਲਈ। ਇਹੀ ਭਾਰਤੀ ਨਿਆਂਪਾਲਿਕਾ ਦਾ ਦਸਤੂਰ ਹੈ। ਉਮਰ ਕੈਦ ਕੱਲੇ ਮਨਜੀਤ ਧਨੇਰ ਨੂੰ ਹੀ ਨਹੀਂ ਬਲਕਿ ਭਾਰਤੀ ਜਮਹੂਰੀਅਤ ਅਤੇ ਨਿਆਂਪਾਲਿਕਾ ਨੂੰ ਵੀ ਹੋਈ ਹੈ। ਧਨੇਰ ਦੇ ਮਨ ਵਿਚ ਤਾਂ ਫਿਰ ਵੀ ਕੋਈ ਮਲਾਲ ਨਹੀਂ ਕਿਉਂਕਿ ਉਸਨੂੰ ਤਾਂ ਚਿੱਟੇ ਦਿਨ ਵਾਂਗ ਚਮਕਦਾ ਸੱਚ ਉਸ ਆਥਣ ਦੇ ਘੁਸਮੁਸੇ ਵਿਚ ਹੀ ਪਤਾ ਸੀ :

ਸਾਡਾ ਅੰਮੀਓਂ ਜਰਾ ਨਾ ਕਰੋ ਝੋਰਾ,
ਸਾਨੂੰ ਜਿੰਦਗੀ ਸੁਰਖੁਰੂ ਕਰਨ ਦੇਵੋ।
 ਅਸੀਂ ਜੰਮੇ ਹਾਂ ਹੌਂਕੇ ਦੀ ਲਾਟ ਵਿਚੋਂ,
 ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ।

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ