Mon, 09 December 2024
Your Visitor Number :-   7279093
SuhisaverSuhisaver Suhisaver

ਕੱਚ, ਸੱਚ ਤੇ ‘ਸਾਡਾ ਹੱਕ’ -ਬਲਜੀਤ ਬੱਲੀ

Posted on:- 08-04-2013

suhisaver

ਫ਼ਿਲਮ ‘ਸਾਡਾ ਹੱਕ’ ਦਾ ਵਿਸ਼ਾ, ਕਹਾਣੀ, ਪੇਸ਼ਕਾਰੀ, ਇਸ ਵਿਚਲੇ ਕਿਰਦਾਰ, ਘਟਨਾਵਾਂ, ਗੀਤ-ਗਾਣੇ ਅਤੇ ਆਖ਼ਰੀ ਸੁਨੇਹਾ ਸਭ ਕੁਝ ਅਜਿਹਾ ਹੈ ਜੋ ਸਰਕਾਰੀ ਤੰਤਰ ਤੇ ਸਮਾਜ ਦੇ ਹਰ ਵਰਗ ਦੇ ਹਜਮ ਹੋਣ ਵਾਲਾ ਨਹੀਂ ਹੈ। ਕੁਲਜਿੰਦਰ ਸਿੱਧੂ ਅਤੇ ਦਿਨੇਸ਼ ਸੂਦ ਵੱਲੋਂ ਬਣਾਈ ਗਈ ਇਹ ਫ਼ਿਲਮ ਅੱਠਵੇਂ ਅਤੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਸੰਤਾਪ ਭਰੇ ਦੌਰ ਦੇ ਕੁਝ ਪੱਖਾਂ ਅਤੇ ਕੁਝ ਇੱਕ ਘਟਨਾਵਾਂ ਉੱਪਰ ਅਧਾਰਿਤ ਜਾਪਦੀ ਹੈ। ਫ਼ਿਲਮ ‘ਸਾਡਾ ਹੱਕ’ ਵਿੱਚ ਪੇਸ਼ ਕਹਾਣੀ ਪੰਜਾਬ ਦੇ ਇੱਕ ਪਿੰਡ ਦੇ ਇੱਕ ਮੱਧਵਰਗੀ ਜ਼ਿੰਮੀਦਾਰ ਪਰਿਵਾਰ ਦੇ ਜੰਮਪਲ ਖਿਡਾਰੀ ਦੁਆਲੇ ਘੁੰਮਦੀ ਹੈ ਜਿਸਦਾ ਨਾਮ ਕਰਤਾਰ ਸਿੰਘ ਹੈ। ਇਹ ਰੋਲ ਖ਼ੁਦ ਕੁਲਜਿੰਦਰ ਸਿੱਧੂ ਨੇ ਬਾਖ਼ੂਬੀ ਨਿਭਾਇਆ ਹੈ। ਪੁਲੀਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਨਾਲ ਪੈਦਾ ਹੋਏ ਹਾਲਾਤ ਵਜੋਂ ਉਹ ਘਰੋਂ ਭੱਜਣ, ਰੂਪੋਸ਼ ਹੋਣ ਅਤੇ ਖ਼ਾਲਿਸਤਾਨੀ ਖਾੜਕੂ ਗਰੁੱਪ ਵਿੱਚ ਸ਼ਾਮਲ ਹੋਣ ਲਈ ਮਜਬੂਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਸ ਖਾੜਕੂ ਹਿੰਸਾ ਦਾ ਸਰਗਰਮ ਅਤੇ ਮੋਹਰੀ ਕਿਰਦਾਰ ਬਣ ਜਾਂਦਾ ਹੈ ਜੋ ਪੰਜਾਬ ਦਾ ਇੱਕ ਖ਼ੂਨੀ ਇਤਿਹਾਸ ਬਣ ਚੁੱਕੀ ਹੈ।



ਬਾਅਦ ਦੀ ਕਹਾਣੀ ਆਤਮਘਾਤੀ ਬੰਬ ਰਾਹੀਂ ਮਾਰੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਅਤੇ ਇਸ ਵਾਰਦਾਤ ਨਾਲ ਜੁੜੇ ਦੋਸ਼ੀ ਖਾੜਕੂ ਕਰਿੰਦਿਆਂ ਨੂੰ ਫ਼ਰਜ਼ੀ ਨਾਵਾਂ ਰਾਹੀਂ ਰੂਪਮਾਨ ਕਰਦੀ ਹੈ। ਇਸ ਫ਼ਿਲਮ ਵਿੱਚ ਵੀ ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਦੀ ਸੁਰੰਗ ਪੁੱਟ ਕੇ ਜੇਲ੍ਹ ਵਿੱਚੋਂ ਫਰਾਰ ਹੋਣ ਦੀ ਦਿਖਾਈ ਘਟਨਾ ਜਗਤਾਰ ਹਵਾਰਾ ਅਤੇ ਉਸਦੇ ਸਾਥੀਆਂ ਨਾਲ ਮਿਲਦੀ-ਜੁਲਦੀ ਹੈ।

ਫ਼ਿਲਮ ਵਿੱਚ ਗ੍ਰਹਿ ਮੰਤਰੀ ਨੂੰ ਆਤਮਘਾਤੀ ਬੰਬ ਨਾਲ ਉਡਾਉਣ ਦੀ ਘਟਨਾ ਜੇਲ੍ਹ ਵਿੱਚ ਫ਼ਰਾਰੀ ਤੋਂ ਬਾਅਦ ਦਿਖਾਈ ਗਈ ਹੈ ਜਦੋਂਕਿ ਅਸਲੀਅਤ ਵਿੱਚ ਬੇਅੰਤ ਸਿੰਘ ਦਾ ਕਤਲ ਪਹਿਲਾਂ ਕੀਤਾ ਗਿਆ ਸੀ ਅਤੇ ਜੇਲ੍ਹ ਵਿੱਚੋਂ ਜਗਤਾਰ ਹਵਾਰਾ ਦੀ ਫ਼ਰਾਰੀ ਬਾਅਦ ਵਿੱਚ ਹੋਈ ਸੀ। ਲਗਪਗ ਉਸੇ ਤਰ੍ਹਾਂ ਹੀ ਪੰਜਾਬ ਪੁਲੀਸ ਦੇ ਕਰਿੰਦੇ ਹੀ ਆਤਮਘਾਤੀ ਬੰਬ ਬਣੇ ਦਿਖਾਏ ਗਏ ਹਨ। ਪੁਲੀਸ ਦੇ ਅਫ਼ਸਰਾਂ ਦੇ ਫ਼ਿਲਮ ਵਿਚਲੇ ਕਿਰਦਾਰ ਵੀ ਕਈ ਪੁਲੀਸ ਅਧਿਕਾਰੀਆਂ ਨਾਲ ਮਿਲਦੇ-ਜੁਲਦੇ ਦਿਖਾਏ ਗਏ ਹਨ। ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖ ਨੌਜਵਾਨਾਂ ਬਾਰੇ ਖੋਜ ਰਿਪੋਰਟ ਇਕੱਠੀ ਕਰਦਾ ਪੁਲੀਸ ਹੱਥੋਂ ਮਾਰਿਆ ਕਿਰਦਾਰ ਵੀ ਜਸਵੰਤ ਸਿੰਘ ਖਾਲੜਾ ਵੱਲ ਹੀ ਇਸ਼ਾਰਾ ਕਰਦਾ ਹੈ।

‘ਸਾਡਾ ਹੱਕ’ ਦੀ ਕਹਾਣੀ ਦੁਆਰਾ ਅਰਾਜਕਤਾ ਭਰੇ ਮਾਹੌਲ ਦੌਰਾਨ ਦਹਿਸ਼ਤਪਸੰਦ ਗਰੁੱਪਾਂ ਵੱਲੋਂ ਕੀਤੇ ਜਾਂਦੇ ਮਾਸੂਮ ਤੇ ਨਿਰਦੋਸ਼ ਲੋਕਾਂ ਦੇ ਹਜ਼ਾਰਾਂ ਕਤਲਾਂ ਦੀ ਸਿਰਫ਼ ਇੱਕ-ਅੱਧ ਘਟਨਾ ਹੀ ਦਿਖਾਈ ਗਈ ਹੈ ਪਰ ਇਸ ਸਿਲਸਿਲੇ ਨੂੰ ਖਾੜਕੂਆਂ ਵਿੱਚ ਘੁਸੇ ਸਿਰਫ਼ ਗਲਤ ਅਨਸਰਾਂ ਜਾਂ ਪੁਲੀਸ ਦੇ ‘ਕੈਟਾਂ’ ਰਾਹੀਂ ਕਰਵਾਏ ਜਾਂਦੇ ਕਤਲ ਦਰਸਾਉਣ ਦਾ ਹੀ ਯਤਨ ਕੀਤਾ ਗਿਆ ਹੈ ਜਦੋਂਕਿ ਜਿਨ੍ਹਾਂ ਨੇ ਵੀ ਉਹ ਦੁਖਦਾਈ ਦੌਰ ਹੰਢਾਇਆ ਹੈ, ਉਹ ਸਭ ਜਾਣਦੇ ਹਨ ਕਿ ਉਸ ਹਿੰਸਾ ਵਿੱਚ ਹਜ਼ਾਰਾਂ ਸਧਾਰਨ ਲੋਕ ਬੇਕਸੂਰ ਸਮੂਹਿਕ ਜਾਂ ਵਿਅਕਤੀਗਤ ਰੂਪ ਵਿੱਚ ਹੀ ਖਾੜਕੂਆਂ ਵੱਲੋਂ ਕਈ ਵਾਰ ਵਿਉਂਤਬਧ ਤਰੀਕੇ ਨਾਲ ਮਾਰੇ ਗਏ ਸਨ। ਇਸ ਲਈ ਇਹ  ਕਿਹਾ ਸਕਦਾ ਹੈ ਕਿ ਫ਼ਿਲਮ ਵਿੱਚ ਉਸ ਦੌਰ ਦੀਆਂ ਕੁਝ ਕੌੜੀਆਂ ਹਕੀਕਤਾਂ ਅਤੇ ਕੁਝ ਅਹਿਮ ਪੱਖਾਂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਉਹ ਆਪਣੇ-ਆਪ ਵਿੱਚ ਕੌੜਾ ਸੱਚ ਪਰ ਅਧੂਰਾ ਹੈ। ਵੈਸੇ ਕਿਸੇ ਵੀ ਇੱਕ ਫ਼ਿਲਮ ਵਿੱਚ ਇੰਨੇ ਲੰਮੇ ਦੌਰ ਦਾ ਪੂਰਾ ਸੱਚ ਦਿਖਾਇਆ ਵੀ ਨਹੀਂ ਜਾ ਸਕਦਾ ਤੇ ਕੁਝ ਉਭਰਵੇਂ ਜਾਂ ਚੋਣਵੇਂ ਪੱਖਾਂ ਅਤੇ ਹਕੀਕਤਾਂ ਨੂੰ ਹੀ ਰੂਪਮਾਨ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਤਾਂ ਆਮ ਲੋਕ ਖਾੜਕੂਵਾਦ ਦੀ ਬੇਦਰਦ ਹਿੰਸਾ ਦਾ ਸ਼ਿਕਾਰ ਵੀ ਹੋਏ ਸਨ ਅਤੇ ਪੁਲੀਸਤੰਤਰ ਦੀ ਗੈਰ-ਮਨੁੱਖੀ ਹਿੰਸਾ ਦੇ ਵੀ। 1990-91 ਵਿੱਚ ਇੱਕ ਅਜਿਹਾ ਦੌਰ ਵੀ ਆਇਆ ਸੀ ਜਦੋਂ ਆਮ ਲੋਕਾਂ ਦੀ ਹਾਲਤ ਚੱਕੀ ਦੇ ਦੋ ਪਿੜਾਂ ਵਿੱਚ ਪਿਸਣ ਵਾਲੀ ਹੋ ਗਈ ਸੀ। ਇਸ ਦੌਰਾਨ ਅਨੇਕਾਂ ਪਰਿਵਾਰ ਦੋਵਾਂ ਧਿਰਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ ਸਨ। ਦਰਅਸਲ, ਪੰਜਾਬ ਦੇ ਖ਼ੂਨੀ, ਭਿਆਨਕ ਅਤੇ ਸੰਤਾਪ ਭਰੇ ਦੌਰ ਵਿੱਚ ਜੋ ਕੁਝ ਵਾਪਰਿਆ, ਉਸ ਦਾ ਕੋਈ ਸਰਬ-ਸਾਂਝਾ ਨਿਪਟਾਰਾ ਵੀ ਨਹੀਂ ਹੋਇਆ ਕਿ ਇਸ ਦੇ ਕੀ ਕਾਰਨ ਸਨ, ਕੌਣ-ਕੌਣ, ਕਿਹੜੀਆਂ-ਕਿਹੜੀਆਂ ਧਿਰਾਂ ਦੋਸ਼ੀ ਸਨ? ਕਿਹੜੀ ਧਿਰ ਦਾ ਕਿੰਨਾ ਕਸੂਰ ਸੀ? ਭਾਰਤੀ ਰਾਜ ਅਤੇ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਕਿਹੋ ਜਿਹੀ ਸੀ? ਇਸ ਵਿੱਚ ਬਾਹਰਲੇ ਮੁਲਕਾਂ ਅਤੇ ਉੱਥੋਂ ਦੀਆਂ ਏਜੰਸੀਆਂ ਦਾ ਕੀ ਰੋਲ ਸੀ? ਚੁਰਾਸੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤਕ ਸਜ਼ਾਵਾਂ ਕਿਉਂ ਨਹੀਂ ਮਿਲੀਆਂ ਆਦਿ।

ਬੇਸ਼ੱਕ ਇਸ ਫ਼ਿਲਮ ਵਿੱਚ ਸਮੁੱਚੇ ਸਿਸਟਮ ਦੀ ਤਬਦੀਲੀ ਦੇ ਸੰਵਾਦ ਸੁਣਨ ਨੂੰ ਮਿਲਦੇ ਹਨ ਪਰ ਖਾੜਕੂ ਲਹਿਰ ਨਾਲ ਸਬੰਧਤ ਹੁੰਦੀ ਹੋਈ ਵੀ ‘ਸਾਡਾ ਹੱਕ’ ਦੀ ਕਹਾਣੀ ਵਿੱਚ ਕੋਈ ਵਿਚਾਰਧਾਰਕ ਡੂੰਘਾਈ ਨਹੀਂ ਲੱਭਦੀ। ਪੰਜਾਬ ਦੇ ਉਸ ਹਿੰਸਕ ਦੌਰ ਬਾਰੇ ਬਣੀਆਂ ਦੋ ਫ਼ਿਲਮਾਂ ਚਰਚਿਤ ਹੋਈਆਂ ਸਨ। ਇੱਕ ਇਕਬਾਲ ਢਿੱਲੋਂ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ- ‘ਤਬਾਹੀ’ ਅਤੇ ਦੂਜੀ ਗੁਲਜ਼ਾਰ ਵੱਲੋਂ ਬਣਾਈ ਗਈ ਹਿੰਦੀ ਫ਼ਿਲਮ- ‘ਮਾਚਿਸ’। ‘ਸਾਡਾ ਹੱਕ’ ਫ਼ਿਲਮ ਦਾ ਵਿਸ਼ਾ ਪੰਜਾਬ ਦੇ ਉਸ ਦੌਰ ਬਾਰੇ ਗੁਲਜ਼ਾਰ ਵੱਲੋਂ 1996 ਵਿੱਚ ਬਣਾਈ ਗਈ ਫ਼ਿਲਮ ‘ਮਾਚਿਸ’ ਨਾਲ ਮਿਲਦਾ-ਜੁਲਦਾ ਹੈ। ਇਸਦਾ ਪ੍ਰੇਰਨਾ ਸਰੋਤ ਬੇਅੰਤ ਸਿੰਘ ਕਤਲ ਕਾਂਡ ਨਾਲ ਜੁੜੇ ਜਗਤਾਰ ਹਵਾਰਾ ਅਤੇ ਉਨ੍ਹਾਂ ਦੇ ਸਾਥੀ ਲੱਗਦੇ ਹਨ। ਕਲਾਕਾਰੀ, ਗੋਂਦ ਅਤੇ ਡੂੰਘਾਈ ਪੱਖੋਂ ਦੇਖਿਆਂ ‘ਮਾਚਿਸ’ ਦਾ ਮਿਆਰ ਕਿਤੇ ਉੱਚਾ ਸੀ। ਉਸ ਵਿੱਚ ਪਾਤਰਾਂ ਦੇ ਕਿਰਦਾਰ ਵੀ ਓਮ ਪੁਰੀ ਅਤੇ ਤੱਬੂ ਵਰਗੇ ਚੋਟੀ ਦੇ ਕਲਾਕਾਰਾਂ ਨੇ ਨਿਭਾਏ ਸਨ। ਇਹ ਫ਼ਿਲਮ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਸੀ। ਦੂਜੇ ਪਾਸੇ ‘ਸਾਡਾ ਹੱਕ’ ਫ਼ਿਲਮ ਦੀ ਅਪੀਲ  ਧਾਰਮਿਕ ਅਤੇ ਜਜ਼ਬਾਤੀ ਵਧੇਰੇ ਹੈ। ਇਹ ਆਪਣੀ ਕਿਸਮ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਵੱਖ-ਵੱਖ ਵਰਗ ਅਤੇ ਵਿਅਕਤੀ ਆਪਣੀ-ਆਪਣੀ ਨਜ਼ਰ ਨਾਲ ਦੇਖਣਗੇ, ਉਹ ਅਰਥ ਵੀ ਆਪਣੇ-ਆਪਣੇ ਕੱਢਣਗੇ ਤੇ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਵੱਖ-ਵੱਖ ਹੋਣਗੀਆਂ। ‘ਸਾਡਾ ਹੱਕ’ ਫ਼ਿਲਮ ਵਿੱਚ ਦਿਖਾਈ ਹਿੰਸਾ ਨੂੰ ਭੜਕਾਊ ਅਤੇ ਇਕਤਰਫਾ ਆਖ ਕੇ ਇਸ ਦੀ ਨੁਕਤਾਚੀਨੀ ਵੀ ਹੋ ਸਕਦੀ ਹੈ ਅਤੇ ਹੋ ਵੀ ਰਹੀ ਹੈ।
ਬਣਤਰ ਪੱਖੋਂ ਇਸ ਫ਼ਿਲਮ ਦੀਆਂ  ਕੁਝ ਖ਼ੂਬੀਆਂ ਵੀ ਹਨ। ਸਿੱਖ  ਕਿਰਦਾਰਾਂ ਅਤੇ ਉਨ੍ਹਾਂ ਦੀ ਵੇਸ਼ਭੂਸ਼ਾ, ਠੇਠ ਪੰਜਾਬੀ ਭਾਸ਼ਾ ਵਿੱਚ ਬੋਲੇ ਗਏ ਸੰਵਾਦ, ਪੰਜਾਬ ਦੇ ਰਹਿਣ-ਸਹਿਣ ਦੀ ਸੁਭਾਵਿਕ ਅਤੇ ਹਕੀਕੀ ਪੇਸ਼ਕਾਰੀ ਪੱਖੋਂ ‘ਸਾਡਾ ਹੱਕ’ ਬਹੁਤ ਸਲਾਹੁਣਯੋਗ ਹੈ। ‘ਸਾਡਾ ਹੱਕ’ ਵਿੱਚ ਬਹੁਤੇ ਮੁੱਖ ਪਾਤਰ ਰਹਿਣੀ- ਬਹਿਣੀ ਅਤੇ ਬੋਲਚਾਲ ਪੱਖੋਂ ਜਿਉਂਦੇ-ਜਾਗਦੇ ਅਸਲੀ ਪਾਤਰ ਦਿਖਾਈ ਦਿੰਦੇ ਹਨ। ਫ਼ਿਲਮ ਵਿੱਚ ਮਲਵਈ ਪੰਜਾਬੀ ਦਾ ਬੋਲਬਾਲਾ ਹੈ। ਗੀਤ-ਸੰਗੀਤ ਵੀ ਫ਼ਿਲਮ ਦੀ ਪੇਸ਼ਕਾਰੀ ਵਾਂਗ ਜਜ਼ਬਾਤੀ ਅਤੇ ਬਾਗ਼ੀ ਸੁਰ ਵਾਲਾ ਹੈ।

ਇਸ ਫ਼ਿਲਮ ਵਿੱਚ ਉਨ੍ਹਾਂ ਬੱਚਿਆਂ ਦੀ ਸੰਭਾਲ ਦੇ ਵਿਸ਼ੇ ਨੂੰ ਛੋਹਿਆ ਗਿਆ ਹੈ ਜਿਨ੍ਹਾਂ ਦੇ ਮਾਪੇ ਪੁਲੀਸ ਹੱਥੋਂ ਮਾਰੇ ਗਏ ਸਨ। ਮਿਸਾਲ ਵਜੋਂ ਅਮਰੀਕਾ ਤੋਂ ਮਨੁੱਖੀ ਅਧਿਕਾਰਾਂ ਬਾਰੇ ਖੋਜ ਕਰਨ ਆਉਂਦੀ ਕੁੜੀ ਨੂੰ ਪੇਸ਼ ਕੀਤਾ ਗਿਆ ਹੈ। ਜ਼ਿਕਰ ਕਰਨਾ ਬਣਦਾ ਹੈ ਅਤਿਵਾਦ ਦੌਰਾਨ ਇੱਕ ਪਾਸੇ ਪੁਲੀਸ ਹੱਥੋਂ ਅਤੇ ਦੂਜੇ ਪਾਸੇ ਅਤਿਵਾਦੀਆਂ ਹੱਥੋਂ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਲਾਵਾਰਿਸ ਬੱਚਿਆਂ ਦੀ ਸਾਂਭ-ਸੰਭਾਲ ਪੰਜਾਬ ਵਿੱਚ ਅਮਨ ਹੋਣ ਤੋਂ ਬਾਅਦ ਵੀ ਇੱਕ ਅਹਿਮ ਸਿਆਸੀ ਅਤੇ ਸਮਾਜਿਕ ਸਮੱਸਿਆ ਰਹੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸਿੱਖ ਜਗਤ ਦੀਆਂ ਕੁਝ ਮੋਹਤਬਰ ਹਸਤੀਆਂ ਅਤੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਇਹ ਫ਼ਿਲਮ ਇਸ ਦੇ ਰਿਲੀਜ਼ ਤੋਂ ਪਹਿਲਾਂ ਦਿਖਾ ਕੇ ਇਸ ਦੇ ਪ੍ਰਚਾਰ        ਲਈ ਭਾਵੁਕ ਅਪੀਲ ਕਰਨ ਦਾ ਯਤਨ ਕੀਤਾ ਹੈ। ਬਿਨਾਂ ਸ਼ੱਕ ਇਹ ਫ਼ਿਲਮ ਕਈ ਦੁਖਦੀਆਂ ਰਗਾਂ ਨੂੰ ਵੀ ਛੇੜ ਸਕਦੀ ਹੈ।

ਸੰਪਰਕ: 99151-77722

Comments

Surjit Singh

Suhi Saver nu ik sawaal. Agar upar wali likhat Baljeet Balli di likhat hai taan fer aa likhat jo mein paste karan ja reha haan kisdi hai ? ਪੰਜਾਬ ਦੇ ਸੰਤਾਪ ਭਰੇ ਦੌਰ ਦੀਆਂ ਕੁਝ ਕੌੜੀਆਂ ਹਕੀਕਤਾਂ ਬਿਆਨ ਕਰਦੀ ਹੈ ਸਾਡਾ ਹੱਕ - ਤਿਰਛੀ ਨਜ਼ਰ / ਬਲਜੀਤ ਬੱਲੀ -91-991517722 - ਹਕੀਕਤ ਦਾ ਇੱਕ ਪਾਸਾ ਫ਼ਿਲਮਾਇਆ, ਪੂਰਾ ਸੱਚ ਨਹੀਂ. ਕਲਾਕਾਰੀ ਪੱਖੋਂ ਕਮਜ਼ੋਰੀਆਂ ਪਰ ਸਿੱਖ ਕਿਰਦਾਰਾਂ ਦੀ ਸਹੀ ਅਤੇ ਫੱਬਵੀਂ ਪੇਸ਼ਕਾਰੀ. - ਵਾਧੇ ਘਾਟੇ ਵਾਲੇ ਸਭ ਪਹਿਲੂਆਂ ਦੇ ਬਾਵਜੂਦ ਇਹ ਫ਼ਿਲਮ ਦੇਖਣਯੋਗ - ਕਲਾਕਾਰੀ ਪੱਖੋਂ ਕਮਜ਼ੋਰੀਆਂ ਪਰ ਸਿੱਖ ਕਿਰਦਾਰਾਂ ਦੀ ਸਹੀ ਅਤੇ ਫੱਬਵੀਂ ਪੇਸ਼ਕਾਰੀ - ਠੇਠ ਪੰਜਾਬੀ ਬੋਲੀ ਦੀ ਢੁਕਵੀਂ ਵਰਤੋਂ - ਫ਼ਿਲਮ ਦੇ ਸਕ੍ਰਿਪਟ ਅਤੇ ਪੇਸ਼ਕਾਰੀ ਵਿਚ ਡੂੰਘਾਈ ਦੀ ਘਾਟ - ਸਤਹੀ ਅਤੇ ਜ਼ਜ਼ਬਾਤੀ ਪਹਿਲੂ ਹਾਵੀ - ਨਵੇਕਲੀ ਅਤੇ ਵਿਵਾਦਾਂ ਭਰੀ ਪੰਜਾਬੀ ਫ਼ਿਲਮ ਸਾਡਾ ਹੱਕ ਦੀ ਰਿਲੀਜ਼ 5 ਅਪ੍ਰੈਲ ਨੂੰ - ਕਾਫ਼ੀ ਰੁਕਾਵਟਾਂ ਅਤੇ ਜਦੋਜਿਹਦ ਤੋਂ ਬਾਅਦ ਭਾਰਤੀ ਸੈਂਸਰ ਬੋਰਡ ਵੱਲੋਂ ਪਾਸ ਕੀਤੀ ਗਈ ਵਿਵਾਦ ਭਾਰੀ ਪੰਜਾਬੀ ਫ਼ਿਲਮ ਸਾਡਾ ਹੱਕ ਅੱਖਰ ਰਿਲੀਜ਼ ਹੋਣ ਦੇ ਨੇੜੇ ਹੈ। 5 ਅਪ੍ਰੈਲ ਨੂੰ ਦੇਸ਼ ਅਤੇ ਦੁਨੀਆ ਭਰ ਦੇ ਸਿਨੇਮਿਆਂ ਵਿਚ ਰਿਲੀਜ਼ ਹੋ ਰਹੀ ਇਸ ਫ਼ਿਲਮ ਤੇ ਜਿੰਨੇ ਸਵਾਲ ਤੇ ਇਤਰਾਜ਼ ਰਿਲੀਜ਼ ਸੈਂਸਰ ਬੋਰਡ ਨੇ ਉਠਾਏ , ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਉਸ ਤੋਂ ਵੀ ਵਧੇਰੇ ਸਵਾਲ ਉੱਠ ਸਕਦੇ ਨੇ। ਫ਼ਿਲਮ ਦਾ ਥੀਮ, ਇਸਦੀ ਕਹਾਣੀ, ਇਸਦੀ ਪੇਸ਼ਕਾਰੀ ਅਤੇ ਇਸ ਵਿਚਲੇ ਕਿਰਦਾਰ ਅਤੇ ਘਟਨਾਵਾਂ, ਗੀਤ - ਗਾਣੇ ਅਤੇ ਆਖ਼ਰੀ ਸੁਨੇਹਾ, ਸਭ ਕੁੱਝ ਅਜਿਹਾ ਹੈ ਜੋ ਸਰਕਾਰੀ ਤੰਤਰ ਅਤੇ ਸਮਾਜ ਦੇ ਹਰ ਵਰਗ ਦੇ ਹਜ਼ਮ ਆਉਣ ਵਾਲਾ ਨਹੀਂ ਹੈ।ਕੁਲਜਿੰਦਰ ਸਿੱਧੂ ਅਤੇ ਦਿਨੇਸ਼ ਸਿੱਧੂ ਵੱਲੋਂ ਬਣਾਈ ਗਈ ਇਹ ਫ਼ਿਲਮ 8ਵੇਂ ਅਤੇ ਨੌਵੇਂ ਦਹਾਕੇ ਦੌਰਾਨ ਪੰਜਾਬ ਦੇ ਸੰਤਾਪ ਭਰੇ ਦੌਰ ਦੇ ਕੁਝ ਪੱਖਾਂ ਅਤੇ ਕੁਝ ਇੱਕ ਘਟਨਾਵਾਂ ਨਾਲ ਰਲਦੀ ਮਿਲਦੀ ਕਹਾਣੀ ਤੇ ਅਧਾਰਤ ਹੈ।ਇਨ੍ਹਾ ਘਟਨਾਵਾਂ ਦੇ ਪੇਸ਼ਕਾਰੀ ਤੋਂ ਸਾਰੀ ਫ਼ਿਲਮ ਇਸ ਮਨੌਤ ਦਾ ਪ੍ਰਭਾਵ ਦਿੰਦੀ ਹੈ ਕਿ ਪੰਜਾਬ ਵਿਚ ੇ ਬਹੁਤ ਨੌਜਵਾਨਾ ਨੂੰ ਖਾਲਿਸਤਾਨੀ ਲਹਿਰ ਅਤੇ ਖਾੜਕੂਵਾਦ ਵੱਲ ਧੱਕਣ ਪਿਛੇ ਇੱਕ ਬਹੁਤ ਵੱਡਾ ਕਾਰਨ ਸਿੱਖਾਂ ਨਾਲ ਹੁੰਦਾ ਵਿਤਕਰਾ ਅਤੇ ਪੁਲਿਸ ਅਤੇ ਸੁਰੱਖਿਆ ਫੋਰਸ ਦਾ ਜ਼ਬਰ-ਜ਼ੁਲਮ, ਗ਼ੈਰ-ਮਨੁੱਖੀ ਵਤੀਰਾ,ਝੂਠੇ ਪੁਲਿਸ ਮੁਕਾਬਲੇ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਸੀ ।ਕਿਸੇ ਹੱਦ ਤੱਕ ਅਜਿਹੀ ਧਾਰਨਾ ਠੀਕ ਵੀ ਹੈ। ਮਨੁੱਖੀ ਅਧਿਕਾਰਾਂ ਦਾ ਜੋ ਘਾਣ ਉਸ ਦੌਰ ਵਿਚ ਹੋਇਆ, ਉਹ ਹੌਲਨਾਕ ਸੀ। ਸਾਡਾ ਹੱਕ ਵਿਚ ਪੇਸ਼ ਕਹਾਣੀ ਇਕ ਪੰਜਾਬ ਦੇ ਪਿੰਡ ਦੇ ਇੱਕ ਮੱਧਵਰਗੀ ਜ਼ਿਮੀਦਾਰ ਪਰਿਵਾਰ ਦੇ ਇੱਕ ਜੰਮਪਲ ਖਿਡਾਰੀ ਦੇ ਦੁਆਲੇ ਘੁੰਮਦੀ ਹੈ।ਨੌਜਵਾਨ ਦਾ ਨਾਂ ਕਰਤਾਰ ਸਿੰਘ ਹੈ। ਇਹ ਰੋਲ ਖ਼ੁਦ ਕੁਲਜਿੰਦਰ ਸਿੰਧੂ ਨੇ ਬਾਖ਼ੂਬੀ ਨਿਭਾਇਆ ਹੈ।ਪੁਲਿਸ ਦੇ ਧੱਕੇ ਸ਼ਾਹੀ ਦਾ ਸ਼ਿਕਾਰ ਹੋਣ ਨਾਲ ਪੈਦਾ ਹੋਏ ਹਾਲਾਤ ਵੱਜੋਂ ਉਹ ਘਰੋਂ ਭੱਜਣ, ਰੂਪੋਸ਼ ਹੋਣ ਅਤੇ ਖਾਲਿਸਤਾਨੀ ਖਾੜਕੂ ਗਰੁੱਪ ਵਿਚ ਸ਼ਾਮਲ ਹੋਣ ਲਈ ਮਜਬੂਰ ਹੋ ਜਾਂਦਾ ਹੈ।ਇਸ ਤੋਂ ਬਾਅਦ ਉਹ ਉਸ ਖਾੜਕੂ ਹਿੰਸਾ ਦਾ ਸਰਗਰਮ ਅਤੇ ਮੋਹਰੀ ਕਿਰਦਾਰ ਬਣ ਜਾਂਦਾ ਹੈ ਜੋ ਪੰਜਾਬ ਦਾ ਇੱਕ ਖ਼ੂਨੀ ਇਤਹਾਸ ਬਣ ਚੁੱਕੀ ਹੈ। ਬਾਅਦ ਦੀ ਕਹਾਣੀ ਆਤਮਘਾਤੀ ਬੰਬ ਰਹੀ ਮਾਰੇ ਗਏ ਪੰਜਾਬ ਦੇ ਸਾਬਕਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਅਤੇ ਇਸ ਵਾਰਦਾਤ ਨਾਲ ਜੁੜੇ ਦੋਸ਼ੀ ਖਾਲਿਸਤਾਨੀ ਕਰਿੰਦਿਆਂ ਨੂੰ ਫ਼ਰਜ਼ੀ ਜਾਂ ਬਦਲਵੇਂ ਨਵਾਂ ਰਾਹੀਂ ਰੂਪਮਾਨ ਕਰਦੀ ਹੈ ।ਇਸ ਫ਼ਿਲਮ ਵਿਚ ਵੀ ਕਰਤਾਰ ਸਿੰਘ ਅਤੇ ਉਸਦੇ ਸਾਥੀਆਂ ਦੀ ਸੁਰੰਗ ਪੁੱਟ ਕੇ ਜੇਲ੍ਹ ਵਿਚੋਂ ਫ਼ਰਾਰ ਹੋਣ ਦੀ ਦਿਖਾਈ ਘਟਨਾ , ਬੁੜੈਲ ਜੇਲ੍ਹ ਵਿਚੋਂ ਬੇਅੰਤ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਹਵਾਰਾ ਅਤੇ ਉਸ ਦੇ ਸਾਥੀਆਂ ਨਾਲ ਮਿਲਦੀ ਜੁਲਦੀ ਹੈ ਫ਼ਿਲਮ ਵਿਚ ਉਹ ਗ੍ਰਹਿ ਮੰਤਰੀ ਨੂੰ ਸੁਈਸਾਈਡ ਬੰਬ ਨਾਲ ਉਡਾਉਣ ਦੀ ਘਟਨਾ ਜੇਲ੍ਹ ਵਿਚ ਫ਼ਰਾਰੀ ਤੋਂ ਬਾਅਦ ਦਿਖਾਈ ਗਈ ਹੈ ਜਦੋਂ ਕਿ ਅਸਲੀਅਤ ਵਿਚ ਬੇਅੰਤ ਸਿੰਘ ਦਾ ਕਤਲ ਪਹਿਲਾਂ ਕੀਤਾ ਗਿਆ ਸੀ ਅਤੇ ਜੇਲ੍ਹ ਵਿਚੋਂ ਜਗਤਾਰ ਹਵਾਰਾ ਅਤੇ ਫ਼ਰਾਰੀ ਬਾਅਦ ਵਿਚ ਹੋਈ ਸੀ।ਲਗਭਗ ਉਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਕਰਿੰਦੇ ਹੀ ਸੁਈਸਾਈਡ ਬੰਬ ਬੰਦੇ ਦਿਖਾਏ ਗਏ ਹਨ। ਪੁਲਿਸ ਦੇ ਅਫ਼ਸਰਾਂ ਦੇ ਫ਼ਿਲਮ ਵਿਚਲੇ ਕਿਰਦਾਰ ਵੀ ਸਾਬਕਾ ਡੀ ਜੀ ਪੀ ਕੇ ਪੀ ਐਸ ਗਿੱਲ, ਸਾਬਕਾ ਐਸ ਐਸ ਪੀ ਤਰਤਾਰਨ ਅਜੀਤ ਸਿੰਘ ਸੰਧੂ ਅਤੇ ਬਟਾਲਾ ਦੇ ਸਾਬਕਾ ਐਸ ਐਸ ਪੀ ਗੋਬਿੰਦ ਰਾਮ ਨਾਲ ਮਿਲਦੇ ਜੁਲਦੇ ਦਿਖਾਏ ਗਏ ਹਨ। ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਹੋਏ ਸਿੱਖ ਨੌਜਵਾਨਾ ਬਾਰੇ ਖੋਜ ਰਿਪੋਰਟ ਇਕੱਠੀ ਕਰਦਾ ਪੁਲਿਸ ਹੱਥੋਂ ਮਾਰਿਆ ਕਿਰਦਾਰ ਵੀ ਜਸਵੰਤ ਸਿੰਘ ਖਾਲੜਾ ਵੱਲ ਹੀ ਇਸ਼ਾਰਾ ਕਰਦਾ ਹੈ। ਜਗਤਾਰ ਹਵਾਰੇ ਵਾਂਗ ਇਸ ਫ਼ਿਲਮ ਵਿਚ ਵੀ ਫ਼ਰਾਰੀ ਤੋਂ ਬਾਅਦ ਕਰਤਾਰ ਦਾ ਵਿਆਹ ਹੋਇਆ ਵੀ ਦਿਖਾਇਆ ਗਿਆ ਹੈ। ਸਾਡਾ ਹੱਕ - ਦੀ ਕਹਾਣੀ ਅਰਾਜਕਤਾ ਭਰੇ ਮਾਹੌਲ ਦੌਰਾਨ ਓਸ ਦੌਰ ਵਿਚ ਦਹਿਸ਼ਤਪਸੰਦ ਅਤੇ ਖਾਲਿਸਤਾਨੀ ਗਰੁੱਪਾਂ ਵੱਲੋਂ ਕੀਤੇ ਜਾਂਦੇ ਮਾਸੂਮ ਅਤੇ ਨਿਰਦੋਸ਼ ਲੋਕਾਂ ਦੇ ਹਜ਼ਾਰਾਂ ਕਤਲਾਂ ਦੀ ਸਿਰਫ਼ ਇੱਕ ਅੱਧ ਘਟਨਾ ਹੀ ਦਿਖਾਈ ਗਈ ਪਰ ਇਸ ਸਿਲਸਿਲੇ ਨੂੰ ਖਾਲਿਸਤਾਨੀ ਖਾੜਕੂਆਂ ਵਿਚ ਘੁਸੇ ਸਿਰਫ਼ ਗ਼ਲਤ ਅਨਸਰਾਂ ਜਾਂ ਪੁਲਿਸ ਦੇ ਕੈਟਾਂ ਰਾਹੀਂ ਕਰਵਾਏ ਜਾਂਦੇ ਕਤਲ ਦਰਸਾਉਣ ਦਾ ਹੀ ਯਤਨ ਕੀਤਾ ਗਿਆ ਹੈ ਜਦੋਂ ਕਿ ਸਾਡੇ ਵਰਗੇ ਜਿਨ੍ਹਾਂ ਨੇ ਵੀ ਉਹ ਦੁਖਦਾਈ ਦੌਰ ਹੰਢਾਇਆ ਹੈ, ਉਹ ਸਭ ਜਾਣਦੇ ਨੇ ਕਿ ਉਸ ਹਿੰਸਾ ਵਿਚ ਹਜ਼ਾਰਾਂ ਸਾਧਾਰਨ ਲੋਕ ਬੇਕਸੂਰੇ ਲੋਕ ਸਮੂਹਕ ਰੂਪ ਵਿਚ ਜਾਣ ਵਿਅਕਤੀਗਤ ਰੂਪ ਵਿਚ ਹੀ ਸਿੱਖ ਖਾੜਕੂਆਂ ਵੱਲੋਂ ਬਹੁਤ ਵਾਰ ਵਿਓਂਤਬੱਧ ਤਰੀਕੇ ਨਾਲ ਮਾਰੇ ਗਏ ਸਨ।ਉਸ ਦੌਰ ਦਾ ਇਤਿਹਾਸ ਵੀ ਖ਼ੁਦ ਗਵਾਹ ਹੈ।ਇਸ ਲਈ ਇਹ ਇਹ ਕਿਹਾ ਜਕਦਾ ਹੈ ਫ਼ਿਲਮ ਵਿਚ ਉਸ ਦੌਰ ਦੀਆਂ ਕੁਝ ਕੌੜੀਆਂ ਹਕੀਕਤਾਂ ਅਤੇ ਕੁਝ ਅਹਿਮ ਪੱਖਾਂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਉਹ ਆਪਣੇ-ਆਪ ਵਿਚ ਕੌੜਾ ਸੱਚ ਹੈ ਪਰ ਇਹ ਓਸ ਦੌਰ ਦਾ ਪੂਰਾ ਸੱਚ ਨਹੀਂ ਹੈ।ਵੈਸੇ ਕਿਸੇ ਵੀ ਇੱਕ ਫ਼ਿਲਮ ਵਿਚ ਇੰਨੇ ਲੰਮੇ ਦੌਰ ਦਾ ਪੂਰਾ ਸੱਚ ਦਿਖਾਇਆ ਵੀ ਨਹੀਂ ਜਾ ਸਕਦਾ। ਕੋਈ ਫ਼ਿਲਮ ਜਾਂ ਨਾਟਕ ਕਿਸੇ ਸਮੇਂ ਅਤੇ ਸਥਾਨ ਜਾਂ ਦੌਰ ਦੇ ਕੁਝ ਉੱਭਰਵਾਂ ਜਾਂ ਚੋਣਵੇਂ ਪੱਖਾਂ ਅਤੇ ਹਕੀਕਤਾਂ ਨੂੰ ਹੀ ਰੂਪਮਾਨ ਕਰ ਸਕਦਾ ਹੈ। ਦਰਅਸਲ ਖਾਲਿਸਤਾਨੀ ਖਾੜਕੂ ਲਹਿਰ ਅਤੇ ਇਸ ਸਬੰਧੀ ਵਾਪਰੇ ਘਟਨਾਕ੍ਰਮ ਬਾਰੇ ਪੰਜਾਬੀ ਅਤੇ ਇਥੋਂ ਤੱਕ ਸਿੱਖ ਸਮਾਜ ਵੀ ਇੱਕਮੱਤ ਨਹੀਂ ਹੈ।ਬੇਸ਼ੱਕ ਸਿੱਖ ਜਗਤ ਦੀ ਬਹੁਗਿਣਤੀ ਦੀ ਮਾਨਸਿਕਤਾ 1984 ਵਿਚ ਹੋਏ ਅਪਰੇਸ਼ਨ ਬਲਿਊ ਸਟਾਰ ਅਤੇ ਇਸ ਤੋਂ ਬਾਅਦ ਦਿੱਲੀ ਅਤੇ ਹੋਰਨਾਂ ਥਾਵਾਂ ਤੇ ਹੋਏ ਸਿੱਖ ਕਤਲੇਆਮ ਤੋਂ ਇਲਾਵਾ ਲੰਮੇ ਸਮੇਂ ਹੁੰਦੇ ਧੱਕੇ- ਧੋੜੇ ਕਾਰਨ ਜ਼ਜ਼ਬਾਤੀ ਤੌਰ ਤੇ ਵਲੂੰਧਰੀ ਗਈ ਸੀ ਪਰ ਇੰਨ੍ਹਾ ਦੇ ਪ੍ਰਤੀਕਰਮ ਵਜੋਂ ਜਾਂ ਉਂਝ ਵੀ ਓਸ ਹਿੰਸਕ ਦੌਰ ਵਿਚ ਜੋ ਕੁਝ ਵਾਪਰਿਆ ,ਇਸ ਬਾਰੇ ਵਿਅਕਤੀ ਅਤੇ ਸਮੂਹਕ ਪੱਧਰ ਤੇ ਵੀ ਰਹਿ ਵੰਡੀ ਹੋਈ ਹੈ।ਜਿਵੇਂ ਕਿ ਹਰੇਕ ਖਾੜਕੂ, ਅੱਤਵਾਦੀ ਅਤੇ ਹਥਿਆਰਬੰਦ ਲਹਿਰ ਬਾਰੇ ਹੁੰਦਾ ਹੈ, ਲਹਿਰ ਦੇ ਕਰਿੰਦੇ ਜਾਂ ਆਗੂ , ਕਿਸੇ ਇੱਕ ਧਿਰ ਲਈ ਸੂਰਮੇ,ਯੋਧੇ ,ਨਾਇਕ ਅਤੇ ਸ਼ਹੀਦ ਹੋ ਸਕਦੇ ਹਨ ਅਤੇ ਕਿਸੇ ਦੂਜੀ ਧਿਰ ਲਈ ਉਹੀ ਲੋਕ ਕਤਲ, ਗ਼ੱਦਾਰ ਜਾਂ ਨਿਰਦਈ ਅਤੇ ਨਫ਼ਰਤ ਦੇ ਪਾਤਰ ਮੰਨੇ ਜਾ ਸਕਦੇ ਹਨ। ਪੰਜਾਬ ਵਿਚ ਤਾਂ ਆਮ ਲੋਕ ਖਾੜਕੂਵਾਦ ਦੀ ਬੇਦਰਦ ਹਿੰਸਾ ਦਾ ਸ਼ਿਕਾਰ ਵੀ ਹੋਏ ਸਨ ਅਤੇ ਪੁਲਿਸ ਤੰਤਰ ਦੀ ਗੈਰਮਨੁੱਖੀ ਹਿੰਸਾ ਦੇ ਵੀ।ਸਨ 1990-91 ਵਿੱਚ ਇੱਕ ਅਜਿਹਾ ਦੌਰ ਵੀ ਜਦੋਂ ਆਮ ਲੋਕਾਂ ਦੀ ਹਾਲਤ ਚੱਕੀ ਦੇ ਦੋ ਪੀੜਾਂ ਵਿੱਚ ਪਿਸਣ ਵਾਲੀ ਹੋ ਗਈ ਸੀ।ਇਥੋਂ ਤੱਕ ਕਿ ਮੇਰੇ ਆਪਣੇ ਪਰਿਵਾਰ ਵਰਗੇ ਵੀ ਅਨੇਕਾਂ ਅਜਿਹੇ ਲੋਕ ਹਨ ਜਿਹੜੇ ਦੋਹਾਂ ਧਿਰਾਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋਏ। ਸਾਡੇ ਪਰਿਵਾਰ ਦੇ ਤਿੰਨ ਨਜ਼ਦੀਕੀ ਰਿਸ਼ਤੇਦਾਰ ਸ਼ਾਹਬਾਦ ਵਿੱਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਨਾਮੀ ਮੋਹਰੀਆਂ ਨੇ ਏ ਕੇ 47 ਦੀਆਂ ਗੋਲੀਆਂ ਨਾਲ ਬੇਰਹਿਮੀ ਨਾਲ ਮਾਰੇ ਸਨ। ਦੂਜੇ ਪਾਸੇ ਸਾਡੇ ਹੀ ਪਰਿਵਾਰ ਦਾ ਇਕ 21 ਸਾਲਾ ਨੌਜਵਾਨ , ਐਸ ਐਸ ਪੀ ਤਰਨ ਤਾਰਨ ਅਜੀਤ ਸਿੰਘ ਸੰਧੂ ਨੇ ਜੰਡਿਆਲੇ ਤੋਂ ਘਰੋਂ ਚੁੱਕ ਕੇ ਮਾਰ ਖਪਾ ਦਿਤਾ ।ਸਾਡੇ ਲਈ ਸਚਾਈ ਦੇ ਅਰਥ ਬਿਲਕੁਲ ਵੱਖਰੇ ਹਨ।ਦਰਅਸਲ ਪੰਜਾਬ ਦੇ ਖ਼ੂਨੀ, ਭਿਆਨਕ ਅਤੇ ਸੰਤਾਪ ਭਰੇ ਦੌਰ ਵਿਚ ਜੋ ਕੁਝ ਵਾਪਰਿਆ ਉਸ ਦਾ ਕੋਈ ਸਰਬ ਸਾਂਝਾ ਨਿਪਟਾਰਾ ਵੀ ਤਾਂ ਨਹੀਂ ਹੋਇਆ ਕਿ ਇਸ ਦੇ ਕੀ ਕਾਰਨ ਸਨ, ਕੌਣ -ਕੌਣ ,ਕਿਹੜੀਆਂ- ਕਿਹੜੀਆਂ ਧਿਰਾਂ ਦੋਸ਼ੀ ਸਨ ? ਕਿਸ ਧਿਰ ਦਾ ਕਿੰਨਾ ਕਸੂਰ ਸੀ?ਭਾਰਤੀ ਸਟੇਟ ਅਤੇ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ਕਿਹੋ ਜਿਹੀ ਸੀ ? ਇਸ ਵਿਚ ਬਾਹਰਲੇ ਮੁਲਕਾਂ ਅਤੇ ਉਥੋਂ ਦੀਆਂ ਏਜੰਸੀਆਂ ਦਾ ਕੀ ਰੋਲ ਸੀ ? 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਕਿਓਂ ਨਹੀਂ ਮਿਲੀਆਂ? ਆਦਿਕ। ਬੇਸ਼ੱਕ ਇਸ ਫ਼ਿਲਮ ਵਿਚ ਸਮੁੱਚੇ ਸਿਸਟਮ ਦੀ ਤਬਦੀਲੀ ਦੇ ਸੰਵਾਦ ਸੁਣ ਨੂੰ ਮਿਲਦੇ ਨੇ ਪਰ ਖਾਲਿਸਤਾਨੀ ਲਹਿਰ ਨਾਲ ਸਬੰਧਤ ਹੁੰਦੀ ਹੋਈ ਵੀ ਸਾਡਾ ਹੱਕ ਦੀ ਕਹਾਣੀ ਵਿਚ ਕੋਈ ਵਿਚਾਰਧਾਰਕ ਡੂੰਘਾਈ ਨਹੀਂ ਲੱਭਦੀ। ਪੰਜਾਬ ਦੇ ਓਸ ਹਿੰਸਕ ਦੌਰ ਬਾਰੇ ਬਣੀਆਂ ਦੋ ਫ਼ਿਲਮਾਂ ਚਰਚਿਤ ਹੋਈਆਂ ਸਨ। ਇੱਕ ਇਕਬਾਲ ਢਿੱਲੋਂ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ -ਤਬਾਹੀ - ਸੀ ਅਤੇ ਦੂਜੀ ਗੁਲਜ਼ਾਰ ਵੱਲੋਂ ਬਣਾਈ ਗਈ ਹਿੰਦੀ ਫ਼ਿਲਮ ਮਾਚਿਸ ਸੀ।ਸਾਡਾ ਹੱਕ ਫ਼ਿਲਮ ਦਾ ਥੀਮ ਪੰਜਾਬ ਦੇ ਓਸ ਦੌਰ ਬਾਰੇ ਗੁਲਜ਼ਾਰ ਵੱਲੋਂ 1996 ਵਿਚ ਬਣਾਈ ਗਈ ਫ਼ਿਲਮ -ਮਾਚਿਸ - ਨਾਲ ਮਿਲਦਾ -ਜੁਲਦਾ ਹੈ।ਇਸ ਦਾ ਪ੍ਰੇਰਨਾਸ੍ਰੋਤ ਬੇਅੰਤ ਸਿੰਘ ਕਤਲ ਕਾਂਡ ਨਾਲ ਜੁੜੇ ਜਗਤਾਰ ਹਵਾਰਾ ਅਤੇ ਉਨ੍ਹਾ ਦੇ ਸਾਥੀ ਲਗਦੇ ਨੇ।ਕਲਾਕਾਰੀ, ਗੋਂਦ ਅਤੇ ਡੂੰਘਾਈ ਪੱਖੋਂ ਦੇਖਿਆਂ ਤਾਂ ਮਾਚਿਸ ਦਾ ਮਿਆਰ ਕਿਤੇ ਉੱਚਾ ਸੀ। ਉਸ ਵਿਚ ਪਾਤਰਾਂ ਦੇ ਕਿਰਦਾਰ ਵੀ ਓਮਪੁਰੀ ਅਤੇ ਤੱਬੂ ਵਰਗੇ ਚੋਟੀ ਦੇ ਕਲਾਕਾਰਾਂ ਨੇ ਨਿਭਾਏ ਸਨ । ਇਹ ਫ਼ਿਲਮ ਕਲਾ ਦਾ ਇੱਕ ਸ਼ਾਨਦਾਰ ਨਮੂਨਾ ਸੀ।ਦੂਜੇ ਪਾਸੇ ਸਾਡਾ ਹੱਕ ਫ਼ਿਲਮ ਦੀ ਅਪੀਲ ਧਾਰਮਿਕ ਅਤੇ ਜ਼ਜ਼ਬਾਤੀ ਵਧੇਰੇ ਹੈ।ਇਹ ਆਪਣੀ ਕਿਸਮ ਦੀ ਪਹਿਲੀ ਫ਼ਿਲਮ ਹੈ ਜਿਸ ਨੂੰ ਵੱਖ ਵੱਖ ਵਰਗ ਅਤੇ ਵਿਅਕਤੀ ਆਪਣੀ ਆਪਣੀ ਨਜ਼ਰ ਨਾਲ ਦੇਖਣਗੇ,ਉਹ ਅਰਥ ਵੀ ਆਪਣੇ -ਆਪਣੇ ਕੱਢਣਗੇ ਅਤੇ ਰੀਐੱਕਸ਼ਨ ਵੀ ਵੱਖ ਵੱਖ ਹੋਵੇਗਾ।ਸਾਡਾ ਹੱਕ ਫ਼ਿਲਮ ਵਿਚ ਦਿਖਾਈ ਹਿੰਸਾ ਨੂੰ ਭੜਕਾਊ ਅਤੇ ਇਕਤਰਫਾ ਆਖ ਕੇ ਇਸ ਦੀ ਨੁਕਤਾਚੀਨੀ ਵੀ ਹੋ ਸਕਦੀ ਹੈ ਪਰ ਇਸ ਦੇ ਮੁਕਾਬਲੇ ਹਿੰਦੀ ਫ਼ਿਲਮਾਂ ਵਿਚ ਅੱਜ ਕੱਲ੍ਹ ਜਿੰਨੀ ਅਤੇ ਜਿਸ ਤਰ੍ਹਾਂ ਦੀ ਹਿੰਸਾ ਅਤੇ ਜ਼ੁਰਮਾ ਦੇ ਨਵੇਂ ਨਵੇਕਲੇ ਤੌਰ ਤਰੀਕੇ ਦਿਖਾਏ ਜਾਂਦੇ ਹਨ , ਉਸ ਦੇ ਮੁਕਾਬਲੇ ਤਾਂ ਇਸ ਫ਼ਿਲਮ ਬਹੁਤ ਪਿੱਛੇ ਹੋਵੇਗੀ।ਦੇਖਣਾ ਇਹ ਹੈ ਸਾਡਾ ਹੱਕ ਨੂੰ ਦੇਖਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਵੇਗਾ। ਬਣਤਰ ਪੱਖੋਂ ਇਸ ਫ਼ਿਲਮ ਦੀਆਂ ਕੁਝ ਖ਼ੂਬੀਆਂ ਉੱਭਰਵੀਆਂ ਹਨ । ਸਿੱਖ ਕਿਰਦਾਰਾਂ ਅਤੇ ਉਨਾਂ ਦੀ ਵੇਸ਼ ਭੂਸ਼ਾ, ਠੇਠ ਪੰਜਾਬੀ ਭਾਸ਼ਾ ਵਿਚ ਬੋਲੇ ਡਾਇਲਾਗ, ਪੰਜਾਬ ਦੇ ਰਹਿਣ - ਸਹਿਣ ਦੀ ਸੁਭਾਵਿਕ ਅਤੇ ਹਕੀਕੀ ਪੇਸ਼ਕਰੀ ਪੱਖੋਂ ਸਾਡਾ ਹੱਕ ਬਹੁਤ ਸਲਾਹੁਣਯੋਗ ਹੈ। ਆਮ ਤੌਰ ਤੇ ਸਿੱਖ ਕਿਰਦਾਰਾਂ ਨੂੰ ਬਹੁਤ ਹਲਕੇ ਅਤੇ ਬੇਢਵੇ ਢੰਗ (ਬਹੁਤ ਵਾਰ ਮਜ਼ਾਕੀਆ ਢੰਗ ਨਾਲ) ਨਾਲ ਫ਼ਿਲਮਾਂ ਵਿਚ ਪੇਸ਼ ਕੀਤਾ ਜਾਂਦਾ ਹੈ ਪਰ ਸਾਡਾ ਹੱਕ ਵਿਚ ਬਹੁਤੇ ਮੁੱਖ ਪਾਤਰ ਰਹਿਣੀ- ਬਹਿਣੀ ਅਤੇ ਬੋਲ - ਚਾਲ ਪੱਖੋਂ ਜਿਊਂਦੇ ਜਾਗਦੇ ਅਸਲੀ ਪਾਤਰ ਦਿਖਾਈ ਦਿੰਦੇ ਹਨ। ਫ਼ਿਲਮ ਵਿਚ ਮਲਵਈ ਪੰਜਾਬੀ ਦਾ ਬੋਲ -ਬਾਲਾ ਹੈ। ਕਮਾਲ ਦੀ ਗੱਲ ਇਹ ਵੀ ਹੈ ਕੁਲਜਿੰਦਰ ਸਿੱਧੂ ਖ਼ੁਦ ਮਾਝੇ ਦੇ ਜੰਮਪਲ ਹੋਣ ਦੇ ਬਾਵਜੂਦ , ਕਰਤਾਰ ਸਿੰਘ ਦੇ ਪਤਾ ਦੇ ਰੂਪ ਵਿਚ ਓਸ ਨੇ ਬਹੁਤ ਖ਼ੂਬਸੂਰਤ ਮਲਵਈ ਪੰਜਾਬੀ ਵਿਚ ਡਾਇਲਾਗ ਨਿਭਾਏ ਹਨ। ਕੁਲਜਿੰਦਰ ਸਿੱਧੂ ,ਅੰਮ੍ਰਿਤਸਰ ਦੇ ਸਵਰਗੀ ਪੱਤਰਕਾਰ ਮਹਿੰਦਰ ਸਿੰਘ ਦਾ ਸਪੁੱਤਰ ਹੈ। ਇਸ ਪਰਿਵਾਰ ਨੇ ਖ਼ੁਦ ਉਸ ਦੌਰ ਦਾ ਸੰਤਾਪ ਹੰਢਾਇਆ ਹੈ। ਕੁਲਜਿੰਦਰ ਦਾ ਭਰਾ ਵੀ ਖਾੜਕੂ ਹੋਣ ਦੇ ਦੋਸ਼ ਵਿਚ ਪੁਲਿਸ ਨੇ ਮਾਰ ਦਿੱਤਾ ਸੀ। ਫ਼ਿਲਮ ਵਿਚ ਕਿਸੇ -ਕਿਸੇ ਜਗਾ ਡਾਕੂਮੈਂਟਰੀ ਵਰਗਾ ਪ੍ਰਭਾਵ ਵੀ ਮਿਲਦਾ ਹੈ ਅਤੇ ਸਾਈਡ ਰੋਲ ਵਾਲੇ ਕੁਝ ਇੱਕ ਕਿਰਦਾਰ ਓਪਰੇ ਜਿਹੇ ਵੀ ਲਗਦੇ ਨੇ॥ਗੀਤ ਗਾਣੇ ਅਤੇ ਗੀਤ ਸੰਗੀਤ ਵੀ ਫ਼ਿਲਮ ਦੀ ਪੇਸ਼ਕਾਰੀ ਵਾਂਗ ਜ਼ਜ਼ਬਾਤੀ ਅਤੇ ਬਾਗ਼ੀ ਸੁਰ ਵਾਲਾ ਹੈ। ਜੈਜ਼ੀ ਬੀ ਵਰਗੇ ਰੁਤਬੇ ਵਾਲੇ ਕਿਸੇ ਗਾਇਕ ਨੇ ਪਹਿਲੀ ਵਾਰੀ ਸਤ ਜਰਨੈਲ ਸਿੰਘ ਭਿੰਡਰਾਵਾਲੇ, ਜਗਤਾਰ ਸਿੰਘ ਹਵਾਰਾ ਅਤੇ ਉਸਦੇ ਸਾਥੀਆਂ ਨੂੰ ਬਾਗ਼ੀ ਦੇ ਰੂਪ ਵਿਚ ਪੇਸ਼ ਕਰਕੇ ਵਡਿਆਈਆ ਗਿਆ ਹੈ। ਇਸ ਫ਼ਿਲਮ ਵਿਚ ਉਨ੍ਹਾ ਬੱਚਿਆਂ ਦੀ ਸੰਭਾਲ ਦੇ ਵਿਸ਼ੇ ਨੂੰ ਛੋਹਿਆ ਗਿਆ ਹੈ ਜਿਨ੍ਹਾਂ ਦੇ ਮਾਪੇ ਪੁਲਿਸ ਹੱਥੋਂ ਮਾਰੇ ਗਏ ਸਨ। ਅਮਰੀਕਾ ਤੋਂ ਮਨੁੱਖੀ ਅਧਿਕਾਰਾਂ ਬਾਰੇ ਖੋਜ ਕਰਨ ਆਉਂਦੀ ਕੁੜੀ ਨੂੰ ਮਿਸਾਲ ਵਜੋਂ ਪੇਸ਼ ਕੀਤਾ ਗਿਆ ਹੈ। ਜ਼ਿਕਰ ਕਰਨਾ ਬਣਦਾ ਹੈ ਅੱਤਵਾਦ ਦੌਰਾਨ ਇੱਕ ਪਾਸੇ ਪੁਲੀਸ ਹੱਥੋਂ ਅਤੇ ਦੂਜੇ ਪਾਸੇ ਅੱਤਵਾਦੀਆਂ ਹੱਥੋਂ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਲਾਵਾਰਿਸ ਬੱਚਿਆਂ ਦੀ ਸਾਂਭ - ਸੰਭਾਲ, ਪੰਜਾਬ ਵਿਚ ਅਮਨ ਹੋਣ ਤੋਂ ਬਾਅਦ ਵੀ ਇਕ ਅਹਿਮ ਸਿਆਸੀ ਅਤੇ ਸਮਾਜਕ ਸਮੱਸਿਆ ਰਹੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਸਿੱਖ ਜਗਤ ਦੀਆਂ ਕੁਝ ਮੋਹਤਬਰ ਹਸਤੀਆਂ ਅਤੇ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੂੰ ਰਿਲੀਜ਼ ਨੂੰ ਪਹਿਲਾਂ ਦਿਖਾਕੇ ਫ਼ਿਲਮ ਦੇ ਪ੍ਰਚਾਰ ਲਈ ਭਾਵੁਕ ਅਪੀਲ ਕਰਨ ਦਾ ਯਤਨ ਕੀਤਾ ਹੈ ਪਰ ਇਸ ਦਾ ਦੂਜਾ ਪਾਸਾ ਵੀ ਹੈ ਕਿ ਕਾਫ਼ੀ ਅਜਿਹੇ ਲੋਕਾਂ ਦੀ ਸਿਨੇਮੇ ਵਿੱਚ ਜਾ ਕੇ ਫ਼ਿਲਮ ਦੇਖਣ ਦੀ ਉਤਸੁਕਤਾ ਵੀ ਘਟੇਗੀ ਜਾਂ ਖ਼ਤਮ ਵੀ ਹੋ ਸਕਦੀ ਹੈ।ਬੇਸ਼ੱਕ ਇਹ ਫਿਲਮ ਕਈ ਦੁਖਦੀਆਂ ਰਗਾਂ ਨੂੰ ਵੀ ਛੇੜ ਸਕਦੀ ਹੈ,ਕਈ ਪੁਰਾਣੇ ਜ਼ਖ਼ਮਾਂ ਦੀ ਚੁਭਣ ਵੀ ਯਾਦ ਕਰਾ ਸਕਦੀ ਹੈ,ਸਿੱਖ ਹਲਕਿਆਂ ਵਿਚ ਇਸਦੀ ਪ੍ਰਸ਼ੰਸ਼ਾ ਵੀ ਹੋਵੇਗੀ ਅਤੇ ਕੁਝ ਹੋਰ ਹਲਕਿਆਂ ਵੱਲੋਂ ਨੁਕਤਾਚੀਨੀ ਵੀ ਪਰ ਫਿੱਟ ਵੀ ਏਸ ਦੇ ਵਾਧੇ ਘਾਟੇ ਵਾਲੇ ਸਭ ਪਹਿਲੂਆਂ ਦੇ ਬਾਵਜੂਦ ਇਹ ਫ਼ਿਲਮ ਦੇਖਣਯੋਗ ਹੈ। ਸੌ ਫੁੱਲ ਖਿੜਨ ਦਿਓ ਵਾਲੀ ਪਹੁੰਚ , ਲੋਕਤੰਤਰ ਲਈ ਹਮੇਸ਼ਾਂ ਲਾਹੇਵੰਦ ਹੁੰਦੀ ਹੈ। ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਡਾਟ ਕਾਮ, ਤਿਰਛੀ ਨਜ਼ਰ ਮੀਡੀਆ ਚੰਡੀਗੜ੍ਹ, 9915177722, 04-04-13 (source {http://punjab2012.babushahi.com/viewarticle.php?id=305&refresh=yes})

Surjit Singh

{www.babushahi.com}

Surjit Singh

Lao Ji Sadda Haq vaare ik hor likhat :- 'ਸਾਡਾ ਹੱਕ' ਦੇਖਦਿਆਂ by Jarnail Singh Artist, Surrey, Canada. ਜਰਨੈਲ ਸਿੰਘ ਆਰਟਿਸਟ, ਸਰੀ, ਕੈਨੇਡਾ. Email:[email protected] - ਪਿਛਲੇ ਕਾਫੀ ਅਰਸੇ ਤੋਂ ਮੀਡੀਆ ਤੇ ਇੰਟਰਨੈਟ ਉਪਰ ਸੋਸ਼ਲ ਮੀਡੀਆ ਵਿਚ ਫਿਲਮ 'ਸਾਡਾ ਹੱਕ' ਬਾਰੇ ਚਰਚਾ ਗਰਮ ਸੀ। ਅਖੀਰ ਪਿ ਛਲੇ ਦਿਨੀਂ ਕੈਨੇਡੀਅਨ ਸਿੱਖ ਅਲਾਇੰਸ ਵਲੋਂ ਫਿਲਮ ਦਾ ਪਰੀਮਿਅਮ ਸ਼ੋ ਦੇਖਣ ਦਾ ਸੱਦਾ ਪੱਤਰ ਦਿੰਦੀ ਈਮੇਲ ਆਈ।ਸਰੀ ਵਿਚ ਸਟਰਾਬੇਰੀ ਹਿਲ ਸਿਨੇਪਲੈਕਸ ਵਿਚ 6.30 ਵਜੇ ਦਾ ਸ਼ੋਅ ਦੇਖਣ ਪਹੁੰਚੇ ਤਾਂ ਪ੍ਰਬੰਧਕਾਂ ਨੇ ਕਿਹਾ ਕਿ ਭਾਅ ਜੀ ਅੰਦਰ ਚਲ ਕੇ ਬੈਠੋ ਫਿਰ ਸੀਟਾਂ ਭਰ ਜਾਣੀਆਂ ਹਨ।ਸ਼ੁਰੂ ਵਿਚ ਪ੍ਰਬੰਧਕ ਬੀਬੀ ਨੇ ਸੰਖੇਪ ਵਿਚ ਫਿਲਮ ਬਾਰੇ ਤੇ ਕੈਨੇਡੀਅਨ ਸਿੱਖ ਅਲਾਇੰਸ ਬਾਰੇ ਜਾਣਕਾਰੀ ਦਿਤੀ।ਫਿਲਮ ਦਿਖਾਉਣ ਤੋਂ ਪਹਿਲਾਂ ਸਿਨਮੇ ਦੀ ਪ੍ਰੋਮੋਸ਼ਨਲ ਕਲਿਪ ਸ਼ੁਰੂ ਕਰਦਿਆਂ ਕਰਦਿਆਂ 5-6 ਵਾਰੀ ਰੁਕੀ। ਅੱਧਾ ਘੰਟਾ ਇਵੇਂ ਨਿਕਲ ਗਿਆ।ਹਾਲ ਵਿਚ ਚੁੰਝ ਚਰਚਾ ਸ਼ੁਰੂ ਹੋ ਗਈ।ਲਓ ਲੈ ਲਓ ਅਪਣੇ ਹੱਕ! ਇਹ ਤਾਂ ਲੜ ਕੇ ਲੈਣੇ ਪੈਂਦੇ ਹਨ! ਇਹ ਸਾਰੀ ਆਈ. ਐਸ ਆਈ ਦੀ ਸ਼ਰਾਰਤ ਹੈ! ਇੰਡੀਅਨ ਕੌਂਸਲੇਟ ਦੇ ਹੱਥ ਬੜੇ ਲੰਮੇ ਹਨ! ਨਾ ਜੀ ਇਹ ਸਾਰੀ ਕਾਰਵਾਈ ਤਾਂ ਵਿਦੇਸ਼ੀ ਹੱਥ ਦੀ ਹੈ!ਉਹ ਨਹੀਂ ਬਾਈ, ਇਹ ਸਾਰਾ ਕੁਝ ਸੀ. ਆਈ . ਏ. ਕਰਵਾ ਰਹੀ ਹੈ। ਗਲ ਕੀ ਜਿਨੇ ਮੂੰਹ ਉਨੀਆਂ ਗੱਲਾਂ । ਕੋਈ ਕਹਿੰਦਾ ਅਗੇ ਤਾਂ ਐਨੀ ਵਾਰੀ ਆਈਦਾ ਉਦੋਂ ਤਾਂ ਕਦੇ ਨੀ ਇਓ ਹੋਇਆ। ਲੋਕ ਗਲਾਂ ਨਾਲ ਮਨ ਪਰਚਾਵਾ ਕਰ ਰਹੇ ਸਨ। ਇਨੇ ਚਿਰ ਨੂੰ ਪ੍ਰਬੰਧਕਾਂ ਫਿਰ ਆ ਕੇ ਦਸਿਆ ਕਿ ਕੋਈ ਤਕਨੀਕੀ ਨੁਕਸ ਪੈ ਗਿਆ ਹੈ ਸਿਨੇ ਪਲੈਕਸ ਵਾਲੇ ਫਿਕਸ ਕਰ ਰਹੇ ਹਨ, ਉਨਾਂ ਚਿਰ ਬਾਹਰ ਚਾਹ ਤੇ ਪਕੌੜਿਆਂ ਦਾ ਪ੍ਰਬੰਧ ਹੈ ਉਹ ਛਕੋ। ਫੇਰ ਚਰਚਾ ਸ਼ੁਰੂ ਹੋ ਗਈ ਕਿ ਪੰਜਾਬੀਆਂ ਨੂੰ ਤਾਂ ਚਾਹ ਪਕੌੜੇ ਖਵਾ ਕੇ ਜਦੋਂ ਮਰਜੀ ਖੁਸ਼ ਕਰ ਲਵੋ। ਖੈਰ ਇਕ ਘੰਟੇ ਦੀ ਦੇਰੀ ਨਾਲ ਦੂਸਰੇ ਸਿਨਮੇ ਵਿਚ ਫਿਲਮ ਸ਼ੁਰੂ ਹੋਈ। ਪਹਿਲੇ ਹੀ ਸੀਨ ਤੋਂ ਫਿਲਮ ਦਰਸ਼ਕ ਨੂੰ ਬੰਨ ਲੈਂਦੀ ਹੈ। ਮੁਖ ਤੌਰ ਤੇ ਜੇ ਕਹਾਣੀ ਦੱਸੀਏ ਤਾਂ ਇਹ ਹੈ ਕਿ ਕਿਵੇਂ ਪੰਜਾਬ ਵਿਚ ਪੁਲਸ ਦੀਆਂ ਕਾਰਵਾਈਆਂ ਤੇ ਤਸ਼ਦਦ,ਦਾ ਸਤਿਆ ਇਕ ਸਾਧਾਰਨ ਬੇਕਸੂਰ ਪੇਂਡੂ ਨੌਜਵਾਨ ਹਥਿਆਰ ਚਕ ਲੈਂਦਾ ਹੈ ।ਤੇ ਅਖੀਰ ਫਿਲਮ ਦੇ ਅੰਤ ਵਿਚ ਉਹ ਮੰਨਦਾ ਹੈ ਕਿ ਭਾਵੇਂ ਉਸਦਾ ਇਹ ਰਾਹ ਤੇ ਇਸ ਵਿਚ ਸ਼ਾਮਲ ਹੋਏ ਨੌਜਵਾਨ ਅਪਣੇ ਯਤਨ ਵਿਚ ਕਾਮਯਾਬ ਨਹੀਂ ਹੋਏ ਪਰ ਨਾਲ ਹੀ ਉਹ ਆਸ ਪ੍ਰਗਟ ਕਰਦਾ ਹੈ ਕਿ ਅਪਣੇ ਹੱਕਾਂ ਨੂੰ ਹਾਸਲ ਕਰਨ ਲਈ ਲਹਿਰ ਵਾਂਗ ਲੋਕ ਉਠਣਗੇ ਤੇ ਕਾਮਯਾਬ ਹੋਣਗੇ।ਇਹ ਸਾਰੀ ਕਹਾਣੀ ਕੈਨੇਡਾ ਤੋਂ ਪੀ. ਐਚ. ਡੀ. ਲਈ ਖੋਜ ਕਰਨ ਪੰਜਾਬ ਗਈ ਵਿਦਿਆਰਥਣ ਰਾਹੀਂ ਬਿਆਨ ਹੁੰਦੀ ਹੈ। ਭਾਵੇਂ ਅਰੰਭ ਵਿਚ ਰਵਾਇਤ ਵਾਂਗ ਫਿਲਮ ਨੂੰ ਗਲਪ ਦਸਿਆ ਗਿਆ ਹੈ ਤੇ ਇਸਦੇ ਪਾਤਰਾਂ ਦਾ ਕਿਸੇ ਜਿਉਂਦੇ ਮਰੇ ਵਿਅਕਤੀ ਨਾਲ ਸੰਬੰਧ ਨਾ ਹੋਣ ਬਾਰੇ ਲਿਖਿਆ ਹੈ ਪਰ ਸਾਰੇ ਪਾਤਰ ਜਾਣੇ ਪਹਿਚਾਣੇ ਤੇ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰਦੇ ਵਰਤਾਰੇ ਦਾ ਪਰਛਾਵਾਂ ਜਾਪਦੇ ਹਨ। ਫਿਲਮ ਵਿਚ ਜਗਾਹ ਜਗਾਹ ਪੰਜਾਬ ਨੂੰ ਦਰਪੇਸ਼ ਸਿਆਸੀ ਮਸਲਿਆਂ ਨੂੰ ਡਾਇਲਾਗ ਰਾਹੀਂ ਛੋਹਿਆ ਗਿਆ ਹੈ।ਪੰਜਾਬ ਦੇ ਉਸ ਸਮੇਂ ਦੇ ਦੌਰ ਦੇ ਝੂਠੇ ਮੁਕਾਬਲੇ, ਮਨੁਖੀ ਅਧਿਕਾਰ ਕਾਰਕੁੰਨ ਦਾ ਉਚ ਪੁਲੀਸ ਅਧਿਕਾਰੀ ਵਲੋਂ ਕਤਲ, ਰਾਜਸੀ ਲੀਡਰਾਂ ਦਾ ਕਤਲ, ਇਸ ਸਾਰੇ ਕੁਝ ਨੂੰ ਫਿਲਮ ਅਪਣੇ ਕਲੇਵੇ ਵਿਚ ਲੈਂਦੀ ਹੈ। ਫਿਲਮ ਦੇਖਣ ਦੌਰਾਨ ਇਕ ਦ੍ਰਿਸ਼ ਵਿਚ ਜਦੋਂ ਕੁਝ ਕੈਦੀ, ਜਿਹਨਾਂ ਵਿਚ ਇਕ 70 ਸਾਲਾ ਬਜ਼ੁਰਗ ਵੀ ਸ਼ਾਮਲ ਹਨ ਦਾ ਪੁਲੀਸ ਮੁਕਾਬਲਾ ਬਣਾਉਂਦੇ ਹਨ ਤਾਂ ਮੈਂ ਨਾਲ ਬੈਠੇ ਸੱਜਣ ਨੂੰ ਟਿਪਣੀ ਕੀਤੀ, ਯਾਰ ਇਹ ਦਿਨੇ ਹੀ ਮੁਕਾਬਲਾ ਬਣਾਈ ਜਾਂਦੇ ਹਨ, ਤਾਂ ਉਹ ਬੋਲਿਆਂ ੳਦੋਂ ਤਾਂ ਇਵੇਂ ਹੀ ਕਰਦੇ ਸੀ ਸਾਲੇ! ਇਸ ਤੋਂ ਪ੍ਰਗਟ ਹੁੰਦਾ ਹੈ ਕਿ ਦਰਸ਼ਕਾਂ ਨੂੰ ਲਗਦਾ ਸੀ ਕਿ ਇਹ ਸਾਰਾ ਕੁਝ ਉਹਨਾਂ ਦੇ ਆਲੇ ਦੁਆਲੇ ਵਾਪਰਿਆ ਹੈ ਤੇ ਉਹਨਾਂ ਨੇ ਹੰਡਾਇਆ ਹੈ।ਫਿਲਮ ਬਿਆਨ ਕਰਦੀ ਹੈ ਕਿ ਜਦੋਂ ਲਹਿਰਾਂ ਚਲਦੀਆਂ ਹਨ ਤਾਂ ਕਿਵੇਂ ਉਹਨਾਂ ਨੂੰ ਖਤਮ ਕਰਨ ਲਈ ਸਰਕਾਰ ਇਹਨਾਂ ਵਿਚ ਘੁਸਪੈਠ ਕਰਦੀ ਹੈ।ਇਹ ਸਾਰਾ ਵਰਤਾਰਾ ਅਸੀਂ ਪੰਜਾਬ ਦੀਆਂ ਪਹਿਲਾਂ ਚਲ ਚੁਕੀਆਂ ਲਹਿਰਾਂ ਵੇਲੇ ਦੇਖ ਤੇ ਸੁਣ ਚੁਕੇ ਹਾਂ।ਪੁਲੀਸ ਦੇ ਉਚ ਅਧਿਕਾਰੀ ਵੀ 300 ਤੋਂ ਵਧ ਪੁਲੀਸ ਕੈਟਾਂ ਬਾਰੇ ਮੰਨ ਚੁਕੇ ਹਨ ਜੋ ਖਾੜਕੂ ਸਫਾਂ ਵਿਚ ਜਾ ਕੇ ਦਹਿਸ਼ਤੀ ਕਾਰਵਾਈਆਂ ਕਰਦੇ ਸਨ।ਸਰਾਪੇ ਦੌਰ ਤੋਂ 25 ਸਾਲ ਬਾਦ ਪੁਲੀਸ ਕੈਟਾਂ ਤੇ ਆਲਮ ਸੈਨਾ , ਕਾਲੇ ਕੱਛਿਆਂ ਵਾਲਿਆਂ ਬਾਰੇ ਮੀਡੀਆ ਵਿਚ ਇੰਕਸ਼ਾਫ ਹੋ ਚੁਕੇ ਹਨ।ਫਿਲਮ ਵਿਚ ਪੁਲਸ ਤਸ਼ੱਦਦ ਤੇ ਬਲਾਤਕਾਰ ਦੇ ਦ੍ਰਿਸ਼ ਬੜੀ ਸੰਜੀਦਗੀ ਨਾਲ ਫਿਲਮਾਏ ਗਏ ਹਨ।ਫਿਲਮ ਵਿਚ ਜਿਥੇ ਪੁਲੀਸ ਦਾ ਜ਼ੁਲਮੀ ਤੇ ਅਤਿਆਚਾਰੀ ਕਿਰਦਾਰ ਪੇਸ਼ ਕੀਤਾ ਹੈ ਦੂਜੇ ਪਾਸੇ ਇਸ ਵਿਚ ਸ਼ਾਮਲ ਜਾਗਦੀ ਜ਼ਮੀਰ ਤੇ ਇਨਸਾਨੀ ਕਦਰਾਂ ਕੀਮਤਾਂ ਰੱਖਣ ਵਾਲੇ ਪੁਲੀਸ ਕਰਮੀਆਂ ਦੇ ਕਿਰਦਾਰ ਵੀ ਪੇਸ਼ ਕੀਤੇ ਹਨ।ਫਿਲਮ ਵਿਚ ਹਿੰਦੂਤਵੀ ਅਨਸਰਾਂ ਦੀ ਫਿਰਕੂ ਸੋਚ ਦਾ ਮੁਜ਼ਾਹਰਾ ਉਸ ਸਮੇਂ ਹੁੰਦਾ ਹੈ ਜਦੋਂ ਕਰਤਾਰ ਸਿੰਘ ਦੀ ਪੇਸ਼ੀ ਸਮੇਂ ਦਰਸ਼ਕਾਂ ਵਿਚ ਸ਼ਾਮਲ ਸਥਾਨਕ ਸ਼ਿਵ ਸੈਨਿਕ ਨੂੰ ਉਸਦਾ ਸਾਥੀ ਕਹਿੰਦਾ ਹੈ ਬਸ ਇਕ ਵਾਰੀ ਪੱਗ ਲਾਹ ਦੇ ਉਸਦੀ , ਫਿਰ ਅਸੀਂ ਸਾਂਭ ਲਾਂਗੇ ਤੇ ਨਾਲ ਸਕਿਉਰਟੀ ਵੀ ਦਵਾ ਦਊਂ। ਫਿਲਮ ਦੇ ਨਿਰਮਾਤਾ ਕੁਲਜਿੰਦਰ ਸਿਧੂ ਵਲੋਂ ਹੀ ਫਿਲਮ ਦੇ ਮੁਖ ਕਿਰਦਾਰ ਕਰਤਾਰ ਸਿੰਘ ਬਾਜ਼ ਦਾ ਰੋਲ ਬਾਖੂਬੀ ਨਿਭਾਇਆ ਗਿਆ ਹੈ । ਕਿਤੇ ਵੀ ਲਗਦਾ ਹੀ ਨਹੀਂ ਕਿ ਇਹ ਇਸਦਾ ਪਹਿਲਾ ਫਿਲਮ ਰੋਲ ਹੈ। ਬਿਲਕੁਲ ਹੀ ਕੈਮਰਾ ਕਾਂਨਸ਼ੰਸ ਨਹੀਂ । ਇਨਾਂ ਖੁੱਭ ਕੇ ਕਰਤਾਰ ਸਿੰਘ ਦੇ ਪਾਤਰ ਨੂੰ ਨਿਭਾਇਆ ਹੈ ਕਿ ਹੈਰਾਨੀ ਹੁੰਦੀ ਹੈ। ਨਿਸਚੇ ਹੀ ਪੰਜਾਬੀ ਸਿਨੇਮਾ ਨੂੰ ਇਕ ਵਧੀਆ ਹੀਰੋ ਮਿਲਿਆ ਹੈ। ਇਸ ਤੋਂ ਪਹਿਲਾਂ ਨਵੇਂ ਪੰਜਾਬੀ ਹੀਰੋਆਂ ਵਿਚੋਂ ਕੋਈ ਵੀ ਇਨੀ ਸਹਿਜਤਾ ਨਾਲ ਕੈਮਰੇ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਸਨ।ਬਾਕੀ ਕਲਾਕਾਰਾਂ ਨੇ ਵੀ ਅਪਣੇ ਅਪਣੇ ਕਿਰਦਾਰ ਵਧੀਆ ਨਿਭਾਏ ਹਨ।ਮਨਦੀਪ ਬੈਨੀਪਾਲ ਦਾ ਨਿਰਦੇਸ਼ਨ ਵੀ ਵਧੀਆ ਹੈ।ਫਿਲਮ ਦੇ ਲੇਖਕ ਕੁਲਜਿੰਦਰ ਸਿੱਧੂ ਹਨ ਤੇ ਡਾਇਲਾਗ ਵੀ ਉਸਦੇ ਲਿਖੇ ਹਨ। ਡਾਇਲਾਗ ਲੇਖਣ ਵਿਚ ਸ਼ਿਵਚਰਨ ਜੱਗੀ ਕੁੱਸੇ ਦੇ ਠੇਠ ਮੁਹਾਵਰੇ ਦਾ ਯੋਗਦਾਨ ਇਹਨਾਂ ਨੂੰ ਹੋਰ ਵੀ ਰੋਚਕ ਬਣਾਉਂਦਾ ਹੈ।ਨਿਰਮਾਤਾ ਕੁਲਜਿੰਦਰ ਸਿਧੂ ਤੇ ਦਿਨੇਸ਼ ਸੂਦ ਵਲੋਂ ਬਣਾਈ ਇਹ ਫਿਲਮ ਨਿਸਚੇ ਹੀ ਪੰਜਾਬੀ ਫਿਲਮਾਂ ਦੇ ਖੇਤਰ ਵਿਚ ਇਕ ਨਵਾਂ ਰਾਹ ਖੋਲੇਗੀ।ਫਿਲਮ ਦੀ ਪ੍ਰੋਡਕਸ਼ਨ ਦਾ ਸਾਰਾ ਰੰਗ ਢੰਗ ਚੰਗੀਆਂ ਹਿੰਦੀ ਫਿਲਮਾਂ ਵਰਗਾ ਹੈ। ਫੋਟੋਗਰਾਫੀ ਬਹੁਤ ਵਧੀਆ ਹੈ।ਕਰਤਾਰ ਸਿੰਘ ਬਾਜ਼ ਦਾ ਪੁਲਿਸ ਵਲੋਂ ਪਿੱਛਾ ਕਰਨ ਦਾ ਦ੍ਰਿਸ਼ ਬਾਕਮਾਲ ਫਿਲਮਾਇਆ ਗਿਆ ਹੈ। ਜੇਲ ਵਿਚ ਦੂਜੇ ਕੈਦੀਆਂ ਨਾਲ ਕਰਤਾਰ ਸਿੰਘ ਤੇ ਸਾਥੀਆਂ ਦੀ ਲੜਾਈ ਦਾ ਦ੍ਰਿਸ਼ ਵੀ ਬਹੁਤ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ।ਕਿਤੇ ਕਿਤੇ ਕੁਝ ਸੀਨ ਬੇਲੋੜੇ ਲੰਮੇ ਸਨ ਜਿਹਨਾਂ ਦੀ ਕਾਂਟ ਛਾਂਟ ਕੀਤੀ ਜਾ ਸਕਦੀ ਸੀ, ਜੋ ਨਿਸਚੇ ਫਿਲਮ ਨੂੰ ਹੋਰ ਵਧੀਆ ਬਣਾਉਂਦੇ। ਹੁਣ ਇਸ ਫਿਲਮ ਨੂੰ ਸਮੁੱਚਤਾ ਵਿਚ ਦੇਖਦਿਆਂ ਇਸ ਤੇ ਲਗਾਇਆ ਬੈਨ ਬੜਾ ਹਾਸੋਹੀਣਾ ਤੇ ਸਿਆਸੀ ਮੰਤਵਾਂ ਤੋਂ ਪ੍ਰੇਰਿਤ ਹੀ ਲਗਦਾ ਹੈ। ਅਸੂਲਨ ਦੇਖਿਆ ਜਾਵੇ ਤਾਂ ਜਿਸ ਫਿਲਮ ਨੂੰ ਹਿੰਦੋਸਤਾਨ ਦੀ ਕੇਂਦਰੀ ਸਰਕਾਰ ਵਲੋਂ ਸਥਾਪਤ ਰੈਗੂਲੇਟਰੀ ਸੰਸਥਾ ਕੇਂਦਰੀ ਫਿਲਮ ਸੈਂਸਰ ਬੋਰਡ ਵਲੋਂ ਪਾਸ ਕਰ ਦਿਤਾ ਗਿਆ ਹੈ , ਰਾਜ ਸਰਕਾਰ ਦਾ ਉਸ ਨੂੰ ਬੰਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ।ਰਹੀ ਗਲ ਪੰਜਾਬ ਦੇ ਸ਼ਾਂਤਮਈ ਮਾਹੌਲ ਦੇ ਭੰਗ ਹੋਣ ਦੀ, ਤਾਂ ਉਸ ਦਾ ਪ੍ਰਗਟਾਵਾ ਉਦੋਂ ਹੋ ਜਾਂਦਾ ਹੈ ਜਦੋਂ ਸਿਰਸੇ ਵਾਲੇ ਸਾਧ ਦੇ ਕਾਂਢ ਵਾਪਰਦਾ ਹੈ ਤਾਂ ਪਤਾ ਲਗ ਜਾਂਦਾ ਹੈ ਕਿ ਸਹੀ ਅਰਥਾਂ ਵਿਚ ਪੰਜਾਬ ਵਾਸੀ ਮਾਨਸਿਕ ਤੌਰ ਤੇ ਕਿਨਾਂ ਕੁ ਸਹਿਜ ਸ਼ਾਂਤ ਹੈ ਤੇ ਇਥੋਂ ਦਾ ਮਾਹੌਲ ਕਿਨਾਂ ਕੁ ਸ਼ਾਂਤ ਹੈ।ਦਬੇ ਰੋਸ ਤੇ ਸੁਲਗਦੇ ਰੋਹ ਸਮੇਂ ਦੇ ਨਾਲ ਭਾਂਬੜ ਬਣ ਜਾਂਦੇ ਹਨ।ਜੇ ਇਸ ਫਿਲਮ ਨੂੰ ਲਾਲ, ਪੀਲੀਆਂ, ਭਗਵੀਆਂ, ਨੀਲੀਆਂ ਜਾਂ ਚਿਟੀਆਂ ਐਨਕਾਂ ਲਾਹ ਕੇ ਦੇਖਿਆ ਜਾਵੇ ਤਾਂ ਇਸ ਵਿਚ ਕੁਝ ਵੀ ਇਤਰਾਜ਼ ਯੋਗ ਨਹੀਂ । ਕਈ ਇਸ ਨੂੰ ਇਕ ਪਾਸੜ ਤੇ ਇਕ ਪੱਖੀ ਕਹਿ ਸਕਦੇ ਹਨ , ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਿਰਫ ਇਕ ਫਿਲਮ ਹੀ ਹੈ, ਡਾਕੂਮੈਂਟਰੀ ਨਹੀਂ ਜਿਸ ਵਿਚ ਮਸਲੇ ਦੇ ਹਰ ਪਹਿਲੂ ਬਾਰੇ ਗਲ ਕੀਤੀ ਜਾਵੇ।ਸਿਰਫ ਇਕ ਫਿਲਮ ਵਾਂਗ ਤੇ ਫਿਲਮ ਦੇ ਮਾਪਦੰਢਾ ਅਨੁਸਾਰ ਦੇਖਿਆ ਜਾਵੇ ਤਾਂ ਇਹੋ ਜਿਹੀਆਂ ਸੈਂਕੜੇ ਫਿਲਮਾਂ ਬਣੀਆਂ ਹਨ , ਜਿਹਨਾਂ ਵਿਚ ਸਿਸਟਮ, ਪੁਲਿਸ ਤੇ ਡਾਢੇ ਜ਼ੋਰਾਵਰਾਂ ਦੇ ਜ਼ੁਲਮ ਦਾ ਸਤਾਇਆ ਹੋਇਆ ਨਾਇਕ ਸਥਾਪਤੀ ਦੇ ਵਿਰੁਧ ਹਥਿਆਰ ਚੁਕਦਾ ਹੈ। ਇਸ ਫਿਲਮ ਦੀ ਤਰਾਸਦੀ ਤੇ ਇਕੋ ਇਕ ਕਸੂਰ ਇਹੋ ਹੀ ਹੈ ਕਿ ਇਸ ਦਾ ਨਾਇਕ ਸਿੱਖ ਹੈ, ਧਰਤੀ ਪੰਜਾਬ ਹੈ ਤੇ ਸਮਾਂ ਤੇ ਸਥਿਤੀਆਂ ਉਸ ਦੌਰ ਦੀਆਂ ਹਨ ਜਿਹਨਾਂ ਬਾਰੇ ਕੋਈ ਵੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਗਲ ਨਹੀਂ ਕਰਨਾ ਚਾਹੁੰਦਾ, ਕਿਉਂਕਿ ਹਰ ਕੋਈ ਇਸ ਵਿਚ ਦੋਸ਼ੀ ਹੈ ਤੇ ਉਹਦੇ ਹੱਥ ਪੰਜਾਬ, ਪੰਜਾਬੀਅਤ, ਦੇ ਖੂਨ ਨਾਲ ਲਿਬੜੇ ਹਨ।

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ