Sat, 12 October 2024
Your Visitor Number :-   7231780
SuhisaverSuhisaver Suhisaver

ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ - ਤਨਵੀਰ ਸਿੰਘ ਕੰਗ

Posted on:- 12-05-2012

suhisaver

ਨਾਵਲ ਸਾਹਿਤ ਦੀ ਇੱਕ ਐਸੀ ਵਿਧਾ ਹੈ ਜਿਸ ਵਿੱਚ ਕਿਸੇ ਲੇਖਕ ਦੀ ਵਾਰਤਿਕ ਵਿਚਲੀ ਰੌਚਕਤਾ ਅਤੇ ਵਿਸ਼ੇ ਸਬੰਧੀ ਰਚਨਾਤਿਮਕਤਾ ਦੀ ਅਸਲੀ ਪਰਖ ਹੁੰਦੀ ਹੈ।ਇਹ ਸਮਝਿਆ ਜਾਦਾ ਹੈ ਕਿ ਨਾਵਲ ਸ਼ਬਦ ਮੂਲ ਤੌਰ ’ਤੇ ਇਟਲੀ ਭਾਸ਼ਾ ਦੇ ਸ਼ਬਦ novella  ਤੋਂ ਵਿਕਸਤ ਹੋਇਆ ਹੈ ਜਿਸ ਦਾ ਅਰਥ ਹੈ ਨਿਊ ਜਾਂ ਨਿਊਜ਼ ਜਾਂ ਇਸ ਦੇ ਅਰਥ 'ਕੁਝ ਨਵੀਂ ਸੰਖੇਪ ਕਹਾਣੀ' ਵੀ ਦੱਸੇ ਜਾਂਦੇ ਹਨ ।ਨਾਵਲ ਵਰਗੀ ਪਹਿਲੀ ਫਿਕਸ਼ਨਲ ਵਾਰਤਕ ਕਿਹੜੀ ਹੈ ਇਸ ਬਾਰੇ ਕਾਫੀ ਮੱਤਭੇਦ ਹਨ। 7ਵੀਂ ਸਦੀ ਵਿਚਲੀ 'ਕੰਦਮਬਰੀ' ਨੂੰ ਅਜਿਹੀ ਪਹਿਲੀ ਲਿਖਤ ਮੰਨਿਆ ਜਾ ਸਕਦਾ ਹੈ।ਜੇ ਨਾਵਲ ਦੇ ਬਿਲਕੁਲ ਕਰੀਬ ਦੀ ਕੋਈ ਲਿਖਤ ਲੱਭਣੀ ਹੋਵੇ ਤਾਂ 11ਵੀਂ ਸਦੀ ਦੀ ਮੁਰਾਸਕੀ ਸ਼ਕੀਬੂ ਦੀ 'ਟੇਲ ਆਫ ਜਨੇਜੀ' ਜ਼ਿਆਦਾ ਢੁੱਕਵੀ ਹੋਵੇਗੀ।ਜੇ ਭਾਰਤ ਦੇ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ 'ਮਹਾਂਭਾਰਤ' ਨੂੰ ਵੀ ਇਸ ਵਿਧਾ ਦਾ ਰੂਪ ਮੰਨਿਆ ਜਾ ਸਕਦਾ ਹੈ ਜਿਸ ਦਾ ਸਮਾਂ ਚੌਥੀ ਸਦੀ ਮਿਥਿਆ ਜਾਦਾ ਹੈ।ਹੁਣ ਜੇ ਅੰਗਰੇਜ਼ੀ ਸਾਹਿਤ ਵਿੱਚ ਨਾਵਲ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮੁੱਢਲਾ ਕ੍ਰੈਡਿਟ Daniel defoe ਅਤੇ Samuel Richardson ਨੂੰ ਦਿੱਤਾ ਜਾਣਾ ਚਾਹੀਦਾ ਹੈ। Daniel defoe  ਦੇ ਨਾਵਲ Robison crusoe (1719)  ਅਤੇ  moll flanders (1722)  ਇਨ੍ਹਾਂ ਦੋਹਾਂ ਹੀ ਨਾਵਲਾਂ ਵਿੱਚ ਇੱਕ ਲੰਮੀ ਕਾਹਣੀ ਜੋ ਇੱਕ ਹੀ ਪਾਤਰ ਨਾਲ ਸੰਬਧਤ ਹੈ ਲਗਾਤਾਰ ਕੜੀਆ ਵਿੱਚ ਵਾਪਰਦੀ ਹੈ। Samuel Richardson ਦੇ ਨਾਵਲ Pamela (1741)  ਅਤੇ ਉਸ ਦਾ ਬੇਹਤਰੀਨ ਨਾਵਲ clarissa (1747)   ਅੰਗਰੇਜ਼ੀ ਸਾਹਿਤ ਵਿੱਚ ਨਾਵਲਾਂ ਦਾ ਮੁੱਢ ਬੰਨਦੇ ਹਨ। ਇਨ੍ਹਾਂ ਦੋਹਾਂ ਹੀ ਨਾਵਲਸਿਟਾਂ ਦਾ ਇਹ ਕਮਾਲ ਹੈ ਕਿ ਉਨ੍ਹਾਂ ਆਪਣੇ ਨਾਵਲਾਂ ਦਾ ਵਿਸ਼ਾ ਇਤਿਹਾਸ,ਮਿਥਿਹਾਸ ਜਾਂ ਆਪਣੇ ਪਿਛਲੇਰੇ ਸਾਹਿਤ ਵਿੱਚੋ ਨਾ ਲੱਭ ਕੇ ਇੱਕ ਪਾਤਰ ਦੇ ਆਪਣੇ ਮੂਲ ਅਨੁਭਵਾਂ ਨੂੰ ਬਣਇਆ ਹੈ। ਇਸ ਤੋਂ ਬਿਨਾਂ Henry fielding ਦੇ ਨਾਵਲ “Tom Jones ਅਤੇ  Joseph Andrew ਜੋ 1748-49 ਦੇ ਕਰੀਬ ਲਿਖੇ ਗਏ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਇਸ ਲਈ ਮੈ ਪ੍ਰੋਫੈਸਰ ਡਿੰਪਲ ਜੀ ਦੀ ਇਸ ਗੱਲ ਨਾਲ ਉੱਕਾ ਹੀ ਸਹਿਮਤ ਨਹੀਂ ਹਾਂ ਕਿ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਸਾਹਿਤ ਵਿੱਚ ਨਾਵਲ ਨੁੰ ਉਸ ਸਮੇਂ ਹੱਥ ਪਾਇਆ ਜਦੋਂ ਬਹੁਤੇ ਲੋਕ ਨਾਵਲ ਬਾਰੇ ਜਾਣਦੇ ਵੀ ਨਹੀਂ ਸਨ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਰਲਸ ਡਿੱਕਨਜ਼ ਨੇ ਆਪਣੇ ਸਮੇਂ ਵਿੱਚ ਬੇਹਤਰੀਨ ਨਾਵਲ Great expectation, Hard time , David Copperfield  ਅਤੇ ਸਭ ਤੋਂ ਬੇਹਤਰੀਨ ਰਚਨਾ Oliver twist ਜੋ 300 ਪੰਨਿਆਂ ਤੋਂ ਜ਼ਿਆਦਾ ਵਾਲੇ ਨਾਵਲ ਸਨ ।ਵਿਕਟੋਰੀਅਨ ਯੁਗ ਦੇ ਵੀ ਡਿੱਕਨਜ਼ ਤੋਂ ਪਹਿਲੇ ਜਾਂ ਕਰੀਬ ਕਰੀਬ ਸਮਕਾਲੀ ਹੀ ਰਹੇ Ddward 2ulwar  ਨੂੰ ਵੀ ਅਣਗੋਲਿਆ ਨਹੀਂ ਜਾ ਸਕਦਾ।ਅੰਗਰੇਜ਼ੀ ਸਾਹਿਤ ਬਾਰੇ ਮੇਰੀ ਜਾਣਕਾਰੀ ਸੀਮਤ ਹੈ ਇਸ ਲਈ ਗਲਤੀ ਦੀ ਗੁੰਜਾਇਸ਼ ਵੀ ਹੋ ਸਕਦੀ ਹੈ।

ਇਸ ਤੋਂ ਅੱਗੇ ਪ੍ਰੋਫੈਸਰ ਡਿੰਪਲ ਜੀ ਪੰਜਾਬੀ ਨਾਵਲ ਬਾਰੇ ਲਿਖਦੇ ਹੋਏ ਨਾਵਲਿਸਟ ਨਾਨਕ ਸਿੰਘ ਤੋਂ ਸ਼ੁਰੂ ਕਰਕੇ ਕੰਵਲ ਜੀ ਤੱਕ ਪਹੁੰਚਦੇ ਹਨ। ਪਰ ਨਾਨਕ ਸਿੱਘ ਜੀ  ਅਤੇ ਕੰਵਲ ਜੀ ਵਿਚਕਾਰ ਪੰਜਾਬੀ ਦੇ ਕਈ ਨਾਵਲਸਿਟ ਹੋਰ ਵੀ ਹਨ ਜਿਨ੍ਹਾਂ ਦੀ ਚਰਚਾ ਕਰਨੀ ਮੈਂ ਜ਼ਰੂਰੀ ਸਮਝਦਾ ਹਾਂ। ਪੰਜਾਬੀ ਵਿੱਚ ਨਾਵਲ ਦੀ ਸ਼ੁਰੂਆਤ ਭਾਈ ਵੀਰ ਸਿੱਘ ਦੇ ਨਾਵਲ 'ਸੁੰਦਰੀ' ਨਾਲ ਹੁੰਦੀ ਹੈ।ਨਾਨਕ ਸਿੰਘ ਜੀ ਨੇ ਨਾਵਲਕਾਰੀ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਨੇ ਉਸ ਦੌਰ ਵਿੱਚ ਵੀ ਨਾਵਲ ਲਿਖੇ ਜਦੋਂ ਮਾਰਕਸਵਾਦੀ ਆਲੋਚਨਾ ਆਪਣਾ ਇੱਕ ਖਾਸ ਸਥਾਨ ਬਣਾ ਚੁੱਕੀ ਸੀ ਅਤੇ ਇਹ ਭਰਮ ਵੀ ਸੀ ਕਿ ਅਗਾਂਹਵਧੂ ਲੇਖਣੀ ਲਈ ਜ਼ਰੂਰੀ ਹੈ ਕਿ ਉਹ ਮਿਲੀਟੈਟ ਵਰਕਰਾਂ ਬਾਰੇ ਹੋਵੇ।ਇੱਕ ਸਮੇਂ ਨਾਨਕ ਸਿੰਘ ਵੀ ਇਸ ਦਾ ਸ਼ਿਕਾਰ ਰਹੇ ਪਰ ਜਲਦ ਹੀ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਲਈ। ਨਾਨਕ ਸਿੰਘ ਤੋਂ ਪ੍ਰਭਾਵਿਤ ਨਰਿੰਦਰ ਸਿੰਘ ਨੇ ਵੀ ਸਿੱਖ ਇਤਿਹਾਸ ਉੱਪਰ ਅਧਾਰਤ ਕੁਝ ਨਾਵਲ ਲਿਖੇ 'ਇਤ ਮਾਰਗ ਜਾਣਾ','ਇੱਕ ਸਰਕਾਰ ਬਾਝੋ','ਤ੍ਰੀਆ ਜਾਲ', 'ਸ਼ਕਤੀ' ਅਤੇ 'ਅਮਨ ਦਾ ਰੱਬ'। ਨਾਨਕ ਸਿੰਘ ਤੋਂ ਬਆਦ ਪੰਜਾਬੀ ਨਾਵਲਾਂ ਵਿੱਚ 'ਸੋਸ਼ਲ ਰੀਅਲਇਜ਼ਮ' ਨੂੰ ਸੁਰਿੰਦਰ ਸਿੰਘ ਨਰੂਲਾ ਦੇ 1946 ਵਿੱਚ ਲਿਖੇ ਨਾਵਲ 'ਪਿਉ-ਪੁੱਤਰ' ਨੇ ਰੂਪਮਾਨ ਕੀਤਾ।ਜਿਸ ਦੀ ਕਹਾਣੀ ਅੰਮ੍ਰਿਤਸਰ ਸ਼ਹਿਰ ਵਿੱਚ ਵੀਹਵੀ ਸਦੀ ਦੇ ਪਹਿਲੇ ਦੋ ਦਹਾਕਿਆ ਵਿੱਚ ਹੋਏ ਵਿਕਾਸ ਕਾਰਨ ਫੋਕਸ ਵਿੱਚ ਲਿਆਂਦੀ ਗਈ ਕਾਮਯਾਬ ਧਾਰਮਿਕ ਅਤੇ ਰਾਜਨੀਤਿਕ ਲਹਿਰ ਉੱਪਰ ਅਧਾਰਤ ਸੀ। ਇਸ ਤੋਂ ਇਲਾਵਾ ਨਰੂਲਾ ਨੇ ਇੱਕ ਇਤਿਹਾਸਕ ਨਾਵਲ 'ਨੀਲੀ ਬਾਰ' ਵੀ ਲਿਖਿਆ।ਇਸ ਤੋਂ ਬਿਨ੍ਹਾਂ ਸੰਤ ਸਿੰਘ ਸੇਖੋ ਨੇ ਵੀ ਲਹੂ ਮਿਟਚੀ ਨਾ ਦਾ ਨਾਵਲ ਲਿਖਿਆ।

ਕਰਤਾਰ ਸਿੰਘ ਦੁੱਗਲ ਨੇ ਵੀ 60 ਦੇ ਦਹਾਕੇ ਵਿੱਚ ਤਿੰਨ ਨਾਵਲ 'ਆਂਦਰਾਂ', 'ਨੁਹ ਤੇ ਮਾਸ' ਅਤੇ 'ਇਹ ਦਿਲ ਵਿਕਾਊ ਹੈ' ਲਿਖੇ।ਇਸ ਤੋਂ ਅਰਸਾ ਬਆਦ ਕਰੀਬ ਦਸ ਸਾਲ ਬਆਦ ਦੁੱਗਲ ਨੇ ਇੱਕ ਨਾਵਲ ਹੋਰ ਵੀ ਲਿਖਿਆ। ਇਸ ਤੋਂ ਇਲਾਵਾ ਕਰੀਬ ਕਰੀਬ 60 ਦੇ ਦੌਰ ਵਿੱਚ ਦਲੀਪ ਕੌਰ ਟਿਵਾਣਾ ਦਾ ਮਸ਼ਹੂਰ ਨਾਵਲ 'ਇਹੁ ਹਮਾਰਾ ਜੀਵਨਾ' ਵੀ ਕਾਫੀ ਚਰਚਾ ਵਿੱਚ ਰਿਹਾ, ਇਨ੍ਹਾਂ ਦਾ ਨਾਵਲ 'ਰਿਣ ਪਿੱਤਰਾਂ ਦਾ' ਵੀ ਕਾਬਲੇ ਤਰੀਫ ਨਾਵਲ ਸੀ। ਜਸਵੰਤ ਕੰਵਲ ਜੀ ਬਾਰੇ ਚਰਚਾ ਕਰਨ ਤੋਂ ਪਹਿਲਾਂ ਇੱਕ ਹੋਰ ਨਾਵਲਸਿਟ ਗੁਰਦਿਆਲ ਸਿੰਘ ਦਾ ਜ਼ਿਕਰ ਕਰਨਾ ਜ਼ਰੂਰੀ ਹੈ।1962 ਵਿੱਚ ਛਪੇ ਉਨ੍ਹਾਂ ਦੇ ਬੇਹਤਰੀਨ ਨਾਵਲ 'ਮੜ੍ਹੀ ਦਾ ਦੀਵਾ' ਨੇ ਪੰਜਾਬੀ ਨਾਵਲ ਵਿੱਚ ਮਾਲਵੇ ਖੇਤਰ ਦੇ ਪੇਂਡੂ ਕਲਚਰ ਨੂੰ ਪੇਸ਼ ਕੀਤਾ। ਇੱਕ ਹੋਰ ਨਾਵਲਸਿਟ ਮੋਹਨ ਕਾਹਲੋ ਨੇ ਵੀ ਕੁਝ ਚੰਗੇ ਨਾਵਲ ਰੇਤਾ ਤੇ ਬਰੇਤਾ, ਮਛਲੀ ਇੱਕ ਦਰਿਆ ਦੀ ਅਤੇ ਕਾਲੀ ਮਿੱਟੀ ਲਿਖੇ।

ਮੇਰਾ ਇਨ੍ਹਾਂ ਸਭ ਲੇਖਕਾਂ ਬਾਰੇ ਵੇਰਵਾ ਦੇਣ ਦਾ ਮਕਸਦ ਸਿਰਫ ਇਹ ਸਾਫ ਕਰਨਾ ਸੀ ਕਿ ਪੰਜਾਬੀ ਨਾਵਲ ਜਗਤ ਵਿੱਚ ਕਾਫੀ ਵਧੀਆ ਲੇਖਕ ਕੰਵਲ ਦੇ ਸਮਕਾਲੀ ਜਾ ਕੰਵਲ ਤੋਂ ਪਹਿਲਾ ਮੌਜੂਦ ਸਨ, ਪਰ ਕੰਵਲ ਹੀ ਸੀ ਜੋ ਪੰਜਾਬੀ ਨਾਵਲ ਜਗਤ ਵਿੱਚ ਲੰਮੇ ਅਰਸੇ ਤੱਕ ਛਾਇਆ ਰਿਹਾ।ਕੰਵਲ ਦਾ ਇੱਕ ਪੱਖ ਤਾਂ ਇਹ ਰਿਹਾ ਕਿ ਉਹ ਸਮਾਜਿਕ ਯਥਾਰਥਵਾਦ ਨੁੰ ਬਾਕੀ ਲੇਖਕਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਪੇਸ਼ ਕਰਨ ਵਿੱਚ ਸਫਲ ਰਿਹਾ, ਇਸ ਲਈ ਉਸ ਕੋਲ ਕਿਸੇ ਨਾ ਕਿਸੇ ਲਹਿਰ ਦੀ ਹੋਂਦ ਵੀ ਹਰ ਸਮੇਂ ਮੌਜੂਦ ਰਹੀ। ਦੂਸਰੀ ਗੱਲ ਕੰਵਲ ਦੇ ਕਰੀਬ ਕਰੀਬ ਸਾਰੇ ਹੀ ਸਮਕਾਲੀ ਨਾਵਲ ਲਿਖਣ ਵਾਲੇ ਨਾਵਲਸਿਟ ਸਿਰਫ ਨਾਵਲ ਲਿਖਣ ਤੱਕ ਹੀ ਸੀਮਤ ਨਹੀਂ ਸਨ ਬਹੁਤੇ ਲੇਖਕ ਸਾਹਿਤ ਦੀਆ ਦੂਸਰੀਆਂ ਵਿਧਾ ਕਹਾਣੀ ਜਾਂ ਨਿਬੰਧ ਵਿੱਚ ਵੀ ਰੁੱਝੇ ਹੋਏ ਸਨ।ਇਸ ਲਈ ਉਸੇ ਸਮੇਂ ਕੰਵਲ ਹੀ ਮੂਲ ਰੁਪ ਵਿੱਚ ਸਿਰਫ ਨਾਵਲ ਨੂੰ ਸਮਰਪਿਤ ਸੀ ਉਸ ਦੀ ਬਾਈ ਵਾਲੀ ਵਾਰਤਿਕ ਸ਼ੈਲੀ ਵੀ ਨਾਵਲ ਨੂੰ ਸ਼ਿੰਗਾਰ ਦਿੰਦੀ ਸੀ। ਕੰਵਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੀ ਪੰਜਾਬੀ ਨਾਵਲਕਾਰੀ ਵਿੱਚ ਉਸਦੀ ਤਾਕਤ ਬਣੀ।ਕੰਵਲ ਨਾਲ ਹਮੇਸ਼ਾਂ ਹੀ ਇੱਕ ਸਮੱਸਿਆ ਰਹੀ ਕਿ ਉਸ ਉਪਰ ਕ੍ਰਾਂਤੀ ਦਾ ਰੌਮਾਂਸਵਾਦ ਹਮੇਸ਼ਾਂ ਹੀ ਭਾਰੂ ਰਿਹਾ, ਜਿੱਥੇ ਕਿਤੇ ਵੀ ਉਸ ਨੁੰ ਇਸ ਦਾ ਥੌੜਾ ਬਹੁਤਾ ਵੀ ਝਲਕਾਰਾ ਨਜ਼ਰ ਆਇਆ ਉਹ ਉਸ ਪਾਸੇ ਹੀ ਖਿੱਚਿਆ ਗਿਆ। ਜਦ ਕੰਵਲ ਨੇ ਸੋਸ਼ਲ ਯਥਾਰਥਵਾਦ ਨੂੰ ਹੱਥ ਪਾਇਆ ਉਸ ਸਮੇਂ ਨਕਸਲਵਾਦੀ ਲਹਿਰ ਪੰਜਾਬ ਵਿੱਚ ਛਾਈ ਹੋਈ ਸੀ, ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਕੰਵਲ ਦਾ ਪੰਜਾਬ ਦੀ ਬਦਲਾਵ ਪੱਖੀ ਹਰ ਲਹਿਰ ਨਾਲ ਮੁੱਢਲਾ ਰਿਸ਼ਤਾ ਭਾਵਨਾਤਿਮਕ ਹੀ ਰਿਹਾ, ਉਹ ਲਹਿਰ ਦੇ ਸਿਧਾਤਾਂ ਨਾਲੋ ਉਸ ਦੇ ਨਿਯਮਾਂ ਨਾਲ ਜ਼ਿਆਦਾ ਬੱਝਾ ਰਿਹਾ। ਇਸੇ ਦੌਰ ਵਿੱਚ ਕੰਵਲ ਨੇ ਆਪਣੇ ਜੀਵਨ ਦੇ ਬੇਹਤਰੀਨ ਨਾਵਲਾਂ ਨੂੰ ਪੂਰਾ ਕੀਤਾ ਇਨ੍ਹਾਂ ਨਾਵਲਾਂ ਵਿੱਚ ਉਹ ਜੈਕ ਗਿਫ੍ਰਿਥ ਲੰਡਨ ਦੇ ਨਾਵਲ 'ਆਈਰਨ ਹੀਲ'  ਵਰਗੀ ਸਮਾਜਿਕ ਯਥਾਰਥਵਾਦ ਲਈ ਸ਼ੰਘਰਸ਼ ਦੀ ਤਸਵੀਰ ਖਿੱਚਣ ਵਿੱਚ ਕਮਯਾਬ ਰਿਹਾ।ਪਰ ਜਦ ਤੱਕ ਉਹ ਲਹਿਰ ਦੇ ਸਿਧਾਤਕ ਪੱਖ ਤੱਕ ਆਇਆ ਜਾਂ ਇਸ ਦੀ ਆਲੋਚਨਾ ਵੱਲ ਵੱਧਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਤਦ ਤੱਕ ਲਹਿਰ ਅਲੋਪ ਹੋ ਚੁੱਕੀ ਸੀ।ਇਸ ਤੋਂ ਬਆਦ ਉਹ ਸਿੱਖ ਲਹਿਰ ਵੱਲ ਨੂੰ ਮੋੜ ਕੱਟ ਗਿਆ ਅਤੇ ਉਸ ਨੇ ਨਾਵਲ 'ਖੂਨ ਕੇ ਸੋਹਲੇ,ਗਾਵੀਅਹਿ ਨਾਨਕ ਲਿਖ ਕੇ ਇੱਕ ਵਾਰ ਫਿਰ 'ਲਹੂ ਦੀ ਲੋਅ' ਵਰਗੀ ਪ੍ਰਸਿੱਧੀ ਹਾਸਲ ਕਰ ਲਈ,ਪਰ ਇਹ ਤਬਦੀਲੀ ਅਚਾਨਕ ਹੀ ਨਹੀਂ ਸੀ ਉਸ ਨੇ 'ਐਨਿਆਂ ਵਿੱਚੋਂ ਉਠੋ ਸੂਰਮਾ' ਵਿੱਚ ਵੀ ਆਪਣਾ ਸਿੱਖ ਲਹਿਰ ਵੱਲ ਉਲਾਰ ਨੂੰ ਸਪਸ਼ਟ ਕਰ ਦਿੱਤਾ ਸੀ।ਇਸ ਲਹਿਰ ਵੱਲ ਉਲਰਨ ਵਾਲਾ ਉਹ ਇੱਕਲਾ ਨਵਾਲਕਾਰ ਨਹੀਂ ਸੀ, ਉਸ ਸਮੇ ਤਾਂ ਬੂਟਾ ਸਿੰਘ ਸ਼ਾਦ ਵਰਗੇ ਨਿਰੋਲ ਰੋਮਾਂਸਵਾਦੀ ਨੇ ਵੀ 'ਲਾਲੀ' ਵਰਗਾ ਨਾਵਲ ਲਿਖ ਮਾਰਿਆ।ਪਰ ਇਸ ਲਹਿਰ ਦੇ ਅਲੋਪ ਹੋਣ ਤੋ ਬਆਦ ਕੰਵਲ ਨੇ ਇਸ ਲਹਿਰ ਦੀਆ ਕਮੀਆ ਪ੍ਰਤੀ ਵੀ ਕੁਝ ਸਮੇ ਲਈ ਚੱਪ ਵੱਟ ਲਈ।ਇਹ ਗੱਲ ਕੰਵਲ ਨੇ ਖੁਦ ਵੀ ਸਵੀਕਾਰ ਕੀਤੀ ਜਦੋਂ  'ਤੇ ਦੀਵਾ ਜਗਦਾ ਰਹੇਗਾ' ਨਾਵਲ ਦੇ ਲੇਖਕ ਅਮਰਦੀਪ ਸਿੰਘ ਅਮਰ ਨੇ ਕੰਵਲ ਨੂੰ ਪੁੱਛਿਆ ਕਿ ਤੁਸੀਂ 'ਖੂਨ ਕੇ ਸੋਹਲੇ,ਗਾਵੀਅਹਿ ਨਾਨਕ' ਨੂੰ ਬਲੈਕ ਥੰਡਰ  ਪਰ ਹੀ ਕਿਉਂ ਬੰਦ ਕਰ ਦਿੱਤਾ ਅੱਗੇ ਕਿਉਂ ਨਾ ਲਿਖਿਆ ਤਾ ਕੰਵਲ ਦਾ ਜਵਾਬ ਸੀ ਕਿ ਇਸ ਤੋਂ ਅੱਗੇ ਮੁੰਡਿਆ ਕੋਲੋਂ ਗਲਤੀਆਂ ਜ਼ਿਆਦਾ ਹੋ ਗਈਆ ਇਸ ਲਈ ਮੇਰਾ ਅੱਗੇ ਲਿਖਣ ਨੂੰ ਮਨ ਨਹੀਂ ਕੀਤਾ।ਕੰਵਲ ਨੇ ਆਪਣੇ ਨਾਵਲਾ ਵਿੱਚ ਰੋਮਾਂਸਵਾਦ ਦੀ ਸਿਖਰ ਨੂੰ ਵੀ ਛੋਹਿਆ ਜਿਸ ਵਿੱਚੋਂ 'ਪੂਰਨਮਾਸ਼ੀ' ਇਸ ਦੀ ਸਿਖਰ ਸੀ।ਕੰਵਲ ਦੀ ਨਾਵਲ ਪ੍ਰਤੀ ਜੋ ਪ੍ਰਤੀਬੱਧਤਾ ਸੀ ਉਹ ਕਦੇ ਵੀ ਸਮਾਜਿਕ ਬਦਲਾਵ ਪ੍ਰਤੀ ਨਹੀਂ ਸੀ ਇਸ ਬਾਰੇ ਉਸ ਵਿੱਚ ਹਮੇਸ਼ਾਂ ਇੱਕ ਕਾਹਲਾਪਨ ਸੀ,ਇਹੀ ਕਾਰਨ ਸੀ ਕਿ ਉਹ ਕਦੇ ਕਮਾਰੇਡਾਂ ਅਤੇ ਕਦੇ ਸਿੱਖ ਧਰਮ ਵਿੱਚ ਉਲਝਿਆ ਰਿਹਾ ਅਤੇ ਕਿਸੇ ਸਮੇਂ ਤਾਂ ਉਸ ਨੇ ਮਨਪ੍ਰੀਤ ਬਾਦਲ ਦੀ ਵੀ ਵਕਾਲਤ ਕਰ ਦਿੱਤੀ ਸੀ।

ਇੱਕ ਗੱਲ ਹੋਰ ਕੰਵਲ ਨੂੰ ਵੱਖਵਾਦੀ ਜਾਂ ਖਾਲਿਸਤਾਨ ਪੱਖੀ ਕਹਿਣਾ ਵੀ ਬਿਲਕੁਲ ਹੀ ਗਲਤ ਹੈ, ਕੰਵਲ ਨੇ ਕਦੇ ਵੀ ਵੱਖਵਾਦੀ ਨਜ਼ਰੀਆ ਨਹੀਂ ਅਪਣਾਇਆ ਉਹ ਹਮੇਸ਼ਾਂ ਹੀ ਅੰਨਦਪੁਰ ਸਾਹਿਬ ਦੇ ਮਤੇ ਤੱਕ ਹੀ ਸੀਮਤ ਰਿਹਾ ਅਤੇ ਅੰਦਰੂਨੀ ਖੁਦ-ਮੁਖਤਿਆਰੀ ਦੀ ਹੀ ਗੱਲ ਕਰਦਾ ਰਿਹਾ। ਹੁਣ ਵੀ ਉਸ ਨੇ ਆਪਣੀ ਵਾਰਤਕ ਸੱਚ ਕੀ ਬੇਲਾ ਵਿੱਚ ਇਸ ਨੂੰ ਸਾਫ ਕੀਤਾ ਹੈ ਕਿ ਦੇਸ਼ ਨਾਲੋਂ ਅੱਲਗ ਹੋਣ ਦੇ ਤੱਤੇ ਨਾਅਰੇ ਬੰਦ ਕਰੋ ਰਾਜਾਂ ਲਈ ਵੱਧ ਅਧਿਕਾਰਾਂ ਲਈ ਸਭ ਸੂਬਿਆਂ ਨੂੰ ਲਾਮਬੰਦ ਕਰੋ। ਚਾਹੇ ਕਿ ਉਸ ਦੀ ਪਿਛਲੇ ਸਮੇ ਵਿੱਚ ਲਿਖੀ ਵਾਰਤਕ ਹਮੇਸ਼ਾ ਹੀ ਵਿਵਾਦਾਂ ਵਿੱਚ ਘਿਰੀ ਰਹੀ ਹੋਵੇ ਪਰ ਉਸ ਨੇ ਪੰਜਾਬੀ ਨਾਵਲ ਜਗਤ ਵਿੱਚ ਇੱਕ ਅਹਿਮ ਯੋਗਦਾਨ ਦਿੱਤਾ ਹੈ ਜਿਸ ਲਈ ਉਹ ਪੰਜਾਬੀ ਸਾਹਿਤ ਵਿੱਚ ਹਮੇਸ਼ਾਂ ਸਤਿਕਾਰਿਆ ਜਾਂਦਾ ਰਹੇਗਾ।

Comments

Pf: HS Dimple

I have gone through your article and it is really so nice, and I welcome you that you have given a befitting answer to me, no doubt, but I have my reaction/reply ready and you can read it in e-pages of Suhi Saver sooner than later. I have only words of appreciation for you, dear as you have really made a great perusal of the history of Punjabi novel. So true and so nice, of you! Thanks. Good wishes! Keep writing.... Pf HS Dimple

dhanwant bath

kang saab athe kai jaga theak hun...per app ram saroop ankhi ,sohan singh settal, mitter sain meet.baldev singh sadaknama ji da jiker karna athe shaid bhol gai jo k kanwel g de braber de he novel kaar hun per es wich v koi shak nahi k kawel g punjabi wich ahna ton wad pade gai and pade ja rahe hun.....

ਇਕਬਾਲ

ਬਹੁਤ ਹੀ ਸੰਤੁਲਿਤ ਲੇਖਣੀ ਲਈ ਵਧਾਈ ਦੇ ਪਾਤਰ ਹੋ ...ਇਹ ਗੱਲ ਕੰਵਲ ਦੇ ਨਾਵਲਾਂ ਵਿੱਚ ਹੀ ਨਹੀਂ ਸਾਡੀ ਪੰਜਾਬੀਆਂ ਦੀ ਆਮ ਜ਼ਿੰਦਗੀ ਵਿੱਚ ਵੀ ਝਲਕਦੀ ਹੈ ਕਿ ਇਹ ਆਪਣੇ ਇਤਿਹਾਸ ਕਾਰਨ ਜਾਂ ਕੋਈ ਹੋਰ ਵੀ ਕਾਰਨ ਹੋਣਗੇ ਸ਼ਾਇਦ ਕਿ ਇਹ ਹਮੇਸ਼ਾ ਹਥਿਆਰਬੰਦ ਸੰਘਰਸ਼ ਵੱਲ ਜਿਆਦਾ ਹੀ ਉਲਾਰ ਹਨ | ਸਿਧਾਂਤ ਚਾਹੇ ਉਹ ਕੋਈ ਵੀ ਹੋਵੇ ਉਸ ਬਾਰੇ ਸਾਡੀ ਸਮਝ ਸਦਾ ਹੀ ਪੇਤਲੀ ਰਹੀ ਇੱਕ ਆਮ ਪੰਜਾਬੀ ਤੇ ਕੰਵਲ ਵਿੱਚ ਇੱਥੇ ਸਮਝ ਵਿੱਚ ਕੋਈ ਵਿਖਰੇਵਾਂ ਨਹੀਂ ਦਿਖਦਾ ਜੋ ਕਿ ਹੋਣਾ ਤਾਂ ਚਾਹੀਦਾ ਹੀ ਹੈ ਕਿਉਂਕਿ ਲਿਖਣਾ ਬਹੁਤ ਹੀ ਜੁੰਮੇਵਾਰੀ ਵਾਲਾ "ਕੰਮ" ਹੈ |

ਸਰਬਜੀਤ ਸਿੰਘ ਖਾਲਸ

ਸੋਹਣਾ ਲੇਖ ਹੈ,ਸੂਹੀ ਸਵੇਰ ਵਾਲੇ ਵੀਰਾਂ ਨੁੰ ਬੇਨਤੀ ਹੈ ਭਾਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ 'ਤੇ ਸ਼ਰਾਰਤਬਾਜ਼ੀ ਕਰਨ ਨਾਲੋ ਇਹੋ ਜਿਹੇ ਮਿਆਰੀ ਲੇਖ ਹੀ ਛਾਪਿਆ ਕਰੋ

Tanveer singh kang

Thanks to Editor suhi saver for publishing my view.

ਪ੍ਰੋ: ਐਚ ਐਸ ਡਿੰਪਲ

ਕੰਵਲ ਦੇ ਬਹਾਨੇ ਨਾਵਲ ਬਾਰੇ ਚਰਚਾ - ਇਕ ਪ੍ਰਤੀਕਰਮ ਤਨਵੀਰ ਕੰਗ ਜੀ ਨੇ ਬੜੇ ਹੀ ਖੂਬਸੂਰਤ ਅੰਦਾਜ਼ ਵਿਚ ਬੜੇ ਹੀ ਖੂਬਸੂਰਤ ਸਵਾਲ ਪੁੱਛੇ ਹਨ, ਅਤੇ ਜਿਸ-ਜਿਸ ਨੇ ਵੀ ਇਹ ਲੇਖ ਪੜ੍ਹਿਆ ਹੋਵੇਗਾ, ਉਸ ਦੇ ਮਨ ਵਿਚ ਇਨ੍ਹਾਂ ਸਵਾਲਾਂ ਬਾਰੇ ਮੇਰੇ ਜਵਾਬ ਜਾਂ ਪ੍ਰਤੀਕ੍ਰਿਆ ਦੀ ਉਡੀਕ ਵੀ ਹੋਵੇਗੀ, ਜਿਸ ਕਰਕੇ ਇਨ੍ਹਾਂ ਸਵਾਲਾਂ ਦਾ ਢੁਕਵਾਂ, ਭਾਵ ਜਿਸ ਤਰ੍ਹਾਂ ਮੈਨੂੰ ਸਹੀ ਲੱਗੇ, ਉੱਤਰ ਦੇਣਾ ਆਪਣਾ ਇਖ਼ਲਾਖੀ ਫ਼ਰਜ਼ ਸਮਝ ਕੇ ਕੁਝ ਹੋਰ ਲਿਖਣ ਦਾ ਜੇਰਾ ਕਰ ਰਿਹਾ ਹਾਂ। ਤਨਵੀਰ ਜੀ ਵਲੋਂ ਦਿੱਤੀ ਲਿਖਤ ਤੋਂ ਪਤਾ ਲੱਗਦਾ ਹੈ, ਕਿ ਉਹ ਬੜੇ ਮਿਹਨਤੀ ਅਤੇ ਸੁਹਿਰਦ ਪਾਠਕ-ਲੇਖਕ ਹਨ, ਅਤੇ ਸੁਹਿਰਦਤਾ ਅਤੇ ਈਮਾਨਦਾਰੀ ਹਰ ਵਿਅਕਤੀ, ਹਰ ਲੇਖਕ ਅਤੇ ਹਰ ਆਲੋਚਕ ਦੇ ਗਹਿਣੇ ਹੀ ਨਹੀਂ, ਹਥਿਆਰ ਵੀ ਹੁੰਦੇ ਹਨ, ਪਰ ਕਈ ਵਾਰ ਇਨ੍ਹਾਂ ਵਿਚ ਹਲਕੀ ਜਿਹੀ ਖੋਟ ਵੀ ਕੰਮ ਦਾ ਘੜੰਮ ਕਰ ਦਿੰਦੀ ਹੈ, ਭਾਵੇਂ ਕਿ ਇਸ ਵਿਚ ਗਹਿਣੇ/ਹਥਿਆਰ ਪਹਿਣਨ/ਰੱਖਣ ਵਾਲੇ ਦਾ ਨਹੀਂ, ਬਣਾਉਣ ਵਾਲੇ ਦਾ ਵੱਧ ਦੋਸ਼ ਹੁੰਦਾ ਹੈ। ਨੀਮ ਹਕੀਮ ਖ਼ਤਰਾ-ਏ-ਜਾਨ ਵਾਂਗ ਜਿਸ ਖ਼ੇਤਰ ਵਿਚ ਤੁਹਾਡੀ ਜਾਣਕਾਰੀ ਪਕੇਰੀ ਅਤੇ ਮੌਲਿਕ ਨਾ ਹੋਵੇ, ਉਸ ਖ਼ੇਤਰ ਨੂੰ ਹੱਥ ਪਾਉਣ ਤੋਂ ਪਹਿਲਾਂ ਸੌ ਵਾਰ ਸੋਚੋ, ਵੀਰ ਤਨਵੀਰ ਜੀ। ਮੈਂ ਵਾਲ ਦੀ ਖੱਲ ਲਾਹੁਣ ਤੋਂ ਗੁਰੇਜ਼ ਕਰਾਂਗਾ, ਪਰ ਜੇਕਰ ਤਨਵੀਰ ਜੀ ਜੇਕਰ ਚਾਰਲਸ ਡਿੱਕਨਜ਼ ਤੋਂ ਪਹਿਲਾਂ ਡੇਨੀਅਲ ਡੀਫੋ ਅਤੇ ਸੈਮੂਅਲ ਜਾਹਨਸਨ ਨੇ ਨਾਵਲ ਲਿਖੇ ਤਾਂ ਇਹ ਇਸ ਗੱਲ ਦਾ ਸਬੂਤ ਤਾਂ ਨਹੀਂ ਕਿ ਸਭ ਲੋਕ ਹੀ ਨਾਵਲ ਬਾਰੇ ਜਾਣਨ ਲੱਗ ਗਏ। ਬਹੁਤ ਕੁਝ ਅਜਿਹਾ ਹੁੰਦਾ ਹੈ, ਜੋ ਵਾਪਰਦਾ ਤਾਂ ਹੈ, ਪਰ ਬਹੁਗਿਣਤੀ ਨੂੰ ਇਸਦੀ ਵਧੇਰੇ ਉੱਘ-ਸੁੱਘ ਨਹੀਂ ਹੁੰਦੀ। ਇਹੀ ਗੱਲ ਡਿੱਕਨਜ਼ ਤੋਂ ਪਹਿਲਾਂ ਨਾਵਲ ਬਾਰੇ ਸੀ। ਇਸੇ ਲਈ ਮੈਂ ਲਿਖਿਆ ਸੀ, "ਅੰਗਰੇਜ਼ੀ ਨਾਵਲਕਾਰ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਨਾਵਲ ਨੂੰ ਉਸ ਸਮੇਂ ਹੱਥ ਪਾਇਆ ਜਦੋਂ ਵਿਕਟੋਰੀਅਨ ਯੁਗ ਵਿਚ ਵਧੇਰੇ ਲੋਕਾਂ ਨੂੰ ਨਾਵਲ ਦੇ ਅਰਥ ਵੀ ਨਹੀਂ ਪਤਾ ਸਨ……।" ਮੇਰੀ ਇਸ ਉਕਤੀ ਨੂੰ ਦੋ-ਵਾਰ ਪੜ੍ਹੋ। ਮੈਂ "ਵਧੇਰੇ" ਭਾਵ ਬਹੁਤੇ ਲੋਕ (ਤੁਹਾਡੀ ਭਾਸ਼ਾ ਵਿਚ) ਆਖਿਆ ਹੈ। ਸਿਰਫ਼ ਨਾਵਲ ਦਾ ਛਪ ਜਾਣਾ ਕੋਈ ਵੱਡੀ ਪ੍ਰਾਪਤੀ ਨਹੀਂ, ਅਤੇ ਨਾ ਹੀ ਇਹ ਵਧੇਰੇ ਲੋਕਾਂ ਨੂੰ ਨਾਵਲ ਬਾਰੇ ਜਾਣਕਾਰੀ ਮਿਲ ਜਾਣ ਦਾ ਸਬੂਤ ਹੈ। ਨਾਵਲ ਛਪੇ ਸਨ, ਇਹੀ ਨਹੀਂ ਹੋਰ ਵੀ ਅਨੇਕ, ਪਰ ਇਸ ਦਾ ਅਰਥ ਇਹ ਨਹੀਂ ਕਿ ਸਭ ਨੂੰ ਨਾਵਲ ਬਾਰੇ ਪਤਾ ਹੋਵੇਗਾ। ਅਜਿਹਾ ਅਸੰਭਵ ਹੈ। ਛੋਟੀ ਜਿਹੀ ਮਿਸਾਲ ਦਿੰਦਾ ਹਾਂ। ਹੁਣ ਪੰਜਾਬੀ ਵਿਚ ਬਹੁਤ ਕੁਝ ਛਪਦਾ ਹੈ। ਕੀ ਸਭ ਲੋਕਾਂ ਨੂੰ ਸਭ ਸਾਹਿਤ ਬਾਰੇ ਪਤਾ ਹੈ? ਜੇਕਰ ਤੁਸੀਂ ਇਕ ਵੱਖਰੀ ਵਿਧਾ ਦੀ ਗੱਲ ਕਰੋ, ਤਾਂ ਮੇਰਾ ਸਵਾਲ ਇਹ ਹੋਵੇਗਾ - ਕੀ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹੇ ਪੰਜਾਬੀ ਵਿਚ ਇਕ ਨਵੀਂ ਵਿਧਾ ਵਿਚ ਸਾਹਿਤ ਵੀ ਛਪਿਆ ਹੈ, ਕੀ ਤੁਹਾਨੂੰ ਇਸ ਦਾ ਪਤਾ ਹੈ? ਜੇਕਰ ਪਤਾ ਹੈ ਤਾਂ ਇਸ ਦਾ ਨਾਮ ਦੱਸੋ? ਜੇਕਰ ਨਹੀਂ ਪਤਾ ਤਾਂ ਮੈਂ ਹੁਣ ਤਾਂ ਨਹੀਂ ਦੱਸਾਂਗਾ, ਪਰ ਦੱਸਾਂਗਾ ਜ਼ਰੂਰ। ਸੋ ਬਰਤਾਨੀਆਂ ਵਿਚ ਜਾਂ ਕਹਿ ਲਵੋ, ਅੰਗਰੇਜ਼ੀ ਪਾਠਕਾਂ ਵਿਚਕਾਰ ਨਾਵਲ ਨੂੰ ਲੋਕਪ੍ਰਿਅਤਾ ਦਵਾਉਣ ਦਾ ਮੁੱਖ ਸਿਹਰਾ ਤਾਂ ਚਾਰਲਸ ਡਿੱਕਨਜ਼ ਨੂੰ ਹੀ ਜਾਂਦਾ ਹੈ, ਅਤੇ ਜੇਕਰ ਵਿਕਟੋਰੀਅਨ ਯੁਗ ਵਿਚ ਤਨਵੀਰ ਕੰਗ ਨੂੰ ਐਡਵਰਡ ਜੁਲਵਰ ਵਰਗਾ ਅਣਗੌਲਿਆ ਜਿਹਾ ਨਾਵਲਕਾਰ ਦਿਖਾਈ ਦਿੰਦਾ ਹੈ, ਤਾਂ ਮੈਂ ਦੱਸਣਾ ਚਾਹਾਂਗਾ ਕਿ ਜੁਵਲਰ ਤੋਂ ਪਹਿਲਾਂ 19ਵੀਂ ਸਦੀ ਵਿਚ ਹੀ (ਜਾਂ ਕਹਿ ਲਵੋ, 19ਵੀਂ ਸਦੀ ਦੇ ਮੁੱਢ ਵਿਚ) ਸਰ ਵਾਲਟਰ ਸਕਾੱਟ ਨੇ ਵੀ 20-22 ਨਾਵਲ ਲਿਖੇ ਸਨ, ਜੋ ਸਭ ਇਤਿਹਾਸਕ ਸਨ, ਅਤੇ ਇਨ੍ਹਾਂ ਵਿਚੋਂ 'ਇਵਾਨਹੋ' ਜਿਹਾ ਨਾਵਲ ਅੱਜ ਵੀ ਸ਼ਾਹਕਾਰ ਮੰਨਿਆਂ ਜਾਂਦਾ ਹੈ, ਪਰ ਇਨ੍ਹਾਂ ਨਾਵਲਾਂ ਨੂੰ ਉਸ ਸਮੇਂ ਵਿਚ ਉਹ ਲੋਕਪ੍ਰਿਅਤਾ ਨਾ ਹਾਸਲ ਹੋਈ, ਕਿਉਂਕਿ ਉਸ ਸਮੇਂ ਨਾ ਤਾਂ ਲੋਕਾਂ ਵਿਚ ਪੜ੍ਹਣ ਦਾ ਰੁਝਾਨ ਜਾਗਿਆ ਸੀ, ਅਤੇ ਨਾ ਹੀ ਲੋਕ ਵਧੇਰੇ (ਅਤੇ ਨਾ ਹੀ ਵਧੇਰੇ ਲੋਕ, ਵਧੀਆ ਪੁਨ) ਪੜ੍ਹੇ ਲਿਖੇ ਸਨ। ਹੋਰ ਤਾਂ ਹੋਰ, ਜੇਨ ਆਸਟਨ ਵਰਗੀ ਮਹਾਂ-ਜ਼ਹੀਨ ਨਾਵਲਕਾਰਾ, ਜਿਸ ਦੇ ਪੰਜ ਨਾਵਲ ਅੱਜ ਸਮਾਜ ਸ਼ਾਸ਼ਤਰੀ ਅਧਿਐਨ ਲਈ ਸ਼ਾਹਕਾਰ ਮੰਨੇ ਜਾਂਦੇ ਹਨ, ਜਿਨ੍ਹਾਂ ਵਿਚ ਮੈਨਸਫੀਲਡ ਪਾਰਕ, ਪ੍ਰਾਈਡ ਐਂਡ ਪ੍ਰੀਜੂਡਿੱਸ, ਸੈਂਸ ਐਂਡ ਸੈਂਸੇਬਿਲਟੀ ਅਤੇ ਐਮਾ ਜਿਹੇ ਨਾਵਲਾਂ ਤੇ ਅਨੇਕਾਂ ਫ਼ਿਲਮਾਂ ਬਣ ਚੁੱਕੀਆਂ ਹਨ, ਉਸ ਸਮੇਂ ਲੋਕਾਂ ਨੂੰ ਪਾਠ-ਜਾਗ ਲਾਉਣ ਵਿਚ ਅਸਫ਼ਲ ਰਹੇ ਸਨ, ਪਰ ਇਨ੍ਹਾਂ ਦੇ ਪਾਠਕ ਤਾਂ ਸਨ। ਪਰ ਵਧੇਰੇ ਲੋਕਾਂ ਨੂੰ ਇਨ੍ਹਾਂ ਨਾਵਲਾਂ ਦੀ ਹੋਂਦ ਬਾਰੇ ਨਹੀਂ ਸੀ ਪਤਾ। ਇੱਕ ਗੱਲ ਹੋਰ, ਵਿਕਟੋਰੀਅਨ ਯੁਗ ਆਪਣੇ ਆਪ ਵਿਚ ਕਈ ਕਾਰਣਾਂ ਲਈ ਵਿਸ਼ੇਸ਼ ਯੁਗ ਸੀ, ਜਿਸ ਵਿਚ ਇਕਦਮ ਬਰਤਾਨੀਆ ਵਿਚ ਲੋਕਸ਼ਾਹੀ ਆਉਂਦੀ ਹੈ, ਵਿਗਿਆਨ ਪੈਰ ਪਸਾਰਦਾ ਹੈ, ਉਦਯੋਗਿਕ ਕ੍ਰਾਂਤੀ ਕਦਮ ਰੱਖਦੀ ਹੈ, ਤਰਕਸ਼ੀਲਤਾ ਦਾ ਜਨਮ ਹੁੰਦਾ ਹੈ, ਲੋਕਾਂ ਵਿਚ ਸ਼ੱਕ ਕਰਨ ਦਾ ਜੇਰਾ ਉੱਠਦਾ ਹੈ ਅਤੇ ਹੋਰ ਬੜਾ ਕੁਝ ਹੁੰਦਾ ਹੈ, ਜਿਸ ਦੀ ਪਹਿਲਾਂ ਕਿਸੇ ਨੇ ਤਵੱਕੋ ਤੱਕ ਨਹੀਂ ਕੀਤੀ ਹੁੰਦੀ। ਇਹੀ ਕੁਝ ਕੰਵਲ ਵੇਲੇ ਹੋਇਆ, ਲਗਭਗ ਥੋੜ੍ਹੇ ਬਹੁਤੇ ਫ਼ਰਕ ਨਾਲ। ਮੈਂ ਲਿਖਿਆ ਸੀ, "ਜਿਸ ਤਰ੍ਹਾਂ ਅੰਗਰੇਜ਼ੀ ਨਾਵਲਕਾਰ ਚਾਰਲਸ ਡਿੱਕਨਜ਼ ਨੇ ਅੰਗਰੇਜ਼ੀ ਨਾਵਲ ਨੂੰ ਉਸ ਸਮੇਂ ਹੱਥ ਪਾਇਆ ਜਦੋਂ ਵਿਕਟੋਰੀਅਨ ਯੁਗ ਵਿਚ ਵਧੇਰੇ ਲੋਕਾਂ ਨੂੰ ਨਾਵਲ ਦੇ ਅਰਥ ਵੀ ਨਹੀਂ ਪਤਾ ਸਨ, ਅਤੇ ਇਹੀ ਗੱਲ ਕੰਵਲ ਬਾਰੇ ਕਹੀ ਜਾ ਸਕਦੀ ਹੈ, ਭਾਵੇਂ ਕਿ ਨਾਨਕ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ, ਪਰ ਜਿੱਥੇ ਨਾਨਕ ਸਿੰਘ ਨੇ ਸੀਮਤ ਸੁਧਾਰਵਾਦੀ ਅਤੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਛੋਹਿਆ, ਉਥੇ ਕੰਵਲ ਦਾ ਨਾਵਲੀ-ਕੈਨਵਸ ਥੋੜ੍ਹਾ ਵਿਸ਼ਾਲ ਸੀ। ਪਰ ਆਪਣੇ ਨਾਵਲਾਂ ਵਿਚ ਵੰਨ-ਸੁਵੰਨਤਾ ਅਤੇ ਪ੍ਰਾਪੇਗੰਡਾ ਲਿਆ ਕੇ ਕੰਵਲ ਨੇ ਆਪਣੀ ਵਿਲੱਖਣ ਵਿਚਾਰਧਾਰਾ ਦਾ ਮਾਧਿਅਮ ਵੀ ਬਣਾਇਆ।" ਕੀ ਇਸ ਗੱਲ ਵਿਚ ਕੋਈ ਸ਼ੱਕ ਹੈ, ਜਾਂ ਸ਼ੱਕ ਦੀ ਗੁੰਂਜਾਇਸ਼ ਹੈ ਕਿ ਭਾਈ ਵੀਰ ਸਿੰਘ ਅਤੇ ਉਨ੍ਹਾਂ ਦੇ ਨਾਲ ਹੀ ਹੋਰ ਅਨੇਕਾਂ ਨਾਵਲਕਾਰਾਂ ਨੇ, ਜਿਨ੍ਹਾਂ ਵਿਚ ਮੋਹਨ ਸਿੰਘ ਵੈਦ ਜਿਹੇ ਨਿਰੋਲ ਆਦਰਸ਼ਕ ਅਤੇ ਧਾਰਮਿਕ ਪ੍ਰਚਾਰਕ-ਨਾਵਲਕਾਰ ਸਨ, ਦਾ ਘੇਰਾ ਵੀ ਉਨ੍ਹਾਂ ਦੇ ਨਾਵਲਾਂ ਦੇ ਕਥਾਨਕਾਂ ਵਾਂਗ ਬਹੁਤ ਹੀ ਸੀਮਤ ਸੀ। ਭਾਈ ਵੀਰ ਸਿੰਘ ਨਾਵਲਕਾਰ ਸੀ, ਇਸ ਗੱਲ ਦਾ ਮੈਂ ਇਨਕਾਰ ਤਾਂ ਨਹੀਂ ਕੀਤਾ। ਨਾਨਕ ਸਿੰਘ ਅਤੇ ਕੰਵਲ ਵਿਚਕਾਰ ਹੋਰ ਅਨੇਕਾਂ ਨਾਵਲੀ ਹਸਤਾਖ਼æਰ ਸਨ, ਇਸ ਗੱਲ ਤੋਂ ਵੀ ਨਹੀਂ, ਪਰ ਸਮੇਂ ਨਾਲ ਗੌਲਣਯੋਗ ਅਤੇ ਅਹਿਮ ਚੇਤਿਆਂ ਵਿਚ ਵਸੇ ਰਹਿੰਦੇ ਹਨ, ਬਾਕੀ ਸਾਹਿਤ ਇਤਿਹਾਸ ਲਿਖਣ ਸਮੇਂ ਹੀ ਚੇਤੇ ਕੀਤੇ ਜਾਂਦੇ ਹਨ, ਪਰ ਫਿਰ ਵੀ ਮੈਂ ਇਸ ਕਾਲ ਦੌਰਾਨ ਜਿੰਨੇ ਨਾਵਲਕਾਰਾਂ ਨੇ ਲਿਖਿਆ, ਉਨ੍ਹਾਂ ਦੀ ਅਣਹੋਂਦ ਜਾਂ ਅਣਗੌਲੇਪਣ ਦਾ ਵੀ ਜ਼ਿਕਰ ਨਹੀਂ ਕੀਤਾ, ਮੈਂ ਤਾਂ ਇਹ ਕਿਹਾ ਕਿ ਕੰਵਲ ਤੋਂ ਪਹਿਲਾਂ ਨਾਨਕ ਸਿੰਘ ਨੇ ਵੀ ਯੋਗਦਾਨ ਪਾਇਆ, ਕਿਉਂਕਿ ਹੋਰ ਕਿਸੇ ਨੂੰ ਅਸੀਂ ਛੱਡ ਸਕਦੇ ਹਾਂ, ਨਾਨਕ ਸਿੰਘ ਨੂੰ ਨਹੀਂ, ਅਤੇ ਇਨ੍ਹਾਂ ਦੋਹਾਂ ਦੀਆਂ ਸੀਮਾਵਾਂ ਦਾ ਵੀ ਮੈਂ ਖੋਲ੍ਹ ਕੇ ਜ਼ਿਕਰ ਕੀਤਾ ਹੈ। ਮੈਂ ਤਾਂ ਸਗੋਂ ਸੰਤ ਸਿੰਘ ਸੇਖੋਂ ਦੇ "ਲਹੂ ਮਿੱਟੀ" ਨੂੰ ਪੰਜਾਬੀ ਦਾ ਪਹਿਲਾ ਯਥਾਰਥਵਾਦੀ ਨਾਵਲ ਮੰਨਦਾ ਹਾਂ, ਪਰ ਕਿਉਂਕਿ ਇਹ ਨਾਵਲ ਪਹਿਲਾਂ ਅੰਗਰੇਜ਼ੀ ਵਿਚ ਲਿਖਿਆ ਗਿਆ ਸੀ, ਅਤੇ ਜਦ ਨੂੰ ਸੁਰਿੰਦਰ ਸਿੰਘ ਨਰੂਲਾ ਨੇ ਆਪਣਾ (ਨਾਵਲ) "ਪਿਓ ਪੁੱਤਰ" ਛਪਵਾ ਲਿਆ ਸੀ, ਸੋ ਸੇਖੋਂ ਏਕਮ ਹੋ ਕੇ ਵੀ ਦੂਜ ਰਹਿ ਗਿਆ। ਪਰ ਕੰਵਲ ਜੀ ਦਾ ਜ਼ਿਕਰ ਕਰਨ ਤੋਂ ਪਹਿਲਾਂ ਗੁਰਦਿਆਲ ਸਿੰਘ ਜੀ ਦਾ ਜ਼ਿਕਰ ਕਿਉਂ ਕਰੀਏ? ਜਦੋਂ ਜਸਵੰਤ ਸਿੰਘ ਕੰਵਲ ਆਪਣੇ ਨਾਵਲ "ਪੂਰਨਮਾਸੀ" ਨੂੰ ਛਪਵਾ ਕੇ ਚਰਚਿਤ ਹੋ ਚੁੱਕਾ ਸੀ, ਉਦੋਂ ਤਾਂ ਗੁਰਦਿਆਲ ਸਿੰਘ ਅਜੇ A-ਅ ਸਿੱਖ ਰਿਹਾ ਸੀ! ਕੰਗ ਕਹਿੰਂਦਾ ਹੈ ਕਿ ਕੰਵਲ ਨੇ ਖਾੜਕੂ ਲਹਿਰ ਦੇ ਅਲੋਪ ਹੋਣ ਬਾਅਦ ਇਸ ਲਹਿਰ ਦੀਆਂ ਕਮੀਆਂ ਬਾਰੇ ਚੁੱਪ ਵੱਟ ਲਈ। ਚੁੱਪ ਤਾਂ ਉਸ ਨੇ ਨਕਸਲਵਾਦੀ ਲਹਿਰ ਫ਼ੇਲ੍ਹ ਹੋਣ ਬਾਦ ਵੀ ਵੱਟੀ ਅਤੇ ਇਸ ਲਹਿਰ ਦੀਆਂ ਖਾਮੀਆਂ ਵੀ ਨਹੀਂ ਗਿਣਾਈਆਂ, ਪਰ ਕਾਮਰੇਡ ਉਸ ਨਾਲ ਗੁੱਸੇ ਹੋ ਗਏ, ਪਰ ਸਿੱਖ ਕੱਟੜਪੰਥੀ ਅਜੇ ਵੀ ਉਸ ਨਾਲ ਖੜੇ ਹਨ, ਅਤੇ ਉਹ ਉਨ੍ਹਾਂ ਨਾਲ। ਕੀ ਕਿਸੇ ਵੀ ਲਹਿਰ ਦੀਆਂ ਖਾਮੀਆਂ ਗਿਣਾਉਣੀਆਂ ਜ਼ਰੂਰੀ ਹਨ, ਖਾਸ ਕਰਕੇ ਜਦੋਂ ਇਹ ਲਹਿਰ ਮਾਨਵਤਾ ਲਈ ਖੜੀ ਹੋਵੇ। ਸਿਰਾਂ ਤੇ ਕਫ਼ਨ ਬੰਨ੍ਹ ਕੇ ਘਰਾਂ ਨੂੰ ਆæਖ਼ਰੀ ਸਲਾਮ ਕਹਿ ਕੇ ਤੁਰਨ ਵਾਲੇ ਯੋਧੇ ਦਾ ਰਾਹ ਗ਼ਲਤ ਹੋ ਸਕਦਾ ਹੈ, ਮਕਸਦ ਅਪਹੁੰਚ ਹੋ ਸਕਦਾ ਹੈ, ਪਰ ਉਸ ਦੀ ਮਨਸ਼ਾ ਹਮੇਸ਼ਾ ਖਾਲਸ ਦੁੱਧ ਜਿਹੀ ਹੁੰਦੀ ਹੈ, ਚਾਹੇ ਉਹ ਨੈਕਸਲਾਈਟ ਹੋਵੇ, ਚਾਹੇ ਜੁਝਾਰੂ ਹੋਵੇ, ਚਾਹੇ ਦੇਸ਼-ਭਗਤ ਹੋਵੇ ਤੇ ਚਾਹੇ ਕੋਈ ਬਾਗੀ ਜਾਂ ਕ੍ਰਾਂਤੀਕਾਰੀ। ਖ਼ੈਰ! ਕੰਗ ਜੀ ਆਖਦੇ ਹਨ ਕਿ "ਪੰਜਾਬੀ ਨਾਵਲ ਜਗਤ ਵਿਚ ਕਾਫ਼ੀ ਵਧੀਆ ਲੇਖਕ ਕੰਵਲ ਦੇ ਸਮਕਾਲੀ ਜਾਂ ਕੰਵਲ ਤੋਂ ਪਹਿਲਾਂ ਮੌਜੂਦ ਸਨ, ਪਰ ਕੰਵਲ ਹੀ ਸੀ ਜੋ ਪੰਜਾਬੀ ਨਾਵਲ ਜਗਤ ਵਿਚ ਲੰਮੇ ਅਰਸੇ ਤੱਕ ਛਾਇਆ ਰਿਹਾ।" ਮੈਂ ਇਕ ਵਾਰ ਫਿਰ ਦੁਹਰਾ ਦੇਣਾ ਚਾਹੁੰਦਾ ਹਾਂ ਕਿ ਮੈਂ ਕੰਵਲ ਜੀ ਦੇ ਨਾਵਲਾਂ ਜਾਂ ਉਨ੍ਹਾਂ ਦੀ ਸੋਚ ਦਾ ਬਹੁਤ ਵੱਡਾ ਪ੍ਰਸੰਸਕ ਨਹੀਂ ਹਾਂ, ਪਰ ਮੈਂ ਹਰ ਲਿਖਤ ਨੂੰ ਵੰਗਾਰ ਮੰਨ ਕੇ ਪੜ੍ਹਦਾ ਹੈ, ਸੋਚਦਾ-ਵਿਚਾਰਦਾ ਹਾਂ, ਅਤੇ ਮੈਂ ਇਸੇ ਪਟੇ ਤੇ ਚਾੜ੍ਹ ਕੇ ਜਦੋਂ ਕੰਗ ਜੀ ਦੀ ਲਿਖਤ ਨੂੰ ਪੜ੍ਹਦਾ ਹਾਂ ਤਾਂ ਜਾਪਦਾ ਹੈ ਕਿ ਕਈ ਵਾਰ ਕੰਗ ਜੀ ਹਵਾ ਵਿਚ ਤਲਵਾਰਾਂ ਮਾਰਣ ਲੱਗ ਜਾਂਦੇ ਹਨ, ਅਤੇ ਕਈ ਵਾਰ ਤਾਂ ਇਸ ਕਹਾਵਤ ਨੂੰ ਵੀ ਪਾਰ ਕਰ ਜਾਂਦੇ ਹਨ। ਮੰਨ ਲੈਂਦੇ ਹਾਂ ਕਿ ਕੰਵਲ ਤੋਂ ਪਹਿਲਾਂ ਅਤੇ ਸਮਕਾਲੀ ਯੁਗ ਵਿਚ ਕੰਵਲ ਤੋਂ ਚੰਗੇਰੇ ਨਾਵਲਕਾਰ ਹੋਣਗੇ। ਇਸ ਗੱਲ ਤੋਂ ਮੁਨਕਰ ਨਹੀਂ ਹੋ ਰਿਹਾ ਮੈਂ, ਭਾਵੇਂ ਇਸ ਨਾਲ ਮੈਂ ਮੁਤਫਿਕ ਵੀ ਨਹੀਂ ਹੋਇਆ। ਇਹ ਵਿਸ਼ਾ ਹੀ ਵੱਖਰਾ ਹੈ, ਪਰ "ਕੰਵਲ ਜੀ ਵਲੋਂ ਪੰਜਾਬੀ ਨਾਵਲ ਜਗਤ ਵਿਚ ਲੰਮੇ ਸਅਰਸੇ ਤੱਕ ਛਾਏ ਰਹਿਣ ਪਿੱਛੇ" ਕੰਗ ਜੀ ਜੋ ਕਾਰਣ ਗਿਣਾਉਂਦੇ ਹਨ, ਉਹ ਅਸਲ ਵਿਚ ਕੰਗ ਜੀ ਦੇ ਉਸ ਕਥਨ ਦੇ ਉਲਟ ਭੁਗਤ ਰਹੇ ਹਨ, ਜਿਸ ਨੂੰ ਉਹ ਸਾਬਤ ਕਰਨਾ ਚਾਹੁੰਦੇ ਹਨ। ਪਹਿਲਾਂ ਉਹ ਲਿਖਦੇ ਹਨ, ਕਿ "ਕੰਵਲ ਦਾ ਇਕ ਪੱਖ ਤਾਂ ਇਹ ਰਿਹਾ ਕਿ ਉਹ ਸਮਾਜਿਕ ਯਥਾਰਥਵਾਦ ਨੂੰ ਬਾਕੀ ਲੇਖਕਾਂ ਤੋਂ ਜ਼ਿਆਦਾ ਵਧੀਆ ਢੰਗ ਨਲਾ ਪੇਸ਼ ਕਰਨ ਵਿਚ ਸਫ਼ਲ ਰਿਹਾ।" ਹੁਣ ਇਹ ਗੁਣ ਹੈ ਕਿ ਔਗੁਣ? ਸਮਾਜਿਕ ਯਥਾਰਥਵਾਦ ਨੂੰ ਪੇਸ਼ ਕਰਨਾ ਅਤੇ ਉਹ ਵੀ ਵਧੀਆ ਢੰਘ ਨਾਲ, ਇਸ ਤੋਂ ਵੱਡਾ ਸਾਹਿਤਕ ਧਰਮ ਕੋਈ ਲੇਖਕ ਕੀ ਨਿਭਾ ਸਕਦਾ ਹੈ? ਕੰਵਲ ਦਾ ਉਦੇਸ਼ ਵੀ ਸਹੀ, ਸੋਚ ਵੀ ਸਹੀ, ਤਰੀਕਾ ਵੀ ਸਹੀ ਅਤੇ ਇਨ੍ਹਾਂ ਸਭ ਦੀ ਕਾਮਯਾਬੀ/ਸਫ਼ਲਤਾ। ਫਿਰ ਇਸ ਵਿਚ ਮਾੜਾ ਕੀ ਹੈ? ਫਿਰ ਕੰਗ ਜੀ ਲਿਖਦੇ ਹਨ, "ਦੂਸਰੀ ਗੱਲ ਕੰਵਲ ਦੇ ਕਰੀਬ-ਕਰੀਬ ਸਾਰੇ ਹੀ ਸਮਕਾਲੀ ਨਾਵਲ ਲਿਖਣ ਵਾਲੇ ਨਾਵਸਿਲਟ ਸਿਰਫ਼ ਨਾਵਲ ਲਿਖਣ ਤੱਕ ਹੀ ਸੀਮਤ ਨਹੀਂ ਸਨ। ਬਹੁਤੇ ਲੇਖਕ ਸਾਹਿਤ ਦੀਆਂ ਦੂਜੀਆਂ ਵਿਧਾਵਾਂ ਕਹਾਣੀ ਜਾਂ ਨਿਬੰਧ ਵਿਚ ਵੀ ਰੁੱਝੇ ਹੋਏ ਸਨ ਇਸ ਲਈ ਉਸ ਸਮੇਂ ਕੰਵਲ ਹੀ ਮੂਲ ਰੂਪ ਵਿਚ ਸਿਰਫ਼ ਨਾਵਲ ਨੂੰ ਸਮਰਪਿਤ ਸੀ।" ਕੰਗ ਜੀ, ਇਹ ਤੱਥ ਤੁਸੀਂ ਕਿਸ ਸਾਹਿਤ ਇਤਿਹਾਸ ਦੀ ਪੁਸਤਕ ਵਿਚੋਂ ਨੋਟ ਕੀਤੇ ਹਨ? ਕੰਵਲ ਜੀ ਦੇ ਸਮਕਾਲੀਆਂ ਵਿਚੋਂ ਤੁਸੀਂ ਬੂਟਾ ਸਿੰਘ ਸ਼ਾਦ ਅਤੇ ਮੋਹਨ ਕਾਹਲੋਂ ਦੇ ਨਾਮ ਗਿਣਾਏ ਹਨ। ਕੀ ਕੰਗ ਜੀ ਦੱਸ ਸਕਦੇ ਹਨ, ਕਿ ਸ਼ਾਦ ਜੀ ਨਾਵਲ ਤੋਂ ਬਿਨਾਂ ਹੋਰ ਕੀ ਲਿਖਦੇ ਹਨ? ਤੇ ਮੋਹਨ ਕਾਹਲੋਂ ਜੀ ਨੇ ਨਾਵਲ ਤੋਂ ਬਿਨਾਂ ਹੋਰ ਕਿਸ ਵਿਧਾ ਵਿਚ ਕਮਲ ਅਜ਼ਮਾਈ ਹੈ? ਦਲੀਪ ਕੌਰ ਟਿਵਾਣਾ ਜੀ ਨੇ ਇੱਕਾ-ਦੁੱਕਾ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹੋਣਗੀਆਂ, ਪਰ ਕੰਵਲ ਜੀ ਨੇ ਤਾਂ ਇਸੇ ਅਰਸੇ ਦੌਰਾਨ, ਜਦੋਂ ਉਹ ਅਤਿ-ਚਰਚਿਤ ਅਤੇ ਅਤਿ-ਅਹਿਮ ਨਾਵਲਾਂ ਦੀ ਰਚਨਾ ਕਰ ਰਹੇ ਸਨ, ਉਸੇ ਸਮੇਂ ਦੌਰਾਨ ਉਨ੍ਹਾਂ ਦੀਆਂ ਅੱਧੀ ਦਰਜਨ ਦੇ ਕਰੀਬ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਵਿਚੋਂ ਲੰਮੇ ਵਾਲਾਂ ਦੀ ਪੀੜ ਕਹਾਣੀ ਤੇ ਤਾਂ ਫ਼ਿਲਮ ਵੀ ਬਣ ਚੁੱਕੀ ਹੈ, ਜਿਸ ਵਿਚ ਜੱਸੀ ਨਾਂ ਦੀ ਅਤਿ-ਸੁੰਦਰ ਅਤੇ "ਕੋਹ ਕੋਹ ਲੰਮੇ ਵਾਲਾਂ" ਵਾਲੀ ਮੁਟਿਆਰ ਦੇ ਵਿਦੇਸ਼ ਜਾ ਵਸਣ ਤੇ ਉਸਦੀਆਂ ਸਹੇਲੀਆਂ ਉਸਨੂੰ ਬਿਊਟੀ ਪਾਰਲਰ ਲੈ ਜਾਂਦੀਆਂ ਹਨ, ਅਤੇ ਗੋਰੀ ਨੈਣ ਨੂੰ "ਏਸ ਕੁੜੀ ਨੂੰ ਛਾਂਗ ਕੇ ਪਰੀ ਬਣਾ ਦੇ ਮੈਮ" ਆਖ ਕੇ ਉਸਦੇ ਬਾੱਬ-ਕੱਟ ਹੇਅਰ ਕਰਵਾ ਦਿੰਦੀਆਂ ਹਨ, ਤੇ ਕੰਵਲ ਲਿਖਦਾ ਹੈ, "ਆਖ਼ਰ ਬੈਂਤਲਾਂ ਨੇ ਕਾਰਾ ਕਰਵਾ ਹੀ ਦਿੱਤਾ।" ਕਹਾਣੀ ਲੰਮੀ ਹੈ, ਪਰ ਇਸ ਦੇ ਵਿਸ਼ੇ ਦਾ ਸੰਕੇਤ ਇਸ ਲਈ ਦਿੱਤਾ ਹੈ, ਕਿ ਪਤਾ ਲੱਗ ਜਾਵੇ ਕਿ ਕੰਵਲ ਦੇ ਵਿਸ਼ੇ ਕਹਾਣੀਆਂ ਵਿਚ ਵੀ ਉਸਦੇ ਨਾਵਲਾਂ ਵਾਂਗ ਵੰਨ-ਸੁਵੰਨੇ ਹਨ। ਕਹਾਣੀਆਂ ਦੇ ਬਿਨਾਂ ਉਸ ਨੇ ਕਵਿਤਾਵਾਂ ਵੀ ਲਿਖੀਆਂ, ਕਾਵਿ-ਸੰਗ੍ਰਹਿ ਵੀ ਛਪਵਾਏ। ਨਿਬੰਧਾਂ ਦੀਆਂ ਦਰਜਨਾਂ ਪੁਸਤਕਾਂ ਲਿਖੀਆਂ। ਨਾਟਕ "ਰੋਂਦਾ ਪੰਜਾਬ" ਅਤੇ "ਪੰਜਾਬ ਕੂਕਦਾ ਹੈ" ਵੀ ਲਿਖੇ, ਰੇਖਾ-ਚਿੱਤਰਾਂ ਦੀ ਪੁਸਤਕ "ਰੰਗ-ਬਿਰੰਗੇ ਲੋਕ" ਛਪਵਾਈ ਅਤੇ ਸਫ਼ਰਨਾਮਿਆਂ ਦੀ ਰਚਨਾ ਵੀ ਕੀਤੀ। ਜਿੰਨੇ ਉਸਦੇ ਨਾਵਲ ਹਨ, ਉਸ ਤੋਂ ਦੁੱਗਣੀਆਂ ਉਸਦੀਆਂ ਕਿਤਾਬਾਂ ਦੂਜੀਆਂ ਵਿਧਾਵਾਂ ਵਿਚ ਹਨ, ਪਰ ਕੰਗ ਸਾਹਿਬ ਪਤਾ ਨਹੀਂ ਕਿਹੜੀ ਦੁਨੀਆਂ ਵਿਚ ਰਹਿੰਦੇ ਹਨ? ਕੰਗ ਅਨੁਸਾਰ "ਉਸਦੀ ਬਾਈ ਵਾਲੀ ਵਾਰਤਿਕ ਸ਼ੈਲੀ ਵੀ ਨਾਵਲ ਨੂੰ ਸ਼ਿੰਗਾਰ ਦਿੰਦੀ ਹੈ।" ਇਹ ਕੀ ਔਗੁਣ ਹੋਇਆ, ਅਤੇ ਅੰਤ ਵਿਚ ਕੰਗ ਨੇ ਜੋ ਚੌਥਾ ਕਾਰਣ ਦੱਸਿਆ ਹੈ, ਉਹ ਇਹ ਹੈ ਕਿ "ਕੰਵਲ ਦੀ ਸਭ ਤੋਂ ਵੱਡੀ ਕਮਜ਼ੋਰੀ ਹੀ ਪੰਜਾਬੀ ਨਾਵਲ ਵਿਚ ਉਸਦੀ ਤਾਕਤ ਬਣੀ।" ਕਿਹੜੀ ਕਮਜ਼ੋਰੀ ਤੇ ਕਿਹੜੀ ਤਾਕਤ? ਤੇ ਜੇਕਰ ਉਸ ਵਿਚ ਅਜਿਹੀ ਕੋਈ ਕਮਜ਼ੋਰੀ ਹੈ ਵੀ ਜੋ ਪੰਜਾਬੀ ਨਾਵਲ ਵਿਚ ਉਸਦੀ ਤਾਕਤ ਬਣੀ ਤਾਂ ਇਹ ਕੀ ਔਗੁਣ ਹੋਇਆ, ਕਿਉਂਕਿ ਗੱਲ ਤਾਂ ਪੰਜਾਬੀ ਨਾਵਲ ਦੇ ਸੰਦਰਭ ਵਿਚ ਹੋ ਰਹੀ ਹੈ, ਅਤੇ ਜੇਕਰ ਉਸਦਾ ਕੋਈ ਨਿੱਜੀ ਔਗੁਣ, ਪੰਜਾਬੀ ਨਾਵਲ ਲਿਖਣ ਸਮੇਂ ਗੁਣ ਬਣ ਜਾਂਦਾ ਹੈ ਤਾਂ ਇਸ ਵਿਚ ਗ਼ਲਤ ਕੀ ਹੈ? ਇਕ ਨਿੱਕੀ ਜਿਹੀ ਗੱਲ ਕਰਾਂਗਾ - ਮੇਰੀ ਸਮੱਸਿਆ ਇਹ ਹੈ ਕਿ ਮੈਂ ਪੜ੍ਹਦਾ ਹਾਂ, ਬਹੁਤ ਪੜ੍ਹਦਾ ਹਾਂ, ਅਤੇ ਮੇਰੇ ਮਾਪਿਆਂ, ਭੈਣ-ਭਰਾਵਾਂ ਅਤੇ ਬੀਵੀ-ਬੱਚਿਆਂ ਲਈ ਇਹ ਗੱਲ ਔਗੁਣ ਹੋ ਸਕਦੀ ਹੈ, ਕਿਉਂਕਿ ਮੈਂ ਉਨ੍ਹਾਂ ਨੂੰ ਸਮਰਪਿਤ ਕਰਨ ਵਾਲਾ ਸਮਾਂ ਕਿਤਾਬਾਂ ਦੇ ਲੇਖੇ ਲਗਾ ਦਿੰਦਾ ਹਾਂ, ਤਾਂ ਇਹ ਗੱਲ ਮੇਰੀ ਪਰਿਵਾਰਕ ਤੌਰ ਤੇ ਸਮੱਸਿਆ ਹੋ ਸਕਦੀ ਹੈ, ਪਰ ਮੇਰੇ ਵਿਦਿਆਰਥੀਆਂ ਅਤੇ ਮੇਰੇ ਪਾਠਕਾਂ ਲਈ ਇਹੀ ਗੱਲ ਮੇਰਾ ਗੁਣ ਹੈ ਕਿ ਡਿੰਪਲ ਪੜ੍ਹਦਾ ਬਹੁਤ ਹੈ, ਜਿਸ ਕਰਕੇ ਉਸਨੂੰ ਬਹੁਤ ਪਤਾ ਹੈ, ਭਾਵੇਂ ਇਹ ਗੱਲ ਵੱਖਰੀ ਹੈ ਕਿ ਬਹੁਤ ਪੜ੍ਹਣ ਦੇ ਬਾਵਜੂਦ ਮੇਰਾ ਗਿਆਨ-ਭੰਡਾਰ ਬੜਾ ਸੀਮਤ ਹੈ। ਸੋ, ਕੰਗ ਸਾਹਿਬ, ਤੁਹਾਡੀ ਲਿਖਤ ਲਈ ਤੁਹਾਨੂੰ ਖੁਸ਼ਾਮਦੀਦ। ਤੁਸੀਂ ਲੇਖ ਲਿਖਣ ਤੇ ਬੜੀ ਮਿਹਨਤ ਕੀਤੀ, ਤੇ ਇਸ ਤੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ, ਪਰ ਕੁਝ ਗੱਲਾਂ ਜੋ ਮੇਰੀ ਸਮਝ ਵਿਚ ਨਹੀਂ ਆਈਆਂ, ਤੁਹਾਡੇ ਸਨਮੁੱਖ ਅਤੇ ਸੂਹੀ ਸਵੇਰ ਦੇ ਪਾਠਕਾਂ ਦੇ ਸਨਮੁੱਖ ਪੇਸ਼ ਹਨ। ਤੁਹਾਡਾ ਬਹੁਤ-2 ਸ਼ੁਕਰੀਆ, ਕਿ ਤੁਸੀਂ ਮੇਰਾ ਲੇਖ ਐਨੀ ਧਿਆਨ ਨਾਲ ਪੜ੍ਹਿਆ। ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ! ਪ੍ਰੋ: ਐਚ ਐਸ ਡਿੰਪਲ

RANJOT CHEEMA

22 dimple jaker kawal ajj v caaaamrate hunda fer tan ah KANG ne kahna c k kawal warga laikhik na paida hoya and na he howega per hun oh ah gya sikh dhara wall hun tan.....?

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ