Thu, 03 October 2024
Your Visitor Number :-   7228756
SuhisaverSuhisaver Suhisaver

ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ -ਸੁਮੀਤ ਸ਼ੰਮੀ

Posted on:- 18-06-2015

suhisaver

20 ਨਵੰਬਰ, 2014 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਦਾ ਇਕ ਸ਼ਰਮਨਾਕ ਦਿਨ ਹੋਵੇਗਾ। ਅਜਿਹਾ ਕੀ ਹੋਇਆ ਇਸ ਦਿਨ ਕਿ ਹੱਕ ਮੰਗਦੇ ਵਿਦਿਆਰਥੀਆਂ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਅੰਨੇ੍ਹਵਾਹ ਲਾਠੀਚਾਰਜ ਕੀਤਾ ਗਿਆ? ਕਿਉਂ ਲੜਕੀਆਂ ਨੂੰ ਉਹਨਾਂ ਦੀਆਂ ਗੁੱਤਾਂ ਤੋਂ ਫੜ੍ਹ ਕੇ ਧੂਹਿਆ ਗਿਆ? ਕਿਉਂ ਮਰਦ ਪੁਲੀਸ ਕਰਮਚਾਰੀ ਲੜਕੀਆਂ ਨੂੰ ਡਾਗਾਂ ਨਾਲ ਕੁੱਟਦੇ ਰਹੇ? ਕਿਉਂ ਮਾਸਟਰ ਡਿਗਰੀ ਕਰਦੇ, ਐਮ.ਫਿਲ., ਪੀ-ਐਚ.ਡੀ. ਕਰਦੇ ਵਿਦਿਆਰਥੀਆਂ ਅਤੇ ਰਿਸਰਚ ਸਕਾਰਲਰਾਂ ਉੱਤੇ ਵਰਦੀਆਂ ਡਾਂਗਾਂ ਨੂੰ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਇਕ ਦਰਸ਼ਕ ਦੀ ਤਰ੍ਹਾਂ ਦੇਖਦਾ ਰਿਹਾ? ਇਹੋ ਜਿਹੇ ਬਹੁਤ ਸਾਰੇ ਸਵਾਲ ਹਰੇਕ ਇਨਸਾਨ ਦੇ ਮਨ ਵਿਚ ਹੋਣੇ ਸੁਭਾਵਿਕ ਹਨ।

ਇਹ ਸਭ ਜਾਨਣ ਲਈ ਸਾਨੂੰ 20 ਨਵੰਬਰ ਤੋਂ ਤਿੰਨ ਮਹੀਨੇ ਪਿੱਛੇ ਜਾਣਾ ਪਵੇਗਾ। ਗੱਲ 25 ਅਗਸਤ ਦੀ ਹੈ, ਜਿਸ ਦਿਨ ਫੀਸਾਂ ਫੰਡਾਂ ਨੂੰ ਲੈ ਕੇ, ਲੜਕੀਆਂ ਨੂੰ ਹੋਸਟਲ ਦੀ ਸੁਵਿਧਾ ਨਾ ਮਿਲਣ ਕਰਕੇ, ਯੂਨੀਵਰਸਿਟੀ ਵਿਚ ਕੰਟੀਨਾਂ ਦਾ ਪ੍ਰਬੰਧ ਨਾ ਹੋਣ ਕਰਕੇ, ਐਮ.ਫਿਲ ਅਤੇ ਪੀ-ਐਚ-ਡੀ. ਦੀਆਂ ਫੀਸਾਂ ਵਿਚ ਹੋਏ ਵਾਧੇ ਨੂੰ ਲੈ ਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.) ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਅਤੇ ਪੰਜਾਬੀ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ (ਪੁਰਸਾ) ਵੱਲੋਂ ਇਕ ਦਿਨ ਦੀ ਹੜਤਾਲ ਕੀਤੀ ਗਈ ਸੀ। ਯੂਨੀਵਰਸਿਟੀ ਪੂਰੀ ਤਰਾਂ ਬੰਦ ਸੀ। ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਵਾਈਸ ਚਾਂਸਲਰ ਦਫਤਰ ਦੇ ਅੰਦਰ ਦਾਖਲ ਹੋ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੋਵੇ ਅਤੇ ਵਿਦਿਆਰਥੀਆਂ ਵੱਲੋਂ ਦੁਪਿਹਰ ਦਾ ਖਾਣਾ ਵੀ ਅੰਦਰ ਹੀ ਖਾਧਾ ਹੋਵੇ।


ਇਸ ਮੌਕੇ ਯੂਨੀਵਰਸਿਟੀ ਦੀ ਸਿਕਿਉਰਟੀ ਨਾਲ ਵਿਦਿਆਰਥੀਆਂ ਦੀ ਝੜਪ ਵੀ ਹੋਈ। ਲੜਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਅੰਤ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ ਅਤੇ ਸਾਰੀਆਂ ਮੰਗਾਂ ਮੰਨ ਲਈਆਂ। ਉਸ ਦਿਨ ਮੰਗਾਂ ਮੰਨ ਤਾਂ ਲਈਆਂ ਪਰ ਲਾਗੂ ਸਿਰਫ ਇਕ ਮੰਗ ਹੀ ਕੀਤੀ ਗਈ ਕਿ ਲੜਕੀਆਂ ਦੀ ਹੋਸਟਲ ਵਿਚ ਅਡਜਸਟਮੈਂਟ ਹੋਣੀ ਸ਼ੁਰੂ ਹੋ ਗਈ ਸੀ। ਬਾਕੀ ਸਾਰੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਵਿਦਿਆਰਥੀ ਆਗੂਆਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਇਸ ਬਾਰੇ ਕਿਹਾ ਵੀ ਕਿ ਤੁਸੀਂ ਮੰਗਾਂ ਮੰਨ ਕੇ ਲਾਗੂ ਨਹੀਂ ਕੀਤੀਆਂ। ਪਰ ਹਰ ਵਾਰ ਦੀ ਤਰ੍ਹਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੰਨ ਉੱਪਰ ਜੂੰ ਨਾ ਸਰਕਦੀ।

ਅੰਤ ਜਦ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਤਿੰਨੋਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੱਡਾ ਧਮਾਕਾ ਕਰਕੇ ਜਗਾਇਆ ਜਾਵੇ। ਤਿੰਨਾਂ ਜਥੇਬੰਦੀਆਂ ਨੇ ਹੋਰ ਵਿਦਿਆਰਥੀ ਜਥੇਬੰਦੀਆਂ ਨਾਲ ਸਾਂਝੀ ਮੀਟਿੰਗ ਕੀਤੀ ਅਤੇ ਇਕ ਹੋਰ ਵਿਦਿਆਰਥੀ ਜਥੇਬੰਦੀ ਯੂਨਾਇਟਿਡ ਸਟੂਡੈਂਟਸ ਆਰਗੇਨਾਇਜ਼ੇਸ਼ਨ (ਯੂ.ਐਸ.ਓ.) ਇਹਨਾਂ ਤਿੰਨਾਂ ਜਥੇਬੰਦੀਆਂ ਦੇ ਨਾਲ ਸ਼ਾਮਲ ਹੋ ਗਈ। ਚਾਰਾਂ ਜਥੇਬੰਦੀਆਂ ਨੇ ਮੰਗ ਪੱਤਰ ਤਿਆਰ ਕੀਤਾ ਜਿਸ ਵਿਚ ਹੇਠ ਲਿਖੀਆਂ ਮੰਗਾਂ ਸ਼ਾਮਿਲ ਕੀਤੀਆਂ ਗਈਆਂ:

• ਫੀਸਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਿਸ ਕੀਤਾ ਜਾਵੇ।
• ਪੀ-ਐਚ.ਡੀ. ਅਤੇ ਐਮ.ਫਿਲ ਦੀਆਂ ਫੀਸਾਂ ਦਾ ਵਾਧਾ ਵਾਪਿਸ ਲੈ ਕੇ ਵਿਦਿਆਰਥੀਆਂ ਦਾ ਬਕਾਇਆ ਤੁਰੰਤ ਵਾਪਸ ਕੀਤਾ ਜਾਵੇ।
• ਨਵੇਂ ਹੋਸਟਲਾਂ ਦੀ ਉਸਾਰੀ ਕੀਤੀ ਜਾਵੇ।
• ਨਵੀਆਂ ਕੰਟੀਨਾਂ ਦੀ ਉਸਾਰੀ ਕਰਕੇ ਨਵੇਂ ਟੈਂਡਰ ਕੱਢੇ ਜਾਣ।
• ਕੌਫੀ ਹਾਉਸ ਨੂੰ ਮੁੜ ਚਾਲੂ ਕੀਤਾ ਜਾਵੇ ਅਤੇ ਕੰਟੀਨਾਂ ਦੇ ਖਾਣੇ ਦੀ ਗੁਣਵਤਾ ਵਿਚ ਸੁਧਾਰ ਕਰਕੇ ਰੇਟ ਲਿਸਟਾਂ ਨੂੰ ਜ਼ਾਹਰ  ਕੀਤਾ ਜਾਵੇ।
• ਰਿਸਰਚ ਸਕਾਲਰ (ਐਮ.ਫਿਲ ਅਤੇ ਪੀ-ਐਚ.ਡੀ) ਲਈ ਹੋਸਟਲ ਦੀ ਸੁਵਿਧਾ ਯਕੀਨੀ ਬਣਾਈ ਜਾਵੇ।
• ਲੜਕੀਆਂ ਦੇ ਹੋਸਟਲ ਬੰਦ ਹੋਣ ਦਾ ਸਮਾਂ ਸ਼ਾਮ ਨੂੰ 6 ਵਜੇ ਦੀ ਜਗ੍ਹਾ 8 ਵਜੇ ਤੱਕ ਕੀਤਾ ਜਾਵੇ।
• ਰਿਸਰਚ ਸਕਾਲਰ ਨੂੰ ਸਟਾਇਪੰਡ (ਐਮ.ਫਿਲ 3000 ਰੁਪਏ ਅਤੇ ਪੀ-ਐਚ.ਡੀ 8000 ਰੁਪਏ) ਪ੍ਰਤੀ ਮਹੀਨਾ ਦਿੱਤਾ ਜਾਵੇ।
• ਰਿਸਰਚ ਸਕਾਲਰ ਜੋ ਵਿਭਾਗਾਂ ਵਿਚ ਕਲਾਸਾਂ ਲਗਾਉਂਦੇ ਹਨ ਉਹਨਾਂ ਨੂੰ ਤਜ਼ਰਬਾ ਪੱਤਰ ਦਿੱਤਾ ਜਾਵੇ।
• ਪ੍ਰੀਖਿਆ ਫੀਸਾਂ ਜੋ ਸਿਰਫ ਯੂਨੀਵਰਸਿਟੀ ਦੇ ਕੈਂਪਸ ਦੇ ਵਿਦਿਆਰਥੀਆਂ ਦੀਆਂ ਘਟਾਈਆਂ ਹਨ ਉਹਨਾਂ ਨੂੰ ਕਾਲਜਾਂ ਦੇ ਵਿਦਿਆਰਥੀਆਂ ਉੱਪਰ ਵੀ ਲਾਗੂ ਕੀਤਾ ਜਾਵੇ।
• ਜਿਨ੍ਹਾਂ ਵਿਭਾਗਾਂ ਦਾ ਸਲੇਬਸ ਅਜੇ ਤੱਕ ਪੂਰਾ ਨਹੀਂ ਹੋਇਆ ਉਹਨਾਂ ਵਿਭਾਗਾਂ ਦੇ ਪੇਪਰ ਮੁਲਤਵੀ ਕੀਤੇ ਜਾਣ।

ਚਾਰਾਂ ਜਥੇਬੰਦੀਆਂ ਨੇ ਇਹਨਾਂ ਮੰਗਾਂ ਨੂੰ ਲੈ ਕੇ 20 ਨਵੰਬਰ ਨੂੰ ਸਵੇਰੇ 7 ਵਜੇ ਯੂਨੀਵਰਸਿਟੀ ਮੇਨ ਗੇਟ ਬੰਦ ਕਰਨ ਦਾ ਫੈਸਲਾ ਕੀਤਾ। ਸਵੇਰੇ ਮੇਨ ਗੇਟ ਬੰਦ ਕਰਨ ਸਮੇਂ ਯੂਨੀਵਰਸਿਟੀ ਦੀ ਸਕਿਊਰਟੀ ਨਾਲ ਵਿਦਿਆਰਥੀਆਂ ਦੀ ਝੜਪ ਹੋਈ। ਪਰ ਫਿਰ ਵੀ ਵਿਦਿਆਰਥੀ ਮੇਨ ਗੇਟ ਬੰਦ ਕਰਨ ਵਿਚ ਸਫਲ ਰਹੇ ਅੰਤ ਸਹੀ 7.20 ਤੇ ਮੇਨ ਗੇਟ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਕਈ ਪੁਲੀਸ ਕਰਮਚਾਰੀ ਯੂਨੀਵਰਸਿਟੀ ਵਿਚ ਹਾਜ਼ਰ ਹੋ ਗਏ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਯੂਨੀਵਰਸਿਟੀ ਦਾ ਅੰਦਰਲਾ ਮਸਲਾ ਹੈ ਅਤੇ ਅਸੀਂ ਖੁਦ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰ ਲਵਾਂਗੇ। ਪੁਲੀਸ ਕਰਮਚਾਰੀਆਂ ਨੇ ਵਿਦਿਆਰਥੀ ਆਗੂਆਂ ਦੀ ਗੱਲ ਮੰਨ ਲਈ ਅਤੇ ਉਹ ਚਲੇ ਗਏ।

ਇਸੇ ਦੌਰਾਨ ਜਦ ਵਿਦਿਆਰਥੀ ਮੁੱਖ ਗੇਟ ਉੱਪਰ ਖੜੇ ਹੋ ਕੇ ਮੁਜ਼ਾਹਰਾ ਕਰ ਰਹੇ ਸਨ ਤਾਂ ਐਸ.ਡੀ.ਐਮ. ਪਟਿਆਲਾ ਅਤੇ ਡੀ.ਐਸ.ਪੀ. ਪਟਿਆਲਾ ਮੌਕੇ ’ਤੇ ਪਹੁੰਚੇ, ਪਰ ਉਹਨਾਂ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਦਰ ਨਾ ਆਉਣ ਦੀ ਫਿਰ ਤੋਂ ਬੇਨਤੀ ਕੀਤੀ। ਜਦ ਇਸੇ ਦੌਰਾਨ ਇਕ ਪੁਲੀਸ ਅਧਿਕਾਰੀ ਨੇ ਵਿਦਿਆਰਥੀਆਂ ਅੱਗੇ ਭੱਦੀ ਸ਼ਬਦਾਵਲੀ ਵਰਤੀ। ਇਸੇ ਦੌਰਾਨ ਏ.ਆਈ.ਐਸ.ਐਫ. ਦੇ ਆਗੂਆਂ ਨੇ ਕਿਹਾ ਕਿ ‘ਸਰ ਤੁਹਾਡੀ ਸ਼ਬਦਾਵਲੀ ਸਹੀ ਨਹੀਂ ਹੈ।’ ਇਸੇ ਦੌਰਾਨ ਐਸ.ਡੀ.ਐਮ. ਪਟਿਆਲਾ ਨੇ ਕੜਕਦੀ ਆਵਾਜ਼ ਵਿਚ ਕਿਹਾ ਕਿ ‘ਥੋਡੀ ਸ਼ਬਦਾਵਲੀ ਸਹੀ ਹੈ?’ ਇੰਨਾ ਹੀ ਹੋਇਆ ਸੀ ਕਿ ਡੀ.ਐਸ.ਪੀ. ਪਟਿਆਲਾ ਨੇ ਏ.ਆਈ.ਐਸ.ਐਫ. ਦੇ ਸੂਬਾ ਪ੍ਰਧਾਨ ਜੋ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ ਬੈਠੇ ਸਨ ਦੇ ਥੱਪੜ ਮਾਰਿਆ। ਇਸੇ ਦੌਰਾਨ ਉਸਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਗੇਟ ਤੋਂ ਨੀਚੇ ਖਿੱਚਣ ਸਮੇਂ ਡੀ.ਐਸ.ਪੀ. ਦੀ ਪੱਗ ਵੀ ਲਹਿ ਗਈ। ਇਸੇ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਸ਼ੁਰੂ ਹੋ ਗਿਆ। ਉਸੇ ਸਮੇਂ ਏ.ਆਈ.ਐਸ.ਐਫ. ਦੇ ਯੂਨੀਵਰਸਿਟੀ ਦੇ ਆਗੂਆਂ ਨੇ ਸੂਝ ਅਤੇ ਸਿਆਣਪ ਤੋਂ ਕੰਮ ਲੈਂਦਿਆਂ ਅੱਗੇ ਹੋ ਕੇ ਸ਼ੰਮੀ ਦਾ ਬਚਾਓ ਕਰਕੇ ਬਹਾਦਰੀ ਅਤੇ ਦਲੇਰੀ ਦਾ ਸਬੂਤ ਦਿੱਤਾ। ਇਹ ਇਕ ਸਮਝਦਾਰ ਤੇ ਸਿਆਣੀ ਜਥੇਬੰਦੀ ਦੇ ਆਗੂਆਂ ਦੇ ਗੁਣ ਹੁੰਦੇ ਹਨ ਕਿ ਉਹ ਆਪਣੇ ਆਗੂ ਦਾ ਬਚਾਓ ਕਰਨ ਲਈ ਅੱਗੇ ਆਉਣ। ਇਸ ਘਟਨਾ ਸਮੇਂ ਐਸ.ਐਫ.ਆਈ. ਅਤੇ ਪੁਰਸਾ ਦੇ ਆਗੂਆਂ ਨੇ ਪੁਲਿਸ ਦੀ ਕੁੱਟ ਤੋਂ ਬਚਾਓ ਵੀ ਕਰਨ ਦੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।

ਇਸ ਤੋਂ ਬਾਅਦ ਯੂਨੀਵਰਸਿਟੀ ਦੀਆਂ ਲੜਕੀਆਂ ਵੀ ਆਪਣੇ ਸਾਥੀ ਆਗੂਆਂ ਦੀ ਹਮਾਇਤ ਲਈ ਅੱਗੇ ਆਈਆਂ ਅਤੇ ਉਹ ਬਹਾਦਰੀ ਨਾਲ ਲੜਕਿਆਂ ਤੋਂ ਮੂਹਰੇ ਹੋ ਕੇ ਡਟੀਆਂ। ਇਸੇ ਦੌਰਾਨ ਹੀ ਵਿਦਿਆਰਥੀ ਯੂਨੀਵਰਸਿਟੀ ਦਾ ਇੰਕੁਆਰੀ ਵਾਲਾ ਗੇਟ ਪੁਰਸਾ ਦੇ ਆਗੂ ਗੁਰਮਣਪ੍ਰੀਤ ਅਤੇ ਹੋਰ ਵਿਦਿਆਰਥੀ ਆਗੂਆਂ ਦੀ ਅਗਵਾਈ ਵਿਚ ਬੰਦ ਕਰਨ ਲੱਗ ਗਏ। ਪਰ ਪੁਲੀਸ ਨਾਲ ਕਾਫੀ ਧੱਕਾ-ਮੁੱਕੀ ਹੋਈ। ਇਸੇ ਦੌਰਾਨ ਕਈ ਵਿਦਿਆਰਥੀਆਂ ਦੇ ਕਾਫੀ ਗੰਭੀਰ ਸੱਟਾਂ ਵੀ ਲੱਗੀਆਂ। ਇਸ ਨਾਲ ਇਕ ਆਗੂ ਦੀ ਗੁੱਟ ਦੀ ਹੱਡੀ ਵੀ ਟੁੱਟ ਗਈ ਅਤੇ ਪੁਲੀਸ ਕਰਮਚਾਰੀਆਂ ਨੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਇਨਕੁਆਰੀ ਵੱਲ ਦੀ ਜਾ ਕੇ ਪਿੱਛੋਂ ਦੀ ਘੇਰਾ ਪਾ ਲਿਆ ਅਤੇ ਅੰਨੇ੍ਹਵਾਹ ਲਾਠੀਚਾਰਜ ਕੀਤਾ। ਇੰਜ ਲੱਗ ਰਿਹਾ ਸੀ ਕਿ ਪੁਲੀਸ ਵੱਲੋਂ ਕੀਤੀ ਇਹ ਕਾਰਵਾਈ ਪਹਿਲਾਂ ਹੀ ਤੈਅ ਕੀਤੀ ਹੋਵੇ। ਇਸੇ ਦੌਰਾਨ ਮਰਦ ਪੁਲਿਸ ਕਰਮਚਾਰੀਆਂ ਨੇ ਵੀ ਲੜਕੀਆਂ ਨੂੰ ਬੁਰੀ ਤਰਾਂ ਕੁੱਟਿਆ। ਲੜਕੀਆਂ ਦੀ ਆਗੂ ਵਜੋਂ ਏ.ਆਈ.ਐਸ.ਐਫ. ਦੀ ਜੋਤੀ ਗੋਲਡਨ, ਜਗਰੂਪ ਕੌਰ ਅਤੇ ਅਰਸ਼ਦੀਪ ਸੰਧੂ ਸਨ। ਜੋਤੀ ਗੋਲਡਨ ਅਤੇ ਜਗਰੂਪ ਕੌਰ ਨੇ ਅੱਗੇ ਹੋ ਕੇ ਪੁਲੀਸ ਦੀਆਂ ਲਾਠੀਆਂ ਦਾ ਸਾਹਮਣਾ ਵੀ ਕੀਤਾ ਅਤੇ ਬਾਕੀ ਲੜਕੀਆਂ ਦਾ ਬਚਾਓ ਵੀ ਕੀਤਾ। ਇਸੇ ਦੌਰਾਨ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਯੂਨੀਵਰਸਿਟੀ ਵਿਚ ਸੁੱਟੇ ਗਏ। ਜਿਸ ਨਾਲ ਇਕ ਲੜਕੀ ਬੇਹੋਸ਼ ਵੀ ਹੋ ਗਈ। ਉਸ ਨੂੰ ਤੁਰੰਤ ਯੂਨੀਵਰਸਿਟੀ ਦੀ ਡਿਸਪੈਂਸਰੀ ਵਿਚ ਲਿਜਾਇਆ ਗਿਆ।

ਸਭ ਤੋਂ ਮਾੜੀ ਗੱਲ ਇਹ ਸੀ ਕਿ ਪੁਲੀਸ ਨੇ ਕਾਨੂੰਨ ਤੋੜ ਕੇ ਵਿਦਿਆਰਥੀਆਂ ਉਪਰ ਲਾਠੀਚਾਰਜ ਕੀਤਾ। ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਲਾਠੀਚਾਰਜ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ। ਪੁਲੀਸ ਵੱਲੋਂ ਕੀਤਾ ਇਹ ਅਣ-ਮਨੁੱਖੀ ਵਤੀਰਾ ਗੈਰ-ਕਾਨੂੰਨੀ ਸੀ। ਕੁਝ ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੇ ਅੰਦਰ ਆ ਕੇ ਲਾਠੀਚਾਰਜ ਕਰਨ ਲਈ ਪੁਲੀਸ ਕਰਮਚਾਰੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਇਹ ਲਾਠੀਚਾਰਜ ਪੜ੍ਹੇ ਲਿਖੇ ਵਿਦਿਆਰਥੀਆਂ ਉੱਪਰ ਹੋ ਰਿਹਾ ਸੀ। ਇਹ ਸਾਰੇ ਉਹ ਵਿਦਿਆਰਥੀ ਸਨ ਜੋ ਗਰੈਜੁਏਸ਼ਨ, ਪੋਸਟ ਗਰੈਜੁਏਸ਼ਨ, ਐਮ.ਫਿਲ, ਪੀ-ਐਚ.ਡੀ. ਜਾਂ ਹੋਰ ਤਕਨੀਕੀ ਸਿੱਖਿਆ ਲੈਣ ਲਈ ਘਰਾਂ ਤੋਂ ਦੂਰ ਯੂਨੀਵਰਸਿਟੀ ਵਿਚ ਆਏ ਸਨ। ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਜਦ ਪੁਲੀਸ ਵੱਲੋਂ ਲਾਠੀਚਾਰਜ ਹੋ ਰਿਹਾ ਸੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਇਹ ਸਭ ਦੇਖ ਰਹੇ ਸਨ। ਕਈ ਵਿਦਿਆਰਥਣਾਂ ਨੇ ਉਹਨਾਂ ਨੂੰ ਕਿਹਾ ਵੀ ਕਿ ਪੁਲਿਸ ਨੂੰ ਰੋਕ ਲਵੋ ਤੁਸੀਂ ਰੋਕ ਸਕਦੇ ਹੋ ਪਰ ਉਹਨਾਂ ਉੱਪਰ ਇਸ ਗੱਲ ਦਾ ਜ਼ਰਾ ਜਿੰਨਾ ਵੀ ਅਸਰ ਨਹੀਂ ਹੋਇਆ।

ਜਦ ਪੁਲਿਸ ਲਾਠੀਚਾਰਜ ਕਰ ਰਹੀ ਸੀ ਤਾਂ ਧਰਨੇ ਵਾਲੀ ਜਗ੍ਹਾ ਦੇ ਪਿੱਛੇ ਇਕ ਗਰਾਉਂਡ ਵਿਚੋਂ ਕੁਝ ਸ਼ਰਾਰਤੀ ਅਨਸਰਾਂ ਨੇ ਪੁਲਿਸ ਤੇ ਪਥਰਾਓ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿਚ ਵਿਦਿਆਰਥੀ ਵੀ ਸ਼ਾਮਿਲ ਹੋ ਗਏ। ਜਦ ਪਥਰਾਓ ਹੋਣ ਲੱਗਾ ਤਾਂ ਵਿਦਿਆਰਥੀਆਂ ਨੇ ਪੁਲੀਸ ਨੂੰ ਮੂਹਰੇ ਲਗਾ ਲਿਆ ਅਤੇ ਯੂਨੀਵਰਸਿਟੀ ਤੋਂ ਬਾਹਰ ਕੱਢ ਦਿੱਤਾ। ਇਸੇ ਦੌਰਾਨ ਉਹਨਾਂ ਸ਼ਰਾਰਤੀ ਅਨਸਰਾਂ ਨੇ ਸਕਿਉਰਟੀ ਵਾਲੇ ਕਮਰੇ ਦੇ ਸ਼ੀਸ਼ੇ ਵੀ ਤੋੜ ਦਿੱਤੇ ਇਸੇ ਦੌਰਾਨ ਕਈ ਪੱਤਰਕਾਰ ਸਾਥੀ ਉਸੇ ਕਮਰੇ ਵਿਚ ਹਾਜ਼ਰ ਸਨ, ਉਹਨਾਂ ਨੇ ਵੀ ਆਪਣਾ ਬਚਾਓ ਬੜੀ ਮੁਸ਼ਕਿਲ ਨਾਲ ਕੀਤਾ। ਏ.ਆਈ.ਐਸ.ਐਫ. ਦੇ ਆਗੂਆਂ ਨੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਸ਼ੀਸ਼ੇ ਦੇ ਅੱਗੇ ਖੜ੍ਹ ਕੇ ਹੱਥ ਜੋੜ ਕੇ ਅਜਿਹਾ ਕਰਨ ਤੋਂ ਰੋਕਿਆ। ਇਸੇ ਮੌਕੇ ਉਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਸ਼ਾਸਨ ਦੀਆਂ ਗੱਡੀਆਂ ਦੀ ਭੰਨ-ਤੋੜ ਵੀ ਕੀਤੀ ਗਈ।

ਬਾਅਦ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਵਰੁਣ ਰੁੰਜ਼ਮ ਅਤੇ ਐਸ.ਐਸ.ਪੀ. ਪਟਿਆਲਾ ਹਰਦਿਆਲ ਮਾਨ ਨੇ ਆ ਕੇ ਵਿਦਿਆਰਥੀ ਆਗੂਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਵਿਦਿਆਰਥੀ ਮੰਗਾਂ ਸੰਬੰਧੀ ਮੀਟਿੰਗ ਕੀਤੀ ਪਰ ਉਹ ਮੀਟਿੰਗ ਬੇਸਿੱਟਾ ਰਹੀ। ਇਸੇ ਦੌਰਾਨ ਵਿਦਿਆਰਥੀ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ ਡਟੇ ਰਹੇ। ਸ਼ਾਮ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੀ ਚਾਲ ਖੇਡੀ ਉਹਨਾਂ ਵਿਦਿਆਰਥੀਆਂ ਦਾ ਧਿਆਨ ਮੰਗਾਂ ਤੋਂ ਪਾਸੇ ਕਰਨ ਲਈ ਪ੍ਰਸ਼ਾਸਨ ਨੇ ਆਪਣੇ ਪੱਖ ਦੀਆਂ ਜਥੇਬੰਦੀਆਂ ਅਤੇ ਕੁਝ ਹੋਰ ਵਿਦਿਆਰਥੀ ਇਸ ਧਰਨੇ ਵਿਚ ਭੇਜਣੇ ਸ਼ੁਰੂ ਕਰ ਦਿੱਤੇ। ਕੁਝ ਸ਼ਰਾਰਤੀ ਅਨਸਰ ਯੂਨੀਵਰਸਿਟੀ ਵਿਚ ਕਿਰਪਾਨਾਂ ਅਤੇ ਲੋਹੇ ਦੀਆਂ ਰਾਡਾਂ ਲੈ ਕੇ ਵੀ ਆ ਗਏ ਸਨ। ਇਸੇ ਦੌਰਾਨ ਇਕ ਹਜ਼ਾਰ ਦੇ ਕਰੀਬ ਪੁਲੀਸ ਕਰਮਚਾਰੀ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ ਤੈਨਾਤ ਸਨ ਯੂਨੀਵਰਸਿਟੀ ਵਾਲਾ ਇਲਾਕਾ ਪੁਲੀਸ ਦੀ ਛੌਣੀ ਵਿਚ ਤਬਦੀਲ ਹੋ ਗਿਆ ਸੀ। ਚਾਰੋ ਜਥੇਬੰਦੀਆਂ (ਏ.ਆਈ.ਐਸ.ਐਫ., ਐਸ.ਐਫ.ਆਈ.,ਪੁਰਸਾ ਅਤੇ ਯੂ.ਐਸ.ਓ.) ਨੇ ਇਕ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਏ.ਆਈ.ਐਸ.ਐਫ., ਐਸ.ਐਫ.ਆਈ. ਅਤੇ ਪੁਰਸਾ ਤਿੰਨੋ ਜਥੇਬੰਦੀਆਂ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਪਰ ਯੂ.ਐਸ.ਓ. ਦੇ ਆਗੂ ਮੇਨ ਗੇਟ ਉੱਪਰ ਧਰਨਾ ਜਾਰੀ ਰੱਖਣ ਤੇ ਹੀ ਅੜ੍ਹ ਗਏੇ। ਇਸ ਦੋਰਾਨ ਏ.ਆਈ.ਐਸ.ਐਫ., ਐਸ.ਐਫ.ਆਈ. ਅਤੇ ਪੁਰਸਾ ਵੱਲੋਂ ਆਪਣੀ ਸਮਝ, ਚੇਤਨਤਾ ਅਤੇ ਸੂਝਵਾਨ ਹੋਣ ਦਾ ਸਬੂਤ ਦਿੰਦਿਆਂ ਧਰਨੇ ਨੂੰ ਭੁੱਖ ਹੜਤਾਲ ਵਿਚ ਬਦਲਣ ਦਾ ਫੈਸਲਾ ਕੀਤਾ। ਕਈ ਯੂਨੀਵਰਸਿਟੀ ਪ੍ਰਸ਼ਾਸਨ ਦੇ ਪੱਖ ਦੇ ਵਿਦਿਆਰਥੀਆਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਕਿ ‘ਤੁਸੀਂ ਧਰਨਾ ਛੱਡ ਕੇ ਜਾ ਰਹੇ ਹੋ ਅਸੀਂ ਤੁਹਾਡੇ ਨਾਲ ਅੱਗੇ ਤੋਂ ਨਹੀਂ ਆਵਾਂਗੇ।’ ਪਰ ਉਹਨਾਂ ਜਥੇਬੰਦੀਆਂ ਦੇ ਆਗੂਆਂ ਦੀ ਸਮਝਦਾਰੀ ਸੀ ਕਿ ਉਹਨਾਂ ਸੋਚਿਆ ਕਿ ਕਿਸੇ ਵਿਦਿਆਰਥੀ ਦਾ ਕੋਈ ਸਰੀਰਿਕ ਨੁਕਸਾਨ ਨਾ ਹੋਵੇ। ਕਿਉਂਕਿ ਆਗੂਆਂ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਯੂਨੀਵਰਸਿਟੀ ਵਿਚ ਸ਼ਰਾਰਤੀ ਅਨਸਰਾਂ ਦੁਆਰਾ ਕਿਰਪਾਨਾਂ, ਲੋਹੇ ਦੀਆਂ ਰਾਡਾਂ ਅਤੇ ਇਸ ਤਰ੍ਹਾਂ ਦੇ ਹੋਰ ਹਥਿਆਰ ਯੂਨੀਵਰਸਿਟੀ ਵਿਚ ਪਹੁੰਚ ਗਏ ਹਨ ਅਤੇ ਜੇਕਰ ਦੁਬਾਰਾ ਪੁਲਿਸ ਵੱਲੋਂ ਲਾਠੀਚਾਰਜ ਹੁੰਦਾ ਤੇ ਇਹ ਸ਼ਰਾਰਤੀ ਅਨਸਰ ਕਿਰਪਾਨਾਂ ਜਾਂ ਲੋਹੇ ਦੀਆਂ ਰਾਡਾਂ ਚਲਾ ਸਕਦੇ ਸਨ ਜਿਸ ਨਾਲ ਬਹੁਤ ਵਿਦਿਆਰਥੀਆਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਸੀ। ਇਸੇ ਤਰ੍ਹਾਂ ਵਿਦਿਆਰਥੀ ਆਗੂਆਂ ਦੀ ਸਮਝਦਾਰੀ ਅਤੇ ਚੇਤਨਤਾ ਨੇ ਫੈਸਲਾ ਕੀਤਾ ਕਿ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇ। ਉਸ ਸਮੇਂ ਰਾਤ ਨੂੰ ਭੁੱਖ ਹੜਤਾਲ ਲਾਇਬਰੇਰੀ ਦੇ ਸਾਹਮਣੇ ਕੀਤੀ ਅਤੇ ਅਗਲੀ ਸਵੇਰ ਤੋਂ ਹੀ ਤਿੰਨਾਂ ਜਥੇਬੰਦੀਆਂ ਨੇ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਲਗਾਤਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।

ਇਸ ਦੇ ਨਾਲ ਹੀ 20 ਨਵੰਬਰ ਦੀ ਰਾਤ ਤੋਂ ਹੀ ਯੂਨੀਵਰਸਿਟੀ ਦੇ ਮੁਖ ਗੇਟ ’ਤੇ ਕੁਝ ਯੂਨੀਵਰਸਿਟੀ ਪ੍ਰਸ਼ਾਸਨ ਦੇ ਪੱਖ ਦੀਆਂ ਜਥੇਬੰਦੀਆਂ ਅਤੇ ਕੁਝ ਹੋਰ ਵਿਦਿਆਰਥੀ ਬੈਠੇ ਸਨ। ਇਸ ਸਮੇਂ ਪੀ.ਐਸ.ਯੂ., ਡੀ.ਐਸ.ਓ., ਯੂ.ਐਸ.ਓ., ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਤੇ ਕੁਝ ਵਿਦਿਆਰਥੀ ਵੀ ਮੇਨ ਗੇਟ ਉੱਪਰ ਬੈਠੇ ਸਨ। ਇਹਨਾ ਨੇ ਇਕ ਸਾਂਝਾ ਮੋਰਚਾ ਬਣਾ ਕੇ ਮੇਨ ਗੇਟ ਵਾਲੇ ਧਰਨੇ ਨੂੰ ਅੱਗੇ ਵਧਾਇਆ।

ਜਿਸ ਸਮੇਂ ਵਿਦਿਆਰਥੀਆਂ ਉੱਪਰ ਲਾਠੀਚਾਰਜ ਹੋਇਆ ਉਸ ਸਮੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਯੂਨੀਵਰਸਿਟੀ ਵਿਚ ਹਾਜ਼ਰ ਸਨ। ਪਰ ਉਹਨਾਂ ਨੇ ਲਾਠੀਚਾਰਜ ਨੂੰ ਰੋਕਣ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ। ਜਿਸ ਦਾ ਵਿਦਿਆਰਥੀਆਂ ਵਿਚ ਬਹੁਤ ਜ਼ਿਆਦਾ ਰੋਸ ਵੀ ਸੀ ਕਿ ਇਕ ਪਾਸੇ ਸਟੇਜਾਂ ’ਤੇ ਯੂਨੀਵਰਸਿਟੀ ਨੂੰ ਇਕ ਪਰਿਵਾਰ ਕਿਹਾ ਜਾਂਦਾ ਹੈ ਅਤੇ ਵਾਈਸ ਚਾਂਸਲਰ ਨੂੰ ਪਰਿਵਾਰ ਦਾ ਮੁਖੀ ਕਿਹਾ ਜਾਂਦਾ ਹੈ ਅਤੇ ਦੂਜੇ ਪਾਸੇ ਪਰਿਵਾਰ ਦਾ ਮੁਖੀ ਵਿਦਿਆਰਥੀਆਂ ਤੇ ਹੋਏ ਲਾਠੀਚਾਰਜ ਦੀ ਖਬਰ ਲੈਣ ਵੀ ਨਹੀਂ ਆਉਂਦਾ ਨਾ ਹੀ ਇਸ ਘਟਨਾ ਸੰਬੰਧੀ ਉਹਨਾਂ ਦਾ ਕੋਈ ਬਿਆਨ ਆਉਂਦਾ ਹੈ।

ਲਾਠੀਚਾਰਜ ਤੋਂ ਬਾਅਦ ਦੁਪਹਿਰ ਵੇਲੇ ਐਸ.ਡੀ.ਐਮ. ਗੁਰਪਾਲ ਸਿੰਘ ਚਾਹਲ ਅਤੇ ਥਾਣਾ ਸਿਵਲ ਲਾਈਨ ਇਨਸਪੈਕਟਰ ਕਈ ਹੋਰ ਪੁਲੀਸ ਕਰਮਚਾਰੀਆਂ ਦਾ ਰਜਿੰਦਰਾ ਹਸਪਤਾਲ ਵਿਖੇ ਦਾਖਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਰਾ ਕੁਝ ਵਿਦਿਆਰਥੀਆਂ ਉੱਪਰ ਦਬਾਅ ਪਾਉਣ ਦੀ ਰਣਨੀਤੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀ ਇਸ ਰਣਨੀਤੀ ਵਿਚ ਆਪਣਾ ਪੂਰਾ ਯੋਗਦਾਨ ਪਾਇਆ। ਵੀਰਵਾਰ ਨੂੰ ਇਹ ਸਾਰੀ ਘਟਨਾ ਵਾਪਰੀ ਅਤੇ ਸ਼ੁੱਕਰਵਾਰ ਨੂੰ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਵਿਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਤਾਂ ਜੋ ਵਿਦਿਆਰਥੀ ਘਰਾਂ ਵਿਚ ਚਲੇ ਜਾਣ ਅਤੇ ਵਿਦਿਆਰਥੀ ਸੰਘਰਸ਼ ਦਬਾਇਆ ਜਾ ਸਕੇ। ਦੂਜਾ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹ ਵੀ ਭੁਲੇਖਾ ਸੀ ਕਿ ਠੰਡ ਹੋਣ ਕਰਕੇ ਵਿਦਿਆਰਥੀ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਬੈਠ ਸਕਣਗੇ। ਇਸ ਸਭ ਦੀ ਪੰਜਾਬ ਕੇਸਰੀ ਅਖਬਾਰ ਨੇ ਮਿਤੀ 25 ਨਵੰਬਰ 2014 ਨੂੰ ਇਕ ਰਿਪੋਰਟ ਵੀ ਲਗਾਈ ਸੀ ਕਿ ਇਹ ਸਭ ਏ.ਆਈ.ਐਸ.ਐਫ., ਐਸ.ਐਫ.ਆਈ. ਅਤੇ ਪੁਰਸਾ ਦੇ ਸੰਘਰਸ਼ ਨੂੰ ਖਦੇੜਨ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਚਾਲ ਚੱਲੀ ਸੀ। ਇਕ ਪਾਸੇ ਪੁਲੀਸ ਕਰਮਚਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਵੇਂ ਦੀਆਂ ਚਾਲਾਂ ਚੱਲ ਰਹੇ ਸਨ ਦੂਜੇ ਪਾਸੇ ਅਨੇਕਾਂ ਵਿਦਿਆਰਥੀ ਪੁਲੀਸ ਤਸ਼ੱਦਦ ਦੇ ਡਰ ਕਾਰਨ ਲੁਕ ਛਿਪ ਕੇ ਆਪਣਾ ਇਲਾਜ਼ ਕਰਵਾਉਂਦੇ ਰਹੇ। ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਕਿਸੇ ਹਸਪਤਾਲ ਵਿਚ ਜਾ ਕੇ ਇਲਾਜ ਕਰਵਾਇਆ ਤਾਂ ਪੁਲਿਸ ਉਹਨਾਂ ਨਾਲ ਹੋਰ ਭੈੜਾ ਸਲੂਕ ਕਰ ਸਕਦੀ ਹੈ।

ਵਿਦਿਆਰਥੀਆਂ ਉੱਪਰ 353, 186, 332, 333, 342, 283, 42, 160, 148, 149 ਆਈ.ਪੀ.ਸੀ. ਦੀਆਂ ਧਾਰਾਵਾਂ ਲਗਾ ਕੇ ਝੂਠੀ ਐਫ.ਆਈ.ਆਰ. ਲਿਖੀ ਗਈ। ਜੋ ਵਿਦਿਆਰਥੀ ਆਗੂਆਂ ਉੱਪਰ ਐਫ.ਆਈ.ਆਰ. ਕੀਤੀ ਗਈ ਉਹਨਾਂ ਵਿਚ ਸੁਮੀਤ ਸ਼ੰਮੀ, ਹਰਨੂਰ ਸਿੰਘ ਰੰਧਾਵਾ, ਜਗਰੂਪ ਕੌਰ, ਹਰਸ਼ ਕੌਰ (ਸਹੀ ਨਾਮ ਅਰਸ਼ਦੀਪ ਸੰਧੂ), ਜੋਤੀ ਗੋਲਡੀ ਕੌਰ (ਸਹੀ ਨਾਮ ਜੋਤੀ ਗੋਲਡਨ), ਤੇਜਵਾਸ਼ ਕੌਰ (ਸਹੀ ਨਾਮ ਤੇਵਾਸ਼ਪ੍ਰੀਤ ਕੌਰ), ਮਨਜੋਤ ਕੌਰ, ਹਰਿੰਦਰ ਸਿੰਘ ਬਾਜਵਾ, ਜਸਪ੍ਰੀਤ ਸਿੰਘ ਸੰਧੂ, ਇੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਸੰਤ ਸਿੰਘ (ਇਹ ਵਿਦਿਆਰਥੀ ਯੂਨੀਵਰਸਿਟੀ ਵਿਚੋਂ ਪਾਸ ਹੋ ਕੇ ਦਿੱਲੀ ਨੌਕਰੀ ਕਰ ਰਿਹਾ ਹੈ ਅਤੇ 20 ਨਵੰਬਰ ਦੇ ਦਿਨ ਵੀ ਦਿੱਲੀ ਆਪਣੇ ਦਫਤਰ ਵਿਚ ਹਾਜ਼ਰ ਸੀ), ਜਸਪਾਲ ਸਿੰਘ, ਅਤਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਪਰਮਵੀਰ ਸਿੰਘ (ਸਹੀ ਨਾਮ ਪਰਮਪ੍ਰੀਤ ਸਿੰਘ), ਗੁਰਮਨਪ੍ਰੀਤ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਗੁਰਮੋਹਨਜੀਤ ਸਿੰਘ, ਬਿਕਰਮਜੀਤ ਸਿੰਘ, ਜਸਵੰਤ ਸਿਘ, ਮਨਜੀਤ ਸਿੰਘ ਦੇ ਨਾਮ ਅਤੇ 150 ਵਿਦਿਆਰਥੀ ਅਣਪਛਾਤੇ ਕਰਕੇ ਸ਼ਾਮਲ ਕੀਤੇ ਗਏ।

ਤਿੰਨਾਂ ਜਥੇਬੰਦੀਆਂ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਭੁੱਖ ਹੜਤਾਲ ਕਰ ਰਹੀਆਂ ਸਨ। ਰਾਤ 9.30 ਵਜੇ ਤੋਂ ਹੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਪਹਿਲੇ ਦਿਨ ਭੁੱਖ ਹੜਤਾਲ ’ਤੇ ਅਰਸ਼ਦੀਪ ਸੰਧੂ, ਐਸ.ਐਫ.ਆਈ. ਦੇ ਕਮਲੇਸ਼ ਗੋਇਲ ਅਤੇ ਏ.ਆਈ.ਐਸ.ਐਫ. ਦੇ ਸੂਰਜ ਸ਼ਰਮਾ ਬੈਠੇ। ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਲਹਿਰਾ ਰਹੇ ਲਾਲ ਝੰਡੇ ਅਤੇ ਤਿੰਨਾਂ ਜਥੇਬੰਦੀਆਂ ਦੇ ਬੈਨਰ ਕਿਸੇ ਇਨਕਲਾਬੀਆਂ ਦੇ ਦਫਤਰ ਦਾ ਭੁਲੇਖਾ ਪਾ ਰਿਹਾ ਸਨ। ਵਿਦਿਆਰਥੀ ਜਥੇਬੰਦੀਆਂ ਦੁਆਰਾ ਟੈਂਟ ਲਗਾਇਆ ਗਿਆ ਕਿਉਂਕਿ ਜਥੇਬੰਦੀਆਂ ਦੇ ਆਗੂ ਸਮਝ ਗਏ ਸਨ ਕਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਇਹ ਸੰਘਰਸ਼ ਲੰਮਾ ਚੱਲ ਸਕਦਾ ਹੈ। ਸਪੀਕਰ ਉੱਪਰ ਇਨਕਲਾਬੀ ਤਕਰੀਰਾਂ ਅਤੇ ਇਨਕਲਾਬੀ ਗੀਤ ਵਿਦਿਆਰਥੀਆਂ ਵੱਲੋਂ ਗਾਏ ਜਾ ਰਹੇ ਸਨ। ਬਾਹਰਲੀਆਂ ਕੰਧਾਂ ਉੱਪਰ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਚਾਰਟ ਲੱਗੇ ਹੋਏ ਸਨ। ਜੋ ਵਿਦਿਆਰਥੀ ਸ਼ਰਾਰਤੀ ਅਨਸਰਾਂ ਦੇ ਮਗਰ ਲੱਗ ਕੇ 20 ਨਵੰਬਰ ਨੂੰ ਸ਼ਾਮ ਨੂੰ ਉਹਨਾਂ ਜਥੇਬੰਦੀਆਂ ਦਾ ਭੁੱਖ ਹੜਤਾਲ ਕਰਨ ਲਈ ਵਿਰੋਧ ਕਰ ਰਹੇ ਸਨ ਉਹੀ ਵਿਦਿਆਰਥੀ ਉਹਨਾਂ ਜਥੇਬੰਦੀਆਂ ਦੇ ਨਾਲ ਆ ਕੇ ਖੜੇ ਹੋ ਗਏ ਸਨ। ਕਿਉਂਕਿ ਉਹਨਾਂ ਵਿਦਿਆਰਥੀਆਂ ਨੂੰ ਸਮਝ ਆ ਗਈ ਸੀ ਕਿ ਇਹੀ ਜਥੇਬੰਦੀਆਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪਹਿਰਾ ਦੇ ਰਹੀਆਂ ਹਨ।

ਸ਼ਾਮ ਤੱਕ ਯੂਨੀਵਰਸਿਟੀ ਦੇ ਮੇਨ ਗੇਟ ਉੱਪਰ ਵੱਖਵਾਦ ਜ਼ਿੰਦਾਬਾਦ ਦੇ ਨਾਹਰੇ ਲੱਗਣੇ ਸ਼ੁਰੂ ਹੋ ਗਏ। ਵਿਦਿਆਰਥੀਆਂ ਦੀਆਂ ਮੰਗਾਂ ਬਦਲ ਕੇ ਪੇਸ਼ ਹੋਣ ਲੱਗੀਆਂ। ਸਕਿਉਰਟੀ ਅਫਸਰ ਨੂੰ ਦਫਾ ਕਰੋ ਦੇ ਨਾਹਰੇ ਲਗਾਏ ਗਏ ਜਿਸ ਤੋਂ ਸਪਸ਼ਟ ਸੀ ਕਿ ਵਿਦਿਆਰਥੀਆਂ ਨੂੰ ਆਪਣੀਆਂ ਮੁੱਢਲੀਆਂ ਮੰਗਾਂ ਤੋਂ ਭਟਕਾਇਆ ਗਿਆ। ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਆ ਕੇ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਿਆ ਕਰ ਰਹੇ ਸਨ। ਯੁਨੀਵਰਸਿਟੀ ਦੇ ਮੇਨ ਗੇਟ ਉੱਪਰ ਇਹ ਲੱਗ ਰਿਹਾ ਸੀ ਕਿ ਜਿਵੇਂ ਖੁਦ ਯੂਨੀਵਰਸਿਟੀ ਪ੍ਰਸ਼ਾਸਨ ਹੀ ਇਹ ਸਭ ਕਰਵਾ ਰਿਹਾ ਹੈ। ਰਾਤ ਨੂੰ ਵੀ ਵਿਦਿਆਰਥਣਾਂ ਹੋਸਟਲਾਂ ਵਿਚੋਂ ਦੀ ਬਾਹਰ ਕੱਢੀਆਂ ਗਈਆਂ ਤਾਂ ਜੋ ਉਹ ਵੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਪਹੁੰਚਣ। ਇਹ ਗੱਲ ਉਦੋਂ ਸਹੀ ਸਾਬਿਤ ਹੋਈ ਕਿ ਸਾਰਾ ਕੁਝ ਯੂਨੀਵਰਸਿਟੀ ਪ੍ਰਸ਼ਾਸਨ ਦਾ ਹੀ ਕੀਤਾ ਹੋਇਆ ਸੀ ਜਦੋਂ ਤੀਸਰੇ ਦਿਨ 22 ਨਵੰਬਰ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਸਿਰਫ ਚਾਰ ਸ਼ਰਤਾਂ ਉੱਪਰ ਹੀ ਯੂਨੀਵਰਸਿਟੀ ਦਾ ਮੇਨ ਗੇਟ ਖੋਲ ਦਿੱਤਾ ਗਿਆ। ਵਿਦਿਆਰਥੀਆਂ ਦੀਆਂ ਮੰਗਾਂ ਜਿੰਨ੍ਹਾਂ ਕਰਕੇ ਏ.ਆਈ.ਐਸ.ਐਫ., ਐਸ.ਐਫ.ਆਈ., ਯੂ.ਐਸ.ਓ. ਅਤੇ ਪੁਰਸਾ ਨੇ 20 ਨਵੰਬਰ ਨੂੰ ਧਰਨਾ ਦਿੱਤਾ ਸੀ ਉਹਨਾਂ ਦੀ ਪੂਰਤੀ ਦੀ ਗੱਲ ਨਹੀਂ ਹੋਈ। ਉਹ ਚਾਰ ਸ਼ਰਤਾਂ ਜਿਨ੍ਹਾਂ ਨਾਲ ਸਮਝੌਤਾ ਹੋਇਆ ਉਹ ਹੇਠ ਲਿਖੀਆਂ ਸਨ:

1. ਮਿਤੀ 20-11-14 ਨੂੰ ਹੋਈ ਜਾਂਚ ਲਈ ਡੀਨ ਅਕਾਦਮਿਕ ਮਾਮਲੇ ਦੇ ਹੇਠ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ 15 ਦਿਨਾਂ ਦੇ ਅੰਦਰ-ਅੰਦਰ ਕਮੇਟੀ ਇਸਦੀ ਰਿਪੋਰਟ ਪੇਸ਼ ਕਰੇਗੀ।
2. ਇਸ ਘਟਨਾ ਸੰਬੰਧੀ ਜਦੋਂ ਤੱਕ ਕਮੇਟੀ ਵੱਲੋਂ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ, ਉਦੋਂ ਤੱਕ ਡੀਨ ਵਿਦਿਆਰਥੀ ਭਲਾਈ, ਪ੍ਰਵੋਸਟ ਅਤੇ ਸੁਰੱਖਿਆ ਅਫਸਰ ਛੁੱਟੀ ਤੇ ਰਹਿਣਗੇ।
3. ਐਸ.ਪੀ. ਸਿਟੀ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੇ ਖਿਲਾਫ ਇਸ ਘਟਨਾ ਨਾਲ ਸੰਬੰਧਤ ਦਰਜ਼ ਹੋਏ ਗਲਤ ਪਰਚੇ ਰੱਦ ਕਰ ਦਿੱਤੇ ਜਾਣਗੇ।
4. ਡਿਪਟੀ ਕਮਿਸ਼ਨਰ ਪਟਿਆਲਾ ਦੀ ਹਾਜ਼ਰੀ ਵਿਚ ਜੋ ਮੰਗਾਂ ਮੰਨੀਆਂ ਗਈਆਂ ਸਨ, ਉਨ੍ਹਾਂ ਸੰਬੰਧੀ ਸਮੇਂ ਦੀ ਪਾਬੰਦੀ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਇਸ ਨੋਟੀਫਿਕੇਸ਼ਨ ਉੱਪਰ ਪ੍ਰਵੋਸਟ, ਰਜਿਸਟਾਰ ਪੰਜਾਬੀ ਯੂਨੀਵਰਸਿਟੀ ਅਤੇ ਐਸ.ਪੀ.ਸਿਟੀ ਦੇ ਦਸਤਖਤ ਸਨ ਜਦਕਿ ਡੀਨ ਅਕਾਦਮਿਕ ਮਾਮਲੇ ਦਾ ਆਹੁਦਾ ਲਿਖ ਕੇ ਜਗ੍ਹਾ ਛੱਡੀ ਹੋਈ ਸੀ ਪਰ ਉਹਨਾਂ ਦੇ ਦਸਤਖਤ ਨਹੀਂ ਸਨ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਜਿਸ ਡੀਨ ਅਕਾਦਮਿਕ ਦੀ ਨਿਗਰਾਨੀਂ ਹੇਠ ਕਮੇਟੀ ਦਾ ਗਠਨ ਕਰਨ ਦੀ ਗੱਲ ਕੀਤੀ ਹੈ ਉਹ ਖੁਦ ਇਸ ਤੋਂ ਸਹਿਮਤ ਨਹੀਂ ਹੈ।

ਇਸ ਦੇ ਨਾਲ ਹੀ ਅਗਲੇ ਦਿਨ ਪੂਰੇ ਪੰਜਾਬ ਵਿਚ ਏ.ਆਈ.ਐਸ.ਐਫ., ਐਸ.ਐਫ.ਆਈ., ਸਰਵ ਭਾਰਤ ਨੌਜਵਾਨ ਸਭਾ, ਡੀ.ਵਾਈ.ਐਫ.ਆਈ. ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿਚ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣੇ ਸ਼ੁਰੂ ਹੋ ਗਏ। ਬਹੁਤ ਸਾਰੇ ਜ਼ਿਲ੍ਹਿਆਂ ਦੇ ਕਾਲਜਾਂ ਵਿਚ ਵੀ ਪੁਤਲੇ ਫੂਕਣ ਦਾ ਸਿਲਸਿਲਾ ਚੱਲਿਆ ਜਿੰਨ੍ਹਾਂ ਵਿਚੋਂ ਪਟਿਆਲਾ ਦੇ ਮੋਦੀ ਕਾਲਜ ਅਤੇ ਮਹਿੰਦਰਾ ਕਾਲਜ ਸ਼ਾਮਿਲ ਸਨ। ਜਥੇਬੰਦੀਆਂ ਨੇ ਐਲਾਨ ਕੀਤਾ ਸੀ ਜਦ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਪੁਤਲੇ ਫੂਕਣ ਦਾ ਦੌਰ ਜਾਰੀ ਰਹੇਗਾ।

ਦੂਜੇ ਪਾਸੇ ਭੁੱਖ ਹੜਤਾਲ ਦੇ ਦੂਜੇ ਦਿਨ ਏ.ਆਈ.ਐਸ.ਐਫ. ਦੇ ਜਗਦੀਪ ਮਹੇਸਰੀ ਅਤੇ ਦੋ ਹੋਰ ਵਿਦਿਆਰਥੀ ਬੱਗਾ ਸਿੰਘ ਅਤੇ ਸਹਿਜਮੀਤ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਬੈਠੇ ਹੋਏ ਸਨ। ਮੇਨ ਗੇਟ ਉਪਰੋਕਤ ਸ਼ਰਤਾਂ ਤੇ ਖੁਲਵਾਉਣਾ ਸ਼ਰੇਆਮ ਵਿਦਿਆਰਥੀਆਂ ਨਾਲ ਧੋਖਾ ਸੀ। ਲਿਖਤੀ ਸਮਝੌਤੇ ਦੇ ਪਹਿਲੇ ਨੁਕਤੇ ਵਿਚ ਦਰਜ਼ ਹੈ ਕਿ ਡੀਨ ਅਕਾਦਮਿਕ ਮਾਮਲੇ ਦੇ ਹੇਠ ਇਕ ਕਮੇਟੀ ਬਣਾਈ ਜਾਵੇਗੀ ਪਰ ਨੋਟੀਫਿਕੇਸ਼ਨ ਉੱਪਰ ਡੀਨ ਅਕਾਦਮਿਕ ਮਾਮਲੇ ਦੇ ਦਸਤਖਤ ਹੀ ਨਹੀਂ ਸਨ। ਤਿੰਨ ਅਫਸਰ ਛੁੱਟੀ ਤੇ ਜਾਣਗੇ ਪਰ ਗੇਟ ਉੱਪਰ ਜੋ ਮੰਗ ਹੋ ਰਹੀ ਸੀ ਉਹ ਇਹਨਾਂ ਨੂੰ ਸਸਪੈਂਡ ਕਰਨ ਦੀ ਹੋ ਰਹੀ ਸੀ। ਤੀਜੇ ਨੁਕਤੇ ਵਿਚ ਦਰਜ਼ ਹੈ ਕਿ ਜੋ ਗਲਤ ਪਰਚੇ ਹਨ ਉਹ ਰੱਦ ਹੋਣਗੇ, ਪਰ ਗਲਤ ਅਤੇ ਸਹੀ ਦਾ ਨਿਰਣਾ ਕਿਸ ਨੇ ਕਰਨਾ ਹੈ? ਵਿਦਿਆਰਥੀਆਂ ਉੱਪਰ ਤਾਂ ਸਾਰੇ ਪਰਚੇ ਹੀ ਗਲਤ ਹੋਏ ਸਨ। ਇਸ ਗੱਲ ਦੇ ਦੋ ਅਰਥ ਨਿਕਲਦੇ ਹਨ ਇਕ ਇਹ ਕਿ ਜਿੰਨ੍ਹਾਂ ਕੁਝ ਵਿਦਿਆਰਥੀਆਂ ਉੱਪਰ ਗਲਤ ਪਰਚੇ ਹੋਏ ਹਨ ਉਹ ਹਟਾ ਦਿੱਤੇ ਜਾਣਗੇ ਤੇ ਜਿੰਨ੍ਹਾਂ ਤੇ ਸਹੀ ਪਰਚੇ ਹੋਏ ਹਨ ਉਹਨਾਂ ਵਿਦਿਆਰਥੀਆਂ ਤੇ ਕਾਰਵਾਈ ਕੀਤੀ ਜਾਵੇਗੀ। ਦੂਜੀ ਗੱਲ ਇਹ ਕਿ ਜਿਨ੍ਹਾਂ ਐਫ.ਆਈ.ਆਰ ਅਨੁਸਾਰ ਇਹ ਧਾਰਾਵਾਂ ਲੱਗੀਆਂ ਹਨ ਜੋ ਧਾਰਾਵਾਂ ਗਲਤ ਹਨ ਉਹ ਹਟਾ ਦਿੱਤੀਆਂ ਜਾਣਗੀਆਂ। ਇਸ ਗੱਲ ਦਾ ਅਰਥ ਇਹ ਵੀ ਸੀ ਕਿ ਜੋ ਮੇਨ ਗੇਟ ਉੱਪਰ ਹੀ ਬੈਠੇ ਹਨ ਉਹਨਾਂ ਨੇ ਆਪਣੇ ਪਰਚੇ ਖਾਰਜ ਕਰਵਾਉਣ ਦੀ ਸ਼ਰਤ ਮਨਵਾ ਕੇ ਗੇਟ ਖੋਲਿਆ ਹੋਵੇ। ਜਦਕਿ ਕੁੱਲ 176 ਵਿਦਿਆਰਥੀਆਂ ਉੱਪਰ ਪਰਚੇ ਹੋਏ ਸਨ। ਚੌਥੇ ਨੁਕਤੇ ਵੱਲ ਜੇਕਰ ਧਿਆਨ ਦੇਈਏ ਤਾਂ ਡਿਪਟੀ ਕਮਿਸ਼ਨਰ ਪਟਿਆਲਾ ਦੀ ਹਾਜ਼ਰੀ ਵਿਚ ਮੰਗਾਂ ਉੱਪਰ ਗੌਰ ਕੀਤਾ ਗਿਆ ਸੀ ਪਰ ਏ.ਆਈ.ਐਸ.ਐਫ., ਐਸ.ਐਫ.ਆਈ. ਅਤੇ ਪੁਰਸਾ ਦੇ ਆਗੂ ਇਸ ਨਾਲ ਸਹਿਮਤ ਨਹੀਂ ਹੋਏ ਸਨ ਜਿਸ ਕਰਕੇ ਉਹ ਮੀਟਿੰਗ ਬੇਸਿੱਟਾ ਰਹੀ ਸੀ। ਉਪਰੋਕਤ ਚਾਰੋ ਨੁਕਤੇ ਵਿਦਿਆਰਥੀਆਂ ਦੇ ਵਿਰੋਧ ਵਿਚ ਸਨ। ਮੇਨ ਗੇਟ ਉੱਪਰ ਬੈਠੀਆਂ ਜਥੇਬੰਦੀਆਂ ਤੋਂ ਅਜਿਹੀ ਆਸ ਸਧਾਰਨ ਵਿਦਿਆਰਥੀਆਂ ਨੂੰ ਨਹੀਂ ਸੀ। ਆਮ ਵਿਦਿਆਰਥੀ ਜਾਣੂ ਹੋ ਗਏ ਸਨ ਕਿ ਇਹ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮਿਲੇ ਹੋਏ ਹਨ। ਉਸ ਸਮੇਂ ਵਿਦਿਆਰਥੀਆਂ ਨੂੰ ਯਕੀਨ ਹੋ ਗਿਆ ਸੀ ਕਿ ਉਹਨਾਂ ਜਥੇਬੰਦੀਆਂ ਦਾ ਭੁੱਖ ਹੜਤਾਲ ਤੇ ਬੈਠਣ ਦਾ ਫੈਸਲਾ ਬਿਲਕੁਲ ਸਹੀ ਸੀ।

ਉਸੇ ਦਿਨ ਸ਼ਾਮ ਨੂੰ ਗੇਟ ਖੋਲਣ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀ ਡਾ. ਬਲਵਿੰਦਰ ਟਿਵਾਣਾ ਦੀ ਅਗਵਾਈ ਵਿਚ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਏ.ਆਈ.ਐਸ.ਐਫ., ਐਸ.ਐਫ.ਆਈ ਅਤੇ ਪੁਰਸਾ ਵੱਲੋਂ ਕੀਤੀ ਭੁੱਖ ਹੜਤਾਲ ’ਤੇ ਬੈਠੇ ਵਿਦਿਆਰਥੀਆਂ ਕੋਲ ਬਾਹਰ ਹੋਏ ਮਮਝੌਤੇ ਦੀ ਕਾਪੀ ਲੈ ਕੇ ਆਏ। ਵਿਦਿਆਰਥੀ ਆਗੂਆਂ ਨੇ ਇਹ ਸਮਝੌਤਾ ਮਨਜ਼ੂਰ ਕਰਨ ਤੋਂ ਇੰਨਕਾਰ ਕਰ ਦਿੱਤਾ। ਆਗੂਆਂ ਨੇ ਕਿਹਾ, “ਇਸ ਸਮਝੌਤੇ ਉੱਪਰ ਸਾਡੀਆਂ ਮੰਗਾਂ ਵੱਲ ਗੌਰ ਨਹੀਂ ਕੀਤਾ ਗਿਆ। ਪਹਿਲਾਂ ਸਾਡੀਆਂ ਮੰਗਾਂ ਪੂਰੀਆਂ ਕਰੋ। ਪੁਲਿਸ ਕੇਸ ਜਾਂ ਸਕਿਉਰਟੀ ਅਫਸਰ ਦੇ ਜਾਂ ਡੀਨ ਦੇ ਛੁੱਟੀ ਤੇ ਭੇਜਣ ਦਾ ਮਾਮਲਾ ਬਾਅਦ ਦਾ ਹੈ।” ਵਿਦਿਆਰਥੀ ਆਗੂਆਂ ਦੀਆਂ ਇਹ ਗੱਲਾਂ ਸੁਣ ਕੇ ਉਹ ਉੱਥੋਂ ਚਲੇ ਗਏ।

22 ਨਵੰਬਰ ਦੇ ਦਿਨ ਏ.ਆਈ.ਐਸ.ਐਫ. ਦੇ ਸੂਬਾਈ ਆਗੂ ਚਰਨਜੀਤ ਛਾਂਗਾਰਾਏ ਅਤੇ ਕੌਮੀ ਕਨਵੀਨਰ ਲੜਕੀਆਂ ਕਰਮਵੀਰ ਕੌਰ ਬੱਧਨੀ ਵੀ ਵਿਦਿਆਰਥੀਆਂ ਦੀ ਹਿਮਾਇਤ ਲਈ ਪੰਜਾਬੀ ਯੂਨੀਵਰਸਿਟੀ ਪਹੁੰਚੇ। ਬਹੁਤ ਸਾਰੇ ਵਿਦਿਆਰਥੀ ਸਿੱਧੇ ਕਿਸੇ ਜਥੇਬੰਦੀ ਦੇ ਨਾ ਹੋ ਕੇ ਭੁੱਖ ਹੜਤਾਲ ਵਿਚ ਬੈਠਣ ਦੇ ਚਾਹਵਾਨ ਸਨ। ਇਕ ਲਿਸਟ ਬਣਾਈ ਗਈ ਜਿਸ ਵਿਚ ਭੁੱਖ ਹੜਤਾਲ ਤੇ ਬੈਠਣ ਵਾਲੇ ਵਿਦਿਆਰਥੀ ਆਪਣਾ ਨਾਮ ਲਿਖਵਾਉਣ। ਇਹ ਲਿਸਟ ਵੀ ਬਹੁਤ ਲੰਮੀ ਬਣ ਗਈ ਸੀ। ਇਸੇ ਕਰਕੇ ਹੋਰ ਸਾਥੀ ਭੁੱਖ ਹੜਤਾਲ ਤੇ ਉਹਨਾਂ ਵਿਦਿਆਰਥੀਆਂ ਦੇ ਨਾਲ ਬਿਠਾਏ ਗਏ। ਇਸੇ ਦਿਨ ਭੁੱਖ ਹੜਤਾਲ ਉੱਪਰ ਦੁਪਿਹਰ ਦੇ ਸਮੇਂ ਦੋ ਹੋਰ ਸਾਥੀ ਰੁਪਿੰਦਰ ਕੌਰ ਅਤੇ ਏ.ਆਈ.ਐਸ.ਐਫ. ਦੀ ਰਾਜਦੀਪ ਕੌਰ ਬਿਠਾਏ ਗਏ। ਸ਼ਾਮ ਨੂੰ 9.30 ਤੇ ਐਸ.ਐਫ.ਆਈ. ਦੀ ਪਰਮਿੰਦਰ ਕੌਰ, ਏ.ਆਈ.ਐਸ.ਐਫ. ਦੀ ਸ਼ਿੰਦਰ ਕੌਰ ਅਤੇ ਮਨ ਅਮਨ ਅਰੋੜਾ ਭੁੱਖ ਹੜਤਾਲ ਤੇ ਬੈਠੇ। ਸ਼ਾਮ ਨੂੰ ਸ਼ਿੰਦਰ ਕੌਰ ਦੀ ਸਿਹਤ ਖਰਾਬ ਵੀ ਹੋ ਗਈ ਜਿਸ ਕਰਕੇ ਐਂਬੂਲੈਂਸ ਬੁਲਾਈ ਗਈ ਅਤੇ ਡਾਕਟਰ ਨੂੰ ਬੁਲਾ ਕੇ ਉਸ ਲੜਕੀ ਦਾ ਚੈੱਕਅਪ ਵੀ ਕਰਵਾਇਆ ਗਿਆ ਪਰ ਜ਼ਿਆਦਾ ਦਿੱਕਤ ਨਾ ਹੋਣ ਕਰਕੇ ਭੁੱਖ ਹੜਤਾਲ ਚਲਦੀ ਰਹੀ। ਜਾਇਜ਼ ਮੰਗਾਂ ਲਈ ਠੰਡ ਵਿਚ ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀ ਉੱਥੇ ਹੀ ਸੌਣ ਦਾ ਪ੍ਰਬੰਧ ਕਰਦੇ ਰਾਤ ਨੂੰ ਹੋਸਟਲਾਂ ਵਿਚੋਂ ਬਿਸਤਰੇ ਆਉਂਦੇ। ਰਾਤ ਦੀ ਚਾਹ ਦਾ ਪ੍ਰਬੰਧ ਇਕ ਹੋਸਟਲ ਦੀ ਮੈੱਸ ਦੇ ਮੁਨੀਮ ਨੇ ਆਪਣੇ ਵੱਲੋਂ ਕਰ ਦਿੱਤਾ ਸੀ। ਹੋਸਟਲ ਦੇ ਮੁਨੀਮ ਦੇ ਇਸ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਰਾ ਦਿਨ ਇਨਕਲਾਬੀ ਤਕਰੀਰਾਂ ਚੱਲਦੀਆਂ। ਜੇ ਹਾਸਾ ਠੱਠਾ ਵੀ ਹੁੰਦਾ ਤਾਂ ਉਹ ਵੀ ਪੂਰੇ ਵਿਅੰਗਾਤਮਕ ਢੰਗ ਨਾਲ। 22 ਨਵੰਬਰ ਨੂੰ ਸ਼ਾਮ ਨੂੰ ਡੀਨ ਅਕਾਦਮਿਕ ਡਾ. ਏ.ਐਸ. ਚਾਵਲਾ, ਡੀਨ ਪ੍ਰੋਵਸਟ ਡਾ. ਨਿਸ਼ਾਨ ਸਿੰਘ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਪਰ ਵਿਦਿਆਰਥੀਆਂ ਦੀਆਂ ਮੰਗਾਂ ਸੁਣ ਕੇ ਡਾ. ਏ.ਐਸ. ਚਾਵਲਾ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ।

ਇਨਕਲਾਬੀ ਗੀਤਾਂ ਅਤੇ ਇਨਕਲਾਬੀ ਤਕਰੀਰਾਂ ਦਾ ਸਿਲਸਿਲਾ ਅਗਲੇ ਦਿਨ ਵੀ ਚੱਲਦਾ ਰਿਹਾ 23 ਨਵੰਬਰ ਨੂੰ ਭੁੱਖ ਹੜਤਾਲ ਤੇ ਇਕ ਵਿਦਿਆਰਥੀ ਹੋਰ ਜੋੜਿਆ ਗਿਆ। ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਵਿਚ ਏ.ਆਈ.ਐਸ.ਐਫ. ਦੇ ਜੋਤੀ ਗੋਲਡਨ, ਪਰਮਪ੍ਰੀਤ ਪੜਤੇਵਾਲਾ ਅਤੇ ਸੰਦੀਪ ਸਿੰਘ, ਐਸ.ਐਫ.ਆਈ. ਦੇ ਗਗਨਦੀਪ ਸਿੰਘ ਅਤੇ ਪੁਰਸਾ ਦੇ ਤੇਵਾਸ਼ਪ੍ਰੀਤ ਕੌਰ ਅਤੇ ਸਹਿਜਮੀਤ ਸ਼ਾਮਿਲ ਹੋਏ। 22 ਨਵੰਬਰ ਦੀ ਰਾਤ ਸੰਦੀਪ ਸਿੰਘ ਦੀ ਸਿਹਤ ਵਿਗੜ ਗਈ। ਯੂਨੀਵਰਸਿਟੀ ਦੀ ਡਿਸਪੈਂਸਰੀ ਤੋਂ ਡਾਕਟਰ ਨੂੰ ਬੁਲਾਇਆ ਗਿਆ ਪਰ ਜ਼ਿਆਦਾ ਦਿੱਕਤ ਨਹੀਂ ਸੀ। 23 ਨਵੰਬਰ ਦੀ ਰਾਤ 9.30 ਵਜੇ ਪੁਰਸਾ ਦੀ ਆਗੂ ਤੇਵਾਸ਼ਪ੍ਰੀਤ ਨੇ ਭੁੱਖ ਹੜਤਾਲ ਬਦਲੀ ਬਾਕੀ ਵਿਦਿਆਰਥੀਆਂ ਨੇ ਫੈਸਲਾ ਕੀਤਾ ਕਿ ਭੁੱਖ ਹੜਤਾਲ 48 ਘੰਟੇ ਦੀ ਕਰਨਗੇ। ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਅਤੇ ਤੇਵਾਸ਼ਪ੍ਰੀਤ ਦੀ ਥਾਂ ਤੇ ਏ.ਆਈ.ਐਸ.ਐਫ. ਦੇ ਸੂਬਾ ਮੀਤ ਸਕੱਤਰ ਵਰਿੰਦਰ ਨੇ ਲਈ। 24 ਨਵੰਬਰ 6 ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਸਨ। ਯੂਨੀਵਰਸਿਟੀ ਪ੍ਰਸ਼ਾਸਨ ਸਾਰਾ ਦਿਨ ਕੋਸ਼ਿਸ਼ ਵਿਚ ਸੀ ਕਿ ਕਿਵੇਂ ਵਿਦਿਆਰਥੀਆਂ ਨੂੰ ਭੁੱਖ ਹੜਤਾਲ ਤੋਂ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰੋਂ ਉਠਾਇਆ ਜਾਵੇ। ਪ੍ਰਸ਼ਾਸਨ ਦੇ ਹੱਥਾਂ ਪੈਰਾਂ ਦੀ ਬਣੀ ਹੋਈ ਸੀ ਕਿ ਅਗਲੇ ਦਿਨ ਯੂਨੀਵਰਸਿਟੀ ਖੁੱਲਣੀ ਹੈ ਤੇ ਵਾਈਸ ਚਾਂਸਲਰ ਦਾ ਦਫਤਰ ਇਕ ਇਨਕਲਾਬੀ ਦਫਤਰ ਵਿਚ ਤਬਦੀਲ ਹੋਇਆ ਪਿਆ ਹੈ। ਪ੍ਰਸ਼ਾਸਨ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਪਰ ਤਿੰਨੋ ਜਥੇਬੰਦੀਆਂ ਸੀ ਕਿ ਆਪਣੀ ਜ਼ਿੱਦ ਤੇ ਅੜੀਆਂ ਹੋਈਆਂ ਸਨ। ਉਸੇ ਦਿਨ 2 ਵਾਰ ਵਿਦਿਆਰਥੀਆਂ ਨਾਲ ਮੀਟਿੰਗ ਹੋਈ ਪਰ ਮੰਗਾਂ ਪੂਰੀਆਂ ਨਾ ਹੋਣ ਕਰਕੇ ਗੱਲ ਕਿਸੇ ਸਿਰੇ ਨਾ ਲੱਗੀ।

25 ਨਵੰਬਰ ਆਖੀਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਦਿਆਰਥੀਆਂ ਅੱਗੇ ਝੁਕਣਾ ਪਿਆ, ਉਹਨਾਂ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨਣੀਆਂ ਪਈਆਂ। ਅੰਤ ਲਿਖਤੀ ਸਮਝੌਤਾ ਹੋਇਆ ਜਿਸ ਵਿਚ ਸਾਰੀਆਂ ਮੰਗਾਂ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਕਿ ਇਹ ਮੰਗ ਐਨੇ ਦਿਨਾਂ ਵਿਚ ਪੂਰੀ ਹੋ ਜਾਵੇਗੀ। ਵਿਦਿਆਰਥੀਆਂ ਦੀ ਇਕ ਮੰਗ ਹੋਰ ਸੀ ਕਿ ਜੋ 176 ਵਿਦਿਆਰਥੀਆਂ ਉੱਪਰ ਨਾਜਾਇਜ਼ ਪਰਚੇ ਦਰਜ਼ ਕੀਤੇ ਗਏ ਹਨ ਉਹ ਬਿਨ੍ਹਾਂ ਕਿਸੇ ਸ਼ਰਤ ਵਾਪਸ ਲਏ ਜਾਣ। ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਸ ਤੇ ਸਮਾਂ ਲੱਗੇਗਾ। ਤਿੰਨਾਂ ਜਥੇਬੰਦੀਆਂ ਦੇ ਆਗੂਆਂ ਨੇ ਇਸ ਤੇ ਸਹਿਮਤੀ ਪ੍ਰਗਟਾਈ ਕਿ ਜਦ ਤੱਕ ਵਿਦਿਆਰਥੀਆਂ ਉੱਪਰ ਦਰਜ਼ ਝੂਠੇ ਪਰਚੇ ਰੱਦ ਨਹੀਂ ਹੁੰਦੇ ਉਦੋਂ ਤੱਕ ਭੁੱਖ ਹੜਤਾਲ ਦੀ ਜਗ੍ਹਾ ਬਦਲ ਕੇ ਯੂਨੀਵਰਸਿਟੀ ਦੀ ਲਾਈਬ੍ਰੇਰੀ ਦੇ ਬਾਹਰ ਬੈਠਿਆ ਜਾਵੇ। ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਨੂੰ ਡਾ. ਬਲਵਿੰਦਰ ਟਿਵਾਣਾ, ਡਾ. ਨਿਸ਼ਾਨ ਸਿੰਘ ਪ੍ਰਵੋਸਟ, ਨੇ ਜੂਸ ਪਿਆ ਕੇ ਉਠਾਇਆ। ਵਿਦਿਆਰਥੀਆਂ ਨੇ ਸਾਰੀ ਯੂਨੀਵਰਸਿਟੀ ਵਿਚ ਜੇਤੂ ਰੈਲੀ ਵੀ ਕੱਢੀ। ਜੇਤੂ ਰੈਲੀ ਵਿਚ ਸੈਂਕੜੇ ਵਿਦਿਆਰਥੀ ਸ਼ਾਮਿਲ ਹੋਏ। ਜੇਤੂ ਰੈਲੀ ਯੂਨੀਵਰਸਿਟੀ ਦੀ ਮੇਨ ਲਾਈਬ੍ਰੇਰੀ ਕੋਲ ਜਾ ਕੇ ਖਤਮ ਕੀਤੀ ਗਈ ਉੱਥੇ ਏ.ਆਈ.ਐਸ.ਐਫ. ਦੇ ਸੂਬਾ ਪ੍ਰਧਾਨ ਸੁਮੀਤ ਸ਼ੰਮੀ, ਐਸ.ਐਫ.ਆਈ. ਦੇ ਸੂਬਾ ਪ੍ਰਧਾਨ ਹਰਿੰਦਰ ਬਾਜਵਾ ਅਤੇ ਪੁਰਸਾ ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉੱਥੇ ਵਿਦਿਆਰਥੀ ਆਗੂਆਂ ਨੇ ਐਲਾਨ ਵੀ ਕੀਤਾ ਕਿ ਵਿਦਿਆਰਥੀਆਂ ਉੱਪਰ ਦਰਜ਼ ਝੂਠੇ ਪਰਚੇ ਰੱਦ ਕਰਵਾਉਣ ਲਈ ਇਕ ਵਿਦਿਆਰਥੀ ਲਗਾਤਾਰ ਭੁੱਖ ਹੜਤਾਲ ਤੇ ਬੈਠੇਗਾ। ਸਵੇਰੇ 11 ਵਜੇ ਤੋਂ ਹੀ ਏ.ਆਈ.ਐਸ.ਐਫ. ਦੇ ਸੂਬਾ ਮੀਤ ਸਕੱਤਰ ਵਰਿੰਦਰ ਨੇ ਭੁੱਖ ਹੜਤਾਲ ਜਾਰੀ ਰੱਖੀ।

ਮੰਗਾਂ ਜੋ ਲਿਖਤੀ ਤੌਰ ਤੇ ਮੰਨੀਆਂ ਗਈਆਂ ਉਹ ਇਸ ਤਰ੍ਹਾਂ ਸਨ:
• ਦੋ ਕੰਟੀਨ ਬੂਥ ਮਿਤੀ 22 ਦਸੰਬਰ 2014 ਤੱਕ ਬਣਾਏ ਜਾਣਗੇ।
• ਪਿਛਲੇ ਸਮੇਂ ਵਧਾਈਆਂ ਗਈਆਂ ਫੀਸਾਂ ਦਾ ਰੀਫੰਡ ਲੈਣ ਲਈ ਵਿਭਾਗਾਂ ਵਿਚੋਂ ਵਿਦਿਆਰਥੀ ਇਕ ਹਫਤੇ ਦੇ ਅੰਦਰ ਅਰਜ਼ੀਆਂ ਦੇਣਗੇ ਅਤੇ ਇਹਨਾਂ ਫੀਸਾਂ ਨੂੰ ਦੋ ਹਫਤੇ ਦੇ ਅੰਦਰ ਰੀਫੰਡ ਕੀਤਾ ਜਾਵੇਗਾ।
• ਕੰਟੀਨਾਂ ਦੇ ਰੇਟ ਨਿਰਧਾਰਤ ਕਰਨ ਲਈ 26-11-2014 ਨੂੰ ਮੀਟਿੰਗ ਕੀਤੀ ਜਾਵੇਗੀ ਅਤੇ 27-11-2014 ਤੱਕ ਰੇਟ ਲਿਸਟਾਂ ਲੱਗ ਜਾਣਗੀਆਂ।
• ਐਮ.ਫਿਲ ਅਤੇ ਪੀ-ਐਚ.ਡੀ. ਦੇ ਥੀਸਸ ਦੀ ਜਮ੍ਹਾਂ ਕਰਵਾਉਣ ਵਾਲੀ ਫੀਸ ਪਿਛਲੇ ਸਾਲ ਵਾਲੀ ਹੀ ਰਹੇਗੀ।
• ਰਿਸਰਚ ਸਕਾਲਰਜ਼ ਨੂੰ ਕਲਾਸਾਂ ਲਗਾਉਣ ਸਬੰਧੀ ਯੋਗਤਾ ਪੱਤਰ ਵਿਭਾਗ ਦੇ ਮੁਖੀ ਵੱਲੋਂ ਜਾਰੀ ਕੀਤਾ ਜਾਵੇਗਾ।
• ਲੜਕੀਆਂ ਦੇ ਹੋਸਟਲ ਦਾ ਸਮਾਂ ਵਧਾ ਕੇ 7 ਵਜੇ ਸ਼ਾਮ ਕੀਤਾ ਜਾਵੇਗਾ ਅਤੇ ਸਵੇਰੇ ਖੁੱਲਣ ਦਾ ਸਮਾਂ 5.30 ਹੋਵੇਗਾ। ਮਿਤੀ 15-01-2015 ਤੋਂ ਇਹ ਸਮਾਂ ਸ਼ਾਮ 7.30 ਕਰ ਦਿੱਤਾ ਜਾਵੇਗਾ।
• ਜਿੰਨਾਂ ਵਿਭਾਗਾਂ ਦਾ ਸਿਲੇਬਸ ਪੁਰਾ ਨਹੀਂ ਹੋਇਆ ਉਹਨਾਂ ਵਿਭਾਗਾਂ ਦੇ ਪੇਪਰ ਮੁਲਤਵੀ ਕਰੇ ਜਾਣਗੇ।
• ਮਿਤੀ 20 ਨਵੰਬਰ ਦੀ ਘਟਨਾ ਦੇ ਸਬੰਧ ਵਿਚ ਜਿਹੜੇ ਪੁਲਿਸ ਕੇਸ ਵਿਦਿਆਰਥੀਆਂ ਖਿਲਾਫ ਦਰਜ਼ ਹੋਏ ਉਸ ਸਬੰਧੀ ਰਜਿਸਟਰਾਰ ਸਾਹਿਬ ਦੇ ਅਧੀਨ ਕਮੇਟੀ ਬਣਾ ਕੇ ਕੇਸ ਰੱਦ ਕਰਵਾਉਣ ਦੀ ਪ੍ਰਕਿਰਿਆ ਕੀਤੀ ਜਾਵੇਗੀ।
• ਫਾਰਮੇਸੀ ਵਿਭਾਗ ਵਾਲੇ ਪਾਸੇ ਸੜ੍ਹਕ ਤੇ ਲਾਈਟਾਂ ਲਗਵਾ ਦਿੱਤੀਆਂ ਜਾਣਗੀਆਂ ਅਤੇ ਸਕਿਉਰਟੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
• ਗੋਲ ਮਾਰਕਿਟ ਵਿਖੇ ਪੀਣ ਵਾਲੇ ਪਾਣੀ ਲਈ ਵਾਟਰ ਕੂਲਰ ਮਰਚ, 2015 ਤੱਕ ਲਗਵਾਇਆ ਜਾਵੇਗਾ।
ਇਹ ਸਾਰੀਆਂ ਮੰਗਾਂ ਮੰਨਵਾਉਣ ਲਈ ਵਿਦਿਆਰਥੀ ਆਗੂ ਯੂਨੀਵਰਸਿਟੀ ਅਧਿਕਾਰੀਆਂ ਨਾਲ ਤਾਲਮੇਲ ਵੀ ਕਰਨਗੇ।

ਇਸ ਤੋਂ ਬਾਅਦ 26 ਨਵੰਬਰ ਨੂੰ ਐਸ.ਐਫ.ਆਈ ਦੇ ਆਗੂ ਜਸਪ੍ਰੀਤ ਸੰਧੂ, 27 ਨਵੰਬਰ ਪੁਰਸਾ ਪ੍ਰਧਾਨ ਇੰਦਰਜੀਤ ਸਿੰਘ, 28 ਨਵੰਬਰ ਏ.ਆਈ.ਐਸ.ਐਫ. ਦੀ ਆਗੂ ਜੋਤੀ ਗੋਲਡਨ, 29 ਨਵੰਬਰ ਮਨਜਿੰਦਰ ਕੌਰ, 30 ਨਵੰਬਰ ਊਸ਼ਾ ਰਾਣੀ, 1 ਦਸੰਬਰ ਅਰਸ਼ ਸੰਧੂ, 2 ਅਤੇ 3 ਦਸੰਬਰ ਲਗਾਤਾਰ 48 ਘੰਟੇ ਲਈ ਐਸ.ਐਫ.ਆਈ. ਦੇ ਸੂਬਾ ਪ੍ਰਧਾਨ ਹਰਿੰਦਰ ਬਾਜਵਾ, 4 ਦਸੰਬਰ ਏ.ਆਈ.ਐਸ.ਐਫ. ਦੇ ਜ਼ਿਲ੍ਹਾ ਸਕੱਤਰ ਪਰਮਪ੍ਰੀਤ ਪੜਤੇਵਾਲਾ ਅਤੇ 5 ਦਸੰਬਰ ਨੂੰ ਪੁਰਸਾ ਦੀ ਆਗੂ ਬਿੰਦਰਪਾਲ ਕੌਰ ਭੁੱਖ ਹੜਤਾਲ ਤੇ ਬੈਠੇ। 5 ਦਸੰਬਰ ਤੱਕ ਲਗਾਤਾਰ ਭੁੱਖ ਹੜਤਾਲ 15ਵੇਂ ਦਿਨ ਵਿਚ ਦਾਖਲ ਹੋ ਗਈ ਸੀ। 8 ਦਸੰਬਰ ਤੋ ਵਿਦਿਆਰਥੀਆਂ ਦੇ ਇਮਤਿਹਾਨ ਵੀ ਸ਼ੁਰੂ ਹੋਣੇ ਸਨ। ਪਰ ਵਿਦਿਆਰਥੀਆਂ ਵਿਚ ਉਤਸ਼ਾਹ ਸੀ ਅਤੇ ਉਹ ਭੁੱਖ ਹੜਤਾਲ ਵਾਲੀ ਜਗ੍ਹਾ ਆਉਂਦੇ ਅਤੇ ਭੁੱਖ ਹੜਤਾਲ ਤੇ ਬੈਠੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ। ਤਿੰਨੋ ਜਥੇਬੰਦੀਆਂ ਦੀ ਯੂਨੀਵਰਸਿਟੀ ਵਿਚਲੇ ਵਿਦਿਆਰਥੀਆਂ ਵਿਚ ਲੋਕਪ੍ਰਿਅਤਾ ਦਿਨੋਂ ਦਿਨ ਵਧ ਰਹੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਦੇ ਨੱਕ ਵਿਚ ਦਮ ਹੋ ਚੁੱਕਾ ਸੀ।

ਆਖਰ 5 ਦਸੰਬਰ ਨੂੰ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਉਹ ਪੱਤਰ ਦਿਖਾਇਆ ਜੋ ਪੁਲਿਸ ਪ੍ਰਸ਼ਾਸਨ ਨੂੰ ਭੇਜਿਆ ਸੀ। ਉਸ ਵਿਚ ਲਿਖਿਆ ਸੀ ਕਿ ਮਿਤੀ 20 ਨਵੰਬਰ ਨੂੰ ਹੋਈ ਘਟਨਾ ਵਿਚ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਬੇਕਸੂਰ ਹਨ ਸੋ ਇਹਨਾਂ ਉੱਪਰ ਦਰਜ਼ ਸਾਰੇ ਪਰਚੇ ਰੱਦ ਕੀਤੇ ਜਾਣ। ਵਿਦਿਆਰਥੀਆਂ ਨੂੰ ਨਵੇਂ ਆਏ ਸਕਿਉਰਟੀ ਇੰਚਾਰਜ ਧਰਮ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ 15-20 ਦਿਨਾਂ ਦੇ ਅੰਦਰ 176 ਵਿਦਿਆਰਥੀਆਂ ਉੱਪਰ ਦਰਜ਼ ਪਰਚੇ ਰੱਦ ਕਰਵਾਏ ਜਾਣਗੇ। ਜਿਸ ਕਾਰਨ ਵਿਦਿਆਰਥੀ ਆਗੂਆਂ ਨੇ ਭੁੱਖ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ। ਇਸ ਸਮੇਂ ਵਿਦਿਆਰਥੀ ਆਗੂਆਂ ਨੇ ਐਲਾਨ ਕੀਤਾ ਕਿ ਵਿਦਿਆਰਥੀਆਂ ਦੇ ਇਮਤਿਹਾਨ ਵੀ ਹਨ ਅਤੇ ਇਸ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਮਾਂ ਮਿਲ ਜਾਵੇਗਾ ਜੇਕਰ ਨਿਰਧਾਰਿਤ ਸਮੇਂ ਵਿਚ ਵਿਦਿਆਰਥੀਆਂ ਤੇ ਦਰਜ਼ ਕੀਤੇ ਝੂਠੇ ਪਰਚੇ ਰੱਦ ਨਹੀਂ ਹੁੰਦੇ ਤਾਂ ਵਿਦਿਆਰਥੀ ਪੇਪਰਾਂ ਤੋਂ ਬਾਅਦ ਫਿਰ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ ਅਤੇ ਪੂਰੇ ਪੰਜਾਬ ਵਿਚ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਐਲਾਨ ਤੋਂ ਬਾਅਦ ਤਿੰਨੋ ਜਥੇਬੰਦੀਆਂ ਨੇ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ। ਇਸ ਸਾਰੇ ਘਟਨਾ ਕ੍ਰਮ ਅਤੇ ਵਿਦਿਆਰਥੀ ਸੰਘਰਸ਼ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਉਹਨਾਂ ਜ਼ੁਲਮ ਖਿਲਾਫ਼ ਲੜ ਕੇ ਸੱਚਮੁਚ ਗੁਰੂ ਗੋਬਿੰਦ ਸਿੰਘ, ਭਗਤ ਸਿੰਘ, ਕਰਤਾਰ ਸਿੰਘ ਸਰਾਭੇ ਦੇ ਵਾਰਸ ਹੋਣ ਦਾ ਸਬੂਤ ਦਿੱਤਾ। ਵਿਦਿਆਰਥੀਆਂ ਦੇ ਇਸ ਲਾ-ਮਿਸਾਲ ਸੰਘਰਸ਼ ਨੂੰ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ।
                                                                          
ਸੰਪਰਕ: +91 94636 28811

Comments

vikram sangrur

bhoot vadya likhya shammi veer... bhoot dukh hundaa hai jadoo v eh velaa chetee aundaa..

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ